ShyamSDeepti7ਸੁਚੇਤ ਰਹਿਣਾ ਜ਼ਰੂਰੀ ਹੈ ਪਰ ਡਰ ਕੋਈ ਹੱਲ ਨਹੀਂ ਹੈ। ਖਾਸ ਕਰਕੇ ਉਹ ਹੱਲ ਜੋ ...
(7 ਜਨਵਰੀ 2022)

 

ਬਿਮਾਰੀ ਅਤੇ ਡਰ, ਇੱਕ ਸਹਿਜ ਰਿਸ਼ਤਾ ਮੰਨਿਆ ਜਾ ਸਕਦਾ ਹੈ ਕਿਉਂਕਿ ਬਿਮਾਰੀ ਦਾ ਰਿਸ਼ਤਾ ਦੁੱਖ ਤਕਲੀਫ਼, ਦਰਦ ਨਾਲ ਤਾਂ ਹੈ ਹੀ। ਸਾਡੇ ਵਰਗੇ ਗਰੀਬ ਮੁਲਕ ਵਿੱਚ ਬਿਮਾਰੀ ਨੂੰ ਲੈ ਕੇ ਇਲਾਜ ਲਈ ਖਰਚ, ਬਿਮਾਰ ਆਦਮੀ ਦੀ ਦਿਹਾੜੀ ਤੋਂ ਛੁੱਟੀ, ਖਾਸਕਰ ਉਸ ਹਾਲਤ ਵਿੱਚ ਜਿੱਥੇ ਤਕਰੀਬਨ ਇੱਕ ਚੌਥਾਈ ਲੋਕ ਗਰੀਬੀ ਰੇਖਾ ਤੋਂ ਥੱਲੇ ਰਹਿੰਦੇ ਹੋਣ। ਡਰ ਦਾ ਅਹਿਸਾਸ ਬਿਮਾਰੀ ਤੋਂ ਵੱਧ ਆਰਥਿਕਤਾ ਨਾਲ ਜਾ ਜੁੜਦਾ ਹੈ ਕਿਉਂਕਿ ਆਖਰ ਇਹ ਰੋਟੀ ਨਾਲ ਜਾ ਜੁੜਦਾ ਹੈ। ਕੋਵਿਡ-19 ਦੀ ਪਹਿਲੀ ਅਤੇ ਦੂਸਰੀ ਲਹਿਰ ਵੇਲੇ ਵੀ, ਜਿਸ ਤਰ੍ਹਾਂ ਅਸੀਂ ਇਸ ਹਾਲਤ ਨਾਲ ਨਜਿੱਠਿਆ, ਉਹ ਗੈਰ-ਵਿਗਿਆਨਕ ਵੀ ਸੀ ਤੇ ਸਮਾਜਿਕ ਤੌਰ ’ਤੇ ਲੋਕਾਂ ਬਾਰੇ ਸਮਝ ਤੋਂ ਪਰੇ ਸੀ। ਕੀ ਅਸੀਂ ਸੱਚੀਓਂ ਹੀ ਲੌਕਡਾਊਨ ਬਰਦਾਸ਼ਤ ਕਰ ਸਕਦੇ ਸੀ? ਉਂਜ ਵੀ ਲੌਕਡਾਊਨ ਨੇ ਸਥਿਤੀ ਨੂੰ ਸੰਭਾਲਣ ਵਿੱਚ ਕੋਈ ਕਾਰਗਰ ਭੂਮਿਕਾ ਨਹੀਂ ਨਿਭਾਈ।

ਪੂਰੇ ਕਰੋਨਾ ਕਾਲ ਨੂੰ ਮੈਡੀਕਲ ਨਜ਼ਰੀਏ ਤੋਂ ਦੇਖੀਏ ਜਾਂ ਸਮਝੀਏ ਤਾਂ ਸਥਿਤੀ ਹੋਰ ਸਪਸ਼ਟ ਹੋ ਜਾਵੇਗੀ ਕਿ ਇਸ ਦੌਰਾਨ ਕੁਲ 3 ਕਰੋੜ 48 ਲੱਖ ਲੋਕਾਂ ਨੂੰ ਆਰ.ਟੀ.ਪੀ.ਸੀ.ਆਰ (ਕਰੋਨਾ ਦਾ ਟੈਸਟ) ਪੌਜ਼ੇਟਿਵ ਆਇਆ ਅਤੇ ਉਸ ਵਿੱਚੋਂ ਚਾਰ ਲੱਖ 13 ਹਜ਼ਾਰ ਮਰੀਜ਼ਾਂ ਦੀ ਮੌਤ ਹੋਈ, ਜੋ ਕਿ ਅੱਧਾ ਫੀਸਦੀ (0.48%) ਬਣਦੀ ਹੈ। ਇਹ ਕਿਸੇ ਵੀ ਹੋਰ ਬਿਮਾਰੀ ਦੇ ਮੁਕਾਬਲੇ ਕਿਸੇ ਵੀ ਤਰ੍ਹਾਂ ਗੰਭੀਰਤਾ ਵਾਲਾ ਤੱਥ ਨਹੀਂ ਹੈ। ਹੁਣ ਜੇਕਰ ਇਨ੍ਹਾਂ ਮੌਤਾਂ ਨੂੰ ਉਮਰ ਦੇ ਲਿਹਾਜ਼ ਨਾਲ ਵਿਸ਼ਲੇਸ਼ਿਤ ਕਰਾਂਗੇ ਤਾਂ ਇਨ੍ਹਾਂ ਵਿੱਚ ਬਹੁਤੇ 70 ਸਾਲ ਤੋਂ ਵੱਧ ਸੀ ਜਾਂ ਕਿਸੇ ਹੋਰ ਬਿਮਾਰੀ ਨਾਲ ਜੂਝ ਰਹੇ ਸੀ। ਇੱਕ ਤੱਥ ਜੋ ਬਿਮਾਰੀ ਨੂੰ ਲੋਕਾਂ ਦੇ ਡਰ ਦਾ ਹਿੱਸਾ ਬਣਾ ਰਿਹਾ ਸੀ, ਉਹ ਸੀ ਪੂਰੀ ਦੁਨੀਆਂ ਵਿੱਚ ਇਸਦਾ ਫੈਲਾਅ। ਇਸ ਸਮੇਂ ਨੂੰ ਲੈ ਕੇ ਕਈ ਵਿਗਿਆਨੀਆਂ ਦਾ ਕਹਿਣਾ ਹੈ ਕਿ ਇਹ ਕਰੋਨਾ ਮਹਾਂਮਾਰੀ ਨਹੀਂ ਸੀ, ਮਤਲਬ ਪੌਜ਼ੇਟਿਵ ਕੇਸਾਂ ਦੀ ਗਿਣਤੀ ਤੋਂ ਹੀ ਡਰਦੇ-ਡਰਾਉਂਦੇ ਰਹੇ।

ਹੁਣ ਪੂਰੇ ਦੋ ਸਾਲ ਬਾਅਦ, ਕਰੋਨਾ ਦੇ ਇਸ ਨਵੇਂ ਰੂਪ-ਓਮੀਕਰੋਨ ਦੇ ਪਤਾ ਚੱਲ ਜਾਣ ’ਤੇ, ਜੋ ਕਿ ਵਾਇਰਸ ਦਾ ਕੁਦਰਤੀ ਗੁਣ ਹੈ, ਉਸ ਦੇ ਫੈਲਾਅ ਨੂੰ ਲੈ ਕੇ, ਉਸ ਦੀ ਟੈਸਟਾਂ ਦੀ ਗਿਣਤੀ ਕਰਕੇ, ਫਿਰ ਤੋਂ ਉਹੀ ਸਥਿਤੀ ਬਣਾਈ ਜਾ ਰਹੀ ਹੈ। ਮੀਡੀਆ ’ਤੇ ਫਿਰ ਤੋਂ ਉਹੀ ਖ਼ਬਰਾਂ ਹਨ। ਆਰ ਫੈਕਟਰ, ਫੈਲਾਅ ਦਰ, ਦੁੱਗਣੇ ਹੋ ਰਹੇ ਕੇਸ, ਠੀਕ ਹੋ ਰਹੇ ਮਰੀਜ਼ ਆਦਿ। ਸਿਹਤ ਵਿਭਾਗ ਫਿਰ ਤੋਂ ਸਰਗਰਮ ਹੋਇਆ ਹੈ। ਸਿਹਤ ਮਾਹਿਰ ਇੱਕ ਵਾਰ ਫਿਰ ਤੋਂ ਪਰਦੇ ਦੇ ਪਿੱਛੇ ਹਨ। ਜਿੱਥੇ ਕਿਤੇ ਕੋਈ ਜ਼ਿੰਮੇਵਾਰ ਮੀਡੀਆ ਜਾਂ ਕੁਝ ਸੋਸ਼ਲ ਮੀਡੀਆ ਵਾਲੇ, ਡਾਕਟਰਾਂ/ਸਿਹਤ ਮਾਹਿਰਾਂ ਵੱਲ ਹੁੰਦੇ ਹਨ ਤਾਂ ਉਹ ਇਸ ਨੂੰ ਮਾਮੂਲੀ, ਆਮ ਫਲੂ ਦੱਸ ਰਹੇ ਹਨ। ਜਿੱਥੇ ਸਰਕਾਰ ਕਹਿ ਰਹੀ ਹੈ, ਉਹ ਸੁਚੇਤ ਕਰ ਰਹੇ ਹਨ। ਇਹ ਗੱਲ ਕਈ ਦਿਨਾਂ ਤੋਂ ਆ ਰਹੀ ਹੈ ਕਿ ਇਹ ਡੈਲਟਾ ਵਾਲੇ ਰੂਪ ਤੋਂ ਕਾਫ਼ੀ ਘੱਟ ਘਾਤਕ ਹੈ। ਇਹ ਨੱਕ, ਗਲੇ ਤਕ ਰਹਿੰਦਾ ਹੈ ਤੇ ਫੇਫੜਿਆਂ ਤਕ ਨਹੀਂ ਪਹੁੰਚਦਾ। ਇਸ ਤਰ੍ਹਾਂ ਸਾਹ ਦੀ ਤਕਲੀਫ਼ ਦੇਖਣ ਵਿੱਚ ਨਹੀਂ ਆ ਰਹੀ ਹੈ।

ਇਸ ਸਾਰੀ ਸਥਿਤੀ ਦੇ ਮੱਦੇਨਜ਼ਰ ਨਾ ਹੀ ਆਈ.ਸੀ.ਯੂ. ਦੀ ਲੋੜ ਪੈ ਰਹੀ ਹੈ ਤੇ ਨਾ ਹੀ ਆਕਸੀਜਨ ਦੀ ਘਾਟ ਦੇਖਣ ਨੂੰ ਮਿਲ ਰਹੀ ਹੈ। ਇਸੇ ਸਥਿਤੀ ਦੇ ਨਤੀਜੇ ਵਜੋਂ ਮੌਤ ਦਰ ਵੀ ਬਹੁਤ ਘੱਟ ਹੈ।

ਪਰ ਸਰਕਾਰ ਜਿਸ ਤਰ੍ਹਾਂ ਸਥਿਤੀ ਨੂੰ ਪੇਸ਼ ਕਰ ਰਹੀ ਹੈ, ਉਹ ਹਰ ਤਰ੍ਹਾਂ ਡਰਾਉਣ ਵਾਲੀ ਹੀ ਹੈ। ਰਾਤ ਦਾ ਕਰਫਿਊ, ਇੱਕ ਵਾਰੀ ਫਿਰ ਲੋਕਾਂ ਨੂੰ ਤਾਲਾਬੰਦੀ ਦੀ ਯਾਦ ਕਰਵਾ ਰਿਹਾ ਹੈ। ਰਾਤ ਦਾ ਕਰਫਿਊ ਸਰਕਾਰ ਵੱਲੋਂ ਪਤਾ ਨਹੀਂ ਕਿਸ ਮੰਸ਼ਾ ਨਾਲ ਲਗਾਇਆ ਜਾ ਰਿਹਾ ਹੈ, ਪਰ ਇਹ ਗੈਰ-ਸੰਜੀਦਗੀ ਹੀ ਪੈਦਾ ਕਰਦਾ ਹੈ। ਭਾਵੇਂ ਕ੍ਰਿਸਮਸ ਸੀ ਤੇ ਭਾਵੇਂ ਨਵੇਂ ਸਾਲ ਦੇ ਜਸ਼ਨ, ਕਿਸੇ ਵੀ ਵੇਲੇ, ਸ਼ਾਮ ਦੀ ਭੀੜ ਤੋਂ ਵੱਧ ਥੋੜ੍ਹਾ ਹੋਣਾ ਸੀ? ਕਰਫਿਊ ਰਾਤ ਨੂੰ ਗਿਆਰਾਂ ਤੋਂ ਸਵੇਰੇ ਪੰਜ ਵਜੇ ਤਕ, ਉਹ ਵੀ ਪੋਹ ਮਹੀਨੇ ਵਿਚ, ਜਦੋਂ ਲੋਕ ਘਰਾਂ ਵਿੱਚ ਰਹਿਣ ਨੂੰ ਤਰਜੀਹ ਦਿੰਦੇ ਹਨ।

ਇਹ ਵੀ ਕਿਹਾ ਜਾ ਰਿਹਾ ਹੈ ਕਿ ਹਜ਼ਾਰ-ਦੋ ਹਜ਼ਾਰ ਕੇਸ ਤਾਂ ਟੈਸਟਾਂ ਰਾਹੀਂ ਆ ਰਹੇ ਹਨ, ਉਂਜ ਕੇਸ ਲੱਖਾਂ ਵਿੱਚ ਹਨ। ਜੇਕਰ ਹਨ ਵੀ, ਪਰ ਤਕਲੀਫ਼ ਨਹੀਂ ਹੈ, ਮਾਮੂਲੀ ਲੱਛਣ ਹਨ ਤਾਂ ਫਿਰ ਖੌਫ਼ ਕਿਉਂ ਹੈ? ਅਸੀਂ ਸਥਿਤੀ ਪ੍ਰਤੀ ਸੁਚੇਤ ਜ਼ਰੂਰ ਹੋਈਏ, ਲੋਕਾਂ ਨੂੰ ਸਮਝਾਈਏ ਕਿ ਬਚ ਕੇ ਰਹਿਣ। ਇਹ ਗੱਲ ਸਹੀ ਹੈ ਕਿ ਮੈਡੀਕਲ ਵਿਗਿਆਨ ਦਾ ਵਿਦਿਆਰਥੀ ਹੋਣ ਦੇ ਨਾਤੇ, ਇਹ ਮੰਸ਼ਾ ਹਮੇਸ਼ਾ ਰਹੀ ਹੈ ਕਿ ਸਾਰੇ ਸਿਹਤਮੰਦ ਰਹਿਣ, ਜ਼ੁਕਾਮ-ਬੁਖਾਰ ਵੀ ਕਿਉਂ ਹੋਵੇ? ਜ਼ੁਕਾਮ-ਬੁਖਾਰ ਨਾਲ ਵੀ ਸਰੀਰ ਤਕਲੀਫ਼ ਵਿੱਚੋਂ ਲੰਘਦਾ ਹੈ ਤੇ ਪਰੇਸ਼ਾਨੀ ਹੁੰਦੀ ਹੀ ਹੈ। ਪਰ ਡਰਾ ਕੇ ਤਾਂ ਸਥਿਤੀ ਸਗੋਂ ਵਿਗੜਦੀ ਹੈ। ਮੰਸ਼ਾ ਜੇ ਭੀੜ ਨੂੰ ਰੋਕਣ ਦੀ ਹੈ ਤਾਂ ਸ਼ਾਮੀ ਤਿੰਨ ਤੋਂ ਪੰਜ ਵਜੇ ਤਕ ਸਮਾਂ ਵੱਧ ਭੀੜ ਦਾ ਹੁੰਦਾ ਹੈ ਤੇ ਭੀੜ ਪ੍ਰਤੀ ਫਿਕਰਮੰਦੀ ਚੋਣ ਰੈਲੀਆਂ ਵੇਲੇ ਕਿੱਥੇ ਗਾਇਬ ਹੋ ਜਾਂਦੀ ਹੈ?

ਸਥਿਤੀ ਦਾ ਜ਼ਿਕਰ ਕਰਦਿਆਂ, ਇਹ ਵੀ ਗੱਲ ਆ ਰਹੀ ਹੈ ਕਿ ਇਹ ਵਾਇਰਸ ਅਮਰੀਕਾ-ਯੂਰੋਪ ਵਿੱਚ ਬਹੁਤ ਤੇਜ਼ੀ ਨਾਲ ਫੈਲ ਰਿਹਾ ਹੈ ਤੇ ਸਾਡੇ ਮੁਲਕ ਵਿੱਚ ਤਾਂ ਕਰੋਨਾ ਦੀ ਸੁਨਾਮੀ ਆ ਸਕਦੀ ਹੈ। ਅਸੀਂ ਅਮਰੀਕਾ ਯੂਰੋਪ ਨਾਲ ਆਪਣੇ ਮੁਲਕ ਦੀ ਤੁਲਨਾ ਕਿਸ ਆਧਾਰ ’ਤੇ ਕਰਦੇ ਹਾਂ। ਸਾਡੇ ਮੁਲਕ ਵਿੱਚ ਤਾਂ ਖਾਂਸੀ ਜ਼ੁਕਾਮ ਦੀ ਸੁਨਾਮੀ ਹਰ ਵਾਰੀ ਸਰਦੀਆਂ ਵਿੱਚ ਆਉਂਦੀ ਹੀ ਹੈ। ਸਾਡੇ ਮੁਲਕ ਵਿੱਚ ਸਾਹ ਦੀਆਂ ਬਿਮਾਰੀਆਂ ਲਈ ਮੌਸਮ ਤੋਂ ਇਲਾਵਾ ਪ੍ਰਦੂਸ਼ਣ ਵੀ ਇੱਕ ਅਹਿਮ ਕਾਰਨ ਹੈ। ਯੂਰੋਪ ਅਤੇ ਅਮਰੀਕਾ ਦਾ ਪਰੇਸ਼ਾਨ ਹੋਣਾ ਵਾਜਬ ਹੈ ਕਿਉਂਕਿ ਉਨ੍ਹਾਂ ਨੇ ਸਾਹ ਦੀਆਂ, ਜੀਵਾਣੂ-ਵਿਸ਼ਾਣੂ ਨਾਲ ਹੋਣ ਵਾਲੀਆਂ ਬਿਮਾਰੀਆਂ ਨੂੰ ਆਪਣੀ ਬਿਮਾਰੀਆਂ ਦੀ ਸੂਚੀ ਵਿੱਚੋਂ ਕੱਢ ਹੀ ਦਿੱਤਾ ਹੈ। ਉਹ ਤਾਂ ਹੁਣ ਲੰਮੀ ਉਮਰ ਦੀਆਂ ਬਿਮਾਰੀਆਂ, ਸ਼ੂਗਰ ਅਤੇ ਦਿਲ ਦੀਆਂ ਬਿਮਾਰੀਆਂ ਨਾਲ ਜੂਝ ਰਹੇ ਹਨ। ਸਾਡੇ ਮੁਲਕ ਵਿੱਚ ਬਿਮਾਰੀਆਂ ਦੇ ਬੋਝ ਦੀ ਸੂਚੀ ਵਿਚ ਸਾਹ ਦੀਆਂ ਬਿਮਾਰੀਆਂ ਪਹਿਲੀਆਂ ਪੰਜ ਮੁੱਖ ਬਿਮਾਰੀਆਂ ਵਿੱਚੋਂ ਇੱਕ ਹਨ।

ਪਿਛਲੇ ਸਾਲ ਦੌਰਾਨ ਕਰੋਨਾ ਨਾਲ ਨਜਿੱਠਦੇ ਹੋਏ ਪੁਲਿਸ ਨੂੰ ਖੁੱਲ੍ਹਾ ਹੱਥ ਦਿੱਤਾ ਗਿਆ। ਸੜਕਾਂ ’ਤੇ ਬੈਰੀਕੇਡ ਨਜ਼ਰ ਆਏ। ਸਰਕਾਰ ਮੁਤਾਬਕ ਇਹ ਗੱਲਾਂ ਤਾਂ ਕਰਨੀਆਂ ਪਈਆਂ, ਕਿਉਂਕਿ ਕਾਰਗਰ ਇਲਾਜ ਨਹੀਂ ਸੀ। ਨਾਲ ਦੀ ਨਾਲ ਵੈਕਸੀਨ ਦਾ ਇੰਤਜ਼ਾਰ ਕਰਨ ਲਈ ਕਿਹਾ ਗਿਆ ਤੇ ਵੈਕਸੀਨ ਨੂੰ ਇਸਦਾ ਅਸਲੀ/ਕਾਰਗਰ ਹਥਿਆਰ ਕਿਹਾ ਗਿਆ। ਵੈਕਸੀਨ ਆਈ ਅਤੇ ਲੱਗਣੀ ਸ਼ੁਰੂ ਹੋਈ। ਵਾਇਰਸ ਨੇ ਵੀ ਆਪਣੀ ਮਾਰ ਨੂੰ ਹਲਕਾ ਕਰ ਲਿਆ। ਵੈਕਸੀਨ ਲਗਵਾਉਣ ਨੂੰ ਲੈ ਕੇ, ਤੇਜ਼ੀ ਤਾਂ ਦਿਖਾਈ ਗਈ, ਨਾਲ ਹੀ ਡਰ ਅਤੇ ਧਮਕੀਆਂ ਵੀ। ਤਨਖਾਹ ਬੰਦ ਕਰਨ ਤਕ ਦੇ ਹੁਕਮ ਹੋਏ ਪਰ ਫਿਰ ਵੀ ਟੀਕਾਕਰਨ ਦੀ ਜੋ ਰਫ਼ਤਾਰ ਮਿਥੀ ਗਈ ਸੀ, ਉਹ ਪੂਰੀ ਨਹੀਂ ਹੋਈ। ਅੱਜ ਵੀ ਸਾਡੇ ਮੁਲਕ ਵਿੱਚ ਅੱਧੀ ਆਬਾਦੀ ਨੂੰ ਵੀ ਪੂਰਾ ਟੀਕਾਕਰਨ (ਦੋ ਖੁਰਾਕਾਂ) ਨਹੀਂ ਲੱਗੇ ਹਨ।

ਓਮੀਕਰੋਨ ’ਤੇ ਇਹ ਟੀਕਾ ਪ੍ਰਭਾਵੀ ਹੈ ਜਾਂ ਨਹੀਂ, ਇਹ ਪਤਾ ਲਗਣਾ ਹੈ ਪਰ ਫਿਰ ਵੀ ਇਹ ਗੱਲ ਕਹੀ ਜਾ ਰਹੀ ਹੈ ਕਿ ਓਮੀਕਰੋਨ ਦਾ ਖ਼ਤਰਾ ਸਭ ਲਈ ਹੈ, ਪਰ ਜਿਸ ਨੇ ਟੀਕਾਕਰਨ ਪੂਰਾ ਕੀਤਾ ਹੈ, ਉਸ ’ਤੇ ਇਸਦਾ ਘਾਤਕ ਅਸਰ ਦੇਖਣ ਨੂੰ ਨਹੀਂ ਮਿਲ ਰਿਹਾ। ਇਸ ਤਰ੍ਹਾਂ ਓਮੀਕਰੋਨ ਦੇ ਬਹਾਨੇ ਇੱਕ ਵਾਰੀ ਫਿਰ ਵੈਕਸੀਨ ’ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਜਿੱਥੇ ਪਹਿਲਾਂ ਮਾਸਕ ਨਾ ਪਾਉਣ ਵਾਲੇ ਲਈ ਸਖ਼ਤੀ ਸੀ, ਜੁਰਮਾਨਾ ਸੀ, ਹੁਣ ਉਸ ਵਿੱਚ ਟੀਕਾਕਰਨ ਦਾ ਸਰਟੀਫਿਕੇਟ ਵੀ ਜੋੜ ਦਿੱਤਾ ਗਿਆ ਹੈ। ਪਬਲਿਕ ਥਾਂਵਾਂ ’ਤੇ ਜਾਣ ਲਈ ਦੋ ਖੁਰਾਕਾਂ ਟੀਕਾਕਰਨ ਜ਼ਰੂਰੀ ਹੈ ਨਹੀਂ ਤਾਂ ਜੁਰਮਾਨਾ।

ਇਹ ਸਭ ਫ਼ਿਕਰਮੰਦੀ ਹੈ ਜਾਂ ਤਾਨਾਸ਼ਾਹੀ ਫੁਰਮਾਨ। ਜੇਕਰ ਫ਼ਿਕਰਮੰਦੀ ਹੈ ਤਾਂ ਕਰੋਨਾ ਨਾਲ ਸਰਕਾਰਾਂ ਦਾ ਕੀ ਖਾਸ ਲਗਾਵ ਹੈ। ਕੁਝ ਮਹੀਨੇ ਪਹਿਲਾਂ ਉੱਤਰੀ ਭਾਰਤ ਵਿੱਚ ਡੇਂਗੂ ਦਾ ਕਹਿਰ ਸੀ। ਕਿਸੇ ਨੂੰ ਬੈੱਡ ਨਹੀਂ ਸੀ ਮਿਲ ਰਿਹਾ ਤੇ ਕਿਸੇ ਟੀ.ਵੀ. ਜਾਂ ਅਖਬਾਰ ਵਿੱਚ ਛੋਟੀ ਮੋਟੀ ਖ਼ਬਰ ਵੀ ਨਹੀਂ ਸੀ।

ਜੇਕਰ ਸੱਚਮੁੱਚ ਹੀ ਇਹ ਕੋਈ ਸੱਮਸਿਆ ਹੈ ਤਾਂ ਹੁਣ ਲੋਕ ਗੱਲਾਂ ਕਰ ਰਹੇ ਹਨ ਕਿ ਪਹਿਲਾ ਕੇਸ ਅਫਰੀਕਾ ਵਿੱਚ ਆਇਆ ਤਾਂ ਉਦੋਂ ਸਰਕਾਰ ਨੇ ਅਫਰੀਕਾ ਤੋਂ ਉਡਾਣਾਂ ਬੰਦ ਕਿਉਂ ਨਹੀਂ ਕੀਤੀਆਂ? ਚਲੋ, ਜੇ ਉਹ ਸੰਭਵ ਨਹੀਂ ਸੀ ਤਾਂ ਫਿਰ ਏਅਰ ਪੋਰਟ ਤੋਂ ਬਾਹਰ ਆਉਣ ਦਾ ਰਸਤਾ ਕਿਉਂ ਖੁੱਲ੍ਹਾ ਛੱਡ ਦਿੱਤਾ ਗਿਆ। ਹੁਣ ਜਿੱਥੇ ਕਿਤੇ ਵੀ ਕੇਸ ਲੱਭ ਰਹੇ ਹਨ, ਉਨ੍ਹਾਂ ਦਾ ਪਿਛੋਕੜ ਵਿਦੇਸ਼ਾਂ ਨਾਲ ਜਾ ਜੁੜਦਾ ਹੈ ਜਾਂ ਕਿਤੇ ਕਿਤੇ ਉਹ ਦੂਰ ਪਰੇ ਦਾ ਵੀ ਸੰਬੰਧ ਨਹੀਂ ਰੱਖਦੇ।

ਵਿਸ਼ਵ ਸਿਹਤ ਸੰਸਥਾ ਵੀ ਰੋਜ਼ ਹਿਦਾਇਤਾਂ ਜਾਰੀ ਕਰ ਰਹੀ ਹੈ। ਉੁਹ ਪੂਰੇ ਵਿਸ਼ਵ ਲਈ ਹੁੰਦੀਆਂ ਹਨ। ਉਹ ਸੁਚੇਤ ਰਹਿਣ ਲਈ ਕਹਿ ਰਹੀ ਹੈ। ਹੁਣ ਸੁਚੇਤ ਰਹਿਣ ਨੂੰ ਕੋਈ ਕਿਵੇਂ ਲੈਂਦਾ ਹੈ, ਉਹ ਦੇਸ਼ਾਂ ਦੀ ਕਾਰਗੁਜ਼ਾਰੀ ’ਤੇ ਨਿਰਭਰ ਕਰਦਾ ਹੈ। ਦੇਸ਼ ਅੰਦਰ ਵੀ, ਸਾਡੇ ਮੁਲਕ ਨੇ ਇਹ ਹੁਣ ਰਾਜਾਂ ਨੂੰ ਅਧਿਕਾਰ ਦਿੱਤਾ ਹੈ ਕਿ ਉਹ ਆਪਣੇ ਰਾਜ ਦੀ ਸਥਿਤੀ ਮੁਤਾਬਕ ਨਜਿੱਠਣ। ਦਿੱਲੀ ਅਤੇ ਮਹਾਰਾਸ਼ਟਰ ਮੋਹਰੀ ਹਨ। ਮੱਧ ਪ੍ਰਦੇਸ਼ ਵਿੱਚ ਵੀ ਰਾਤ ਦਾ ਕਰਫਿਉ ਲੱਗਦਾ ਹੈ, ਜਿੱਥੇ ਕੋਈ ਕੇਸ ਨਹੀਂ ਹੈ। ਯੂ.ਪੀ. ਵਰਗੇ ਪ੍ਰਦੇਸ਼ ਵਿੱਚ ਸਭ ਠੀਕ ਹੈ ਕਿਉਂਕਿ ਚੋਣਾਂ ਹਨ ਤੇ ਲੱਖਾਂ ਦੀ ਆਬਾਦੀ ਇਕੱਠੀ ਕਰਕੇ ਰੈਲੀਆਂ ਕਰਨੀਆਂ ਹਨ।

ਸੁਚੇਤ ਰਹਿਣਾ ਜ਼ਰੂਰੀ ਹੈ ਪਰ ਡਰ ਕੋਈ ਹੱਲ ਨਹੀਂ ਹੈ। ਖਾਸ ਕਰਕੇ ਉਹ ਹੱਲ ਜੋ ਸੰਜੀਦਾ ਨਾ ਜਾਪੇ। ਰਾਤ ਦੇ ਕਰਫਿਊ ਅਤੇ ਥਾਂ ਥਾਂ ਵੈਕਸੀਨ ਦਾ ਸਰਟੀਫਿਕੇਟ ਅਤੇ ਹੁਣ ਪੁਲਿਸ ਨੂੰ ਨਿਗਰਾਨੀ ਦੀ ਤਿਆਰੀ ਵਾਲੇ ਪੱਖ ਸਾਹਮਣੇ ਆ ਰਹੇ ਹਨ। ਪਾਜ਼ੇਟਿਵਟੀ ਰੇਟ ਮੁਤਾਬਿਕ ਜ਼ੋਨ ਬਣਾਉਣੇ ਵੀ ਕਾਰਗਰ ਹੱਲ ਨਹੀਂ ਹੈ। ਆਂਕੜੇ ਡਰਾਉਣ ਦਾ ਜ਼ਰੀਆ ਹਨ। ਸੁਚੇਤ ਕਰਨ ਦਾ ਜ਼ਰਿਆ ਹੈ ਕਿ ਕੁਲ ਕੇਸ ਕਿੰਨੇ ਹਨ ਐਮਰਜੈਂਸੀ ਵਿੱਚ ਕਿੰਨੇ ਹਨ, ਆਕਸੀਜਨ ਦੀ ਲੋੜ ਕਿੰਨਿਆਂ ਨੂੰ ਪੈ ਰਹੀ ਹੈ। ਘਰ ਵਿੱਚ ਇਲਾਜ ਕਿੰਨੇ ਕਰਵਾ ਰਹੇ ਹਨ। ਡਰ ਦਾ ਮਾਹੌਲ ਬਣਾ ਕੇ ਸਗੋਂ ਮਹੱਲਿਆਂ/ਡਿਸਪੈਂਸਰੀਆਂ ਦੇ ਡਾਕਟਰਾਂ/ਸਿਹਤ ਸਟਾਫ ਨੂੰ ਵੀ ਇਲਾਜ ਕਰਨ ਤੋਂ ਦੂਰ ਰੱਖਿਆ ਜਾਂਦਾ ਹੈ। ਅੰਤ ਇਸਦਾ ਫਾਇਦਾ ਕੌਣ ਲੈਂਦਾ ਹੈ ਜਾਂ ਲੈ ਰਿਹਾ ਹੈ। ਇਸ ਪ੍ਰਤੀ ਤਾਂ ਸੁਚੇਤ ਰਹਿਣ ਦੀ ਲੋੜ ਹੈ।

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3260)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.)

About the Author

ਡਾ. ਸ਼ਿਆਮ ਸੁੰਦਰ ਦੀਪਤੀ

ਡਾ. ਸ਼ਿਆਮ ਸੁੰਦਰ ਦੀਪਤੀ

Professor, Govt. Medical College,
Amritsar, Punjab, India.
Phone: (91 - 98158 - 08506)
Email: (drdeeptiss@gmail.com)

More articles from this author