“ਸਿੱਖਿਆ ਵਿੱਚ ਇਹ ਵੀ ਸਿਆਸਤ ਹੀ ਹੈ ਕਿ ਕੁਝ ਕੁ ਸਮਝਦਾਰ ਦਿਸਦੇ ਵਿਦਿਆਰਥੀਆਂ ਨੂੰ ...”
(11 ਫਰਵਰੀ 2023)
ਇਸ ਸਮੇਂ ਪਾਠਕ: 338.
ਰਾਜਨੀਤੀ ਦੀਆਂ ਜੜ੍ਹਾਂ ਬਚਪਨ, ਕਿਸ਼ੋਰ ਅਵਸਥਾ ਜਾਂ ਚੜ੍ਹਦੀ ਜਵਾਨੀ ਦੀ ਉਮਰੇ ਲੱਭਣੀਆਂ ਹੋਣ ਤਾਂ ਕਲਾਸ ਦਾ ਮਨੀਟਰ ਹੋਣਾ, ਸਕੂਲ ਦੇ ਗਰੁੱਪਾਂ ਦਾ ਇੰਚਾਰਜ ਹੋਣਾ, ਇਸ ਦਿਸ਼ਾ ਵਿੱਚ ਇੱਕ ਮੌਕਾ ਪ੍ਰਦਾਨ ਕਰਦਾ ਹੈ। ਨਾਲ ਹੀ ਬੱਚਿਆਂ ਨੂੰ ਕਿਸੇ ਸਕੂਲ ਦੇ ਅੰਦਰ ਜਾਂ ਬਾਹਰ ਕਿਸੇ ਸਵੈ-ਸੇਵੀ ਸੰਸਥਾ ਨਾਲ ਜੋੜ ਕੇ, ਅੱਗੇ ਹੋ ਕੇ ਕੰਮ ਕਰਨ ਲਈ ਪ੍ਰੇਰਨਾ ਵੀ ਜ਼ਰੀਆ ਹੈ। ਪੰਜਾਬ ਦੀ ਲੰਗਰ ਪਰੰਪਰਾ ਵਿੱਚ ‘ਵਰਤਾਵਾ ਹੋਣਾ ਵੀ’ ਇਸੇ ਦਾ ਹਿੱਸਾ ਹੈ। ਕਿਸੇ ਵੀ ਹੁੰਦੇ ਕੰਮ ਵਿੱਚ ਪਹਿਲ ਕਰਨੀ ਤੇ ਅੱਗੇ ਹੋ ਕੇ ਕਹਿਣਾ, “ਲਿਆਉ, ਮੈਂ ਕਰਦਾ ਹਾਂ।”
ਗਿਆਰ੍ਹਵੀਂ ਤਕ ਸਕੂਲ ਸੀ, ‘ਹਾਇਰ ਸੈਕੰਡਰੀ’, ਵੈਸੇ ਹਾਈ ਸਕੂਲ ਹੀ ਹੁੰਦੇ। ਜਿਸ ਸਾਲ ਮੈਂ ਦਸਵੀਂ ਕੀਤੀ, ਸੰਨ 1970 ਵਿੱਚ, ਉਸ ਸਾਲ ਇੱਕ ਨਵਾਂ ਨਿਯਮ ਆਇਆ ਕਿ ਬੱਚੇ ਦੀ ਮਰਜ਼ੀ ਹੈ, ਗਿਆਰ੍ਹਵੀਂ ਸਕੂਲ ਵਿੱਚ ਕਰਨ ਜਾਂ ਕਾਲਜ ਵੀ ਜਾ ਸਕਦੇ ਹਨ। ਅਸੀਂ ਕੁਝ ਦੋਸਤਾਂ ਨੇ ਮਸ਼ਵਰਾ ਕੀਤਾ ’ਤੇ ਕਾਲਜ ਜਾਣ ਦਾ ਮਨ ਬਣਾਇਆ। ਹੋ ਸਕਦਾ ਹੈ ਕਿਸੇ ਬੱਚੇ ਦੇ ਪਰਿਵਾਰ ਨੇ ਇਹ ਸੋਚਿਆ ਹੋਵੇ ਤੇ ਉਸ ਦੀ ਪਹਿਲ ਨੇ ਸਾਨੂੰ ਵੀ ਮਗਰ ਲਾ ਲਿਆ ਹੋਵੇ, ਉਮਰ ਵੀ ਅਜਿਹੀ ਹੁੰਦੀ ਹੈ, ਕਾਲਜ ਦਾ ਨਾਂ ਵੀ ਖਿੱਚ ਪਾਉਂਦਾ ਹੈ। ਮੇਰੇ ਘਰਦਿਆਂ ਵੱਲੋਂ ਤਾਂ ਕਿਸੇ ਤਰ੍ਹਾਂ ਦੀ ਫੈਸਲਾਕੁੰਨ ਰਾਏ ਸੀ ਹੀ ਨਹੀਂ। ਬੱਸ ਇੱਕ ਗੱਲ ਸੀ ਕਿ ਬੱਚਾ ਪੜ੍ਹੇ। ਉਹ ਦਿੱਕਤ ਨਹੀਂ ਸੀ। ਦਸਵੀਂ ਵਿੱਚੋਂ ਵੀ ਮੈਂ ਸਕੂਲ ਵਿੱਚੋਂ ਦੂਸਰੇ ਨੰਬਰ ’ਤੇ ਸੀ। ਕਾਲਜ ਵੀ ਫੀਸ ਮੁਆਫ਼ ਹੋ ਜਾਣੀ ਸੀ। ਖਰਚਾ ਕੋਈ ਵੱਧ ਨਹੀਂ ਸੀ।
ਮੈਡੀਕਲ ਵਿਸ਼ੇ ਲੈ ਕੇ, ਜੋ ਕਿ ਨੌਂਵੀਂ ਵਿੱਚ ਹੀ ਲੈ ਲਏ ਸੀ, ਡੀ.ਏ.ਵੀ. ਕਾਲਜ ਅਬੋਹਰ ਆ ਦਾਖਲ ਹੋਏ। ਮੇਰੇ ਨਾਲ ਕਈ ਸਾਥੀ ਪ੍ਰਾਈਮਰੀ ਤੋਂ ਤੁਰੇ ਆ ਰਹੇ ਸੀ, ਸੁਦੇਸ਼ ਛਾਬੜਾ, ਵਿਜੈ ਗੁਪਤਾ ਤੇ ਹੋਰ ਵੀ। ਗਿਆਰ੍ਹਵੀਂ ਵਿੱਚੋਂ ਕਾਲਜ ਦੀ ਪੜ੍ਹਾਈ ਦੌਰਾਨ ਫਸਟ ਆਇਆ ਤਾਂ ਇੱਕ ਦੋਸਤ ਨੇ ਡੀ.ਏ.ਵੀ. ਕਾਲਜ ਚੰਡੀਗੜ੍ਹ ਦੇ ਦਾਖਲੇ ਦਾ ਇਸ਼ਤਿਹਾਰ ਪੜ੍ਹਿਆ ਤੇ ਪ੍ਰਿੰਸੀਪਲ ਤਰਲੋਕੀ ਨਾਥ ਨੂੰ ਚਿੱਠੀ ਲਿਖ ਦਿੱਤੀ। ਉਨ੍ਹਾਂ ਨੇ ਵਾਪਸੀ ਚਿੱਠੀ ਰਾਹੀਂ ਦਾਖਲੇ ਲਈ ਸਵਾਗਤੀ ਸ਼ਬਦ ਲਿਖੇ। ਅਸੀਂ ਦੋਵੇਂ ਪਹੁੰਚ ਗਏ। ਫੀਸ ਉੱਥੇ ਮੁਆਫ ਤਾਂ ਨਹੀਂ ਹੋਈ, ਅੱਧੀ ਹੋ ਗਈ। ਕੁਝ ਮੈੱਸ ਦਾ ਖਰਚਾ, ਜੋ ਵੀ ਸੀ, ਮੇਰੀ ਚੰਗੀ ਆਸ ਕਿ ਘਰਦਿਆਂ ਨੇ ਬਾਰ੍ਹਵੀਂ ਕਰਨ ਚੰਡੀਗੜ੍ਹ ਭੇਜ ਦਿੱਤਾ। ਹੋ ਸਕਦਾ ਹੈ, ਕਈਆਂ ਨੇ ਉਤਸ਼ਾਹਿਤ ਕੀਤਾ ਹੋਵੇ ਕਿ ਚੰਗੇ ਕਾਲਜ ਪੜ੍ਹੇਗਾ ਤਾਂ ਚੰਗੇ ਨੰਬਰ ਆ ਜਾਣਗੇ, ਚੰਗੇ ਕੋਰਸ ਵਿੱਚ ਦਾਖਲਾ ਮਿਲ ਜਾਵੇਗਾ।
ਚੰਡੀਗੜ੍ਹ ਵਿੱਚ ਕਈ ਸੈਕਸ਼ਨ ਸਨ। ਸਾਡੇ ਵਰਗੇ ਪੂਰੇ ਪੰਜਾਬ ਤੋਂ ਲੋਕ ਜਾਂਦੇ, ਅੱਜ ਜਿਵੇਂ ‘ਨੀਟ’ ਦੀ ਤਿਆਰੀ ਲਈ ਜਾਂਦੇ ਨੇ। ਪਰ ਉਹ ਸਮਾਂ ਇਸ ਤਰ੍ਹਾਂ ਮੋਟੀਆਂ ਫੀਸਾਂ ਲੈ ਕੇ, ਫਰਜ਼ੀ ਦਾਖਲਿਆਂ ਵਾਲਾ ਨਹੀਂ ਸੀ। ਜਿਵੇਂ ਦੱਸਿਆ ਹੈ, ਅੱਧੀ ਫੀਸ ਮੁਆਫ਼ ਹੋਈ। ਮੈਨੂੰ ਬੀ. ਸੈਕਸ਼ਨ ਮਿਲਿਆ। ਇਹ ਗੱਲ ਬਾਅਦ ਵਿੱਚ ਪਤਾ ਚੱਲੀ ਕਿ ਕਾਲਜ ਦਾ ਪੂਰਾ ਜ਼ੋਰ ‘ਏ’ ਸੈਕਸ਼ਨ ਨੂੰ ਤਿਆਰੀ ਕਰਵਾਉੁਣ ਵੱਲ ਹੁੰਦਾ। ਇੱਥੇ ਅਧਿਆਪਕ ਵੀ ਵਧੀਆ ਲੱਗਦੇ, ਜੋ ਵੱਧ ਜ਼ੋਰ ਲਗਾਉਂਦੇ। ਵਧੀਆ ਨਤੀਜਾ ਟੀਚਾ ਹੁੰਦਾ ਤਾਂ ਜੋ ਆਖਰ ’ਤੇ ਅਖ਼ਬਾਰ ਦੀ ਖਬਰ ਬਣ ਸਕੇ। ਇੱਕ ਵਧੀਆ ਇਸ਼ਤਿਹਾਰ ਤਿਆਰ ਹੋ ਸਕੇ।
ਸਿੱਖਿਆ ਵਿੱਚ ਇਹ ਵੀ ਸਿਆਸਤ ਹੀ ਹੈ ਕਿ ਕੁਝ ਕੁ ਸਮਝਦਾਰ ਦਿਸਦੇ ਵਿਦਿਆਰਥੀਆਂ ਨੂੰ ਵੱਧ ਸਮਾਂ ਦੇਣਾ, ਵੱਧ ਮਿਹਨਤ ਕਰਨੀ। ਨਤੀਜੇ ਵਧੀਆ ਹੋਣਗੇ ਤਾਂ ਅਗਲੇ ਸਾਲ ਵੱਧ ਵਿਦਿਆਰਥੀ ਖਿੱਚੇ ਜਾਣਗੇ। ਜਦੋਂ ਕਿ ਜੋ ਬੱਚਾ ਕਮਜ਼ੋਰ ਹੈ, ਉਸ ’ਤੇ ਵੱਧ ਮਿਹਨਤ ਕੀਤੀ ਜਾਵੇ, ਇਹ ਭਾਵਨਾ ਸਿੱਖਿਆ ਦਾ ਦਸਤੂਰ ਹੋਵੇ। ਪਰ ਜਦੋਂ ਕਿਸੇ ਵੀ ਪਹਿਲੂ ਨਾਲ ਵਪਾਰ ਜੁੜ ਜਾਂਦਾ ਹੈ, ਫਿਰ ਇਸਦੀ ਆਸ ਨਹੀਂ ਰਹਿੰਦੀ।
ਖੈਰ! ਜੋ ਹੈ, ਬਾਰ੍ਹਵੀਂ ਹੋ ਗਈ। ਮੈਡੀਕਲ ਕਾਲਜ ਲਈ ਦਾਖਲਾ ਫਾਰਮ ਭਰਿਆ। ਅੰਮ੍ਰਿਤਸਰ ਇੰਟਰਵਿਊ ਸੀ ਉਸ ਸਾਲ। ਵੱਡੇ ਭਾਈ ਸਾਹਿਬ ਆਏ ਨਾਲ। ਅਬੋਹਰ ਤੋਂ ਤਿੰਨ ਵਿਦਿਆਰਥੀ ਸੀ। ਅਬੋਹਰ ਪੜ੍ਹੇ ਦੋਵਾਂ ਵਿਦਿਆਰਥੀਆਂ ਨੂੰ ਦਾਖਲਾ ਮਿਲ ਗਿਆ। ਮੈਂ ਕੁਝ-ਕੁ ਨੰਬਰਾਂ ਤੋਂ ਰਹਿ ਗਿਆ। ਮੇਰੇ ਨੰਬਰ 67 ਫੀਸਦ ਸੀ। ਅੱਜ ਸੋਚਦਾ ਹਾਂ ਕਿ ਜੇ ਅਬੋਹਰ ਹੀ ਰਹਿ ਜਾਂਦਾ ਤਾਂ ਕੁਝ ਫੀਸਦ ਨੰਬਰ ਵੱਧ ਆ ਸਕਦੇ ਸੀ। ਪੇਪਰ ਤਾਂ ਬਾਹਰ ਭੇਜੇ ਜਾਂਦੇ ਹਨ ਪਰ ਪ੍ਰੈਕਟੀਕਲ ਵਿੱਚ ਅਧਿਆਪਕ ਵੀ ਰੁਚੀ ਲੈਂਦਾ ਹੈ ਕਿ ਉਸ ਦੇ ਵਿਦਿਆਰਥੀ ਚੰਗੇ ਨੰਬਰਾਂ ਨਾਲ ਪਾਸ ਹੋਣ ਤੇ ਉਹ ਖੁਦ ਕਹਿ ਦੇ ਕੁਝ ਨੰਬਰ ਵੱਧ ਲਗਵਾਉਂਦਾ ਹੈ। ਪਰ ਅਬੋਹਰ ਰਹਿ ਕੇ ਪੜ੍ਹਨ ਦੀ ਸਲਾਹ ਕੌਣ ਦਿੰਦਾ? ਕੋਈ ਅਜਿਹੀ ਸੋਚ ਵਾਲਾ ਮੈਂਟਰ (ਰਾਹ ਦਸੇਰਾ) ਹੋਵੇ।
ਇਸ ਤਰ੍ਹਾਂ ਦੇ ਨਤੀਜੇ ਪਿੱਛੇ ਕਿ ਮੈਨੂੰ ਦਾਖਲਾ ਨਾ ਮਿਲ ਸਕਿਆ, ਇੱਕ ਕਾਰਨ ਇਹ ਵੀ ਸੀ ਕਿ ਉੁਸ ਵਰ੍ਹੇ ਇਸ ਆਧਾਰ ’ਤੇ ਦਾਖਲਾ ਮਿਲਣ ਦਾ ਨੇਮ ਬਣਿਆ ਕਿ ਜਿਸ ਨੇ ਬੀ.ਐੱਸ.ਸੀ. ਮੈਡੀਕਲ, ਫਸਟ ਡਵੀਜਨ ਵਿੱਚ ਕੀਤੀ ਹੈ, ਉੁਸਨੂੰ ਪਹਿਲ। ਤੇ ਕਾਫ਼ੀ ਸੀਟਾਂ ਭਰ ਗਈਆਂ ਤੇ ਬਾਰ੍ਹਵੀਂ ਕਰਕੇ ਆਏ ਬਹੁਤੇ ਵਿਦਿਆਰਥੀ ਰਹਿ ਗਏ।
ਮੈਂ ਵਾਪਸ ਆ ਕੇ ਅਬੋਹਰ ਬੀ.ਐੱਸ.ਸੀ. ਮੈਡੀਕਲ ਵਿੱਚ ਦਾਖਲਾ ਲਿਆ।
ਕਿਸੇ ਵੀ ਹਾਲਤ ਵਿੱਚ ਦਿੱਕਤ ਨਹੀਂ ਸੀ। ਪੜ੍ਹਾਈ ਪ੍ਰਤੀ ਤਣਾਉ ਨਹੀਂ, ਟਿਕਾਅ ਦੀ ਹਾਲਤ ਸੀ। ਬੀ.ਐੱਸ.ਸੀ. ਦੋ ਸਾਲਾ ਕੋਰਸ ਸੀ। ਪਹਿਲੇ ਸਾਲ ਮੈਂ ਪੂਰੀ ਪੰਜਾਬ ਯੂਨੀਵਰਸਿਟੀ ਦੇ ਇਮਤਿਹਾਨ ਵਿੱਚੋਂ ਸੈਕੰਡ ਆਇਆ। ਕੈਮਿਸਟਰੀ ਵਿਸ਼ੇ ਵਿੱਚੋਂ ਯੂਨੀਵਰਸਿਟੀ ਵਿੱਚੋਂ ਫਸਟ। ਟਿਕਾਅ ਹੋਵੇ ਤਾਂ ਪੜ੍ਹਾਈ ਦਾ ਮਜ਼ਾ ਹੀ ਹੋਰ ਹੈ ਤੇ ਉਸ ਦੇ ਹਾਸਲ ਵੀ ਵੱਧ ਲਾਹੇਵੰਦ ਹੁੰਦੇ ਹਨ।
ਇੱਕ ਪੱਖ ਹੋਰ ਵੀ ਹੈ, ਜੋ ਬਾਅਦ ਵਿੱਚ ਪਤਾ ਚੱਲਿਆ ਕਿ ਕਿਵੇਂ ਅਜਿਹੇ ਵੱਕਾਰੀ ਕੋਰਸਾਂ ਨੂੰ ਲੈ ਕੇ, ਉੱਚੇ ਉਹਦਿਆਂ ’ਤੇ ਬੈਠੇ ਲੋਕ, ਆਪਣੇ ਬੱਚਿਆਂ-ਨਜ਼ਦੀਕੀਆਂ ਨੂੰ ਦਾਖਲਾ ਦਿਵਾਉਣ ਲਈ, ਦਾਖਲੇ ਦੇ ਨੇਮਾਂ ਵਿੱਚ ਰਾਤੋ-ਰਾਤ ਤਬਦੀਲੀ ਲੈ ਆਉਂਦੇ ਹਨ। ਮੇਰੇ ਦਾਖਲੇ ਵਾਲੇ ਸਾਲ ਫਿਰ ਨੇਮਾਂ ਵਿੱਚ ਤਬਦੀਲੀ ਹੋਈ ਕਿ ਦਾਖਲਾ ਬਾਰ੍ਹਵੀਂ ਦੀ ਮੈਰਿਟ ’ਤੇ ਹੀ ਹੋਵੇਗਾ, ਬੀ.ਐੱਸ.ਸੀ. ਕਰਕੇ ਆਏ ਵਿਦਿਆਰਥੀਆਂ ਨੂੰ 4 ਫੀਸਦ ਵਾਧੇ ਦਾ ਹੱਕ ਹੋਵੇਗਾ। ਕਈਆਂ ਨੂੰ ਇਸ ਨੇਮ ਨੇ ਮੈਰਿਟ ਵਿੱਚੋਂ ਬਾਹਰ ਕੱਢ ਦਿੱਤਾ ਜੋ ਸੋਚ ਕੇ ਬੈਠੇ ਸਨ। ਸਬੱਬੀਂ ਮੈਨੰ ਦਾਖਲਾ ਮਿਲ ਗਿਆ।
ਅਜਿਹਾ ਮੇਰੇ ਮਿੱਤਰ ਡਾ. ਵਿਮਲ ਸੀਕਰੀ ਨਾਲ ਹੋਇਆ, ਜੋ ਬੀ.ਐੱਸ.ਸੀ. ਦੇ ਪਹਿਲੇ ਭਾਗ ਵਿੱਚ ਯੂਨੀਵਰਸਿਟੀ ਵਿੱਚੋਂ ਫਸਟ ਸੀ ਤੇ ਫਸਟ ਡਿਵੀਜਨ ਉਸ ਦੀ ਬਾਰ੍ਹਵੀਂ ਵਿੱਚੋਂ ਸੀ, ਪਰ ਨਵਾਂ ਨੇਮ ਤਹਿਤ ਸਿਰਫ 4 ਫੀਸਦ ਨੰਬਰ ਦਿੱਤੇ ਜਾਣ ’ਤੇ ਵੀ ਉਹ ਖੁੰਝ ਗਿਆ। ਹੁਣ ਤਾਂ ਰਾਜਨੀਤੀ ਅਤੇ ਪੜ੍ਹਾਈ ਸਨਅਤ ਨੇ ਨਵਾਂ ਪੈਂਤੜਾਂ ‘ਨੀਟ’ ਲੈ ਆਂਦਾ ਹੈ, ਜਿਸ ਨੇ ਮੈਡੀਕਲ ਦੀ ਪੜ੍ਹਾਈ ਨੂੰ ਬਹੁਤ ਜ਼ਿਆਦਾ ਨੁਕਸਾਨ ਪਹੁੰਚਾਇਆ ਹੈ।
ਸਕਾਊਟ ਵਾਲੀ ਚੇਟਕ ਕਾਲਜ ਆ ਕੇ ਐੱਨ.ਐੱਸ.ਐੱਸ. ਦੇ ਜ਼ਰੀਏ ਪ੍ਰਗਟ ਹੋਈ। ਵੈਸੇ, ਅਜਿਹੇ ਅਕਾਦਮਿਕ ਦਾਇਰਿਆ ਤੋਂ ਬਾਹਰ ਵਾਲੇ ਕੰਮ ਵਿਗਿਆਨ ਦੇ ਵਿਦਿਆਰਥੀਆਂ ਤੋਂ ਦੂਰ ਹੀ ਰੱਖੇ ਜਾਂਦੇ ਹਨ। ਇਹਨਾਂ ਨੂੰ ਸਮਾਂ ਬਰਬਾਦੀ ਸਮਝਿਆ ਜਾਂਦਾ ਹੈ। ਮੈਂ ਐੱਨ.ਐੱਸ.ਐੱਸ. ਯੂਨਿਟ ਦਾ ਵਿਦਿਆਰਥੀ ਲੀਡਰ ਬਣ ਗਿਆ। ਲੀਡਰਸ਼ਿੱਪ ਦਾ ਨਾਂ ਹੀ ਕੋਈ ਸ਼ੋਕ ਸੀ, ਨਾ ਹੀ ਝੁਕਾਅ ਪਰ ਪੂਰੇ ਯੂਨਿਟ ਵਿੱਚੋਂ ਸੀਨੀਅਰ ਕਲਾਸ ਦਾ ਅਤੇ ਲਾਇਕ ਵਿਦਿਆਰਥੀ ਹੋਣ ਦੇ ਨਾਤੇ ਮੈਨੂੰ ਇੰਚਾਰਜ ਬਣਾ ਦਿੱਤਾ। ਬਹੁਤੀਆਂ ਥਾਂਵਾਂ ’ਤੇ ਖਾਸਕਰ ਵਿੱਦਿਅਕ ਅਦਾਰਿਆਂ ਵਿੱਚ ਇਸ ਤਰ੍ਹਾਂ ਹੀ ਹੁੰਦਾ ਹੈ। ਲੀਡਰਸ਼ਿੱਪ, ਆਗੂ ਹੋਣ ਦੇ ਗੁਣ ਨਹੀਂ ਦੇਖੇ-ਪਰਖੇ ਜਾਂਦੇ।
ਉਂਜ ਕਾਲਜ ਵਿੱਚ ਵਿਦਿਆਰਥੀ ਸੰਗਠਨ ਵੀ ਸੀ। ਰਾਜਨੀਤਿਕ ਗਰੁੱਪਾਂ ਵਿੱਚ ਹੁਣ ਤਾਂ ਸਾਰੀਆਂ ਕੌਮੀ ਪਾਰਟੀਆਂ ਦੇ ਵਿਦਿਆਰਥੀ ਵਿੰਗ ਮੌਜੂਦ ਹਨ। ਕਾਲਜ ਵਿੱਚ ਹੜਤਾਲਾਂ ਹੁੰਦੀਆਂ, ਮੰਗਾਂ ਰੱਖੀਆਂ ਜਾਂਦੀਆਂ, ਨਾਅਰੇਬਾਜ਼ੀ ਹੁੰਦੀ, ਕਾਲਜ ਬੰਦ ਵੀ ਕੀਤਾ ਜਾਂਦਾ। ਮੈਨੂੰ ਵੀ ਹੋਰਾਂ ਵਾਂਗ ਇਹ ਸਭ ਸਮਾਂ ਬਰਬਾਦੀ ਵੱਧ ਲੱਗਦਾ। ਬਾਕੀ ਘਰ ਦੀ ਹਾਲਤ। ਘਰ ਦੇ ਕੰਮਾਂ ਤੋਂ ਸਮਾਂ ਕੱਢਣਾ, ਕਿਉਂ ਜੋ ਜਦੋਂ ਤਕ ਅਬੋਹਰ ਰਿਹਾ, ਭਰਾਵਾਂ ਦੇ ਕਰਿਆਨੇ ਦੀ ਦੁਕਾਨ ’ਤੇ, ਜਦੋਂ ਲੋੜ ਪੈਂਦੀ, ਘੰਟਾ-ਦੋ ਘੰਟੇ ਬੈਠ ਆਉਂਦਾ। ਜੋ ਥੋੜ੍ਹਾ ਬਹੁਤ ਕਾਲਜ ਦਾ ਖਰਚਾ ਸੀ, ਉਹ ਦੁਕਾਨ ਤੋਂ ਹੀ ਨਿਕਲਣਾ ਸੀ।
ਕਾਲਜ ਦੇ ਐੱਨ.ਐੱਸ.ਐਸ. ਕੈਂਪ ਦੌਰਾਨ, ਖਾਸ ਕਰ ਸਲਾਨਾ ਸਮਾਗਮ ਵਿੱਚ ਇਲਾਕੇ ਦੇ ਵਿਧਾਇਕ ਜਾਂ ਹੋਰ ਆਗੂ ਬੁਲਾਏ ਜਾਂਦੇ। ਇੱਕ ਵਾਰੀ ਇਲਾਕੇ ਦੇ ਐੱਮ.ਐੱਲ.ਏ. ਸ਼੍ਰੀ ਬਲਰਾਮ ਜਾਖੜ, ਜੋ ਬਾਅਦ ਵਿੱਚ ਮੱਧਪ੍ਰਦੇਸ਼ ਦੇ ਗਵਰਨਰ ਵੀ ਬਣੇ, ਅਤੇ ਸਭ ਤੋਂ ਲੰਮਾ ਸਮਾਂ ਸੰਸਦ ਵਿੱਚ ਸਪੀਕਰ ਰਹੇ, ਉਨ੍ਹਾਂ ਨੂੰ ਬੁਲਾਇਆ ਗਿਆ। ਯੂਨਿਟ ਦਾ ਵਿਦਿਆਰਥੀ ਇੰਚਾਰਜ ਹੋਣ ਦੇ ਨਾਤੇ, ਫੁੱਲਾਂ ਦਾ ਗੁਲਦਸਤਾ ਦੇਣ ਲਈ ਮੈਨੂੰ ਕਿਹਾ ਗਿਆ। ਮੈਂ ਗੁਲਦਸਤਾ ਫੜਾ ਰਿਹਾ ਸੀ ਤਾਂ ਸਾਡੇ ਅਧਿਆਪਕ ਨੇ ਮੇਰੀ ਜਾਣ-ਪਛਾਣ ਕਰਵਾਈ, “ਇਹ ਹੈ ਸ਼ਿਆਮ।” ਤੇ ਫਿਰ ਬਲਰਾਮ ਜਾਖੜ ਨੇ ਆਪਣੇ ਨੇਤਾਵੀ ਅੰਦਾਜ਼ ਵਿੱਚ ਕਿਹਾ, “ਇਹ ਸ਼ਾਮ ਤੇ ਮੈਂ ਬਲਰਾਮ।” ਤੇ ਮੈਨੂੰ ਕਲਾਵੇ ਵਿੱਚ ਲੈ ਕੇ ਕਹਿੰਦੇ, “ਦੋਹੇਂ ਭਰਾ।” ਇਸ ਨੂੰ ਨੇਤਾਵਾਂ ਦਾ, ਨੌਜਵਾਨਾਂ ਨੂੰ ਨਾਲ ਜੋੜਨ ਦਾ ਤਰੀਕਾ ਵੀ ਕਹਿ ਸਕਦੇ ਹਾਂ।
ਮੈਂ ਆਪਣੇ ਪਰਿਵਾਰਕ ਪਿਛੋਕੜ, ਪਰਿਵਾਰਕ ਮਾਹੌਲ, ਮੁੜ ਵਸੇਬੇ ਦੇ ਚੱਕਰ, ਰਫਿਊਜ਼ੀ ਸੁਣੇ ਜਾਣ ਦੀ ਹੀਣਭਾਵਨਾ ਤੇ ਸਭ ਤੋਂ ਵੱਧ ਆਪਣਾ ਮਾਂ ਬੋਲੀ, ਬਹਾਵਲਪੁਰੀ ਦੇ ਕੁਝ ਸ਼ਬਦਾਂ ਦਾ ਮਜ਼ਾਕ ਉਡਦੇ ਦੇਖਣਾ ਜਿਵੇਂ, ਘਿਣ, ਘੱਤ, ਵੱਲ, ਚੱਪਾ, ਖਾਸੀ, ਮੁਮਜੀ, ਵੇਸੀਂ ਆਦਿ ਸਭ ਦਾ ਮਿਲਿਆ-ਜੁਲਿਆ ਪ੍ਰਭਾਵ ਹੀ ਸੀ ਕਿ ਮੈਂ ਅੰਦਰਮੁਖੀ ਵੱਧ ਸੀ, ਜੋ ਮੈਂ ਕਾਫ਼ੀ ਹੱਦ ਤਕ ਅੱਜ ਵੀ ਹਾਂ। ਕੁਝ ਉਚੇਚੇ ਤੌਰ ’ਤੇ ਕੋਸ਼ਿਸ਼ ਕੀਤੀ ਹੈ, ਪਰ ਹਾਲੇ ਵੀ ਝਾਕਾ ਹੈ ’ਤੇ ਇੱਕ ਦਿੱਕਤ ਬਰਕਰਾਰ ਹੈ। ਮੌਕੇ ਵੀ ਮਿਲਦੇ ਹਨ ਭਾਵੇਂ, ਪਰ ਅੰਦਰ ਇੱਕ ਝਿਜਕ, ਰੁਕਾਵਟ ਬਣੀ ਹੋਈ ਹੈ।
ਜਾਖੜ ਪਰਿਵਾਰ, ਸ਼ੁਰ ਤੋਂ ਹੁਣ ਤਕ ਰਾਜਨੀਤੀ ਵਿੱਚ ਬਣਿਆ ਹੋਇਆ ਹੈ। ਸਾਲ 1973 ਵਿੱਚ, ਤਕਰੀਬਨ ਅੱਧੀ ਸਦੀ ਪਹਿਲਾਂ ਸ੍ਰੀ ਬਲਰਾਮ ਜਾਖੜ ਨੇ ਛੋਟਾ ਭਰਾ ਕਿਹਾ। ਉੁਨ੍ਹਾਂ ਦਾ ਬੇਟਾ ਸੁਨੀਲ ਜਾਖੜ ਅਜੇ ਤਕ ਸਰਗਰਮ ਹੈ। ਮੈਂ ਅੱਜ ਤਕ ਕਦੇ, ਇਸ ਪਾਸੇ ਚਾਹ ਨਹੀਂ ਕੀਤੀ। ਜਿਵੇਂ ਅਕਸਰ ਲੋਕ ਕਰਦੇ ਨੇ, ਹੈਲੋ-ਹਾਏ ਦਾ ਰਿਸ਼ਤਾ ਬਣਾ ਕੇ ਰੱਖਦੇ ਹਨ, ਪਤਾ ਨਹੀਂ ਇਹ ਘਾਟ ਹੈ, ਕੀ ਹੈ, ਕੀ ਸਿਰਲੇਖ ਦੇਵੇਗਾ ਕੋਈ ਇਸ ਸੁਭਾਅ ਨੂੰ, ਪਤਾ ਨਹੀਂ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3791)
(ਸਰੋਕਾਰ ਨਾਲ ਸੰਪਰਕ ਲਈ: