ShyamSDeepti7ਇਨ੍ਹਾਂ ਦੋਹਾਂ ਹਾਦਸਿਆਂ ਦੌਰਾਨਇਕ ਘਟਨਾ ਹੋਰ ਵਾਪਰੀ ਕਿ ਮੈਨੂੰ ਆਪਣੇ ਵਿਦਿਆਰਥੀ ਸਮੇਂ ਦੌਰਾਨ 1976 ਵਿੱਚ ...
(10 ਮਈ 2023)
ਇਸ ਸਮੇਂ ਪਾਠਕ: 530.


ਨਰਗਿਸ ਦੱਤ
- ਹਿੰਦੀ ਸਿਨੇਮਾ ਦੀ ਖੂਬਸੂਰਤ ਅਤੇ ਬੇਮਿਸਾਲ ਅਦਾਕਾਰੀ ਦਾ ਸੁਮੇਲ। ਉਸ ਦੀ ਮੌਤ ਕੈਂਸਰ ਨਾਲ ਹੋਈ। ਉਸ ਦੇ ਪਤੀ ਸੁਨੀਲ ਦੱਤ, ਜੋ ਕਿ ਖ਼ੁਦ ਇਕ ਲਾਜਵਾਬ ਅਭਿਨੇਤਾ ਸੀ ਤੇ ਨਿਰਮਾਤਾ, ਨਿਰਦੇਸ਼ਕ ਵੀ, ਉਨ੍ਹਾਂ ਨੇ ਹਿੰਦੀ ਸਿਨੇਮਾ ਨੂੰ ‘ਮਦਰ ਇੰਡੀਆ’, ‘ਸੁਜਾਤਾ’ ਅਤੇ ਰੇਸ਼ਮਾ ਔਰ ਸ਼ੇਰਾ’ ਵਰਗੀਆਂ ਯਾਦਗਾਰੀ ਫਿਲਮਾਂ ਦਿੱਤੀਆਂ। ਉਨ੍ਹਾਂ ਦੀ ਹਸਤੀ ਦਾ ਦੂਸਰਾ ਪੱਖ ਕਿ ਉਨ੍ਹਾਂ ਨੇ ਨਰਗਿਸ ਦੀ ਯਾਦ ਵਿਚ ‘ਨਰਗਿਸ ਦੱਤ ਯਾਦਗਾਰੀ ਕੈਂਸਰ ਸੰਸਥਾਨ, ਮਹਾਂਰਾਸ਼ਟਰ’ ਦੇ ਕਸਬੇ ਬਰਸ਼ੀ ਵਿਚ ਉਸਾਰਿਆ। ਇਹ ਕਲਿਆਣਕਾਰੀ ਭਾਵਨਾ ਹੈ, ਜੋ ਕਿ ਸਾਰੇ ਮਨੁੱਖਾਂ ਦੇ ਦਿਲ ਵਿਚ ਹੁੰਦੀ ਹੈ, ਪਰ ਇਕ ਕਲਾਕਾਰ ਕੁਝ ਵੱਧ ਸੰਵੇਦਨਸ਼ੀਲ ਹੋਣ ਨਾਤੇ ਇਸ ਦਾ ਪ੍ਰਗਟਾਵਾ ਆਪਣੀ ਕਲਾਕਾਰੀ, ਲੇਖਣੀ ਅਤੇ ਆਪਣੇ ਕੰਮਾਂ ਵਿਚ ਵੀ ਕਰਦਾ ਦੇਖਿਆ ਜਾ ਸਕਦਾ ਹੈ।

ਲੋਕਾਂ ਦੇ ਦੁੱਖ ਪ੍ਰਤੀ ਫ਼ਿਕਰਮੰਦੀ, ਮਨੁੱਖ ਦੀ ਨਵੇਕਲੀ ਖਾਸੀਅਤ ਹੈ। ਇਹ ਸਹਿ-ਅਨੁਭੂਤੀ, ਭਾਵ ਕਿਸੇ ਹੋਰ ਦੇ ਦਰਦ ਨੂੰ ਆਪਣੇ ਪਿੰਡੇ ਉੱਤੇ ਮਹਿਸੂਸ ਕਰਨ ਦੀ ਸਮਰਥਾ, ਇਹੀ ਕਾਬਲੀਅਤ ਹੈ ਜੋ ਕਿਸੇ ਨੂੰ ਅੱਗੇ ਵਧ ਕੇ ਦੂਸਰਿਆਂ ਦੀ ਮਦਦ ਕਰਨ, ਕਿਸੇ ਦੁਖੀ ਵਿਅਕਤੀ ਦੇ ਕੰਮ ਆਉਣ ਲਈ ਪ੍ਰੇਰਦੀ ਹੈ। ਪਰ ਇਸ ਭਾਵਨਾ ਨੂੰ ਵੱਡੇ ਪੱਧਰ ਉੱਤੇ ਕਿਸੇ ਸੰਸਥਾਨ ਦੇ ਰੂਪ ਵਿਚ ਉਸਾਰਨ ਦੀ ਸਮਰਥਾ ਸਭ ਵਿਚ ਨਹੀਂ ਹੁੰਦੀ। ਇਸੇ ਲਈ ਸਰਕਾਰਾਂ, ਸੱਤਾ ਤੋਂ ਇਸ ਗੁਣ ਨਾਲ ਲੈਸ ਹੋਣ ਦੀ ਆਸ ਕੀਤੀ ਜਾਂਦੀ ਹੈ। ਪਰ ਕੋਈ ਇਸ ਲਾਚਾਰੀ ਵਿਚ ਆਪਣੀ ਇਸ ਵਿਲੱਖਣਤਾ ਨੂੰ ਪਾਸੇ ਨਹੀਂ ਰੱਖ ਦਿੰਦਾ। ਜੇਕਰ ਕੋਈ ਕਿਸੇ ਮਜਬੂਰ ਕਮਜ਼ੋਰ ਵਿਅਕਤੀ ਨੂੰ ਹੱਥ ਫੜ ਕੇ ਸੜਕ ਵੀ ਪਾਰ ਕਰਵਾ ਦਿੰਦਾ ਹੈ ਤਾਂ ਇਹ ਉਸ ਦਾ ਏਨਾ-ਕੁ ਯੋਗਦਾਨ ਵੀ ਦਰਜ ਕਰਨ ਵਾਲਾ ਹੈ।

ਮੇਰੇ ਪਿਤਾ ਜੀ ਨੂੰ ਟੀ.ਬੀ. ਦੀ ਬਿਮਾਰੀ ਸੀ। ਲੰਮਾ ਸਮਾਂ ਦਵਾਈ ਖਾਂਦਿਆਂ ਮੈਂ ਦੇਖਿਆ, ਤਕਰੀਬਨ ਦੋ ਸਾਲ ਤਕ। ਉਦੋਂ ਏਨਾ ਲੰਮਾ ਹੀ ਹੁੰਦਾ ਸੀ ਇਲਾਜ, ਕੋਈ 1966-67 ਦੌਰਾਨ। ਹਰ ਰੋਜ਼ ਪੁੜੇ ਵਿਚ ਇਕ ਟੀਕਾ ਲੱਗਦਾ। ਦਰਦ ਨਾਲ ਖਿਝਦੇ। ਹੁਣ ਤਾਂ ਇਸ ਬਿਮਾਰੀ ਦੀ ਦਵਾਈ ਦਾ ਕੋਰਸ ਛੇ-ਕੁ ਮਹੀਨਿਆਂ ਦਾ ਰਹਿ ਗਿਆ ਹੈ। ਪਰ ਜੋ ਖੋਜ ਇਸ ਬਿਮਾਰੀ ਨੂੰ ਲੈ ਕੇ ਹੋਣੀ ਚਾਹੀਦੀ ਸੀ, ਉਹ ਨਹੀਂ ਹੋਈ। ਇਹ ਗਰੀਬਾਂ ਦੀ ਅਤੇ ਪਿਛੜੇ ਮੁਲਕਾਂ ਦੀ ਬਿਮਾਰੀ ਮੰਨੀ ਜਾਂਦੀ ਹੈ ਤੇ ਦਵਾ ਕੰਪਨੀ ਦਾ ਜ਼ੋਰ ਉਨ੍ਹਾਂ ਹਾਲਤਾਂ ’ਤੇ ਖੋਜ ਕਰਨ ਤਕ ਹੁੰਦਾ ਹੈ, ਜਿੱਥੋਂ ਮੁਨਾਫ਼ਾ ਮਿਲ ਸਕੇ। ਦਿਲ ਦੀਆਂ ਬਿਮਾਰੀਆਂ ਨੂੰ ਲੈ ਕੇ, ਜਿਸ ਰਫ਼ਤਾਰ ਨਾਲ ਖੋਜਾਂ ਹੋਈਆਂ ਨੇ, ਉਹ ਮਿਸਾਲ ਨੇ। ਹਰ ਦੂਜੇ ਮਹੀਨੇ ਕੋਈ ਨਾ ਕੋਈ ਨਵੀਂ ਦਵਾਈ ਜਾਂ ਕੋਈ ਨਵੀਂ ਤਕਨੀਕ ਸਾਹਮਣੇ ਆ ਜਾਂਦੀ ਹੈ। ਬਲੱਡ ਪ੍ਰੈਸ਼ਰ ਦੇ ਮਰੀਜ਼ ਕਰੋੜਾਂ ਵਿਚ ਹਨ ਤੇ ਟੀ.ਬੀ. ਦੀ ਬਿਮਾਰੀ ਦੇ ਲੱਖਾਂ ਵਿਚ, ਉਨ੍ਹਾਂ ਸਾਹਮਣੇ ਦਵਾਈ ਦੀ ਖਪਤ ਦੀ ਗੱਲ ਹੈ, ਜਦੋਂ ਕਿ ਦਵਾਈ ਦਾ ਸੰਬੰਧ ਦਰਦ ਤੋਂ ਰਾਹਤ ਨਾਲ ਹੈ, ਮੁਨਾਫ਼ੇ ਨਾਲ ਨਹੀਂ।

ਅਗਲੇ ਸਾਲ ਪਤਾ ਚੱਲਿਆ ਕਿ ਪਿਤਾ ਜੀ ਨੂੰ ਸੀ.ਐਮ.ਸੀ. ਲੁਧਿਆਣਾ ਦਾਖਲ ਕਰਵਾਉਣਾ ਪਿਆ। ਪਤਾ ਚੱਲਿਆ ਕਿ ਬਿਜਲੀਆਂ ਲਗਾਉਣੀਆਂ ਪੈ ਰਹੀਆਂ ਨੇ, ਜਿਸ ਦੀ ਬਾਅਦ ਵਿਚ ਸਮਝ ਪਈ ਕਿ ਰੇਡੀਓਥਰੈਪੀ ਚਲ ਰਹੀ ਸੀ, ਮਤਲਬ ਕਿ ਕੈਂਸਰ ਹੋਵੇਗਾ। ਖੈਰ! ਉਹ ਬਚ ਨਹੀਂ ਸਕੇ। ਮੈਂ ਉਦੋਂ ਨੌਵੀਂ ਵਿਚ ਪੜ੍ਹਦਾ ਸੀ।

ਮੈਂ ਐੱਮ.ਬੀ.ਬੀ.ਐੱਸ., ਐੱਮ.ਡੀ., ਪੇਂਡੂ ਨੌਕਰੀ ਅਤੇ ਵਿਆਹ ਤੋਂ ਬਾਅਦ, 1988 ਵਿਚ ਅੰਮ੍ਰਿਤਸਰ ਆ ਗਿਆ। ਮਾਂ ਵੀ ਮੇਰੇ ਕੋਲ ਆ ਗਈ। ਉਦੋਂ ਤਕ ਛੋਟੇ ਭਰਾ ਸੈੱਟ ਹੋ ਗਏ ਸਨ। ਛੋਟੀ ਭੈਣ ਦਾ ਵਿਆਹ ਵੀ ਹੋ ਗਿਆ ਸੀ। ਮਾਤਾ ਦੀ ਮੇਰੇ ਕੋਲ ਰਹਿੰਦਿਆਂ 1995 ਵਿਚ ਮੌਤ ਹੋਈ। ਆਖਰੀ ਦਿਨਾਂ ਵਿਚ ਉਨ੍ਹਾਂ ਨੂੰ ਰੇਸ਼ਾ ਸੀ। ਉਂਜ ਆਖਰੀ ਸਮੇਂ ਤਕ ਘਰ ਦਾ ਕੰਮ-ਕਾਜ ਵੀ ਕਰਦੇ ਰਹੇ। ਸਾਡੇ ਬੱਚੇ ਵੀ ਸੰਭਾਲੇ, ਸਾਨੂੰ ਵੀ ਦੁਪਹਿਰੇ ਕੰਮ ਤੋਂ ਮੁੜਦਿਆਂ ਗਰਮ-ਗਰਮ ਰੋਟੀ ਮਿਲਦੀ।

ਇਨ੍ਹਾਂ ਦੋਹਾਂ ਹਾਦਸਿਆਂ ਦੌਰਾਨ ਇਕ ਘਟਨਾ ਹੋਰ ਵਾਪਰੀ ਕਿ ਮੈਨੂੰ ਆਪਣੇ ਵਿਦਿਆਰਥੀ ਸਮੇਂ ਦੌਰਾਨ 1976 ਵਿਚ ਸ਼ੂਗਰ ਹੋਣ ਦਾ ਪਤਾ ਚੱਲਿਆ। ਕਹਿਣ ਤੋਂ ਭਾਵ ਮੇਰੇ ਪਰਿਵਾਰ ਵਿਚ ਟੀ.ਬੀ., ਕੈਂਸਰ, ਸ਼ੂਗਰ ਰੋਗ ਰਹੇ। ਇਨ੍ਹਾਂ ਬਿਮਾਰੀਆਂ ਸਦਕਾ ਕੀ-ਕੀ ਨਤੀਜੇ ਭੋਗਣੇ-ਝੱਲਣੇ ਪਏ, ਮੇਰੇ ਮਨ ਵਿਚ ਕਦੇ ਇਸ ਤਰ੍ਹਾਂ ਦਾ ਖਿਆਲ ਨਹੀਂ ਆਇਆ ਕਿ ਪਿਤਾ ਜੀ ਜਾਂ ਮਾਤਾ ਦੀ ਯਾਦ ਵਿਚ ਕੋਈ ਕਾਰਜ ਆਰੰਭਿਆ ਜਾਵੇ। ਪਹਿਲੀ ਗੱਲ ਤਾਂ ਹੈ ਕਿ ਪਾਕਿਸਤਾਨ ਤੋਂ ਉੱਜੜਿਆ ਪਰਿਵਾਰ, ਪੜ੍ਹਾਈ ਮੁੱਕਣ ਤੋਂ ਫੌਰੀ ਬਾਅਦ ਹੀ ਸਰਕਾਰੀ ਨੌਕਰੀ ਮਿਲ ਗਈ। ਪਹਿਲਾਂ ਤਿੰਨ ਕੁ ਸਾਲ ਪੇਂਡੂ ਨੌਕਰੀ ਕੀਤੀ ਤੇ ਫਿਰ ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ। ਦੂਸਰਾ, ਮੇਰਾ ਵਿਸ਼ਾ ਸੀ ਕਮਿਉਨਿਟੀ ਮੈਡੀਸਨ- ਲੋਕ ਸਿਹਤ। ਲੋਕਾਂ ਵਿਚ ਜਾ ਕੇ ਸਿਹਤ ਪ੍ਰਤੀ ਜਾਗਰੂਕਤਾ ਅਤੇ ਅਧਿਐਨ। ਨਾਲ ਹੀ ਇਕ ਹੋਰ ਪੱਖ ਜੁੜਿਆ ਕਿ ਮੇਰਾ ਝੁਕਾਅ ਲਿਖਣ ਵੱਲ ਰਿਹਾ। ਕਵਿਤਾ ਤੋਂ ਸ਼ੁਰੂ ਕੀਤਾ, ਕਹਾਣੀ, ਮਿੰਨੀ ਕਹਾਣੀ ਵੱਲ ਹੁੰਦਾ, ਸਿਹਤ ਪ੍ਰਤੀ ਲਿਖਣ ਵੱਲ ਵੀ ਆਇਆ। ਸਿਹਤ ਦੇ ਵਿਸ਼ੇ ਨੂੰ ਸਮਾਜ ਮਨੋਵਿਗਿਆਨਕ ਦੇ ਨਜ਼ਰੀਏ ਤੋਂ ਲਿਖਿਆ। ਬਿਮਾਰੀ ਦੀਆਂ ਜੜ੍ਹਾਂ ਸਮਾਜਿਕ ਮਾਹੌਲ ਵਿੱਚੋਂ ਤਲਾਸ਼ਣ ਦੀ ਕੋਸ਼ਿਸ਼ ਕੀਤੀ ਤੇ ਲਿਖਿਆ ਵੀ।

ਭਾਰਤ ਗਿਆਨ ਵਿਗਿਆਨ ਸੰਮਤੀ ਤਹਿਤ ਕੰਮ ਕਰਦੇ, ਜਿੱਥੇ ਗੀਤ ਨਾਟਕ, ਵਿਚਾਰ ਵਟਾਂਦਰਾ ਹੁੰਦਾ ਸੀ, ਉੱਥੇ ਕਿਤਾਬਚੇ ਤਿਆਰ ਕੀਤੇ। ਅੰਮ੍ਰਿਤਸਰ ਵਿਚ ਬਣੀ ਟੀਮ ਨੇ ਸਿਹਤ ਨੂੰ ਇਕ ਵੱਖਰਾ ਪਹਿਲੂ ਚੁਣ ਕੇ ‘ਆਉ ਸਿਹਤ ਦੀਆਂ ਗੱਲਾਂ ਕਰੀਏ’ ਲੜੀ ਸ਼ੁਰੂ ਕੀਤੀ। ਪਹਿਲੀ ਸੀ, ‘ਸਿਹਤ ਕੀ ਹੈ’? ਤੇ ਦੂਸਰੀ, ਜੋ 1991 ਵਿਚ ਛਪੀ, ਮੇਰੇ ਅਚੇਤ ਮਨ ਵਿਚ ਪਈ ਸ਼ੂਗਰ ਦੀ ਬਿਮਾਰੀ ਹੰਡਾਉਣ ਦੀ ਪ੍ਰਕ੍ਰਿਆ। ਤਕਰੀਬਨ ਵੀਹ ਸਾਲ ਹੋਣ ਨੂੰ ਆ ਰਹੇ ਸਨ ਤੇ ਮੈਂ ਠੀਕ-ਠਾਕ ਸੀ, ਜਦੋਂ ਕਿ ਸਾਡੇ ਮੈਡੀਸਨ ਦੀ ਕਿਤਾਬ ਦੀ ਉਸ ਸਮੇਂ ਦੀ ਸਰੀਰ ਦੀ ਬਿਮਾਰੀ ਪ੍ਰਤੀ ਸਮਝ ਸੀ, ‘ਤਿੰਨ ਤੋਂ ਵੀਹ ਸਾਲ’। ਦੂਸਰਾ ਕਿਤਾਬਚਾ ਸੀ, ‘ਸ਼ੂਗਰ ਰੋਗ ਨਾਲ ਸਿਹਤਮੰਦ ਜ਼ਿੰਦਗੀ’। ਪਹਿਲਾਂ ਅਸੀਂ ਖੁਦ ਛਾਪੀ, ਪਰ ਤਰਕ ਭਾਰਤੀ ਪ੍ਰਕਾਸ਼ਨ ਵਾਲੇ ਮੇਘ ਰਾਜ ਮਿੱਤਰ ਨੇ ਛਾਪਣ ਦੀ ਜ਼ਿੰਮੇਵਾਰੀ ਲਈ। ਹਜ਼ਾਰਾਂ ਦੀ ਗਿਣਤੀ ਵਿਚ ਛਪੀ। ਕਈਆਂ ਨੇ ਫੋਟੋਸਟੇਟ ਕਰਵਾ ਕੇ ਵੰਡੀ। ਮੈਨੂੰ ਜਾਪਿਆ ਕਿ ਉਹੀ ਕੰਮ ਹੋ ਰਿਹਾ ਹੈ, ਦੂਸਰੇ ਲਈ ਕਲਿਆਣਕਾਰੀ। ਕੁਝ ਸਾਲਾਂ ਮਗਰੋਂ ਹੋਰ ਵੇਰਵੇ ਅਤੇ ਤਜਰਬੇ ਮੁਤਾਬਕ, ਕਿਤਾਬ ਬਣੀ, ‘ਸ਼ੁਗਰ ਰੋਗ: ਆਸਾਨ ਹੈ ਜ਼ਿੰਦਗੀ’। ਦੋਹਾਂ ਦੇ ਸਿਰਲੇਖ ਤੋਂ ਅੰਦਾਜ਼ਾ ਲਗਾਉ ਕਿ ਡਰਨ ਦੀ ਲੋੜ ਨਹੀਂ ਹੈ। ਇਹ ਇਕ ਅਵਸਥਾ ਹੈ, ਜਿਸ ਨੂੰ ਸਮਝ ਕੇ ਚੰਗੇ ਤਰੀਕੇ ਨਾਲ ਨਿਪਟਿਆ ਜਾ ਸਕਦਾ ਹੈ। ਅਵੇਸਲੇ ਹੋਣ ਦੀ ਲੋੜ ਨਹੀਂ। ਉਂਜ ਵੀ ਅਵੇਸਲਾਪਨ ਤਾਂ ਚੰਗੇ-ਭਲੇ ਸਿਹਤਮੰਦ ਵਿਅਕਤੀ ਨੂੰ ਵੀ ਢਾਅ ਲੈਂਦਾ ਹੈ।

ਕੈਂਸਰ ਸੰਸਥਾਨ ਵਾਂਗ, ਕਈ ਵਾਰ ਮਨ ਵਿਚ ਆਇਆ ਕਿ ਸ਼ੂਗਰ ਰੋਗ ਨੂੰ ਲੈ ਕੇ ਇਕ ਛੱਤ ਹੇਠ ਮਿਲਣ ਵਾਲੀਆਂ ਸਾਰੀਆਂ ਸੇਵਾਵਾਂ ਦਾ ਪ੍ਰਬੰਧ ਹੋਵੇ। ਸ਼ੂਗਰ ਰੋਗ, ਟੈਸਟ ਕਰਵਾ ਕੇ ਪਤਾ ਲਗਾਉਣਾ ਤੇ ਫਿਰ ਦਵਾਈ ਦੇਣ ਤਕ ਹੀ ਸੀਮਤ ਨਹੀਂ ਹੈ। ਖੁਰਾਕ ਇਕ ਬਹੁਤ ਅਹਿਮ ਪਹਿਲੂ ਹੈ। ਕੀ ਖਾਣਾ ਹੈ, ਕਿਵੇਂ ਅਤੇ ਕਿੰਨ੍ਹਾ ਖਾਣਾ ਹੈ, ਕਸਰਤ ਜਾਂ ਫਿਰ ਸਰੀਰਕ ਹਿਲਜੁਲ ਦੂਸਰਾ ਮਹੱਤਵਪਰਨ ਪੱਖ ਹੈ। ਤਣਾਅ ਤੋਂ ਮੁਕਤੀ ਵੀ ਅਹਿਮ ਹੈ ਅਤੇ ਲਗਾਤਾਰ ਚੈੱਕ ਕਰਵਾਉਣਾ ਜਾਂ ਸ਼ੂਗਰ ਰੋਗ ਨਾਲ ਹੋਣ ਵਾਲੀਆਂ ਦਿੱਕਤਾਂ ਜਿਵੇਂ ਅੱਖਾਂ, ਗੁਰਦੇ, ਦਿਮਾਗ, ਨਸਾਂ, ਪੈਰਾਂ ਦੀ ਦੇਖਭਾਲ ਆਦਿ ਸਭ ਤੋਂ ਅਹਿਮ ਹਨ।

ਮੇਰੀ ਸਮਝ ਵਿਚ ਇਕ ਪੱਖ ਹੋਰ ਜੁੜਿਆ ਹੈ ਤੇ ਭਾਰੂ ਵੀ ਰਿਹਾ ਹੈ ਕਿ ਅਜਿਹੀ ਸਮਝ ਤੋਂ ਬਾਅਦ ਜਾਂ ਅਜਿਹੇ ਵਿਚਾਰ ਨੂੰ ਜ਼ਮੀਨ ’ਤੇ ਉਤਾਰਨ ਮਗਰੋਂ ਖੁਦ ਨਾਲ ਸਵਾਲ ਕਰਦਾ ਹਾਂ ਕਿ ਕੌਣ ਆਵੇਗਾ ਅਜਿਹੇ ਸੰਸਥਾਨ ’ਤੇ? ਬਿਮਾਰੀ ਦੀ ਜ਼ਿਆਦਾ ਮਾਰ ਕਿਸ ਵਰਗ ਦੇ ਲੋਕਾਂ ਵਿਚ ਹੈ? ਸ਼ੂਗਰ ਰੋਗ ਦੇ ਸੁਪਰ ਮਾਹਿਰਾਂ ਦੀ ਗਿਣਤੀ ਦਿਨ-ਬਦਿਨ ਵਧ ਰਹੀ ਹੈ ਤੇ ਉਨ੍ਹਾਂ ਕੋਲ ਪਹੁੰਚ ਕਰਨ ਲਈ ਤੌਰ ਤਰੀਕੇ ਵੀ ਲੱਭੇ ਗਏ ਹਨ ਤੇ ਪ੍ਰਚਾਰੇ ਜਾਂਦੇ ਹਨ। ਸਾਡੇ ਡਾਕਟਰਾਂ ਵਿਚ ਇਕ ਭਾਵ ਪ੍ਰਚਲਿਤ ਹੈ ਕਿ ਕਿਸੇ ਵੀ ਡਾਕਟਰ ਨੂੰ ਦਸ ਕੁ ਮਰੀਜ਼ ਸ਼ੂਗਰ ਰੋਗ ਦੇ ਦਾਜ ਵਿਚ ਮਿਲ ਜਾਣ ਤਾਂ ਉਹ ਸਾਰੀ ਉਮਰ ਸੌਖੀ ਰੋਟੀ ਖਾ ਸਕਦਾ ਹੈ। ਸਵਾਲ ਤੁਸੀਂ ਸਮਝਦੇ ਹੋ। ਸ਼ੂਗਰ ਰੋਗ ਦੇ ਮਰੀਜ਼ ਨੁੰ ਲਗਾਤਾਰ ਤਾਉਮਰ ਦਵਾਈ ਦੀ ਲੋੜ ਹੁੰਦੀ ਹੈ ਤੇ ਉਸ ਨੂੰ ਲਗਾਤਾਰ ਚੈੱਕ ਅਪ ਕਰਵਾਉਣ ਲਈ ਪ੍ਰੇਰਿਆ ਜਾਂਦਾ ਹੈ। ਇਕ ਵਾਰੀ ਚੈੱਕ ਕਰਵਾਉਣ ਹੋਵੇ, ਸਾਰੇ ਟੈਸਟਾਂ ਦੀ ਕੀਮਤ ਹਜ਼ਾਰਾਂ ਵਿਚ ਪਹੁੰਚਦੀ ਹੈ। ਫਿਰ ਜਦੋਂ ਦਿੱਕਤਾਂ ਜੁੜਨੀਆਂ ਸ਼ੁਰੂ ਹੋਣਗੀਆਂ, ਉਨ੍ਹਾਂ ਨੂੰ ਰੋਕਣਾ ਨਹੀਂ, ਛੇਤੀ ਫੜਨਾ ਹੈ, ਉਸ ਦੇ ਟੈਸਟ ਵੱਖਰੇ। ਸਾਰੀ ਗੱਲ ਦਾ ਸਾਰ ਇਹੀ ਹੈ ਕਿ ਇਹ ਜ਼ਰੀਆ, ਤੌਰ ਤਰੀਕਾ ਅਮੀਰ ਲੋਕਾਂ ਦਾ ਵੱਧ ਹੈ, ਮੈਨੂੰ ਲੱਗਿਆ, ਮੇਰੇ ਕਿਤਾਬਚੇ ਵੱਧ ਕੰਮ ਕਰ ਰਹੇ ਨੇ, ਸ਼ੂਗਰ ਰੋਗ ਨਾਲ ਸਿਹਤਮੰਦ ਜ਼ਿੰਦਗੀ, ਬਲੱਡ ਪ੍ਰੈਸ਼ਰ, ਖੁਰਾਕ ਅਤੇ ਸਿਹਤ, ਸਿਹਤ ਸੰਜੀਵਨੀ ਖੁਰਾਕ, ਮੋਟਾਪਾ, ਸਾਰੇ ਹੀ ਛਪ ਰਹੇ ਹਨ ਅਤੇ ਪੜ੍ਹੇ ਜਾ ਰਹੇ ਨੇ।

ਪਿਛਲੇ ਦਿਨੀ ਟਰੇਡ ਯੂਨੀਅਨ ਕੌਂਸਲ ਜ਼ੀਰਾ ਦੇ ਤਰਸੇਮ ਸਿੰਘ, ਮਲਕੀਤ ਅਤੇ ਹੋਰ ਮੈਂਬਰਾਂ ਨੇ ਮਹਿਸੂਸ ਕੀਤਾ ਕਿ ਜੀਵਨ-ਜਾਚ ਦੀਆਂ ਇਨ੍ਹਾਂ ਬਿਮਾਰੀਆਂ ਬਾਰੇ ਲੋਕਾਂ ਨੂੰ ਬਹੁਤ ਘੱਟ ਪਤਾ ਹੈ, ਡਾਕਟਰ ਵੀ ਤਰੱਦਦ ਨਹੀਂ ਕਰਦੇ, ਦੇਖਿਆ ਤੇ ਦੋ ਗੱਲਾਂ ਕੀਤੀਆਂ ਤੇ ਦਵਾਈ ਲਿਖ ਕੇ ਅੱਗੇ। ਮੈਨੂੰ ਕਹਿਣ ਲੱਗੇ ਕਿ ਤੁਹਾਡੇ ਕੋਲ ਸ਼ੂਗਰ ਰੋਗ ਵਾਲੀ ਕਿਤਾਬ ਹੈ? ਮੈਂ ਕਿਹਾ, ਆਪਾਂ ਨਵੀਂ ਛਾਪ ਲੈਂਦੇ ਹਾਂ। ਮੈਂ ਸਾਰੇ ਕਿਤਾਬਚਿਆਂ ਵਿੱਚੋਂ ਲੋੜੀਂਦੀ ਜਾਣਕਾਰੀ ਇਕ ਕਿਤਾਬਚੇ ਵਿਚ ਇਕੱਠੀ ਕਰ ਲਈ, ‘ਜੀਵਨ ਜਾਚ ਅਤੇ ਸਾਡਾ ਸਰੀਰ’। ਉਨ੍ਹਾਂ ਨੇ ਇਹ ਆਪਣੇ ਮੈਂਬਰਾਂ ਨੂੰ ਵੰਡਿਆ ਵੀ , ਨਾਰੀ ਦਿਵਸ ’ਤੇ ਕੀਤੇ ਇਕੱਠ ਵਿਚ ਹਾਜ਼ਰ ਸਾਰੇ ਲੋਕਾਂ ਨੂੰ ਵੰਡਿਆ ਤੇ ਨਾਲੇ ਸਭ ਨੇ ਆਪਸ ਵਿਚ ਤੈਅ ਕੀਤਾ ਕਿ ਕਿਸੇ ਦਾ ਹਾਲ-ਚਾਲ ਪੁੱਛਣ ਜਾਣ ਦਾ ਮੌਕਾ ਬਣੇ ਤਾਂ ਇਹ ਕਿਤਾਬਚਾ ਦੇ ਕੇ ਆਉਣਾ ਹੈ। ਮੈਨੂੰ ਤੱਸਲੀ ਹੁੰਦੀ ਹੈ ਕਿ ਮੈਂ ਆਪਣੀ ਬਿਮਾਰੀ ਦੇ ਜ਼ਰੀਏ ਲੋਕਾਂ ਤਕ ਪਹੁੰਚ ਰਿਹਾ ਹਾਂ, ਭਾਵੇਂ ਕਿਸੇ ਤਰ੍ਹਾਂ ਦੀ ਯਾਦਗਾਰੀ ਸੰਸਥਾ ਨਹੀਂ ਹੈ, ਉਸ ਵਿਚ ਉਂਜ ਵੀ ਮੇਰਾ ਬਹੁਤ ਯਕੀਨ ਨਹੀਂ ਹੈ।

ਕਿਤਾਬਚੇ ਨਾਲ ਲੋਕਾਂ ਨੂੰ ਲਾਭ ਹੋ ਰਿਹਾ ਹੈ, ਇਹ ਮੈਂ ਮੰਨਦਾ ਹਾਂ। ਪਰ ਮੈਨੂੰ ਇਹ ਫਾਇਦਾ ਹੋ ਰਿਹਾ ਹੈ ਕਿ ਆਪਣੀ ਸ਼ੂਗਰ ਦੀ ਬਿਮਾਰੀ ਨਾਲ ਮੈਂ ਪੰਜਾਹ ਸਾਲਾਂ ਤੋਂ ਠੀਕ-ਠਾਕ ਤੁਰਿਆ ਫਿਰਦਾ ਹਾਂ। ਦੋ ਕੁ ਸਾਲ ਪਹਿਲਾਂ ਮੈਂ ਆਪਣੀ ਸਵੈ-ਜੀਵਨੀ ਦੇ ਰੂਪ ਵਿਚ, ਆਪਣੀ ਜੀਵਨ ਸ਼ੈਲੀ ਬਾਰੇ ਇਕ ਕਿਤਾਬ ਲਿਖੀ, ‘ਇਕ ਭਰਿਆ ਪੂਰਾ ਦਿਨ’ ਜਿਸ ਬਾਰੇ ਮੇਰੀ ਸੋਚ ਸੀ ਕਿ ਇਸ ਜੀਵਨ ਸ਼ੈਲੀ ਨਾਲ ਮੈਂ ਸਿਹਤਮੰਦ ਤੁਰਿਆ ਜਾ ਰਿਹਾ ਹਾਂ। ਸ਼ੂਗਰ ਰੋਗ ਹੈ ਭਾਵੇਂ, ਪਰ ਮੈਂ ਖੁਦ ਨੂੰ ਸਿਹਤਮੰਦ ਹੀ ਕਹਿੰਦਾ ਹਾਂ। ਸਿਰਫ਼ ਕਹਿਣ ਨੂੰ ਨਹੀਂ, ਸਿਹਤਮੰਦ ਹਾਂ ਵੀ। ਇਸ ਕਿਤਾਬ ਨੂੰ ਵੀ ਕਾਫ਼ੀ ਲੋਕਾਂ ਨੇ ਪੜ੍ਹਿਆ ਹੈ ਤੇ ਅੱਗੋਂ ਪੜ੍ਹਾਇਆ ਹੈ।

ਜਿਵੇਂ ਮੈਂ ਪਹਿਲਾ ਕਿਹਾ ਕਿ ਬਿਮਾਰੀ ਹੈ, ਇਹ ਠੀਕ ਹੈ ਕਿ ਸਰੀਰ ਵਿੱਚੋਂ ਇਕ ਹਾਰਮੋਨ ਇੰਸੁਲਿਨ ਸੁੱਕ/ਮੁੱਕ ਜਾਂਦਾ ਹੈ ਜਾਂ ਘਟ ਜਾਂਦਾ ਹੈ ਤੇ ਅੱਗੋਂ ਸਾਰੀਆਂ ਅਲਾਮਤਾਂ ਸ਼ੁਰੂ ਹੁੰਦੀਆਂ ਨੇ। ਹੁਣ ਸਵਾਲ ਹੈ ਕਿ ਉਹ ਕਿਵੇਂ ਮੁੱਕਦਾ ਹੈ? ਇਸ ਨੂੰ ਜੀਵਨ ਜਾਚ ਦੇ ਵਰਗ ਵਿਚ ਕਿਉਂ ਰੱਖਿਆ ਹੈ, ਇਹ ਕੀ ਹੈ?

ਮੈਂ ਜਦੋਂ ਪੜ੍ਹਦਾ ਸੀ, ਸਾਲ 1974 ਵਿਚ ਦਾਖਲ ਹੋਇਆ। ਸ਼ੂਗਰ ਰੋਗ ਦਾ ਤਾਂ ਇੰਸੁਲਿਨ ਨਾਲ ਸਬੰਧ ਹੈ। ਬਲੱਡ ਪ੍ਰੈਸ਼ਰ, ਜੋ ਕਿ ਇਕ ਹੋਰ ਜੀਵਨ ਜਾਚ ਦੀ ਬਿਮਾਰੀ ਹੈ, ਬਾਰੇ ਕਿਹਾ ਜਾਂਦਾ ਹੈ ਕਿ ਜਿਵੇਂ ਜਿਵੇਂ ਉਮਰ ਵਧਦੀ ਹੈ, ਇਹ ਵਧਦਾ ਰਹਿੰਦਾ ਹੈ। ਇਕ ਪੈਮਾਨੇ ਤੋਂ ਜ਼ਿਆਦਾ ਹੋਵੇ ਤਾਂ ਬੀ.ਪੀ. ਦੀ ਬਿਮਾਰੀ ਕਹਿ ਕੇ ਦਵਾ ਸ਼ੁਰੂ ਕਰਦੇ। ਪਰ ਪੰਜਾਹ ਸਾਲ ਤੋਂ ਬਾਅਦ ਹੀ ਅਜਿਹਾ ਕੋਈ ਮਰੀਜ਼ ਦੇਖਣ ਨੂੰ ਮਿਲਦਾ। ਅੱਜ ਹਾਲਤ ਇਹ ਹੈ ਬੀ.ਪੀ. ਦੀ ਬਿਮਾਰੀ ਤੀਹ ਪੈਂਤੀ ਸਾਲ ’ਤੇ ਆ ਗਈ ਹੈ। ਕਾਰਨ ਹੈ ਜੀਵਨ ਜਾਚ।

ਹੁਣ ਪਿਛਲੇ ਪੰਜਾਹ ਸਾਲਾਂ ਦੌਰਾਨ ਜੀਵਨ-ਜਾਚ ਵਿਚ ਕੀ ਬਦਲਿਆ ਹੈ? ਉਹ ਬਦਲਾਅ ਹੈ ਖੁਰਾਕ ਦਾ। ਸਾਡੀ ਰਸੋਈ ਦਾ ਬਾਜ਼ਾਰ ਚਲੇ ਜਾਣਾ ਅਤੇ ਹੱਥੀਂ ਕੰਮ ਕਰਨ ਨੂੰ ਨੀਵਾਂ ਕੰਮ ਸਮਝਣਾ। ਸਭ ਕੁਝ ਰਿਮੋਟ ਕੰਟਰੋਲ ਰਾਹੀਂ ਜਾਂ ਆਟੋਮੈਟਿਕ ਤੌਰ ਤਰੀਕਾ। ਜੇਕਰ ਗੌਰ ਨਾਲ ਸਮਝੀਏ ਤਾਂ ਇਹ ਸਾਡੇ ਸੱਭਿਆਚਾਰ ਨਾਲ ਜੁੜੀ, ਆਪਣੇ ਰਿਵਾਇਤੀ, ਸਦੀਆਂ ਦੀ ਸਮਝ ਤੋਂ ਬਣੇ ਖਾਣਿਆਂ, ਹੱਥੀਂ ਕੰਮ ਕਰਨ ਵਿਚ ਮਾਣ ਮਹਿਸੂਸ ਕਰਨਾ, ਵਿਹਲੇ ਦਾ ਸਮਾਜ ਵਿਚ ਨਿਰਾਦਰ ਹੋਣਾ, ਦੇ ਉਲਟ ਹੈ। ਅਸੀਂ ਮੇਲ-ਮਿਲਾਪ, ਮੇਲਿਆਂ ਲਈ ਜਾਣੇ ਜਾਂਦੇ ਹਾਂ। ਪੰਜਾਬ ਨਹੀਂ, ਪੂਰਾ ਦੇਸ਼ ਹੀ। ਸਾਡੇ ਤਿਉਹਾਰ ਦੇਖ ਲਵੋ। ਜੇਕਰ ਕਹਾਂ ਤਾਂ ਇਹ ਸੱਭਿਆਚਾਰ ਤੋਂ ਟੁੱਟਣ ਦੀ ਬਿਮਾਰੀ ਹੈ, ਤਾਂ ਗਲਤ ਨਹੀਂ ਹੋਵੇਗਾ। ਇਹ ਠੀਕ ਹੈ ਕਿ ਜਿਸ ਨੂੰ ਸਮੱਸਿਆ ਹੈ, ਉਸ ਨੂੰ ਇਲਾਜ ਦੀ ਲੋੜ ਹੈ, ਪਰ ਇਹ ਵੀ ਸਮਝ ਆ ਰਹੀ ਹੈ ਕਿ ਆਪਣੇ ਸੱਭਿਆਚਾਰ ਨੂੰ ਮੁੜ ਲੀਹ ’ਤੇ ਲਿਆ ਕੇ ਉਸ ਨੂੰ ਉਸ ਦਾ ਬਣਦਾ ਮਾਣ ਦੇ ਕੇ, ਨਵੀਂ ਪੀੜੀ ਨੂੰ ਤਾਂ ਬਚਾਇਆ ਜਾ ਸਕਦਾ ਹੈ ਅਤੇ ਨਾਲ ਹੀ ਜਿਸ ਨੂੰ ਬਿਮਾਰੀ ਹੋ ਗਈ ਹੈ, ਉਹ ਸੱਭਿਆਚਾਰ ਨਾਲ ਜੁੜ ਕੇ, ਇਸ ਨਾਲ ਹੋਣ ਵਾਲੀਆਂ ਦਿੱਕਤਾਂ ਤੋਂ ਜ਼ਰੂਰ ਬਚ ਸਕਦਾ ਹੈ।

ਸਵਾਲ ਹੈ, ਇਸ ਗੱਲ ਦਾ ਪ੍ਰਚਾਰ ਕੌਣ ਕਰੇ? ਇਸ ਦੀ ਨੀਤੀ ਕੌਣ ਬਣਾਵੇ? ਸੱਤਾ ਜੇ ਸੁਹਿਰਦ ਹੋਣਾ ਵੀ ਚਾਹੇ ਤਾਂ ਕਾਰਪੋਰੇਟ ਸਿਹਤ ਦੇ ਖੇਤਰ ਵਿਚ ਆਪਣੇ ਪੈਰ ਪਸਾਰਨ ਲਈ ਤਿਆਰ ਬੈਠਾ ਹੈ।

ਕਾਰਪੋਰੇਟ ਤੋਂ ਕਲਿਆਣਕਾਰੀ ਹੋਣ ਦੀ ਆਸ ਨਾਸਮਝੀ ਹੈ ਜੋ ਸਾਡੀ ਮਨੁੱਖੀ ਕਲਿਆਣਕਾਰੀ ਭਾਵਨਾ ਨੂੰ ਖੋਰਾ ਲਾ ਰਿਹਾ ਹੈ। ਜਿਸ ਸਮਝ ਦੇ ਤਹਿਤ ਯਾਦਗਾਰੀ ਸਿਹਤ ਸੰਸਥਾਨ ਉਸਾਰਨ ਦੀ ਪਰੰਪਰਾ ਰਹੀ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3961)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਡਾ. ਸ਼ਿਆਮ ਸੁੰਦਰ ਦੀਪਤੀ

ਡਾ. ਸ਼ਿਆਮ ਸੁੰਦਰ ਦੀਪਤੀ

Professor, Govt. Medical College,
Amritsar, Punjab, India.
Phone: (91 - 98158 - 08506)
Email: (drdeeptiss@gmail.com)

More articles from this author