“ਅੰਦਾਜ਼ਾ ਲਗਾਉ ਆਜ਼ਾਦੀ ਵੇਲੇ ਪਿੰਡਾਂ ਦੀ ਆਬਾਦੀ 84 ਫੀਸਦੀ ਸੀ ਤੇ ਅੱਜ ਇਹ 64 ...”
(24 ਮਾਰਚ 2023)
ਇਸ ਸਮੇਂ ਪਾਠਕ: 280.
ਲਿਖਣ-ਪੜ੍ਹਨ ਦੇ ਸ਼ੌਕ ਸਦਕਾ ਲੇਖਕਾਂ ਦੀਆਂ ਕਿਤਾਬਾਂ ਬਾਰੇ ਪਤਾ ਲਗਦਾ ਰਹਿੰਦਾ। ਹੁਣ ਤਾਂ ਫੇਸਬੁੱਕ ਹੀ ਜ਼ਰੀਆ ਬਣਿਆ ਹੋਇਆ ਸੀ। ਫੇਸਬੁੱਕ ’ਤੇ ਇਕ ਦਿਨ ਇਕ ਕਿਤਾਬ, ‘ਬਾਤਾਂ ਸੜਕਾਂ ਦੀਆਂ’, ਲੇਖਕ ਗੁਰਮੇਲ ਬੀਰੋਕੇ ਬਾਰੇ ਪਤਾ ਚਲਿਆ। ‘ਬੀਰੋਕੇ’ ਸ਼ਬਦ ਨੇ ਖਿੱਚਿਆ।
ਮੇਰੀ ਸਰਕਾਰੀ ਨੌਕਰੀ ਦੀ ਸ਼ੁਰੂਆਤ ਦਾ ਪਹਿਲਾ ਪਿੰਡ, ਬੀਰੋਕੇ ਕਲਾਂ। ਪੰਜਾਬ ਵਿਚ ਪਰੰਪਰਾ ਹੈ, ਇਕ ਵੱਖਰੀ ਅਤੇ ਵੱਧ ਮਾਨਵੀ। ਗੁਰੂ ਗੋਬਿੰਦ ਸਿੰਘ ਜੀ ਦੇ ਸਦਕੇ, ਜਿਨ੍ਹਾਂ ਨੇ ਸਿੱਖ ਸਜਾਏ ਤੇ ਜਾਤ-ਪਾਤ ਨੂੰ ਹਟਾ ਕੇ ਸਿੰਘ ਤੇ ਕੌਰ ਦਾ ਖਿਤਾਬ ਦੇ ਦਿੱਤਾ। ਪੰਜਾਬੀਆਂ ਨੇ ਆਪਣੇ ਨਾਲ ਪਿੰਡ ਦਾ ਨਾਂ ਜੋੜ ਲਿਆ। ਮੈਂ ਸੋਚਿਆ ਕਿਤੇ ਇਹ ਬੀਰੋਕੇ ਕਲਾਂ ਦਾ ਤਾਂ ਨਹੀਂ? ਸੁਨੇਹਾ ਘੱਲਿਆ ਕਿ ਆਪਣਾ ਸੰਪਰਕ ਨੰਬਰ ਦੇਵੇ। ਸੁਨੇਹਾ ਵਾਪਸ ਆਇਆ ਤਾਂ ਪਤਾ ਲੱਗਿਆ ਇਹ ਕੈਨੇਡਾ ਦਾ ਨੰਬਰ ਹੈ। ਫੋਨ ਮਿਲਾਇਆ ਤਾਂ ਮੇਰਾ ਅੰਦਾਜ਼ਾ ਸਹੀ ਨਿਕਲਿਆ। ਉਹ ਖੁਸ਼ ਹੁੰਦਾ ਕਹਿਣ ਲੱਗਿਆ, “ਮੈਂ ਤੁਹਾਨੂੰ ਜਾਣਦਾਂ, ਤੁਸੀਂ ਜਦੋਂ ਪਿੰਡ ਲੱਗੇ ਸੀ ਤਾਂ ਮੈਂ ਸਕੂਲੇ ਪੜ੍ਹਦਾ ਸੀ।”
ਪਿੰਡ ਬੀਰੋਕੇ ਕਲਾਂ, ਮੇਰੇ ਸ਼ਹਿਰ ਅਬੋਹਰ ਤੋਂ ਡੇਢ ਸੌ ਕੁ ਕਿਲੋਮੀਟਰ ਦੂਰ। ਜਦੋਂ ਨੌਕਰੀ ਮਿਲਣ ਦੀ ਪ੍ਰਕ੍ਰਿਆ ਚੱਲ ਰਹੀ ਸੀ ਤਾਂ ਭਿਣਕ ਜਿਹੀ ਪੈ ਗਈ ਸੀ। ਮੈਂ ਫੂਲ ਚੰਦ ਮਾਨਵ ਦੇ ਸੰਪਰਕ ਰਾਹੀਂ ਚੰਡੀਗੜ੍ਹ ਵਿਚ ਪੰਜਾਬ ਸਰਕਾਰ ਦੇ ਮੈਗਜ਼ੀਨ ‘ਜਾਗ੍ਰਤੀ’ ਦੇ ਸੰਪਾਦਕ ਨੂੰ ਮਿਲਿਆ ਹੋਇਆ ਸੀ ਤੇ ਆਪਣੀਆਂ ਦੋ-ਤਿੰਨ ਰਚਨਾਵਾਂ ਵੀ ਛਪਣ ਲਈ ਭੇਜੀਆਂ ਸਨ। ਉਹ ਲੋਕ ਸੰਪਰਕ ਵਿਭਾਗ ਵਿਚ ਅਫਸਰ ਦੀ ਜਿੰਮੇਵਾਰੀ ਨਿਭਾ ਰਹੇ ਸੀ। ਮੈਂ ਗੁਜ਼ਾਰਿਸ਼ ਕੀਤੀ ਕਿ ਜੇ ਕਿਸੇ ਤਰ੍ਹਾਂ ਹੋ ਸਕੇ ਕਿ ਮੈਨੂੰ ਅਬੋਹਰ ਦੇ ਨੇੜੇ ਹੀ ਕੋਈ ਡਿਸਪੈਂਸਰੀ ਮਿਲ ਜਾਵੇ। ਉਦੋਂ ਕਲਾਸ ਵੰਨ ਅਫਸਰਾਂ ਨੂੰ ਉਨ੍ਹਾਂ ਦਾ ਆਪਣਾ ਜ਼ਿਲ੍ਹਾ ਨਹੀਂ ਸੀ ਦਿੰਦੇ। ਸਰਕਾਰ ਸੋਚਦੀ ਸੀ, ਇਨ੍ਹਾਂ ਨੇ ਮੈਡੀਕੋ ਲੀਗਲ ਕੇਸ ਕੱਟਣੇ ਨੇ, ਪੋਸਟ ਮਾਰਟਮ ਕਰਨੇ ਨੇ, ਖਾਣ-ਪੀਣ ਦੀਆਂ ਚੀਜ਼ਾਂ ਦੇ ਸੈਂਪਲ ਭਰਨੇ ਨੇ, ਆਪਣੇ ਏਰੀਏ ਦੇ ਲੋਕਾਂ ਨਾਲ ਲਿਹਾਜ਼ ਨਾ ਕਰ ਦੇਣ।
ਮੈਂ ਚਾਹਿਆ ਕਿ ਲਾਗਲਾ ਜ਼ਿਲ੍ਹਾ ਫਰੀਦਕੋਟ ਮਿਲ ਜਾਵੇ ਤੇ ਉੱਥੋਂ ਦੀ ਡਿਸਪੈਂਸਰੀ ਅਬੋਹਰ ਤੋਂ ਵੀਹ-ਬਾਈ ਕਿਲੋਮੀਟਰ ’ਤੇ ਹੀ ਹੈ, ਕਬਰ ਵਾਲਾ। ਪਰ ਫਰੀਦਕੋਟ ਦੀ ਥਾਂ ਮੈਨੂੰ ਜ਼ਿਲ੍ਹਾ ਬਠਿੰਡਾ ਮਿਲਿਆ। ਬਠਿੰਡੇ ਸਿਵਲ ਸਰਜਨ ਦਫ਼ਤਰ ਜਾ ਕੇ ਹਾਜ਼ਰ ਹੋਏ ਤਾਂ ਉਨ੍ਹਾਂ ਨੇ ਬਠਿੰਡੇ ਜ਼ਿਲ੍ਹੇ ਦੀਆਂ ਖਾਲੀ ਡਿਸਪੈਂਸਰੀਆਂ ਵਿਚ ਸਾਰੇ ਡਾਕਟਰਾਂ ਨੂੰ ਤੈਨਾਤ ਕਰ ਦਿੱਤਾ ਤੇ ਮੇਰੇ ਨਾਂ ਦੇ ਅੱਗੇ ਲਿਖਿਆ ਸੀ, ਬੀਰੋਕੇ ਕਲਾਂ। ਸੰਗਰਰ ਦੇ ਸ਼ੁਰੂਆਤੀ ਬਾਰਡਰ ’ਤੇ। ਬੀਰੋਕੇ ਕਲਾਂ ਪਟਿਆਲੇ ਤੋਂ ਤਕਰੀਬਨ ਸੌ ਕਿਲੋਮੀਟਰ ਤੇ ਮੇਰੇ ਸ਼ਹਿਰ ਤੋਂ ਡੇਢ ਸੌ ਕਿਲੋਮੀਟਰ, ਮੇਰੀ ਚਾਹਤ ਤੋਂ ਬਿਲਕੁਲ ਦੂਸਰਾ ਸਿਰਾ। ਵੈਸੇ ਵੀ ਜਦੋਂ ਕੁਝ ਹੱਥ ਵੱਸ ਨਾ ਹੋਵੇ ਤਾਂ ਚਾਹਤ ਦਾ ਕੀ ਅਰਥ?
ਬੀਰੋਕੇ ਕਲਾਂ ਬਾਰੇ ਕਿਸੇ ਨੂੰ ਬਹੁਤਾ ਪਤਾ ਨਹੀਂ ਸੀ। ਦਫ਼ਤਰੋਂ ਪਤਾ ਚੱਲਿਆ ਕਿ ਬੁਢਲਾਡਾ ਪੀ.ਐੱਚ.ਸੀ ਵਿਚ ਪੈਂਦਾ ਹੈ। ਅੱਜ ਦੀ ਤਰ੍ਹਾਂ ਸੰਪਰਕ ਸਹੂਲਤਾਂ ਨਹੀਂ ਸਨ। ਕੁਝ ਇਸ ਤਰ੍ਹਾਂ ਦੀ ਕਨਸੋਅ ਪੈਣੀ ਸ਼ੁਰੂ ਹੋਈ ਕਿ ਬਹੁਤ ਮਾੜਾ ਪਿੰਡ ਹੈ, ਲੜਾਈ-ਝਗੜੇ ਵਾਲਾ। ਘਰ-ਘਰ ਸ਼ਰਾਬ ਨਿਕਲਦੀ ਹੈ। ਬਹੁਤ ਬਦਨਾਮ ਪਿੰਡ ਹੈ। ਸਰਪੰਚ ਵੀ ਧਾਕੜ ਹੈ। ਕਹਿਣ ਤੋਂ ਭਾਵ ਇਹ ਸੁਨੇਹੇ ਸੀ ਕਿ ਬਦਲੀ ਕਰਵਾ ਲੈ। ਮੈਂ ਤਾਂ ਆਪਣੀ ਵੱਧ ਤੋਂ ਵੱਧ ਸਿਫਾਰਿਸ਼ ਲਗਵਾ ਚੁੱਕਾ ਸੀ, ਪਤਾ ਨਹੀਂ, ਉਨ੍ਹਾਂ ਨੇ ਕਿਹਾ ਸੀ ਕਿ ਨਹੀਂ। ਮੈਂ ਤਾਂ ਕਦੇ ਅਬੋਹਰ ਕਚਿਹਰੀ ਤਕ ਨਹੀਂ ਸੀ ਗਿਆ। ਤਹਿਸੀਲ ਦਾ ਪਤਾ ਸੀ, ਕੁਝ ਸਾਰਟੀਫਿਕੇਟਾਂ ਨੂੰ ਹਾਸਲ ਕੀਤਾ ਸੀ। ਇਹ ਤਾਂ ਰਾਜਧਾਨੀ ਦੇ ਸੱਕਤਰੇਤ ਤਕ ਜਾਣ ਵਾਲੀ ਗੱਲ ਸੀ। ਬਠਿੰਡਾ ਦੇ ਸਿਵਲ ਸਰਜਨ ਬਾਰੇ ਵੀ, ਪੰਜਾਬੀ ਵਿਚ ਕਹੀਏ ਤਾਂ ਕਾਫ਼ੀ ‘ਦਹਿਸ਼ਤ’ ਸੀ। ਅਫਸਰਾਂ ਨਾਲ, ਉੱਪਰਲੇ ਦਰਜੇ ਦੇ ਸਾਹਬਾਂ ਨਾਲ ਸਾਡੇ ਰਿਸ਼ਤੇ ਅਜਿਹੇ ਹੀ ਰਹਿੰਦੇ ਹਨ। ਅੰਗਰੇਜ਼ਾਂ ਵਲੋਂ ਮਿਲੀ, ਜੀ ਹਜ਼ੂਰੀ, ਸਾਹਿਬ ਸਾਹਮਣੇ ਬੈਠਣ ਦੀ ਹਿੰਮਤ ਨਾ ਹੋਣੀ/ਕਰਨੀ, ਅੱਜ ਤਕ ਬਰਕਰਾਰ ਹੈ।
ਪਿੰਡ ਦੀ ਗੱਲ ਕਰਾਂ ਤਾਂ ਮੇਰਾ ਕੋਈ ਪਿੰਡ ਨਹੀਂ ਹੈ। ਅਬੋਹਰ ਮੇਰਾ ਜਨਮ ਸਥਾਨ ਹੈ। ਉਹ ਕਸਬਾ ਹੈ। ਵੈਸੇ ਵੀ ਦੇਸ਼ ਵੰਡ ਤੋਂ ਬਾਅਦ ਭਟਕਣ, ਸਰਾਂ ਵਿਚ ਠਾਹਰ-ਠਿਕਾਣਾ ਤੇ ਜਨਮ ਵੀ, ਫਿਰ ਅਬੋਹਰ ਵਿਚ ਇਕ ਨਵੀਂ ਕੱਟੀ ਕਾਲੋਨੀ, ਲਾਜਪਤ ਨਗਰ ਵਿਚ ਥੋੜ੍ਹੀ ਜਿਹੀ ਥਾਂ ਲੈ ਕੇ ਘਰ ਬਣਾਇਆ। 1960ਵਿਆਂ ਵਿਚ ਵੀ ਕਾਲੋਨੀ ਤੋਂ ਭਾਵ ਸੀ, ਏਧਰੋਂ-ਉਧਰੋਂ ਉਠ ਕੇ ਆਏ ਲੋਕ। ਭਾਂਤ-ਭਾਂਤ ਦੀ ਲੱਕੜ। ਪਿੰਡਾਂ ਬਾਰੇ ਜੋ ਸੁਣਿਆ-ਪੜ੍ਹਿਆ ਉਹ ਅਹਿਸਾਸ ਦਿਲ ਨੂੰ ਖਿੱਚਦਾ, ਟੁੰਬਦਾ ਹੈ। ਕੋਈ ਕਿੰਨੇ ਮੋਹ ਨਾਲ ਪਿੰਡ ਦੇ ਆੜੀਆਂ ਬਾਰੇ ਗੱਲ ਕਰਦਾ ਹੈ, ਕਿਵੇਂ ਪਿੰਡ ਦੇ ਮੇਲੇ, ਰੀਤੀ-ਰਿਵਾਜ ਤੇ ਸਭ ਤੋਂ ਅਹਿਮ ਹਰ ਸ਼ਖ਼ਸ, ਛੋਟਾ ਜਾਂ ਵੱਡਾ ਇਕ ਰਿਸ਼ਤੇ ਵਿਚ ਬੰਨ੍ਹਿਆ। ਸਾਰੇ ਪਿੰਡ ਦੇ ਪੁਰਸ਼ ਅਤੇ ਔਰਤਾਂ ਤਾਇਆ, ਚਾਚਾ ਜਾਂ ਭੂਆ । ਮਾਂ ਨੇ ਕਿਸੇ ਨੂੰ ਭੈਣ ਕਹਿ ਦਿੱਤਾ ਤਾਂ ਮਾਸੀ, ਮਾਮੇ ਵਾਲੀ ਲਾਇਨ ਸ਼ੁਰੂ। ਇਨ੍ਹਾਂ ਨਾਂਵਾਂ ਵਿਚ ਆਪਣਾਪਨ ਹੈ। ਉਸ ਨੂੰ ਅੱਜ ਸਭ ਤਰਸਦੇ ਨੇ। ਭੂਆ-ਮਾਸੀ ਦਾ ਰਿਸ਼ਤਾ ਅਤੇ ਦੋਹਾਂ ਲਈ ਆਂਟੀ। ਪੰਜਾਬੀ ਦੀ ਇਹ ਅਮੀਰੀ ਅਸੀਂ ਪਛਾਣੀ ਹੀ ਨਹੀਂ।
ਪਿੰਡ ਜਾ ਹਾਜ਼ਰ ਹੋਇਆ। ਹੋਣਾ ਹੀ ਸੀ। ਨੌਕਰੀ ਤਾਂ ਕਰਨੀ ਹੀ ਸੀ। ਆਮ ਕਹਾਵਤ ਹੈ ਤੇ ਸੱਚ ਵੀ ਕਿ ‘ਨੌਕਰੀ ਕੀ ਤੇ ਨਖ਼ਰਾ ਕੀ,’ ਜੇ ਕਹਾਂ, ਨੌਕਰੀ ਸਭ ਨੂੰ ਚਾਹੀਦੀ ਹੁੰਦੀ ਹੈ ਤੇ ਸਰਕਾਰ ਨੂੰ ਕਰਵਾਉਣੀ ਵੀ ਆਉਂਦੀ ਹੈ। ਪਿੰਡ ਆ ਗਿਆ ਤੇ ਰਿਹਾਇਸ਼ ਬੁਢਲਾਡੇ ਕਰ ਲਈ। ਪਿੰਡ ਵਿਚ ਇਕ ਸੀਨੀਅਰ ਸੈਕੰਡਰੀ ਸਕੂਲ ਵੀ ਸੀ। ਡਿਸਪੈਂਸਰੀ ਤੇ ਸਕੂਲ ਦਾ ਸਟਾਫ ਰੋਜ਼ਾਨਾ ਆਉਣ-ਜਾਣ ਕਰਦਾ। ਤਿੰਨ-ਚਾਰ ਬੱਸਾਂ ਦੇ ਟਾਇਮ ਸਨ, ਬੁਢਲਾਡਾ ਤੋਂ ਬਰਨਾਲਾ ਵਾਇਆ ਭੀਖੀ। ਬਠਿੰਡਾ, ਬਰਨਾਲਾ, ਪਟਿਆਲੇ ਦੇ ਸਾਹਿਤਕ ਅਤੇ ਜਮਾਤੀ ਦੋਸਤਾਂ ਨਾਲ ਮੇਲ-ਜੋਲ ਜਾਰੀ ਰਿਹਾ। ਬੀਰੋਕੇ ਸਭ ਤਕ ਪਹੁੰਚਣ ਦਾ ਕੇਂਦਰ ਜਿਹਾ ਸੀ।
ਪਿੰਡ ਬਾਰੇ ਜੋ ਪ੍ਰਭਾਵ ਮੇਰੇ ਮਨ ’ਤੇ ਪਾਇਆ ਗਿਆ ਸੀ, ਉਹ ਪਿੰਡ ਜਾ ਕੇ ਪਤਾ ਚੱਲਿਆ। ਉਂਜ ਇਹ ਵੱਖਰੀ ਗੱਲ ਹੈ ਕਿ ਮੈਂ ਬਾਹਰੋਂ, ਉੱਪਰੋਂ-ਉੱਪਰੋਂ ਦੇਖ ਰਿਹਾ ਸੀ। ਡਾਕਟਰ ਸੀ, ਅਫ਼ਸਰ ਸੀ। ਸਾਸਰੀਕਾਲ ਦੀ ਘਾਟ ਨਹੀਂ ਸੀ, ‘ਡਾਕਟਰ ਜੀ’ ਸੁਨਣ ਦਾ ਇਕ ਵਧੀਆ ਖੁਸ਼ਨੁਮਾ ਮਾਹੌਲ ਸੀ। ਮਰੀਜ਼ਾਂ ਨੇ ਆਉਣਾ ਸੀ। ਦਵਾਈ ਮਿਲ ਰਹੀ ਸੀ। ਡਾਕਟਰ ਮਿਲ ਰਿਹਾ ਸੀ, ਜਿਸ ਬਾਰੇ ਇਹ ਧਾਰਨਾ ਸੀ ਕਿ ਇੱਥੇ ਕਿਸੇ ਨਹੀਂ ਰਹਿਣਾ। ਉਹ ਤਾਂ ਹਰ ਪਿੰਡ ਬਾਰੇ ਹੀ ਹੈ ਤੇ ਹਰ ਮਹਿਕਮੇ ਦੇ ਸਰਕਾਰੀ ਮੁਲਾਜ਼ਮਾਂ ਬਾਰੇ ਵੀ। ਜੇ ਸੱਚ ਕਹੀਏ ਤਾਂ ਪਿੰਡਾਂ ਦੇ ਲੋਕ ਖੁਦ ਵੀ ਪਿੰਡ ਵਿਚ ਰਹਿਣ ਨੂੰ ਤਰਜੀਹ ਨਹੀਂ ਦਿੰਦੇ। ਪਿੰਡ ਤੋਂ ਪੜ੍ਹ ਕੇ, ਕਿਸੇ ਨੌਕਰੀ ਲੱਗਣ ਤੋਂ ਬਾਅਦ ਉਹ ਪਿੰਡ ਨੂੰ ਭੁੱਲ ਹੀ ਜਾਂਦੇ ਨੇ। ਸਰਕਾਰਾਂ ਨੇ ਵੀ ਪਿੰਡਾਂ ਦੇ ਵਿਕਾਸ ਬਾਰੇ ਸੰਜੀਦਗੀ ਨਾਲ ਨਹੀਂ ਸੋਚਿਆ।
ਉਂਜ ਮੈਂ ਸੋਚਦਾ ਹਾਂ ਕਿ ਜੇ ਤਿੰਨ ਸਾਲ ਦੀ ਪੇਂਡੂ ਨੌਕਰੀ ਦੌਰਾਨ ਜਦੋਂ ਮੈਂ ਪਿੰਡ ਰਿਹਾ ਤੇ ਪਿੰਡ ਨੂੰ ਨੇੜਿਉਂ ਜਾਣਿਆ-ਸਮਝਿਆ ਤੇ ਉਸ ਸਭਿਆਚਾਰ ਦਾ ਹਿੱਸਾ ਵੀ ਬਣਿਆ। ਕੋਈ ਉੱਥੇ ਪੱਕੇ ਪੈਰੀਂ ਹੋਣ ਦਾ ਸੁਝਾਅ ਦਿੰਦਾ, ਕੋਈ ਪੰਜ-ਚਾਰ ਸੌ ਗਜ਼ ਥਾਂ ਲੈਣ ਵਾਰੇ ਦੱਸ ਪਾਉਂਦਾ ਤਾਂ ਕਹਿਣ ਨੂੰ ਮੇਰਾ ਵੀ ਪਿੰਡ ਹੁੰਦਾ। ਮੇਰੇ ਦਿਮਾਗ ਵਿਚ ਤਾਂ ਆਇਆ ਨਹੀਂ, ਮੈਂ ਤਾਂ ਅਬੋਹਰ ਤੋਂ ਕਿੰਨਾ ਹੀ ਦੂਰ ਸੀ। ਉੱਥੇ ਕਿਤੇ ਹੁੰਦਾ ਤਾਂ ਭਾਵੇਂ ਕੁਝ ਸੁੱਝ ਜਾਂਦਾ।
ਮੈਂ ਛੇ ਮਹੀਨੇ ਮਗਰੋਂ ਹੀ ਬੁਢਲਾਡੇ ਵਾਲੇ ਕਿਰਾਏ ਦੇ ਕਮਰੇ ਨੂੰ ਛੱਡ ਡਿਸਪੈਂਸਰੀ ਵਿਚ ਬਿਸਤਰਾ ਲਾ ਲਿਆ। ਦੋ ਕਮਰਿਆਂ ਦੀ ਛੋਟੀ ਜਿਹੀ ਘਰ ਨੁਮਾ ਇਮਾਰਤ ਸੀ। ਇਕ ਵਿਚ ਬੈਠ ਕੇ ਮਰੀਜ਼ ਦੇਖਦਾ, ਇਕ ਵਿਚ ਬਿਸਤਰਾ। ਫਾਰਮਾਸਿਸਟ ਨੇ ਵੀ ਆਪਣਾ ਮੇਜ਼ ਮੇਰੇ ਵਾਲੇ ਕਮਰੇ ਵਿਚ ਹੀ ਲਾ ਲਿਆ। ਇਕ ਛੋਟਾ ਜਿਹਾ ਸਟੋਰ ਸੀ ਤੇ ਛੋਟਾ ਜਿਹਾ ਪਾਣੀ ਗਰਮ ਕਰਨ ਨੂੰ ਸਰਿੰਜਾਂ ਸੂਈਆਂ ਉਬਾਲਣ ਨੂੰ ਕਮਰਾ ਸੀ, ਚਾਹ ਵੀ ਬਣ ਜਾਂਦੀ।
ਸਭ ਕੁਝ ਵਧੀਆ ਚੱਲਿਆ। ਤਿੰਨ ਸਾਲ ਉੱਥੇ ਰਿਹਾ ਤੇ ਯਕੀਨ ਮੰਨਿਉਂ, ਮੈਂ ਇਕ ਦਿਨ ਵੀ ਰੋਟੀ ਖੁਦ ਨਹੀਂ ਬਣਾਈ। ਇਹ ਠੀਕ ਹੈ ਕਿ ਇਕ ਘਰ ਪੱਕਾ ਸੀ, ਪਰ ਡਿਸਪੈਂਸਰੀ ਦੇ ਨੇੜੇ-ਤੇੜੇ ਦੇ ਤਕਰੀਬਨ ਸਾਰੇ ਘਰਾਂ ਨੇ ਵਾਰੀ-ਵਾਰੀ ਸਿਰ ਰੋਟੀ ਖਵਾਈ। ਉਹ ਕਹਿ ਜਾਂਦੈ, “ਡਾਕਟਰ ਜੀ ਅੱਜ ਰੋਟੀ ਸਾਡੇ ਘਰੋਂ ਆਵੇਗੀ।” ਤੇ ਪੱਕੇ ਘਰੇ ਸੁਨੇਹਾ ਲਾ ਦਿੰਦਾ ਕਿ ਅੱਜ ਤੁਸੀਂ ਰਹਿਣ ਦੇਣਾ। ਵਾਢੀ ਵਾਲੇ ਦਿਨਾਂ ਵਿਚ, ਜਦੋਂ ਕੰਬਾਇਨਾਂ ਨਹੀਂ ਸੀ ਹੁੰਦੀਆਂ, ਕਾਫ਼ੀ ਜ਼ਿਆਦਾ ਜਮੀਨਾਂ ਵਾਲੇ, ਚੰਗੇ ਜ਼ਿਮੀਦਾਰਾਂ ਦੇ ਘਰ, ਵਾਡੀ ਦਾ ਕੰਮ ਤਕਰੀਬਨ ਮਹੀਨਾ ਭਰ ਚਲਦਾ। ਕਣਕ ਵੱਡਣ ਲਈ ਨੇੜਲੇ ਰਿਸ਼ਤੇਦਾਰ ਆਪਣੇ ਸੀਰੀ-ਪਾਲੀ ਅਤੇ ਹੋਰ ਕਾਮੇ ਭੇਜਦੇ। ਇਕ ਪਿੰਡ ਦੇ ਲੋਕ ਫਿਰ ਦੂਸਰੇ ਪਿੰਡ, ਆਪਣੇ ਰਿਸ਼ਤੇਦਾਰਾਂ ਕੋਲ ਚਲੇ ਜਾਂਦੇ। ਇਹ ਸਾਂਝ, ਪਿਆਰ, ਭਾਈਚਾਰਾ ਸੀ। ਇਕ ਮਹੀਨਾ, ਉਸ ਘਰ ਵਿਚ ਸ਼ਾਮੀ ਥੱਕੇ ਹਾਰੇ ਕਾਮਿਆਂ ਨੂੰ ਖਾਣ-ਪੀਣ ਲਈ ਚੰਗਾ ਵਰਤਾਇਆ ਜਾਂਦਾ। ਘਰ ਦੀ ਕੱਢੀ ਦੇਸੀ ਸ਼ਰਾਬ, ਵਾਢੀਆਂ ਤੋਂ ਪਹਿਲਾਂ ਘਰੇ ਹੀ ਪਾਲਿਆ ਹੁੰਦਾ ਬੱਕਰਾ। ਉਸ ਸਮੇਂ ਉਸ ਪਰਿਵਾਰ ਵੱਲੋਂ ਮੈਨੂੰ ਵੀ ਰਾਤ ਦੇ ਖਾਣੇ ਦਾ ਸੱਦਾ ਹੁੰਦਾ। ਸ਼ਾਮਲ ਹੋਣ ਲਈ ਵੀ ਕਿਹਾ ਜਾਂਦਾ ਨਹੀਂ ਤਾਂ ਰੋਟੀ ਡਿਸਪੈਂਸਰੀ ਪਹੁੰਚ ਜਾਂਦੀ।
ਇਸ ਮੋਹ ਅਤੇ ਨੇੜਤਾ ਦੇ ਹੁੰਦਿਆਂ ਵੀ ਕਦੀ ਉੱਥੇ ਪੱਕੀਂ ਥਾਂ ਲੈਣ ਦਾ, ਖੁਦ ਖਿਆਲ ਨਹੀਂ ਆਇਆ। ਕਿਸ ਮੂੰਹ ਨਾਲ ਕੋਈ ਹੋਰ ਕਹਿੰਦਾ, ਜਦੋਂ ਦੌੜ ਪਿੰਡਾਂ ਤੋਂ ਸ਼ਹਿਰਾਂ ਵੱਲ ਸੀ। ਅੰਦਾਜ਼ਾ ਲਗਾਉ ਆਜ਼ਾਦੀ ਵੇਲੇ ਪਿੰਡਾਂ ਦੀ ਆਬਾਦੀ 84 ਫੀਸਦੀ ਸੀ ਤੇ ਅੱਜ ਇਹ 64 ਫੀਸਦੀ ਹੈ। ਦੁਨੀਆ ਦੀਆਂ ਸਰਮਾਏਦਾਰ ਸ਼ਕਤੀਆਂ ਦਾ ਟੀਚਾ ਹੈ ਕਿ ਸ਼ਹਿਰੀਕਰਨ ਨੂੰ ਵਧਾਇਆ ਜਾਵੇ। ਉਨ੍ਹਾਂ ਨੂੰ ਮਜ਼ਦੂਰਾਂ ਦੀ ਲੋੜ ਹੈ ਤੇ ਆਪਣੇ ਮਾਲ ਲਈ ਬਾਜ਼ਾਰ ਦੀ। ਗਰੀਬਾਂ ਨੂੰ ਵੀ ਗੁਜਾਰੇ ਜੋਗੇ ਦਾਣੇ ਮੁੜ ਜਾਂਦੇ।
ਮੇਰਾ ਪਿੰਡ ਕੋਈ ਨਹੀਂ ਹੈ, ਪਰ ਤੁਸੀਂ ਖੁਦ ਸੋਚੋ ਕਿ ਬੀਰੋਕੇ ਸ਼ਬਦ ਅਚੇਤ ਵਿਚ ਕਿੰਨਾ ਡੂੰਘਾ ਹੈ ਕਿ ਫੇਸਬੁੱਕ ਤੋਂ ਕਨਸੋਅ ਮਿਲੀ ਤੇ ਇਸ ਦੀ ਤਲਾਸ਼ ਵਿਚ ਜੁਟ ਗਿਆ। ਇਸੇ ਤਰ੍ਹਾਂ ਇਕ ਦਿਨ ਇਕ ਵਿਰਾਸਤੀ ਮੇਲੇ ਵਿਚ ਜਾਣ ਦਾ ਮੌਕਾ ਮਿਲਿਆ। ਇਕ ਸਟਾਲ ’ਤੇ ਮਿਲੇਟ (ਮੋਟੇ ਅਨਾਜ) ਦਾ ਸਮਾਨ ਸੀ। ਕੋਧਰਾ ਕੰਗਣੀ, ਸੁਆਂਕ ਆਦਿ। ਇਨ੍ਹਾਂ ਦੀ ਵਰਤੋਂ ਵੱਲ ਵਧੇ ਰੁਝਾਨ ਕਾਰਨ ਚੀਜ਼ਾਂ ਦੇਖਣ ਲੱਗੇ ਤਾਂ ਸਟਾਲ ਵਾਲਾ ਕਹਿਣ ਲੱਗਿਆ, “ਇਹ ਹੈ ਸਾਡਾ ਨੰਬਰ ਤੇ ਪਤਾ, ਜੇ ਫਿਰ ਲੋੜ ਹੋਵੇ ਤਾਂ ...।” ਪਤਾ ਦੇਖਿਆ ਤਾਂ ਉਹ ਸੀ ਬੀਰੋਕੇ ਕਲਾਂ ਦਾ। ਮੈਂ ਆਪਣੀ ਜਾਣ-ਪਛਾਣ ਕਰਵਾਈ ਤਾਂ ਉਸਨੇ ਕਿਹਾ, “ਮੈਂ ਜਾਣਦਾ ਹਾਂ, ਸਾਡੇ ਪਿੰਡ ਦੇ ਸੁੱਖੇ ਨੇ ਤੁਹਾਡੇ ਬਾਰੇ ਦੱਸਿਆ, ਮੇਰੀ ਕੁੜੀ ਪੜ੍ਹਦੀ ਐ ਤੁਹਾਡੇ ਕੋਲ ਮੈਡੀਕਲ ਕਾਲਜ ਅਮ੍ਰਿਤਸਰ।”
ਸੁੱਖਾ, ਸਰਪੰਚ ਦਾ ਛੋਟਾ ਭਰਾ। ਉਸ ਦਾ ਫੋਨ ਕਈ ਵਾਰ ਆਉਂਦਾ। ਉਸ ਦੀ ਕੁੜੀ ਕੈਨੇਡਾ ਵਿਚ ਹੈ। ਦੂਸਰੀ-ਤੀਸਰੀ ਵਿਚ ਪੜ੍ਹਦੀ ਹੋਣੀ ਹੈ ਜਦੋਂ ਮੈਂ ਬੀਰੋਕੇ ਨੌਕਰੀ ਕੀਤੀ। ਜਦੋਂ ਇੰਡੀਆ ਹੋਵੇ, ਫੋਨ ਕਰੇਗਾ। ਉਹੀ ਪੇਂਡ ਸਭਿਆਚਾਰ ਦੀ ਭਿਣਕ ਪੈਣੀ, ਇਕ ਆਪਣੇਪਨ ਦੀ। ਜਦੋਂ ਉਸਨੇ ਕਿਹਾ, ‘ਤੇਰੀ ਭਤੀਜੀ ਇੱਥੇ ਡਾਕਟਰੀ ਕਰਦੀ ਐ। ਤੇਰੀ ਭਰਜਾਈ ਤੈਨੂੰ ਬਾਹਲਾ ਯਾਦ ਕਰਦੀ ਐ।’ ਉਨ੍ਹਾਂ ਦਿਨਾਂ ਦੀ ਯਾਦ ਦਿਵਾਵੇਗਾ। ਆ ਕੇ ਰਹਿਣ ਨੂੰ ਕਹੇਗਾ।
ਸਕੂਲ ਦਾ ਸਟਾਫ ਵੀ ਡਿਸਪੈਂਸਰੀ ਆਉਂਦਾ। ਦਵਾਈ ਵੀ ਮਿਲਦੀ। ਕਦੇ ਘਾਟ ਨਹੀਂ ਰਹੀ ਦਵਾਈ ਦੀ। ਕਦੇ ਹੀ ਲਿਖੀ ਹੋਵੇਗੀ ਦਵਾਈ ਜੋ ਸ਼ਹਿਰੋਂ ਮੰਗਵਾਉਣੀ ਪੈਂਦੀ ਹੋਵੇ। ਬੁਢਲਾਡੇ-ਬਰਨਾਲੇ ਵਾਲੀ ਬੱਸ ਦਾ ਸਟਾਫ ਵੀ ਦਵਾਈ ਲੈਣ ਰੁਕ ਜਾਂਦਾ। ਨਤੀਜਾ ਇਹ ਹੋਇਆ ਕਿ ਮੇਰਾ ਬਰਨਾਲੇ ਤਕ ਦਾ ਸਫ਼ਰ ਮੁਫ਼ਤ ਹੋ ਗਿਆ। ਬੁਢਲਾਡਾ ਤਾਂ ਜਾਣਾ ਲੱਗਿਆ ਰਹਿੰਦਾ। ਪੀ.ਐੱਚ.ਸੀ ਸਾਡਾ ਮੁੱਖ ਦਫ਼ਤਰ ਸੀ। ਦਵਾਈ ਉੱਥੋਂ ਮਿਲਦੀ, ਤਨਖਾਹ ਵੀ। ਪੇਂਡੂ ਸਭਿਆਚਾਰ ਦੇ ਰੂਬਰੂ ਹੋਇਆ, ਪਿੰਡ ਦੀ ਰੂਹ ਦਾ ਪਤਾ ਚੱਲਿਆ।
ਪੀ.ਐੱਚ.ਸੀ. ਤੇ ਊਸ਼ਾ ਵੀ ਮਿਲੀ। ਸਕੂਲ ਦੀ ਅਧਿਆਪਕਾ, ਤਾਰੋ ਦੇਵੀ ਦੀ ਛੋਟੀ ਭੈਣ। ਇਕ ਦਿਨ ਬੱਸ ਸਟੈਂਡ ਤੋਂ ਚਾਹ ਪੀਣ ਦਾ ਸੱਦਾ ਦਿੱਤਾ ਤੇ ਮੈਂ ਚਲਾ ਗਿਆ। ਊਸ਼ਾ ਨਾਲ ਮੁਲਾਕਾਤ ਉੱਥੇ ਘਰੇ ਹੋਈ, ਦੁਸ਼ਅੰਤ ਕੁਮਾਰ ਇੱਥੇ ਵੀ ਹਾਜ਼ਰ ਹੋਇਆ, ਰਾਜਨੀਤਿਕ ਚੇਤਨਾ ਦੇ ਸ਼ਾਇਰ ਦੇ ਬੋਲ, ਤੁਮ ਕਿਸੀ ਰੇਲ ਸੀ ਗੁਜ਼ਰਤੀ ਹੋ, ਮੈਂ ਕਿਸੀ ਪੁਲ ਸਾ ਖਰਖਰਾਤਾ ਹੂੰ।’ ਓਨੇ ਹੀ ਪ੍ਰਭਾਵਸ਼ਾਲੀ ਬੋਲ। ਇਸ ਥਰਥਰਾਹਟ ਵਿਚ ਏਨੀ ਸ਼ਿੱਦਤ ਸੀ ਕਿ ਅਜੇ ਤਕ ਬਣੀ ਹੋਈ ਹੈ, ਮੇਰੀ ਹਮਸਫ਼ਰ ਦੇ ਤੌਰ ’ਤੇ ।
ਮੇਰਾ ਕੋਈ ਪਿੰਡ ਨਹੀਂ। ਉਸ ਲਹਿਜੇ ਵਿਚ ਜੋ ਪਿੰਡ ਦੀ ਭਾਵਨਾ ਵਿਚ ਪਿਆ ਹੈ, ਪਿੰਡ ਬਾਰੇ ਹੋਰ ਵਿਸਥਾਰ ਅਤੇ ਡੁੰਘਾਈ ਵਿਚ ਜਾਣਿਆ, ਜਦੋਂ ਪੰਜਾਬ ਵਿਚ ਗਿਆਨੀ ਕੇਵਲ ਸਿੰਘ, ਸਾਬਕਾ ਜਥੇਦਾਰ ਦਮਦਮਾ ਸਾਹਿਬ ਦੀ ਅਗਵਾਈ ਵਿਚ ‘ਪਿੰਡ ਬਚਾਉ - ਪੰਜਾਬ ਬਚਾਉ ਮੁਹਿੰਮ’ ਨਾਲ ਜੁੜਿਆ ਤੇ ਪੰਜਾਬ ਦੇ ਤਿੰਨ ਸੌ ਤੋਂ ਵੱਧ ਪਿੰਡਾਂ ਤਕ ਪਹੁੰਚੇ। ਪੰਚਾਇਤੀ ਰਾਜ ਬਾਰੇ ਵੀ ਜਾਣਿਆ। ਇਹ ਪੱਖ ਬਿਲਕੁਲ ਉਲਟਾ ਸੀ, ਲੋਕਾਂ ਦਾ ਰਹਿਣ-ਪੱਧਰ ਰੂੜੀ ਦੇ ਢੇਰਾਂ ਵਾਲਾ।
ਇਹ ਜ਼ਿੰਦਗੀ ਦੇ ਸਬੱਬ ਨੇ। ਕਿਸਮਤ ਅਤੇ ਰੱਬ ਦੀ ਮਰਜ਼ੀ ਵਾਲੀ ਧਾਰਨਾ ਮੇਰੇ ਕੋਲ ਆ ਨਹੀਂ ਸਕੀ। ਪਰ ਜੋ ਵੀ ਹੈ, ਸਵਾਲ ਹੈ ਬਾਹਰ ਨਿਕਲਾਂਗੇ, ਖੁਦ ਹਿੱਸਾ ਬਣਾਗੇ ਤਾਂ ਹੀ ਸੱਚ ਦਾ ਸਾਹਮਣਾ ਹੋਵੇਗਾ।
ਪਿੰਡ ਦੀ ਜੋ ਤਸਵੀਰ ਬਿਆਨੀ ਗਈ, ਉਸਦੇ ਤਹਿਤ ਫੈਸਲਾ ਕਰਕੇ, ਕਿਤੇ ਹੋਰ ਚਲਾ ਜਾਂਦਾ ਤਾਂ ਇਹ ਜੋ ਪਿੰਡ ਨਾਲ ਜੁੜੇ ਤਾਅਲੁਕਾਤ ਹਨ, ਉਹ ਫਿਰ ਜ਼ਿੰਦਗੀ ਦਾ ਹਿੱਸਾ ਨਾ ਬਣਦੇ, ਖਾਸ ਕਰ ਊਸ਼ਾ ਦਾ ਮਿਲਣਾ। ਹੁਣ ਇਹ ਤਾਂ ਮੈਂ ਨਹੀਂ ਮੰਨਦਾ ਕਿ ਲਿਖਿਆ ਸੀ, ਉਸ ਨੇ ਇੱਥੇ ਹੀ ਮਿਲਣਾ ਸੀ, ਹੋਣੀ ਨੇ ਲੈ ਹੀ ਆਉਣਾ ਸੀ। ਹਾਂ, ਸਰਕਾਰਾਂ ਜ਼ਰੂਰ ਇਹ ਕੰਮ ਕਰਦੀਆਂ ਨੇ, ਵਸਾਉਣ-ਉਜਾੜਣ ਦਾ। ਪਰ ਜ਼ਿੰਦਗੀ ਦੇ ਮੌਕਾ-ਮੇਲ ਵੱਧ ਸਮਰੱਥ ਹਨ।
ਮੇਰਾ ਕੋਈ ਪਿੰਡ ਨਹੀਂ ਹੈ, ਇਹ ਮੈਂ ਕਹਾਂ ਕਿ ਅਜੇ ਵਿਚਾਰ ਲਵਾਂ?
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3868)
(ਸਰੋਕਾਰ ਨਾਲ ਸੰਪਰਕ ਲਈ: sarokar2015@gmail.com)