“ਦਵਾਈਆਂ ਨੂੰ ਪਾਸੇ ਰੱਖੀਏ, ਸਿਹਤ ਸਹੂਲਤਾਂ ਵੀ ਬਾਅਦ ਦੀ ਗੱਲ ਹੈ, ਜਦੋਂ ਕੋਈ ਬਿਮਾਰ ਹੋਵੇਗਾ ...”
(4 ਅਪ੍ਰੈਲ 2023)
ਇਸ ਸਮੇਂ ਪਾਠਕ: 48.
ਐੱਮ.ਬੀ.ਬੀ.ਐੱਸ. ਦੇ ਵਿਸ਼ੇ ਐੱਸ.ਪੀ.ਐੱਮ. ਦਾ ਪੀਰੀਅਡ ਸੀ। ਵਿਸ਼ੇ ਦਾ ਪੂਰਾ ਨਾਂ ਸੋਸ਼ਲ ਐਂਡ ਪ੍ਰੀਵੈਂਟਿਵ ਮੈਡੀਸਨ ਹੈ, ਡਾਕਟਰ ਪ੍ਰੋਫੈਸਰ ਹਰਚਰਨ ਸਿੰਘ ਪੜ੍ਹਾ ਰਹੇ ਨੇ। ਇੱਕ ਪ੍ਰਭਾਵਸ਼ਾਲੀ ਸ਼ਖ਼ਸੀਅਤ, ਕੱਦ-ਕਾਠ ਤੋਂ ਵੀ, ਤੋਰ ਅਤੇ ਬੋਲਣ ਦੇ ਲਹਿਜ਼ੇ ਤੋਂ ਵੀ। ਪੁੱਛ ਰਹੇ ਨੇ, ‘ਐੱਫ.ਆਈ.ਆਰ. ਦਾ ਪਤਾ ਹੈ? ਫਿਰ ਖੁਦ ਹੀ ਜਵਾਬ ਦਿੰਦੇ ਗੱਲ ਕਰਦੇ ਹਨ। ‘ਫਸਟ ਇਨਫਰਮੇਸ਼ਨ ਰਿਪੋਰਟ।’ ਥਾਣੇ ਵਿੱਚ ਪਹੁੰਚ ਕੇ ਜਦੋਂ ਕੋਈ ਆਪਣੇ ਸਮਾਨ ਦੀ ਹੋਈ ਚੋਰੀ ਦੀ ਰਿਪੋਰਟ ਦਰਜ ਕਰਵਾਉਂਦਾ ਹੈ, ਬਿਲਕੁਲ ਉਸੇ ਤਰ੍ਹਾਂ ਜਦੋਂ ਕੋਈ ਮਰੀਜ਼ ਆ ਕੇ ਆਪਣੀ ਸ਼ਿਕਾਇਤ ਦੱਸਦਾ ਹੈ ਤਾਂ ਉਹ ਕਹਿ ਰਿਹਾ ਹੁੰਦਾ ਹੈ, ਮੇਰੀ ਸਿਹਤ ਚੋਰੀ ਹੋ ਗਈ ਹੈ। ਪੁਲਿਸ ਰਿਪੋਰਟ ਲਿਖ ਕੇ ਸਿਪਾਹੀ ਨੂੰ ਭੇਜਦੀ ਹੈ ਮੌਕਾ ਏ ਵਾਰਦਾਤ ਤੇ ਕਿ ਛਾਣਬੀਣ ਕਰਕੇ ਪਤਾ ਚੱਲੇ ਕਿ ਚੋਰੀ ਹੋਈ ਕਿਵੇਂ? ਚੋਰ ਕਿਸ ਰਸਤੇ ਤੋਂ ਆਇਆ ਤੇ ਕਿਹੜੇ ਤਰੀਕੇ ਨਾਲ ਅੰਦਰ ਵੜਿਆ ਤੇ ਇਸ ਘਟਨਾ ਨੂੰ ਸਿਰੇ ਚੜ੍ਹਾਇਆ। ਇਸੇ ਤਰਜ਼ ’ਤੇ ਹੀ ਜਦੋਂ ਮਰੀਜ਼ ਆਪਣੀ ਸਿਹਤ ਦੀ ਚੋਰੀ ਦੀ ਸ਼ਿਕਾਇਤ ਲੈ ਕੇ ਆਇਆ ਤਾਂ ਉਸ ਦਾ ਵੀ ਮੌਕਾ ਏ ਵਾਰਦਾਤ ਅਹਿਮ ਹੈ। ਇਹ ਦੇਖਣਾ, ਜਾਂਚ ਕਰਨੀ ਕਿ ਕਿਹੋ ਜਿਹੇ ਹਾਲਾਤ ਨੇ, ਜੋ ਸਿਹਤ ਚੁਰਾ ਰਹੇ ਨੇ।
ਇਹ ਗੱਲ ਅਜੇ ਤਕ ਮੇਰੇ ਦਿਮਾਗ ਵਿੱਚ ਘੁੰਮਦੀ ਰਹਿੰਦੀ ਹੈ। ਇਸ ਲਈ ਜਦੋਂ ਮੈਨੂੰ ਐੱਮ.ਡੀ. ਕਰਨ ਦਾ ਮੌਕਾ ਮਿਲਿਆ ਤਾਂ ਉਸ ਵੇਲੇ ਮੇਰੇ ਤੋਂ ਐੱਸ.ਪੀ.ਐੱਮ. ਵਿਸ਼ੇ ਦੀ ਚੋਣ ਕੀਤੀ ਗਈ। ਪਰਹੇਜ਼ ਅਤੇ ਸਮਾਜੀ ਮੈਡੀਸਨ। ਸੰਨ 1984 ਵਿੱਚ ਸਰਕਾਰੀ ਮੈਡੀਕਲ ਕਾਲਜ ਜਦੋਂ ਆ ਕੇ ਹਾਜ਼ਰ ਹੋਇਆ ਤਾਂ ਮੈਂ ਸਬੱਬੀਂ ਐੱਮ.ਏ. ਸ਼ੋਸਾਆਲੋਜੀ ਕੀਤੀ ਹੋਈ ਸੀ। ਆਪਣੀ ਪੇਂਡੂ ਸੇਵਾ ਦੌਰਾਨ ਜਦੋਂ ਕੁਝ ਸਮਾਂ ਵੀ ਸੀ, ਪਿੰਡ ਹੀ ਰਹਿੰਦਾ ਸੀ ਤੇ ਅਜੇ ਅਣਵਿਆਹਿਆ ਵੀ ਸੀ। ਸ਼ਾਇਦ ਸਮਾਜ ਵਿਗਿਆਨ ਵਾਲੇ ਪੱਖ ਨੇ ਵੀ ਰਾਹ ਦਿਖਾਇਆ। ਭਾਵੇਂ ਕਿ ਇਹ ਵਿਸ਼ਾ ਬਹੁਤਾ ਮਕਬੂਲ ਨਹੀਂ ਸੀ, ਜਿਵੇਂ ਮੈਡੀਸਨ, ਸਰਜਰੀ, ਬੱਚਿਆਂ ਦਾ ਮਾਹਿਰ ਜਾਂ ਹੱਡੀਆਂ ਦੇ ਮਾਹਿਰ ਆਦਿ।
ਜਦੋਂ ਮੈਂ ਵਿਭਾਗ ਦੇ ਮੁਖੀ ਡਾ. ਹਰਜੀਤ ਸਿੰਘ ਨੂੰ ਆਪਣੀ ਹਾਜ਼ਰੀ ਰਿਪੋਰਟ ਦੇਣ ਗਿਆ ਤਾਂ ਉਨ੍ਹਾਂ ਨੇ ਮੈਨੂੰ ਬਿਠਾ ਕੇ ਸਮਝਾਇਆ, “ਇਹ ਕਲੀਨੀਕਲ ਵਿਸ਼ਾ ਨਹੀਂ ਹੈ ਤੇ ਨਾ ਹੀ ਛੇਤੀ ਕਿਤੇ ਭੱਵਿਖ ਵਿੱਚ ਹੋਣਾ ਹੈ, ਜੇ ਕਿਸੇ ਨੇ ਤੈਨੂੰ ਇਸ ਤਰ੍ਹਾਂ ਦੱਸਿਆ ਹੈ, ਤਾਂ ਮੈਂ ਦੱਸ ਰਿਹਾਂ ਕਿ ਅਜੇ ਵੀ ਸੋਚਣਾ ਹੈ ਤਾਂ ਸੋਚ ਲੈ।”
ਸਹੀ ਦੱਸਾਂ ਤਾਂ ਮੈਨੂੰ ਉਨ੍ਹਾਂ ਦੀ ਇਹ ਹਿਦਾਇਤ, ਉਨ੍ਹਾਂ ਦੀ ਰਾਏ ਦੀ ਸਮਝ ਨਹੀਂ ਆਈ ਕਿ ਇਸਦੇ ਅਰਥ ਕੀ ਹਨ। ਮੈਂ ਤਾਂ ਖੁਦ ਸੋਚ ਸਮਝ ਕੇ ਇਹ ਵਿਸ਼ਾ ਚੁਣਿਆ ਸੀ। ਉਂਜ ਜੇਕਰ ਕੋਈ ਸਲਾਹ ਦੇਣ ਵਾਲਾ ਹੁੰਦਾ ਤਾਂ ਸ਼ਾਇਦ ਉਹ ਵੀ ਇਸ ਵਿਸ਼ੇ ਦੀ ਸਿਫਾਰਿਸ਼ ਨਾ ਹੀ ਕਰਦਾ। ਸਾਫ਼ ਸੀ ਕਿ ‘ਪਰੈਕਟਿਸ’ ਵਾਲਾ ਵਿਸ਼ਾ ਨਹੀਂ ਸੀ, ਕਹਿ ਸਕਦੇ ਹਾਂ ‘ਕਮਾਉ ਪੁੱਤ’ ਵਰਗਾ। ਇਸੇ ਦੀ ਐੱਮ.ਡੀ. ਕਰਕੇ, ਇਸੇ ਵਿਸ਼ੇ ਦੇ ਮਾਹਿਰ ਵਜੋਂ ਮੈਂ ਮੈਡੀਕਲ ਕਾਲਜ ਅੰਮ੍ਰਿਤਸਰ ਅਧਿਆਪਨ ਸ਼ੁਰੂ ਕੀਤਾ। ਤਦ ਤਕ ਇਸਦਾ ਨਾਂ ਬਦਲ ਕੇ ਕਮਿਊਨਿਟੀ ਮੈਡੀਸਨ ਹੋ ਗਿਆ ਸੀ। ਪੰਜਾਬੀ ਵਿੱਚ ਕਹਾਂ ਤਾਂ ਸਮੂਹਿਕ ਮੈਡੀਸਨ, ਵਿਸ਼ੇ ਦਾ ਕੁਝ ਹਰਮਨ ਪਿਆਰਾ ਨਾਂ ਕਹਿ ਲਵੋ। ਲੋਕਾਂ ਨੂੰ ਮੈਡੀਸਨ ਹੀ ਸੁਣਦਾ, ਚੇਤੇ ਰਹਿੰਦਾ।
ਚਾਲੀ ਸਾਲ ਇਸ ਵਿਸ਼ੇ ਨੂੰ ਪੜ੍ਹਾਉਂਦਿਆਂ, ਮੈਂ ਅੱਜ ਵੀ ਕਿਸੇ ਨੂੰ ਦੱਸਣਾ ਹੋਵੇ ਕਿ ਇਹ ਵਿਸ਼ਾ ਹੈ ਕੀ? ਇਸ ਵਿੱਚ ਕੀ ਕਰਦੇ ਨੇ? ਤਾਂ ਸੱਚੀਓਂ ਦਿੱਕਤ ਆਉਂਦੀ ਹੈ।
ਪਹਿਲੀ ਵਾਰ ਇਹ ਸਵਾਲ ਸਾਹਮਣੇ ਆਇਆ ਜਦੋਂ ਬੱਚੇ ਸਕੂਲ ਪੜ੍ਹਨ ਲੱਗੇ ਤੇ ਅਧਿਆਪਕ ਨੂੰ ਪਤਾ ਚੱਲਿਆ ਕਿ ਇਨ੍ਹਾਂ ਦੇ ਪਾਪਾ ਡਾਕਟਰ ਨੇ ਤਾਂ ਨਾਲ ਹੀ ਅਹਿਮ ਸਵਾਲ ਹੁੰਦਾ, ਕਿਸ ਵਿਸ਼ੇ ਦੇ?
ਕੁਦਰਤੀ ਸਿਹਤ ਇੱਕ ਅਹਿਮ ਮਸਲਾ ਹੈ ਤੇ ਕਦੇ ਨਾ ਕਦੇ ਜਦੋਂ ਹਰ ਇੱਕ ਨੂੰ ਕਿਸੇ ਮਾਹਿਰ ਦੀ ਲੋੜ ਪੈਂਦੀ ਹੈ। ਬੱਚਿਆਂ ਨੇ ਮੈਨੂੰ ਪੁੱਛਿਆ ਤੇ ਇਸ ਸਵਾਲ ਦਾ ਹੋਰ ਵੀ ਕਈ ਥਾਂਵਾਂ ’ਤੇ ਸਾਹਮਣਾ ਕਰਨਾ ਪਿਆ। ਸਹੀ ਦੱਸਾਂ, ਮੈਂ ਅੱਜ ਤਕ ਸਪਸ਼ਟਤਾ ਨਾਲ ਸਮਝਾ ਸਕਣ ਵਿੱਚ ਨਾਕਾਮਸਾਬ ਰਿਹਾ ਹਾਂ। ਇਹ ਨਹੀਂ ਕਿ ਮੈਨੂੰ ਵਿਸ਼ੇ ਦਾ ਪਤਾ ਨਹੀਂ ਹੈ। ਮੈਂ ਮਾਹਿਰ ਹਾਂ। ਮੈਂ ਸਿਰਫ਼ ਪੜ੍ਹਿਆ-ਪੜ੍ਹਾਇਆ ਹੀ ਨਹੀਂ, ਸਗੋਂ ਲਿਖਿਆ ਵੀ ਹੈ। ਇੱਕ ਸ਼ਬਦੀ ਵਿਆਖਿਆ ਨਹੀਂ ਹੈ, ਜੋ ਲੋਕ ਜਾਣਨਾ ਚਾਹੁੰਦੇ ਨੇ।
ਮੇਰੇ ਐੱਮ.ਬੀ.ਬੀ.ਐੱਸ. ਦੇ ਅਧਿਆਪਕ ਦੀ ਐੱਫ.ਆਈ.ਆਰ. ਵਾਲੀ ਗੱਲ ਅਤੇ ਆਪਣੇ ਵਿਸ਼ੇ ਦੀ ਐੱਮ.ਡੀ. ਕਰਦਿਆਂ ਤੇ ਫਿਰ ਖੁਦ ਅਧਿਆਪਨ ਸਮੇਂ, ਇੱਕ ਹੋਰ ਸਮਝ ਬਣੀ, ਜਦੋਂ ਟੀ.ਬੀ. ਦੀ ਬਿਮਾਰੀ ਬਾਰੇ ਪੜ੍ਹਿਆ। ਇਸ ਬਿਮਾਰੀ ਦਾ ਇਤਿਹਾਸ ਵੀ ਕਾਫ਼ੀ ਵਿਸ਼ਾਲ ਅਤੇ ਪੇਚੀਦਾ ਹੈ। ਇਹ ਭਾਵੇ ਕੀਟਾਣੂਆਂ ਨਾਲ ਹੋਣ ਵਾਲੀ ਛੂਤ ਦੀ ਬਿਮਾਰੀ ਹੈ, ਪਰ ਇਸ ਨੂੰ ਪਹਿਲੀ ਵਾਰ ਯੂਰੋਪ ਵਿੱਚ ‘ਸਮਾਜਿਕ ਬਿਮਾਰੀ’ ਦਾ ਨਾਂ ਦਿੱਤਾ ਗਿਆ।
ਮੈਂ ਪੜ੍ਹਿਆ ਕਿ ਅਜ਼ਾਦੀ ਦੇ ਚਾਲੀ ਸਾਲ ਬਾਅਦ, ਜਦੋਂ ਮੈਂ ਐੱਮ.ਡੀ. ਦਾ ਵਿਦਿਆਰਥੀ ਸੀ, ਇਹ ਤੱਥ ਸਾਹਮਣੇ ਆਇਆ ਕਿ ਚਾਲੀ ਸਾਲਾਂ ਵਿੱਚ, ਇਸ ਬਿਮਾਰੀ ਦੇ ਨਵੇਕਲੇ ਪ੍ਰੋਗਰਾਮ ਹੋਣ ਦੇ ਬਵਜੂਦ ਨਾ ਤਾਂ ਇਸਦੇ ਫੈਲਣ ਵਿੱਚ ਫ਼ਰਕ ਆਇਆ ਹੈ ਤੇ ਨਾ ਹੀ ਮੌਤ ਦਰ ਵਿੱਚ। ਇਸਦੇ ਉਲਟ ਯੂਰੋਪ ਨੇ ਟੀ.ਬੀ. ਦੀਆਂ ਦਵਾਈਆਂ ਇਜਾਦ ਹੋਣ ਤੋਂ ਪਹਿਲਾਂ ਹੀ ਇਸ ਬਿਮਾਰੀ ਦਾ ਖਾਤਮਾ ਕਰ ਦਿੱਤਾ। ਇਸੇ ਤਰ੍ਹਾਂ ਹੀ ਸਾਡੇ ਕੋਲ ਇਤਿਹਾਸ ਵਿੱਚ ਖਾਸ ਕਰਕੇ ਲੇਖਕਾਂ ਵਿੱਚੋਂ ਅਨੇਕਾਂ ਹੀ ਨਾਂ ਨੇ, ਜਿਵੇਂ ਕੀਟ, ਸ਼ੈਲੇ, ਚੇਖਵ ਵਰਗੇ ਕਵੀਆਂ ਅਤੇ ਕਹਾਣੀਕਾਰਾਂ ਆਦਿ, ਜਿਨ੍ਹਾਂ ਨੂੰ ਛੂਤ ਦੀ ਇਹ ਬਿਮਾਰੀ ਹੋਈ ਤੇ ਉਹ ਸੇਨੀਟੋਰੀਅਮ ਵਿੱਚ ਆ ਕੇ ਰਹਿੰਦੇ ਤੇ ਠੀਕ ਹੋ ਕੇ ਮੁੜ ਆਉਂਦੇ। ਸੈਨੀਡੋਰੀਅਮ ਦਾ ਆਧਾਰ ਸੀ, ਸਾਫ਼ ਹਵਾ, ਚੰਗੀ ਖੁਰਾਕ ਅਤੇ ਆਰਾਮ। ਇਸ ਸਮਝ ਨੂੰ ਲੈ ਕੇ ਮੈਂ ਇਸ ਨਿਰਣੇ ’ਤੇ ਪਹੁੰਚਿਆ ਤੇ ਆਪਣੀ ਕਮਿਊਨਿਟੀ ਮੈਡੀਸਨ ਦੇ ਵਿਸ਼ੇ ਵਾਲੀ ਸੂਝ ਨਾਲ, ‘ਦਵਾਈਆਂ ਨੂੰ ਹਾਰ’, ਪੁਸਤਕ ਛਾਪੀ, ਜਿਸ ਵਿੱਚ ਟੀ.ਬੀ., ਸੈਕਸ ਸੰਬੰਧੀ ਬਿਮਾਰੀਆਂ, ਮਾਨਸਿਕ ਰੋਗ ਆਦਿ ਸ਼ਾਮਿਲ ਕੀਤੇ। ਇਨ੍ਹਾਂ ਬਿਮਾਰੀਆਂ ਪਿੱਛੇ ਅਸਲੀ ਸਮਝ ਉਹੀ ਸੀ ਕਿ ਬਿਮਾਰੀ ਦੇ ਮੌਕਾ ਏ ਵਾਰਦਾਤ ’ਤੇ ਜਾ ਕੇ ਸੁਰਾਗ ਇਕੱਠੇ ਕਰਨ ਦੀ ਲੋੜ ਹੈ, ਦਵਾਈਆਂ ਤਾਂ ਆਰਜ਼ੀ ਨੇ, ਡੰਗ ਟਪਾਊ ਨੇ। ਇਸੇ ਸਮਝ ਨੇ ਹੀ ਨਸ਼ੇ ਅਤੇ ਖੁਦਕੁਸ਼ੀ ਤਕ, ਸਭ ਸਮੱਸਿਆਵਾਂ ਨੂੰ ਸਮਝਣ ਲਈ ਦਿਮਾਗ ਦੀ ਖਿੜਕੀ ਨੂੰ ਖੋਲ੍ਹਿਆ।
ਵਿਭਾਗ ਵਿੱਚ ਰਹਿੰਦਿਆਂ ਲਗਾਤਾਰ ਆਪਣੇ ਨਜ਼ਰੀਏ ਤੋਂ ਸਿਹਤ ਬਾਰੇ ਲਿਖਿਆ, ਜੋ ਕਿ ਸਮਾਜ ਵਿਗਿਆਨ ਤੋਂ ਵੱਧ ਪ੍ਰਭਾਵਿਤ ਸੀ। ਮੈਨੂੰ ਯਾਦ ਹੈ, ਪੰਜਾਬ ਸਰਕਾਰ ਦੀ ਮੈਗਜ਼ੀਨ ‘ਜਾਗ੍ਰਤੀ’ ਦੇ ਸੰਪਾਦਕ ਨੂੰ ਜਦੋਂ ਮੈਂ ਕਵਿਤਾਵਾਂ ਦਿੱਤੀਆਂ ਤੇ ਉਸ ਨੇ ਮੈਨੂੰ ਸਿਹਤ ਬਾਰੇ ਲਿਖਣ ਨੂੰ ਉਕਸਾਇਆ। ਇਹ ਕਹਿ ਕੇ ਕਿ ਕਵਿਤਾਵਾਂ ਤਾਂ ਕਿੰਨੇ ਹੀ ਲੇਖਕ ਲਿਖ ਰਹੇ ਨੇ।
ਮੈਂ ਉਸ ਦਾ ਕਹਿਣਾ ਮੰਨ ਕੇ ਇੱਕ ਲੇਖ ਲਿਖਿਆ, ਪਰ ਤਸੱਲੀ ਨਾ ਹੋਈ। ਮੈਨੂੰ ਲੱਗਿਆ ਕਿ ਇਹ ਅਨੁਵਾਦ ਹੈ, ਮੇਰਾ ਬੱਸ ਇੰਨਾ ਯੋਗਦਾਨ ਹੈ, ਮੈਂ ਖੁਦ ਇਸ ਵਿੱਚੋਂ ਗਾਇਬ ਹਾਂ। ਫਿਰ ਮੈਂ ਸਮਾਜ ਵਿਗਿਆਨ ਦੇ ਨਜ਼ਰੀਏ ਨਾਲ ਮਾਨਸਿਕ ਰੋਗਾਂ ਨੂੰ ਇੱਕ-ਇੱਕ ਕਰਕੇ ਲਿਖਿਆ ਤੇ ਅਗਲੇ ਪੜਾਅ ਦੀਆਂ ਹੋਰ ਸਰੀਰਕ ਬਿਮਾਰੀਆਂ ਨੂੰ ਵੀ, ਜਿਨ੍ਹਾਂ ਦੀ ਜੜ੍ਹ ਵਿੱਚ ਸਮਾਜਿਕ ਵਿਵਸਥਾ ਸੀ।
ਆਮ ਪੜ੍ਹਾਉਂਦਿਆਂ ਤੇ ਖਾਸ ਕਰ ਕੇ ਐੱਮ.ਡੀ. ਦੇ ਵਿਦਿਆਰਥੀਆਂ ਨਾਲ ਚਰਚਾ ਕਰਦਿਆਂ, ਉਨ੍ਹਾਂ ਨੂੰ ਖੋਜ ਕਰਨ ਲਈ ਵਿਸ਼ਿਆਂ ਨੂੰ ਭਾਲਦਿਆਂ, ਜਰਮਨ ਦੇ ਡਾਕਟਰ ਰੋਡਲਫ ਵਰਚੋ ਦੇ ਇਤਿਹਾਸਕ ਕੰਮ ’ਤੇ ਨਜ਼ਰ ਪਈ। ਉਹ ਮੂਲ ਰੂਪ ਵਿੱਚ ਪੈਥਾਲੋਜਿਸਟ ਸੀ ਅਤੇ ਆਪਣੀ ਬਿਮਾਰੀਆਂ ਪ੍ਰਤੀ ਖੋਜ ਸਮੇਂ, ਟਾਈਫਸ ਮਹਾਂਮਾਰੀ ਦੌਰਾਨ, ਉਹ ਇਸ ਨਤੀਜੇ ’ਤੇ ਪਹੁੰਚਿਆ ਕਿ ਗਰੀਬੀ, ਗੰਦਗੀ ਵਿੱਚ ਰਹਿਣਾ ਅਤੇ ਮਾੜੀ ਖੁਰਾਕ ਹੀ ਮਹਾਂਮਾਰੀ ਦੇ ਮੁੱਖ ਕਾਰਨ ਹਨ। ਇਸ ਤੋਂ ਬਾਅਦ ਜਦੋਂ ਚੀ ਗਵੇਰਾ ਬਾਰੇ ਪੜ੍ਹਨ ਦਾ ਮੌਕਾ ਮਿਲਿਆ, ਜਿਸ ਨੇ ਐੱਮ.ਬੀ.ਬੀ.ਐੱਸ. ਕੀਤੀ ਤੇ ਆਪਣੇ ਘੁਮੱਕੜ ਸੁਭਾਅ ਤਹਿਤ ਘੁੰਮਣ ਨੂੰ ਨਿਕਲਿਆ ਤਾਂ ਇਹ ਸੋਝੀ ਪੈਦਾ ਹੋਈ ਕਿ ਡਾਕਟਰ ਬਣ ਕੇ, ਬਿਮਾਰੀਆਂ ਦਾ ਇਲਾਜ ਕੋਈ ਹੱਲ ਨਹੀਂ ਹੈ। ਬਿਮਾਰੀਆਂ ਦੇ ਕਾਰਨ ਤਾਂ ਲੋਕਾਂ ਦੀ ਮੰਦੀ ਹਾਲਤ ਕਰਕੇ ਹਨ। ਉਸ ਦਾ ਵੀ ਉਹੀ ਨਤੀਜਾ ਸੀ ਜੋ ਵਰਚੋ ਨੇ ਪੇਸ਼ ਕੀਤਾ ਸੀ ਕਿ ‘ਮੈਡੀਸਨ ਇੱਕ ਸਮਾਜ ਵਿਗਿਆਨ ਹੈ ਤੇ ਰਾਜਨੀਤੀ ਵੱਡੇ ਪੱਧਰ ’ਤੇ ਮੈਡੀਸਨ ਹੈ।’
ਚੀ ਗਵੇਰਾ ਨੇ ਵੀ ਤੇ ਵਰਚੋ ਨੇ ਵੀ, ਰਾਜਨੀਤਕ ਕਾਰਕੁਨ ਵਜੋਂ ਆਪਣੀ ਜ਼ਿੰਦਗੀ ਨੂੰ ਮੋੜਾ ਦਿੱਤਾ। ਚੀ ਗਵੇਰਾ ਤਾਂ ਸੱਤਾ ਦਾ ਹਿੱਸਾ ਬਣ ਕੇ ਰਿਹਾ ਤੇ ਆਪਣੀ ਬੇਬਾਕੀ ਨਾਲ ਵਿਵਸਥਾ ਦੀ ਆਲੋਚਨਾ ਕਰਦਾ ਮਾਰਿਆ ਵੀ ਗਿਆ ਤੇ ਵਰਚੋ ਨੇ ਜਰਮਨ ਦੀ ਰਾਜਨੀਤੀ ਵਿੱਚ ਕਿਸੇ ਸੰਸਥਾ ਨਾਲ ਮਿਲ ਕੇ ਸਰਗਰਮ ਭੂਮਿਕਾ ਨਿਭਾਈ।
ਇਸ ਤਰ੍ਹਾਂ ਕਮਿਉਨਿਟੀ ਮੈਡੀਸਨ ਕੀ ਹੈ, ਮੈਂ ਇਸ ਨੂੰ ਸ਼ੁਰੂ ਵਿੱਚ ਆਪਸੀ ਸਮਝ ਲਈ ਵਿਸ਼ਲੇਸ਼ਿਤ ਕਰਦਾ ਰਿਹਾ। ਸਧਾਰਨ ਸ਼ਬਦਾਂ ਵਿੱਚ ਲੋਕਾਂ ਦਾ ਡਾਕਟਰ, ਇਹ ਅਨੁਵਾਦ ਹੈ ਵਿਸ਼ੇ ਦਾ। ਫਿਰ ਮੈਂ ਵੱਖ-ਵੱਖ ਮਾਹਿਰਾਂ ਦੇ ਮੱਦੇਨਜ਼ਰ, ਖੁਦ ਨੂੰ ਆਦਮੀਆਂ ਦਾ ਡਾਕਟਰ ਕਹਿੰਦਾ। ਪੂਰੇ ਆਦਮੀ ਦਾ ਨਾ ਕਿ ਗੁਰਦੇ, ਪੇਟ ਜਾਂ ਦਿਲ ਦਾ। ਪਰ ਕਿਸੇ ਵੀ ਵਿਆਖਿਆ ਨਾਲ ਤਸੱਲੀ ਜਿਹੀ ਨਾ ਹੁੰਦੀ।
ਇੱਕ ਵਾਰੀ ਮੇਰੇ ਵਿਦਿਆਰਥੀ ‘ਗਗਨਦੀਪ’ ਨੇ, ਆਪਣੇ ਕਿਸੇ ਹੋਰ ਸਾਥੀ ਵੱਲੋਂ ਚਲਦੇ ਯੂਟਿਊਬ ਪ੍ਰੋਗਰਾਮ ਲਈ, ਮੈਨੂੰ ਹੋਲਿਸਟਿਕ ਹੈਲਥ ’ਤੇ ਗੱਲ ਕਰਨ ਲਈ ਕਿਹਾ। ਮੈਂ ਇਸਦਾ ਪੰਜਾਬੀ ਅਰਥ ਲੱਭਿਆ ਤੇ ਜੋ ਮੈਨੂੰ ਜਚਿਆ ਉਹ ਸੀ ਮੁਕੰਮਲ ਸਿਹਤ। ਮੈਨੂੰ ਦੱਸਿਆ ਗਿਆ ਕਿ ਪਹਿਲਾਂ ਵੀ ਇਸ ਮੰਚ ਤੋਂ ਫਲਾਂ-ਫਲਾਂ ਡਾਕਟਰ ਆ ਕੇ ਗੱਲਬਾਤ ਕਰ ਗਏ ਹਨ। ਮੈਂ ਕਿਹਾ, ਉਹ ਤਾਂ ਸਾਰੇ ਵੱਖ ਵੱਖ ਪ੍ਰਣਾਲੀ, ਅੰਗਾਂ ਦੇ ਮਾਹਿਰ ਹਨ, ਉਨ੍ਹਾਂ ਨੇ ਕਿਵੇਂ ਹੋਲਿਸਟਿਕ ਹੈਲਥ ’ਤੇ ਗੱਲ ਕੀਤੀ। ਮੈਂ ਵਿਸ਼ੇ ਦੀ ਤਿਆਰੀ ਕੀਤੀ ਤੇ ਆਪਣੇ ਵਿਚਾਰ ਰੱਖੇ। ਮੈਨੂੰ ਉਦੋਂ ਅਹਿਸਾਸ ਹੋਇਆ ਕਿ ਮੇਰੇ ਵਿਸ਼ੇ ਦਾ ਨਾਂ ਮੁਕੰਮਲ ਸਿਹਤ ਹੋਣਾ ਚਾਹੀਦਾ ਹੈ।
ਮੈਂ ਵਿਚਾਰ ਰੱਖੇ ਕਿ ਅਸੀਂ ਮਾਹਿਰ ਤੋਂ ਸੁਪਰ ਮਾਹਿਰ ਕੋਰਸਾਂ ਦੀ ਸ਼ੁਰੂਆਤ ਕੀਤੀ। ਵੱਖ-ਵੱਖ ਪ੍ਰਣਾਲੀਆਂ ਅਤੇ ਅੰਗਾਂ ਦੇ ਮਾਹਿਰ। ਵੱਖ-ਵੱਖ ਉਮਰ ਦੇ ਪੜਾਅ, ਬੱਚੇ ਅਤੇ ਬੁੱਢਿਆਂ ਦੇ ਮਾਹਿਰ। ਫਿਰ ਖੁਰਾਕ ਨੂੰ ਲੈ ਕੇ ਪ੍ਰੋਟੀਨ, ਫੈਟ, ਮਿਨਰਲ ਤੇ ਵਿਟਾਮਨਾਂ ਨੂੰ ਲੈ ਕੇ ਮਾਹਿਰਾਨਾ ਪਹੁੰਚ ਅਤੇ ਉਨ੍ਹਾਂ ਤੇ ਆਧਾਰਿਤ ਪ੍ਰੋਗਰਾਮ। ਅਨੀਮੀਆ ਲਈ ਲੋਹੇ ਦੀਆਂ ਗੋਲੀਆਂ, ਗਿੱਲੜ ਲਈ ਆਉਡੀਨ। ਵਿਅਕਤੀ ਨੂੰ ਤੋੜ-ਤੋੜ ਕੇ, ਮਨ ਅਤੇ ਸਰੀਰ ਨੂੰ ਵੱਖਰਾ ਕਰ ਕੇ ਅਤੇ ਟੁਕੜੇ-ਟੁਕੜੇ ਕਰਕੇ ਦੇਖਣਾ, ਮਨੁੱਖ ਨੂੰ ਮੁਕੰਮਲ ਨਾ ਸਮਝਣਾ ਅਤੇ ਇਸ ਅਧੂਰੀ ਸਮਝ ਨਾਲ, ਸਗੋਂ ਨਵੀਆਂ ਮੁਸ਼ਕਲਾਂ ਖੜ੍ਹੀਆਂ ਕਰਨਾ ਹੈ।
ਮੈਂ ਤਾਂ ਇੱਥੋਂ ਤਕ ਕਿਹਾ ਕਿ ਹਵਾ, ਪਾਣੀ, ਮਿੱਟੀ, ਖਾਣਾ, ਪੇੜ-ਪੌਦੇ, ਫ਼ਲ, ਸਬਜ਼ੀਆਂ ਨੂੰ ਵੀ ਮੁਕੰਮਲ ਸਿਹਤ ਵਜੋਂ ਸਮਝਣਾ ਚਾਹੀਦਾ ਹੈ। ਇਹ ਸਭ ਵੀ ਮੇਰੇ ਵਿਸ਼ੇ ਦਾ ਹਿੱਸਾ ਰਹੇ ਹਨ।
ਫਿਰ ਮੈਨੂੰ ਜਾਪਿਆ ਕਿ ਇਹ ਖੰਡਿਤ ਪਹੁੰਚ, ਅਸਲ ਵਿੱਚ ਸਰਮਾਏਦਾਰੀ ਨਿਜ਼ਾਮ ਦੀ ਪਹੁੰਚ ਹੈ। ਮਾਹਿਰ, ਸੁਪਰ ਮਾਹਿਰ ਬਣਾ ਕੇ, ਮਨੁੱਖ ਨੂੰ ਭਟਕਾਉਣ, ਫਸਾਉਣ ਅਤੇ ਬਾਜ਼ਾਰ ਵਿੱਚ ਲੈ ਕੇ ਆਉਣ ਦੀ ਪਹੁੰਚ ਹੈ। ਇਸ ਪਹੁੰਚ ਪਿੱਛੇ ਸਿੱਧਾ ਰਿਸ਼ਤਾ ਰਾਜਨੀਤੀ ਦਾ ਹੈ। ਮੈਂ ਹੁਣ ਵਿਸ਼ੇ ਨੂੰ ਹੈਲਥ ਪਾਲਿਟਿਕਸ ‘ਸਿਹਤ ਦੀ ਸਿਆਸਤ’ ਦੇ ਵਿਸ਼ੇ ਦੇ ਨਾਂ ਨਾਲ ਪੇਸ਼ ਕਰਨ ਦਾ ਚਾਹਵਾਨ ਹਾਂ। ਕਿਸੇ ਨੇ ਕੀ ਕਹਿਣਾ ਜਾਂ ਕਿਸੇ ਤੋਂ ਮਾਣਤਾ ਲੈਣ ਦੀ ਲੋੜ ਨਹੀਂ ਹੈ। ਮੈਨੂੰ ਜਚਦਾ ਹੈ, ਨਾਲੇ ਮੈਡੀਸਨ ਪਈ ਹੀ ਰਾਜਨੀਤੀ ਵਿੱਚ ਹੈ। ਦਵਾਈਆਂ ਨੂੰ ਪਾਸੇ ਰੱਖੀਏ, ਸਿਹਤ ਸਹੂਲਤਾਂ ਵੀ ਬਾਅਦ ਦੀ ਗੱਲ ਹੈ, ਜਦੋਂ ਕੋਈ ਬਿਮਾਰ ਹੋਵੇਗਾ, ਹਵਾ-ਪਾਣੀ ਸਾਫ਼ ਹੋਣ ਤਾਂ ਕਿੰਨੀਆਂ ਹੀ ਬਿਮਾਰੀਆਂ ਤੋਂ ਬਚ ਸਕਦੇ ਹਾਂ। ਹਰ ਇੱਕ ਕੋਲ ਸੁਰੱਖਿਅਤ ਛੱਤ ਹੋਵੇ ਰਹਿਣ ਲਈ, ਪੇਟ ਵਿੱਚ ਖਾਣਾ ਹੋਵੇ। ਖਾਣਾ ਹਾਸਲ ਕਰਨ ਲਈ ਦਿਹਾੜੀ ਹੋਵੇ, ਠੀਕ-ਠਾਕ ਦਿਹਾੜੀ ਮਿਲੇ ਕਿ ਘਰ ਦਾ ਗੁਜ਼ਾਰਾ ਚੱਲ ਸਕੇ। ਕਹਿਣ ਤੋਂ ਭਾਵ, ਉਹੀ ਸਮਝ ਕਿ ਮੌਕਾ ਏ ਵਾਰਦਾਤ ’ਤੇ ਜਾ ਕੇ ਜੋ ਪਤਾ ਲਾਇਆਂ ਜਾਵੇ, ਉਹੀ ਸਮਝ ਜੋ ਵਰਚੋ ਨੇ ਪੇਸ਼ਕੀਤੀ ਅਤੇ ਚੀ ਗਵੇਰਾ ਦੇ ਤਜਰਬੇ ਵਿੱਚ ਨਿਕਲੀ। ਉਸ ਦਾ ਇਲਾਜ ਤਾਂ ਰਾਜਨੀਤੀ ਹੈ। ਚੋਰ ਨੂੰ ਫੜਨਾ ਤੇ ਉਸ ਤੋਂ ਵੀ ਅੱਗੇ ਇਹ ਚੋਰ ਚੋਰੀ ਨਾ ਕਰੇ, ਇਸ ਆਦਤ ਪਿੱਛੇ ਲੁਕੀ ਪਈ ਮਨੋਦਿਸ਼ਾ ਦਾ ਹੱਲ ਤਾਂ ਸਿਆਸੀ ਹੈ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3890)
(ਸਰੋਕਾਰ ਨਾਲ ਸੰਪਰਕ ਲਈ: sarokar2015@gmail.com)