ShyamSDeepti7ਘਰ ਬਾਰੇ ਇਹ ਵੀ ਇੱਕ ਵਿਦਵਾਨ ਦੇ ਵਿਚਾਰ ਹਨ ਕਿ ਘਰ ਕੋਈ ਥਾਂ ਜਾਂ ਇਮਾਰਤ ਨਹੀਂ ਹੁੰਦੀਉਹ ਇੱਕ ਐਸਾ ਅਹਿਸਾਸ ...
(19 ਮਾਰਚ 2024)
ਇਸ ਸਮੇਂ ਪਾਠਕ: 215.


ਘਰ ਬਾਰੇ ਧਾਰਨਾ ਬਣੀ ਪੰਜਾਬੀ ਦੇ ਇਸ ਅਖਾਣ ਤੋਂ
, ‘ਜੋ ਸੁਖ ਛੱਜੂ ਦੇ ਚੁਬਾਰੇ, ਉਹ ਨਾ ਬਲਖ ਨਾ ਬੁਖਾਰੇ’। ਇਸੇ ਤਰ੍ਹਾਂ ਅੰਗਰੇਜ਼ੀ ਵਿੱਚ ਸੁਣਿਆ ਹੈ, ਈਸਟ ਔਰ ਵੈੱਸਟ ਹੋਮ ਇਜ਼ ਦਾ ਬੈੱਸਟਘਰ ਬਾਰੇ ਕਿੰਨੀਆਂ ਹੀ ਧਾਰਨਾਵਾਂ ਹਨ, ਵਿਚਾਰ ਹਨ. ਜਿਵੇਂ ਔਰਤਾਂ ਦੇ ਬਾਰੇ ਇੱਕ ਸਮਝ ਹੈ ਕਿ ਉਨ੍ਹਾਂ ਦਾ ਕੋਈ ਘਰ ਨਹੀਂ ਹੁੰਦਾ ਇਸਦਾ ਸਮਾਜਿਕ ਪਰਿਪੇਖ ਸਮਝਣ ਦੀ ਲੋੜ ਹੈਘਰ ਨੂੰ ਲੈ ਕੇ ਇੱਕ ਧਾਰਨਾ ਕਿਸਾਨੀ ਅੰਦੋਲਨ ਤੋਂ ਉੱਭਰੀ ਸੜਕਾਂ ਤੇ ਘਰ, ਡਿਵਾਈਡਰ ਤੇ ਘਰ! ਮੈਂ ਉੱਥੇ ਗਿਆ ਤੇ ਵਿਚਰਿਆ ਤੇ ਪ੍ਰੇਰਿਤ ਹੋ ਕੇ ‘ਸੜਕਾਂ ਤੇ ਘਰ’ ਇੱਕ ਲੰਮੀ ਕਵਿਤਾ ਦੀ ਵਿਉਂਤ ਬਣਾਈਕਈ ਕਵਿਤਾਵਾਂ ਲਿਖੀਆਂ ਪਈਆਂ ਹਨਕਵਿਤਾ ਨੂੰ ਲੈ ਕੇ ਲਿਖੀਆਂ ਕਵਿਤਾਵਾਂ ਵਿੱਚ ਇਹ ਖਿਆਲ ਹੈ ਕਿ ਅਸਮਾਨ ਹੈ, ਧਰਤੀ ਹੈ, ਛੱਤਾਂ ਤੇ ਦੀਵਾਰਾਂ ਤੋਂ ਬਿਨਾਂ ਇੱਕ ਘਰ ਹੋਵੇਘਰ ਦਾ ਅਧਾਰ ਹੋਵੇ, ਪਿਆਰ ਹੋਵੇ, ਨਾ ਕੋਈ ਭੈਅ, ਨਾ ਕੋਈ ਡਰ ਹੋਵੇ

ਔਰਤਾਂ ਦੀ ਗੱਲ ਕੀਤੀ ਸੀਸਾਡੀ ਇੱਕ ਨਾਰੀ ਕਵਿੱਤਰੀ ਹੈ ਅਰਤਿੰਦਰ ਸੰਧੂ, ਨਿਸ਼ਚਿਤ ਹੀ ਸੰਵੇਦਨਸ਼ੀਲਤਾ, ਉਸ ਦੀ ਕਿਤਾਬ ਹੈ, “ਘਰ ਘਰ ਅਤੇ ਘਰ”। ਕਿਤਾਬ ਦੇ ਕੇ ਕਿਹਾ ਕਿ ਇਸ ਬਾਰੇ ਕੁਝ ਸ਼ਬਦ ਲਿਖਾਂ ਉਸ ਕਿਤਾਬ ਉੱਪਰ। ਖਾਲਜ ਕਾਲਜ ਦੀ ਪ੍ਰਿੰਸੀਪਲ ਸੁਖਬੀਰ ਕੌਰ ਮਾਹਿਲ ਇੱਕ ਲੇਖਾਂ ਦੀ ਕਿਤਾਬ ਤਿਆਰ ਕਰ ਰਹੀ ਸੀਮੈਂ ਆਲੋਚਕ ਤਾਂ ਨਹੀਂ ਹਾਂ, ਪਰ ਉਸ ਕਿਤਾਬ ਬਾਰੇ ਲੇਖ ਲਿਖਣ ਦੀ ਮੈਂ ਹਾਮੀ ਭਰ ਦਿੱਤੀ ਤੇ ਨਿਸ਼ਚਿਤ ਸਮੇਂ ਵਿੱਚ ਲੇਖ ਲਿਖ ਕੇ ਮੁਹਈਆ ਕਰਵਾ ਦਿੱਤਾਉਸ ਕਿਤਾਬ ਤੋਂ ਕਈ ਨਵੇਂ ਨਜ਼ਰੀਏ, ਪਹਿਲੂ ਜਾਣਨ ਨੂੰ ਮਿਲੇਘਰ ਨੂੰ ਬ੍ਰਹਿਮੰਡ ਤੇ ਤੁਲ ਰੱਖ ਕੇ ਪੇਸ਼ ਕੀਤਾ ਗਿਆ ਹੈਬ੍ਰਹਿਮੰਡ ਦੇ ਸਾਰੇ ਗ੍ਰਹਿ ਇੱਕ ਪਰਿਵਾਰ ਹਨਘਰ ਵਾਂਗ ਸਭ ਦਾ ਇੱਕ ਰਿਸ਼ਤਾ ਹੈ। ਸਾਰੇ ਆਪਣੇ ਆਪਣੇ ਘੇਰੇ ਵਿੱਚ ਘੰਮ ਰਹੇ ਹਨਉਹ ਨਵੀਂ ਗੱਲ ਸੀ

ਚੜ੍ਹਦੀ ਜਵਾਨੀ ਦੇ ਸਾਲਾਂ ਵਿੱਚ ਇੱਕ ਫਿਲਮ ਆਈ ‘ਸਾਥ-ਸਾਥ’। ਫਾਰੂਕ ਸ਼ੇਖ ਅਤੇ ਦੀਪਤੀ ਨਵਲ ਵੱਲੋਂ ਉਸ ਵਿੱਚ ਕਿਰਦਾਰ ਨਿਭਾਏ ਗਏਉਹਦਾ ਇੱਕ ਗਾਣਾ ਸੀ- ‘ਯੇ ਤੇਰਾ ਘਰ ਯੇ ਮੇਰਾ ਘਰ, ਕਿਸੀ ਕੋ ਦੇਖਨਾ ਹੈ ਗਰ ਤੋਂ ਪਹਿਲੇ ਆ ਕੇ ਮਿਲਾ ਲੇ, ਤੇਰੀ ਨਜ਼ਰ ਮੇਰੀ ਨਜ਼ਰ’ ਘਰ ਇੱਕ ਅਜਿਹੀ ਅਹਿਸਾਸੀ ਥਾਂ ਹੈ ਜਿਸ ਨੂੰ ਦੇਖਣ ਤੇ ਸਮਝਣ ਦਾ ਹਰ ਸ਼ਖਸ ਕੋਲ ਆਪਣਾ ਆਪਣਾ ਨਜ਼ਰੀਆ ਹੈ

ਇਸ ਗੀਤ ਦੀਆਂ ਇਹ ਲਾਈਨਾਂ ਮੇਰੇ ਦਿਲ ਅੰਦਰ ਬੈਠ ਗਈਆਂ ਤੇ ਇੱਕੀ ਅਕਤੂਬਰ, ਅੱਜ ਤੋਂ ਕੋਈ ਚਾਰ ਦਹਾਕੇ ਪਹਿਲਾਂ ਇਨ੍ਹਾਂ ਲਾਈਨਾਂ ਨਾਲ ਮੈਂ ਆਪਣੀ ਸਾਥਣ ਊਸ਼ਾ ਦੀਪਤੀ ਦਾ ਆਪਣੇ ਘਰ ਵਿੱਚ ਸਵਾਗਤ ਕੀਤਾ, ਅਬੋਹਰ ਦੇ ਲਾਜਪਤ ਨਗਰ ਵਿੱਚ, ਆਪਣੇ ਜੱਦੀ ਘਰ ਰਹਿੰਦੇ ਹੋਏ

ਭਾਵੇਂ ਮੈਂ ਇਹ ਘਰ 1974 ਵਿੱਚ ਛੱਡ ਦਿੱਤਾ ਸੀ ਤੇ ਆਪਣੀ ਐੱਮ.ਬੀ.ਬੀ.ਐੱਸ. ਦੀ ਪੜ੍ਹਾਈ ਲਈ ਪਟਿਆਲੇ ਰਵਾਨਾ ਹੋ ਗਿਆ ਸੀ ਸਬੱਬ ਨਾਲ ਪਟਿਆਲੇ ਮੇਰੇ ਮਾਮਾ ਜੀ ਰਹਿੰਦੇ ਸੀਇਸ ਤਰ੍ਹਾਂ ਇੱਕ ਘਰ ਸੀ ਤੇ ਅਬੋਹਰ ਦਾ ਘਰ ਛੱਡਣ ਦਾ ਅਹਿਸਾਸ ਨਾ ਦੇ ਬਰਾਬਰ ਸੀਹੋਸਟਲ ਵਿੱਚ ਰਹਿੰਦਿਆਂ ਵੀ ਮੈਂ ਜਦੋਂ ਦਿਲ ਕਰਦਾ ਮਾਮਾ ਜੀ ਕੋਲ ਚਲਾ ਜਾਂਦਾਆਪਣੀ ਪੂਰੀ ਛੁੱਟੀ ਤੋਂ ਬਾਅਦ ਸ਼ਾਮੀ ਹੀ ਉਨ੍ਹਾਂ ਨੂੰ ਮਿਲਣ ਦਾ ਵਕਤ ਮਿਲਦਾ ਤੇ ਸ਼ਾਮੀ ਉਨ੍ਹਾਂ ਨੇ ਕਦੇ ਵੀ ਰੋਟੀ ਖਾਧੇ ਬਗੈਰ ਘਰ ਤੋਂ ਨਹੀਂ ਜਾਣ ਦਿੱਤਾਅਬੋਹਰ ਤੋਂ ਮੇਰਾ ਇੱਕ ਜਮਾਤੀ ਸੀ, ਜੋ ਥਾਪਰ ਇੰਜਨੀਅਰਿੰਗ ਕਾਲਜ ਵਿੱਚ ਪੜ੍ਹਦਾ ਸੀਉਸ ਨਾਲ ਵੀ ਇਸੇ ਤਰ੍ਹਾਂ ਦੀ ਰੋਟੀ ਦੀ ਸਾਂਝ ਸੀ

ਆਪਣੇ ਕੋਰਸ ਦੀ ਟ੍ਰੇਨਿੰਗ ਦੌਰਾਨ ਮੈਂ ਬਠਿੰਡੇ ਇਹ ਕੰਮ ਸਿੱਖਿਆ ਉੱਥੇ ਮੇਰਾ ਦੋਸਤ ਪ੍ਰਦੀਪ ਚਾਵਲਾ ਆਪਣੇ ਮਾਪਿਆਂ ਨਾਲ ਰਹਿ ਰਿਹਾ ਸੀ, ਪਰ ਸਾਹਿਤ ਸੰਗਮ ਬਠਿੰਡਾ ਨਾਲ ਜੁੜ ਕੇ ਮੈਂ ਅਕਸਰ ਸ਼ਾਮ ਨੂੰ ਸੰਸਥਾ ਦੇ ਪ੍ਰਧਾਨ ਫੂਲਚੰਦ ਮਾਨਵ ਅਤੇ ਜਨਰਲ ਸਕੱਤਰ ਹਰਭਜਨ ਖੇਮਕਰਨੀ ਕੋਲ ਹੁੰਦਾ ਤੇ ਉੱਥੋਂ ਵੀ ਉਨ੍ਹਾਂ ਦੇ ਘਰ ਤੋਂ ਰੋਟੀ ਖਾਧੇ ਬਗੈਰ ਨਾ ਆਉਂਦਾਇਸ ਤਰ੍ਹਾਂ ਆਪਣਾ ਘਰ ਛੱਡਿਆਂ ਭਾਵੇਂ ਛੇ ਸਾਲ ਹੋ ਚੱਲੇ ਸੀ, ਪਰ ਕਿਤੇ ਵੀ ਗ਼ੈਰਪੁਣੇ ਦਾ ਅਹਿਸਾਸ ਨਹੀਂ ਹੋਇਆਪਟਿਆਲੇ ਤਾਂ ਭਾਵੇਂ ਮੇਰੇ ਮਾਮਾ ਜੀ ਸੀ, ਪਰ ਬਠਿੰਡੇ ਉਨ੍ਹਾਂ ਤੋਂ ਵੀ ਵੱਧ ਨੇੜਤਾ ਵਾਲਾ ਸੰਬੰਧ ਸਾਹਿਤ ਸੰਗਮ ਦੇ ਕਾਰਕੁਨਾਂ ਨਾਲ ਸੀਅੱਜ ਪੰਜਾਹ ਸਾਲ ਬਾਅਦ ਵੀ ਉਹ ਸੰਬੰਧ ਉਸੇ ਤਰ੍ਹਾਂ ਕਾਇਮ ਹਨਘਰ ਵਰਗਾ ਅਹਿਸਾਸ

ਜਿਸ ਤਰ੍ਹਾਂ ਮੈਂ ਸ਼ੁਰੂ ਵਿੱਚ ਕਿਹਾ ਘਰ ਨੂੰ ਦੇਖਣ ਦਾ ਆਪਣਾ ਆਪਣਾ ਨਜ਼ਰੀਆ ਹੈਉਹ ਆਪਣਾ ਘਰ ਜਿਸ ਨੂੰ ਲੋਕ ਚਾਰ ਦੀਵਾਰੀ ਵਿੱਚ ਬੰਨ੍ਹਿਆ ਸਮਝਦੇ ਹਨ, ਜਿਸਦੇ ਬਾਹਰ ਇੱਕ ਨੇਮ ਪਲੇਟ ਲੱਗੀ ਹੁੰਦੀ ਹੈ, ਜ਼ਰੂਰ ਇੱਕ ਪਛਾਣ ਹੁੰਦੀ ਹੈ ਤੇ ਉਹ ਇੱਕ ਇਮਾਰਤੀ ਰੂਪ ਹੁੰਦਾ ਹੈ ਇੱਕ ਗੱਲ ਹੋਰ ਹੈ ਕਿ ਉਸ ਦੇ ਅੰਦਰ ਰਹਿਣ ਵਾਲੇ ਲੋਕਾਂ ਦੇ ਵਿਚਕਾਰ ਘਰ ਦਾ ਮੂਲਭਾਵ ਪਿਆਰ ਹੈ ਜਾਂ ਨਹੀਂ

1981 ਵਿੱਚ ਮੈਨੂੰ ਪੰਜਾਬ ਸਰਕਾਰ ਦੀ ਨੌਕਰੀ ਮਿਲ ਗਈ ਤੇ ਮੈਂ ਕੁਝ ਸਮਾਂ ਆਪਣੇ ਹੈੱਡ ਕੁਆਟਰ ਬੁਢਲਾਡਾ ਵਿਖੇ ਰਹਿ ਕੇ ਨੌਕਰੀ ਵਾਲੀ ਥਾਂ ਪਿੰਡ ਬੀਰੋ ਕੇ ਕਲਾਂ ਆਪਣਾ ਬੋਰੀ ਬਿਸਤਰ ਚੁੱਕ ਲਿਆਇਆ ਤੇ ਤਕਰੀਬਨ ਦੋ ਸਾਲ ਉੱਥੇ ਟਿਕਿਆ ਰਿਹਾ ਜਿੱਥੇ ਰਹਿਣ ਨੂੰ ਥਾਂ ਹੋਵੇ ਤੇ ਖਾਣ ਨੂੰ ਰੋਟੀ ਦਾ ਜੁਗਾੜ ਹੋ ਜਾਵੇ, ਫਿਰ ਬੰਦੇ ਦੀ ਭਟਕਣ ਮੁੱਕ ਜਾਂਦੀ ਹੈ

ਜਦੋਂ ਮੇਰੇ ਹੱਥ ਜ਼ਿਲ੍ਹਾ ਬਠਿੰਡੇ ਦੇ ਪਿੰਡ ਬੀਰੋ ਕੇ ਕਲਾਂ ਦੀ ਮੈਡੀਕਲ ਅਫਸਰੀ ਦੇ ਹੁਕਮ ਫੜਾਏ ਗਏ ਤਾਂ ਉਦੋਂ ਹੀ ਮੈਨੂੰ ਕਈਆਂ ਲੋਕਾਂ ਵੱਲੋਂ ਡਰਾਇਆ ਗਿਆ ਕਿ ਬੀਰੋ ਕੇ ਕਲਾਂ ਵੈਲੀਆਂ, ਨਸ਼ੇੜੀਆਂ ਦਾ ਅਤੇ ਲੜਾਈ ਝਗੜਾ ਕਰਨ ਵਾਲੇ ਲੋਕਾਂ ਦਾ ਪਿੰਡ ਹੈ ਤੇ ਮੈਂ ਕਿਸੇ ਤਰ੍ਹਾਂ ਜੁਗਾੜ ਕਰਕੇ ਆਪਣੇ ਵਿਭਾਗ ਵੱਲੋਂ ਮਿਲੇ ਆਰਡਰਾਂ ਨੂੰ ਕੈਂਸਲ ਕਰਵਾ ਲਵਾਂ ਤੇ ਕੋਈ ਨਵਾਂ ਥਾਂ ਲੈਣ ਦੀ ਕੋਸ਼ਿਸ਼ ਕਰਾਂਇਸ ਪੱਖੋਂ ਮੈਂ ਹਰ ਪਾਸਿਓਂ ਕੋਰਾ ਸੀ ਤੇ ਸਰਕਾਰ ਨਾਲ ਇਹ ਪਹਿਲਾ ਵਾਹ-ਵਾਸਤਾ ਸੀਸਬੱਬੀਂ ਮਿਲੀ ਨੌਕਰੀ ਨੂੰ ਛੱਡਣ ਦਾ ਸੋਚਿਆ ਵੀ ਨਹੀਂ ਸੀ ਜਾ ਸਕਦਾ ਤੇ ਮੈਂ ਹਿੰਮਤ ਕਰਕੇ ਪਿੰਡ ਹਾਜ਼ਰ ਹੋ ਗਿਆ ਉੱਥੇ ਨੌਕਰੀ ਕਰਨ ਦਾ ਸਬੱਬ ਇਹ ਬਣਿਆ ਕਿ ਮੈਂ ਦੋ ਸਾਲ ਉੱਥੇ ਰਹਿ ਕੇ ਇੱਕ ਦਿਨ ਵੀ ਆਪਣੇ ਹੱਥ ਨਾਲ ਰੋਟੀ ਨਹੀਂ ਬਣਾਈ ਤੇ ਤੁਸੀਂ ਹੈਰਾਨ ਹੋਵੋਗੇ ਕਿ ਚਾਲੀ ਸਾਲ ਬਾਅਦ ਮੈਂ ਅੱਜ ਵੀ ਉਸ ਪਿੰਡ ਦੇ ਲੋਕਾਂ ਨੂੰ ਅਤੇ ਉਹ ਮੈਨੂੰ ਯਾਦ ਕਰਦੇ ਹਨ

ਜੇਕਰ ਨਾਲ ਜੋੜਾਂ ਤਾਂ, ਸਭ ਤੋਂ ਵੱਡੀ ਪ੍ਰਾਪਤੀ ਇਹ ਹੈ ਕਿ ਜੋ ਮੈਂ ਸ਼ੁਰੂ ਵਿੱਚ ਇੱਕ ਗੀਤ ਦੇ ਬੋਲਾਂ ਰਾਹੀਂ ਇੱਕ ਗੱਲ ਸਾਂਝੀ ਕੀਤੀ ਹੈ ਕਿ ਮੇਰੇ ਘਰ ਨੂੰ ਮੇਰੀ ਨਜ਼ਰ ਨਾਲ ਦੇਖਣ ਸਮਝਣ ਵਾਲਾ ਹੋਵੇ, ਉਹ ਸ਼ਖਸ ਵੀ ਮੈਨੂੰ ਆਪਣੀ ਨੌਕਰੀ ਦੌਰਾਨ ਪੀ.ਐੱਚ.ਸੀ. ਬੁਢਲਾਡਾ ਤੋਂ ਹੀ ਹਾਸਿਲ ਹੋਇਆ ਹੈਇਸ ਲਈ ਉਹ ਵੈਲੀ ਸਮਝਿਆ ਜਾਂਦਾ ਪਿੰਡ ਤੇ ਨਸ਼ੇੜੀ ਸਮਝੇ ਜਾਂਦੇ ਲੋਕ, ਮੇਰੇ ਲਈ ਅੱਜ ਵੀ ਖਾਸ ਮਾਇਨੇ ਰੱਖਦੇ ਹਨਸਭ ਤੋਂ ਵੱਡੀ ਗੱਲ, ਤੁਹਾਨੂੰ ਹਮ ਸਫਰ ਤਾਂ ਮਿਲ ਜਾਂਦਾ ਹੈ, ਪਰ ਹਮ ਨਜ਼ਰ ਮਿਲਣਾ ਸਹੀ ਮਾਇਨੇ ਵਿੱਚ ਇੱਕ ਨਿਆਮਤ ਹੁੰਦਾ ਹੈ

ਗੱਲ ਚਲੀ ਸੀ ਘਰ ਦੀ, ਤੁਹਾਨੂੰ ਕਿਹਾ ਨਾ ਘਰ ਦੇ ਕਿੰਨੇ ਹੀ ਰੂਪ ਹਨ, ਕਿੰਨੀਆਂ ਹੀ ਵਿਆਖਿਆਵਾਂ ਤੇ ਇੱਕ ਵਸਤੂ ਵੀ ਹੈ ਇਸਦਾ ਇੱਕ ਸਮਾਜਿਕ ਰੁਤਬਾ ਵੀ ਹੈ ਤੇ ਰਹਿਣ ਦੇ ਲਈ ਇੱਕ ਮਨੋਵਿਗਿਆਨਕ ਕੋਨਾ ਵੀ ਹੈ, ਜਿਸਦੀ ਤਲਾਸ਼ ਬਹੁਤੇ ਬੰਦਿਆਂ ਨੂੰ, ਚਾਹੇ ਉਹ ਮਰਦ ਹੈ ਤੇ ਚਾਹੇ ਔਰਤ ਹਮੇਸ਼ਾ ਰਹਿੰਦੀ ਹੈਭਾਵੇਂ ਔਰਤਾਂ ਲਈ ਉਹ ਤਲਾਸ਼ ਸਾਰੀ ਉਮਰ ਰਹਿੰਦੀ ਹੈ

ਘਰ ਸੁਰੱਖਿਆ ਦਾ ਵੀ ਅਹਿਸਾਸ ਹੈਵਿਸ਼ਵ ਮਨੋਵਿਗਿਆਨੀਆਂ, ਖਾਸ ਕਰਕੇ ਮਾਸਲੋ ਨੇ ਮਨੁੱਖੀ ਜੀਵਨ ਦੀਆਂ ਪੰਜ ਪੱਧਰੀ ਜ਼ਰੂਰਤਾਂ ਦਾ ਜ਼ਿਕਰ ਕੀਤਾ ਹੈਸਭ ਤੋਂ ਮੁਢਲੀ ਹੈ ਭੁੱਖ ਲਈ ਰੋਟੀ, ਦੂਸਰੀ ਹੈ ਸਮਾਜਿਕ ਸੁਰੱਖਿਆ ਰਾਹੀਂ ਖੁਦ ਨੂੰ ਕੁਦਰਤੀ ਆਫ਼ਤਾਂ ਤੋਂ ਬਚਾ ਕੇ ਰੱਖਣਾ, ਜੋ ਕਿ ਮੁੱਖ ਤੌਰ ’ਤੇ ਜਾਨਵਰਾਂ ਵਿੱਚ ਗੁਫਾਫਾਂ ਹੁੰਦੀਆਂ ਸੀ ਤੇ ਇਸ ਆਧੁਨਿਕ ਮਨੁੱਖ ਵਿੱਚ ਘਰ ਦੀ ਜ਼ਰੂਰਤਇਸ ਤੋਂ ਬਾਅਦ ਹੀ ਮਨੁੱਖ ਆਪਸ ਵਿੱਚ ਮਿਲ ਕੇ ਰਹਿਣ ਬਾਰੇ ਸੋਚ ਸਕਦਾ ਹੈਫਿਰ ਹੀ ਮਨੁੱਖ ਦੀ ਪਛਾਣ ਦੀ ਗੱਲ ਆਉਂਦੀ ਹੈ ਤੇ ਫਿਰ ਮਾਸਲੋ ਮੁਤਾਬਿਕ ਆਖਰੀ ਜ਼ਰੂਰਤ ਹੈ ਆਤਮ ਚਿੰਤਨ ਦੀਉਹ ਵੀ ਤਾਂ ਹੀ ਸਿਰੇ ਚੜ੍ਹਦੀ ਹੈ ਜੇ ਕਿਸੇ ਕੋਲ ਆਪਣੇ ਹੀ ਘਰ ਦੇ ਵਿੱਚ, ਆਪਣਾ ਇੱਕ ਬੇਫਿਕਰੀ ਵਾਲਾ ਕੋਨਾ ਹੋਵੇਉਹਦੀ ਆਪਣੀ ਥਾਂ, ਸਿਰਫ ਉਸ ਦੀ ਆਪਣੀ ਹੋਵੇ

ਜਦੋਂ ਮੈਂ ਆਪਣੇ ਆਪ ਨੂੰ ਲੈ ਕੇ ਘਰ ਦੀ ਗੱਲ ਕਰਦਾ ਹਾਂ ਤਾਂ ਮੇਰੇ ਕੋਲ ਆਪਣੇ ਘਰ ਦਾ ਅਜੀਬ ਜਿਹਾ ਅਹਿਸਾਸ ਹੈ ਉੱਥੇ ਹੋਸਟਲ ਦਾ ਅਹਿਸਾਸ ਵੱਖਰਾ ਹੈਆਪਣਾ ਘਰ ਵਸਾ ਕੇ ਕਿਰਾਏ ਦੇ ਮਕਾਨਾਂ ਵਿੱਚ ਰਹਿਣ ਵੇਲੇ ਉਸ ਨੂੰ ਆਪਣਾ ਸਮਝ ਕੇ ਜਿਊਣ ਦਾ ਵੱਖਰਾ ਹੀ ਅਹਿਸਾਸ ਹੈਇਸੇ ਲਈ ਮੈਂ ਇਸ ਕਸ਼ਮਕਸ਼ ਵਿੱਚ ਰਿਹਾ ਕਿ ਜਦੋਂ ਮੈਂ ਆਪਣਾ ਘਰ ਉਸਾਰਿਆ ਤਾਂ ਉਸ ਵਿੱਚ ਕਿਸੇ ਨੂੰ ਕਿਰਾਏ ’ਤੇ ਨਹੀਂ ਰੱਖਣਾਫਿਰ ਇਹ ਵੀ ਸੋਚਿਆ ਕਈ ਵਾਰ ਕਿ ਆਪਣੇ ਘਰ ਦੇ ਵਿੱਚ ਕਿਰਾਏਦਾਰ ਰੱਖਕੇ, ਉਸ ਨੂੰ ਆਪਣੇ ਘਰ ਵਰਗਾ ਅਹਿਸਾਸ, ਆਪਣੇ ਭੈਣ-ਭਰਾਵਾਂ ਵਰਗਾ ਨਿੱਘ ਦੇਣਾ, ਇੱਕ ਵੱਖਰੇ ਅਹਿਸਾਸ ਨੂੰ ਮਹਿਸੂਸ ਕਰਨਾ ਸੀ ਤੇ ਆਪਣੀ ਬੀਤੀ ਦੇ ਸਬਕ ਤੋਂ ਲੋਕਾਂ ਵਿੱਚ ਇਸ ਨਵੇਂ ਅਹਿਸਾਸ ਨੂੰ ਥਾਂ ਦੇਣਾ ਸੀ, ਜੋ ਕਿ ਸਮਾਂ ਹੁਣ ਨਿਕਲ ਚੁੱਕਾ ਹੈ

ਸਾਡੇ ਭਾਰਤੀ ਖਿੱਤੇ ਵਿੱਚ ਔਰਤਾਂ ਨੂੰ ਘਰਵਾਲੀ ਕਿਹਾ ਜਾਂਦਾ ਹੈਪਰ ਹਕੀਕਤ ਵਿੱਚ ਇਹ ਹੈ ਕਿ ਘਰਾਂ ਦੀ ਪਛਾਣ ਮਰਦ ਨਾਲ ਹੁੰਦੀ ਹੈਮੈਂ ਆਪਣੇ ‘ਗੁਰੂ ਨਾਨਕ ਐਵੇਨਿਉ’ ਵਿੱਚ, ਇਹ ਪਹਿਲਾਂ ਘਰ ਹੋਵੇਗਾ ਜਿਸਦੇ ਬਾਹਰ ਨੇਮ ਪਲੇਟ ਤੇ ਮੇਰੀ ਪਤਨੀ ਦਾ ਨਾਂ ਪਹਿਲਾਂ ਹੈ ਤੇ ਮੇਰਾ ਬਾਅਦ ਵਿੱਚ, ਭਾਵੇਂ ਦੋਹੇ ਹੀ ਇੱਕੋ ਪਲੇਟ ’ਤੇ ਹਨਮੇਰੇ ਘਰ ਦੇ ਸਾਹਮਣੇ ਅਤੇ ਮੇਰੇ ਕਈ ਹੋਰ ਦੋਸਤਾਂ ਵਿੱਚ ਵੀ ਘਰ ਦੇ ਸਾਰੇ ਮਰਦਾਂ ਦੀਆਂ, ਪਿਉ-ਪੁੱਤ ਨਾਮ ਹਨ, ਪਰ ਕਿਸੇ ਘਰ ਦੀ ਕਿਸੇ ਸੁਆਣੀ ਦਾ ਨਾਂ ਨਹੀਂ ਹੈਇਹ ਵੀ ਦੇਖਿਆ ਹੈ ਕਿ ਜੇਕਰ ਘਰ ਦੀ ਸੁਆਣੀ ਕਿਸੇ ਡਾਕਟਰ ਵਰਗੇ ਉੱਚੇ ਥਾਂ ਜਾਂ ਕਿੱਤੇ ਵਿੱਚ ਹੈ ਤਾਂ ਉਸ ਦਾ ਨਾਂ ਜ਼ਰੂਰ ਲਿਖਵਾ ਦਿੱਤਾ ਜਾਂਦਾ ਹੈ, ਜਿਵੇਂ ਉਸ ਔਰਤ ਦੀ ਘਰ ਦੀ ਆਰਥਿਕਤਾ ਨਾਲ ਜੁੜੀ ਭੂਮਿਕਾ ਹੋਵੇਉਸ ਦੀ ਉਹ ਵੱਖਰੀ ਪਛਾਣ ਹੈ, ਘਰ ਦੀ ਸੁਆਣੀ ਜਾਂ ਘਰ ਦੀ ਮਾਲਕਣ ਜਾਂ ਉਸ ਦੀ ਦਾਅਵੇਦਾਰੀ ਨਾਲ ਨਹੀਂ

ਮੇਰੇ ਇੱਕ ਦੋਸਤ ਨੂੰ ਉਸ ਦੀ ਪਤਨੀ ਦੇ ਨਾਂ ਤੋਂ ਸਰਕਾਰੀ ਮਕਾਨ ਅਲਾਟ ਹੋਇਆਇਸ ਮੁਤਾਬਿਕ ਉਹ ਵੱਡਾ ਵੀ ਸੀ ਤੇ ਵੱਧ ਸਹੂਲਤਾਂ ਵਾਲਾ ਵੀਦੋਸਤ ਉਸ ਘਰ ਵਿੱਚ ਜਾਣ ਨੂੰ ਤਿਆਰ ਨਹੀਂ ਸੀ, ਕਿਉਂ ਜੋ ਬਾਹਰ ਉਸ ਦੀ ਪਤਨੀ ਦੀ ਨੇਮ ਪਲੇਟ ਲਗਾਈ ਸੀਉਸ ਦੀ ਪਛਾਣ ਨਾਲ ਉਹ ਜਾਣਿਆ ਜਾਣਾ ਸੀਇਹ ਘਰ ਪ੍ਰਤੀ ਨਹੀਂ, ਪਤਨੀ ਪ੍ਰਤੀ, ਇੱਕ ਔਰਤ ਪ੍ਰਤੀ, ਅੱਜ ਦੀ ਸਾਡੀ ਮਾਨਸਿਕਤਾ ਹੈ

ਇਹ ਕਹਾਂ ਕਿ ਮੇਰੇ ਕਿਰਾਏ ਦੇ ਘਰ ਵਿੱਚ ਰਹਿਣ ਦੇ ਅਹਿਸਾਸ ਵਾਲੇ ਤਜਰਬੇ, ਸਾਰੇ ਹੀ ਮਾੜੇ ਰਹੇ ਹਨ, ਮੈਨੂੰ ਯਾਦ ਹੈ ਵਿਆਹ ਤੋਂ ਬਾਅਦ ਬੈਂਕ ਕਾਲੋਨੀ ਪਟਿਆਲਾ ਅਤੇ ਫਿਰ ਮੈਡੀਕਲ ਇਨਕਲੇਵ ਅੰਮ੍ਰਿਤਸਰ ਰਹਿਣ ਦਾ ਤਜਰਬਾ ਅਜੇ ਤਕ ਯਾਦਾਂ ਦਾ ਹਿੱਸਾ ਬਣਿਆ ਹੋਇਆ ਹੈ ਭਾਵੇਂ ਕਿ ਇੱਕ ਵੀ ਤਲ਼ਖ ਤਜਰਬਾ ਤੁਹਾਡੇ ਚੰਗੇ ਅਹਿਸਾਸਾਂ ਨੂੰ ਮੁਕਾਉਣ ਮਿਟਾਉਣ ਲਈ ਕਾਫ਼ੀ ਹੁੰਦਾ ਹੈ

ਘਰ ਬਾਰੇ ਇਹ ਵੀ ਇੱਕ ਵਿਦਵਾਨ ਦੇ ਵਿਚਾਰ ਹਨ ਕਿ ਘਰ ਕੋਈ ਥਾਂ ਜਾਂ ਇਮਾਰਤ ਨਹੀਂ ਹੁੰਦੀ, ਉਹ ਇੱਕ ਐਸਾ ਅਹਿਸਾਸ ਹੁੰਦਾ ਹੈ ਜਿੱਥੇ ਤੁਹਾਡਾ ਦਿਲ ਲਗਦਾ ਹੋਵੇ, ਜਿੱਥੇ ਜ਼ਿੰਦਗੀ ਧੜਕਦੀ ਹੋਵੇਇਹ ਵੱਡੀ ਥਾਂ ਨਾਲ ਵੀ ਕੋਈ ਲੈਣਾ-ਦੇਣਾ ਨਹੀਂ ਰੱਖਦੀ ਇੱਥੇ ਨਾ ਹੀ ਉਸ ਘਰ ਦੀ ਸਜਾਵਟ ਜਾਂ ਨੁਮਾਇਸ਼ ਦਾ ਜਾਂ ਘਰ ਦੀਆਂ ਸਹੂਲਤਾਂ ਦਾ ਵੀ ਉਸ ਨਾਲ ਕੋਈ ਬਹੁਤਾ ਸੰਬੰਧ ਨਹੀਂ ਹੁੰਦਾਜਿਸ ਤਰ੍ਹਾਂ ਕਿਹਾ ਜਾਂਦਾ ਹੈ, ਉਹ ਬਹੁਤ ਖੁਸ਼ਹਾਲ ਹੈ ਤੇ ਦੂਸਰਾ ਉਹ ਬੜਾ ਖੁਸ਼ਕਿਸਮਤ ਹੈਜ਼ਿੰਦਗੀ ਦਾ ਅਹਿਸਾਸ ਪੈਸਿਆਂ, ਸਹੂਲਤਾਂ, ਸਜਾਵਟ ਤੋਂ ਵੱਧ ਉਸ ਮਾਹੌਲ ਨਾਲ ਹੈ, ਜਿਸ ਵਿੱਚ ਕਿਸੇ ਚੀਜ਼ ਨੂੰ ਹੱਥ ਲਾਉਣ ਨਾਲ, ਕਿਸੇ ਨੂੰ ਮਿਲਣ ਨਾਲ ਖੁਸ਼ ਵਧਦੀ ਹੈ ਤੇ ਦੁੱਗਣੀ ਹੁੰਦੀ ਹੈਗੱਲ ਨੂੰ ਉੱਥੇ ਸਮੇਟਦੇ ਹਾਂ, ਜਿੱਥੋਂ ਸ਼ੁਰੂ ਕੀਤੀ ਸੀ ਕਿ ਘਰਾਂ ਨੂੰ ਮਾਨਣ ਲਈ ਇੱਕ ਨਜ਼ਰੀਏ ਦੀ ਲੋੜ ਹੁੰਦੀ ਹੈ, ਉਹ ਨਜ਼ਰੀਆ ਕਿਸ ਕੋਲ ਕਿਹੋ ਜਿਹਾ ਹੈ, ਉਸ ’ਤੇ ਨਿਰਭਰ ਕਰਦਾ ਹੈ

ਉਸ ਗੀਤ ਦੇ ਆਖਰੀ ਬੋਲ ਹਨ, ‘ਯੇ ਘਰ ਬਹੁਤ ਹੁਸੀਨ ਹੈ’, ਇਸ ਹੁਸੀਨ ਅਹਿਸਾਸ ਦੀ ਕੀ ਪਰਿਭਾਸ਼ਾ ਹੈ, ਇਹ ਉਹੀ ਦੇ ਸਕਦਾ ਹੈ, ਜੋ ਉਸ ਅਹਿਸਾਸ ਨੂੰ ਜੀਵਿਆ ਹੋਵੇ, ਜੋ ਉਸ ਅਹਿਸਾਸ ਵਿੱਚ ਵਿਚਰਿਆ ਹੋਵੇ

*  *  *  *  *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4818)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਡਾ. ਸ਼ਿਆਮ ਸੁੰਦਰ ਦੀਪਤੀ

ਡਾ. ਸ਼ਿਆਮ ਸੁੰਦਰ ਦੀਪਤੀ

Professor, Govt. Medical College,
Amritsar, Punjab, India.
Phone: (91 - 98158 - 08506)
Email: (drdeeptiss@gmail.com)

More articles from this author