“ਇਹ ਵੀ ਆਪਾਂ ਜਾਣਦੇ ਹਾਂ ਕਿ ਸਿੱਖਿਆ ਤੰਤਰ ਰਾਹੀਂ ਰਾਜਨੀਤਿਕ ਸੱਤਾ ਆਪਣੇ ਪ੍ਰਭਾਵ, ਏਜੰਡਾ ਲੋਕਾਂ ਤਕ ...”
(17 ਜਨਵਰੀ 2023)
ਇਸ ਸਮੇਂ ਪਾਠਕ: 425.
ਇੱਕ ਸਮਾਂ ਸੀ, ਜਦੋਂ ਸੁਸਾਇਟੀ ਦਾ ਮਤਲਬ ਤਰਕਸ਼ੀਲ ਸੁਸਾਇਟੀ ਹੁੰਦਾ ਸੀ। ਕਹਿਣ ਤੋਂ ਭਾਵ ਹੈ ਇਸੇ ਨੇ ਉਹ ਚੜਤ ਵਾਲੇ ਦਿਨ ਦੇਖੇ ਹਨ। ਸੁਸਾਇਟੀ ਨੇ ਕੰਮ ਹੀ ਕੁਝ ਅਜਿਹੇ ਕੀਤੇ ਹਨ। ਪੰਜਾਬ ਵਿੱਚ ਅੰਧਵਿਸ਼ਵਾਸ ਨੂੰ ਲੈ ਕੇ, ਸਭ ਤੋਂ ਵੱਡੀ ਸੱਟ ਇਸ ਸੁਸਾਇਟੀ ਨੇ ਮਾਰੀ ਹੈ, ਉਹ ਕਿੰਨੀ ਡੂੰਘੀ ਹੈ, ਇਹ ਵਿਚਾਰਨ-ਵਿਸ਼ਲੇਸ਼ਣ ਕਰਨ ਦਾ ਵਿਸ਼ਾ ਹੈ।
ਇਸ ਸੁਸਾਇਟੀ ਨਾਲ ਮੇਰਾ ਲਗਾਓ ਇਸ ਦੀ ਹੋਂਦ ਤੋਂ ਹੈ। ਇਹ ਵੀ ਇੱਕ ਸਬੱਬ ਹੈ ਕਿ ਮਿੰਨੀ ਕਹਾਣੀ ਲੇਖਕ ਮੰਚ ਪੰਜਾਬ ਅਤੇ ਬਾਅਦ ਵਿੱਚ ‘ਮਿੰਨੀ ਤ੍ਰੈਮਾਸਿਕ’ ਤਕ ਨਾਲੋ-ਨਾਲ ਸ਼ੁਰੂ ਹੋਏ ਹਨ। ਇੱਥੇ ਦੋਹਾਂ ਦੀ ਤੁਲਨਾ ਕਰਨਾ ਮਕਸਦ ਨਹੀਂ ਹੈ। ਕਿਸ ਨੇ ਇਹਨਾਂ ਤੀਹ-ਪੈਂਤੀ ਸਾਲਾਂ ਵਿੱਚ ਕੀ ਹਾਸਿਲ ਕੀਤਾ, ਕਿੰਨਾ ਵਿਕਾਸ ਕੀਤਾ, ਕਿਉਂ ਜੋ ਦੋਹਾਂ ਦਾ ਖੇਤਰ ਹੀ ਵੱਖਰਾ ਹੈ। ਤਕਰਸ਼ੀਲ ਸੁਸਾਇਟੀ ਨੇ ਸਮਾਜ ਵਿੱਚ ਬਦਲਾਅ ਲਿਆਉਣਾ ਸੀ, ਜੋ ਉਸ ਦੀ ਸੋਚ ਸੀ। ਉਂਜ ਇੱਕ ਬਦਲਾਅ ਦੀ ਆਸ ਸਾਹਿਤ ਤੋਂ ਵੀ ਰੱਖੀ ਜਾਂਦੀ ਹੈ।
ਸੁਸਾਇਟੀ ਦਾ ਇੱਕ ਹੋਰ ਪਹਿਲੂ ਮਸ਼ਹੂਰ ਹੋਇਆ ਹੈ ਤੇ ਅਜੇ ਵੀ ਹੈ, ਬਾਬੇ ਭਜਾਉਣ ਵਾਲੇ। ਠੀਕ ਹੈ ਕਿ ਸੁਸਾਇਟੀ ਦੇ ਕੰਮਾਂ ਦੀ ਸੂਚੀ ਲੰਮੀ ਹੈ, ਪਰ ਲੋਕਾਂ ਵਿੱਚ ਪ੍ਰਭਾਵ ਇਹੀ ਹੈ।
ਤਰਕਸ਼ੀਲਤਾ ਭਾਵ ਤਰਕਸ਼ੀਲ ਹੋਣਾ, ਯਾਨੀਕਿ ਅੰਨ੍ਹੇਵਾਹ ਕੰਮ ਨਾ ਕਰਨਾ, ਪਿਛਲੱਗੂ ਨਾ ਹੋਣਾ। ਸਮਾਜ ਦੀਆਂ ਗਲਤ ਧਾਰਨਾਵਾਂ ’ਤੇ ਉਂਗਲ ਧਰਨੀ। ਇਸਦੇ ਤਹਿਤ ਅਨੇਕਾਂ ਕੰਮ ਉਲੀਕੇ ਜਾ ਸਕਦੇ ਹਨ। ਵੈਸੇ ਤਾਂ ਕੋਈ ਵੀ ਸਮਾਜਿਕ ਬੁਰਾਈ ਤਰਕ ਦੇ ਦਾਇਰੇ ਵਿੱਚ ਸਮਝਣ ਦੀ ਲੋੜ ਹੈ ਪਰ ਇੰਨੇ ਲੰਮੇ ਸਮੇਂ ਤਕ ਕਾਰਜਸ਼ੀਲ ਹੋਣ ਦੇ ਬਾਵਜੂਦ ਜੋ ਛਾਪ ਮਿਲੀ ਹੈ, ਉਹ ਹੈ, ‘ਬਾਬੇ ਭਜਾਉਣ ਵਾਲੇ’। ਇਸਦੇ ਬਾਰੇ ਵੀ ਚਿੰਤਨ ਕਰਨ ਦੀ ਲੋੜ ਹੈ।
ਸੁਸਾਇਟੀ ਦਾ ਮੈਂਬਰ ਬਣਨਾ, ਉਹ ਵੀ ਜੀਵਨ ਮੈਂਬਰ ਬਣਨਾ ਕਾਫ਼ੀ ਔਖਾ ਹੈ, ਕਿਉਂ ਜੋ ਪਹਿਲੀ ਸ਼ਰਤ ਹੈ - ਮੈਂ ਨਾਸਤਿਕ ਹਾਂ, ਭਾਵ ਕਿਸੇ ਤਰ੍ਹਾਂ ਦੇ ਰੱਬ ਵਿੱਚ ਵਿਸ਼ਵਾਸ ਨਹੀਂ ਕਰਦਾ। ਨਾ ਹੀ ਮੈਂ ਦੈਵੀ ਸ਼ਕਤੀ ਜਾਂ ਚਮਤਕਾਰਾਂ ਵਿੱਚ ਯਕੀਨ ਰੱਖਦਾ ਹਾਂ। ਮਤਲਬ ਕਿ ਨਿਰੋਲ ਵਿਗਿਆਨਕ ਸਮਝ ਨੂੰ ਅਪਣਾਉਣ ਦੀ ਗੱਲ ਹੈ।
ਗੱਲਾਂ ਵਿੱਚੋਂ ਗੱਲ ਹੈ ਕਿ ਪੰਜਾਬ ਵਿੱਚ ਅੰਧਵਿਸ਼ਵਾਸ ਵਿਰੁੱਧ ਪਹਿਲਾਂ ਹੀ ਪੁਖਤਾ ਜ਼ਮੀਨ ਹੈ। ਜਿਸਦਾ ਸਿਹਰਾ ਭਗਤ ਕਬੀਰ ਅਤੇ ਬਾਬਾ ਨਾਨਕ ਵਰਗੇ ਗੁਰੂਆਂ ਨੂੰ ਜਾਂਦਾ ਹੈ। ਠੀਕ ਹੈ ਬਾਬਾ ਨਾਨਕ ਦੀ ਬਾਣੀ ਵਿੱਚ, ਕੁਦਰਤ ਦੀ ਗੱਲ ਵੀ ਹੈ, ਜਿਸਦੀ ਵਿਆਖਿਆ ਕਿਤੇ ਜਾ ਕੇ ਅਦਿੱਖ, ਦੈਵੀ ਸ਼ਕਤੀ ਨਾਲ ਹੋ ਵੀ ਜਾਂਦੀ ਹੈ, ਪਰ ਸੁਸਾਇਟੀ ਵਾਲਿਆਂ ਦਾ ਆਪਣਾ ਚਿੰਤਨ ਹੈ, ਉਨ੍ਹਾਂ ਨੂੰ ਆਪਣੇ ਪੱਧਰ ’ਤੇ ਘੋਖਣਾ ਚਾਹੀਦਾ ਹੈ ਤੇ ਆਪਣੀ ਸੋਚ ਨੂੰ ਵੱਧ ਤੋਂ ਵੱਧ ਲੋਕਾਂ ਤਕ ਲੈ ਕੇ ਜਾਣਾ ਚਾਹੀਦਾ ਹੈ। ਇੱਥੇ ਸੁਸਾਇਟੀ ਦਾ ਰੁਖ ਸਾਫ਼ ਹੁੰਦਾ ਹੈ, ਜਦੋਂ ਬਾਬਾ ਨਾਨਕ ਦਾ 550ਵਾਂ ਵਰ੍ਹਾ ਮਨਾਇਆ ਗਿਆ ਤਾਂ ਸੁਸਾਇਟੀ ਨੇ ਆਪਣਾ ਹਿੱਸਾ ਪਾਉਣ ਵਿੱਚ ਗੁਰੇਜ਼ ਕੀਤਾ, ਉਹ ਸੁਸਾਇਟੀ ਦੇ ਆਗੂ ਵੱਧ ਜਾਣਦੇ-ਸਮਝਦੇ ਹਨ। ਉਨ੍ਹਾਂ ਨੂੰ ਬਾਬੇ ਨਾਨਕ ਵਿੱਚ ਰੱਬ ਦੀ ਵਿਆਖਿਆ ਜ਼ਿਆਦਾ ਤੰਗ ਕਰਦੀ ਹੈ।
ਤਰਕਸ਼ੀਲ ਸੁਸਾਇਟੀ ਦੇ ਕੰਮਾਂ ਦੀ ਸ਼ਲਾਘਾ ਕਰਨੀ ਬਣਦੀ ਹੈ। ਸੁਸਾਇਟੀ ਦੇ ਵਿਸ਼ਾਲ ਘੇਰੇ ਨੂੰ ਸਮਝਣ-ਵਿਚਾਰਨ ,ਲੋਕਾਂ ਨੂੰ ਵਿਗਿਆਨਕ ਸੋਚ ਨਾਲ ਜੋੜਨ ਤੇ ਲਾਗੂ ਕਰਨ ਵਿੱਚ ਸੁਸਾਇਟੀ ਮੋਹਰੀ ਭੂਮਿਕਾ ਅਦਾ ਕਰ ਸਕੀ ਹੈ।
ਤਰਕਸ਼ੀਲਤਾ ਦਾ ਮਨੁੱਖੀ ਸਰੀਰ ਅਤੇ ਨਵੇਂ ਮੈਡੀਕਲ ਵਿਸ਼ੇ ਨਾਲ ਸੰਬੰਧ ਹੈ। ਦਿਮਾਗ ਸਾਡੇ ਵਿਵੇਕ ਦਾ ਅੰਗ ਹੈ। ਇਹ ਸਵਾਲ ਖੜ੍ਹੇ ਕਰਨ ਦਾ ਵੀ ਅੰਸ਼ ਹੈ, ਸਵਾਲ ਖੜ੍ਹੇ ਕਰਨੇ ਤੇ ਜਵਾਬ ਲੱਭਣੇ, ਇਹੀ ਤਰਕ ਹੈ। ਇਹ ਤਰਕਸ਼ੀਲ ਸੁਸਾਇਟੀ ਦਾ ਅਧਾਰ ਹੈ ਤੇ ਇਹ ਹੋਣਾ ਹੀ ਚਾਹੀਦਾ ਹੈ। ਪਰ ਇਸਦਾ ਪੂਰਾ ਲਾਹਾ ਲੈਣ ਦੀ ਲੋੜ ਹੈ। ਸਮਾਜ ਵਿੱਚ ਕਿੰਨੀਆਂ ਹੀ ਬੁਰਾਈਆਂ ਹਨ। ਪੰਜਾਬ ਵਿੱਚ ਕੰਨਿਆ ਭਰੂਣ ਹੱਤਿਆ ਵੱਡਾ ਵਿਸ਼ਾ ਰਿਹਾ ਹੈ। ਨਸ਼ੇ ਵੀ ਛੋਟੀ ਸਮੱਸਿਆ ਨਹੀਂ ਹੈ ਪੰਜਾਬ ਲਈ। ਰਾਜਨੀਤਿਕ ਪਾਰਟੀਆਂ ਤਕ ਵੀ ਇਨ੍ਹਾਂ ਦੀ ਗੱਲ ਕਰਦੀਆਂ ਹਨ, ਪਰ ਤਰਕਸ਼ੀਲ ਸੁਸਾਇਟੀ ਨੂੰ ਜਿਸ ਲਹਿਜ਼ੇ ਨਾਲ ਇਨ੍ਹਾਂ ਨੂੰ ਚੁੱਕਣਾ ਚਾਹੀਦਾ ਸੀ, ਉਹ ਨਹੀਂ ਹੋਇਆ।
ਤਰਕਸ਼ੀਲ ਸੁਸਾਇਟੀ ਨੇ ਆਪਣੀ ਗੱਲ ਕਹਿਣ ਅਤੇ ਲੋਕਾਂ ਤਕ ਪਹੁੰਚਾਉਣ ਲਈ ਤਰਕਸ਼ੀਲ ਸੁਸਾਇਟੀ ਦੇ ਮੈਗਜ਼ੀਨ ਰਾਹੀਂ ਇਹ ਮੁਹਿੰਮ ਵਿੱਢੀ ਹੈ ਤੇ ਇਸ ਤੋਂ ਵੀ ਵੱਡੀ ਗੱਲ, ਇਕੱਲੀ ਇਹੀ ਸੁਸਾਇਟੀ ਹੈ, ਇਹੀ ਅਦਾਰਾ ਹੈ ਜੋ ਸਹੀ ਅਰਥਾਂ ਵਿੱਚ ਸਸਤਾ ਸਾਹਿਤ ਵੰਡਦਾ ਹੈ, ਛਾਪਦਾ ਹੈ, ਘਰ-ਘਰ ਅਤੇ ਸਕੂਲਾਂ ਤਕ ਪਹੁੰਚਾਉਂਦਾ ਹੈ। ਸਾਹਿਤ ਦੀ ਅਹਿਮ ਭੂਮਿਕਾ ਹੈ। ਮੇਰਾ ਲਗਾਓ ਇਸ ਸੁਸਾਇਟੀ ਨਾਲ ਇਸ ਕਰਕੇ ਵੀ ਹੈ ਕਿ ਉਨ੍ਹਾਂ ਨੇ ਮੇਰੀਆਂ ਸਭ ਤੋਂ ਵੱਧ ਕਿਤਾਬਾਂ ਛਾਪੀਆਂ ਤੇ ਹਜ਼ਾਰਾਂ ਦੀ ਗਿਣਤੀ ਵਿੱਚ ਪਾਠਕਾਂ ਕੋਲ ਪਹੁੰਚਾਈਆਂ ਹਨ। ‘ਮਨ, ਮਾਹੌਲ, ਮਨੋਰੋਗ’, ‘ਦਵਾਈਆਂ ਨੂੰ ਹਾਰ’, ‘ਬੱਚੇ ਕਦੇ ਤੰਗ ਨਹੀਂ ਕਰਦੇ’, ‘ਸ਼ਰਾਰਤੀ ਬੱਚੇ’, ‘ਮਨੁੱਖ ਹੋਣ ਦੇ ਮਾਇਨੇ’, ‘ਨੌਜਵਾਨ ਅਤੇ ਸੈਕਸ ਸਮਸਿਆਵਾਂ’, ‘ਜਵਾਨ ਹੋ ਰਹੇ ਧੀਆਂ-ਪੁੱਤ’, ‘ਤਰਕਸ਼ੀਲਤਾ, ਧਰਮ ਅਤੇ ਅੰਧਵਿਸ਼ਵਾਸ’ ਤੇ ‘ਸਿਹਤ ਸੱਭਿਆਚਾਰ ਅਤੇ ਅੰਧਵਿਸ਼ਵਾਸ।’ ਜੋ ਕਿਤਾਬ ਕਿਸੇ ਹੋਰ ਨੇ ਡੇਢ-ਦੋ ਸੌ ਰੁਪਏ ਵਿੱਚ ਛਾਪੀ, ਉਹੀ ਕਿਤਾਬ ਸੁਸਾਇਟੀ ਨੇ ਪੰਜਾਹ-ਸੱਠ ਰੁਪਏ ਤੋਂ ਵੀ ਘੱਟ ਵਿੱਚ ਛਾਪਣੀ ਤੇ ਵੇਚਣੀ ਹੈ। ਇੱਕ ਹੋਰ ਗੱਲ, ਅਜੋਕੇ ਸਮੇਂ ਵਿੱਚ ਜਦੋਂ ਸੌ ਕਿਤਾਬਾਂ ਨੂੰ ਵੀ ਅਡੀਸ਼ਨ (ਜਿਲਦ) ਕਹਿ ਕੇ ਛਾਪਿਆ ਜਾਂਦਾ ਹੈ ਤਾਂ ਅਜਿਹੇ ਸਮੇਂ ਵਿੱਚ ਵੀ ਸੁਸਾਇਟੀ ਢਾਈ-ਤਿੰਨ ਹਜ਼ਾਰ ਕਿਤਾਬਾਂ ਛਾਪਦੀ ਹੈ ਤੇ ਪਹਿਲਾ ਅਡੀਸ਼ਨ ਹੀ ਕਹਿੰਦੀ ਹੈ।
ਸੁਸਾਇਟੀ ਦੀ ਇੱਕ ਪ੍ਰਥਾ, ਨੇਮ ਕਹਿ ਲਵੋ, ਜੋ ਵਧੀਆ ਹੈ ਕਿ ਇਸਦਾ ਕੋਈ ਪ੍ਰਧਾਨ ਨਹੀਂ ਹੈ ਜਾਂ ਕੋਈ ਹੋਰ ਵੱਡਾ ਅਹੁਦਾ ਨਹੀਂ ਹੈ। ਉਂਜ ਜਥੇਬੰਦਕ ਮੁਖੀ ਕੋਲ ਹੀ ਪ੍ਰਧਾਨ ਵਰਗੀ ਮਹੱਤਤਾ ਅਤੇ ਹੋਰ ਕਈ ਜ਼ਿੰਮੇਵਾਰੀਆਂ ਹਨ। ਸੁਸਾਇਟੀ ਦੇ ਤਕਰੀਬਨ ਦਸ ਵਿੰਗ ਹਨ, ਜੋ ਆਪਣੀ ਆਪਣੀ ਜ਼ਿੰਮੇਵਾਰੀ ਸੰਭਾਲਦੇ ਹਨ ਤੇ ਬਾਖੂਬੀ ਚਲਦੀ ਹੈ। ਥੱਲੇ ਇਕਾਈਆਂ ਵੀ ਜਾਂ ਛੋਟੇ ਯੂਨਿਟ ਵੀ ਇਸ ਤਰਜ਼ ’ਤੇ ਹੀ ਕੰਮ ਕਰਦੇ ਤੇ ਬਣਾਏ ਜਾਂਦੇ ਹਨ।
ਅੰਧਵਿਸ਼ਵਾਸ ਖਿਲਾਫ਼ ਲੜਾਈ ਦਾ ਇੱਕੋ-ਇੱਕ ਕਾਰਗਰ ਹਥਿਆਰ ਹੈ - ਚੇਤਨਤਾ, ਜਿਸ ਨੂੰ ਲੈ ਕੇ ਸੁਸਾਇਟੀ ਕੋਲ ਮੈਗਜ਼ੀਨ, ਕਿਤਾਬਾਂ ਦਾ ਪ੍ਰਕਾਸ਼ਨ ਹੈ ਤੇ ਹੁਣ ਪਿਛਲੇ ਲੰਮੇ ਸਮੇਂ ਤੋਂ ਇੱਕ ਤੁਰਦੀ-ਫਿਰਦੀ ਵੈਨ ਹੈ ਜੋ ਵੱਖ-ਵੱਖ ਪਿੰਡਾਂ ਵਿੱਚ ਜਾ ਕੇ, ਦੂਰ-ਦੁਰਾਡੇ ਦੇ ਸਕੂਲੀ ਵਿਦਿਆਰਥੀਆਂ ਤਕ ਪਹੁੰਚ ਕਰਦੀ ਹੈ।
ਚੇਤਨਤਾ ਹੀ ਅਹਿਮ ਪੱਖ ਹੈ ਜਿਸਦਾ ਅਸਰ ਦੂਰਗਾਮੀ ਹੁੰਦਾ ਹੈ। ਕਿਸੇ ਵੀ ਸੁਭਾਅ ਜਾਂ ਵਿਵਹਾਰ ਨੂੰ ਬਦਲਣ ਲਈ ਜੋ ਪੜਾਅ ਨੇ, ਉਹ ਨੇ ਜਾਣਕਾਰੀ, ਤੇ ਫਿਰ ਆਪਣਾ ਨਜ਼ਰੀਆ ਉਸ ਤਰ੍ਹਾਂ ਬਣਾਉਣਾ ਤੇ ਫਿਰ ਸੁਭਾਅ ਵਿੱਚ ਤਬਦੀਲੀ ਨੂੰ ਲੈ ਕੇ ਕੁਝ ਹਿੱਸਾ ਆਪਣੀ ਜੀਵਨ ਜਾਚ ਵਿੱਚ ਸ਼ਾਮਲ ਕਰਨਾ। ਜਦੋਂ ਉਹ ਹਿੱਸਾ ਆਦਤ ਵਿੱਚ ਜੁੜਦਾ ਹੈ ਤਾਂ ਉਹ ਦਿਸਦਾ ਹੈ ਤੇ ਲੋਕਾਂ ਲਈ ਉਦਾਹਰਣ ਵੀ ਬਣਦਾ ਹੈ।
ਸੁਸਾਇਟੀ ਦੇ ਬਹੁਤੇ ਜੀਵਨ ਮੈਂਬਰਾਂ, ਸੁਸਾਇਟੀ ਦੀ ਵਿਚਾਰਧਾਰਾ ਨਾਲ ਪੱਕੇ ਜੁੜੇ ਮੈਂਬਰਾਂ ਤੋਂ ਆਸ ਕੀਤੀ ਜਾਂਦੀ ਹੈ ਕਿ ਉਹ ਆਪਣੇ ਜੀਵਨ ਵਰਤਾਉ ਪ੍ਰਤੀ ਸਪਸ਼ਟ ਹੋਣ ਤੇ ਲੋਕਾਂ ਨਾਲ ਮੇਲ-ਮਿਲਾਪ ਕਰਦੇ ਹੋਏ, ਚਰਚਾ ਕਰਦੇ ਹੋਏ, ਆਪਣੀ ਗੱਲ ਰੱਖਣ ਦੇ ਕਾਬਿਲ ਬਣਨ।
ਸੁਸਾਇਟੀ ਕੋਲ ਇੱਕ ਹੋਰ ਪ੍ਰਭਾਵਸ਼ਾਲੀ ਕੰਮ ਹੈ, ਮ੍ਰਿਤਕ-ਦੇਹ ਦਾਨ ਕਰਨਾ। ਸੁਸਾਇਟੀ ਦੇ ਮੁਢਲੇ ਮੈਂਬਰ ਕ੍ਰਿਸ਼ਨ ਬਰਗਾੜੀ ਵੱਲੋਂ ਇਸਦੀ ਸ਼ੁਰੂਆਤ ਮਿਸਾਲੀ ਬਣ ਗਈ ਹੈ ਤੇ ਹੁਣ ਇਹ ਇੱਕ ਅਹਿਮ ਮੁਹਿੰਮ ਵਜੋਂ ਅੱਗੇ ਤੋਂ ਅੱਗੇ ਸਮਾਜ ਵਿੱਚ ਫੈਲ ਰਹੀ ਹੈ। ਮੌਤ ਨਾਲ ਜੁੜੀਆਂ ਅਨੇਕਾਂ ਰਸਮਾਂ ਤੇ ਉਸ ਦੇ ਬਹਾਨੇ ਹੋਰ ਕਰੀਤੀਆਂ ਉੱਤੇ ਸੱਟ ਮਾਰਨ ਦਾ ਮੌਕਾ ਮਿਲਦਾ ਹੈ। ਅਗਲੇ ਜਨਮ ਵਾਲੀਆਂ ਧਾਰਨਾਵਾਂ ਪੇਤਲੀਆਂ ਪੈਂਦੀਆਂ ਹਨ, ਜਿਵੇਂ ਸਵਰਗ-ਨਰਕ ਆਦਿ। ਇਹ ਪ੍ਰੈਕਟੀਕਲ ਉਦਾਹਰਣ ਹੈ, ਜਿੱਥੇ ਕਿਤਾਬਾਂ ਪੜ੍ਹਾਉਣ ਤੋਂ ਵੱਧ ਅਸਰ ਪੈਂਦਾ ਹੈ, ਭਾਵੇਂ ਕਿ ਕਿਤਾਬਾਂ ਅਤੇ ਸੈਮੀਨਾਰ ਲਗਾਤਾਰ ਚਲਦੇ ਰਹਿੰਦੇ ਹਨ।
ਵਿਵਹਾਰ ਵਿੱਚ ਸੁਸਾਇਟੀ ਦੇ ਉਦੇਸ਼ਾਂ ਨੂੰ ਲੈ ਕੇ ਮੈਂਬਰਾਂ ਵਿੱਚ ਸੁਚੇਤਤਾ ਲਿਆਉਣ ਨੂੰ ਲੈ ਕੇ ਇੱਕ ਵਾਰੀ ਹੇਮ ਰਾਜ ਸਟੇਨੋ ਨੇ ਕਿਹਾ, ਸਾਰੇ ਮੈਂਬਰਾਂ ਨੂੰ ਤਰਕਸ਼ੀਲਤਾ ਦੇ ਸਹੀ ਸੰਕਲਪ ਬਾਰੇ ਦੱਸਣਾ ਜ਼ਰੂਰੀ ਹੈ ਤੇ ਉਨ੍ਹਾਂ ਮੇਰੇ ਨਾਲ ਚਰਚਾ ਕੀਤੀ ਕਿ ਇੱਕ ਛੋਟੀ ਜਿਹੀ ਕਿਤਾਬ, ਕਿਤਾਬਚਾ ਲਿਖਾਂ। ਮੇਰੇ ਕੋਲ ਮੈਡੀਕਲ ਵਿਗਿਆਨ ਦੇ ਹਵਾਲੇ ਤੋਂ ਕਈ ਉਦਾਹਰਣਾਂ ਹਨ। ਬਿਮਾਰੀ/ਸਿਹਤ ਨੂੰ ਲੈ ਕੇ ਤਰਕਸ਼ੀਲ ਹੋਣ ਦੀ ਲੋੜ ਦੇ ਮੁੱਦੇ ਨਾਲ ਕਾਫ਼ੀ ਸਮਝਿਆ-ਸਮਝਾਇਆ ਜਾ ਸਕਦਾ। ਮੈਂ ਇੱਕ ਕਿਤਾਬਚਾ ਤਿਆਰ ਕੀਤਾ, ‘ਤਰਕਸ਼ੀਲਤਾ ਅਤੇ ਜੀਵਨ’, ‘ਤਰਕਸ਼ੀਲਤਾ ਹੈ ਕੀ ਅਤੇ ਇਸਦਾ ਜੀਵਨ ਵਿੱਚ ਕੀ ਮੁੱਲ ਹੈ।’ ਇਸ ਕਾਰਜ ਲਈ ਮੈਂ ਖੁਦ ਨੂੰ ਪੇਸ਼ ਵੀ ਕੀਤਾ ਕਿ ਸਾਰੇ ਮੁਢਲੇ ਮੈਂਬਰਾਂ ਦੇ ਛੋਟੇ-ਛੋਟੇ ਬੈਚ ਬਣਾ ਦੋ ਰੋਜ਼ਾ ਟ੍ਰੇਨਿੰਗ ਦਿੱਤੀ ਜਾਵੇ। ਉਂਜ ਸੁਸਾਇਟੀ ਆਪਣੇ ਪੱਧਰ ’ਤੇ ਇਹ ਟ੍ਰੇਨਿੰਗ ਦੇਣ ਵਿੱਚ ਲੱਗੀ ਹੋਈ ਹੈ। ਮੇਰੀਆਂ ਸੇਵਾਵਾਂ ਹਰ ਵੇਲੇ ਹਾਜ਼ਰ ਹਨ।
ਇਸੇ ਤਰਤੀਬ ਵਿੱਚ ਤਕਰੀਬਨ ਪਿਛਲੇ ਪੰਜ ਕੁ ਸਾਲਾਂ ਤੋਂ ਚੇਤਨਾ ਪਰਖ ਪਰੀਖਿਆ ਰਾਹੀਂ ਸੁਸਾਇਟੀ ਦੇ ਉਦੇਸ਼ ਅਤੇ ਵਿਗਿਆਨਕ ਸੋਚ ਅਪਣਾਉਣ ਲਈ ਸਕੂਲਾਂ ਵਿੱਚ ਜਾਣ ਦਾ ਪ੍ਰੋਗਰਾਮ ਚਲਾਇਆ ਹੋਇਆ ਹੈ ਤੇ ਇਹ ਦੂਸਰਾ ਪਹਿਲੂ ਕਹਿ ਸਕਦੇ ਹਾਂ, ਜਦੋਂ ਸੁਸਾਇਟੀ ਸਕੂਲੀ ਬੱਚਿਆਂ ਵਿੱਚ ਇਮਤਿਹਾਨ ਕਰਵਾਉਣ ਵਾਲੀ ਸੰਸਥਾ ਦੇ ਤੌਰ ’ਤੇ ਮਸ਼ਹੂਰ ਹੋ ਰਹੀ ਹੈ।
ਸਿੱਖਿਆ ਤੇ ਖਾਸ ਕਰਕੇ ਗਿਆਨ ਹੀ ਅਸਰਦਾਰ ਤਰਕੀਬ ਹੈ, ਸਮਾਜਿਕ ਤਬਦੀਲੀ ਦਾ। ਇਹ ਵੀ ਆਪਾਂ ਜਾਣਦੇ ਹਾਂ ਕਿ ਸਿੱਖਿਆ ਤੰਤਰ ਰਾਹੀਂ ਰਾਜਨੀਤਿਕ ਸੱਤਾ ਆਪਣੇ ਪ੍ਰਭਾਵ, ਏਜੰਡਾ ਲੋਕਾਂ ਤਕ ਲੈ ਕੇ ਜਾਂਦੀ ਹੈ। ਇਸਦਾ ਨਤੀਜਾ ਸਾਹਮਣੇ ਹੈ ਕਿ ਨਵੀਂ ਸਿੱਖਿਆ ਨੀਤੀ ਰਾਹੀਂ ਸਰਕਾਰ ਕਿਵੇਂ ਸਿੱਖਿਆ ਨੂੰ ਅਲੋਕਤੰਤਰਿਕ ਬਣਾ ਰਹੀ ਹੈ ਤੇ ਗੈਰ-ਵਿਗਿਆਨਕ ਵੀ। ਸੁਸਾਇਟੀ ਜੋ ਕੰਮ ਕਈ ਸਾਲਾਂ ਤੋਂ ਕਰ ਰਹੀ ਹੈ, ਉਸ ਪ੍ਰਭਾਵ ਨੂੰ ਮਿਟਾਉਣ, ਘਟਾਉਣ ਦੀ ਕੋਸ਼ਿਸ਼ ਹੋ ਰਹੀ ਹੈ। ਜਿਵੇਂ ਇੰਡੀਅਨ ਨੌਲਜ ਸਿਸਟਮ ਦੇ ਨਾਂ ’ਤੇ ਪੌਰਾਣਿਕ ਕਥਾਵਾਂ ਨੂੰ ਫਿਰ ਤੋਂ ਫੈਲਾਇਆ ਜਾ ਰਿਹਾ ਤੇ ਚਰਚਾ ਹੋ ਰਹੀ ਹੈ ਕਿ ਉਹ ਯੁਗ ਸੁਨਹਿਰਾ ਯੁਗ ਸੀ, ਗੌਰਵਸ਼ਾਲੀ ਸੀ। ਅਸੀਂ ਦੁਨੀਆਂ ਦੇ ਗੁਰੂ, ਵਿਸ਼ਵ ਗੁਰੂ ਸੀ ਤੇ ਫਿਰ ਤੋਂ ਉਹ ਰੁਤਬਾ ਹਾਸਿਲ ਕਰਨਾ ਹੈ।
ਇਹ ਵੀ ਇੱਕ ਮਹੱਤਵਪੂਰਨ ਪਹਿਲੂ ਹੈ, ਜੋ ਲੋਕਾਂ ਵਿੱਚ ਲੈ ਕੇ ਜਾਣ ਦੀ ਲੋੜ ਹੈ। ਮੇਰੀ ਇਹ ਧਾਰਨਾ ਰਹੀ ਹੈ ਕਿ ਬਾਬੇ ਜਾਂ ਡੇਰੇ ਬੰਦ ਕਰਵਾਉਣ ਤੋਂ ਵੱਧ ਡੇਰੇ ’ਤੇ ਜਾਣ ਵਾਲੇ ਲੋਕਾਂ ਦੀ ਗਿਣਤੀ ਘੱਟ ਕਰਨ ਜਾਂ ਰੋਕਣ ਵੱਲ ਜ਼ੋਰ ਦੇਣਾ ਮੁੱਖ ਤੌਰ ’ਤੇ ਸੁਸਾਇਟੀ ਦੀ ਕਾਮਯਾਬੀ ਦਾ ਪੈਮਾਨਾ ਹੋਣਾ ਚਾਹੀਦਾ ਹੈ। ਇਸੇ ਨਾਲ ਹੀ ਜੁੜਦਾ ਹੈ ਕਿ ਚੇਤਨਾ ਪਰਖ ਪਰੀਖਿਆ ਦੀ ਜਾਣਕਾਰੀ ਤਾਂ ਵਧ ਰਹੀ ਹੈ, ਪਰ ਇਹ ਸਿਆਣਾ ਘੱਟ ਬਣਾਉਂਦੀ ਹੈ। ਸਿਆਣਪ ਦਾ ਪੈਮਾਨਾ ਵਿਵਹਾਰ ਵਿੱਚ ਤਬਦੀਲੀ ਹੈ, ਜੋ ਬਹੁਤ ਮਿਹਨਤ ਮੰਗਦੀ ਹੈ। ਚੇਤਨਾ ਪਰਖ ਪਰੀਖਿਆ ਰਾਹੀਂ ਬਹੁ-ਜਵਾਬੀ ਸਵਾਲਾਂ ਦੇ ਉੱਤਰ ਰਾਹੀਂ ਵਿਦਿਆਰਥੀ ਸਿਆਣਾ ਨਹੀਂ ਬਣਦਾ। ਸਮਾਜ ਦੇ ਸਾਰੇ ਹੀ ਇਮਤਿਹਾਨਾਂ ਵਿੱਚ, ਸਮੇਤ ਮੈਡੀਕਲ, ਇਹੀ ਪੜ੍ਹਾਈ ਹੈ ਜਦੋਂ ਕਿ ਪ੍ਰਸ਼ਨ ਸਮੱਸਿਆਵਾਂ ਮੂਲਕ ਹੋਣ ’ਤੇ ਇਹ ਤਰੀਕਾ ਵਿਦਿਆਰਥੀ ਨੂੰ ਆਪਣਾ ਦਿਮਾਗ ਵਰਤਣ, ਆਪਣੀ ਰਾਏ ਪੇਸ਼ ਕਰਨ ਦਾ ਮੌਕਾ ਨਹੀਂ ਦਿੰਦਾ।
ਇਸ ਕੰਮ ਜਾਂ ਇਸ ਅੰਸ਼ ਨੂੰ ਘੋਖਣਾ-ਪਰਖਣਾ ਚਾਹੀਦਾ ਹੈ। ਇਸ ਨਾਲ ਕੁਝ ਹੋਰ ਜੋੜਨ ਅਤੇ ਸੋਧਣ ਦੀ ਲੋੜ ਹੈ। ਮੂਲ ਮਕਸਦ ਸਮਾਜ ਦੇ ਲੋਕਾਂ ਨੂੰ ਸਿਆਣਾ ਬਣਾਉਣਾ ਹੈ, ਮੂਲ ਰੂਪ ਵਿੱਚ ਖੋਜੀ, ਆਪਸ ਵਿੱਚ ਚਰਚਾ ਕਰਨ ਵਾਲਾ, ਆਪਣੀ ਰਾਏ ਦੇਣ ਵਾਲਾ। ਸੁਸਾਇਟੀ ਇਸ ਦਿਸ਼ਾ ਵਿੱਚ ਵੀ ਕੰਮ ਕਰੇ, ਇਸ ਬਾਰੇ ਸੰਸਥਾ ਕੋਲ ਬਹੁਤ ਸਮਰੱਥਾ ਹੈ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4637)
(ਸਰੋਕਾਰ ਨਾਲ ਸੰਪਰਕ ਲਈ: (