“ਇਹ ਨਹੀਂ ਕਿ ਅਸੀਂ ਮਨੁੱਖ ਪੈਦਾ ਹੋ ਕੇ ਅੱਗੇ ਨਹੀਂ ਤੁਰੇ ਜਾਂ ...”
(27 ਮਈ 2020)
ਚਲੋ, ਕਿਸੇ ਉਸਾਰੂ ਤੇ ਹੌਸਲਾ ਵਧਾਊ ਨੁਕਤੇ ’ਤੇ ਇਸ ਲੜੀ ਨੂੰ ਸਮੇਟਦੇ ਹਾਂ। ਫਿਲਾਸਫੀ ਦਾ ਪਹਿਲਾ ਸਵਾਲ ਹੈ- ‘ਮੈਂ ਕੌਣ ਹਾਂ? ਮੈਂ ਕਿਉਂ ਹਾਂ? ਮੇਰੀ ਇਸ ਜੱਗ ਵਿੱਚ ਕੀ ਭੂਮਿਕਾ ਹੈ?’ ਫਿਰ ਵਿਚਾਰਾਂ ਅਤੇ ਚਰਚਾਵਾਂ ਦਾ ਸਿਲਸਿਲਾ ਸ਼ੁਰੂ ਹੋ ਜਾਂਦਾ ਹੈ। ਇਸ ਹਸਤੀ ਦੀ ਪਹਿਲੀ ਸ਼ਰਤ ਸਿਹਤ ਹੈ: ਸਰੀਰਕ, ਮਾਨਸਿਕ ਅਤੇ ਸਮਾਜਿਕ ਸਿਹਤ।
ਨਵੇਂ ਮਨੁੱਖ ਦਾ ਜਨਮ! ਇਹ ਕੋਈ ਸੁਪਨਾ ਨਹੀਂ। ਮਨੁੱਖ ਤਾਂ ਅਸੀਂ ਹਾਂ ਹੀ। ਪੈਦਾ ਹੁੰਦੇ ਹੀ ਜਿਸ ਤਰ੍ਹਾਂ ਦੇ ਨੈਣ-ਨਕਸ਼ ਲੈ ਕੇ ਇਸ ਦੁਨੀਆਂ ਵਿੱਚ ਆਉਂਦੇ ਹਾਂ, ਵਿਕਾਸ ਦੀ ਲੜੀ ਵਿੱਚ ਜੀਵਾਂ ਦੇ ਵਰਗੀਕਰਨ ਮੁਤਾਬਕ ਇਸ ਨੂੰ ਮਨੁੱਖ ਨਾਂ ਮਿਲਿਆ ਹੈ ਤੇ ਸਿਖ਼ਰ ਦੀ ਥਾਂ ਤੈਅ ਹੋਈ ਹੈ।
ਇਹ ਸਵਾਲ ਹੁਣ ਕਰੋਨਾ ਕਾਲ ਦੌਰਾਨ ਸੰਕਟ ਦੀ ਘੜੀ ਵੇਲੇ ਕਿਉਂ ਪੈਦਾ ਹੋਇਆ ਹੈ ਜਾਂ ਹੋ ਰਿਹਾ ਹੈ। ਜੇਕਰ ਸਹੀ ਅਰਥਾਂ ਵਿੱਚ ਸੋਚੀਏ ਤਾਂ ਸੰਕਟ ਵੇਲੇ ਮਨੁੱਖੀ ਕਿਰਦਾਰ ਨੂੰ ਦੇਖਦੇ-ਸਮਝਦੇ ਹੋਏ ਹੀ, ਸਵਾਲ ਖੜ੍ਹੇ ਹੁੰਦੇ ਹਨ ਤੇ ਨਵੀਂ ਤਲਾਸ਼ ਵੱਲ ਵੀ ਇਸ਼ਾਰੇ ਹੁੰਦੇ ਹਨ।
ਮਨੁੱਖ ਕੋਲ ਅਨੇਕਾਂ ਸਮਰਥਾਵਾਂ ਹਨ। ਉਸ ਨੂੰ ਸੁਪਨੇ ਦੇਖਣੇ ਵੀ ਆਉਂਦੇ ਹਨ ਅਤੇ ਪੂਰੇ ਕਰਨੇ ਵੀ। ਇੱਕ ਹੀ ਪਹਿਲੂ ਤੋਂ ਸੰਕੇਤ ਮਿਲ ਜਾਣਗੇ। ਮਨੁੱਖ ਲਈ ਰਾਤ ਇੱਕ ਚੁਣੌਤੀ ਸੀ। ਉਸ ਨੇ ਇਸ ਨੂੰ ਕਬੂਲਿਆ ਤੇ ਆਪਣੀਆਂ ਕੋਸ਼ਿਸ਼ਾਂ ਨਾਲ ਇਸ ਨੂੰ ਚਾਨਣ ਵਿੱਚ ਤਬਦੀਲ ਕਰਕੇ ਦਿਖਾਇਆ, ਭਾਵੇਂ ਕੁਦਰਤ ਨੇ ਰਾਤ ਕਿਸੇ ਹੋਰ ਮਕਸਦ ਲਈ ਬਣਾਈ ਸੀ।
ਸਵਾਲ ਹੈ ਨਵੇਂ ਮਨੁੱਖ ਦਾ, ਕਲਪਨਾ ਦਾ। ਕਲਪਨਾ ਸਿਰਜਣਾ ਦੀ ਪਹਿਲੀ ਪੌੜੀ ਹੈ। ਨਵਾਂ ਮਨੁੱਖ, ਮਹਾਂਮਾਨਵ ਪਰਮ ਮਨੁੱਖ, ਜੋ ਮਰਜ਼ੀ ਨਾਂ ਦੇ ਦਿਉ। ਇਹ ਨਹੀਂ ਕਿ ਅਸੀਂ ਮਨੁੱਖ ਪੈਦਾ ਹੋ ਕੇ ਅੱਗੇ ਨਹੀਂ ਤੁਰੇ ਜਾਂ ਤੁਰ ਨਹੀਂ ਰਹੇ, ਪਰ ਕਈ ਵਾਰੀ ਇਹ ਵੀ ਮਹਿਸੂਸ ਹੁੰਦਾ ਹੈ ਕਿ ਅਸੀਂ ਖੜੋਤ ਵਿੱਚ ਹਾਂ ਜਾਂ ਉਸ ਤੋਂ ਅੱਗੇ ਵਾਪਸੀ ਵੱਲ ਰੁਖ਼ ਕੀਤਾ ਹੈ। ਇਹ ਅਖਾਣ-ਵਿਚਾਰ ਵੀ ਤਾਂ ਸਾਡੀ ਸੋਚ ਵਿੱਚੋਂ ਹੀ ਨਿਕਲੇ ਹਨ, ਜਦੋਂ ਅਸੀਂ ਕਹਿੰਦੇ ਹਾਂ, ‘ਵੱਡੀ ਮੱਛੀ, ਛੋਟੀ ਮੱਛੀ ਨੂੰ ਖਾ ਜਾਂਦੀ ਹੈ’ ਜਾਂ ‘ਤਕੜੇ ਦਾ ਸੱਤੀਂ ਵੀਹੀਂ ਸੌ’, ‘ਜਿਸ ਦੀ ਲਾਠੀ ਉਸ ਦੀ ਭੈਂਸ’। ‘ਵੱਡੀ ਮੱਛੀ, ਛੋਟੀ ਮੱਛੀ ਨੂੰ ਖਾ ਜਾਂਦੀ ਹੈ’, ਨੂੰ ਫਰੋਲ ਕੇ ਦੇਖਿਆ ਤਾਂ ਇਹ ਸਾਡੇ ਸਮਾਜ ਵਿੱਚ ਕਿਵੇਂ ਲਾਗੂ ਹੁੰਦੀ ਹੈ। ਵੱਡੀ ਮੱਛੀ (ਤਾਕਤਵਰ), ਗ਼ਰੀਬ, ਦਲਿਤ, ਮਜ਼ਦੂਰ (ਛੋਟੀ ਮੱਛੀ) ਨੂੰ ਖਾ ਜਾਵੇ ਜਾਂ ਗੁਲਾਮਾਂ ਵਾਂਗ ਕੰਮ ਕਰਵਾਏ। ਅਸੀਂ ਮੱਛੀਆਂ ਨਹੀਂ ਹਾਂ, ਅਸੀਂ ਵਿਕਾਸ ਲੜੀ ਵਿੱਚ ਕਾਫ਼ੀ ਅੱਗੇ ਆ ਗਏ ਹਾਂ। ਪਰ ਇਸ ਮਾਮਲੇ ’ਤੇ ਅਸੀਂ ਕੀ ਵਾਪਸੀ ਨਹੀਂ ਕਰ ਰਹੇ? ਕੀ ਪੁੱਠਾ ਗੇੜਾ ਨਹੀਂ ਸ਼ੁਰੂ ਕਰ ਰਹੇ?
ਕਰੋਨਾ ਸੰਕਟ ਨੇ ਸਾਰੇ ਵਿਸ਼ਵ ਨੂੰ ਖੜੋਤ ਵਿੱਚ ਲੈ ਆਂਦਾ ਹੈ। ਸਾਰਾ ਵਿਸ਼ਵ ਇੱਕ ਸਾਰ, ਇੱਕ ਪੱਧਰ ’ਤੇ ਸੋਚ ਰਿਹਾ ਹੈ। ਬਾਹਰ ਨਿਕਲ ਆਉਣ ਤੋਂ ਵੀ ਅੱਗੇ, ਕਿਸੇ ਨਵੇਂ ਮਨੁੱਖ ਦੀ ਤਲਾਸ਼ ਵਿੱਚ। ਇਹ ਮੌਕਾ ਹੈ, ਜੋ ਕਿਸੇ ਵੀ ਦਿਸ਼ਾ ਵਿੱਚ ਮੋੜਾ ਲੈ ਸਕਦਾ ਹੈ। ਇਹ ਮੌਕਾ ਪੂੰਜੀਵਾਦ ਦੇ ਸੰਕਟ ਲਈ ਆਪਣੀ ਹੋਂਦ ਬਚਾਉਣ ਦਾ ਵੀ ਹੋ ਸਕਦਾ ਹੈ ਤੇ ਇਹ ਮੌਕਾ ਇਸ ਮਨੁੱਖ ਨੂੰ ਨਵੇਂ ਮਨੁੱਖ ਵੱਲ ਲਿਜਾਣ ਵਾਲਾ ਵੀ ਹੋ ਸਕਦਾ ਹੈ।
ਇਹ ਨਹੀਂ ਕਿ ਮਨੁੱਖੀ ਗੁਣਾਂ ਦਾ ਪ੍ਰਗਟਾਵਾ ਨਹੀਂ ਹੋ ਰਿਹਾ, ਪਰ ਜੇ ਦੋ-ਚਾਰ ਗ਼ੈਰ-ਮਨੁੱਖੀ ਘਟਨਾਵਾਂ ਹੀ ਕਿਤੇ ਦਰਦ ਦੀ ਘੜੀ ਨੂੰ ਓਹਲਾ ਬਣਾ ਕੇ ਆਪਣੇ ਹਿਤ ਪੂਰੇ ਕਰਦੀਆਂ ਦਿਸਣ ਤਾਂ ਨਿਰਾਸ਼ਾ ਲਾਜ਼ਮੀ ਹੈ। ਇਸੇ ਲਈ ਮਹਾਂਮਨੁੱਖ ਦਾ ਸੰਕਲਪ ਹਮੇਸ਼ਾ ਰਹਿੰਦਾ ਹੈ। ਇਹ ਗੱਲ ਉੱਠਦੀ ਰਹੇਗੀ ਤੇ ਉਪਰਾਲੇ ਵੀ ਹੁੰਦੇ ਰਹਿਣਗੇ। ਉਮੀਦ ਅਜਿਹਾ ਜਜ਼ਬਾ ਹੈ, ਜੋ ਮਨੁੱਖ ਨਾਲ ਹਮੇਸ਼ਾ ਰਿਹਾ ਹੈ, ਇਹ ਕਦੇ ਨਹੀਂ ਮਰਦਾ। ਜੇ ਮਰਨ ਲੱਗਦਾ ਹੈ ਤਾਂ ਸਾਡੇ ਕੋਲ ਸਵੇਰ ਦਾ ਸੂਰਜ ਇਸੇ ਕੰਮ ਲਈ ਹੈ, ਜੋ ਫਿਰ ਉਮੀਦ ਨਾਲ ਜਗਾ ਦਿੰਦਾ ਹੈ, ਦੁਬਾਰਾ ਤੋਰ ਵੀ ਦਿੰਦਾ ਹੈ ਤੇ ਮੰਜ਼ਿਲ ’ਤੇ ਪਹੁੰਚਾ ਵੀ ਦਿੰਦਾ ਹੈ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(2159)
(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)