ShyamSDeepti7ਬਾਬਾ ਨਾਨਕ ਦਾ ਪੰਜ ਸੌ ਪੰਜਾਹ ਸਾਲਾ ਜਨਮ ਦਿਹਾੜਾਪਿੰਗਲਵਾੜਾ ਸੰਸਥਾ ਨੇ ‘ਕਿਰਤੀ ਮੇਲੇ’ ਦੇ ਰੂਪ ਵਿੱਚ ...
(19 ਮਈ 2023)
ਇਸ ਸਮੇਂ ਪਾਠਕ: 585.


ਬਹੁਤਿਆਂ ਨੂੰ ਪਤਾ ਹੈ
, ਖਾਸ ਕਰਕੇ ਸਾਹਿਤਕ ਹਲਕਿਆਂ ਵਿੱਚ ਕਿ ਮੈਂ ਮਿੰਨੀ ਕਹਾਣੀ ਲੇਖਕ ਹਾਂ। ਭਾਵੇਂ ਮੈਂ ਤਕਰੀਬਨ ਹਰ ਵਿਧਾ ਵਿੱਚ ਲਿਖਿਆ ਹੈ, ਕਵਿਤਾ ਤੋਂ ਸ਼ੁਰੂਆਤ ਕਰਕੇ ਨਾਟਕ ਲੇਖਣ ਤਕ। ਜੋ ਲਿਖਿਆ ਹੈ, ਆਪਣੇ ਪੈਮਾਨੇ ਮੁਤਾਬਕ ਠੀਕ ਲੱਗਦਾ ਹੈ, ਗੌਲਣਯੋਗ। ਪਤਾ ਨਹੀਂ ਆਪਣਾ ਪੈਮਾਨਾ ਕਿੰਨਾ ਕੁ ਦਰੁਸਤ ਹੈ। ਉਂਜ ਪਿਛਲੇ ਕੁਝ ਕੁ ਸਾਲਾਂ ਤੋਂ ਕਾਲਮਨਵੀਸੀ ਵੱਲ ਰੁਖ਼ ਕੀਤਾ ਹੋਇਆ ਹੈ, ਜੋ ਕਿ ਬਹੁਤਿਆਂ ਦੀ ਨਜ਼ਰ ਵਿੱਚ ਸਾਹਿਤ ਦਾ ਹਿੱਸਾ ਹੀ ਨਹੀਂ ਮੰਨੀ ਜਾਂਦੀ।

ਚਲੋ, ਵਾਪਸ ਮਿੰਨੀ ਕਹਾਣੀ ਵੱਲ ਹੀ ਮੁੜਦਾ ਹਾਂ। ਮਿੰਨੀ ਕਹਾਣੀ ਦੀ ਪ੍ਰਵਾਨਗੀ ਲਈ ਕਈ ਸਾਲਾਂ ਤੋਂ ਨਿਰੰਤਰ ਕਾਰਜ ਹੋ ਰਿਹਾ ਹੈ, ਲਿਖਣ ਤੋਂ ਇਲਾਵਾ ਆਲੋਚਨਾ ਅਤੇ ਸਮਾਗਮਾਂ ਰਾਹੀਂ। ਪੰਜਾਬ ਤੋਂ ਛਪਦੀ ਹਿੰਦੀ ਦੀ ਨਿਰੋਲ ਲਘੂਕਥਾ ਵਿਧਾ ਨਾਲ ਜੁੜੀ ਮੈਗਜ਼ੀਨ, ‘ਲਘੂਕਥਾ ਕਲਸ਼’ ਨੇ ਸੱਦਾ ਦਿੱਤਾ ਕਿ ਆਉਣ ਵਾਲਾ ਅੰਕ ਪ੍ਰਯੋਗਾਤਮਕ ਲਘੂ ਕਥਾਵਾਂ ਦਾ ਹੋਵੇਗਾ ਤੇ ਮੈਗਜ਼ੀਨ ਦੇ ਸੰਪਾਦਕ ਯੋਗਰਾਜ ਪ੍ਰਭਾਕਰ ਨੇ ਮੈਨੂੰ ਉਚੇਚੇ ਤੌਰ ’ਤੇ ਕਿਹਾ, ਉਂਜ ਪਿਛਲੇ ਦੋ ਸਾਲ ਤੋਂ ਉਹ ਹਰ ਵਾਰੀ ਹਾਜ਼ਰੀ ਲਗਾਉਣ ਲਈ ਯਾਦ ਕਰਦੇ ਹਨ।

ਮੈਂ ਕੁਝ-ਕੁ ਮਿੰਨੀ ਕਹਾਣੀਆਂ ਨੂੰ ਨਵੀਂ ਪੇਸ਼ਕਾਰੀ ਤਹਿਤ ਲਿਖਿਆ ਸੀ, ਪੱਤਰ ਸ਼ੈਲੀ, ਡਾਇਰੀ ਸ਼ੈਲੀ, ਟੈਲੀਫੋਨ, ਸੰਵਾਦ ਆਦਿ। ਇਸ ਵਾਰੀ ਇੱਕ ਹੋਰ ਸ਼ੈਲੀ ਅਜ਼ਮਾਉਣ ਦੀ ਕੋਸ਼ਿਸ਼ ਕੀਤੀ। ਉਹ ਰਚਨਾ ਕੁਝ ਇਸ ਤਰ੍ਹਾਂ ਬਣੀ। ਆਧਾਰ ਸੀ, ਪਿੰਗਲਵਾੜਾ ਸੰਸਥਾ ਦਾ ਸਫ਼ਰ, ਸਫ਼ਰਨਾਮਾ।

ਗੱਡੀ ਵਿੱਚ ਬੈਠਦਿਆਂ ਹੀ ਕਾਮਨੀ ਦੇ ਬੋਲ ਚੇਤੇ ਆਏ, “ਅੰਮ੍ਰਿਤਸਰ ਚੱਲਿਆ ਹੈ ਤਾਂ ਵੀਰੇ, ਪਿੰਗਲਵਾੜੇ ਜ਼ਰੂਰ ਹੋ ਕੇ ਆਈਂ।” ਪੁੱਛਣ ’ਤੇ ਉਸ ਦਾ ਜਵਾਬ ਸੀ, “ਦੱਸਣ ਦੀ ਨਹੀਂ, ਦੇਖਣ ਦੀ ਥਾਂ ਹੈ, ਬੱਸ।”

‘ਪਿੰਗਲਵਾੜਾ - ਪਿੰਗਲਿਆਂ ਦੇ ਰਹਿਣ ਦੀ ਥਾਂ, ਠੀਕ ਹੈ, ਸੇਵਾ ਦਾ ਕੰਮ ਹੈ, ਅਪਾਹਿਜਾਂ, ਲੂਲੇ-ਲੰਗੜਿਆਂ, ਪਿੰਗਲਿਆਂ ਨੂੰ ਸਾਂਭਣਾ, ਪਿੰਗਲਿਆਂ ਦਾ ਰੈਣ ਬਸੇਰਾ। ਦੇਖਣਾ ਕੀ ਹੈ? ਚਲੋ ਕੁਝ ਮਦਦ ਕਰ ਆਵਾਂਗੇ।’ ਮਨਬਚਨੀ ਚਲਦੀ ਰਹੀ ਸੀ। ਫਿਰ ਖਿਆਲ ਆਇਆ। ਇੰਨਾ ਕੁ ਹੀ ਨਹੀਂ ਹੋਣਾ। ਕਾਮਨੀ ਦੇ ਕਹਿਣ ਦਾ ਤਰੀਕਾ ਹੀ ਹੋਰ ਸੀ। ਕੁਝ ਤਾਂ ਹੋਵੇਗਾ, ਖਾਸ। ਖੈਰ! ਇਹ ਵੀ ਚੇਤੇ ਆਇਆ, ਜੋ ਉਸ ਕਿਹਾ ਸੀ, ‘ਦੱਸਣ ਵਾਲੀ ਨਹੀਂ ਅਹਿਸਾਸ ਵਾਲੀ, ਮਹਿਸੂਸ ਕਰਨ ਵਾਲੀ ਥਾਂ।’

ਗੱਡੀ ਮੇਨ ਗੇਟ ’ਤੇ ਪਹੁੰਚੀ ਤਾਂ ਗੇਟ ਖੋਲ੍ਹਣ ਵਾਲੇ ਨੇ ਕਿਹਾ, “ਸਾਈਡ ’ਤੇ ਪਾਰਕਿੰਗ ਹੈ, ਉੁੱਥੇ ਲਾ ਦਿਉ, ਅੰਦਰ ਪੈਦਲ ਜਾਣਾ ਹੈ।”

ਗੱਡੀ ਵਿੱਚੋਂ ਉੱਤਰ ਬਾਹਰ ਆਏ ਤਾਂ ਇੰਜ ਜਾਪਿਆ ਜਿਵੇਂ ਕਿ ਕਿਸੇ ਪਾਰਕ ਵਿੱਚ ਆ ਗਏ ਹੋਈਏ ਜਾਂ ਸਹੀ ਕਹਾਂ ਤਾਂ ਕਿਸੇ ਛੋਟੇ ਜਿਹੇ ਜੰਗਲ ਵਿੱਚ। ਹਰੇ-ਹਰੇ ਦਰਖਤ, ਹਰੇ-ਹਰੇ ਘਾਹ ਦਾ ਮੈਦਾਨ, ਵਿੱਚ ਵਿਚਕਾਰ ਫੁੱਲਾਂ ਦੀਆਂ ਕਿਆਰੀਆਂ। ਇੱਕ ਬਸਤੀ ਵਸੀ ਹੋਵੇ, ਸੜਕ ਦੇ ਧੂੰਏਂ ਤੋਂ ਦੂਰ। ਸ਼ੋਰ ਤੋਂ ਬੇਖ਼ਬਰ। ਕਿਸੇ ਤਰ੍ਹਾਂ ਦਾ ਕੋਈ ਸਕੂਟਰ ਜਾਂ ਅਜਿਹਾ ਕੋਈ ਹੋਰ ਵਾਹਨ ਵੀ ਨਹੀਂ।

ਥੋੜ੍ਹੀ ਦੂਰ ਗਏ ਤਾਂ ਸੜਕਾਂ ਉੱਤੇ ਵੀਲ ਚੇਅਰ ’ਤੇ ਤੁਰਦੇ ਫਿਰਦੇ ਲੋਕ ਦਿਸੇ, ਫੌਹੜੀਆਂ ’ਤੇ ਤੁਰਦੇ ਵੀ। ਵੀਲ ਚੇਅਰ ’ਤੇ ਬੈਠੇ ਵਿਅਕਤੀ, ਜਿਸ ਤਰੀਕੇ ਨਾਲ ਚਲਾ ਰਹੇ ਸਨ, ਜਿਵੇਂ ਆਪਸ ਵਿੱਚ ਰੇਸ ਲਾ ਰਹੇ ਹੋਣ। ਕਿਉਂਕਿ ਇੱਕ ਦੂਸਰੇ ਤੋਂ ਅੱਗੇ ਨਿਕਲਣ ਦਾ ਭਾਵ ਸਾਫ਼ ਉਨ੍ਹਾਂ ਦੇ ਚਿਹਰਿਆਂ ਤੋਂ ਝਲਕਦਾ ਸੀ। ਇੱਕ ਦੂਸਰੇ ਤੋਂ ਅੱਗੇ ਹੋ ਪਿਛਲੇ ਵਾਲੇ ਨੂੰ, ‘ਆ ਜਾ … ਲਾ ਜ਼ੋਰ’ ਕਹਿੰਦੇ ਤੇ ਨਾਲ ਹੀ ਹੱਸਦੇ ਵੀ।

ਦੇਖਿਆ ਕਿ ਇੱਕ ਵੀਲ ਚੇਅਰ ਵਾਲਾ ਲੜਕਾ ਉਲਟ ਗਿਆ। ਮੈਂ ਕੁਝ ਤੇਜ਼ ਤੁਰਨ ਦੀ ਕੋਸ਼ਿਸ਼ ਕੀਤੀ ਤਾਂ ਦੂਰੋਂ ਕੋਈ ਬਹੁਤ ਹੀ ਤੇਜ਼ ਰਫ਼ਤਾਰ ਨਾਲ ਭੱਜਦਾ ਹੋਇਆ ਆਇਆ। ਕਿਤੇ ਲੁਕਿਆ ਨਿਗਰਾਨੀ ਕਰ ਰਿਹਾ ਸੀ। ਨਾਲ ਦਾ ਸਾਥੀ ਪਹਿਲਾਂ ਹੀ ਰੁਕ ਕੇ ਕੋਲ ਆ ਗਿਆ ਸੀ। ਵੀਲ ਚੇਅਰ ’ਤੇ ਬੈਠਿਆਂ ਹੀ, ਹੱਥ ਵਧਾ ਕੇ ਉਠਾਉਣ ਦੀ ਕੋਸ਼ਿਸ਼ ਕਰ ਰਿਹਾ ਸੀ।

ਦੂਰੋਂ ਆਏ ਨੌਜਵਾਨ ਨੇ ਉਸ ਨੂੰ ਉਠਾਇਆ, ਵੀਲ ਚੇਅਰ ਸਿੱਧੀ ਕੀਤੀ ਤੇ ਫਿਰ ਤੋਂ ਬਿਠਾਇਆ। ਉਸ ਨੇ ਫਿਰ ਤੋਂ ਉਸੇ ਤਰ੍ਹਾਂ ਹੀ ਤੁਰੰਤ ਮੁਸਕਰਾ ਕੇ ਆਪਣੇ ਸਾਥੀ ਅਤੇ ਸੇਵਾਦਾਰ ਵੱਲ ਸ਼ੁਕਰਾਨੇ ਦੇ ਲਹਿਜ਼ੇ ਵਿੱਚ ਦੇਖਿਆ ਤੇ ਆਪਣੀ ਸਹਿਜ ਹਾਲਤ ਵਿੱਚ ਮੁੜ ਆਇਆ।

ਵੀਲ ਚੇਅਰ ’ਤੇ ਸੀ। ਸੋਚ ਸਕਦੇ ਹੋ ਕਿ ਵੀਲ ਚੇਅਰ ’ਤੇ ਕਿਉਂ ਸੀ? ਪਰ ਪੂਰੀ ਤਰ੍ਹਾਂ ਜ਼ਿੰਦਗੀ ਮਾਣ ਰਹੇ ਸੀ, ਆਨੰਦ ਲੈ ਰਹੇ ਸੀ। ਹੋਰ ਕੀ ਚਾਹੀਦਾ ਹੁੰਦਾ ਹੈ, ਹਾਸਾ-ਖੇੜਾ, ਸੰਤੁਸ਼ਟੀ। ਇੱਕੋਦਮ ਖਿਆਲ ਵਿੱਚ ਇਹ ਅਹਿਸਾਸ ਪ੍ਰਗਟ ਹੋਇਆ।

ਅਸੀਂ ਤੁਰਦੇ ਗਏ। ਅੱਗੋਂ ਇੱਕ ਬਿਲਡਿੰਗ ਅੰਦਰ ਕੁਝ ਬੱਚੇ ਵਾਲੀਵਾਲ ਖੇਡ ਰਹੇ ਸੀ। ਇੱਕ ਦੂਸਰੇ ਨੂੰ ਇਸ਼ਾਰਿਆਂ ਨਾਲ ਗੱਲਬਾਤ ਸਮਝਾ ਰਹੇ ਸੀ। ਉਹ ਗੂੰਗੇ-ਬੋਲਿਆਂ ਦੀ ਆਪਣੀ ਹੀ ਦੁਨੀਆਂ ਸੀ। ਉੱਥੋਂ ਦੇ ਸੇਵਾਦਾਰ ਉਨ੍ਹਾਂ ਦੀ ਭਾਸ਼ਾ ਵਿੱਚ ਸਮਝ-ਸਮਝਾ ਰਹੇ ਸੀ।

ਅਸੀਂ ਦੇਖਿਆ, ਇੱਕ ਨੌਜਵਾਨ ਨੇ ਜ਼ੋਰਦਾਰ ਠਹਾਕਾ ਲਾਇਆ ਤਾਂ ਸੰਸਥਾ ਦਾ ਚੱਕਰ ਲਗਵਾ ਰਹੇ, ਦਿਖਾ-ਦੱਸ ਰਹੇ ਸੇਵਾਦਾਰ ਨੇ ਕਿਹਾ, “ਉਸ ਨੇ ਚੁਟਕਲਾ ਸੁਣਾਇਆ ਸੀ, ਜਿਸ ’ਤੇ ਇਹ ਲੋਟ-ਪੋਟ ਹੋਇਆ ਹੈ।”

ਕੀ ਬੋਲ ਰਹੇ ਸੀ, ਸਾਨੂੰ ਸਮਝ ਨਹੀਂ ਆ ਰਿਹਾ ਸੀ। ਪਰ ਬੋਲ, ਸ਼ਬਦ, … ਇਕਦਮ ਆਪਣੀ ਦੁਨੀਆਂ ਨਜ਼ਰ ਆਈ ਕਿ ਸਾਡੇ ਕੋਲ ਬੋਲਣ ਦੀ ਸਮਰੱਥਾ ਹੈ, ਪਰ ਸ਼ਬਦਾਂ ਵਿੱਚ ਕਿੰਨਾ ਨੁਕਸ ਹੈ ਕਿ ਤਲਵਾਰਾਂ-ਬੰਦੂਕਾਂ ਚੱਲ ਜਾਂਦੀਆਂ ਨੇ।

ਇਸੇ ਤਰ੍ਹਾਂ ਬੱਚਿਆਂ, ਬਜ਼ੁਰਗਾਂ, ਔਰਤਾਂ ਦੇ ਵਾਰਡ, ਜਿਸ ’ਤੇ ਲਿਖਿਆ ਸੀ ‘ਆਪਣਾ ਘਰ’ ਤਾਂ ਸਾਰੇ ਹੀ ਅੱਗੇ ਹੋ ਹੋ ਕੇ ਮਿਲਦੇ, ਸਾਸਰੀਕਾਲ ਬੁਲਾਉਂਦੇ। ਜਿਸਦਾ ਵੀ ਹੱਥ ਫੜਦੇ, ਉਹ ਕਲਾਵੇ ਵਿੱਚ ਹੀ ਲੈ ਲੈਂਦਾ। ਬਾਹਰ ਦੀ ਦੁਨੀਆਂ ਤੋਂ ਇੱਕਦਮ ਬੇਖ਼ਬਰ। ਕਾਮਨੀ ਦੀ ਕਹੀ ਗੱਲ ਚੇਤੇ ਆ ਰਹੀ ਸੀ, ਮਹਿਸੂਸ ਕਰਨ ਵਾਲੀ ਥਾਂ।

ਵਾਪਸ ਪਰਤ ਰਹੇ ਹਾਂ। ਗੱਡੀ ਤਕ ਪਹੁੰਚਣ ਨੂੰ ਹੋਏ। ਗੇਟ ਤੋਂ ਬਾਹਰ ਨਿਕਲਦਿਆਂ ਇੱਕ ਸਵਾਲ ਲੈ ਕੇ ਜਾ ਰਹੇ ਹਾਂ। ਕੀ ਆਪਸ ਵਿੱਚ ਮੇਲ-ਮਿਲਾਪ ਨਾਲ, ਪਿਆਰ ਨਾਲ, ਸਹਿਹੋਂਦ ਨਾਲ ਰਹਿਣ ਲਈ, ਗੂੰਗੇ-ਬੋਲੇ, ਪਿੰਗਲੇ ਹੋਣਾ ਪੈਂਦਾ ਹੈ, ਇਹ ਪਿੰਗਲੇ-ਲਾਵਾਰਿਸ ਨਹੀਂ। ਇੱਕ ਦੂਸਰੇ ਦੇ ਵਾਰਿਸ ਹਨ। ਇਨ੍ਹਾਂ ਦਾ ਕੋਈ ਅਜਿਹਾ ਵਾਰਿਸ ਹੈ, ਜੋ ਇਨ੍ਹਾਂ ਨੂੰ ਇਸ ਕੁਦਰਤ ਤੋਂ ਮਿਲੀ ਕਮੀ ਨੂੰ, ਘਾਟ ਨੂੰ ਮਹਿਸੂਸ ਹੀ ਨਹੀਂ ਹੋਣ ਦਿੰਦਾ। ਇਹ ਲਾਵਾਰਿਸ ਨਹੀਂ? ਬਾਵਾਰਿਸ ਹਨ। ਇਹ ਖਿਆਲ ਆਇਆ ਹੈ ਤੇ ਗੱਡੀ ਸੜਕ ’ਤੇ ਚੜ੍ਹ ਗਈ।

ਬੁੱਲੇਸ਼ਾਹ ਚੇਤੇ ਆਇਆ, ਜਿਸਦੀ ਚਾਹਤ ਇਸ ਕਾਫ਼ੀ ਵਿੱਚ ਵੀ ਝਲਕਦੀ ਹੈ, ‘ਚੱਲ ਬੁੱਲਿਆ ਚੱਲ ਉੱਥੇ ਚੱਲੀਏ, ਜਿੱਥੇ ਵਸਣ ਗੰਗੇ-ਅੰਨ੍ਹੇ, ਨਾ ਕੋਈ ਸਾਡੀ ਜਾਤ ਪਛਾਣੇ, ਨਾ ਕੋਈ ਸਾਨੂੰ ਮੰਨੇ।’

ਇਹ ਕਲਪਨਾ ਨਾਲ ਬੁਣੀ ਕਹਾਣੀ ਹੈ। ਧਾਗਾ ਮੇਰੇ ਕੋਲ ਪਿਆ ਸੀ। ਧਾਗੇ ਨਾਲ ਬੁਣਤੀ ਤੇ ਬਣਤਰ? ਕਲਪਨਾ ਸਾਹਿਤ ਦਾ, ਕਿਸੇ ਵੀ ਸਿਰਜਣਾ ਦਾ ਅਹਿਮ ਹਿੱਸਾ ਹੈ। ਉਂਜ ਕਲਪਨਾ ਅਤੇ ਸਿਰਜਣਾ ਦਾ ਹੁਨਰ ਮਨੁੱਖ ਦੇ ਹਿੱਸੇ ਆਇਆ ਹੈ। ਇਸ ਖਾਸੇ ਕਰਕੇ ਉਹ ਕੁਦਰਤ ਨੂੰ ਵੀ ਚੁਣੌਤੀ ਦੇਣ ਦੇ ਕਾਬਲ ਹੋ ਸਕਿਆ ਹੈ। ਪਿੰਗਲਵਾੜਾ ਵੀ ਕੁਦਰਤ ਦੇ ਨੇਮਾਂ ਦੇ ਉਲਟ ਭੁਗਤ ਰਹੇ ਇਨਸਾਨ ਦੀ ਵੀ ਗੱਲ ਕਰਦਾ ਹੈ ਤੇ ਕੁਦਰਤ ਨਾਲ ਛੇੜਛਾੜ ਕਰਨ ਦੇ ਨਤੀਜੇ ਨੂੰ ਆਪਣੇ ਸੁਰ-ਤਾਲ ਨਾਲ ਸਾਂਭ ਵੀ ਰਿਹਾ ਹੈ। ਉਸ ਨੇ ਮਨੁੱਖ ਵੱਲੋਂ ਪੈਦਾ ਕੀਤੀ ਇਸ ਚੁਣੌਤੀ ਨੂੰ ਸਵੀਕਾਰਿਆ ਹੈ।

ਅੰਮ੍ਰਿਤਸਰ ਵਿੱਚ ਮੇਰਾ ਆਉਣਾ ਹੋਇਆ ਤਾਂ ਸਾਡੇ ਵਿਭਾਗ ਦੀ ਇੱਕ ਸ਼ਾਖਾ, ਵੈਕਸੀਨੇਸ਼ਨ ਸੈਂਟਰ, ਦਰਬਾਰ ਸਾਹਿਬ ਦੇ ਬਿਲਕੁਲ ਨੇੜੇ ਹੈ। ਕਿਸੇ ਵਪਾਰੀ ਨੇ ਕਿਸੇ ਸਮੇਂ ਦਾਨ ਕੀਤੀ ਹੈ ਇਹ ਥਾਂ, ਵਿਭਾਗ ਦਾ ਹਿੱਸਾ ਹੋਣ ਨਾਤੇ ਹਫ਼ਤੇ-ਪੰਦਰਾਂ ਦਿਨਾ ਬਾਅਦ ਮੈਂ ਉੱਥੇ ਜਾਂਦਾ। ਉੱਥੇ ਹਰਿਮੰਦਰ ਸਾਹਬ ਦੇ ਬਾਹਰ ਇੱਕ ਫ਼ਕੀਰ ਨੁਮਾ ਭੇਸ ਵਿੱਚ, ਇੱਕ ਸ਼ਖਸ ਬੈਠਾ ਹੁੰਦਾ। ਇੱਕ ਪਾਸੇ ਬਾਟਾ ਪਿਆ ਹੁੰਦਾ ਤੇ ਥੱਲੇ ਇੱਕ ਚਾਦਰ ਤੇ ਅਨੇਕਾਂ ਹੀ ਪੈਂਫਲੈਟ ਰੱਖੇ ਹੁੰਦੇ। ਇਨ੍ਹਾਂ ਪੈਂਫਲੈਟਾਂ ਵਿੱਚੋਂ ਕੋਈ ਆਪਣੀ ਦਿਲਚਸਪੀ ਮੁਤਾਬਕ ਚੁੱਕ ਲੈਂਦਾ। ਵਾਤਾਵਰਣ ਸਬੰਧੀ ਲੇਖ ਵੱਧ ਹੁੰਦੇ ਅਤੇ ਸਿਹਤ ਨਾਲ ਜੁੜੇ ਵੀ। ਵਾਤਾਵਰਣ ਦਾ ਸਿੱਧਾ ਰਿਸ਼ਤਾ ਸਿਹਤ ਨਾਲ ਹੈ ਹੀ। ਕਦੀ ਗੱਲ ਕਰਨ ਦਾ ਮੌਕਾ ਨਹੀਂ ਬਣਾਇਆ। ਉਂਜ ਮੌਕਾ ਮੇਲ ਦੇਖੋ, ਉਨ੍ਹਾਂ ਦੇ ਜੀਉਂਦੇ ਜੀਅ ਦਰਸ਼ਨ ਕੀਤੇ ਤੇ ਬਾਅਦ ਵਿੱਚ ਉਨ੍ਹਾਂ ਦੀਆਂ ਕਿਤਾਬਾਂ ਤੋਂ ਅਤੇ ਉਨ੍ਹਾਂ ਦੇ ਵਾਰਸ ਬੀਬੀ ਇੰਦਰਜੀਤ ਕੌਰ ਨਾਲ ਗੱਲਾਂਬਾਤਾਂ ਕਰਕੇ, ਭਗਤ ਪੂਰਨ ਸਿੰਘ ਨਾਲ ਕਾਲਪਨਿਕ ਗੁਫ਼ਤਗੂ ਕੀਤੀ। ਜਿਸ ਨੂੰ ‘ਕੁਦਰਤ ਦਾ ਹਾਣੀ’ ਸਿਰਲੇਖ ਹੇਠ ਪਿੰਗਲਵਾੜਾ ਸੰਸਥਾ ਨੇ ਛਾਪਿਆ।

ਪਿੰਗਲਵਾੜਾ ਸੰਸਥਾ ਨਾਲ ਮੇਰਾ ਪਹਿਲਾ ਵਾਸਤਾ 2009 ਵਿੱਚ ਪਿਆ ਜਦੋਂ ਮੈਨੂੰ ਲਿਖਿਆ ਪੱਤਰ ਮਿਲਿਆ, ਜਿਸ ਵਿੱਚ 5 ਅਗਸਤ 2005 ਨੂੰ ਭਗਤ ਪੂਰਨ ਸਿੰਘ ਜੀ ਦੀ 19ਵੀਂ ਬਰਸੀ ਮੌਕੇ ਸ਼ਾਮਲ ਹੋਣ ਨੂੰ ਸੱਦਾ ਆਇਆ ਤੇ ਨਾਲੇ ਇਹ ਵੀ ਸੂਚਿਤ ਕੀਤਾ ਗਿਆ ਕਿ ਮੇਰੀ ਇੱਕ ਕਿਤਾਬ ‘ਬੱਚੇ ਕਦੇ ਤੰਗ ਨਹੀਂ ਕਰਦੇ’ ਰਿਲੀਜ਼ ਕੀਤੀ ਜਾਵੇਗੀ। ਕਿਸੇ ਲੇਖਕ ਲਈ ਇਸ ਤੋਂ ਮਾਣ ਵਾਲੀ ਗੱਲ ਕੀ ਹੋਵੇਗੀ ਕਿ ਕਿਤਾਬ ਆਪੇ ਹੀ ਪੜ੍ਹਕੇ, ਚੋਣ ਕਰਕੇ ਛਾਪੀ ਜਾ ਰਹੀ ਹੋਵੇ ਤੇ ਨਾਲ ਹੀ ਰਿਲੀਜ਼ ਕੀਤੀ ਜਾ ਰਹੀ ਹੋਵੇ, ਜਦੋਂ ਕਿ ਕਿਤਾਬਾਂ ਦੇ ਛਾਪਣ ਅਤੇ ਪੜ੍ਹਨ ਦਾ ਸੰਕਟ ਹੋਵੇ। ਮੈਂ ਬਰਸੀ ਦੇ ਸਮਾਗਮ ’ਤੇ ਪਹੁੰਚਿਆ ਤਾਂ ਦੂਸਰੀ ਹੈਰਾਨੀ ਦੀ ਗੱਲ ਇਹ ਹੋਈ ਕਿ ਕਿਤਾਬ ਦੀ ਛਪਣ ਗਿਣਤੀ ਦਸ ਹਜ਼ਾਰ ਸੀ। ਲਗਾਤਾਰ ਛਪਦੀ ਇਹ ਕਿਤਾਬ ਹੁਣ ਤਕ ਚਾਲੀ ਹਜ਼ਾਰ ਛਪ ਚੁੱਕੀ ਹੈ।

ਪਿੰਗਲਵਾੜੇ ਨਾਲ ਜੁੜਨ ਦਾ ਇਹ ਮੌਕਾ ਲਗਾਤਾਰਤਾ ਵਿੱਚ ਬਦਲ ਗਿਆ। ਜੇਕਰ ਕਹਾਂ ਕਿ ਇਸ ਤੋਂ ਪਹਿਲਾਂ ਭਾਵੇਂ ਭਾਰਤ ਗਿਆਨ ਵਿਗਿਆਨ ਸੰਮਤੀ, ਤਰਕਸ਼ੀਲ ਸੁਸਾਇਟੀ ਅਤੇ ਲੇਖਕ ਸਭਾਵਾਂ ਨਾਲ ਵਾਹ-ਵਾਸਤਾ ਜ਼ਰੂਰ ਸੀ, ਪਰ ਇੱਕ ਸੰਸਥਾ ਦੇ ਵਿਆਪਕ, ਕਈ ਪੱਖਾਂ ਤੋਂ ਫੈਲੇ ਕਾਰਜਾਂ ਨੇ ਪ੍ਰਭਾਵਿਤ ਕੀਤਾ। ਸਭ ਤੋਂ ਵੱਖਰਾ ਕਾਰਜ ਸੀ ਪੁਸਤਕ ਪ੍ਰਕਾਸ਼ਨ, ਜਿਸਦੇ ਲਈ ਭਗਤ ਪੂਰਨ ਸਿੰਘ ਪ੍ਰਿਟਿੰਗ ਪ੍ਰੈੱਸ ਵੀ ਆਪਣੀ ਸੀ। ਹਜ਼ਾਰਾਂ ਦੀ ਗਿਣਤੀ ਵਿੱਚ ਕਿਤਾਬਾਂ ਛਪਦੀਆਂ ਤੇ ਮੁਫ਼ਤ ਭੇਂਟ ਹੁੰਦੀਆਂ। ਇਸ ਮੁਫ਼ਤ ਵੰਡਣ ਪਿੱਛੇ ਕਈ ਤਰ੍ਹਾਂ ਦੀਆਂ ਵਿਚਾਰਾਂ ਚੱਲਦੀਆਂ ਹਨ। ਰਾਜਨੀਤੀ ਵਿੱਚ ਮੁਫ਼ਤ ਸਹੂਲਤਾਂ ਨੂੰ, ਰੇਵੜੀਆਂ ਵੰਡਣ ਕਹਿ ਕੇ ਆਲੋਚਨਾ ਵੀ ਹੁੰਦੀ ਹੈ।

ਬੀਬੀ ਇੰਦਰਜੀਤ ਕੌਰ, ਜੋ ਅੱਜ ਇਸ ਸੰਸਥਾ ਦੀ ਕਮਾਨ ਸੰਭਾਲ ਰਹੇ ਹਨ, ਨੂੰ ਇੱਕ ਵਾਰੀ ਅਸੀਂ ਆਪਣੇ ਸਮਾਗਮ ਵਿੱਚ ਬੁਲਾਇਆ। ਉਸ ਦਿਨ ਨਵੇਂ ਸਾਲ ਦਾ ਕੈਲੰਡਰ ਵੀ ਰਿਲੀਜ਼ ਕਰਨਾ ਸੀ। ਸਟੇਜ ਤੋਂ ਐਲਾਨ ਹੋ ਰਿਹਾ ਸੀ ਕਿ ਸੌ ਰੁਪਏ ਦੇ ਦੱਸ ਕੈਲੰਡਰ ਲੈ ਕੇ ਜਾਉ ਤੇ ਆਪਣੇ ਦੋਸਤਾਂ-ਰਿਸ਼ਤੇਦਾਰਾਂ ਨੂੰ ਸ਼ੁਭ ਕਾਮਨਾਵਾਂ ਦੇ ਰੂਪ ਵਿੱਚ ਕੈਲੰਡਰ ਦਿਉ।

ਸਮਾਗਮ ਖ਼ਤਮ ਹੋਣ ’ਤੇ ਬੀਬੀ ਜੀ ਕਹਿਣ ਲੱਗੇ, ਸਾਹਿਤ ਜਾਂ ਗਿਆਨ ਸਮੱਗਰੀ ਪਿੱਛੇ ਭਗਤ ਜੀ ਦੀ ਧਾਰਨਾ ਸੀ ਕਿ ਇਹ ਮੁਫ਼ਤ ਦੇਣੇ ਚਾਹੀਦੇ ਹਨ। ਇੱਕ ਤਾਂ ਤੁਸੀਂ ਕਿਸੇ ਦੇ ਦਾਨ ਦੇਣ ਦੀ ਭਾਵਨਾ ਨੂੰ ਸੀਮਤ ਕਰ ਰਹੇ ਹੁੰਦੇ ਹੋ ਤੇ ਦੂਸਰਾ ਜਿਸ ਕੋਲ ਪੈਸੇ ਨਹੀਂ ਹੁੰਦੇ, ਉਸ ਨੂੰ ਚੰਗੇ ਵਿਚਾਰਾਂ ਤੋਂ ਵਾਂਝਾ ਰੱਖ ਰਹੇ ਹੁੰਦੇ ਹੋ।

ਅਜਿਹੀਆਂ ਹੀ ਭਾਵਨਾਵਾਂ ਨਾਲ ਲੈਸ ਹੈ ਇਹ ਸੰਸਥਾ। ਭਾਵੇਂ ਅੱਜ-ਕੱਲ੍ਹ ਬੀਬੀ ਇੰਦਰਜੀਤ ਕੌਰ ਹਨ ਤੇ ਪਹਿਲਾਂ ਭਗਤ ਪੂਰਨ ਸਿੰਘ, ਜਿਨ੍ਹਾਂ ਨੇ ਇਸਦੀ ਸਥਾਪਨਾ ਕੀਤੀ, ਪਰ ਇਨ੍ਹਾਂ ਕਾਰਜਾਂ ਪਿੱਛੇ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਵਿਚਾਰਧਾਰਾ ਹੈ ਤੇ ਉਸ ਵਿੱਚੋਂ ਵੀ ਪ੍ਰਮੁੱਖ ਤੌਰ ’ਤੇ ਬਾਬਾ ਨਾਨਕ ਜੀ ਦੀ, ਜਿਨ੍ਹਾਂ ਦੀ ਬਾਣੀ ਵਿੱਚ ਬਰਾਬਰੀ ਅਤੇ ਆਪਸੀ ਪ੍ਰੇਮ ਦਾ ਸੰਦੇਸ਼ ਹੈ, ਜਿਸਦੀ ਲੋੜ ਮਨੁੱਖਤਾ ਨੂੰ ਸਦੀਵੀ ਹੈ। ਮੇਰੇ ਕਈ ਤਰਕਸ਼ੀਲ ਸਾਥੀ, ਧਰਮ ਤੋਂ ਪਰਹੇਜ਼, ਗੁਰੇਜ਼ ਕਰਨ ਵਾਲੇ, ਅਜਿਹੀ ਸੰਸਥਾ ਤੋਂ ਦੂਰੀ ਬਣਾ ਕੇ ਰੱਖਣ ਦੀ ਗੱਲ ਕਰਦੇ ਹਨ। ਪਰ ਇੱਕ ਗੱਲ ਜੋ ਸਮਝਣ ਵਾਲੀ ਹੈ ਕਿ ਹਰ ਸੰਸਥਾ ਅਤੇ ਹਰ ਵਿਅਕਤੀ ਨੂੰ ਚਾਲਕ ਸ਼ਕਤੀ ਦੇ ਤੌਰ ’ਤੇ, ਵਿਚਾਰਧਾਰਾ ਦੀ ਲੋੜ ਹੁੰਦੀ ਹੈ। ਨਿਸ਼ਚਿਤ ਹੀ ਉਹ ਮਨੁੱਖਤਾ ਪੱਖੀ ਹੋਵੇ। ਤਰਕਸ਼ੀਲ ਸਾਥੀ ਵੀ ਡਾ. ਕੋਵੂਰ ਦੇ ਫਲਸਫੇ ਨੂੰ ਆਧਾਰ ਬਣਾ ਕੇ ਲੋਕਾਂ ਵਿੱਚ ਵਿਚਰਦੇ ਹਨ। ਡਾ. ਕੋਵੂਰ ਦੀ ਕਿਤਾਬ, ‘ਦੇਵਪੁਰਸ਼ ਹਾਰ ਗਏ’, ਤਰਕਸ਼ੀਲਾਂ ਦੀ ਕਾਰਜਪ੍ਰਣਾਲੀ ਦਾ ਧੁਰਾ ਹੈ। ਮਕਸਦ ਤਾਂ ਹੈ ਲੋਕਾਂ ਨੂੰ ਅੰਧ ਵਿਸ਼ਵਾਸ ਦੇ ਹਨੇਰੇ ਤੋਂ ਮੁਕਤ ਕਰਵਾਉਣਾ।

ਤਰਕਸ਼ੀਲ ਅਤੇ ਪਿੰਗਲਵਾੜਾ ਦੇ ਵਿਚਾਰ-ਆਧਾਰ ਅੱਡ-ਅੱਡ ਹਨ, ਪਰ ਨਤੀਜਾ ਕੀ ਹੈ? ਬਾਬਾ ਨਾਨਕ ਦਾ ਪੰਜ ਸੌ ਪੰਜਾਹ ਸਾਲਾ ਜਨਮ ਦਿਹਾੜਾ, ਪਿੰਗਲਵਾੜਾ ਸੰਸਥਾ ਨੇ ‘ਕਿਰਤੀ ਮੇਲੇ’ ਦੇ ਰੂਪ ਵਿੱਚ ਮਨਾਇਆ, ਹੱਥੀਂ ਕੰਮ ਕਰਨ ਵਾਲਿਆਂ ਦਾ ਸਨਮਾਨ ਕਰਕੇ। ਮੈਂ ਮੰਨਦਾ ਕਿ ਬਾਬਾ ਨਾਨਕ ਨੂੰ ਸਹੀ ਅਰਥਾਂ ਵਿੱਚ ਯਾਦ ਕਰਨ ਦਾ ਇਹੀ ਤਰੀਕਾ ਹੈ, ਜੋ ਤਰਕਸ਼ੀਲ ਸਾਥੀ ‘ਮਹਾਂਰਾਸ਼ਟਰ ਅੰਧ ਵਿਸ਼ਵਾਸ ਨਿਰਮੂਲਨ ਸੰਮਤੀ’ ਦੇ ਸੰਸਥਾਪਕ ਡਾ. ਨਰੇਂਦਰ ਦਬੋਲਕਰ ਦਾ ਸ਼ਹੀਦੀ ਦਿਹਾੜਾ ਮਨਾਉਂਦੇ ਹੋਏ ਲੋਕਾਂ ਨੂੰ ਸੁਚੇਤ ਕਰਨ ਦਾ ਪ੍ਰੋਗਰਾਮ ਉਲੀਕਦੇ ਹਨ।

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3973)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਡਾ. ਸ਼ਿਆਮ ਸੁੰਦਰ ਦੀਪਤੀ

ਡਾ. ਸ਼ਿਆਮ ਸੁੰਦਰ ਦੀਪਤੀ

Professor, Govt. Medical College,
Amritsar, Punjab, India.
Phone: (91 - 98158 - 08506)
Email: (drdeeptiss@gmail.com)

More articles from this author