“ਆਰਥਿਕ ਮੰਦੀ ਦਾ ਸਾਰਾ ਠੀਕਰਾ ਹੁਣ ਕਰੋਨਾ ’ਤੇ ਆਪੇ ਪੈ ਜਾਵੇਗਾ ...”
(7 ਮਈ 2020)
ਜਦੋਂ ਬਿਮਾਰੀ ਪੂਰੀ ਤਰ੍ਹਾਂ ਸਮਝ ਨਾ ਆ ਰਹੀ ਹੋਵੇ, ਨਾਲ ਹੀ ਉਸ ਤੋਂ ਛੁਟਕਾਰਾ ਪਾਉਣ ਲਈ ਕੀਤੇ ਜਾ ਰਹੇ ਉਪਾਅ ਵੀ ਵਿਗਿਆਨਕ ਤਰਜ਼ ਨਾਲ ਮੇਲ ਨਾ ਖਾ ਰਹੇ ਹੋਣ ਤਾਂ ਇੱਕ ਸਮੇਂ ’ਤੇ ਆ ਕੇ ਲੋਕ ਆਪੋ-ਆਪਣੇ ਅੰਦਾਜ਼ੇ ਲਗਾਉਣੇ ਸ਼ੁਰੂ ਕਰ ਦਿੰਦੇ ਹਨ। ਕਈ ਤਰ੍ਹਾਂ ਦੀਆਂ ਅਫ਼ਵਾਹਾਂ ਅਤੇ ਗ਼ਲਤ ਫਹਿਮੀਆਂ ਦਾ ਬਾਜ਼ਾਰ ਗਰਮ ਹੋ ਜਾਂਦਾ ਹੈ। ਅਸੀਂ ਦੇਖ ਸਕਦੇ ਹਾਂ ਕਿ ਚਾਰ ਮਹੀਨਿਆਂ ਤੋਂ ਦੁਨੀਆਂ ਭਰ ਵਿੱਚ ਅਤੇ ਸਾਡੇ ਆਪਣੇ ਮੁਲਕ ਵਿੱਚ ਡੇਢ ਮਹੀਨੇ ਤੋਂ ਹਾਲਤ ਸਪਸ਼ਟ ਹੋਣ ਦੀ ਜਗ੍ਹਾ ਭੰਬਲਭੂਸੇ ਵਾਲੀ ਵੱਧ ਹੈ।
ਇਸਦੇ ਦੂਸਰੇ ਪੱਖ ਤੋਂ ਜੇ ਬਿਮਾਰੀ ਦੀ ਰਿਪੋਰਟਿੰਗ ਲਈ ਸਿਹਤ ਜਾਂ ਸੂਖ਼ਮ ਜੀਵ ਵਿਗਿਆਨੀ/ਮਾਹਿਰ (ਮਾਈਕ੍ਰੋਬਾਇਓਲੋਜਿਸਟ) ਦੀ ਜਗ੍ਹਾ ਸਿਆਸੀ ਬਿਆਨਬਾਜ਼ੀ ਭਾਰੂ ਹੋ ਰਹੀ ਹੋਵੇ ਤਾਂ ਇਸ ਵਿੱਚ ਸ਼ੱਕ ਦੀ ਹਾਲਤ ਹੋਰ ਵਧ ਜਾਂਦੀ ਹੈ।
ਇਸ ਤਰ੍ਹਾਂ ਦੇ ਮਾਹੌਲ ਵਿੱਚ, ਹੁਣ ਕਈ ਤਰ੍ਹਾਂ ਦੇ ਹੋਰ ਬਿਆਨ ਵੀ ਸੋਸ਼ਲ ਮੀਡੀਆ ’ਤੇ ਫਿਰ ਰਹੇ ਹਨ, ਜਿਵੇਂ ਜਦੋਂ ਕੇਸ 300 ਸੀ, ਉਦੋਂ ਤਾਲਾਬੰਦੀ ਕਰ ਦਿੱਤੀ, ਹੁਣ ਜਦੋਂ ਪੰਜਾਹ ਹਜ਼ਾਰ ਦੇ ਨੇੜੇ ਪਹੁੰਚੇ ਤਾਂ ਤਾਲਾਬੰਦੀ ਖੋਲ੍ਹ ਦਿੱਤੀ। ਇੱਕ ਹੋਰ ਤਬਸਰਾ ਹੈ ਕਿ ਇਹ ਸਭ 5-10 ਫ਼ੀਸਦੀ ਲੋਕਾਂ ਨੂੰ ਬਚਾਉਣ ਲਈ ਹੀ ਹੋ ਰਿਹਾ ਹੈ। ਇੱਕ ਸਿੱਧਾ ਰਾਜਨੀਤਕ ਕਾਰਟੂਨ ਹੈ, ਜਿਸ ਵਿੱਚ ਪ੍ਰਧਾਨ ਮੰਤਰੀ, ਵਿੱਤ ਮੰਤਰੀ ਨੂੰ ਕਹਿ ਰਿਹਾ ਹੈ, “ਆਰਥਿਕ ਮੰਦੀ ਦਾ ਸਾਰਾ ਠੀਕਰਾ ਹੁਣ ਕਰੋਨਾ ’ਤੇ ਆਪੇ ਪੈ ਜਾਵੇਗਾ।”
ਚੀਨ ਅਤੇ ਅਮਰੀਕਾ ਦੀ ਆਪਸੀ ਦੂਸ਼ਣਬਾਜ਼ੀ ਹੁਣ ਜੱਗ ਜ਼ਾਹਿਰ ਹੈ। ਦੋਵੇਂ ਦੇਸ਼ ਵਿਚਾਰਧਾਰਕ ਅਤੇ ਰਾਜਨੀਤਕ ਪੱਖ ਤੋਂ ਭਾਵੇਂ ਬਿਲਕੁਲ ਵੱਖਰੇ ਹਨ, ਪਰ ਦੋਹਾਂ ਦਾ ਨਿਸ਼ਾਨਾ ‘ਵਿਸ਼ਵ ਬਾਜ਼ਾਰ’ ਤਾਂ ਹੈ ਹੀ। ਇੱਕ ਦੇਸ਼ ਪੂੰਜੀਵਾਦ ਦੇ ਮਾਡਲ ’ਤੇ ਉੱਸਰਿਆ ਹੈ ਤੇ ਦੂਸਰਾ ਮਾਰਕਸ-ਮਾਓ ਦੀ ਵਿਚਾਰਕ ਬੁਨਿਆਦ ’ਤੇ।
ਅੱਜ ਪੂਰੇ ਵਿਸ਼ਵ ਵਿੱਚ ਪੂੰਜੀਵਾਦ ਦਾ ਦਬਦਬਾ ਹੈ। ਭਾਵੇਂ ਵਿਸ਼ਵ ਵਿੱਚ ਜਾਤ, ਧਰਮ, ਖਿੱਤੇ ਦੇ ਆਧਾਰ ’ਤੇ ਲੋਕਾਂ ਨੂੰ ਵੰਡ ਕੇ ਦੇਖਿਆ-ਸਮਝਿਆ ਜਾਂਦਾ ਹੈ, ਪਰ ਦੁਨੀਆਂ ਦੇ ਮਹਾਨ ਚਿੰਤਕ ਕਾਰਲ ਮਾਰਕਸ (ਜਿਸ ਦਾ ਜਨਮ ਦਿਨ 5 ਮਈ ਨੂੰ ਹੈ) ਨੇ ਸਪਸ਼ਟ ਤੌਰ ’ਤੇ ਇਹ ਵਿਸ਼ਲੇਸ਼ਣ ਪੇਸ਼ ਕੀਤਾ ਕਿ ਦੁਨੀਆਂ ਵਿੱਚ ਸਿਰਫ਼ ਦੋ ਵਰਗ ਹਨ; ਇੱਕ ਮਾਲਕਾਂ ਦਾ ਤੇ ਦੂਸਰਾ ਮਜ਼ਦੂਰਾਂ-ਕਾਮਿਆਂ ਦਾ।
ਪੂੰਜੀਵਾਦ ਦਾ ਇੱਕੋ ਇੱਕ ਕੇਂਦਰੀ ਨੁਕਤਾ, ਇੱਕ ਅਹਿਮ ਮੰਤਰ ਹੈ- ਮੁਨਾਫ਼ਾ। ਇਸ ਪਹਿਲੂ ਤੋਂ ਜਦੋਂ ਵਿਚਾਰਾਂ ਹੁੰਦੀਆਂ ਹਨ ਤਾਂ ਕਈ ਵਾਰ ਕੁਝ ਸੰਕੇਤ ਇਸ ਪੂੰਜੀਵਾਦੀ ਮਾਨਸਿਕਤਾ ਵੱਲ ਜਾਂਦੇ ਹਨ।
ਸ਼ੁਰੂ ਤੋਂ ਹੀ ਕਰੋਨਾ ਨੂੰ ਲੈ ਕੇ ਦਵਾਈਆਂ ਦੇ ਇਲਾਜ ਤੋਂ ਵੱਧ, ਵੈਕਸੀਨ ਦੀ ਗੱਲ ਹੁੰਦੀ ਰਹੀ। ਹੁਣ ਵੀ ਜਦੋਂ ਚਾਰ ਮਹੀਨੇ ਬਾਅਦ ਇਸ ਦਿਸ਼ਾ ਵਿੱਚ ਲੱਗੇ ਕਈ ਮੁਲਕਾਂ ਦੇ ਨਾਂ ਗਿਣੇ ਜਾ ਸਕਦੇ ਹਨ ਤਾਂ ਮੋਹਰੀ ਰੂਪ ਵਿੱਚ ਅਮਰੀਕਾ ਅਤੇ ਚੀਨ ਦੀਆਂ ਕੰਪਨੀਆਂ ਹੀ ਗਿਣੀਆਂ ਜਾਂਦੀਆਂ ਹਨ। ਅੱਜ ਦੁਨੀਆਂ ਵਿੱਚ ਹਥਿਆਰਾਂ ਤੋਂ ਵੀ ਵੱਧ ਮੁਨਾਫ਼ਾ ਕਮਾਉਣ ਵਾਲੀ ਸਨਅਤ ਦਵਾਈਆਂ ਅਤੇ ਵੈਕਸੀਨ ਦੀ ਹੈ।
ਇਸ ਬਿਮਾਰੀ ਨੇ ਸਰਮਾਏਦਾਰੀ ਦੇ ਚਿਹਰੇ ਨੂੰ ਹੋਰ ਵੀ ਕਈ ਪੱਖਾਂ ਤੋਂ ਨੰਗਾ ਕੀਤਾ ਹੈ, ਜਦੋਂ ਯੂਰਪੀਅਨ ਯੂਨੀਅਨ ਦੇ ਨਾਂ ’ਤੇ ਬਾਰਡਰ ਰਹਿਤ ਦੇਸ਼ਾਂ ਨੇ ਇੱਕ ਦੂਸਰੇ ਦਾ ਹੱਥ ਫੜਨ ਦੀ ਜਗ੍ਹਾ ਆਪੋ-ਆਪਣੇ ਦੇਸ਼ਾਂ ਦੇ ਬਾਰਡਰ ਸੀਲ ਕਰ ਦਿੱਤੇ। ਇਸੇ ਦੌਰਾਨ ਅਮਰੀਕਾ ਵਿੱਚ ਤੇਜ਼ੀ ਨਾਲ ਫੈਲੇ ਵਾਇਰਸ ਨਾਲ ਆਪਣੀਆਂ ਗ਼ਲਤ ਨੀਤੀਆਂ ਨੂੰ ਵਿਚਾਰਨ ਦੀ ਜਗ੍ਹਾ, ਟੈਕਸਸ ਸਟੇਟ ਦੇ ਗਵਰਨਰ ਡਾਨਪੈਟਰਿਕਨ ਨੇ ਕਿਹਾ ਕਿ ਬਜ਼ੁਰਗ ਲੋਕਾਂ ਨੂੰ ਅਮਰੀਕੀ ਅਰਥਚਾਰੇ ਲਈ ਆਪਣੀ ਜਾਨ ਦੇ ਦੇਣੀ ਚਾਹੀਦੀ ਹੈ ਤੇ ਅਮਰੀਕਾ ਦੇ ਖ਼ਰਬਪਤੀ ਟੌਮ ਗੈਲੀਸੈਨੋ ਨੇ ਇੰਟਰਵਿਊ ਵਿੱਚ ਕਿਹਾ ਕਿ ਅਰਥ-ਵਿਵਸਥਾ ਨੂੰ ਬੰਦ ਕਰਨ ਨਾਲੋਂ ਚੰਗਾ ਹੈ ਕਿ ਕੁਝ ਲੋਕ ਮਰ ਜਾਣ।
ਵਾਇਰਸ ਤੋਂ ਬਚਾਅ ਸਬੰਧੀ ਵੈਕਸੀਨ ਦੀ ਭੂਮਿਕਾ ਹਮੇਸ਼ਾ ਸਵਾਲਾਂ ਦੇ ਘੇਰੇ ਵਿੱਚ ਰਹੀ ਹੈ। ਕਰੋਨਾ ਦੇ ਤਿੰਨ ਤੋਂ ਚਾਰ ਸਟਰੇਨ (ਕਿਸਮਾਂ) ਬਾਰੇ ਚਰਚਾ ਹੋ ਰਹੀ ਹੈ। ਸਵਾਈਨ ਫਲੂ, ਸਾਰਸ ਆਦਿ ਇਸੇ ਪਰਿਵਾਰ ਤੋਂ ਹਨ ਤੇ ਵੈਕਸੀਨ ਵਿਕਸਤ ਕੀਤੇ ਗਏ, ਪਰ ਉਹ ਇਸ ਹਾਲਤ ਵਿੱਚ ਕਿੰਨੇ ਕੁ ਅਸਰਦਾਰ ਹਨ ਜਾਂ ਉਨ੍ਹਾਂ ਦੇ ਫਿਰ ਤੋਂ ਫੈਲਣ ’ਤੇ ਵੀ ਕਿੰਨਾ ਕੁ ਬਚਾਅ ਹੋਵੇਗਾ, ਕਈ ਸਵਾਲ ਹਨ।
ਵੈਕਸੀਨ ਦੀ ਸਨਅਤ, ਦਵਾਈਆਂ ਤੋਂ ਵੀ ਅੱਗੇ ਨਿਕਲ ਗਈ ਹੈ। ਦਵਾਈ ਦਾ ਨਿਸ਼ਾਨਾ ਦਸ ਫ਼ੀਸਦੀ ਲੋਕ ਵੀ ਨਹੀਂ ਹੁੰਦੇ, ਜਿਨ੍ਹਾਂ ਨੂੰ ਕੋਈ ਲੱਛਣ ਹੁੰਦਾ ਹੈ, ਪਰ ਵੈਕਸੀਨ ਦੇ ਘੇਰੇ ਵਿੱਚ ਸੌ ਫ਼ੀਸਦੀ ਆਬਾਦੀ ਆ ਜਾਂਦੀ ਹੈ। ਨਾਲੇ ਵੈਕਸੀਨ ਕੋਈ ਤਾਉਮਰ ਦਾ ਇਲਾਜ ਵੀ ਨਹੀਂ। ਹਰ ਵਾਰੀ ਨਵਾਂ ਵਾਇਰਸ ਹੋਣਾ ਤਾਂ ਵੱਖਰੀ ਗੱਲ ਹੈ, ਭਾਵੇਂ ਬਿਲਕੁਲ ਉਹੀ ਵਾਇਰਸ ਹੋਵੇ, ਮੌਸਮ ਪੂਰੇ ਹੋਣ ’ਤੇ ਹਦਾਇਤ ਹੋਵੇਗੀ ਕਿ ਟੀਕਾਕਰਨ ਕਰਵਾਓ। ਸੋਚੋ! ਕਿੰਨਾ ਵੱਡਾ ਬਾਜ਼ਾਰ ਹੈ। ਦੁਨੀਆਂ ਦੀ ਆਬਾਦੀ 8 ਅਰਬ ਤੋਂ ਵੱਧ ਹੈ, ਬਿਮਾਰ ਇਸ ਸਿਮਾਰੀ ਨਾਲ 38 ਲੱਖਹੋਏ ਹਨ, ਠੀਕ ਵੀ ਹੋਏ, ਮਰੇ ਵੀ ਹਨ। ਭਾਰਤ ਵਿੱਚ 53 ਹਜ਼ਾਰ ਲੋਕ ਬਿਮਾਰ ਹੋਏ ਹਨ। ਸਵਾਲ ਦੀ ਘੋਖ ਕਰਨਾ ਤਾਂ ਵਾਜਬ ਹੈ, ਭਾਵੇਂ ਇਸ ਨਾਲ ਜੁੜੇ ਹੋਰ ਵੀ ਪਹਿਲੂ ਹਨ।
*****
(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(2112)
(ਸਰੋਕਾਰ ਨਾਲ ਸੰਪਰਕ ਲਈ:This email address is being protected from spambots. You need JavaScript enabled to view it.)