“ਅਖ਼ਬਾਰਾਂ ਅਤੇ ਟੀ ਵੀ ਦੀਆਂ ਬਹਿਸਾਂ ਤੋਂ ਗਾਇਬ ਹੋਣ ਦਾ ਇਹ ਮਤਲਬ ਨਹੀਂ ਹੈ ਕਿ ...”
(6 ਨਵੰਬਰ 2018)
‘ਮੀ ਟੂ’ ਮੁਹਿੰਮ ਅਜੋਕੇ ਸਮੇਂ ਦੀਆਂ ਹੋਰ ਮੁਹਿੰਮਾਂ ਵਾਂਗ ਕੁਝ ਕੁ ਦਿਨ ਅਖ਼ਬਾਰਾਂ, ਟੀ ਵੀ ਅਤੇ ਸੋਸ਼ਲ ਮੀਡੀਆ ’ਤੇ ਆਪਣੀ ਥਾਂ ਬਣਾ ਕੇ ਚਰਚਾ ਵਿੱਚੋਂ ਬਾਹਰ ਹੋ ਗਈ ਹੈ ਜਾਂ ਅਜੋਕੀ ਸਮਾਜਿਕ ਪ੍ਰਵਿਰਤੀ ਦੇ ਮੁਤਾਬਕ ਚਰਚਾ ਵਿੱਚੋਂ ਬਾਹਰ ਕਰ ਦਿੱਤੀ ਗਈ ਹੈ। ਇਸ ਮੁਹਿੰਮ ਦੌਰਾਨ ਜਿਵੇਂ ਵੀ ਜਿੱਥੋਂ ਵੀ ਸ਼ੁਰੂਆਤ ਹੋਈ ਜਾਂ ਜਿਸ ਕਿਸੇ ਨੇ ਵੀ ਇਸ ਪੁਰਸ਼ ਪ੍ਰਧਾਨ ਸਮਾਜ ਵਿੱਚ ਪਹਿਲ ਕਰ ਕੇ ਆਵਾਜ਼ ਬੁਲੰਦ ਕੀਤੀ ਤੇ ਫਿਰ ਸਮੇਂ ਦੀ ਬਦਲੀ ਹੋਈ ਵਰਤਮਾਨ ਮਾਨਸਿਕਤਾ ਤਹਿਤ ਹੌਸਲਾ ਵੀ ਮਿਲਿਆ ਤੇ ਵਿਰੋਧ ਵੀ ਹੋਇਆ।
ਇਹ ਠੀਕ ਹੈ ਕਿ ਇਸ ਤੇਜ਼-ਰਫ਼ਤਾਰੀ ਸਮੇਂ ਵਿੱਚ ਅਜਿਹੇ ਵਰਤਾਰਿਆਂ ਦੇ ਹਿੱਸੇ ਕੁਝ ਕੁ ਦਿਨ ਹੀ ਆਉਂਦੇ ਹਨ ਤੇ ਫਿਰ ਕੋਈ ਹੋਰ ਭਖਵਾਂ ਮੁੱਦਾ ਆ ਜਾਂਦਾ ਹੈ ਤੇ ਲੱਗਦਾ ਹੈ ਕਿ ਉਹ ਪਹਿਲੇ ਮੁੱਦੇ ਨਾਲੋਂ ਵੀ ਜ਼ਿਆਦਾ ਅਹਿਮ ਹੈ, ਜਦੋਂ ਕਿ ਹਰ ਮੁੱਦੇ ਨੂੰ ਕਿਸੇ ਖ਼ਾਸ ਅੰਜਾਮ ਤੱਕ ਪਿੱਛਾ ਕਰਨ ਦੀ ਲੋੜ ਹੁੰਦੀ ਹੈ, ਨਹੀਂ ਤਾਂ ਉਹ ਮੁੜ ਤੋਂ ਉੱਭਰਦੇ ਹਨ ਤੇ ਦੁਹਰਾਏ ਜਾਂਦੇ ਹਨ। ਇਸ ਤਰ੍ਹਾਂ ਦੀ ਪ੍ਰਵਿਰਤੀ ਦੇਖ ਕੇ ਕਈ ਵਾਰ ਲੱਗਦਾ ਹੈ, ਜਿਵੇਂ ਰਾਜ ਪ੍ਰਬੰਧ ਦਾ ਇਹ ਹਿੱਸਾ ਬਣ ਗਿਆ ਹੋਵੇ ਕਿ ਥੋੜ੍ਹੀ-ਥੋੜ੍ਹੀ ਦੇਰ ਬਾਅਦ ਕਿਸੇ ਨਾ ਕਿਸੇ ਘਟਨਾ ਨੂੰ ਮੁੱਦਾ ਬਣਾ ਕੇ ਉਭਾਰਿਆ ਜਾਵੇ ਜਾਂ ਖ਼ੁਦ ਹੀ ਬਿਆਨਬਾਜ਼ੀ ਨਾਲ ਮੁੱਦਾ ਬਣਾ ਕੇ ਛੱਡ ਦਿੱਤਾ ਜਾਵੇ। ਕਿਸੇ ਮੁੱਦੇ ਨੂੰ ਵੀ ਸਿਰੇ ਨਾ ਲਗਾਉਣਾ ਜਾਂ ਰਫ਼ਾ-ਦਫ਼ਾ ਕਰ ਦੇਣਾ ਇਸਦੀ ਤਹਿ ਵਿੱਚ ਲੁਕਿਆ ਹੁੰਦਾ ਹੈ।
‘ਮੀ ਟੂ’ ਮੁਹਿੰਮ ਉਸ ਤਰ੍ਹਾਂ ਸਮੇਟਣ ਵਾਲਾ ਮੁੱਦਾ ਨਹੀਂ ਹੈ। ਇਹ ਇੱਕ ਗੰਭੀਰ ਸਵਾਲ ਖੜ੍ਹੇ ਕਰਨ ਵਾਲਾ ਮੁੱਦਾ ਹੈ। ਇਹ ਭਾਵੇਂ ਰੋਜ਼ਮਰਾ ਦੀਆਂ ਸਮਾਜਿਕ ਚਰਚਾਵਾਂ ਵਿੱਚ ਰਹਿੰਦਾ ਹੈ ਤੇ ਕਈ ਸੰਸਥਾਵਾਂ ਆਪਣੇ ਪੱਧਰ ’ਤੇ ਕਾਰਜਸ਼ੀਲ ਵੀ ਰਹਿੰਦੀਆਂ ਹਨ। ਆਮ ਜ਼ਿੰਦਗੀ ਵਿੱਚ ਇਸ ਨੂੰ ਹਲਕੇ ਤੌਰ ’ਤੇ, ਵਿਅੰਗ ਅਤੇ ਹਾਸੇ-ਮਜ਼ਾਕ ਤੱਕ ਸਮੇਟਣ ਦੀ ਕੋਸ਼ਿਸ਼ ਹੁੰਦੀ ਹੈ ਤੇ ਪੂਰੀ ਸਥਿਤੀ ਇਸ ਤਰ੍ਹਾਂ ਪ੍ਰਭਾਵ ਪਾਉਂਦੀ ਹੈ ਕਿ ਔਰਤ ਮਰਦ ਦੀ ਗ਼ੈਰ-ਸਮਾਜਿਕ ਛੇੜ-ਛੇੜ, ਉਨ੍ਹਾਂ ਦਾ ਹੱਕ ਹੈ ਤੇ ਜੀਵਨ ਸ਼ੈਲੀ ਦਾ ਹਿੱਸਾ ਹੈ। ਇਸੇ ਤਰ੍ਹਾਂ ਦਾ ਪ੍ਰਭਾਵ ਇਸ ਮੁਹਿੰਮ ਵਿੱਚ ਵੀ ਦੇਖਣ ਨੂੰ ਮਿਲਿਆ। ਇਹ ਤਸੱਲੀ ਵਾਲੀ ਗੱਲ ਵੀ ਰਹੀ ਕਿ ਆਮ ਨਾਲੋਂ ਵੱਧ ਇਸ ਮੁਹਿੰਮ ਨੂੰ ਪੁਰਸ਼ਾਂ ਸਮੇਤ ਕਈ ਜਥੇਬੰਦੀਆਂ ਤੋਂ ਸਮੱਰਥਨ ਮਿਲਿਆ।
ਇਸ ਤਰ੍ਹਾਂ ਦੇ ਇਲਜ਼ਾਮਾਂ ਵਿੱਚ ਪੁਰਸ਼ ਦੇ ਵਿਹਾਰ ’ਤੇ ਸਵਾਲ ਉਠਾਏ ਜਾਂਦੇ ਹਨ, ਪਰ ਜਵਾਬਦੇਹੀ ਵਿੱਚ ਔਰਤ ਹੀ ਨਿਸ਼ਾਨੇ ’ਤੇ ਰਹਿੰਦੀ ਹੈ। ਅਸੀਂ ਅਕਸਰ ਦੇਖਦੇ ਹਾਂ: ਰਾਤ ਨੂੰ ਬਾਹਰ ਕਿਉਂ ਨਿਕਲਦੀ ਹੈ, ਕੱਪੜੇ ਅਜਿਹੇ ਕਿਉਂ ਪਾਉਂਦੀ ਹੈ, ਇਕੱਲੀ ਕਿਉਂ ਤੁਰੀ ਫਿਰਦੀ ਹੈ, ਵਗੈਰਾ-ਵਗੈਰਾ, ਪਰ ਇਸ ਤਰ੍ਹਾਂ ਦੇ ਸਵਾਲਾਂ ਅਤੇ ਵਿਹਾਰ ਨੂੰ ਲੈ ਕੇ ਪੁਰਸ਼ਾਂ ਪ੍ਰਤੀ ਚੁੱਪ ਹੀ ਪਸਰੀ ਰਹਿੰਦੀ ਹੈ।
ਸੋਸ਼ਲ ਮੀਡੀਆ ਉੱਪਰ ਇੱਕ ਹਿੰਦੀ ਦੇ ਲੇਖਕ ਦੀ ਲਘੂਕਥਾ ਪਈ। ਉਹ ਰਚਨਾ ਕੁਝ ਇਸ ਤਰ੍ਹਾਂ ਸੀ: ਪੰਚਤੰਤਰ ਦੀ ਤਰਜ਼ ’ਤੇ-ਨਵੀਂ ਮੇਮਨਾ ਕਥਾ।
‘ਓਏ! ਏਧਰ ਸੁਣ’
‘ਜੀ ਮੈਮ’
‘ਪੱਚੀ ਸਾਲ ਪਹਿਲਾਂ ਮੇਰੀਆਂ ਛਾਤੀਆਂ ਨੂੰ ਨਿਹਾਰਦੇ ਹੋਏ ਤੂੰ ਕਿਹਾ ਸੀ, ਬ੍ਰਾ ਨਾ ਪਾਇਆ ਕਰੋ, ਹੋਰ ਹਾਟ ਲੱਗੋਗੇ।’
‘ਪਰ ਪੱਚੀ ਸਾਲ ਪਹਿਲਾਂ ਤਾਂ ਮੈਂ ਦੁਨੀਆ ਵਿੱਚ ਆਇਆ ਹੀ ਨਹੀਂ ਸੀ।’
‘ਤਾਂ ਤੇਰਾ ਪਿਉ ਹੋਵੇਗਾ। ਖ਼ੂਨ ਤੇ ਖ਼ਾਨਦਾਨ ਤਾਂ ਇੱਕ ਹੀ ਹੈ।’
‘ਪਰ ਉਹ ਤਾਂ ਇਸ ਦੁਨੀਆ ਵਿੱਚ ਹੀ ਨਹੀਂ ... ਕੱਲ੍ਹ ਹੀ...।’
‘ਹੁਣ ਤੂੰ ਤਾਂ ਹੈਂ, ਤੂੰ ਹੀ ਭੁਗਤ।’
ਇਸ ਰਚਨਾ ਰਾਹੀਂ ਅਤੇ ਅਜਿਹੀਆਂ ਹੋਰ ਰਚਨਾਵਾਂ ਰਾਹੀਂ ਵੀ ਔਰਤ ਉੱਪਰ ਸਿਰਫ਼ ਵਿਅੰਗ ਨਹੀਂ, ਸਗੋਂ ਉਸ ਨੂੰ ਹੀ ਕਟਹਿਰੇ ਵਿੱਚ ਖੜ੍ਹਾ ਕੇ ਨਿਸ਼ਾਨਾ ਬਣਾਇਆ ਗਿਆ ਹੈ। ਇੱਥੇ ਇਹ ਉਭਾਰਨ ਦੀ ਕੋਸ਼ਿਸ਼ ਹੋਈ ਹੈ ਕਿ ਔਰਤਾਂ ਵੀ ਦੁੱਧ-ਧੋਤੀਆਂ ਨਹੀਂ ਹਨ। ਉਹ ਵੀ ਪੁਰਸ਼ਾਂ ਦਾ ਸ਼ੋਸ਼ਣ ਕਰਦੀਆਂ ਹਨ ਤੇ ਗ਼ਲਤ ਇਲਜ਼ਾਮ ਵੀ ਲਗਾਉਂਦੀਆਂ ਹਨ।
ਮੰਨ ਲੈਂਦੇ ਹਾਂ ਕਿ ਕੁਝ ਔਰਤਾਂ ਆਪਣੇ ਸਰੀਰ ਨੂੰ ਪੌੜੀ ਬਣਾ ਕੇ ਕੁਝ ਹਾਸਲ ਕਰਦੀਆਂ ਵੀ ਹੋਣ ਤਾਂ ਇਸ ਨੂੰ ਪੂਰੀ ਪੁਰਸ਼ ਮਾਨਸਿਕਤਾ ਦੇ ਹੱਕ ਵਿੱਚ ਇਸਤੇਮਾਲ ਨਹੀਂ ਕੀਤਾ ਜਾ ਸਕਦਾ, ਜੋ ਕਿ ਮਨਮਰਜ਼ੀ ਨਹੀਂ, ਇੱਕ ਜ਼ਬਰਦਸਤੀ ਅਤੇ ਪ੍ਰੇਸ਼ਾਨ ਕਰਦੀ ਹੋਈ ਔਰਤ ਮਾਨਸਿਕਤਾ ਨੂੰ ਜ਼ਖ਼ਮੀ ਕਰਨ ਵਾਲੀ ਹੁੰਦੀ ਹੈ।
ਦੂਸਰੀ ਗੱਲ, ਜੋ ਇਸ ਮੁਹਿੰਮ ਦੀ ਆਵਾਜ਼ ਦੇ ਵਿਰੋਧ ਵਿੱਚ ਉੱਭਰੀ, ਉਹ ਹੈ ਹੁਣ ਹੀ ਕਿਉਂ? ਉਸ ਵਿੱਚ ਵੀ ਪੁਰਸ਼ ਮਾਨਸਿਕਤਾ ਹੈ ਕਿ ਉਦੋਂ ਫਾਇਦਾ ਲੈ ਲਿਆ। ਇਹ ਕੁਝ ਕੁ ਔਰਤਾਂ ਨੇ, ਇੱਕ ਵਾਰੀ ਫਿਰ ਮਸ਼ਹੂਰ ਹੋਣਾ ਚਾਹੁੰਦੀਆਂ ਨੇ, ਹੁਣ ਰੁਤਬੇ ਵਾਲੀਆਂ ਨੇ।
ਦਰਅਸਲ ਇਸ ਮੁਹਿੰਮ ਦੀ ਸ਼ੁਰੂਆਤ ਦਾ ਮੁੱਖ ਕੇਂਦਰ ਸਮਝਣ ਦੀ ਲੋੜ ਹੈ। ਇਹ ਤਾਂ ਅਜੇ ਪੂਰੇ ਵਾਤਾਵਰਣ ਦਾ ਬਹੁਤ ਹੀ ਛੋਟਾ ਹਿੱਸਾ ਹੈ ਕਿ ਕੰਮ ਵਾਲੀ ਥਾਂ ’ਤੇ ਔਰਤਾਂ ਨੂੰ, ਔਰਤ ਹੋਣ ਕਰਕੇ, ਉਨ੍ਹਾਂ ਦੇ ਸਰੀਰ ਨੂੰ ਨਿਸ਼ਾਨਾ ਬਣਾਉਣਾ। ਉਹ ਚਾਹੇ ਦੋ-ਅਰਥੀ ਵਾਕ ਹੋਣ, ਚੁਟਕੁਲੇ ਜਾਂ ਟੋਟਕੇ ਜਾਂ ਸਰੀਰਕ ਹਾਵ-ਭਾਵ ਅਤੇ ਇਸ਼ਾਰੇ, ਜੋ ਔਰਤ ਨੂੰ ਪ੍ਰੇਸ਼ਾਨ ਕਰਦੇ ਹਨ ਤੇ ਉਲਝਣ ਵਿੱਚ ਪਾਉਂਦੇ ਹਨ।
ਇਸ ਹਾਲਤ ਨੂੰ ਦੇਖਦੇ ਹੋਏ ਸਾਲ 2012 ਵਿੱਚ ਲੋਕ ਸਭਾ ਵਿੱਚ ਕੰਮ ਵਾਲੀ ਥਾਂ ’ਤੇ ਔਰਤਾਂ ਨਾਲ ਹੁੰਦੇ ਇਸ ਵਿਹਾਰ ਨੂੰ ਰੋਕਣ ਲਈ ਇੱਕ ਕਾਨੂੰਨ ਲਿਆਂਦਾ ਗਿਆ, ਜੋ 2013 ਵਿੱਚ ਰਾਜ ਸਭਾ ਤੋਂ ਪਾਸ ਹੋਇਆ। ਇਸ ਦੇ ਤਹਿਤ ਹਰ ਸੰਸਥਾ ਨੇ ਇੱਕ ਕਮੇਟੀ ਦਾ ਗਠਨ ਕਰਨਾ ਸੀ, ਜਿੱਥੇ ਔਰਤਾਂ ਸ਼ਿਕਾਇਤ ਕਰ ਸਕਣ ਤੇ ਕੇਸਾਂ ਦਾ ਨਿਪਟਾਰਾ ਹੋ ਸਕੇ। ਪੰਜ ਸਾਲ ਤੋਂ ਬਾਅਦ ਵੀ ਇਹ ਸੱਠ ਫ਼ੀਸਦੀ ਸੰਸਥਾਵਾਂ ਵਿੱਚ ਬਣਨ ਦੀ ਰਿਪੋਰਟ ਹੈ। ਉਹ ਕਾਰਜਸ਼ੀਲ ਵੀ ਹਨ, ਇਸ ਬਾਰੇ ਵੀ ਸ਼ੰਕੇ ਹਨ।
ਅਸੀਂ ਸਾਰੇ ਸਮਝਦੇ ਹਾਂ ਕਿ ਕਾਨੂੰਨ ਦੀ ਲੋੜ ਕਦੋਂ ਪੈਂਦੀ ਹੈ? ਜਦੋਂ ਹਾਲਾਤ ਇੱਕ ਖ਼ਾਸ ਹੱਦ ਤੋਂ ਵੀ ਅੱਗੇ ਵਧ ਜਾਣ। ਆਮ ਤੌਰ ’ਤੇ ਪਰਵਾਰ, ਸਮਾਜ ਅਤੇ ਸੰਸਥਾਵਾਂ ਕੁਝ ਕੁ ਨੇਮਾਂ ਤਹਿਤ ਕਾਰਜਸ਼ੀਲ ਹੁੰਦੇ ਹਨ ਤੇ ਗ਼ਲਤ ਵਿਹਾਰ ਲਈ ਸਮਾਜਿਕ ਤੌਰ ’ਤੇ ਲੋਕਾਂ ਨੂੰ ਨਿਖੇਧੀ ਦਾ ਸਾਹਮਣਾ ਵੀ ਕਰਾਉਂਦੇ ਹਨ। ਸਮਾਜ ਤੋਂ ਛੇਕਣਾ, ਬਰਾਦਰੀ ਤੋਂ ਬਾਈਕਾਟ ਵਰਗੇ ਕਦਮ ਵੀ ਚੁੱਕੇ ਜਾਂਦੇ ਹਨ। ਕਾਨੂੰਨ ਦੀ ਲੋੜ ਇਨ੍ਹਾਂ ਸਾਰੀਆਂ ਹਾਲਤਾਂ ਤੋਂ ਉੱਪਰ ਵੀ, ਨਜਿੱਠੇ ਨਾ ਜਾਣ ਕਾਰਨ ਸਾਹਮਣੇ ਆਉਂਦੀ ਹੈ, ਜਦੋਂ ਉਸ ਨਾਲ ਕਾਨੂੰਨੀ ਤੌਰ ’ਤੇ ਸਜ਼ਾ ਜੁੜਦੀ ਹੈ।
ਇੱਕ ਪਾਸੇ ਔਰਤ ਦੇ ਸਵੈਮਾਣ ਅਤੇ ਸਸ਼ਕਤੀਕਰਨ ਨੂੰ ਲੈ ਕੇ ਵਿਸ਼ਵ ਪੱਧਰ ’ਤੇ ਅੰਤਰ-ਰਾਸ਼ਟਰੀ ਏਜੰਸੀਆਂ ਅੱਗੇ ਆ ਰਹੀਆਂ ਹਨ, ਔਰਤਾਂ ਦੇ ਸੰਗਠਨ ਕੰਮ ਕਰ ਰਹੇ ਹਨ, ਰਾਜਨੀਤਕ ਪਾਰਟੀਆਂ ਦੇ ਔਰਤਾਂ ਲਈ ਵੱਖਰੇ ਵਿੰਗ ਹਨ। ਇਨ੍ਹਾਂ ਸੰਸਥਾਵਾਂ ਵਿੱਚ ਔਰਤਾਂ ਦੀ ਪੜ੍ਹਾਈ ਅਤੇ ਆਪਣੇ ਪੈਰਾਂ ’ਤੇ ਖੜੇ ਹੋਣ ਨੂੰ ਯਕੀਨੀ ਬਣਾਉਣ ਲਈ ਮੁਲਕਾਂ ਦੀਆਂ ਸਰਕਾਰਾਂ ’ਤੇ ਜ਼ੋਰ ਪਾਇਆ ਜਾਂਦਾ ਹੈ ਤੇ ਦੂਸਰੇ ਪਾਸੇ ਹਰ ਵਿਰੋਧ ਦਾ ਸਾਹਮਣੇ ਕਰ ਕੇ ਜੇ ਔਰਤਾਂ ਹਿੰਮਤ ਜੁਟਾਉਂਦੀਆਂ ਤੇ ਘਰੋਂ ਬਾਹਰ ਨਿਕਲਦੀਆਂ ਹਨ ਤਾਂ ਉਨ੍ਹਾਂ ਦੇ ਹੌਸਲੇ ਨੂੰ ਤੋੜਣ ਵਾਲਾ ਮਾਹੌਲ ਉਨ੍ਹਾਂ ਦਾ ਸਵਾਗਤ ਕਰਦਾ ਹੈ ਤੇ ਇਹ ਅਹਿਸਾਸ ਕਰਵਾਉਂਦਾ ਹੈ ਕਿ ਤੇਰੀ ਥਾਂ ਘਰ ਦੀ ਚਾਰ-ਦੀਵਾਰੀ ਵਿੱਚ ਹੈ।
‘ਹੁਣ ਕਿਉਂ’ ਦਾ ਸਵਾਲ ਜ਼ਰੂਰ ਅਹਿਮ ਹੈ, ਪਰ ਅੰਦਾਜ਼ਾ ਲਗਾਉ ਕਿ ਘਰ ਦੇ ਸੰਘਰਸ਼ ਤੋਂ ਬਾਅਦ, ਪੜ੍ਹਨ ਅਤੇ ਨੌਕਰੀ ਕਰਨ ਵਾਲੀ ਔਰਤ ਜੇਕਰ ਘਰੇ ਜਾ ਕੇ ਸ਼ਿਕਾਇਤ ਕਰੇਗੀ ਤਾਂ ਉੱਥੋਂ ਉਸ ਨੂੰ ਕੀ ਜਵਾਬ ਮਿਲੇਗਾ? ਉਸੇ ਤਰੀਕੇ ਨਾਲ ਕਿਸੇ ਸਹਿ-ਕਰਮਚਾਰੀ ਦੀ ਸ਼ਿਕਾਇਤ ਮੁਖੀ ਕੋਲ ਕਰੇਗੀ ਤਾਂ ਉੱਥੇ ਵੀ ਉਹੀ ਮਾਨਸਿਕਤਾ ਵਾਲਾ ਪੁਰਸ਼ ਹੀ ਹੈ। ਇਸ ਲਈ ਸ਼ਿਕਾਇਤ ਦੀ ਗੁੰਜਾਇਸ਼ ਘਟ ਜਾਂਦੀ ਹੈ ਤੇ ਸ਼ਿਕਾਇਤ ਦਾ ਨਤੀਜਾ ਨਾ ਨਿਕਲਣ ਦਾ ਤਜਰਬਾ ਵੀ ਨਿਰ-ਉਤਸ਼ਾਹਿਤ ਕਰਦਾ ਹੈ। ਪਹਿਲ ਕਦਮੀ ਦਾ ਇਤਿਹਾਸ ਵੀ ਨਵਾਂ ਨਹੀਂ ਹੈ। ਹਿੰਮਤ ਜੁਟਾਉਣ ਵਾਲੇ ਭਾਵੇਂ ਘੱਟ ਹੀ ਹੋਣ, ਹਰ ਸਮੇਂ ਹੀ ਰਹੇ ਹਨ ਤੇ ਫਿਰ ਵਾਜਬ ਮਾਹੌਲ ਦੇਖ ਕੇ ਨਾਲ ਜੁੜਣ ਵਾਲੇ ਵੀ ਹੁੰਦੇ ਹਨ। ਅਜੋਕੇ ਸਮੇਂ ਵਿੱਚ ਸੋਸ਼ਲ ਮੀਡੀਆ ਨੇ ਵੀ ਕਈ ਪੱਖਾਂ ਤੋਂ ਕਾਰਗਰ ਮਾਹੌਲ ਬਣਾਇਆ ਹੈ ਤੇ ਪਿਛਲੇ ਕੁਝ ਕੁ ਸਾਲਾਂ ਵਿੱਚ ਲੜਕੀਆਂ ਦੀ ਪੜ੍ਹਾਈ ਨੇ ਵੀ ਮਾਹੌਲ ਤਬਦੀਲੀ ਵਿੱਚ ਮਦਦ ਕੀਤੀ ਹੈ।
ਦਰਅਸਲ ਇਸ ਤਰਜ਼ ਦੀ ਪੁਰਸ਼ ਮਾਨਸਿਕਤਾ ਦਾ ਆਧਾਰ ਸਾਡਾ ਆਪਣਾ ਸਮਾਜ-ਸੱਭਿਆਚਾਰ ਹੈ, ਜਿੱਥੇ ਔਰਤ ਨੂੰ ਮਨੁੱਖ ਦਾ ਦਰਜਾ ਨਾ ਦੇ ਕੇ ਦੂਸਰੇ ਦਰਜੇ ਦਾ ਸ਼ਖਸ ਸਮਝਿਆ ਜਾਂਦਾ ਹੈ। ਇੱਥੋਂ ਤੱਕ ਕਿ ਔਰਤਾਂ ਨੂੰ ਬੇਕਅਲ, ਨਿਕੰਮਾ, ਪੈਰ ਦੀ ਜੁੱਤੀ, ਤਾੜ ਕੇ ਰੱਖਣ ਵਾਲੀ ਕਹਿ ਕੇ ਆਮ ਪ੍ਰਚਾਰਿਆ ਜਾਂਦਾ ਹੈ। ਇਸ ਦੀ ਸ਼ੁਰੂਆਤ ਸਾਡੇ ਪਰਵਾਰ ਵਿੱਚੋਂ ਹੀ ਹੁੰਦੀ ਹੈ। ਹਰ ਲੜਕਾ ਆਪਣੇ ਘਰੇ ਆਪਣੇ ਪਿਉ ਦੇ ਵਿਹਾਰ ਨੂੰ ਦੇਖਦਾ ਹੈ ਤੇ ਕਾਫ਼ੀ ਹੱਦ ਤੱਕ ਆਪਣੀ ਭੈਣ ਪ੍ਰਤੀ ਅਣਜਾਣੇ-ਜਾਣੇ ਅਜ਼ਮਾ ਕੇ ਵੀ ਦੇਖਦਾ ਹੈ ਤੇ ਪਤਨੀ ਪ੍ਰਤੀ ਅਜਿਹਾ ਵਿਹਾਰ ਤਾਂ ਉਸ ਦਾ ਹੱਕ ਹੁੰਦਾ ਹੈ। ਔਰਤ ਮਰਦ ਲਈ ਇੱਕ ਨੌਕਰਾਣੀ ਹੁੰਦੀ ਹੈ ਤੇ ਪਤੀ ਪਾਣੀ ਦਾ ਗਿਲਾਸ ਖ਼ੁਦ ਪੀਣ ਲਈ ਤਿਆਰ ਨਹੀਂ ਹੁੰਦਾ। ਇਸੇ ਮਾਨਸਿਕਤਾ ਦਾ ਹਿੱਸਾ ਹੈ ਔਰਤ ਦਾ ਸਰੀਰ।
ਅੰਤਰ-ਰਾਸ਼ਟਰੀ ਪੱਧਰ ’ਤੇ ਬਲਾਤਕਾਰ ਦੀ ਹਾਲਤ ਨੂੰ ਬਿਆਨਦੀ ਇਹ ਮੱਦ ਵੀ ਜੋੜੀ ਗਈ ਕਿ ਪਤੀ ਜੇਕਰ ਪਤਨੀ ਨਾਲ ਉਸ ਦੀ ਰਜ਼ਾਮੰਦੀ ਤੋਂ ਬਿਨਾਂ ਸਰੀਰਕ ਜ਼ਬਰਦਸਤੀ ਕਰਦਾ ਹੈ ਤਾਂ ਬਲਾਤਕਾਰ ਮੰਨਿਆ ਜਾਵੇਗਾ। ਇਸ ਮੱਦ ਨੂੰ ਲੈ ਕੇ ਪੁਰਸ਼ਾਂ ਨੇ ਕੋਰਟ ਵਿੱਚ ਕੇਸ ਦਰਜ ਕੀਤਾ ਕਿ ਫੇਰਿਆਂ ਦੇ ਸਮੇਂ ਜੋ ਵਾਅਦੇ ਕੀਤੇ ਜਾਂਦੇ ਹਨ, ਉਨ੍ਹਾਂ ਵਿੱਚ ਸਰੀਰ ਦਾ ਸਮਰਪਣ ਵੀ ਸ਼ਾਮਲ ਹੈ। ਇਸਦੇ ਲਈ ਰੋਜ਼-ਰੋਜ਼ ਸਹਿਮਤੀ ਲੈਣ ਦਾ ਕੋਈ ਮਤਲਬ ਨਹੀਂ ਹੈ। ਇਹ ਭਾਵਨਾ ਕੀ ਦਰਸਾਉਂਦੀ ਹੈ ਕਿ ਔਰਤ ਭੋਗ ਦੀ ਵਸਤੂ ਹੈ, ਉਸ ਵਿੱਚ ਔਰਤ ਦੀ ਮਰਜ਼ੀ ਕੋਈ ਅਹਿਮੀਅਤ ਨਹੀਂ ਰੱਖਦੀ?
ਅਜਿਹੇ ਮਾਹੌਲ ਵਿੱਚ ਇੱਕ ਫੁਸਫੁਸਾਹਟ ਵੀ ਧਮਾਕਾ ਲੱਗਦੀ ਹੈ, ਜਿਸ ਨੇ ਕੁਝ ਔਰਤਾਂ ਨੂੰ ਇੱਕਜੁੱਟ ਕੀਤਾ ਤੇ ਮਰਦਾਂ ਨੂੰ ਵੀ ਆਪਣੀ ਇਸ ਮਾਨਸਿਕਤਾ ’ਤੇ ਸੱਟ ਵੱਜਦੀ ਲੱਗੀ ਤਾਂ ਉਹ ਵੀ ਇਕੱਠੇ ਹੀ ਨਜ਼ਰ ਆਏ। ਅਖ਼ਬਾਰਾਂ ਅਤੇ ਟੀ ਵੀ ਦੀਆਂ ਬਹਿਸਾਂ ਤੋਂ ਗਾਇਬ ਹੋਣ ਦਾ ਇਹ ਮਤਲਬ ਨਹੀਂ ਹੈ ਕਿ ਮੁੱਦਾ ਨਹੀਂ ਰਿਹਾ, ਪਰ ਇੱਕ ਸੁਨੇਹਾ ਜ਼ਰੂਰ ਗਿਆ ਹੈ ਕਿ ਔਰਤਾਂ ਹੁਣ ਆਪਣੇ ਸਵੈਮਾਣ ਲਈ ਅਜਿਹੇ ਕਦਮ ਵੀ ਚੁੱਕ ਸਕਦੀਆਂ ਹਨ।
*****
(1380)
(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)