ShyamSDeepti7ਹਿੰਮਤਥਾਪੀਇਹ ਅਹਿਸਾਸ ਕਿ ਘਬਰਾ ਨਾਮੈਂ ਤੇਰੇ ਨਾਲ ਹਾਂਹੀ ਅਸਲ ਇਲਾਜ ਹੈ ...
(9 ਜੁਲਾਈ 2020)

 

ਮਨ ਉਦਾਸ ਹੈ, ਕੁਝ ਵੀ ਚੰਗਾ ਨਹੀਂ ਲੱਗ ਰਿਹਾ ... ਬੰਦਾ ਜਾ ਕੇ ਡਾਕਟਰ ਨੂੰ ਕਹਿੰਦਾ ਹੈ। ਡਾਕਟਰ ਅੰਗਰੇਜ਼ੀ ਵਿੱਚ ‘ਡਿਪਰੈਸ਼ਨ’ ਲਿਖ ਦਿੰਦਾ ਹੈ, ਜਿਸਦਾ ਸ਼ਬਦਕੋਸ਼ੀ ਅਰਥ ‘ਉਦਾਸੀ’ ਹੈ। ਫਿਰ ਡਾਕਟਰ ਨੇ ਕੀ ਲੱਭਿਆ? ਦਵਾਈ ਦਿੱਤੀ, ਐਂਟੀ-ਡਿਪਰੈਸੇਂਟ, ਉਦਾਸੀ ਨੂੰ ਠੀਕ ਕਰਨ ਵਾਲੀ, ਨਾ ਕਿ ਰੋਕਣ ਵਾਲੀ। ਦਵਾਈ ਦਾ ਅਸਰ ਖ਼ਤਮ, ਉਦਾਸੀ ਫਿਰ ਤੋਂ। ਉਦਾਸੀ ਕਿਉਂ ਹੈ? ਕਿਸ ਕਰਕੇ ਹੈ? ਅਸਲੀ ਕਾਰਨ ਲੱਭਿਆ ਹੀ ਨਹੀਂ। ਲੱਛਣ ਨੂੰ ਹੀ ਬਿਮਾਰੀ ਦਾ ਨਾਂ ਦੇ ਦਿੱਤਾ। ਇਸ ਲਗਾਤਾਰਤਾ ਵਿੱਚ ਆਪਣੀ ਹੋਂਦ ਨੂੰ ਬੇਮਤਲਬ ਸਮਝਣਾ, ਕਿਸੇ ਤਰ੍ਹਾਂ ਦੀ ਕੋਈ ਆਸ-ਉਮੀਦ ਨਾ ਹੋਣੀ, ਤੇ ਫਿਰ ‘ਜੀਣ ਦਾ ਕੀ ਫਾਇਦਾ’ ਵਰਗੇ ਖ਼ਿਆਲ ਹੀ ਖ਼ੁਦਕੁਸ਼ੀ ਵੱਲ ਜਾਣ ਦੀ ਨਿਸ਼ਾਨਦੇਹੀ ਕਰਦੇ ਹਨ ਜਦੋਂ ਕਿ ‘ਕੁਝ ਵੀ ਚੰਗਾ ਨਹੀਂ ਲੱਗਦਾ’ ਬਹੁਤ ਪਹਿਲਾਂ ਸ਼ੁਰੂ ਹੋ ਜਾਂਦਾ ਹੈ।

ਮਨੋਵਿਗਿਆਨਕ ਸਮਝ ਮੁਤਾਬਕ, ਜੀਵ ਵਿੱਚ ਜ਼ਿੰਦਾ ਰਹਿਣ ਦੀ ਲਾਲਸਾ ਸਭ ਤੋਂ ਤਾਕਤਵਰ ਹੈ। ਜਿਊਣਾ ਕੁਦਰਤੀ ਇੱਛਾ ਹੈ। ਵਾਹ ਲੱਗੇ, ਕੋਈ ਵੀ ਜੀਵ ਮਰਨਾ ਨਹੀਂ ਚਾਹੁੰਦਾ। ਕੁਦਰਤ ਵੀ ਹਰ ਜੀਵ ਦੀ ਮਦਦ ਕਰਦੀ ਹੈ। ਕੁਦਰਤ ਨੇ ਸਭ ਨੂੰ ਬਚਾ ਕੇ ਰੱਖਣ ਲਈ ਕਿਸੇ ਵੀ ਤਰ੍ਹਾਂ ਦੀ ਆਫ਼ਤ ਦਾ ਸਾਹਮਣਾ ਕਰਨ ਲਈ ਕੁਝ ਨਾ ਕੁਝ ਮੁਹਈਆ ਕਰਵਾਇਆ ਹੈ। ਕਿਸੇ ਨੂੰ ਤਿੱਖੇ ਦੰਦ, ਕਿਸੇ ਨੂੰ ਨਹੁੰ, ਕਿਸੇ ਨੂੰ ਡੰਗ ਤੇ ਜ਼ਹਿਰ ਅਤੇ ਕਿਸੇ ਨੂੰ ਤੇਜ਼ ਰਫ਼ਤਾਰੀ ਦੀ ਸਮਰੱਥਾ। ਮਨੁੱਖ ਕੋਲ ਨਹੁੰ ਵੀ ਨੇ, ਦੰਦ ਵੀ, ਤੇਜ਼ ਦੌੜਨ ਦੀ ਸਮਰੱਥਾ ਵੀ ਹੈ ਅਤੇ ਦਰਖਤ ਤੇ ਚੜ੍ਹ ਜਾਣ ਦਾ ਹੁਨਰ ਵੀ। ਇਨ੍ਹਾਂ ਦੇ ਨਾਲ ਹੀ ਬਹੁਤ ਵਿਲੱਖਣ ਗੁਣਾਂ ਵਾਲਾ ਦਿਮਾਗ ਵੀ। ਇਸ ਵਿਸ਼ੇਸ਼ਤਾ ਕਾਰਨ ਮਨੁੱਖ ਨੂੰ ਹਰ ਵਾਰੀ ਲੁਕਣ, ਭੱਜਣ ਦੀ ਲੋੜ ਨਹੀਂ ਪੈਂਦੀ ਸਗੋਂ ਹਾਲਾਤ ਨੂੰ ਸਮਝ ਕੇ ਨਜਿੱਠਣਾ ਵੀ ਆਉਂਦਾ ਹੈ। ਇਸ ਤਰ੍ਹਾਂ ਦੀ ਕਾਬਲੀਅਤ ਹੁੰਦਿਆਂ ਮਨੁੱਖ ਹੀ ਇਕੱਲਾ ਜੀਵ ਹੈ ਜੋ ਸੋਚ-ਸਮਝ ਕੇ ਆਪ ਮੌਤ ਨੂੰ ਕਲਾਵੇ ਵਿੱਚ ਲੈਂਦਾ ਹੈ।

ਜੀਵ ਵਿਕਾਸ ਵਿੱਚ ਮਨੁੱਖ ਨੂੰ ਮੋਹਰੀ ਥਾਂ ਹਾਸਿਲ ਹੈ। ਇਹ ਸਥਾਨ ਉਸ ਨੇ ਕੁਦਰਤ ਨਾਲ ਸਮੇਂ ਸਮੇਂ ਆਢਾ ਲਾਉਣ ਕਾਰਨ ਪ੍ਰਾਪਤ ਕੀਤਾ ਹੈ। ਇਹ ਸੰਘਰਸ਼ ਕੁਦਰਤ ਅੰਦਰ ਆਪਣੇ ਆਪ ਨੂੰ ਬਚਾ ਕੇ ਰੱਖਣ ਦਾ ਸੀ ਤੇ ਅੱਜ ਵੀ ਹੈ। ਕੁਦਰਤ ਨਾਲ ਹੋਏ ਇਸ ਸੰਘਰਸ਼ ਦੌਰਾਨ ਕੁਦਰਤੀ ਆਫ਼ਤਾਂ ਤੋਂ ਘਬਰਾ ਕੇ ਮਨੁੱਖ ਨੂੰ ਕਦੇ ਖ਼ੁਦਕੁਸ਼ੀ ਦਾ ਖ਼ਿਆਲ ਨਹੀਂ ਆਇਆ। ਨਾ ਹੀ ਅਜਿਹਾ ਵਰਤਾਰਾ ਅੱਜ ਤਕ ਕਿਸੇ ਹੋਰ ਜੀਵ ਵਿੱਚ ਦੇਖਣ ਨੂੰ ਮਿਲਿਆ ਹੈ। ਜੇਕਰ ਸਮਝੀਏ ਤਾਂ ਖ਼ੁਦਕੁਸ਼ੀ ਵਰਗਾ ਵਰਤਾਰਾ ਮਨੁੱਖ ਨੇ ਸਮਾਜ ਸਿਰਜ ਕੇ ਉਸ ਵਿੱਚ ਰਹਿਣ ਦੇ ਚਲਨ ਤਹਿਤ ਜਦੋਂ ਜਿਊਣਾ ਸ਼ੁਰੂ ਕੀਤਾ, ਉਸ ਕਾਰਜ ਸ਼ੈਲੀ ਵਿੱਚੋਂ ਕਿਤੇ ਖ਼ੁਦਕੁਸ਼ੀ ਦੀ ਪੈਦਾਇਸ਼ ਹੋਈ। ਖ਼ੁਦਕੁਸ਼ੀ ਕੁਦਰਤ ਦਾ ਅਮਲ ਨਹੀਂ।

ਇਸ ਤਰ੍ਹਾਂ ਖ਼ੁਦਕੁਸ਼ੀ ਸਮਾਜਿਕ ਹਾਲਾਤ ਦੀ ਦੇਣ ਹੈ ਤੇ ਇਸ ਨੂੰ ਸਮਝਣ ਲਈ ਸਮਾਜ ਦੀਆਂ ਪਰਤਾਂ ਸਮਝਣ ਦੀ ਲੋੜ ਹੈ। ਇਸ ਪ੍ਰਸੰਗ ਵਿੱਚ ਖ਼ੁਦਕੁਸ਼ੀ ਕਰਨ ਵਾਲੇ ਜਾਂ ਅਸਫ਼ਲ ਰਹਿਣ ਵਾਲੇ ਲੋਕਾਂ ਦੀ ਜ਼ਿੰਦਗੀ ਉੱਤੇ ਝਾਤ ਮਾਰੀਏ ਤਾਂ ਅਨੇਕਾਂ ਹੀ ਸਰਵੇਖਣਾਂ ਦੇ ਆਧਾਰ ’ਤੇ ਕਾਰਨਾਂ ਦੀ ਲੰਮੀ ਸੂਚੀ ਤਿਆਰ ਹੋ ਸਕਦੀ ਹੈ।

ਤਣਾਅ, ਉਦਾਸੀ, ਬੇਗਾਨਗੀ ਦੇ ਅਹਿਸਾਸ, ਤੇ ਫਿਰ ਹੀਣਭਾਵਨਾ ਵਿੱਚੋਂ ਖ਼ੁਦਕੁਸ਼ੀ ਆਖਰੀ ਕਦਮ ਹੈ। ਇਹ ਭਾਵ ਹਰ ਉਮਰ ਵਿੱਚ ਦੇਖਣ ਨੂੰ ਮਿਲਦੇ ਹਨ। ਨੌਜਵਾਨੀ ਨੂੰ ਮੁਕਾਬਲੇਬਾਜ਼ੀ ਵਿੱਚ ਧੱਕੇ ਜਾਣ ’ਤੇ ਕੁਝ ਪ੍ਰਾਪਤ ਕਰਨ ਦਾ ਦਬਾਅ, ਬੁਢਾਪੇ ਵਿੱਚ ਜ਼ਿੰਦਗੀ ਦੇ ਮੁਲੰਕਣ ਰਾਹੀਂ ਆਪਣੀ ਥਾਂ ਲੱਭਣ ਦੀ ਪ੍ਰੇਸ਼ਾਨੀ। ਔਰਤ ਦੀ ਹਾਲਤ ਬਾਰੇ ਤਾਂ ਅਸੀਂ ਸਾਰੇ ਜਾਣੂ ਹਾਂ ਕਿ ਉਹ ਆਪਣੀ ਜ਼ਿੰਦਗੀ ਦੇ ਦੋ ਘਰਾਂ ਵਿੱਚ ਆਪਣੀ ਪਛਾਣ ਹੀ ਲੱਭਦੀ ਰਹਿੰਦੀ ਹੈ। ਇਨ੍ਹਾਂ ਹਾਲਾਤ ਵਿੱਚ ਵੀ ਹੋਰ ਅਨੇਕਾਂ ਸੂਖ਼ਮ ਕਾਰਨ ਹਨ ਪਰ ਜੇ ਇਨ੍ਹਾਂ ਵਿੱਚੋਂ ਦੋ ਕੇਂਦਰੀ ਬਿੰਦੂਆਂ ਦੀ ਗੱਲ ਕਰਨੀ ਹੋਵੇ ਤਾਂ ਹਰ ਹਾਲਾਤ ਵਿੱਚ ਇਹ ਹਨ- ਕੋਈ ਉਮੀਦ ਨਜ਼ਰ ਨਾ ਆਉਣੀ, ਹਰ ਪਾਸੇ ਧੁੰਦਲਕਾ ਅਤੇ ਇਸ ਨਾ-ਉਮੀਦੀ ਵਿੱਚ ਕੋਈ ਵੀ ਥਾਪੜਾ ਨਾ ਦੇਣ ਵਾਲਾ, ਹਿੰਮਤ ਵਧਾਉਣ ਵਾਲਾ ਜਾਂ ਹੱਥ ਵਿੱਚ ਹੱਥ ਲੈਣ ਵਾਲਾ ਨਾ ਹੋਣਾ; ਮਤਲਬ ਨਾ-ਉਮੀਦੀ ਤੇ ਬੇਸਹਾਰਾ ਹੋਣ ਦਾ ਅਹਿਸਾਸ ਅਤੇ ਨਤੀਜਾ ਇਹ ਨਿਕਲਦਾ ਹੈ: ਫਿਰ ਜੀਅ ਕੇ ਕੀ ਕਰਨਾ ਹੈ!

ਦੁਨੀਆਂ ਜਾਂ ਸਾਡੇ ਮੁਲਕ ਵਿੱਚ ਕਿੰਨੇ ਲੋਕ ਉਦਾਸ ਹਨ, ਕਿੰਨੇ ਖ਼ੁਦਕੁਸ਼ੀ ਕਰਦੇ ਹਨ ਤੇ ਕਿੰਨੇ ਕੋਸ਼ਿਸ਼ ਕਰਦੇ ਹਨ ਅਤੇ ਉਹ ਖ਼ੁਦਕੁਸ਼ੀ ਲਈ ਕੀ ਢੰਗ ਵਰਤਦੇ ਹਨ, ਇਹ ਸਭ ਇੰਨਾ ਮਹੱਤਵਪੂਰਨ ਨਹੀਂ ਹੈ ਜਿੰਨਾ ਇਹ ਕਿ ਉਨ੍ਹਾਂ ਨੂੰ ਖ਼ੁਦਕੁਸ਼ੀ ਦੇ ਪੜਾਅ ਤਕ ਪਹੁੰਚਣ ਹੀ ਕਿਉਂ ਦਿੱਤਾ ਗਿਆ। ਇੱਕ ਭਰੇ-ਭੁਕੰਨੇ ਪਰਿਵਾਰ ਅਤੇ ਦੋਸਤਾਂ ਦੇ ਮੇਲੇ ਵਿੱਚੋਂ ਕਿਸੇ ਨੂੰ ਇੱਕ ਪਲ ਲਈ ਵੀ ਇਹ ਅਹਿਸਾਸ ਨਹੀਂ ਹੋਇਆ ਕਿ ਅਜਿਹਾ ਗੰਭੀਰ ਹਾਦਸਾ ਵਾਪਰ ਸਕਦਾ ਹੈ। ਖ਼ੁਦਕੁਸ਼ੀ ਦੀ ਵਾਰਦਾਤ ਇੱਕ ਮਿੰਟ ਵਿੱਚ ਉਬਾਲ ਵਾਂਗ ਨਹੀਂ ਹੁੰਦੀ, ਭਾਵੇਂ ਕਿਹਾ ਇਹ ਜਾਂਦਾ ਹੈ ਕਿ ਰਾਤੀਂ ਬੱਸ ਪਿਤਾ ਨਾਲ ਝੜਪ ਹੋ ਗਈ, ਪਤੀ ਨਾਲ ਤਕਰਾਰ ਹੋ ਗਿਆ ਜਾਂ ਦਫਤਰ ਵਿੱਚ ਬੌਸ ਨਾਲ ਕਿਹਾ-ਸੁਣੀ ਹੋ ਗਈ, ਪਰ ਉਹ ਪਲ ਤ੍ਰੇੜ ਪੈ ਚੁੱਕੇ ਪੱਥਰ ਲਈ ਆਖਰੀ ਵਾਰ ਹੁੰਦਾ ਹੈ, ਜਦੋਂ ਕਿ ਤਣਾਅ ਤੇ ਨਿਰਾਸ਼ਾ ਦੇ ਆਲਮ ਵਿੱਚ ਲੰਘਦੇ ਹੋਏ ਬੰਦੇ ਵੱਲੋਂ ਨਿਰਾਸ਼ ਸ਼ਬਦਾਂ ਦੀ ਚੋਣ, ਖਾਣ-ਪੀਣ, ਪਹਿਨਣ ਵਿੱਚ ਉਤਸ਼ਾਹ ਨਾ ਹੋਣਾ, ਸਮਾਜਿਕ ਸਮਾਗਮਾਂ ਵਿੱਚ ਜਾਣ ਲਈ ਪਾਸਾ ਵੱਟਣਾ ਆਦਿ ਵਿਹਾਰ ਸੰਕੇਤ ਕਰ ਰਹੇ ਹੁੰਦੇ ਹਨ ਕਿ ਉਸ ਨਾਲ ਗੱਲ ਕੀਤੀ ਜਾਵੇ, ਪਰ ਨਾ ਹੀ ਸਾਡੇ ਵਿੱਚ ਗੰਭੀਰਤਾ ਹੈ ਤੇ ਨਾ ਹੀ ਸਾਡੇ ਕੋਲ ਸਮਾਂ।

ਇਹ ਠੀਕ ਹੈ ਕਿ ਬਹੁਤ ਵਾਰੀ ਗੱਲ ਦੀ ਗੰਭੀਰਤਾ ਅੰਕੜਿਆਂ ਵਿੱਚ ਸਿਮਟ ਜਾਂਦੀ ਹੈ ਪਰ ਉਹ ਕਈ ਪੱਖਾਂ ਤੋਂ ਹਾਲਾਤ ਨੂੰ ਸਮਝਣ ਵਿੱਚ ਮਦਦ ਵੀ ਕਰਦੀ ਹੈ, ਜੇਕਰ ਉਹ ਸੰਵੇਦਨਸ਼ੀਲਤਾ ਨਾਲ ਵਿਚਾਰੇ-ਪਰਖੇ ਜਾਣ। ਸਾਡੇ ਮੁਲਕ ਵਿੱਚ ਖ਼ੁਦਕੁਸ਼ੀ ਦੀ ਜਦੋਂ ਵੀ ਗੱਲ ਚਲਦੀ ਹੈ ਤਾਂ ਕਿਸਾਨਾਂ ਦੀ ਖ਼ੁਦਕੁਸ਼ੀ ਨੂੰ ਲੈ ਕੇ ਹੁੰਦੀ ਹੈ ਤੇ ਇਹ ਸਿਆਸੀ ਮੁੱਦਾ ਵੀ ਬਣਦੀ ਹੈ ਤੇ ਵੋਟ-ਪ੍ਰਾਪਤੀ ਨਾਲ ਵੀ ਜੁੜਦੀ ਹੈ, ਪਰ ਕੁਝ ਖ਼ੁਦਕੁਸ਼ੀਆਂ ਵਿੱਚੋਂ ਸਭ ਤੋਂ ਵੱਧ ਦਰ ਨੌਜਵਾਨਾਂ ਦੀ ਹੈ ਜੋ ਤਕਰੀਬਨ ਹਰ 4 ਮਿੰਟਾਂ ਵਿੱਚ ਇੱਕ ਹੈ। ਦੁਨੀਆਂ ਭਰ ਵਿੱਚ ਨੌਂ ਲੱਖ ਨੌਜਵਾਨ ਖ਼ੁਦਕੁਸ਼ੀ ਕਰਦੇ ਹਨ ਤੇ ਇਨ੍ਹਾਂ ਵਿੱਚੋਂ ਤਕਰੀਬਨ 1.35 ਲੱਖ ਸਾਡੇ ਮੁਲਕ ਤੋਂ ਹਨ। ਔਰਤਾਂ ਵਿੱਚ ਖ਼ੁਦਕੁਸ਼ੀ ਕਰਨ ਲਈ ਕੋਸ਼ਿਸ਼ਾਂ ਵੱਧ ਹੁੰਦੀਆਂ ਪਰ ਕਰਨ ਵਾਲਿਆਂ ਵਿੱਚੋਂ ਮਰਦਾਂ ਦੀ ਗਿਣਤੀ ਵੱਧ ਹੈ। ਉਦਾਸੀ ਔਰਤਾਂ ਵਿੱਚ ਪੁਰਸ਼ਾਂ ਤੋਂ ਦੁੱਗਣੀ ਹੁੰਦੀ ਹੈ ਪਰ ਨਸ਼ੇ ਮਰਦ ਵੱਧ ਕਰਦੇ ਹਨ। ਇਸ ਨੂੰ ਸਮਾਜਿਕ ਪ੍ਰਸੰਗ ਵਿੱਚ ਵਿਚਾਰਿਆ ਜਾ ਸਕਦਾ ਹੈ।

ਉੱਪਰ ਅਸੀਂ ਦੋ ਮੁੱਖ ਅਹਿਸਾਸਾਂ ਦੀ ਗੱਲ ਕੀਤੀ ਹੈ ਜਿਸ ਨੂੰ ਸਮਾਜਿਕ ਰਿਸ਼ਤਿਆਂ ਦੇ ਨਜ਼ਰੀਏ ਤੋਂ ਦੇਖਣ-ਸਮਝਣ ਦੀ ਲੋੜ ਹੈ। ਸਮਾਜ ਹੈ ਹੀ ਆਪਸੀ ਰਿਸ਼ਤਿਆਂ ਦੇ ਤਾਣੇ-ਬਾਣੇ ਦਾ ਨਾਂ। ਅਸੀਂ ਦੇਖ ਸਕਦੇ ਹਾਂ ਕਿ ਮੌਜੂਦਾ ਸਮੇਂ ਦੌਰਾਨ ਰਿਸ਼ਤਿਆਂ ਵਿੱਚ ਦੂਰੀ ਜ਼ਰੂਰ ਵਧੀ ਹੈ ਪਰ ਜਿਹੜੀ ਗੱਲ ਸਭ ਤੋਂ ਵੱਧ ਧਿਆਨ ਮੰਗਦੀ ਹੈ, ਉਹ ਹੈ ਆਪਸੀ ਵਿਸ਼ਵਾਸ ਦੀ ਘਾਟ। ਇਸ ਨੂੰ ਕਈ ਪੱਖਾਂ ਤੋਂ ਸਮਝਿਆ ਜਾ ਸਕਦਾ ਹੈ। ਉਂਜ ਡੂੰਘਾਈ ਅਤੇ ਜੜ੍ਹ ਤਕ ਜਾਣ ਦੀ ਹੱਦ ਤਕ ‘ਡੈੱਡਲਾਈਨ’ ਵਰਗੀ ਕਾਰਜ ਸ਼ੈਲੀ ਦੀ ਅੰਨ੍ਹੀ ਦੌੜ, ਸਭ ਨੂੰ ਲਤਾੜਦੇ ਹੋਏ ਅੱਗੇ ਵਧਣ ਦੀ ਹੋੜ। ਫਿਰ ਸਾਰੇ ਰਿਸ਼ਤੇ ਬੇਮਾਇਨੇ ਹੋ ਜਾਂਦੇ ਹਨ। ਦੁਨੀਆਂ ਭਰ ਦਾ ਵਰਤਾਰਾ 10/90 ਦੇ ਸਿਰਲੇਖ ਹੇਠ ਚਿਤਰਿਆ ਜਾ ਰਿਹਾ ਹੈ। ਦੁਨੀਆਂ ਦੀ ਦੌਲਤ 10 ਫ਼ੀਸਦੀ ਹੱਥਾਂ ਵਿੱਚ ਹੈ, ਜਿੰਨੀ ਬਾਕੀ 90 ਫ਼ੀਸਦੀ ਕੋਲ।

ਦੌਲਤ ਸਾਡੇ ਆਧੁਨਿਕ ਯੁਗ ਦਾ ਵਿਕਾਸ ਸੂਚਕ ਹੈ। ਪ੍ਰਤੀ ਵਿਅਕਤੀ ਆਮਦਨ। ਇਹ ਸਮੇਂ-ਸਮੇਂ ਬਦਲੇ/ਸੋਧੇ ਜਾਂਦੇ ਹਨ ਅਤੇ ਹਰ ਕੋਈ ਆਪੋ-ਆਪਣੇ ਖੇਮੇ ਵਿੱਚ ਇਨ੍ਹਾਂ ਨੂੰ ਵਿਚਾਰਦਾ ਹੈ। ਪਰ ਇੱਕ ਪਾਸਾ ਹੋਰ ਹੈ: ਕੀ ਇਨ੍ਹਾਂ ਨੂੰ ਨੀਂਦ ਦੀ ਗੋਲੀ ਖਾ ਕੇ ਸੌਣ ਵਾਲੇ ਲੋਕਾਂ ਦੀ ਤਾਦਾਦ ਨਾਲ ਜੋੜ ਕੇ ਦੇਖਿਆ ਜਾਂਦਾ ਹੈ? ਮਨੁੱਖੀ ਵਿਕਾਸ ਦੀ ਗੱਲ ਕਰਾਂਗੇ ਤਾਂ ਸਾਡੇ ਕੋਲ ਬਹੁਤ ਕੁਝ ਹੈ, ਕਹਿਣ ਨੂੰ ਚੰਨ ਉੱਤੇ ਪਹੁੰਚ ਗਏ, ਮੰਗਲ ਗ੍ਰਹਿ ’ਤੇ ਘਰ ਪਾਉਣ ਦੀ ਚਾਹਤ। ਰੋਬੌਟ, ਕੰਪਿਊਟਰ ਤੇ ਨਾਲ ਹੀ ਇਹ ਵੀ ਸੱਚ ਹੈ ਕਿ ਬਿਮਾਰੀਆਂ ਨਾਲ ਪੀੜਤ ਹੋਣ ਵਾਲੇ ਕਾਰਨਾਂ ਵਿੱਚੋਂ ਪਹਿਲਾ ਨੰਬਰ ਦਿਲ ਦੇ ਰੋਗਾਂ ਦਾ ਹੈ ਤੇ ਦੂਸਰਾ ਉਦਾਸੀ ਰੋਗ ਦਾ। ਹੁਣ ਜਿਸ ਰਫ਼ਤਾਰ ਨਾਲ ਉਦਾਸੀ ਵਧ ਰਹੀ ਹੈ, ਉਦਾਸੀ ਪਹਿਲਾ ਥਾਂ ਹਾਸਲ ਕਰਨ ਵੱਲ ਜਾ ਰਹੀ ਹੈ।

ਉਦਾਸੀ ਅਤੇ ਵਿਕਾਸ! ਪ੍ਰਾਪਤੀਆਂ ਅਤੇ ਨਿਰਾਸ਼ਾ! ਕੀ ਇਹ ਵਿਰੋਧਾਭਾਸ ਨਹੀਂ? ਕੁਝ ਹਾਸਿਲ ਕਰ ਕੇ ਤਾਂ ਖੁਸ਼ੀ ਹੁੰਦੀ ਹੈ, ਆਪਣੀ ਕਾਢ ’ਤੇ ਮਾਣ ਹੁੰਦਾ ਹੈ। ਫਿਰ ਇਹ ਕੀ? ਮਤਲਬ ਕਿਤੇ ਨਾ ਕਿਤੇ ਘਾਟ ਹੈ। ਖੁਸ਼ਹਾਲੀ ਹੈ, ਖੁਸ਼ੀ ਨਹੀਂ ਹੈ। ਆਦਮੀ ਪ੍ਰਾਪਤੀਆਂ ਕਰਦਾ ਦੌੜ ਰਿਹਾ ਹੈ। ਸਭ ਨੂੰ ਪਿੱਛੇ ਛੱਡਦਾ, ਧਕੇਲਦਾ ਤੇ ਫਿਰ ਨਿਸ਼ਾਨੇ ਉੱਤੇ ਪਹੁੰਚ ਕੇ ਆਲੇ-ਦੁਆਲੇ ਦੇਖਦਾ ਹੈ, ਕੋਈ ਨਹੀਂ ਹੁੰਦਾ। ਐੱਨ ਇਕੱਲਾ! ਗੱਲ ਕਿਸ ਨਾਲ ਸਾਂਝੀ ਕਰੇ। ਪ੍ਰਾਪਤੀ ਦੀ ਖੁਸ਼ੀ ਢਹਿ-ਢੇਰੀ ਹੋ ਜਾਂਦੀ ਹੈ। ਸਮੇਂ ਨੇ ਸਾਨੂੰ ਫਿਰ ਅੰਦਰੋਂ ਨਿਰਾਸ਼ ਹੁੰਦਿਆਂ, ਬਾਹਰੋਂ ਖੁਸ਼ ਅਤੇ ਚਮਕ-ਦਮਕ ਬਣਾ ਕੇ ਰੱਖਣਾ ਵੀ ਸਿਖਾਇਆ ਹੈ।

ਦੋ ਸਾਲ ਪਹਿਲਾਂ ਵਿਸ਼ਵ ਸਿਹਤ ਸੰਸਥਾ ਨੇ ਦੁਨੀਆਂ ਦਾ ਧਿਆਨ ਇਸ ਹਾਲਤ ਵੱਲ ਖਿੱਚਿਆ ਸੀ, ਜਦੋਂ ਇਹ ਕਿਹਾ- ਉਦਾਸੀ: ਆਉ ਗੱਲਾਂ ਕਰੀਏ। ਭਾਵ ਸਪਸ਼ਟ ਸੀ ਕਿ ਸੰਵਾਦ ਦੀ ਤੰਦ ਨਾ ਤੋੜੀਏ ਪਰ ਗੱਲਾਂ ਕਿਸ ਨਾਲ ਕਰੀਏ? ਹੈ ਕੋਈ ਮਨ ਦੀ ਹਾਲਤ ਸੁਣਨ/ਸਮਝਣ ਵਾਲਾ? ਕੌਣ ਮੇਰੀ ਗੱਲ ਨੂੰ ਗੰਭੀਰਤਾ ਨਾਲ ਸੁਣੇਗਾ? ਦਰਦ ਨੂੰ ਮਹਿਸੂਸ ਕਰੇਗਾ? ਇਸ ਵਿੱਚ ਦੋ ਮੁੱਖ ਗੱਲਾਂ ਹਨ। ਪਹਿਲੀ ਹੈ ਸੁਣਨਾ ਅਤੇ ਦੂਸਰਾ ਹੈ ਦਰਦ ਨੂੰ ਗੰਭੀਰਤਾ ਨਾਲ ਲੈਣਾ। ‘ਨਾਨਕ ਦੁਖੀਆ ਸਭ ਸੰਸਾਰ’ ਦੀ ਭਾਵਨਾ ਉਦਾਸੀ ਰੋਗ ਵਿੱਚ ਕਾਰਗਰ ਨਹੀਂ ਹੁੰਦੀ- ‘ਕੀ ਤੂੰ ਇਕੱਲਾ ਹੀ ਦੁਖੀ ਹੈਂ?’ ਜਿਹੀ ਸਲਾਹ ਸਗੋਂ ਬੰਦੇ ਨੂੰ ਵੱਧ ਦੁਖੀ ਕਰਦੀ ਹੈ। ਹਿੰਮਤ, ਥਾਪੀ, ਇਹ ਅਹਿਸਾਸ ਕਿ ਘਬਰਾ ਨਾ, ਮੈਂ ਤੇਰੇ ਨਾਲ ਹਾਂ, ਹੀ ਅਸਲ ਇਲਾਜ ਹੈ; ਤਣਾਅ, ਉਦਾਸੀ ਘੱਟ ਕਰਨ ਅਤੇ ਬੰਦੇ ਨੂੰ ਖ਼ੁਦਕੁਸ਼ੀ ਦੇ ਫੈਸਲੇ ਤੋਂ ਵਾਪਸ ਮੋੜ ਲਿਆਉਣ ਦਾ।

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2243)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.gmail.com)

About the Author

ਡਾ. ਸ਼ਿਆਮ ਸੁੰਦਰ ਦੀਪਤੀ

ਡਾ. ਸ਼ਿਆਮ ਸੁੰਦਰ ਦੀਪਤੀ

Professor, Govt. Medical College,
Amritsar, Punjab, India.
Phone: (91 - 98158 - 08506)
Email: (drdeeptiss@gmail.com)

More articles from this author