“ਅਨੁਸ਼ਾਸਨ ਸਮਾਜ ਵਿੱਚ ਹਰ ਪੱਧਰ ’ਤੇ ਮੌਜੂਦ ਹੈ, ਭਾਵੇਂ ਘਰ ਹੋਵੇ ਤੇ ਭਾਵੇਂ ਸਕੂਲ ਜਾਂ ਕਾਲਜ। ਨਾ ਚਾਹੁੰਦੇ ਹੋਏ ਵੀ ...”
(28 ਅਪਰੈਲ 2024)
ਇਸ ਸਮੇਂ ਪਾਠਕ: 200.
“ਮੁਕਤਸਰ ਡਾਇਲਾਸ” ਦੇ ਸੰਯੋਜਕ, ਅਧਿਆਪਕ ਲਖਵੀਰ ਸਿੰਘ ਦੀ ਇੱਕ ਕਵਿਤਾ ਹੈ:
ਤਰਤੀਬ ਵਿੱਚ ਕੁਝ ਨਹੀਂ ਦੋਸਤ,
ਅਕਸਰ ਵਿਚਾਰ ਨੂੰ ਤਰਤੀਬ ਦਿੰਦਿਆਂ
ਮੈਥੋਂ ਮੂਲ ਗੁਆਚ ਜਾਂਦਾ ਹੈ
ਤੂੰ ਜ਼ਿੰਦਗੀ ਨੂੰ ਤਰਤੀਬ ਦੇਣ ਲਈ ਕਹਿਨੈਂ
ਜ਼ਿੰਦਗੀ ਕਦ ਤਰਤੀਬ ਵਿੱਚ ਆਈ ਹੈ?
ਬੇਤਰਤੀਬੀਆਂ ਵਿੱਚੋਂ ਹੀ ਮੂਲ ਲੱਭਦਾ ਹੈ।
ਜਦੋਂ ਮੈਂ ਆਪਣੀ ਜ਼ਿੰਦਗੀ ’ਤੇ ਝਾਤ ਮਾਰਦਾ ਹਾਂ ਜਾਂ ਤੁਸੀਂ ਵੀ ਝਾਤੀ ਮਾਰ ਕੇ ਦੇਖੋ, ਕੀ ਸਭ ਕੁਝ ਤਰਤੀਬ ਨਾਲ ਹੋਇਆ ਹੈ? ਅਬੋਹਰ ਪ੍ਰਾਇਮਰੀ ਦੀ ਪੜ੍ਹਾਈ ਕਰਨ ਕਰਕੇ, ਸੁੰਦਰ ਲਿਖਾਈ ਦੇ ਮੁਕਾਬਲੇ ਵਿੱਚ ਹਿੱਸਾ ਲੈਣ ਲਈ ਫਾਜ਼ਿਲਕਾ ਤੇ ਫਿਰ ਹਾਇਰ ਸੈਕੰਡਰੀ ਸਕੂਲ ਵਿੱਚ ਸਕਾਊਟ ਦੀ ਟ੍ਰੇਨਿੰਗ ਲਈ ਸ਼ਿਮਲਾ ਨੇੜੇ ਤਾਰਾ ਦੇਵੀ ਤੇ ਰਾਸ਼ਟਰਪਤੀ ਐਵਾਰਡ ਲੈਣ ਲਈ ਰਾਸ਼ਟਰਪਤੀ ਭਵਨ ਦਿੱਲੀ। ਉੱਚ ਪੜ੍ਹਾਈ ਐੱਮ.ਬੀ.ਬੀ.ਐੱਸ. ਲਈ ਪਟਿਆਲੇ, ਫਿਰ ਨੌਕਰੀ ਲਈ ਬੀਰੋਕੇ ਕਲਾਂ, ਬੁਢਲਾਡਾ, ਪਟਿਆਲਾ, ਫਰੀਦਕੋਟ ਤੇ ਅੰਤ ਅੰਮ੍ਰਿਤਸਰ। ਕੀ ਇਹ ਤਰਤੀਬ ਮਿਥੀ ਹੋਈ ਸੀ ਜਾਂ ਸਬੱਬ ਬਣਿਆ। ਇਸ ਤੋਂ ਬਾਅਦ ਵੀ ਜੇ ਨਿੱਕੀ-ਨਿੱਕੀ ਗੱਲ ਦਾ ਵੇਰਵਾ ਜਾਨਣ-ਤਲਾਸ਼ਣ ਦੀ ਕੋਸ਼ਿਸ਼ ਕਰੀਏ, ਕੀ, ਉਸ ਦੀ ਤਰਤੀਬ ਬਣ ਸਕਦੀ ਹੈ ਜਾਂ ਰਵਾਇਤੀ ਤਰੀਕੇ ਨਾਲ, ਪ੍ਰਚਲਤ ਲੋਕ ਮੁਹਾਵਰੇ ਵਿੱਚ ਗੱਲ ਕਰਨੀ ਹੋਵੇ ਤਾਂ ਇਹ ਤਕਦੀਰ ਦੇ ਨਾਂ ਹੇਠ ਵਿਚਾਰੀ ਜਾਂਦੀ ਹੈ।
ਤਰਤੀਬ ਦਾ ਦੂਜਾ ਪਹਿਲੂ ਹੈ ਬੇਲਗਾਮੀ। ਮਨੁੱਖ ਜ਼ਿੰਦਗੀ ਦੇ ਵਿੱਚ ਅਨੁਸ਼ਾਸਨ ਦੇ ਵਿੱਚ ਰਹਿੰਦਾ ਹੈ, ਮਤਲਬ ਕਿਸੇ ਨਾ ਕਿਸੇ ਕੰਟਰੋਲ ਵਿੱਚ ਜ਼ਿੰਦਗੀ ਬਤੀਤ ਕਰਦਾ ਹੈ ਤੇ ਨਾਲ ਦੀ ਨਾਲ ਇੱਕ ਖੁੱਲ੍ਹੀ ਜ਼ਿੰਦਗੀ, ਅਨੁਸ਼ਾਸਨ ਤੋਂ ਬਗੈਰ ਜੀਉਣ ਦਾ ਦਿਲ ਹੀ ਦਿਲ ਵਿੱਚ ਪ੍ਰਗਟਾਵਾ ਵੀ ਕਰਦਾ ਹੈ। ਮਾਂ-ਪਿਉ ਦੀ ਪਰਵਰਿਸ਼, ਜਿਸ ਵਿੱਚ ਮੇਰੇ ਨਾਲ ਸਾਰੇ ਹੀ ਕਿਸੇ ਨਾ ਕਿਸੇ ਪਰਵਰਿਸ਼ ਦੇ ਨਾਂ ’ਤੇ ਕੰਟਰੋਲ ਵਿੱਚ ਰਹਿੰਦੇ ਅਤੇ ਜਿਉਂਦੇ ਹਨ। ਸਾਰਿਆਂ ਨੂੰ ਇਹ ਮੌਕਾ ਨਹੀਂ ਮਿਲਦਾ ਕਿ ਉਹ ਆਪਣੀ ਮਨ-ਮਰਜ਼ੀ ਨਾਲ, ਬੇ-ਤਰਤੀਬ ਜਾਂ ਬੇ-ਲਗਾਮ ਹੋ ਕੇ ਜੀਅ ਸਕਣ। ਮੈਂ ਆਪਣੇ ਆਪ ਨੂੰ ਭਾਗਾਂ ਵਾਲਾ ਤਾਂ ਨਹੀਂ ਕਹਾਂਗਾ ਕਿ ਮੈਨੂੰ ਅਜਿਹਾ ਮਾਹੌਲ ਮਿਲਿਆ ਹੈ ਕਿ ਮੈਂ ਮਨ ਮਰਜ਼ੀ ਨਾਲ ਜੀਅ ਸਕਾਂ ਜਾਂ ਜੀਵਿਆ ਜਾਵੇ। ਪਰ ਇੱਕ ਗੱਲ ਯਕੀਨੀ ਹੈ ਕਿ ਅਨੁਸ਼ਾਸਨ - ਕਾਬੂ ਵਿੱਚ ਰਹਿਣਾ ਨਹੀਂ ਹੈ।
ਘਰ ਦੇ ਵਿੱਚ ਪਿਤਾ ਜੀ ਦੀ ਮੌਤ ਮੇਰੀ ਛੋਟੀ ਉਮਰ ’ਤੇ ਹੋਣ ਕਾਰਨ ਉਹ ਅਨੁਸ਼ਾਸਨ ਜਾਂ ਮਾਹੌਲ ਨਹੀਂ ਦੇਖਣਾ ਪਿਆ। ਮਾਂ ਦਾ ਦਬਦਬਾ ਪਰਿਵਾਰ ਵਿੱਚ ਉਸ ਤਰ੍ਹਾਂ ਦਾ ਨਹੀਂ ਸੀ, ਪਰ ਮੈਂ ਆਪਣੀ ਗੱਲ ਕਰਾਂ ਤਾਂ ਮੇਰੇ ਤੋਂ ਵੱਡੇ ਤਿੰਨ ਭਰਾ ਅਤੇ ਇੱਕ ਭੈਣ ਹੋਣ ਦੇ ਬਾਵਜੂਦ ਕਿਸੇ ਦਾ ਕੋਈ ਰਵੱਈਆ ਡਰਾਉਣ-ਧਮਕਾਉਣ ਵਾਲਾ ਨਹੀਂ ਸੀ। ਪਰ ਇੱਕ ਸਮਾਜਿਕ ਤੌਰ ਤਰੀਕੇ ਅਤੇ ਪਰਿਵਾਰ ਵਿੱਚ ਸਿਰਜੇ ਅਨੁਸ਼ਾਸਨ ਤਹਿਤ ਬੇਲਗਾਮੀ ਵੀ ਨਹੀਂ ਸੀ।
ਅਨੁਸ਼ਾਸਨ ਸਮਾਜ ਵਿੱਚ ਹਰ ਪੱਧਰ ’ਤੇ ਮੌਜੂਦ ਹੈ, ਭਾਵੇਂ ਘਰ ਹੋਵੇ ਤੇ ਭਾਵੇਂ ਸਕੂਲ ਜਾਂ ਕਾਲਜ। ਨਾ ਚਾਹੁੰਦੇ ਹੋਏ ਵੀ ਸੁਚੇਤ-ਅਚੇਤ ਸਾਨੂੰ ਅਨੁਸ਼ਾਸਨ ਵਿੱਚ ਰਹਿਣਾ ਪੈਂਦਾ ਹੈ। ਇਹ ਠੀਕ ਹੈ ਕਿ ਸਮਾਜ ਵਿੱਚ ਅਨੁਸ਼ਾਸਨ ਵਿੱਚ ਰਹਿਣਾ ਪੈਂਦਾ ਹੈ। ਇਹ ਠੀਕ ਹੈ ਕਿ ਸਮਾਜ ਵਿੱਚ ਅਨੁਸ਼ਾਸਨ ਨਾਲ ਡਰ ਨੂੰ ਜੋੜਿਆ ਗਿਆ ਹੈ ਤੇ ਲੋਕਾਂ ਨੂੰ ਸਜ਼ਾ ਵੀ ਭੁਗਤਨੀ ਪੈਂਦੀ ਹੈ, ਕਿਉਂ ਜੋ ਸਮਾਜ ਵਿੱਚ ਹਰ ਪੱਧਰ ’ਤੇ ਅਨੁਸ਼ਾਸਨ ਹੈ। ਪਰਿਵਾਰ ਤੋਂ ਲੈ ਕੇ ਸਮਾਜ ਵਿੱਚ, ਧਾਰਮਿਕ ਰੀਤੀ ਰਿਵਾਜਾਂ ਵਿੱਚ ਤੇ ਚਾਹੇ ਵਿੱਦਿਅਕ ਅਤੇ ਕੰਮ-ਕਾਜੀ ਅਦਾਰਿਆਂ ਵਿੱਚ, ਜੇ ਦੇਖੀਏ ਤਾਂ ਔਰਤ-ਮਰਦ ਦੇ ਸੰਬੰਧਾਂ ਨੂੰ ਲੈ ਕੇ ਵੀ ਇੱਕ ਅਨੁਸ਼ਾਸਨ ਦੀ ਉਮੀਦ ਕੀਤੀ ਜਾਂਦੀ ਹੈ ਤੇ ਉਸ ਨੂੰ ਵੀ ਜ਼ਰੂਰੀ ਸਮਝਿਆ ਜਾਂਦਾ ਹੈ ਤੇ ਉਸ ਦੀ ਲੋੜ ਵੀ ਹੈ। ਇਹ ਠੀਕ ਹੈ ਕਿ ਇੱਕ ਉਮਰ ’ਤੇ ਆ ਕੇ ਵਿਅਕਤੀ ਸਿਆਣਾ ਹੋ ਜਾਂਦਾ ਹੈ ਤੇ ਅਨੁਸ਼ਾਸਨ ਵਿੱਚ ਰਹਿਣ ਨੂੰ ਤਰਜੀਹ ਦਿੰਦਾ ਹੈ। ਉਹ ਆਪ ਬੇਲਗਾਮੀ ਦਾ ਜੀਵਨ ਪਸੰਦ ਨਹੀਂ ਕਰਦਾ ਹੈ ਤੇ ਖੁਦ ਵੀ ਜ਼ਿੰਦਗੀ ਵਿੱਚ ਇੱਕ ਤਰਤੀਬ ਬਣਾ ਕੇ ਰਹਿਣਾ ਪਸੰਦ ਕਰਦਾ ਹੈ। ਅਨੁਸ਼ਾਸਨ ਕੰਟਰੋਲ ਅਤੇ ਬੇਲਗਾਮੀ ਦਾ ਸੰਤਲੁਨ ਹੋਵੇ ਤਾਂ ਗੱਲ ਠੀਕ ਲਗਦੀ ਹੈ।
ਜਦੋਂ ਅਸੀਂ ਆਪਣੇ ਆਪ ਨੂੰ ਕੁਦਰਤ ਦਾ ਹਿੱਸਾ ਮੰਨਦੇ ਹਾਂ ਤੇ ਸਹੀ ਅਰਥਾਂ ਵਿੱਚ ਅਸੀਂ ਕੁਦਰਤ ਦਾ ਹਿੱਸਾ ਹਾਂ ਵੀ, ਤੇ ਗੌਰ ਨਾਲ ਦੇਖਣ ’ਤੇ ਮਹਿਸੂਸ ਕਰਾਂਗੇ ਕਿ ਕੁਦਰਤ ਵਿੱਚ ਸਭ ਤੋਂ ਵੱਧ ਅਨੁਸ਼ਾਸਨ ਹੈ। ਅਸੀਂ ਦਿਨ-ਰਾਤ ਅਤੇ ਮੌਸਮਾਂ ਦੇ ਪੱਖ ਤੋਂ ਕੁਦਰਤ ਦੇ ਅਨੁਸ਼ਾਸਨ ਨੂੰ ਸਮਝ ਸਕਦੇ ਹਾਂ ਕਿ ਕਈ ਸਾਲਾਂ ਬਾਅਦ ਜਦੋਂ ਵੀ ਸੂਰਜ ਜਾਂ ਚੰਦ੍ਰਮਾ ਨੂੰ ਗ੍ਰਹਿਣ ਲਗਦਾ ਹੈ ਤਾਂ ਉਸ ਕੁਦਰਤੀ ਅਨੁਸ਼ਾਸਨ ਜਾਂ ਇੱਕ ਤਰਤੀਬ ਦੇ ਤਹਿਤ ਵਿਗਿਆਨੀ ਉਸ ਸਮੇਂ ਨੂੰ ਮਿੰਟਾਂ ਕੀ, ਸਕਿੰਟਾਂ ਵਿੱਚ ਵੀ ਪਹਿਲਾਂ ਹੀ ਸਮਝਾਅ ਦਿੰਦੇ ਹਨ ਤੇ ਕੁਦਰਤ ਦਾ ਉਹ ਪਲ ਬਿਲਕੁਲ ਉਸ ਨਿਯਮ ਤਹਿਤ ਵਾਪਰਦਾ ਹੈ। ਕਹਿਣ ਤੋਂ ਭਾਵ ਹੈ ਕਿ ਕੁਦਰਤ ਦਾ ਜੋ ਨਿਯਮ ਹੈ, ਉਹ ਬਿਲਕੁਲ ਖਰਾ ਹੈ, ਜਿਸ ਤੋਂ ਮਨੁੱਖ ਨੂੰ ਇਸ ਤਰਤੀਬ ਵਿੱਚ ਰਹਿਣ ਦੀ ਸਿੱਖਿਆ ਲੈਣੀ ਚਾਹੀਦੀ ਹੈ।
ਮੈਂ ਜਦੋਂ ਨੌਂਵੀਂ ਕਲਾਸ ਵਿੱਚ ਚੜ੍ਹਿਆ ਤਾਂ ਮੇਰੀ ਲਿਆਕਤ, ਜੋ ਕਿ ਅੱਠਵੀਂ ਦੇ ਨੰਬਰਾਂ ’ਤੇ ਆਧਾਰਤ ਸੀ, ਸਕੂਲ ਵਾਲਿਆਂ ਨੇ ਖੁਦ ਹੀ ਮੈਨੂੰ ਵਿਗਿਆਨ ਦੀ ਪੜ੍ਹਾਈ ਵਾਲੀ ਕਲਾਸ ਵਿੱਚ ਦਾਖਲ ਕਰ ਲਿਆ। ਆਰਟ ਦੇ ਵਿਸ਼ੇ ਕਮਜ਼ੋਰ ਬੱਚਿਆਂ ਲਈ ਸਮਝੇ ਜਾਂਦੇ, ਜਦੋਂ ਕਿ ਮੈਂ ਸਮਝਦਾ ਹਾਂ ਕਿ ਬੰਦੇ ਨੂੰ ਲਿਆਕਤ ਸਿਖਾਉਣ ਦਾ ਕੰਮ ਜ਼ਿੰਦਗੀ ਦੀ ਕਲਾ (ਆਰਟਸ) ਕਰਦੀ ਹੈ। ਵਿਗਿਆਨ ਦੀ ਪੜ੍ਹਾਈ ਕਰਦੇ, ਜੋ ਕਿ ਸਾਰੀ ਉਮਰ ਕੀਤੀ ਹੈ, ਨੌਂਵੀਂ ਕਲਾਸ ਤੋਂ ਐੱਮ.ਬੀ.ਬੀ.ਐੱਸ. ਤੇ ਐੱਮ.ਡੀ. ਕਰਦਿਆਂ ਵਿਗਿਆਨ ਨਾਲ-ਨਾਲ ਤੁਰਿਆ ਹੈ। ਭਾਵੇਂ ਕਿ ਬਹੁਤ ਲੋਕ ਵਿਗਿਆਨ ਦੀ ਪੜ੍ਹਾਈ ਕਰਕੇ ਡਾਕਟਰ, ਇੰਜਨੀਅਰ ਅਤੇ ਪ੍ਰੋਫੈਸਰ ਬਣਦੇ ਹਨ। ਪਰ ਜ਼ਿੰਦਗੀ ਵਿੱਚ ਵਿਗਿਆਨਕ ਨਜ਼ਰੀਆ ਟਾਵਾਂ-ਟਾਵਾਂ ਹੀ ਦੇਖਣ ਨੂੰ ਮਿਲਦਾ ਹੈ। ਵਿਗਿਆਨ ਨੇ ਇੱਕ ਚੀਜ਼ ਜੋ ਖਾਸ ਜੋੜੀ ਹੈ, ਸਾਰਿਆਂ ਨਾਲ ਹੀ ਉਹ ਜੁੜਦੀ ਹੈ, ਸਿਲੇਬਸ ਦਾ ਹਿੱਸਾ ਹੋਣ ਕਰਕੇ ਅਤੇ ਉਸ ਨੂੰ ਪੜ੍ਹਨਾ ਵੀ ਜ਼ਰੂਰੀ ਹੁੰਦਾ ਹੈ। ਕਿਉਂਕਿ ਇਮਤਿਹਾਨਾਂ ਵਿੱਚ ਨੰਬਰਾਂ ਦੀ ਵੁੱਕਤ ਹੁੰਦੀ ਹੈ। ਉਹ ਗਿਆਨ ਜਿਸ ਨੂੰ ਮੈਂ ਰੇਖਾਂਕਿਤ ਕਰਨਾ ਚਾਹੁੰਦਾ ਹਾਂ, ਉਹ ਹੈ ਤਰਤੀਬ। ਵਿਗਿਆਨ ਵਿਅਕਤੀ ਨੂੰ ਤਰਤੀਬ ਸਿਖਾਉਂਦਾ ਹੈ ਤੇ ਤਰਤੀਬ ਵਿੱਚ ਰਹਿਣ ਅਤੇ ਜੀਵਨ ਗੁਜ਼ਾਰਨ ਲਈ ਪ੍ਰੇਰਿਤ ਕਰਦਾ ਹੈ।
ਕੁਦਰਤ ਵਿੱਚ ਤਰਤੀਬ ਹੈ, ਜੋ ਕਿ ਮਨੁੱਖ ਨੇ ਆਪਣੇ ਵਿਗਿਆਨਕ ਦ੍ਰਿਸ਼ਟੀਕੋਣ ਨਾਲ ਲੱਭੀ ਹੈ। ਇਸ ਨੂੰ ਉਭਾਰਿਆ ਹੈ। ਤਰਤੀਬ ਤੋਂ ਜੋ ਗੱਲ ਜ਼ਿੰਦਗੀ ਨਾਲ ਜੋੜ ਕੇ ਦੇਖਣ ਦੀ ਲੋੜ ਹੈ, ਉਹ ਹੈ ਕਿ ਚੀਜ਼ਾਂ ਨੂੰ, ਵਰਤਾਰਿਆਂ ਨੂੰ ਸਮਝਣਾ ਅਸਾਨ ਹੋ ਜਾਂਦਾ ਹੈ। ਜਿਸ ਤਰ੍ਹਾਂ ਦੱਸਿਆ ਹੈ, ਨੌਂਵੀਂ ਵਿੱਚ ਵਿਗਿਆਨ ਦਾ ਵਿਦਿਆਰਥੀ ਹੋਇਆ, ਪਰ ਸਾਧਾਰਨ ਵਿਗਿਆਨ ਦੇ ਤਹਿਤ ਦੁਨੀਆਂ ਵਿੱਚ ਵੰਡ ਪ੍ਰਣਾਲੀ ਨੂੰ ਸਮਝਣ ਲਈ, ਜੀਵ ਅਤੇ ਨਿਰਜੀਵ ਦਾ ਫ਼ਰਕ ਸਪਸ਼ਟ ਹੋ ਗਿਆ ਸੀ। ਨੌਂਵੀਂ ਵਿੱਚ ਵਿਗਿਆਨ ਦੇ ਸਾਰੇ ਵਿਸ਼ੇ ਜੀਵ-ਵਿਗਿਆਨ, ਬਨਸਪਤੀ ਵਿਗਿਆਨ, ਭੌਤਿਕ ਵਿਗਿਆਨ ਅਤੇ ਰਸਾਇਣਕ ਵਿਗਿਆਨ ਬਾਰੇ ਪੜ੍ਹਿਆ ਅਤੇ ਸਮਝਿਆ ਤਾਂ ਇਸ ਤਰਤੀਬ ਵਿਧੀ ਨੇ ਪੜ੍ਹਾਈ ਨੂੰ ਅਸਾਨ ਕਰ ਦਿੱਤਾ।
ਤਰਤੀਬ ਵਿੱਚ ਰਹਿਣਾ ਮਤਲਬ ਅਨੁਸ਼ਾਸਨ ਵਿੱਚ ਰਹਿਣਾ ਜਾਂ ਇੱਕ ਨਿਰਧਾਰਤ ਤੌਰ ਤਰੀਕੇ ਨਾਲ ਰਹਿਣਾ ਵਿਗਿਆਨ ਦੀ ਦੇਣ ਹੈ, ਜੋ ਮੈਂ ਵਿਗਿਆਨ ਦੀ ਸਮਝ ਵਿਧੀਵਤ ਪੜ੍ਹਾਈ ਨਾਲ ਗ੍ਰਹਿਣ ਕੀਤੀ। ਆਰਟ ਵਿਸ਼ੇ ਜਿਵੇਂ ਮਨੋਵਿਗਿਆਨ, ਸਮਾਜ ਵਿਗਿਆਨ ਤੇ ਰਾਜਨੀਤਕ ਵਿਗਿਆਨ ਸਾਰੇ ਮਿਲਕੇ ਆਰਟਸ ਅਤੇ ਹਿਊਮੈਨਿਟੀ ਕਹਾਉਂਦੇ ਹਨ। ਹਿਊਮੈਨਿਟੀ ਦਾ ਮਤਲਬ ਵੀ ਮਨੁੱਖੀ ਗਿਆਨ ਤੋਂ ਬਣਿਆ ਹੈ। ਜਿਸ ਤਰ੍ਹਾਂ ਵਿਗਿਆਨ ਦੇ ਵਿਸ਼ਿਆਂ ਨੂੰ ਪੜ੍ਹਨ ਦੀ ਹੋੜ ਲੱਗੀ ਹੋਈ ਹੈ ਤੇ ਹੌਲੀ ਹੌਲੀ ਮਨੁੱਖ ਗਿਆਨ ਪੱਖੋਂ ਵਿਅਕਤੀ ਕੋਰਾ ਹੋ ਰਿਹਾ ਹੈ ਤੇ ਸਮਾਜਿਕ ਬਣਤਰ ਅਤੇ ਰਿਸ਼ਤਿਆਂ ਵਿੱਚ ਸਮਝ ਪੱਖੋਂ ਗਿਰਾਵਟ ਆ ਰਹੀ ਹੈ। ਜਦੋਂ ਹਿਊਮੈਨਿਟੀ ਦੇ ਸਾਰੇ ਵਿਸ਼ੇ ਹੁਣ ਵਿਗਿਆਨ ਦੇ ਖੇਤਰ ਵਿੱਚ ਸਮਝੇ-ਸਮਝਾਏ ਜਾਂਦੇ ਹਨ ਤਾਂ ਮਨੁੱਖੀ ਰਿਸ਼ਤਿਆਂ ਪ੍ਰਤੀ ਵੀ ਇੱਕ ਤਰਤੀਬ ਬਿਲਕੁਲ ਸਾਫ਼-ਸਪਸ਼ਟ ਉਜਾਗਰ ਹੋ ਰਹੀ ਹੈ।
ਕਿਸੇ ਵੀ ਵਿਸ਼ੇ ਨੂੰ ਉੱਚ ਪੱਧਰ ’ਤੇ ਪੜ੍ਹਨ ਵੇਲੇ ਇਨ੍ਹਾਂ ਨੂੰ ਅਨੁਸ਼ਾਸਨ ਕਿਹਾ ਜਾਂਦਾ ਹੈ। ਡਿਸਿਪਲਨ, ਤੇ ਉਸ ਦੇ ਤਹਿਤ ਸਮਝਿਆ ਸਮਝਾਇਆ ਜਾਂਦਾ ਹੈ। ਡਾਕਟਰੀ ਦਾ ਵਿਸ਼ਾ ਭਾਵੇਂ ਪੂਰੀ ਤਰ੍ਹਾਂ ਵਿਗਿਆਨਕ ਹੈ, ਪਰ ਇਹ ਲਾਗੂ ਤਾਂ ਮਨੁੱਖੀ ਜ਼ਿੰਦਗੀ ’ਤੇ ਹੀ ਹੁੰਦਾ ਹੈ। ਇਸ ਲਈ ਮੈਂ ਹਮੇਸ਼ਾ ਇਹ ਮੰਨਿਆ ਹੈ ਕਿ ਮੈਡੀਕਲ ਦੀ ਪੜ੍ਹਾਈ ਵਿਗਿਆਨ ਅਤੇ ਆਰਟਸ ਦੋਹਾਂ ਦਾ ਮੇਲ ਹੈ। ਮੈਡੀਕਲ ਵਿਗਿਆਨ ਤਾਂ ਹੀ ਇੱਕ ਉਦਾਹਰਣ ਹੈ, ਜਦੋਂ ਅਸੀਂ ਕਿਸੇ ਬਿਮਾਰੀ ਨੂੰ ਲੱਭਣਾ ਹੁੰਦਾ ਹੈ ਤਾਂ ਉਸ ਨੂੰ ਇੱਕ ਤਰਤੀਬ ਤਹਿਤ ਤਲਾਸ਼ ਕਰਨ ਦੀ ਪ੍ਰਕਿਰਿਆ ਹੁੰਦੀ ਹੈ। ਮਾਹਿਰ ਕਿਸੇ ਬਿਮਾਰੀ ਦੇ ਸਹੀ ਨਤੀਜੇ ’ਤੇ ਪਹੁੰਚਣ ਲਈ ਬਿਮਾਰੀ ਦੇ ਲੱਛਣ ਪੁੱਛ ਕੇ ਇੱਕ ਦੋ ਸਵਾਲ ਕਰਦਾ ਹੈ ਤੇ ਫਿਰ ਇੱਕ-ਇੱਕ ਕਰਕੇ ਕਿੰਨੀਆਂ ਹੀ, ਉਹਨਾਂ ਲੱਛਣਾ ਨਾਲ ਮਿਲਦੀਆਂ ਬਿਮਾਰੀਆਂ ਨੂੰ ਮਨ ਹੀ ਮਨ ਵਿੱਚ, ਉਨ੍ਹਾਂ ਨੂੰ ਖਾਰਜ ਕਰਦਾ ਜਾਂਦਾ ਹੈ ਤੇ ਕੁਝ ਜੋੜਦਾ ਜਾਂਦਾ ਹੈ। ਜਿਵੇਂ ਜਿਵੇਂ ਸਿਖਲਾਈ ਦੇ ਦੌਰਾਨ ਤਰਤੀਬ ਤਹਿਤ ਉਸ ਵਿਸ਼ੇ ਦਾ ਅਨੁਸ਼ਾਸਨ ਪੜ੍ਹਿਆ-ਪੜ੍ਹਾਇਆ ਜਾਂਦਾ ਹੈ। ਤਰਤੀਬ ਦੇ ਇਸ ਤਰੀਕੇ ਨੂੰ ਨਵੇਂ ਪਰਿਪੇਖ ਵਿੱਚ ‘ਐਲਗੋਰਿਦਮ’ ਕਿਹਾ ਜਾਂਦਾ ਹੈ।
ਐਲਗੋਰਿਦਮ ਉਹ ਤਰੀਕਾ ਹੈ, ਜਿਸ ਨਾਲ ਸਮੱਸਿਆ ਸਮਝੀ ਜਾਂਦੀ ਹੈ ਤੇ ਉਹਦੇ ਆਧਾਰ ’ਤੇ ਇਲਾਜ ਦੀ ਦਿਸ਼ਾ ਵੀ ਤੈਅ ਕੀਤੀ ਜਾ ਸਕਦੀ ਹੈ। ਐਲਗੋਰਿਦਮ ਦਾ ਸਿਰਫ਼ ਵਿਗਿਆਨਕ ਹੀ ਨਹੀਂ, ਸਮਾਜਿਕ ਮਹੱਤਵ ਵੀ ਹੈ। 1988 ਵਿੱਚ ਜਦੋਂ ਮੈਂ ਆਪਣੀ ਨੌਕਰੀ ਦੀ ਲੋੜ ਮੁਤਾਬਿਕ ਅੰਮ੍ਰਿਤਸਰ ਵਿੱਚ ਆਇਆ ਤਾਂ ਉਹ ਅੱਤਵਾਦ ਦਾ ਸਮਾਂ ਸੀ। ਹਨੇਰਾ ਹੋਣ ਤੋਂ ਪਹਿਲਾਂ ਸ਼ਹਿਰ ਵਿੱਚ ਸੁੰਨ ਪਸਰ ਜਾਂਦੀ। ਕੋਈ ਟਾਵਾਂ-ਟਾਵਾਂ ਵਿਅਕਤੀ ਹੀ ਮਜਬੂਰੀ ਵੱਸ ਸੜਕ ’ਤੇ ਤੁਰਦਾ ਹੋਇਆ ਨਜ਼ਰ ਆਉਂਦਾ।
ਮੈਨੂੰ ਉਸ ਸਮੇਂ ਦੀ ਹਾਲਤ ਬਾਰੇ ਅਤੇ ਖਾਸ ਕਰ ਅੰਮ੍ਰਿਤਸਰ, ਤਰਨ-ਤਾਰਨ ਇਲਾਕੇ ਦੇ ਮਾਹੌਲ ਬਾਰੇ ਕੁਝ ਖਾਸ ਪਤਾ ਨਹੀਂ ਸੀ। ਮੇਰੇ ਕੋਲ ਜੋ ਵੀ ਸੂਚਨਾ ਸੀ, ਉਹ ਅਖਬਾਰਾਂ ਜਾਂ ਟੀ.ਵੀ. ਤੋਂ ਆਈ ਹੁੰਦੀ। ਕਿਰਾਏ ਦੇ ਮਕਾਨ ਵਿੱਚ ਰਹਿੰਦੇ ਹੋਏ, ਘਰ ਦੇ ਬਾਹਰ ਨੇਮ-ਪਲੇਟ ਲਗਾਉਣ ਲਈ ਮਨ੍ਹਾਂ ਹੀ ਨਾ ਕੀਤਾ ਗਿਆ, ਸਗੋਂ ਡਰਾਇਆ ਗਿਆ ਕਿ ਤੁਸੀਂ ਡਾਕਟਰ ਹੋ ਤੇ ਅੱਤਵਾਦੀਆਂ ਦੇ ਘੇਰੇ ਵਿੱਚ ਆ ਸਕਣ ਦੀ ਸੰਭਾਵਨਾ ਹੈ, ਕੁਝ ਮਾਇਆ ਇਕੱਠੀ ਕਰਨ ਵਾਸਤੇ। ਜਦੋਂ ਮੈਂ ਆਪਣੀ ਡਿਊਟੀ ’ਤੇ ਹਾਜ਼ਰ ਹੋਇਆ, ਉਨ੍ਹੀਂ ਦਿਨੀਂ ਡਿਊਟੀ ਦਾ ਟਾਈਮ ਸ਼ਾਮੀ ਸਾਢੇ ਚਾਰ ਵਜੇ ਤਕ ਸੀ ਤੇ ਉਸ ਤੋਂ ਬਾਅਦ ਸ਼ਹਿਰ ਦੇ ਦੋ-ਚਾਰ ਜਾਣ-ਪਛਾਣ ਵਾਲੇ ਦੋਸਤਾਂ ਕੋਲ ਜਾਣ ਦਾ ਮੌਕਾ ਹੀ ਨਾ ਮਿਲਦਾ ਜਾਂ ਮਿਲਣ ਤੋਂ ਰੋਕ ਦਿੱਤਾ ਜਾਂਦਾ। ਪਰ ਇੱਕ ਗੱਲ ਦੇਖੀ ਕਿ ਸ਼ਹਿਰ ਦੀ ਲਾਰੈਂਸ ਰੋਡ ਬਾਕੀ ਦੁਕਾਨਾਂ ਦੇ ਮੁਕਾਬਲੇ ਦੋ ਤਿੰਨ ਘੰਟੇ ਬਾਅਦ ਵਿੱਚ ਬੰਦ ਹੁੰਦੀ। ਪੌਸ਼ ਇਲਾਕਾ ਸੀ ਤੇ ਸੁਰੱਖਿਆ ਦਾ ਪ੍ਰਬੰਧ ਵੀ ਵੱਧ ਸੀ।
ਇੱਥੇ ਵਿਗਿਆਨ ਦੀ ਸਮਝ ਵਿੱਚ ਆਈ ਤੇ ਉਭਾਰੀ ਗਈ ਐਲਗੋਰਿਦਮ ਦੀ ਤਕਨੀਕ ਨੇ ਇਹ ਵਾਰਦਾਤ ਸਮਝਣ ਦਾ ਰਾਹ ਸੌਖਾ ਕੀਤਾ। ਮੈਂ ਗੌਰ ਨਾਲ ਸ਼ਹਿਰ ਵਿੱਚ ਹੁੰਦੀਆਂ ਅੱਤਵਾਦ ਦੀਆਂ ਘਟਨਾਵਾਂ ਨੂੰ ਉਸ ਤਕਨੀਕ ਦੇ ਤਹਿਤ ਸਮਝਿਆ ਤਾਂ ਸਿੱਟਾ ਨਿਕਲਿਆ ਕਿ ਦੋ ਤਰ੍ਹਾਂ ਦੀਆਂ ਵਾਰਦਾਤਾਂ ਹੋਂਦ ਵਿੱਚ ਆਉਂਦੀਆਂ ਹਨ। ਇੱਕ ਤਾਂ ਉਹ ਲੋਕ ਮਾਰੇ ਜਾਂਦੇ ਹਨ, ਜੋ ਅੱਤਵਾਦੀਆਂ ਦੇ ਨਿਸ਼ਾਨੇ ’ਤੇ ਹੁੰਦੇ ਹਨ ਤੇ ਦੂਸਰਾ ਕਿਸੇ ਵੀ ਭੀੜ-ਭੜੱਕੇ ਵਾਲੀ ਥਾਂ ’ਤੇ, ਵੱਧ ਗਿਣਤੀ ਵਾਲੇ ਇਲਾਕੇ ਵਿੱਚ ਅਜਿਹੀ ਵਾਰਦਾਤ ਕਰਕੇ ਸਵੇਰੇ ਅਖ਼ਬਾਰ ਵਿੱਚ ਸੁਰਖ਼ੀਆ ਬਟੋਰੀਆਂ ਜਾਂਦੀਆਂ ਹਨ।
ਇਸ ਤਰ੍ਹਾਂ ਐਲਗੋਰਿਜ਼ਮ ਨੇ, ਤਰਤੀਬ ਵਿੱਚ ਘਟਨਾਵਾਂ ਨੂੰ ਸਮਝਣ ਨੇ ਮੇਰੇ ਅੰਦਰਲੇ ਅੱਤਵਾਦ ਦੇ ਡਰ ਨੂੰ ਬਿਲਕੁਲ ਹੀ ਘਟਾ ਦਿੱਤਾ। ਇਹ ਤਰੀਕਾ, ਇਹ ਵਿਗਿਆਨਕ ਢੰਗ ਸਾਨੂੰ ਜ਼ਿੰਦਗੀ ਨੂੰ ਸਮਝ ਅਤੇ ਹਾਲਤਾਂ ਦਾ ਜਾਇਜ਼ਾ ਲੈਣ ਵਿੱਚ ਸਹਾਈ ਹੁੰਦਾ ਹੈ। ਦੂਜੇ ਪਾਸੇ ਬੇਲਗਾਮੀ ਨਾਲ ਅਸੀਂ ਆਪਣੇ ਵਿਅਕਤੀਗਤ ਕਾਰਜਾਂ ਨੂੰ ਵੀ ਸਿਰੇ ਚੜ੍ਹਾਉਣ ਤੋਂ ਵਾਂਝੇ ਰਹਿ ਜਾਂਦੇ ਹਾਂ, ਜਿਸ ਕਰਕੇ ਜ਼ਿੰਦਗੀ ਸੁਖਾਲੀ ਤਾਂ ਕੀ ਬਣਨੀ ਸਗੋਂ ਉਲਝ ਜਾਂਦੀ ਹੈ, ਠੀਕ ਹੈ ਮਨੁੱਖੀ ਵਿਸ਼ੇ ਮਨੁੱਖੀ ਰਿਸ਼ਤਿਆਂ ਨੂੰ ਸਮਝਣ ਲਈ ਸਹਾਈ ਹੁੰਦੇ ਹਨ। ਪਰ ਜੇ ਉਹਦੇ ਨਾਲ ਨਜ਼ਰੀਆ ਵਿਗਿਆਨਕ ਹੋਵੇ ਤਾਂ ਇਹ ਸਮਝ ਹੋਰ ਵਧੇਰੇ ਚੰਗੇ ਸਿੱਟੇ ਦੇ ਸਕਦੀ ਹੈ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4920)
(ਸਰੋਕਾਰ ਨਾਲ ਸੰਪਰਕ ਲਈ:(This email address is being protected from spambots. You need JavaScript enabled to view it.)







































































































