ShyamSDeepti7ਤਿਆਰੀ ਬਾਰੇ ਤਾਂ ਸਾਡੇ ਕੋਲੋਂ ਕੁਝ ਵੀ ਹੁਣ ਲੁਕਿਆ ਨਹੀਂ ਹੈ। ਸੁਚੇਤ ਤਾਂ ਹੁਣ ਵੀ ...
(28 ਜੂਨ 2021)

 

ਕਰੋਨਾ ਮਹਾਂਮਾਰੀ ਨੂੰ ਲੈ ਕੇ ਤੀਸਰੀ ਲਹਿਰ ਦੇ ਆਉਣ ਦੀ ਚਰਚਾ ਆਮ ਲੋਕਾਂ ਦੇ ਮੂੰਹ ’ਤੇ ਹੈ ਤੇ ਹੁਣ ਕੁਝ ਕੁ ਦਿਨਾਂ ਤੋਂ ਮੀਡੀਆ ਵਿੱਚ ਵੀ ਸੁਣਨ ਨੂੰ ਮਿਲ ਰਹੀ ਹੈਇਸ ਬਾਰੇ ਵੀ ਇੱਕ ਪਹਿਲੂ, ਜੋ ਸਭ ਦੇ ਮਨਾਂ ਨੂੰ ਭੈਅਭੀਤ ਕਰ ਰਿਹਾ ਹੈ, ਉਹ ਹੈ ਵਿਸ਼ੇਸ਼ ਤੌਰ ’ਤੇ ਉਭਾਰਿਆ ਜਾਣਾ ਕਿ ਤੀਸਰੀ ਲਹਿਰ ਬੱਚਿਆਂ ਨੂੰ ਵੱਧ ਪ੍ਰਭਾਵਿਤ ਕਰੇਗੀ

ਇਸਦਾ ਆਧਾਰ ਸਭ ਦਾ ਵੱਖੋ ਵੱਖ ਹੈਇਸ ਬਾਰੇ ਮਹਾਂਮਾਰੀ ਵਿਸ਼ੇਸ਼ਗਾਂ ਦੀ ਕੀ ਰਾਏ ਹੈ ਜਾਂ ਕਰੋਨਾ ਟਾਸਕ ਫੋਰਸ ਦੇ ਮੈਂਬਰ ਕੀ ਕਹਿ ਰਹੇ ਹਨ, ਕਿਤੇ-ਕਿਤੇ ਬੱਚਿਆਂ ਦੇ ਮਾਹਿਰ ਕੀ ਗੱਲ ਕਰ ਰਹੇ ਹਨ, ਪਰ ਕਿਸੇ ਵੀ ਤਰ੍ਹਾਂ ਦੀ ਸਪਸ਼ਟਤਾ ਦੀ ਘਾਟ ਹੈਤੀਸਰੀ ਲਹਿਰ ਦਾ ਡਰ ਇਸ ਲਈ ਵੀ ਵੱਧ ਹੈ ਕਿ ਲੋਕਾਂ ਦੇ ਮਨਾਂ ਵਿੱਚੋਂ ਦੂਸਰੀ ਲਹਿਰ ਨਾਲ ਹੋਈ ਤਬਾਹੀ ਦੇ ਦ੍ਰਿਸ਼ ਅਜੇ ਧੁੰਦਲੇ ਨਹੀਂ ਹੋਏ ਹਨਭਾਵੇਂ ਕਿ ਦੂਸਰੀ ਲਹਿਰ ਦੀ ਤਬਾਹੀ ਦੇ ਵਿਸ਼ਲੇਸ਼ਣ ਤੋਂ ਇਹ ਗੱਲ ਸਾਫ਼ ਸਪਸ਼ਟ ਤੌਰ ’ਤੇ ਉੱਭਰ ਕੇ ਸਾਹਮਣੇ ਆਈ ਹੈ ਕਿ ਉਸ ਪਿੱਛੇ ਵਾਇਰਸ ਤੋਂ ਵੱਧ ਵਿਵਸਥਾ ਦਾ ਕਸੂਰ ਹੈਤੀਸਰੀ ਲਹਿਰ ਅਤੇ ਬੱਚੇ, ਇਸ ਖ਼ਬਰ ਨਾਲ ਹੁਣ ਬੱਚਿਆਂ ਦੇ ਲਈ ਤਿਆਰੀ ਦੀਆਂ ਖ਼ਬਰਾਂ ਵੀ ਘਬਰਾਹਟ ਵਧਾ ਰਹੀਆਂ ਹਨਨਿਸ਼ਚਿਤ ਹੀ ਕੋਈ ਵੀ ਪਰਿਵਾਰ ਵੱਡੀ ਉਮਰ ਦੇ ਵਿਛੋੜੇ ਨੂੰ ਤਾਂ ਬਰਦਾਸ਼ਤ ਕਰ ਸਕਦਾ ਹੈ, ਪਰ ਬੱਚਿਆਂ ਨੂੰ ਲੈ ਕੇ ਚਿੰਤਤ ਹੋਣਾ ਸੁਭਾਵਿਕ ਹੀ ਹੈ

ਤੀਸਰੀ ਲਹਿਰ ਦਾ ਸੱਚ ਕੀ ਹੈ ਤੇ ਇਸ ਨਾਲ ਜੁੜੇ, ਪ੍ਰਚਾਰੇ ਜਾ ਰਹੇ ਭੈਅ ਅਤੇ ਵਹਿਮਾਂ ਦਾ ਵੇਰਵਾ ਇਸ ਤਰ੍ਹਾਂ ਹੈ:

ਤੀਸਰੀ ਲਹਿਰ ਬਾਰੇ ਅੰਦੇਸ਼ੇ ਦਾ ਵਿਗਿਆਨਕ ਆਧਾਰ ਕੀ ਹੈ?

ਤੀਸਰੀ ਲਹਿਰ ਬਾਰੇ ਕਈ ਤਰ੍ਹਾਂ ਦੇ ਅੰਦੇਸ਼ੇ ਹਨਏਮਜ਼ ਦਿੱਲੀ ਦੇ ਡਾਇਰੈਕਟਰ ਦਾ ਤਾਂ ਕਹਿਣਾ ਹੈ ਕਿ ਤੀਸਰੀ ਲਹਿਰ ਆਵੇਗੀ ਹੀ ਨਹੀਂਇਹਨਾਂ ਲਹਿਰਾਂ ਦਾ ਇੱਕ ਇਤਿਹਾਸਕ ਆਧਾਰ ਵੀ ਹੈ ਕਿ ਸਪੈਨਿਸ਼ ਫਲੂ (1918) ਦੀਆਂ ਚਾਰ ਲਹਿਰਾਂ ਆਈਆਂ ਤੇ ਉਸ ਨੇ ਦੋ ਸਾਲ ਲਏਸਪੈਨਿਸ਼ ਫਲੂ ਨੇ ਤਕਰੀਬਨ 50 ਕਰੋੜ ਲੋਕਾਂ ਨੂੰ ਲਪੇਟ ਵਿੱਚ ਲਿਆਪਰ ਉਹ ਸਮਾਂ ਹੋਰ ਸੀਮੈਡੀਕਲ ਵਿਗਿਅਨ ਕੋਲ ਵੀ ਮੁੱਢਲੇ ਦਰਜੇ ਦੀ ਮੁਹਾਰਤ ਨਹੀਂ ਸੀ ਤੇ ਵੈਕਸੀਨ ਵੀ ਅਜੇ ਪੂਰੀ ਤਰ੍ਹਾਂ ਵਿਕਸਿਤ ਨਹੀਂ ਸੀ ਹੋਈ ਭਾਵੇਂ ਕਿ ਚੇਚਕ ਦਾ ਟੀਕਾ, ਐਡਵਰਡ ਜੈਨਰ ਨੇ 1798 ਵਿੱਚ ਬਣਾ ਲਿਆ ਸੀਹੁਣ ਤੀਸਰੀ ਲਹਿਰ ਬਾਰੇ ਅੰਦੇਸ਼ੇ ਸਾਰੇ ਦੇਸ਼ਾਂ ਦੇ ਮਹਿਰਾਂ ਦੇ ਆਪਣੇ ਆਪਣੇ ਤਜਰਬਿਆਂ ਅਤੇ ਉਸ ਦੇਸ਼ ਦੀ ਸਿਹਤ ਸਥਿਤੀ ਦੇ ਆਧਰ ’ਤੇ ਅੱਡ ਅੱਡ ਹਨਦੂਸਰੀ ਲਹਿਰ ਦੀ ਜੋ ਤਬਾਹੀ ਅਸੀਂ ਦੇਖੀ ਹੈ, ਉਸ ਦੀ ਮਿਸਾਲ ਦੁਨੀਆਂ ਵਿੱਚ ਹੋਰ ਨਹੀਂ ਹੈ

ਕਰੋਨਾ ਦੀ ਤੀਸਰੀ ਲਹਿਰ ਦਾ ਇੱਕ ਸਬੰਧ, ਲੋਕਾਂ ਵਿੱਚ ਹਰਡ ਇਮੀਉਨਿਟੀ (Herd Immunity) ਨਾਲ ਹੈਕਰੋਨਾ ਮਹਾਂਮਾਰੀ ਨੂੰ ਲੈ ਕੇ, ਹਰਡ ਇਮੀਊਨਿਟੀ ਦੀ ਗੱਲ ਹੁੰਦੀ ਰਹੀ ਹੈ ਇਸਦਾ ਵਿਗਿਆਨਕ ਪੱਖ ਹੈ ਕਿ ਵਾਇਰਸ ਕਿੰਨੇ-ਕੁ ਲੋਕਾਂ ਵਿੱਚ ਜਾ ਚੁੱਕਾ ਹੈ ਤਾਂ ਜੋ ਉਹ ਲੋਕ ਘੇਰਾਬੰਦੀ ਕਰ ਕੇ, ਬਾਕੀਆਂ ਨੂੰ ਬਚਾ ਸਕਣਇਹ ਸਥਿਤੀ ਉਦੋਂ ਬਣਦੀ ਹੈ ਜਦੋਂ 60-70 ਫੀਸਦੀ ਲੋਕਾਂ ਵਿੱਚ ਵਾਇਰਸ ਚਲਾ ਜਾਵੇਪਹਿਲੀ ਲਹਿਰ ਤੋਂ ਬਾਅਦ, ਲੋੜੀਂਦੀ ਹਰਡ ਇਮੀਊਨਿਟੀ ਨਹੀਂ ਹੋਈ ਤੇ ਹੁਣ ਇੱਕ ਅੰਦਾਜ਼ੇ ਮੁਤਾਬਕ ਪਹਿਲਾਂ ਤੋਂ ਇਹ ਵੱਧ ਹੈਪਰ ਇੱਕ ਗੱਲ ਹੋਰ ਹੈ ਕਿ ਹੁਣ ਵੈਕਸੀਨ ਦੇ ਕੇ ਵੀ ਹਰਡ ਇਮੀਊਨਿਟੀ ਦਰ ਵਧਾਉਣ ਦਾ ਕੰਮ ਹੋ ਰਿਹਾ ਹੈ

ਬੱਚਿਆਂ ਨੂੰ ਵੱਧ ਪ੍ਰਭਾਵਿਤ ਕਰਨ ਦਾ ਕੋਈ ਆਧਾਰ ਹੈ ਜਾਂ ਸਭ ਦੇ ਅੰਦੇਸ਼ੇ ਹੀ ਹਨ?

ਇੱਕ ਪੱਖ ਤਾਂ ਇਹ ਹੈ ਕਿ ਪਹਿਲੀ ਲਹਿਰ ਵਿੱਚ ਵੱਡੀ ਉਮਰ ਦੇ ਲੋਕ ਵੱਧ ਪ੍ਰਭਾਵਿਤ ਹੋਏ ਤੇ ਦੂਸਰੀ ਲਹਿਰ ਵਿੱਚ ਨੌਜਵਾਨ ਵੀ ਕਾਫ਼ੀ ਜ਼ਿਆਦਾ ਪ੍ਰਭਾਵਿਤ ਹੋਏਇਸ ਤਰੀਕੇ ਨਾਲ ਇੱਕ ਅੰਦਾਜ਼ਾ ਲੱਗਿਆ ਕਿ ਬੱਚੇ ਹੀ ਹਨ ਜੋ ਪ੍ਰਭਾਵਿਤ ਨਹੀਂ ਹੋਏ ਤੇ ਹੁਣ ਵਾਇਰਸ ਉਨ੍ਹਾਂ ਨੂੰ ਮਾਰ ਹੇਠ ਲਵੇਗਾ

ਇਸ ਅੰਦੇਸ਼ੇ ਦਾ ਇੱਕ ਪੱਖ ਹੋਰ ਹੈ ਕਿ ਇਹ ਵੀ ਨਹੀਂ ਕਿ ਬੱਚੇ ਬਿਲਕੁਲ ਹੀ ਪ੍ਰਭਾਵਿਤ ਨਹੀਂ ਹੋਏ ਤੇ ਇਹ ਵੀ ਸੱਚ ਹੈ ਕਿ ਅਜੇ ਸਾਰੇ ਹੀ ਨੌਜਵਾਨ ਜਾਂ ਬਜ਼ੁਰਗ ਇਸਦੇ ਲਪੇਟ ਵਿੱਚ ਆ ਗਏ ਹੋਣਇਸ ਤਰ੍ਹਾਂ ਜੇ ਤੀਸਰੀ ਲਹਿਰ ਆਈ ਵੀ ਤਾਂ ਉਹ ਇਕੱਲਿਆਂ ਬੱਚਿਆਂ ਨੂੰ ਹੀ ਨਹੀਂ, ਸਾਰੇ ਵਰਗਾਂ ਨੂੰ ਹੀ ਪ੍ਰਭਾਵਿਤ ਕਰੇਗੀ

ਜਦੋਂ ਬੱਚੇ ਪ੍ਰਭਾਵਿਤ ਹੋਣਗੇ ਤਾਂ ਉਨ੍ਹਾਂ ਦੇ ਨਾਜ਼ੁਕ ਸਰੀਰ ਦੇ ਤਹਿਤ ਉਹ ਤਾਂ ਫਿਰ ਵੱਧ ਸੰਜੀਦਾ ਹਾਲਤ ਵਿੱਚ ਪਹੁੰਚਣਗੇ

ਕਰੋਨਾ ਮਹਾਂਮਾਰੀ ਦੇ ਹਮਲੇ ਨੂੰ ਲੈ ਕੇ ਹੁਣ ਤਕ ਜਿੰਨੇ ਵੀ ਬੱਚੇ ਪ੍ਰਭਾਵਿਤ ਹੋਏ ਹਨ, ਜੋ ਕਿ ਪੰਜਾਹ ਹਜ਼ਾਰ ਦੇ ਕਰੀਬ ਬਣਦੇ ਹਨ, ਉਨ੍ਹਾਂ ਵਿੱਚ ਵੀ 90-92 ਫੀਸਦੀ ਵਿੱਚ ਉਹੀ ਮਾਮੂਲੀ ਲੱਛਣ ਸਨ, ਬੁਖਾਰ, ਖਾਂਸੀ, ਟੇਸਟ ਅਤੇ ਸਮੈਲ ਦਾ ਚਲੇ ਜਾਣਾ, ਪੇਟ ਦੀ ਖਰਾਬੀ ਆਦਿਇਨ੍ਹਾਂ ਵਿੱਚੋਂ ਕਿਸੇ ਨੂੰ ਵੀ ਹਸਪਤਾਲ ਦੀ ਲੋੜ ਨਹੀਂ ਪਈਇਸ ਤੋਂ ਇਲਾਵਾ ਜੋ ਦਾਖਲ ਵੀ ਹੋਏ ਹਨ, ਉਨ੍ਹਾਂ ਵਿੱਚ ਵੀ ਇਹ ਘਾਤਕ ਸਥਿਤੀ ਬਹੁਤ ਹੀ ਘੱਟ ਦੇਖੀ ਗਈ ਹੈਬੱਚੇ ਨਾਜ਼ੁਕ ਜ਼ਰੂਰ ਹਨ, ਪਰ ਇੱਕ ਉਤਸ਼ਾਹ ਵਧਾਉ ਪੱਖ ਹੈ ਕਿ ਉਨ੍ਹਾਂ ਦਾ ਇਮੀਊਨ ਸਿਸਟਮ ਇੰਨਾ ਵਿਕਸਿਤ ਨਹੀਂ ਹੋਇਆ ਹੁੰਦਾ ਕਿ ਉਨ੍ਹਾਂ ਨੂੰ ‘ਮਾਰੂ ਸ਼ੋਕ ਸਿਨਡਰੋਮ’ ਵਿੱਚ ਲੈ ਜਾਵੇ

ਇੱਕ ਪੱਖ ਹੋਰ ਵੀ ਹੌਸਲਾ ਦੇਣ ਵਾਲਾ ਹੈ ਕਿ ਪ੍ਰਭਾਵਿਤ ਬੱਚਿਆਂ ਵਿੱਚੋਂ 70 ਫੀਸਦੀ ਬੱਚੇ ਕਿਸੇ ਵੀ ਤਰ੍ਹਾਂ ਦੀਆਂ ਵੱਡੇ ਲੋਕਾਂ ਵਾਲੀਆਂ ਬਿਮਰੀਆਂ, ਜਿਵੇਂ ਸ਼ੂਗਰ ਰੋਗ, ਦਿਲ ਦੀਆਂ ਬਿਮਾਰੀਆਂ ਜਾਂ ਅਜਿਹੀਆਂ ਹੋਰ ਤੋਂ ਦੂਰ ਸਨ ਜ਼ਿਆਦਾ ਬੱਚੇ ਸਿਹਤਮੰਦ ਸਨ ਤੇ ਉਹ ਸੰਜੀਦਾ ਹਾਲਤ ਵਿੱਚ ਪਹੁੰਚਣ ਤੋਂ ਬਚੇ ਰਹੇ

ਹੁਣ ਤਾਂ ਵੈਕਸੀਨ ਆ ਗਈ ਹੈ, ਹੁਣ ਫਿਰ ਤੀਸਰੀ ਲਹਿਰ ਕਿਉਂ?

ਇਹ ਇੱਕ ਵਾਜਿਬ ਅਤੇ ਵਿਗਿਆਨਕ ਸਮਝ ਦਾ ਸੂਚਕ ਹੈ ਕਿ ਵੈਕਸੀਨ ਨੂੰ ਹੀ ਇਸਦਾ ਆਖਰੀ ਹਥਿਆਰ ਕਿਹਾ ਜਾ ਰਿਹਾ ਸੀਫਿਰ ਤੀਸਰੀ ਲਹਿਰ ਦਾ ਅੰਦੇਸ਼ਾ ਤਾਂ ਠੀਕ ਨਹੀਂ ਲਗਦਾਨਾਲੇ ਹੁਣ ਸਾਡੇ ਕੋਲ ਇਹ ਖ਼ਬਰ ਵੀ ਹੈ ਕਿ ਅਮਰੀਕਾ ਨੇ 70 ਫੀਸਦੀ ਆਬਾਦੀ ਨੂੰ ਟੀਕਾ ਲਗਾ ਦਿੱਤਾ ਹੈ ਤੇ ਲੋਕਾਂ ਉੱਤੇ ਲੱਗੀਆਂ ਸਾਰੀਆਂ ਬੰਦੀਆਂ (ਮਾਸਕ, ਸਮਾਜਿਕ ਦੂਰੀ) ਹਟਾ ਦਿੱਤੀਆਂ ਗਈਆਂ ਹਨ

ਇਸੇ ਸੰਦਰਭ ਵਿੱਚ ਹੀ, ਦੂਸਰੇ ਪਾਸੇ ਬੱਚਿਆਂ ਲਈ ਵੈਕਸੀਨ ਬਣੀ ਨਹੀਂ ਹੈ ਜਾਂ ਕਹੀਏ ਅਜੇ ਪਰਖ ਨਹੀਂ ਹੋਈ ਹੈਅਮਰੀਕਾ ਦੀ ਫਾਈਜ਼ਰ ਕੰਪਨੀ ਨੇ ਪਰਖ ਕੀਤੀ ਹੈ ਤੇ ਬਾਰਾਂ ਸਾਲ ਤੋਂ ਵੱਡੀ ਉਮਰ ਦੇ ਬੱਚਿਆਂ ਲਈ, ਇਸ ਨੂੰ ਲਗਾਉਣ ਲਈ ਮੰਜੂਰੀ ਲੈ ਲਈ ਹੈਭਾਰਤ ਦੀ ਕੰਪਨੀ, ਬਾਓਟੈੱਕ ਨੂੰ, ਕੋਵੈਕਸੀਨ ਦੇ ਬੱਚਿਆਂ ਵਿੱਚ ਪਰਖ਼ ਲਈ ਮੰਜੂਰੀ ਮਿਲੀ ਹੈ

ਜਿੱਥੋਂ ਤਕ ਸਾਡੇ ਦੇਸ਼ ਦੀ ਹਾਲਤ ਦਾ ਸਵਾਲ ਹੈ, ਸਾਡੇ ਕੋਲ ਹਰਡ ਇਮੀਉਨਿਟੀ ਵੀ ਨਹੀਂ ਹੈ ਤੇ ਜੋ ਵੈਕਸੀਨ ਮੰਗਵਾਉਣੀ ਸੀ, ਉਸ ਵਿੱਚ ਵੀ ਪਛੜ ਗਏ ਹਾਂਅੰਦਾਜ਼ਾ ਲਗਾਉ ਕਿ 16 ਜੂਨ ਤਕ ਦੇਸ਼ ਦੀ 3.5 ਫੀਸਦੀ ਆਬਾਦੀ ਨੂੰ ਦੋਵੇਂ ਖੁਰਾਕਾਂ ਲੱਗੀਆਂ ਹਨ ਤੇ 15 ਫੀਸਦੀ ਨੂੰ ਇੱਕ ਟੀਕਾਇਹ 60-70% ਕਦੋਂ ਤਕ ਲੱਗੇਗਾ, ਉਸ ਬਾਰੇ ਵੀ ਕੋਈ ਯਕੀਨੀ ਨਕਸ਼ਾ ਸਾਡੇ ਕੋਲ ਨਹੀਂ ਹੈ

ਵੈਕਸੀਨ ਨੂੰ ਲੈ ਕੇ ਕਾਫ਼ੀ ਹਫੜਾ-ਦਫੜੀ ਦੇਖੀ ਜਾ ਰਹੀ ਹੈ, ਜਦੋਂ ਕਿ ਸਾਡੇ ਦੇਸ਼ ਅੰਦਰ ਦੋ ਕੰਪਨੀਆਂ ਵੈਕਸੀਨ ਬਣਾ ਰਹੀਆਂ ਹਨ ਤੇ ਬਜਟ ਵਿੱਚ ਵੀ 35000 ਕਰੋੜ ਸਿਰਫ਼ ਵੈਕਸੀਨ ਲਈ ਐਲਾਨੇ ਗਏ ਸਨ

ਕਰੋਨਾ ਮਹਾਂਮਾਰੀ ਦੀ ਸ਼ੁਰੂਆਤ ਤੋਂ ਹੀ, ਜਦੋਂ ਦੇਸ਼ ਦੀਆਂ ਕੰਪਨੀਆਂ ਨੇ ਵੈਕਸੀਨ ਪੈਦਾਵਾਰ ਦੀ ਦਿਸ਼ਾ ਵਿੱਚ ਕੰਮ ਸੰਭਾਲਿਆ, ਸਿਆਸਤ ਹੁੰਦੀ ਰਹੀ ਹੈਪਿਛਲੇ ਸਾਲ 15 ਅਗਸਤ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਦੀ ਚਾਹਤ, ਫਿਰ ਦੇਸ਼ ਨੂੰ ਮੋਹਰੀ ਦੇਸ਼ ਘੋਸ਼ਿਤ ਕਰਨ ਦੇ ਚੱਕਰ ਵਿੱਚ, ਕੋਵੈਕਸੀਨ ਭਾਰਤੀ ਕੰਪਨੀ ਨੂੰ ਤੇਜ਼ੀ ਵਿੱਚ ਐਮਰਜੈਂਸੀ ਇਸਤੇਮਾਲ ਲਈ ਸਾਰਟੀਫਿਕੇਟ ਦੇਣਾ, ਜਿਸ ਬਾਰੇ ਵਿਸ਼ਵ ਸਿਹਤ ਸੰਸਥਾ ਦੀ ਸੂਚੀ ਵਿੱਚ ਸ਼ਾਮਲ ਨਾ ਹੋਣ ਦੀ ਗੱਲ ਸਾਹਮਣੇ ਆ ਰਹੀ ਹੈ, ‘ਦੁਨੀਆਂ ਦੀ ਸਭ ਤੋਂ ਵੱਡੀ ਟੀਕਾਕਰਨ ਮੁਹਿੰਮ’ ਦੀ ਖ਼ਬਰ ਬਣਾਉਣ ਦੀ ਇੱਛਾ ਤੇ ਫਿਰ ਸਥਿਤੀ ਨਾ ਸੰਭਾਲਣ ਦੀ ਸੂਰਤ ਵਿੱਚ, ਰਾਜਾਂ ਦੇ ਹੱਥ ਜ਼ਿੰਮੇਵਾਰੀ ਦੇਣ ਦੀ ਗੱਲ, ਸੁਪਰੀਮ ਕੋਰਟ ਦਾ ਵਿੱਚ ਪੈਣਾ ਤੇ ਕੇਂਦਰਾਂ ਦੀ ਕਾਰਗੁਜ਼ਾਰੀ ਨੂੰ ਲੈ ਕੇ ਸਵਾਲ ਖੜ੍ਹੇ ਕਰਨਾ, ਹੁਣ ਇੱਕ ਵਾਰੀ ਫਿਰ ਕੇਂਦਰ ਵਲੋਂ ਸਭ ਨੂੰ ਮੁਫ਼ਤ ਵੈਕਸੀਨ ਦੇਣ ਦਾ ਐਲਾਨ, ਸਰਕਾਰੀ ਅਤੇ ਪ੍ਰਾਈਵੇਟ ਖੇਤਰਾਂ ਦੀ ਵੰਡ ਪ੍ਰਣਾਲੀ, ਵੈਕਸੀਨ ਦੇ ਰੇਟ ਤੈਅ ਕਰਨੇ ਤੇ ਨਾਲ ਮੁਫ਼ਤ ਦਾ ਪ੍ਰਚਾਰ, ਇਹ ਦ੍ਰਿਸ਼ ਦੇਸ਼ ਦੀ ਕਰੋਨਾ ਖਿਲਾਫ਼ ਜੰਗ ਨੂੰ ਲੈ ਕੇ ਗੈਰ-ਸੰਜੀਦਗੀ ਨੂੰ ਦਰਸਾਉਂਦੇ ਹਨਇਸੇ ਲਈ ਸ਼ੱਕ ਪੈਂਦਾ ਹੈ ਕਿ ਤੀਸਰੀ ਲਹਿਰ ਨੂੰ ਰੋਕਣ ਵਿੱਚ ਅਸੀਂ ਕਿੰਨੇ ਕੁ ਕਾਮਯਾਬ ਹੋ ਸਕਾਂਗੇ

ਇਹ ਰਾਜਨੀਤਕ ਗੈਰ ਸੰਜੀਦਗੀ, ਅੱਗੋਂ ਲੌਕਡਾਉਨ ਖੋਲ੍ਹ ਕੇ ਲੋਕਾਂ ਵਿੱਚ ਗੈਰ ਜ਼ਿੰਮੇਵਾਰ ਵਿਵਹਾਰ ਵਿੱਚ ਤਬਦੀਲੀ ਹੁੰਦੀ ਹੈ, ਜੋ ਕਿ ਖਤਰਾ ਬਣ ਸਕਦਾ ਹੈ

ਇੱਥੇ ਇੱਕ ਹੋਰ ਅੰਦੇਸ਼ੇ ਨੂੰ ਵੀ ਅਣਗੌਲਿਆ ਨਹੀਂ ਕੀਤਾ ਜਾ ਸਕਦਾ ਕਿ ਜੇਕਰ ਵੈਕਸੀਨ ਨਿਰਧਾਰਤ ਬਚਾ ਸੀਮਾ ਤਕ ਲੋਕਾਂ ਤਕ ਨਹੀਂ ਪਹੁੰਚਦਾ ਤਾਂ ਜਿੰਨ੍ਹਾਂ ਲੋਕਾਂ ਨੂੰ ਇਹ ਟੀਕਾ ਲੱਗ ਰਿਹਾ ਹੈ, ਇਹ ਵੀ ਪਤਾ ਨਹੀਂ ਉਨ੍ਹਾਂ ਵਿੱਚ ਇਹ ਕਿੰਨਾ ਕੁ ਕਾਰਗਰ/ਪ੍ਰਭਾਵੀ ਰਹੇਗਾਹੋ ਸਕਦਾ ਹੈ ਕਿ ਉਨ੍ਹਾਂ ਕਾਰਨ ਇੱਕ ਵਾਰੀ ਫਿਰ ਹਰਡ ਇਮੀਉਨਟੀ ਪੇਤਲੀ ਪੈ ਜਾਵੇ

ਜੇਕਰ ਤੀਸਰੀ ਲਹਿਰ ਆਉਂਦੀ ਹੈ ਤਾਂ ਸਾਡੇ ਕੋਲ ਕਿੰਨੀ ਕੁ ਤਿਆਰੀ ਹੈ

ਤਿਆਰੀ ਬਾਰੇ ਤਾਂ ਸਾਡੇ ਕੋਲੋਂ ਕੁਝ ਵੀ ਹੁਣ ਲੁਕਿਆ ਨਹੀਂ ਹੈਸੁਚੇਤ ਤਾਂ ਹੁਣ ਵੀ ਪਹਿਲਾਂ ਵਾਂਗ ਕੀਤਾ ਜਾ ਰਿਹਾ ਹੈ ਕਿ ਤੀਸਰੀ ਲਹਿਰ ਆਵੇਗੀ, ਬੱਚਿਆਂ ਨੂੰ ਵੱਧ ਪ੍ਰਭਾਵਿਤ ਕਰੇਗੀਪਰ ਨਾਲ ਹੀ ਪਿਛਲੇ ਸਾਲ ਵਾਂਗ ਹੀ, ਅਸੀਂ ਜੰਗ ਜਿੱਤ ਲਈ ਹੈ ਦਾ ਐਲਾਨ ਵੀ ਹੋਇਆ ਤੇ ਹੁਣ ਵੀ ਕਿ ਇਹ ਤਾਂ ਬੱਚਿਆਂ ਵਿੱਚ ਵੱਧ ਮਾਰੂ ਨਹੀਂ ਹੈ, ਅਸੀਂ ਅਵੇਸਲੇ ਵੀ ਪੈ ਸਕਦੇ ਹਾਂਇਹ ਸਾਡੀ ਫਿਤਰਤ ਹੈ ਕਿ ਅਸੀਂ ਸਿਰ ’ਤੇ ਪੈਣ ’ਤੇ ਹੀ ਹਰਕਤ ਵਿੱਚ ਆਉਂਦੇ ਹਾਂ

ਦੇਸ਼ ਦੀਆਂ ਖ਼ਬਰਾਂ ਵਿੱਚ ਬੱਚਿਆਂ ਦੇ ਆਈ.ਸੀ.ਯੂ ਦੀ ਤਿਆਰੀ, ਬੱਚਿਆਂ ਦੇ ਵੈਂਟੀਲੇਟਰਾਂ ਦਾ ਇੰਤਜ਼ਾਮ ਕੀਤੇ ਜਾਣ ਦੀਆਂ ਗੱਲਾਂ ਹੋ ਰਹੀਆਂ ਹਨਇਹ ਇੱਕ ਵਧੀਆ ਗੱਲ ਹੈਪਰ ਅਸਲ ਗੱਲ ਤਾਂ ਹੈ ਕਿ ਸਿਹਤ ਵਿਵਸਥਾ ਉਂਜ ਵੀ ਦੁਰਸਤ ਹੋਣੀ ਚਾਹੀਦੀ ਹੈਜੇਕਰ ਦੇਸ਼ ਦੇ ਸਿਹਤ ਢਾਂਚੇ (ਜੋ ਕਿ ਇੱਕ ਤਰ੍ਹਾਂ ਨਕਾਰਾ ਹਾਲਤ ਵਿੱਚ ਹੈ) ਨੂੰ ਉਸਾਰਿਆ ਜਾਵੇ ਤਾਂ ਅਸੀਂ ਬਹੁਤ ਵੱਡੀ ਗਿਣਤੀ ਵਿੱਚ 85-90 ਫੀਸਦੀ ਮਾਮੂਲੀ ਅਤੇ ਮੱਧਮ ਕੇਸਾਂ ਨੂੰ ਪ੍ਰਾਇਮਰੀ, ਕਮਿਊਨਿਟੀ ਹੈਲਥ ਸੈਂਟਰਾਂ ਤੇ ਸੰਭਾਲ ਸਕਦੇ ਹਾਂ ਇਸਦੇ ਨਾਲ ਹੀ ਇੱਕ ਕਾਰਗਰ ਰੈਫਰਲ ਸਿਸਟਮ, ਇੱਕ ਥਾਂ ਤੋਂ ਦੂਸਰੀ ਥਾਂ ’ਤੇ ਭੇਜਣ ਦੀ ਵਿਵਸਥਾ ਹੋਵੇ, ਐਬੂਲੈਂਸਾਂ ਹੋਣ ਤਾਂ ਗੰਭੀਰ ਮਰੀਜ਼ਾਂ ਨੂੰ ਵੀ ਵਧੀਆ ਤਰੀਕੇ ਨਾਲ, ਬਿਨਾਂ ਭਗਦੜ ਤੋਂ, ਤੀਸਰੇ ਪੱਧਰ ਦਾ ਇਲਾਜ ਮਿਲ ਸਕਦਾ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2867)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਡਾ. ਸ਼ਿਆਮ ਸੁੰਦਰ ਦੀਪਤੀ

ਡਾ. ਸ਼ਿਆਮ ਸੁੰਦਰ ਦੀਪਤੀ

Professor, Govt. Medical College,
Amritsar, Punjab, India.
Phone: (91 - 98158 - 08506)
Email: (drdeeptiss@gmail.com)

More articles from this author