“ਜੇ ਤੁਸੀਂ ਕਹੋ ਕਿ ਗੱਲ ਮੁਕੰਮਲ ਹੋ ਗਈ ਹੈ, ਨਹੀਂ, ਗੱਲ ਸ਼ੁਰੂ ਹੋਈ ਹੈ, ਅਤੇ ਇਹ ਹੁੰਦੀ ਰਹਿਣੀ ਚਾਹੀਦੀ ਹੈ ...”
(23 ਫਰਵਰੀ 2024)
ਇਸ ਸਮੇਂ ਪਾਠਕ: 445.
ਮੇਰੇ ਵਿਸ਼ੇ ਨਾਲ ਸੰਬੰਧਤ ਨਾਰਥ ਜੋਨ ਦੀ ਸਲਾਨਾ ਕਾਨਫਰੰਸ ਇਸ ਵਾਰ ਹਿਮਾਚਲ ਪ੍ਰਦੇਸ਼ ਦੇ ਮੈਡੀਕਲ ਕਾਲਜ ਟਾਂਡਾ ਵਿਖੇ ਸੀ, ਧਰਮਸ਼ਾਲਾ ਕੋਲ। ਜਦੋਂ ਇਸ ਨਾਰਥ ਜੋਨ ਦਾ ਗਠਨ ਹੋਇਆ ਸੀ ਤਾਂ ਹਿਮਾਚਲ ਵਿੱਚ ਇੱਕ ਮੈਡੀਕਲ ਕਾਲਜ ਸ਼ਿਮਲਾ ਸੀ ਅਤੇ ਹਰਿਆਣਾ ਵਿੱਚ ਰੋਹਤਕ! 2014 ਤੋਂ ਬਾਅਦ ਤਾਂ ਦੇਸ਼ ਦੇ ਹਰ ਹਿੱਸੇ ਵਿੱਚ ਮੈਡੀਕਲ ਕਾਲਜਾਂ ਨੇ ਰਫ਼ਤਾਰ ਫੜ ਲਈ। ਵੱਡੀ ਗਿਣਤੀ ਵਿੱਚ ਪ੍ਰਾਈਵੇਟ ਕਾਲਜਾਂ ਦੇ ਬਣਾਏ ਜਾਣ ਦਾ ਰਾਹ ਖੋਲ਼੍ਹਿਆ ਗਿਆ।
ਹਿਮਾਚਲ ਵਿੱਚ ਇਸ ਵੇਲੇ ਟਾਂਡਾ ਤੋਂ ਅੱਗੇ ਮੰਡੀ, ਨਾਹਨ, ਹਮੀਰਪੁਰ, ਚੰਬਾ ਆਦਿ ਮੈਡੀਕਲ ਕਾਲਜ ਚੱਲ ਰਹੇ ਹਨ। ਸਾਡੀ ਕਾਨਫਰੰਸ ਟਾਂਡੇ ਮੈਡੀਕਲ ਕਾਲਜ ਵਿੱਚ ਸੀ। ਜਿਵੇਂ ਮੇਰੇ ਵਿਸ਼ੇ ਨੇ ਮੈਨੂੰ ਸਿਹਤ ਪ੍ਰਤੀ ਇੱਕ ਸੋਝੀ ਦਿੱਤੀ ਅਤੇ ਸਿਹਤ ਦਾ ਸਮਾਜਿਕ ਅਤੇ ਆਰਥਿਕ ਪੱਖ ਸਮਝਾਇਆ, ਉਸੇ ਤਰ੍ਹਾਂ ਇਸ ਕਾਨਫਰੰਸ ਨੇ ਸਿਹਤ ਨੂੰ ਸਮਝਣ ਦਾ ਇੱਕ ਨਵਾਂ ਨਜ਼ਰੀਆ ਦਿੱਤਾ। ਕਾਨਫਰੰਸ ਦੇ ਇੱਕ ਵਕਤਾ ਡਾ. ਤਿਆਗੀ ਨੇ ਜਦੋਂ ਇਹ ਗੱਲ ਉਭਾਰੀ ਕਿ ਅਸੀਂ ਆਪਣੀ ਜ਼ਿਆਦਾ ਤਾਕਤ ਬਿਮਾਰੀ ਨੂੰ ਸਮਝਣ ਉੱਤੇ ਲਾ ਰਹੇ ਹਾਂ, ਜਦੋਂ ਕਿ ਚਾਹੀਦਾ ਹੈ ਇਹ ਹੈ ਕਿ ਅਸੀਂ ਸਿਹਤ ਦੀ ਗੱਲ ਕਰੀਏ। ਉਨ੍ਹਾਂ ਨੇ ਉਦਾਹਰਣ ਦਿੱਤੇ ਕਿ ਇੱਕ ਸਮਾਂ ਸੀ ਜਦੋਂ ਬਿਮਾਰੀਆਂ ਨਾਲ ਪਿੰਡ ਦੇ ਪਿੰਡ ਖਤਮ ਹੋ ਜਾਂਦੇ ਸੀ ਪਰ ਫਿਰ ਵੀ ਚੰਦ ਲੋਕ ਬਚ ਹੀ ਜਾਂਦੇ ਸੀ। ਜਿਵੇਂ ਪਲੇਗ, ਹੈਜ਼ਾ ਅਤੇ ਟੀ.ਬੀ. ਵਰਗੀਆਂ ਬਿਮਾਰੀਆਂ ਆਦਿ। ਉਹ ਕਿਉਂ? ਇਸ ਸਵਾਲ ਦੇ ਜਵਾਬ ਤਲਾਸ਼ੀਏ।
ਇਸ ਵਿਚਾਰ ਨੇ ਮੈਨੂੰ ਅਜਿਹਾ ਟੁੰਬਿਆ ਕਿ ਮੈਂ ਆਪਣੇ ਅਗਲੇ ਖੋਜ ਕਾਰਜਾਂ ਵਿੱਚ ਸਿਹਤ ਨੂੰ ਹੀ ਤਰਜੀਹ ਦਿੱਤੀ, ਜਿਵੇਂ ਸ਼ੂਗਰ ਦੇ ਮਰੀਜ਼ਾਂ ਦੇ ਬਿਮਾਰ ਹੋਣ ਦੇ ਬਾਵਜੂਦ ਉਨ੍ਹਾਂ ਨੂੰ ਲੰਬੇ ਸਮੇਂ ਤਕ ਕੋਈ ਦਿੱਕਤ ਨਾ ਹੋਣੀ ਜਾਂ ਪੈਂਹਠ ਫੀਸਦੀ ਨਸ਼ਾ ਕਰਨ ਵਾਲੇ ਨੌਜਵਾਨਾਂ ਬਾਰੇ ਗੱਲ ਹੁੰਦੀ ਹੈ ਤਾਂ ਮਤਲਬ ਪੈਂਤੀ ਫੀਸਦੀ ਜੋ ਨਸ਼ਾ ਨਹੀਂ ਕਰਦੇ, ਉਹ ਕਿਉਂ ਨਹੀਂ ਕਰਦੇ? ਵਰਗੇ ਵਿਸ਼ਿਆਂ ਵਲ ਮੇਰਾ ਧਿਆਨ ਗਿਆ।
ਨਾਰਥ ਜ਼ੋਨ ਬਣਨ ਤੋਂ ਬਾਅਦ ਉਸ ਸਮੇਂ ਪੰਜਾਬ ਵਿੱਚ ਮੈਡੀਕਲ ਕਾਲਜਾਂ ਅਤੇ ਡਾਕਟਰਾਂ ਦੀ ਗਿਣਤੀ ਇਸ ਖਿੱਤੇ ਵਿੱਚ ਸਭ ਤੋਂ ਵੱਧ ਸੀ। ਮੈਡੀਕਲ ਕਾਲਜ ਦੇ ਡਾਕਟਰਾਂ ਦੀਆਂ ਅਤੇ ਸਿਹਤ ਸੇਵਾਵਾਂ ਵਿੱਚ ਕੰਮ ਕਰਦੇ ਡਾਕਟਰਾਂ ਦੀਆਂ, ਵਿਸ਼ੇਸ਼ ਕਰਕੇ ਸਾਡੇ ਵਿਸ਼ੇ ਨੂੰ ਲੈ ਕੇ ਮਾਹਿਰਾਂ ਦੀਆਂ ਕਈ ਤਰ੍ਹਾਂ ਦੀਆਂ ਵੱਖਰੀਆਂ ਦਿੱਕਤਾਂ ਸੀ ਤੇ ਅਸੀਂ ਅੰਮ੍ਰਿਤਸਰ ਵਿੱਚ ਕਾਰਜਸ਼ੀਲ ਡਾਕਟਰਾਂ ਨੇ ਪਹਿਲ ਕਰਕੇ ਇਸ ਵਿਸ਼ੇ ਨੂੰ ਲੈ ਕੇ ਪੰਜਾਬ ਦੀ ਵੱਖਰੀ ਸੰਸਥਾ ਉਸਾਰੀ। ਉਦੋਂ ਪੰਜਾਬ ਵਿੱਚ ਅੰਮ੍ਰਿਤਸਰ, ਪਟਿਆਲਾ, ਲੁਧਿਆਣਾ ਤੋਂ ਇਲਾਵਾ ਬਠਿੰਡਾ ਅਤੇ ਬਨੂੜ ਮੈਡੀਕਲ ਕਾਲਜ ਹੋਂਦ ਵਿੱਚ ਆ ਚੁੱਕੇ ਸਨ ਤੇ ਪਠਾਨਕੋਟ ਦਾ ਮੈਡੀਕਲ ਕਾਲਜ ਤਿਆਰੀ ਵਿੱਚ ਸੀ।
ਮੇਰੇ ਦਿਮਾਗ ਵਿੱਚ ਟਾਂਡਾ ਕਾਨਫਰੰਸ ਵਾਲਾ ਵਿਚਾਰ ਦਿਨ ਪ੍ਰਤੀ ਦਿਨ ਹਾਵੀ ਹੋ ਰਿਹਾ ਸੀ। ਜਦੋਂ ਅਸੀਂ ਪੰਜਾਬ ਦੀ ਸਲਾਨਾ ਕਾਨਫਰੰਸ ਕਰਵਾਉਣ ਬਾਰੇ ਸੋਚਿਆ ਤਾਂ ਮੇਰੇ ਦਿਮਾਗ ਵਿੱਚ ਚੱਲ ਰਹੇ ਵਿਚਾਰਾਂ ਨੇ ਇੱਕ ਥੀਮ ਸੁਝਾਇਆ ‘ਹੋਲਿਸਟਿਕ ਹੈਲਥ’ ਭਾਵੇਂ ਕਿ ਉਨ੍ਹਾਂ ਦਿਨਾਂ ਵਿੱਚ ਇਸ ਵਿਸ਼ੇ ਨੂੰ ਲੈ ਕੇ ਸਿਹਤ ਨਾਲ ਸਬੰਧਤ ਹੋਰ ਕਈ ਅਦਾਰੇ ਇਸ ਬਾਰੇ ਗੱਲ ਕਰਨਾ ਸ਼ੁਰੂ ਕਰ ਚੁੱਕੇ ਸੀ, ਖਾਸ ਕਰਕੇ ਮਨੋਵਿਗਿਆਨ ਦੇ ਮਾਹਿਰ। ਜਦੋਂ ਮੈਂ ਇਸ ਥੀਮ ਬਾਰੇ ਸੁਝਾਇਆ ਤਾਂ ਮੈਨੂੰ ਇਸ ਸੈਮੀਨਾਰ ਦਾ ਮੌਡਰੇਟਰ ਬਣਾ ਦਿੱਤਾ ਗਿਆ ਤੇ ਮੈਂ ਇਸਦੀ ਵਿਉਂਤ ਸ਼ੁਰੂ ਕਰ ਦਿੱਤੀ। ਕੁਦਰਤੀ ਕਰੋਨਾ ਦੇ ਸਮੇਂ ਨੇ ਦੋ ਸਾਲ ਇਸ ਚਰਚਾ ਨੂੰ ਪਿੱਛੇ ਪਾ ਦਿੱਤਾ, ਪਰ ਮੇਰੇ ਦਿਮਾਗ ਵਿੱਚ ਬਣੀ ਵਿਉਂਤ ਹੋਰ ਵੀ ਕਈ ਕਾਰਨਾਂ ਕਰਕੇ ਸਿਰੇ ਨਹੀਂ ਚੜ੍ਹ ਸਕੀ। ਪਰ ਅੱਜ ਮੈਂ ਉਸ ਸੈਮੀਨਾਰ ਦਾ ਖਾਕਾ ਆਪ ਜੀ ਦੇ ਸਾਹਮਣੇ ਪੇਸ਼ ਕਰ ਰਿਹਾ ਹਾਂ।
ਹੋਲਿਸਟਿਕ ਹੈਲਥ, ਜੇ ਪੰਜਾਬੀ ਵਿੱਚ ਕਹਾਂ ਤਾਂ, ਮੁਕੰਮਲ, ਸੰਪੂਰਨ ਸਿਹਤ। ਇਸ ਨੂੰ ਜੋ ਵੀ ਕਹੀਏ ਪਰ ਸਾਡੇ ਬਹੁਤ ਲੋਕ ਸਿਹਤ ਨੂੰ ਸਰੀਰਕ ਸਿਹਤ ਤੋਂ ਅੱਗੇ ਨਹੀਂ ਸੋਚਦੇ। ਅਸੀਂ ਵਿਚਾਰ ਚਰਚਾ ਸ਼ੁਰੂ ਕੀਤੀ ਤੇ ਉਸ ਦੇ ਵਿੱਚ ਸਾਰੀਆਂ ਪ੍ਰਣਾਲੀਆਂ ਕਾਰਡਿਆਲਿਉਜਿਸਟ (ਦਿਲ ਦੇ ਮਾਹਿਰ), ਪਰਮੋਨਾਲੋਜਿਸਟ (ਫੇਫੜਿਆਂ ਦੇ ਮਾਹਿਰ), ਜਿਗਰ, ਪੇਟ ਦੇ ਮਾਹਿਰ, ਸਰੀਰ ਦੀਆਂ ਗ੍ਰੰਥੀਆਂ ਦੇ ਮਾਹਿਰ ਤੇ ਨਾਲ ਹੀ ਮਾਨਸਿਕ ਬਿਮਾਰੀਆਂ ਦੇ ਮਾਹਿਰ ਅਤੇ ਖਾਸ ਤੌਰ ’ਤੇ ਖੁਰਾਕ ਦੇ ਮਾਹਿਰ ਵੀ ਹਿੱਸਾ ਲੈਣ ਲਈ ਬੁਲਾਵਾ ਦਿੱਤਾ ਗਿਆ।
ਮੈਂ ਇਸ ਸੈਮੀਨਾਰ ਦਾ ਮੌਡਰੇਟਰ ਸੀ ਤੇ ਮੈਂ ਇੱਕ-ਇੱਕ ਕਰਕੇ ਸਭ ਨੂੰ ਬੁਲਾਉਣਾ ਸੀ। ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਮੈਂ ਕਿਸ ਬੁਲਾਰੇ ਤੋਂ ਸ਼ੁਰੂ ਕਰਾਂ। ਮੇਰੇ ਲਈ ਤਾਂ ਸਿਰ ਤੋਂ ਪੈਰ ਤਕ ਸਰੀਰ ਇੱਕ ਹਸਤੀ ਹੈ, ਇੱਕ ਆਮ ਸਮਝ ਹੈ - ਸਾਹ ਹੈ ਤਾਂ ਰਾਹ ਹੈ। ਚਲੋ ਸਾਹ ਦੀਆਂ ਬਿਮਾਰੀਆਂ ਸਾਹ ਮਾਹਿਰ ਤੋਂ ਸ਼ੁਰੂ ਕਰਦੇ ਹਾਂ। ਸਾਹ ਦੀ ਬਿਮਾਰੀ ਹੀ ਸੀ ਕਰੋਨਾ, ਜਿਸ ਨੇ ਸਾਰੀ ਦੁਨੀਆਂ ਨੂੰ ਵਖਤ ਪਾਇਆ ਹੋਇਆ ਸੀ।
“ਸਾਹ ਹੈ ਤਾਂ ਰਾਹ ਹੈ” - ਬਹੁਤ ਵਧੀਆ। ਇਸ ਵਧੀਆ ਵਾਕ ਲਈ ਬਹੁਤ ਬਹੁਤ ਧੰਨਵਾਦ।” ਫੇਫੜਿਆਂ ਦੇ ਮਾਹਿਰ ਨੇ ਸੈਮੀਨਾਰ ਦੀ ਸ਼ੁਰੂਆਤ ਕੀਤੀ। “ਇਸ ਇੱਕ ਵਾਕ ਵਿੱਚ ਹੀ ਸਾਹ ਦੀ ਅਹਿਮੀਅਤ, ਫੇਫੜਿਆਂ ਦੀ ਮਹੱਤਤਾ ਪਈ ਹੈ। ਆਮ ਸ਼ਿਕਾਇਤ ਹੁੰਦੀ ਹੈ ਸਾਹ ਚੜ੍ਹਦਾ ਹੈ, ਸਾਹ ਔਖਾ-ਔਖਾ ਆਉਂਦਾ ਹੈ। ਕਿਉਂ? ਸਾਹ ਨਾਲ ਕੀ ਹੁੰਦਾ ਹੈ? ਸਰੀਰ ਵਿੱਚ ਆਕਸੀਜਨ ਜਾਂਦੀ ਹੈ ਜੋ ਕਿ ਜੀਵਨ ਰੇਖਾ ਹੈ। ਫੇਫੜੇ ਠੀਕ ਨਾ ਹੋਣ ਤਾਂ ਉਹ ਹਿੱਸਾ ਆਕਸੀਜਨ ਨੂੰ ਅੱਗੇ ਨਹੀਂ ਭੇਜ ਸਕਦਾ। ਆਕਸੀਜਨ ਦੀ ਅਹਿਮੀਅਤ ਤੋਂ ਸਾਰੇ ਵਾਕਫ਼ ਹਨ। ਪਿਛਲੇ ਸਾਲ ਦੀ ਤਸਵੀਰ ਸਾਡੀਆਂ ਯਾਦਾਂ ਵਿੱਚ ਬਣੀ ਹੋਈ ਹੈ ਕਿ ਕਿਵੇਂ ਆਕਸੀਜਨ ਦੇ ਸਲੰਡਰਾਂ ਲਈ ਲੋਕ ਧੱਕੇ ਖਾ ਰਹੇ ਸੀ, ਸਾਹਾਂ ਦੀ ਗਿਣਤੀ ਬਾਰੇ ਵੀ ਗੱਲ ਹੁੰਦੀ ਹੈ। ਪਰ ਮੈਂ ਵਿਗਿਆਨ ਦਾ ਵਿਦਿਆਰਥੀ ਹਾਂ ਤੇ ਇਸ ਵਿੱਚ ਵਿਸ਼ਵਾਸ ਨਹੀਂ ਰੱਖਦਾ। ਸਾਹ ਅਤੇ ਆਕਸੀਜਨ ਦਾ ਰਿਸ਼ਤਾ ਅਹਿਮ ਹੈ।”
ਮੈਂ ਸੈਮੀਨਾਰ ਨੂੰ ਅੱਗੇ ਵਧਾਉਂਦੇ ਹੋਏ ਆਕਸੀਜਨ ਦੀ ਗੱਲ ਕਰ ਰਹੇ ਮਾਹਿਰ ਡਾਕਟਰ ਦੀ ਗੱਲ ਨੂੰ ਅੱਗੇ ਤੋਰਿਆ। ਅਸੀਂ ਹਸਪਤਾਲ ਵਿੱਚ ਆਉਂਦੀ ਆਕਸੀਜਨ ਨੂੰ ਫੈਕਟਰੀਆਂ ਨਾਲ ਜੋੜਦੇ ਹਾਂ, ਪਰ ਕੁਦਰਤ ਸਾਨੂੰ ਇਹ ਮੁਫ਼ਤ ਮਹੁੱਈਆ ਕਰਵਾਉਂਦੀ ਹੈ। ਆਕਸੀਜਨ ਦਾ ਰਿਸ਼ਤਾ ਦਿਲ ਨਾਲ ਵੀ ਹੈ। ਚਲੋ! ਦਿਲ ਦੇ ਮਹਾਂ ਮਾਹਿਰ ਡੀ.ਐੱਮ. ਡਾਕਟਰ ਨਿਰਦੇਸ਼ ਦੀ ਗੱਲ ਸੁਣਦੇ ਹਾਂ। ਉਹ ਬੋਲਦੇ ਹਨ, “ਦਿਲ ਦਾ ਪੂਰਾ ਤਾਮ-ਜਾਮ, ਖੂਨ ਦੀਆਂ ਨਾੜਾ ਤੇ ਹੋਰ ਸਰੀਰ ਦੇ ਅੰਗ, ਆਕਸੀਜਨ ਤੋਂ ਸਾਫ਼ ਹੋਏ ਖੂਨ ਦੇ ਸਹਾਰੇ ਚਲਦੇ ਹਨ। ਹਾਰਟ ਅਟੈਕ ਬਾਰੇ ਤੁਸੀਂ ਰੋਜ਼ ਸੁਣਦੇ ਹੋ, ਸਵਾਲ ਖੜ੍ਹੇ ਕਰਦੇ ਹੋ ਪਰ ਉਸ ਦਾ ਜਵਾਬ ਨਹੀਂ ਲੱਭਦੇ। ਜਵਾਬ ਮਿਲੇ ਤਾਂ ਵੀ ਸੰਜੀਦਗੀ ਨਾਲ ਨਹੀਂ ਲੈਂਦੇ। ਖੂਨ ਦੀਆਂ ਨਾੜਾ ਦੇ ਬੰਦ ਹੋਣ ਦੀ ਕਹਾਣੀ ਤੁਸੀਂ ਸੁਣਦੇ ਹੋ। ਉਸ ਦਾ ਰਿਸ਼ਤਾ ਕਲੈਸਟਰੋਲ ਨਾਲ ਵੀ ਤੁਸੀਂ ਜਾਣਦੇ ਹੋ। ਕਿੰਨਾ ਪ੍ਰਚਾਰ ਹੁੰਦਾ ਹੈ। ਪਰ ਉਹੀ ਗੱਲ! ਅਵੇਸਲਾਪਨ।”
ਮੈਂ ਇੱਕ ਸ਼ੇਅਰ ਨਾਲ ਆਪਣੀ ਗੱਲ ਸਪਸ਼ਟ ਕਰਦਾ ਹਾਂ, ਇਹ ਦਿਲ ਨੂੰ ਲੈ ਕੇ ਹੈ, “ਜੇ ਦਿਲ ਖੋਲ੍ਹ ਲਿਆ ਹੁੰਦਾ, ਯਾਰਾਂ ਦੇ ਨਾਲ, ਖੋਲ੍ਹਣਾ ਨਾ ਪੈਂਦਾ ਔਜਾਰਾਂ ਦੇ ਨਾਲ।” ਯਾਰਾਂ ਬਾਰੇ ਵੀ ਚਰਚਾ ਦੀ ਲੋੜ ਹੈ, ਮਤਲਬ ਸਾਡੇ ਆਪਸੀ ਰਿਸ਼ਤੇ। ਜੋ ਕਿ ਸਮਾਜ ਵਿਗਿਆਨ ਦਾ ਵਿਸ਼ਾ ਹੈ, ਜੋ ਕਿ ਬੁਲਾਏ ਜਾਣ ਤੋਂ ਰਹਿ ਗਏ, ਕੋਈ ਨਾ ਦਿਲ ਦੇ ਮਾਹਿਰ ਨੇ ਕਲੈਸਟਰੋਲ ਦੀ ਗੱਲ ਕੀਤੀ ਹੈ, ਮਤਲਬ ਹੈ ਖੁਰਾਕ, ਸੁਣਦੇ ਹਾਂ, ਖੁਰਾਕ ਮਾਹਿਰ ਦੀ ਗੱਲ।
“ਯਾਰਾਂ ਦੀ ਗੱਲ ਕੀਤੀ ਹੈ ਸਾਡੇ ਤੰਦ ਜੋੜੂ ਜੀ ਨੇ, ਅਸੀਂ ਆਉਂਦੇ ਜਾਂਦੇ ਮਿਲਦੇ ਹਾਂ ਮਤਲਬ ਮਹਿਮਾਨ ਨਿਵਾਜੀ ਦੀ ਗੱਲ ਹੈ ਤੇ ਵੰਨ-ਸੁਵੰਨੇ ਖਾਣਿਆਂ ਦੀ ਵੀ। ਕਹਿ ਲਉ ਸਾਨੂੰ ਆਪਣੀ ਜ਼ਬਾਨ ਤੇ ਕੰਟਰੋਲ ਨਹੀਂ। ਇਹ ਬੋਲ-ਚਾਲ ਦੇ ਵਿੱਚ ਹੈ, ਪਰ ਅਸਲੀ ਅਤੇ ਅਹਿਮ ਹੈ ਕਿ ਅਸੀਂ ਖਾਣ-ਪੀਣ ਦੇ ਜਿੰਨੇ ਮਰਜ਼ੀ ਆਦੀ ਹੋਈਏ ਪਰ ਪੂਰਾ ਦੇਸ਼ ਹੀ ਪ੍ਰੋਟੀਨ ਦੀ ਘਾਟ ਦਾ ਸ਼ਿਕਾਰ ਹੈ। ਦੂਜੇ ਪਾਸੇ ਮੋਟਾਪਾ ਵੀ ਇੱਕ ਸਮੱਸਿਆ ਹੈ ਤੇ ਭੁੱਖਮਰੀ ਵੀ। ਖਾਣੇ ਦੀਆਂ ਕਿਸਮਾਂ ਵਸੀਹ ਹਨ, ਅਣ-ਗਿਣਤ ਬਿਹਤਰ ਹੈ ਇਸ ਬਾਰੇ ਗੱਲ ਨਾ ਕੀਤੀ ਜਾਵੇ। ਮੈਂ ਕੋਈ ਟਿੱਪਣੀ ਨਾ ਕਰਾਂ। ਵਧੀਆ ਹੈ ਇਸ ਬਾਰੇ ਪੇਟ-ਜਿਗਰ ਦੇ ਮਾਹਿਰ ਗੱਲ ਕਰਨ।”
ਮੈਂ ਗੱਲ ਜੋੜਦਾ ਹਾਂ, ਪੇਟ ਵਿੱਚ ਕੀ ਜਾ ਰਿਹਾ ਹੈ। ਅਸੀਂ ਬੇ-ਪਰਵਾਹ ਹਾਂ, ਜੇ ਕਹਾਂ ਤਾਂ ਲਾ-ਪਰਵਾਹ। ਲੱਕੜ ਹਜ਼ਮ, ਪੱਥਰ ਹਜ਼ਮ। ਇੱਕ ਅਖਾਣ ਹੈ ਇਹ। ਪਰ ਮੈਂ ਕਹਾਂਗਾ ਕੱਚਰਾ ਵੀ। ਸ਼ਬਦ ਮਾੜਾ ਜ਼ਰੂਰ ਹੈ ਮਾਫ਼ ਕਰਨਾ ਪਰ ਸੱਚ ਇਹੀ ਹੈ। ਮੈਂ ਕੁਝ ਜ਼ਿਆਦਾ ਨਾ ਕਹਾਂ ਤਾਂ ਚੰਗਾ ਹੈ ਮਿਲਦੇ ਹਾਂ ਇੱਕ ਨਵੀਂ ਵਿਕਸਿਤ ਹੋਈ ਸ਼ਾਖਾ ਗ੍ਰੰਥੀ ਵਿਗਿਆਨ ਦੇ ਮਹਾਂ ਮਾਹਿਰ ਨੂੰ। ਸੁਣੋ ਉਹ ਕੀ ਕਹਿੰਦੇ ਹਨ:
“ਇਸ ਨਵੀਂ ਸ਼ਾਖਾ ਦਾ ਨਾਂ ਹੈ ਏਡੋਕਰੀਨਾਲੋਜਿਸਟ। ਸੌਖੇ ਸ਼ਬਦਾਂ ਵਿੱਚ ਕਹਾਂ ਤਾਂ ਸਰੀਰ ਦੇ ਹਾਰਮੋਨਜ਼ ਦੀ ਸ਼ਾਖਾ। ਜਿਵੇਂ ਇਨਸੋਲੀਨ, ਥਾਈਰੋਕਸੀਨ, ਮਤਲਬ ਖੁਰਾਕ ਨੇ ਪਚਣਾ ਹੈ ਜਾਂ ਪ੍ਰਜਨਣ ਦੀ ਗੱਲ। ਜਨਮ ਅਤੇ ਬੁਢਾਪੇ ਦੀ ਪ੍ਰਕਿਰਿਆ - ਸਭ ਦਾ ਅਧਾਰ ਹੈ ਹਾਰਮੋਨਜ਼। ਜੋ ਮਰਜ਼ੀ ਕਰ ਲਉ ਆਕਸੀਜਨ ਚੰਗੀ, ਖੁਰਾਕ ਵੀ ਸਭ ਧਰੇ ਦੇ ਧਰੇ, ਜੇਕਰ ਸਰੀਰ ਦਾ ਸੂਚਨਾਤੰਤਰ ਹੀ ਫੇਲ। ਹਾਰਮੋਨਜ਼ ਇੰਨੇ ਜ਼ਰੂਰੀ ਹਨ।”
ਸਭ ਨੇ ਆਪਣੀ ਆਪਣੀ ਗੱਲ ਕੀਤੀ ਹੈ ਪਰ ਮਨੋਰੋਗ ਦਿਨ ਪ੍ਰਤੀ ਦਿਨ ਵਧ ਰਹੇ ਹਨ। ਉਹ ਕਿਸ ਤਰ੍ਹਾਂ ਆਪਣੀ ਤੰਦ ਜੋੜਦੇ ਨੇ ਇਨ੍ਹਾਂ ਬਿਮਾਰੀਆਂ ਦੇ ਨਾਲ, ਸੁਣਦੇ ਹਾਂ:
“ਮੈਂ ਮਨੋਰੋਗ ਮਾਹਿਰ ਹਾਂ। ਤੁਸੀਂ ਪੁਛੋਗੇ ਮਨ ਕਿੱਥੇ ਹੁੰਦਾ ਹੈ? ਸਹੀ ਪੁਛੋਗੇ ਤਾਂ ਮੈਨੂੰ ਵੀ ਨਹੀਂ ਪਤਾ, ਪਰ ਮਨ ਦੀ ਪ੍ਰੇਸ਼ਾਨੀ, ਤਣਾਉ ਅਤੇ ਉਦਾਸੀ ਬਾਰੇ ਸਭ ਜਾਣਦੇ ਹਨ। ਦਵਾਈਆਂ ਜਦੋਂ ਉਸ ਹਾਲਤ ਨੂੰ ਠੀਕ ਕਰ ਦੇਣ ਤਾਂ ਸਮਝੋ ਕਿ ਕੁਝ ਗਲਤ ਹੈ, ਜੋ ਠੀਕ ਹੋਇਆ ਹੈ। ਹੁਣ ਲੱਖਾਂ ਲੋਕ ਇਸ ਤਰ੍ਹਾਂ ਦੇ ਇਲਾਜ ਨਾਲ ਵਧੀਆ ਜ਼ਿੰਦਗੀ ਜੀਅ ਰਹੇ ਹਨ। ਸਰੀਰ ਦੀ ਸਮੱਸਿਆ ਹੋਵੇ ਨਾ ਹੋਵੇ, ਮਨ ਦੀ ਹਾਲਤ ਦੀ ਗੱਲ ਕਰੀਏ ਤਾਂ ਕੋਈ ਵੀ ਸਾਡੇ ਪੈਮਾਨੇ ਮੁਤਾਬਿਕ ਸਿਹਤਮੰਦ ਨਹੀਂ ਹੈ। ਇਹ ਪਹਿਲੂ ਗੌਰ ਕਰਨਾ ਮੰਗਦਾ ਹੈ। ਤਣਾਅ ਹੈ ਤਾਂ ਕੋਈ ਵੀ ਆਪਣੇ ਆਪ ਨੂੰ ਸਿਹਤਮੰਦ ਕਹਿਣ ਦਾ ਦਾਵਾ ਨਹੀਂ ਕਰ ਸਕਦਾ।”
ਬਿਮਾਰੀਆਂ ਨੂੰ ਲੈ ਕੇ ਮਾਹਿਰ ਹਨ, ਮਹਾਂ-ਮਾਹਿਰ ਹਨ, ਇਨ੍ਹਾਂ ਸਭ ਨੂੰ ਇਸ ਤਰ੍ਹਾਂ ਸਮਝਿਆ ਜਾਂਦਾ ਹੈ ਕਿ ਸਾਰੇ ਹੀ ਮਾਹਿਰ ਬਿਮਾਰੀ ਦੀ ਤਹਿ ਤਕ ਪਹੁੰਚਣਾ ਚਾਹੁੰਦੇ ਹਨ, ਪਰ ਸਿਹਤ ਦੀ ਹਾਲਤ ਵਿੱਚ ਸੁਧਾਰ ਬਹੁਤ ਘੱਟ ਆਇਆ ਹੈ। ਕਾਫ਼ੀ ਗੱਲਾਂ ਹੋ ਗਈਆਂ ਹਨ। ਇਹ ਵਿਚਾਰ ਚਰਚਾ ਤਾਂ ਹੀ ਪੂਰੀ ਹੋਵੇਗੀ, ਜੇ ਤੁਸੀਂ ਵੀ ਹਿੱਸਾ ਲਵੋਗੇ। ਸਮਾਂ ਘੱਟ ਹੈ, ਸਿਰਫ਼ ਇੱਕ ਸਵਾਲ ਦੀ ਗੁਜਾਇਸ਼ ਹੈ। ਮੈਂ ਦੇਖ ਰਿਹਾ ਹਾਂ ਕਿ ਇੱਕ ਹੱਥ ਖੜ੍ਹਾ ਹੈ, ਆਉ ਤੇ ਰੱਖੋ ਆਪਣੀ ਗੱਲ।
ਉਸ ਵਿਅਕਤੀ ਦਾ ਸਵਾਲ ਹੈ, “ਮੇਰੀ ਪ੍ਰੈਕਟੀਕਲ ਸਮੱਸਿਆ ਸਮਝ ਲਉ ਜਾਂ ਤਜਰਬਾ ਹੈ, ‘ਮਾਂ ਜੀ ਕਹਿੰਦੇ ਹਨ ਦਿਲ ਘਬਰਾਉਂਦਾ ਹੈ ਮੈਂ ਦਿਲ ਵਾਲੇ ਡਾਕਟਰ ਕੋਲ ਲਿਜਾਂਦਾ ਹਾਂ। ਉਹ ਸਾਰੇ ਟੈੱਸਟ ਕਰਵਾ ਕੇ ਕਹਿੰਦਾ ਹੈ - ਮੇਰੇ ਮੁਤਾਬਿਕ ਸਭ ਠੀਕ ਹੈ। ਤੁਸੀਂ ਫੇਫੜਿਆਂ ਵਾਲੇ ਡਾਕਟਰ ਨਾਲ ਗੱਲ ਕਰਕੇ ਦੇਖੋ। - ਮਾਤਾ ਜੀ ਨੇ ਗੱਲਾਂ ਗੱਲਾਂ ਵਿੱਚ ਸਾਹ ਦੀ ਗੱਲ ਕਰ ਦਿੱਤੀ ਸੀ। ਉਨ੍ਹਾਂ ਨੇ ਵੀ ਕਲੀਨ ਚਿੱਟ ਦੇ ਦਿੱਤੀ। ਮਾਤਾ ਜੀ ਨੇ ਮਨ ਠੀਕ ਨਹੀਂ ਹੈ, ਕਿਹਾ ਹੈ ਤਾਂ ਮਾਨਸਿਕ ਰੋਗਾਂ ਦੇ ਮਾਹਿਰ ਕੋਲ ਭੇਜ ਦਿੱਤਾ। ਲਗਦਾ ਹੈ ਸਾਰਾ ਸਿਸਟਮ ਵੀ ਭਟਕਣ ਵਿੱਚ ਪਿਆ ਹੈ। ਵਿਸ਼ਾ ਸੀ ਮੁਕੰਮਲ ਸਿਹਤ ਤੇ ਗੱਲ ਹੋ ਰਹੀ ਹੈ ਟੁਕੜਿਆਂ-ਟੁਕੜਿਆਂ ਵਿੱਚ।”
‘ਸਵਾਲ ਕਮਾਲ ਦਾ ਹੈ’ ਮੈਂ ਹੁਣ ਕਸ਼ਮਕਸ਼ ਵਿੱਚ ਹਾਂ ਕਿ ਕਿਸ ਮਾਹਿਰ ਤੋਂ ਜਵਾਬ ਲਈਏ। ਮੈਂ ਚਾਹਾਂਗਾ ਕਿ ਇਸਦਾ ਜਵਾਬ ਸੈਮੀਨਾਰ ਦੇ ਚੇਅਰਮੈਨ ਖੁਦ ਦੇਣ ਜੋ ਕਿ ਕਿਸੇ ਵਿਸ਼ੇਸ਼ ਵਿਸ਼ੇ ਦੇ ਮਾਹਿਰ ਤਾਂ ਨਹੀਂ ਹਨ, ਪਰ ਫਿਰ ਵੀ ਉਹ ਸਮਾਜ ਅਤੇ ਮੈਡੀਸਨ ਵਿਸ਼ੇ ਨੂੰ ਜੋੜ ਕੇ ਪੜ੍ਹਾਉਂਦੇ ਹਨ ਤੇ ਅਕਸਰ ਇਸ ਵਿਸ਼ੇ ਨੂੰ ਰਾਜਨੀਤਿਕ ਸਿਹਤ ਵੀ ਬਿਆਨ ਕਰਦੇ ਰਹਿੰਦੇ ਹਨ। ਆਉ ਸੁਣਦੇ ਹਾਂ ਉਨ੍ਹਾਂ ਤੋਂ ਦੋ ਸ਼ਬਦ:
“ਸਾਡੇ ਵਿਭਾਗ ਨੇ ਪਹਿਲ ਕਿਉਂ ਕੀਤੀ? ਇਹ ਸਵਾਲ ਹੈ ਸਭ ਦੇ ਜ਼ਹਿਨ ਵਿੱਚ। ਹੈਰਾਨੀ ਦੀ ਗੱਲ ਨਹੀਂ ਹੈ! ਮੇਰੇ ਮੁਤਾਬਿਕ ਸਿਹਤ ਦਾ ਵਿਸ਼ਾ ਹੈ ਹੀ ਸਿਆਸਤ ਦਾ - ਅੰਤਰਰਾਸ਼ਟਰੀ ਪੱਧਰ ਦੀ ਸਿਆਸਤ ਦਾ। ਦੂਜਾ ਹੁਣੇ-ਹੁਣੇ ਹੀ ਅਸੀਂ ਸਭ ਨੇ ਭੋਗਿਆ ਹੈ ਕੋਵਿਡ ਦਾ ਸਮਾਂ, ਸਮੱਸਿਆ ਸਿਹਤ ਵਿਭਾਗ ਦੀ ਸੀ। ਦਵਾਈ, ਹਸਪਤਾਲ ਚਾਹੇ ਵੈਕਸੀਨ। ਸੰਭਾਲਿਆ ਕਿਸ ਨੇ? ਪ੍ਰਸ਼ਾਸਨ ਤੇ ਪੋਲਟਿਕਸ ਨੇ। ਗੱਲ ਅਰਥ ਸ਼ਾਸਤਰ ਦੀ ਹੈ। ਦੇਸ਼ ਦਾ ਅਮੀਰ ਕੋਵਿਡ ਦੇ ਬੁਰੇ ਸਮੇਂ ਦੌਰਾਨ ਤਰੱਕੀ ਕਰਕੇ ਏਸ਼ੀਆ ਦਾ ਅਮੀਰ ਆਦਮੀ ਹੋ ਗਿਆ। ਕਿਵੇਂ? ਜੋ ਸਵਾਲ ਤੁਹਾਡੇ ਮਨ ਵਿੱਚ ਆਇਆ ਹੈ, ਉਹ ਵੀ ਅਹਿਮ ਹੈ, ਸਿਹਤ ਦੀ ਟੁਕੜੇ-ਟੁਕੜੇ ਪਹੁੰਚ। ਇਹ ਸਰਮਾਏਦਾਰਾਂ ਨੂੰ ਤੇ ਕਾਰਪੋਰੇਟ ਮਾਡਲ ਨੂੰ ਮਾਫ਼ਕ ਆਉਂਦੀ ਹੈ। ਸਿਹਤ ਨੀਤੀ ਸਿਆਸਤ ਦੇ ਹੱਥ ਹੈ, ਲੋਕਤੰਤਰ ਹੈ ਤਾਂ ਸਿਹਤ ਨੀਤੀਆਂ ਲੋਕ ਪੱਖੀ ਹੋਣੀਆਂ ਚਾਹੀਦੀਆਂ ਹਨ। ਕੌਣ ਬਣਾਉਂਦਾ ਹੈ ਅਤੇ ਕੌਣ ਬਣਵਾਉਂਦਾ ਹੈ ਸਿਹਤ ਨੀਤੀਆਂ? ਇਹੀ ਸਵਾਲ ਨਾਲ ਲੈ ਕੇ ਜਾਣਾ ਹੈ। ਇਹੀ ਮਨੋਰਥ ਹੈ ਇਸ ਚਰਚਾ ਦਾ। ਸਭ ਦਾ ਬਹੁਤ ਬਹੁਤ ਧੰਨਵਾਦ।”
ਦੋਸਤੋ ਮੇਰਾ ਕੰਮ ਤੰਦ ਜੋੜਨ ਦਾ ਸੀ, ਕਿੰਨੀ ਕੁ ਜੁੜੀ ਹੈ, ਇਹ ਤੁਸੀਂ ਬਿਹਤਰ ਜਾਣਦੇ ਹੋ! ਪਰ ਇੱਕ ਤੰਦ ਜੋ ਅਹਿਮ ਹੈ, ਉਹ ਹੈ, ਮੈਂ ਸਿਹਤ ਦੇ ਨਾਲ-ਨਾਲ ਕੁਦਰਤ ਦਾ ਵੀ ਪ੍ਰੇਮੀ ਹਾਂ। ਉਸ ਦੇ ਬਾਰੇ ਵੀ ਗੱਲ ਹੋਣੀ ਚਾਹੀਦੀ ਹੈ। ਜੇ ਤੁਸੀਂ ਕਹੋ ਕਿ ਗੱਲ ਮੁਕੰਮਲ ਹੋ ਗਈ ਹੈ, ਨਹੀਂ, ਗੱਲ ਸ਼ੁਰੂ ਹੋਈ ਹੈ, ਅਤੇ ਇਹ ਹੁੰਦੀ ਰਹਿਣੀ ਚਾਹੀਦੀ ਹੈ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4746)
(ਸਰੋਕਾਰ ਨਾਲ ਸੰਪਰਕ ਲਈ: (