“ਸਾਡੇ ਆਪਣੇ ਮੁਲਕ ਦੀ ਇਸ ਫਿਤਰਤ ਨੂੰ ਉਦੋਂ ਹਵਾ ਮਿਲੀ ਜਦੋਂ ...”
(21 ਅਪਰੈਲ 2020)
‘ਕਰੋਨਾ ਦਾ ਕਹਿਰ’ - ਇਹ ਸਿਰਲੇਖ ਮੀਡੀਆ ਵਿੱਚ ਲਗਾਤਾਰ ਇਸਤੇਮਾਲ ਹੋ ਰਿਹਾ ਹੈ। ਹਾਲਾਤ ਦਾ ਰੋਜ਼ਾਨਾ ਜਾਇਜ਼ਾ ਲਿਆ ਜਾ ਰਿਹਾ ਹੈ ਪਰ ਇੱਕ ਗੱਲ ਅੱਜ ਸੱਚ ਹੈ ਕਿ ਕੇਸਾਂ ਦੀ ਗਿਣਤੀ ਵਿੱਚ ਵਾਧਾ ਹੋ ਰਿਹਾ ਹੈ। ਸਾਡੇ ਮੁਲਕ ਵਿੱਚ ਇਸ ਸਥਿਤੀ ਨੂੰ ਕਾਬੂ ਹੇਠ ਕਿਹਾ ਜਾ ਰਿਹਾ ਹੈ। ਪਹਿਲੇ ਤਿੰਨ ਹਫ਼ਤਿਆਂ ਵਾਲੇ ਲੌਕਡਾਊਨ ਤੋਂ ਬਾਅਦ ਹਾਲਾਂਤ ਸਮੇਟਣ ਵੱਲ ਵਧ ਰਹੇ ਹਾਂ। ਇਹ ਸਭ ਤਕਰੀਬਨ 105 ਦਿਨਾਂ ਦੇ ਵਕਫੇ ਵਿੱਚ ਹਾਲਾਤ ਦਾ ਵਿਸ਼ਲੇਸ਼ਣ ਅਤੇ ਇਸਦੇ ਬਚਾਅ ਲਈ ਚੁੱਕੇ ਗਏ ਕਦਮ ਨਿਸ਼ਚਿਤ ਹੀ ਮਹਾਮਾਰੀ ਨੂੰ ਵਿਗਿਆਨਕ ਢੰਗ ਨਾਲ ਸਮਝਣ ਦੇ ਸਾਡੇ ਪਿਛੋਕੜ ਵਿੱਚ ਪਏ ਤਜਰਬਿਆਂ ਸਦਕਾ ਸੰਭਵ ਹੋਇਆ ਹੈ।
ਅੱਜ ਦੀ ਤਾਰੀਖ਼ ਵਿੱਚ ਸਾਡੇ ਦੇਸ਼ ਵਿੱਚ 170 ਹੌਟਸਪੌਟ ਹਨ। ਇਹ ਉਹ ਇਲਾਕੇ ਹਨ, ਜਿੱਥੇ 15 ਤੋਂ ਵੱਧ ਕੇਸ ਪੌਜ਼ੇਟਿਵ ਹਨ। ਹੁਣ ਆਉਣ ਵਾਲੇ ਇੱਕ ਹਫ਼ਤੇ ਵਿੱਚ ਇਨ੍ਹਾਂ ਦੀ ਗਿਣਤੀ ਨਾ ਵਧਣ ਦੇਣ ਦੀ ਗੱਲ ਹੈ ਤੇ ਜੋ ਗਰੀਨ ਜ਼ੋਨ ਹਨ, ਜਿੱਥੇ ਕੋਈ ਕੇਸ ਨਹੀਂ ਹੈ, ਉੱਥੇ ਕੋਈ ਕੇਸ ਨਾ ਆਵੇ, ਇਹ ਕੋਸ਼ਿਸ਼ ਹੋਵੇ।
ਦੂਸਰਾ ਪੱਖ ਹੈ ਕਿ ਕਰੋਨਾ ਕਾਰਨ ਕੀਤੇ ਲੌਕਡਾਊਨ ਨਾਲ ਰੁਕੀ ਜ਼ਿੰਦਗੀ ਅਤੇ ਗਰੀਬਾਂ ਲਈ ਵੱਖਰੀ ਤਰ੍ਹਾਂ ਦੇ ਖੌਫ਼ ਨੂੰ ਦੇਖਦੇ ਹੋਏ ਕੁਝ ਕੁ ਖੇਤਰਾਂ ਵਿੱਚ ਹਦਾਇਤਾਂ ਸਮੇਤ ਰਿਆਇਤਾਂ ਦਿੱਤੀਆਂ ਜਾ ਰਹੀਆਂ ਹਨ। ਨਿਸ਼ਚੇ ਹੀ ਪੰਜਾਬ ਸਮੇਤ ਦੇਸ਼ ਦੇ ਵੱਡੇ ਹਿੱਸੇ ਵਿੱਚ ਕਣਕ ਦੀ ਵਾਢੀ ਦਾ ਸੀਜ਼ਨ ਹੈ, ਜਿਸ ਨੂੰ ਸਾਂਭਣਾ ਬਹੁਤ ਜ਼ਰੂਰੀ ਹੈ। ਕੁਦਰਤ ਦਾ ਆਪਣਾ ਕਾਰਜ ਹੈ, ਜਿਸ ਨੂੰ ਬਹੁਤਾ ਸਮਾਂ ਅੱਗੇ ਨਹੀਂ ਪਾ ਸਕਦੇ। ਸਰੀਰਕ ਦੂਰੀ ਦੇ ਮੱਦੇਨਜ਼ਰ ਹੋਟਲ, ਰੇਸਤਰਾਂ, ਸਕੂਲ, ਕਾਲਜ, ਧਾਰਮਿਕ ਥਾਵਾਂ ਅਤੇ ਆਵਾਜਾਈ ਦੇ ਸਾਧਨ ਫਿਲਹਾਲ ਬੰਦ ਰਹਿਣਗੇ।
ਇਹ ਠੀਕ ਹੈ ਕਿ ਹਰ ਥਾਂ ’ਤੇ ਗਰੀਬਾਂ-ਮਜ਼ਦੂਰਾਂ ਦੀ ਮੰਦਹਾਲੀ ਤੇ ਬਦਹਾਲੀ ਦਾ ਜ਼ਿਕਰ ਹੋ ਰਿਹਾ ਹੈ। ਉਨ੍ਹਾਂ ਦੀ ਭੁੱਖ ਦੀ ਤਸਵੀਰ ਸਾਡੇ ਰੂਬਰੂ ਹੋ ਰਹੀ ਹੈ। ਪੰਜਾਬ ਦੇ ਹਾਲਾਤ ਦੇਸ਼ ਨਾਲੋਂ ਤੁਲਨਾਤਮਕ ਘੱਟ ਪ੍ਰੇਸ਼ਾਨ ਕਰਨ ਵਾਲੇ ਹਨ ਪਰ ਪੂਰੀ ਤਰ੍ਹਾਂ ਸੁਖਾਵੇਂ ਨਹੀਂ ਹਨ। ਇਨ੍ਹਾਂ ਦ੍ਰਿਸ਼ਾਂ ਤੋਂ ਵੱਧ ਤਕਲੀਫ਼ਦੇਹ, ਕਰੋਨਾ ਦੀ ਬਿਮਾਰੀ ਤੋਂ ਵੀ ਵੱਧ ਘਾਤਕ ਬਣ ਕੇ ਉੱਭਰ ਰਿਹਾ ਫਿਰਕਾਪ੍ਰਸਤੀ ਦਾ ਜ਼ਹਿਰ ਹੈ, ਜੋ ਤਕਰੀਬਨ ਸਾਰੇ ਦੇਸ਼ ਅਤੇ ਹਰ ਸਮਾਜਿਕ ਤਬਕੇ ਵਿੱਚ ਘਰ ਕਰ ਗਿਆ ਹੈ। ਫਿਰਕੂ ਵੰਡ ਦਾ ਮਾਹੌਲ ਭਾਵੇਂ ਪਹਿਲਾਂ ਵੀ ਰਿਹਾ ਹੈ ਪਰ ਇਸ ਨਾਲ ਪਿਛਲੇ ਕੁਝ ਸਮੇਂ ਤੋਂ ਲਗਾਤਾਰ ਸਿੱਝਿਆ ਗਿਆ ਹੈ। ਜਦੋਂ ਇਸ ਹਾਲਤ ਤੋਂ ਪਹਿਲਾਂ ਸਕੂਲ ਵਿੱਚ ਮੁਸਲਮਾਨ ਵਿਦਿਆਰਥੀਆਂ ਲਈ ਵੱਖਰੀ ਕਲਾਸ ਹੋ ਸਕਦੀ ਹੈ ਤਾਂ ਹੁਣ ਮੁਸਲਮਾਨਾਂ ਲਈ ਹਸਪਤਾਲ ਵਿੱਚ ਵੱਖਰਾ ਵਾਰਡ ਕੋਈ ਬਹੁਤੀ ਹੈਰਾਨ ਕਰਨ ਵਾਲੀ ਘਟਨਾ ਨਹੀਂ ਲਗਦੀ। ਕਰੋਨਾ ਬਿਮਾਰੀ ਦੀ ਸ਼ੁਰੂਆਤ ਅਤੇ ਸਾਡੇ ਦੇਸ਼ ਤੋਂ ਪਹਿਲਾਂ ਚੀਨ, ਇਰਾਨ, ਇਟਲੀ ਅਤੇ ਹੋਰ ਯੂਰੋਪੀਅਨ ਦੇਸ਼ਾਂ ਵਿੱਚ ਇਸਦਾ ਕਹਿਰ ਦੇਖਦੇ ਹੋਏ, ਸਾਰੀ ਦੁਨੀਆਂ ਨੂੰ ਖੜੋਤ ਵਿੱਚ ਆਇਆ ਦੇਖ ਕੇ ਲਗਦਾ ਸੀ, ਹੁਣ ਸਾਰੇ ਮੁਲਕ ਇੱਕ ਵਾਰੀ ਜ਼ਰੂਰ ਸਿਰ ਜੋੜ ਕੇ ਸੋਚਣਗੇ ਕਿ ਇਸ ਦੁਨੀਆਂ ਨੂੰ ਨਵੇਂ ਸਿਰੇ ਤੋਂ ਸਮਝੀਏ ਤੇ ਸਿਰਜੀਏ। ਜਦਕਿ ਕਰੋਨਾ ਜੰਗ, ਮਨੁੱਖੀ ਜੰਗ ਵਿੱਚ ਤਬਦੀਲ ਹੋ ਕੇ ਇੱਕ ਦੂਸਰੇ ’ਤੇ ਦੋਸ਼ ਮੜ੍ਹਨ ਦੀ ਜੰਗ ਬਣਨੀ ਸ਼ੁਰੂ ਹੋ ਗਈ ਹੈ।
ਸਾਡੇ ਆਪਣੇ ਮੁਲਕ ਦੀ ਇਸ ਫਿਤਰਤ ਨੂੰ ਉਦੋਂ ਹਵਾ ਮਿਲੀ ਜਦੋਂ ਬਿਮਾਰੀ ਦੇ ਫੈਲਾਅ ਲਈ ਤਬਲੀਗੀ ਜਮਾਤ ਨੂੰ ਕਾਰਨ ਮੰਨ ਲਿਆ। ਇਸ ਤੋਂ ਬਾਅਦ ਇਹ ਤਬਲੀਗੀ ਜਮਾਤ ਦੇਸ਼ ਦੇ 20 ਕਰੋੜ ਤੋਂ ਵੱਧ ਆਬਾਦੀ ਵਾਲੇ ਲੋਕਾਂ ਤੱਕ ਫੈਲ ਗਈ। ਮਜ਼ਦੂਰਾਂ-ਕਾਮਿਆਂ ਦੀ ਦੁਰਗਤੀ ਨੂੰ ਲੈ ਕੇ ਵੱਡੀ ਗਿਣਤੀ ਲੋਕਾਂ ਨੇ ਚਿੰਤਾ ਦਰਸਾਈ ਹੈ ਪਰ ਜਦੋਂ ਉਹ ਆਪਣੀ ਔਖਿਆਈ ਅਤੇ ਹਾਲਤ ਦੀ ਬਦਹਾਲੀ ਕਾਰਨ ਭੁੱਖ ਨਾਲ ਲੜਨ ਅਤੇ ਪਰਿਵਾਰਾਂ ਦੀ ਫਿਕਰ ਤਹਿਤ ਇਕੱਠੇ ਹੋਏ ਤਾਂ ਕਿਸੇ ਨੂੰ ਉਨ੍ਹਾਂ ਦੇ ਚਿਹਰਿਆਂ ਦੀ ਘਬਰਾਹਟ ਅਤੇ ਦਰਦ ਨਜ਼ਰ ਨਾ ਆਇਆ ਸਗੋਂ ਨਾਲ ਲਗਦੀ ਮਸਜਿਦ ਨਜ਼ਰ ਆਈ। ਅਜਿਹੇ ਹਾਲਾਤ ਸੂਰਤ, ਦਿੱਲੀ ਅਤੇ ਲੁਧਿਆਣਾ ਵਿੱਚ ਵੀ ਨਜ਼ਰ ਆਏ।
ਫਿਰਕਾਪ੍ਰਸਤੀ ਦੇ ਇਸ ਜ਼ਹਿਰ ਦਾ ਅਸਰ ਹੁਣ ਆਮ ਆਦਮੀ ਦੀਆਂ ਰਗਾਂ ਵਿੱਚ ਪਹੁੰਚ ਗਿਆ ਸਾਫ਼ ਦਿਸਦਾ ਹੈ, ਜਦੋਂ ਉਹ ਆਧਾਰ ਕਾਰਡ ਦੇਖ ਕੇ ਜਾਂ ਨਾ ਪੁੱਛ ਕੇ ਸਬਜ਼ੀ ਲੈਂਦੇ ਅਤੇ ਦੁੱਧ ਖ਼ਰੀਦਦੇ ਹਨ। ਪੰਜਾਬ ਵਿੱਚ ਵੀ ਦੁੱਧ ਦੇ ਉਦਯੋਗ ਨੂੰ ਵੱਡੀ ਪੱਧਰ ’ਤੇ ਸਾਂਭੀ ਬੈਠੇ ਗੁੱਜਰਾਂ ਨੂੰ ਪਿੰਡ ਵੜਨ ਤੋਂ ਹੀ ਰੋਕ ਦਿੱਤਾ ਗਿਆ। ਸਾਰੀ ਦੁਨੀਆਂ ਵਿੱਚ ਸਾਇੰਸਦਾਨ ਇਸ ਵਾਇਰਸ ਦੀ ਬਣਤਰ ਅਤੇ ਵਿਹਾਰ ਬਾਰੇ ਖੋਜਾਂ ਕਰ ਰਹੇ ਹਨ। ਇਸਦੀ ਕਿਸਮ ਜਾਣਨ ਲਈ ਪਤਾ ਲਗਾ ਰਹੇ ਹਨ ਕਿ ਇਹ ਚਮਗਾਦੜ ਵੱਲੋਂ ਆਇਆ ਜਾਂ ਪੈਂਗੁਇਨ ਵੱਲੋਂ ਤਾਂ ਕਿ ਉਸ ਮੁਤਾਬਕ ਦਵਾਈਆਂ ਅਤੇ ਵੈਕਸੀਨ ਤਿਆਰ ਕੀਤੀ ਜਾ ਸਕੇ ਪਰ ਸਾਡੇ ਮੁਲਕ ਦੇ ਗਿਆਨ ਦਾ ਸਿਖ਼ਰ ਦੇਖੋ ਕਿ ਅਸੀਂ ਲੱਭ ਲਿਆ ਹੈ ਕਿ ਇਹ ਮੁਸਲਮਾਨਾਂ ਵੱਲੋਂ ਆਇਆ, ਫੈਲਾਇਆ ਵਾਇਰਸ ਹੈ।
*****
(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(2071)
(ਸਰੋਕਾਰ ਨਾਲ ਸੰਪਰਕ ਲਈ:This email address is being protected from spambots. You need JavaScript enabled to view it.)