ShyamSDeepti7ਵਿਭਾਗ ਵਿੱਚ ਜੋ ਵੀ ਮਰੀਜ਼ ਆਉਂਦਾ, ਐੱਮ.ਡੀ. ਕਰ ਰਹੇ ਵਿਦਿਆਰਥੀ ਉਸ ਦੀ ਪੂਰੀ ਘੋਖ-ਪੜਤਾਲ ...
(14 ਮਾਰਚ 2023)
ਇਸ ਸਮੇਂ ਪਾਠਕ: 163.


ਆਪਣੇ ਹੋਸਟਲ ਦੇ ਕਮਰੇ ਵਿੱਚੋਂ ਬਾਹਰ ਨਿਕਲ
, ਮਨੋਰੋਗ ਵਿਭਾਗ ਵੱਲ ਜਾਂਦਿਆਂ ਪ੍ਰੇਮ ਖੋਸਲਾ ਰਾਹ ਵਿੱਚ ਹੀ ਮਿਲ ਗਿਆਉਹ ਸ਼ਹਿਰੋਂ ਆਪਣੇ ਘਰੋਂ ਆਉਂਦਾ ਸੀਮੈਂ ਪੁੱਛ ਲਿਆ, “ਕੱਲ੍ਹ ਤੇਰੀ ਕਜ਼ਨ ਮਿਲੀ ਸੀ ਨਾ, ਜੋ ਸਿਰ ਦਰਦ ਰਹਿਣ ਬਾਰੇ ਕਹਿ ਰਹੀ ਸੀ … …।”

ਮੇਰੀ ਗੱਲ ਪੂਰੀ ਹੋਣ ਤੋਂ ਪਹਿਲਾਂ ਹੀ ਉਸਨੇ ਜਵਾਬ ਦਿੱਤਾ, “ਤੇ ਤੂੰ ਉਸ ਨੂੰ ਆਪਣੇ ਮਨੋਰੋਗ ਵਿਭਾਗ ਵਿੱਚ ਆਉਣ ਲਈ ਕਿਹਾ ਸੀ

ਮੈਂ ਵੀ ਉਸਦੀ ਗੱਲ ਪੂਰੀ ਹੋਣ ਤੋਂ ਪਹਿਲਾਂ ਹੀ ਕਹਿ ਦਿੱਤਾ, “ਆਹੋ, ਉਸੇ ਬਾਰੇ ਪੁੱਛਣਾ ਸੀ ਕਿ ਆ ਰਹੀ ਹੈ ਫਿਰ?”

ਹੁਣ ਉਹ ਨੇ ਜਵਾਬ ਦਿੱਤਾ, “ਤੂੰ ਸੋਚ! ਉਸਨੇ ਕਿਉਂ ਆਉਣੈਂ, ਸਗੋਂ ਕਹਿੰਦੀ ਸੀ ਕਿ ਜੇ ਕਿਸੇ ਨੇ ਜਾਂਦਿਆਂ ਦੇਖ ਲਿਆ, ਮੇਰੇ ਨਾਲ ਤਾਂ ਕਿਸੇ ਨੇ ਵਿਆਹ ਹੀ ਨਹੀਂ ਕਰਵਾਉਣਾ।”

ਮੈਂ ਅੰਦਾਜ਼ਾ ਲਾ ਕੇ ਕਿਹਾ, “ਇਹ ਫ਼ਿਕਰ ਤਾਂ ਮਾਪਿਆਂ ਨੂੰ ਹੁੰਦਾ ਹੈ।”

ਉਹ ਫਿਰ ਬੋਲਿਆ, “ਉਸ ਦੀ ਮਾਂ ਨੂੰ ਇਸਦੇ ਵਿਆਹ ਦਾ ਹੀ ਫ਼ਿਕਰ ਹੈ।”

ਮੈਂ ਅੱਗੋਂ ਮਜ਼ਾਕ ਵਿੱਚ ਕਿਹਾ, “ਆ ਜੇ, ਕੀ ਪਤਾ ਮਨੋਰੋਗ ਵਿਭਾਗ ਦੇ ਕਿਸੇ ਬੰਦੇ ਦਾ ਹੀ ਮਨ ਆ ਜੇ।” ਤੇ ਮੈਂ ਨਾਲ ਹੀ ਜੋੜਿਆ, “ਹੈ ਉਸ ਵਿੱਚ ਕਾਬਲੀਅਤ?” ਉਹ ਮੁਸਕਰਾਉਂਦਾ ਹੋਇਆ ਤੁਰ ਗਿਆ ਤੇ ਮੈਂ ਆਪਣੇ ਵਿਭਾਗ ਵੱਲ

ਮਨੋਰੋਗ ਵਿਭਾਗ ਵਿੱਚ ਮੈਂ ਹਾਊਸ ਜਾੱਬ ਕੀਤੀ ਹੈਉਦੋਂ ਐੱਮ.ਬੀ.ਬੀ.ਐੱਸ. ਪੂਰੀ ਕਰਨ ਤੋਂ ਬਾਅਦ, ਇਹ ਇੱਕ ਸਾਲ ਦਾ ਟ੍ਰੇਨਿੰਗ ਤੋਂ ਵੱਧ ਆਜ਼ਾਦਾਨਾ, ਆਪਣੀ ਪੂਰੀ ਜ਼ਿੰਮੇਵਾਰੀ ਨਾਲ ਕੰਮ ਕਰਨ ਦਾ ਸਮਾਂ ਹੁੰਦਾਆਪਣੀ ਪੜ੍ਹਾਈ ਦੇ ਮੱਦੇਨਜ਼ਰ, ਖੁਦ ਫੈਸਲੇ ਲੈ ਕੇ ਇਲਾਜ ਕਰਨ ਦਾ ਸਮਾਂ, ਭਾਵੇਂ ਕਿ ਮੁਖੀਆਂ ਦੀ ਨਿਗਰਾਨੀ ਹੇਠ ਹੀਪਰ ਚੌਵੀ ਘੰਟੇ, ਸੱਤੋ ਦਿਨ, ਬਹੁਤ ਕੰਮ ਕਰਦੇ ਤੇ ਸਿੱਖਦੇਉਹ ਕੰਮ ਦਾ ਸਮਾਂ ਅੱਜ-ਕੱਲ੍ਹ ਨਹੀਂ ਹੈਹਾਉਸ ਜਾੱਬ ਨਹੀਂ ਹੁੰਦੀ, ਅੱਜ ਕੱਲ੍ਹਅਮਰੀਕੀ ਤਰਜ਼ ਦਾ ਰੈਜੀਡੈਂਸੀ ਸਿਸਟਮ ਹੈਅਸੀਂ ਪਹਿਲਾਂ ਅੰਗਰੇਜ਼ਾਂ ਤੋਂ, ਤੇ ਹੁਣ ਅਮਰੀਕਾ ਤੋਂ ਵੱਧ ਪ੍ਰਭਾਵਿਤ ਹਾਂਆਪਣੀ ਅਜ਼ਾਦਾਨਾ ਸੋਚ, ਦੇਸ਼ ਦੇ ਸੱਭਿਆਚਾਰ ਮੁਤਾਬਕ, ਲੋਕਾਂ ਦੀ ਬਣਤਰ ਦੇ ਮੱਦੇਨਜ਼ਰ ਉਨ੍ਹਾਂ ਦੀ ਲੋੜ ਮੁਤਾਬਕ ਨੀਤੀਆਂ ਨਹੀਂ ਉਲੀਕਦੇਚਾਹੇ ਸਿਹਤ ਹੈ ਤੇ ਚਾਹੇ ਸਿੱਖਿਆ, ਪਤਾ ਨਹੀਂ ਅਸੀਂ ਸੁਤੰਤਰ ਤੌਰ ’ਤੇ ਸੋਚਦੇ ਨਹੀਂ, ਜਾਂ ਕਿਸੇ ਹੋਰ ਦੇ ਕੰਮਾਂ ਨੂੰ ਵਧੀਆ ਦੇਖਣ ਦੀ, ਆਪਣੇ ਕੰਮ ਪ੍ਰਤੀ ਹੀਣਭਾਵਨਾ ਵਿੱਚੋਂ ਨਿਕਲਣਾ ਸਿੱਖਿਆ ਹੀ ਨਹੀਂ ਹੈ ਅਜੇ ਤਕ

ਉਸ ਸਮੇਂ ਇੱਕ ਸਾਲ ਦੌਰਾਨ, ਦੋ ਵਿਸ਼ਿਆਂ ਵਿੱਚ ਛੇ-ਛੇ ਮਹੀਨੇ ਦੀ ਹਾਊਸ ਜਾੱਬ ਕਰ ਸਕਦੇ ਸੀਦੂਸਰੀ ਹਾਊਸ ਜਾੱਬ ਮੈਂ ਔਰਤਾਂ ਦੀਆਂ ਬਿਮਾਰੀਆਂ, ਗਾਇਨੀ ਵਿੱਚ ਕੀਤੀਉਸ ਪਿੱਛੇ ਮੇਰੀ ਸੋਚ ਸੀ ਕਿ ਇਸ ਵਿੱਚ ਸਰਜਰੀ ਵੀ ਹੈ, ਮੈਡੀਸਨ ਵੀਔਰਤ ਦੇ ਜਣੇਪੇ ਨਾਲ ਜੁੜੇ ਵੱਡੇ-ਛੋਟੇ ਅਪਰੇਸ਼ਨ, ਸੀਜ਼ੇਰੀਅਨ, ਅਪੀਜਿਓਟਮੀ, ਗਰਭਪਾਤ ਅਤੇ ਨਾਲ ਹੀ ਗਰਭ ਦੇ ਸਮੇਂ ਦੌਰਾਨ ਮਾਵਾਂ ਅਤੇ ਗਰਭ ਵਿੱਚ ਵਧ ਰਹੇ ਬੱਚੇ ਦੀ ਸਾਂਭ-ਸੰਭਾਲ, ਬਾਕੀ ਹੋਰ ਬਿਮਾਰੀਆਂ ਦਾ ਇਲਾਜ ਜੋ ਮੈਡੀਸਨ ਵਾਲੇ ਕਰਦੇ, ਸਿੱਖਣ ਦਾ ਮੌਕਾ ਮਿਲੇਗਾਇਹਨਾਂ ਛੇ ਮਹੀਨਿਆਂ ਦੌਰਾਨ ਕੀਤੀ ਡਿਊਟੀ ਵਿੱਚ ਮੈਂ ਮਰੀਜ਼ਾਂ ਨੂੰ ਬਲੱਡ ਅਤੇ ਗੁਲੂਕੋਸ਼ ਚੜ੍ਹਾਉਣੇ, ਟਾਂਕੇ ਲਗਾਉਣੇ ਸਿੱਖੇਵਿਭਾਗ ਦੇ ਮੁਖੀ ਡਾ. ਏ.ਆਰ. ਸਰੀਨ ਨੇ ਵਿਸ਼ੇਸ਼ ਤੌਰ ’ਤੇ ਮੋਹ ਦਿਖਾਇਆ ਤੇ ਉਚੇਚੇ ਤੌਰ ’ਤੇ ਸਭ ਸਿਖਾਇਆਸਜੇਰੀਅਨ ਕਰਨ ਵੇਲੇ ਮੈਨੂੰ ਨਾਲ ਖੜ੍ਹਾ ਕਰਦੇ

ਜੇਕਰ ਉਸ ਸਿਖਲਾਈ ਨੂੰ ਅਤੇ ਅੱਜ ਦੇ ਸਾਢੇ ਪੰਜ ਸਾਲ ਦੇ ਕੋਰਸ ਮਗਰੋਂ, ਜਿਸ ਵਿੱਚ ਇੱਕ ਸਾਲ ਦੀ ਇੰਟਰਨਸ਼ਿੱਪ ਵੀ ਸ਼ਾਮਿਲ ਹੈ, ਕੋਈ ਵੀ ਐੱਮ.ਬੀ.ਬੀ.ਐੱਸ. ਦੀ ਡਿਗਰੀ ਹਾਸਲ ਕਰਨ ਵਾਲਾ ਵਿਦਿਆਰਥੀ, ਪੂਰੇ ਭਰੋਸੇ ਨਾਲ ਕੋਈ ਟੀਕਾ ਵੀ ਲੱਗਾ ਸਕਦਾ ਹੋਵੇ, ਸ਼ੱਕ ਹੈ, ਗੁਲੂਕੋਸ਼ ਚੜ੍ਹਾਉਣਾ ਤਾਂ ਦੂਰ ਦੀ ਗੱਲ ਹੈ ਇਸਦਾ ਵੱਡਾ ਕਾਰਨ ਮੈਡੀਕਲ ਵਿੱਚ ਦਾਖਲਾ ਲੈਣ ਵਿੱਚ ਕੀਤੀ ਗਈ ਵੱਡੀ ਤਬਦੀਲੀ ਕਰਕੇ ਹੈ ਐੱਮ.ਬੀ.ਬੀ.ਐੱਸ. ਦੇ ਦਾਖਲੇ ਲਈ ਜਿਵੇਂ ਗਿਆਰ੍ਹਵੀਂ-ਬਾਰ੍ਹਵੀਂ ਦੇ ਜਾਅਲੀ ਦਾਖਲੇ ਹੁੰਦੇ ਹਨ ਤੇ ਬੱਚੇ ਕੋਚਿੰਗ ਸੈਂਟਰਾਂ ’ਤੇ ਤਿਆਰੀ ਕਰਦੇ ਹਨ, ਉਸੇ ਤਰ੍ਹਾਂ ਐੱਮ.ਬੀ.ਬੀ.ਐੱਸ. ਦੀ ਪੜ੍ਹਾਈ ਦੌਰਾਨ, ਪੂਰੀ ਟੇਕ ਐੱਮ.ਡੀ. ਵਿੱਚ ਦਾਖਲੇ ਲਈ ਤਿਆਰੀ ’ਤੇ ਹੁੰਦੀ ਹੈਇੰਟਰਨਸ਼ਿੱਪ ਟ੍ਰੇਨਿੰਗ ਦਾ ਸਮਾਂ ਤਾਂ ‘ਨੀਟ’ (ਨੈਸ਼ਨਲ ਇਗਜ਼ਾਮੀਨੇਸ਼ਨ ਏਨਟਰੈਂਸ ਟੈਸਟ) ਦੀ ਤਿਆਰੀ ਵਿੱਚ ਬਦਲ ਗਿਆ ਹੈ ਤੇ ਬਾਕੀ ਦੇ ਸਮੇਂ ਦੌਰਾਨ ਵੀ ਧਿਆਨ ਉੱਧਰ ਹੀ ਰਹਿੰਦਾ ਹੈ

ਉਹੀ ਗੱਲ ਸਰਕਾਰਾਂ ਦੇ ਫੈਸਲੇ, ਰੈਜ਼ੀਡੈਂਸੀ ਪੈਟਰਨ, ਹਾਊਸ ਜਾੱਬ ਖ਼ਤਮਨਤੀਜਾ ਹੈ ਕਿ ਪੇਂਡੂ ਸਿਹਤ ਸੇਵਾਵਾਂ ਨੂੰ ਵਧੀਆ ਸਿਹਤ-ਸੰਭਾਲ ਨਹੀਂ ਮਿਲ ਰਹੀਮਾਹਿਰ ਅਤੇ ਸੁਪਰ ਮਾਹਿਰ ਪੜ੍ਹਾਈ ਦੇ ਚੱਕਰ ਵਿੱਚ ਨਿਮਨ ਅਤੇ ਮੱਧ ਵਰਗ ਵੀ ਸਿਹਤ ਸਹੂਲਤਾਂ ਤੋਂ ਵਾਂਝੇ ਰਹਿ ਰਹੇ ਹਨਇੱਕ ਪ੍ਰਚਾਰ ਹੈ ਬੜਾ ਪ੍ਰਭਾਵਸ਼ਾਲੀ ਕਿ ਐੱਮ.ਬੀ.ਬੀ.ਐੱਸ. ਡਾਕਟਰ ਦੀ ਪੜ੍ਹਾਈ ਦੀ ਕੋਈ ਵੁੱਕਤ ਨਹੀਂ ਹੈਜਾਂ ਇਹ ਪ੍ਰਭਾਵ ਕਿ ਐੱਮ.ਬੀ.ਬੀ.ਐੱਸ. ਕੀਤਾ ਡਾਕਟਰ ਪਿੰਡ ਨੌਕਰੀ ਕਰਨ ਜਾਂਦਾ ਹੀ ਨਹੀਂ। ’ਤੇ ਨਤੀਜਾ ਇਹ ਹੈ ਕਿ ਸਾਰੀਆਂ ਪੇਂਡੂ ਡਿਸਪੈਂਸਰੀਆਂ ਖਾਲੀ ਹਨ, ਡਾਕਟਰਾਂ ਵਿਹਣੀਆਂਕੀ ਸਰਕਾਰਾਂ ਚਾਹੁਣ ਤਾਂ ਉਹ ਕੰਮ ਨਹੀਂ ਲੈ ਸਕਦੀਆਂ?

ਮੈਂ ਆਪਣੇ ਵਿਭਾਗ ਪਹੁੰਚ ਜਾਂਦਾ ਹਾਂਮਨੋਰੋਗ ਵਿਭਾਗ ਵਿੱਚ ਕੰਮ ਕਰਨਾ ਮੇਰੀ ਚਾਹਤ ਸੀਇਸ ਤਰ੍ਹਾਂ, ਹਾਊਸ ਜਾੱਬ, ਅੱਗੋਂ ਐੱਮ.ਡੀ. ਕਰਨ ਲਈ ਅਧਾਰ ਵੀ ਤਿਆਰ ਕਰਦਾ ਸੀਆਪਣੀ ਦਿਲਚਸਪੀ ਮੁਤਾਬਕ ਹਾਊਸ ਜਾੱਬ ਦੇ ਵਿਭਾਗ ਦੀ ਚੋਣ ਹੁੰਦੀਫਿਰ ਐੱਮ.ਡੀ. ਦੋ ਸਾਲ ਦੀ ਹੁੰਦੀਹੁਣ ਰੈਜੀਡੈਂਸੀ ਰਾਹੀਂ ਐੱਮ.ਡੀ. ਹੁੰਦੀ ਹੈ ਤੇ ਸਮਾਂ ਤਿੰਨ ਸਾਲ ਦਾ ਹੈਮਨੋਰੋਗਾਂ ਪ੍ਰਤੀ ਦਿਲਚਸਪੀ ਸ਼ਾਇਦ ਸਾਹਿਤ ਦਾ ਪਾਠਕ ਹੋਣ ਕਰਕੇ ਜਾਂ ਘਰ ਵਿੱਚ ਰਿਸ਼ਤਿਆਂ ਦੇ ਰੂਪਾਂ ਦੇ ਰੂਬਰੂ ਹੋਣ ਕਰਕੇ, ਅੰਮ੍ਰਿਤਾ ਪ੍ਰੀਤਮ ਅਤੇ ਗ਼ਾਲਿਬ ਦੀ ਸ਼ਾਇਰੀ ਕਰਕੇ ਸੀ ਜਾਂ ਆਪਣੀ ਹੀ ਤਰਬੀਅਤ ਇਸ ਤਰ੍ਹਾਂ ਸੀ, ਜੋ ਸੀ, ਮਨ ਸੀ ਕਿ ਜੇ ਕਦੇ ਐੱਮ.ਡੀ. ਕਰਨ ਦਾ ਮਾਹੌਲ ਬਣਿਆ ਤਾਂ ਇਸ ਵਿਸ਼ੇ ਵਿੱਚ ਕਰਾਂਗਾ

ਵਿਭਾਗ ਵਿੱਚ ਜੋ ਵੀ ਮਰੀਜ਼ ਆਉਂਦਾ, ਐੱਮ.ਡੀ. ਕਰ ਰਹੇ ਵਿਦਿਆਰਥੀ ਉਸ ਦੀ ਪੂਰੀ ਘੋਖ-ਪੜਤਾਲ, ਛਾਣ-ਬੀਣ ਕਰਦੇ, ਉਸ ਦੇ ਜਨਮ, ਬਚਪਨ, ਪੜ੍ਹਾਈ, ਰਿਸ਼ਤਿਆਂ-ਦੋਸਤੀਆਂ ਬਾਰੇ ਦੋ-ਢਾਈ ਘੰਟੇ ਲਗਾ ਕੇ ਜਾਣਦੇ ਕਿ ਚਿੱਤ ਖਰਾਬ ਕਿਉਂ ਹੈ? ਸਭ ਕੁਝ ਜਾਣ ਕੇ, ਅੰਦਾਜ਼ੇ ਨਾਲ ਬਿਮਾਰੀ ਤਕ ਪਹੁੰਚ ਕੇ, ਮੁਖੀ ਕੋਲ ਆਉਂਦੇਵਿਸਥਾਰ ਵਿੱਚ ਪੁੱਛੇ ਸਾਰੇ ਤੱਥਾਂ ਦਾ ਸੰਖੇਪ ਦੱਸਦੇ, ਮੁਖੀ ਉਨ੍ਹਾਂ ਵਿਦਿਆਰਥੀਆਂ ਨੂੰ ਪੜ੍ਹਾਉਣ ਦੇ ਲਹਿਜ਼ੇ ਵਿੱਚ ਕੁਝ ਹੋਰ ਪੁੱਛਦਾ ਤੇ ਦਵਾਈ ਲਿਖ ਕੇ ਭੇਜ ਦਿੰਦਾਜੋ ਮਰੀਜ਼ ਦੂਸਰੀ-ਤੀਸਰੀ ਵਾਰ ਆਉਂਦਾ, ਉਹ ਸਿੱਧਾ ਮੁਖੀ ਜਾਂ ਹੋਰ ਡਾਕਟਰ ਨੂੰ ਦਿਖਾ ਆਉਂਦਾਮੈਂ ਕਦੇ ਐੱਮ.ਡੀ. ਕਰ ਰਹੇ ਡਾਕਟਰਾਂ ਕੋਲ, ਕਦੇ ਮੁਖੀ ਦੇ ਨਾਲ ਬੈਠਦਾ

ਇੱਕ ਦਿਨ ਮੈਂ ਵਿਭਾਗ ਦੇ ਮੁਖੀ ਨਾਲ ਬੈਠਾ ਸੀ ਤੇ ਇੱਕ ਨੌਜਵਾਨ ਆਇਆ, ਪਰਚੀ ਅੱਗੇ ਕੀਤੀ ਤਾਂ ਡਾਕਟਰ ਸਾਹਿਬ ਨੇ ਪੁੱਛਿਆ, “ਕੀ ਹਾਲ ਹੈ ਹੁਣ।” ਲੜਕੇ ਨੇ ਕਿਹਾ, “ਫ਼ਰਕ ਹੈ” ਤਾਂ ਡਾਕਟਰ ਸਾਹਿਬ ਨੇ ਕਿਹਾ, “ਇਸੇ ਦਵਾਈ ਨੂੰ ਜਾਰੀ ਰੱਖੋ ਦੋ ਹਫ਼ਤੇ ਹੋਰ” ਤੇ ਨੌਜਵਾਨ ਨੇ ਪਰਚੀ ਫੜਦਿਆਂ ਕਿਹਾ, “ਮਾਤਾ ਜੀ ਨੂੰ ਲੈ ਆਵਾਂ, ਬਾਹਰ ਹੀ ਬੈਠੇ ਨੇ।” ਡਾਕਟਰ ਸਾਹਬ ਕਹਿੰਦੇ, “ਕਿਉਂ, ਲੈ ਜਾਉ ਬੱਸ ਠੀਕ ਹੈ।”

ਨੌਜਵਾਨ ਦੇ ਮੂੰਹੋਂ ਨਿਕਲਿਆ, “ਦਰਸ਼ਨ ਕਰ ਲੈਣਗੇ।” ਡਾਕਟਰ ਸਾਹਬ ਇੱਕੋ ਦਮ ਬੋਲੇ, “ਕਿਉਂ? ਮੈਂ ਕੋਈ ਬਾਬਾ ਹਾਂਲੈ ਜਾਉ।”

ਨੌਜਵਾਨ ਚਲਾ ਗਿਆਪਤਾ ਨਹੀਂ ਉਸ ਦੇ ਮਨ ’ਤੇ ਕੀ ਗੁਜ਼ਰੀ ਪਤਾ ਨਹੀਂ ਉਸ ਦੀ ਮਾਂ ਨੇ ਕੀ ਮਹਿਸੂਸ ਕੀਤਾ ਪਰ ਮੇਰਾ ਮਨ ਉਸ ਮੁਖੀ ਡਾ. ਗੁਰਮੀਤ ਸਿੰਘ ਤੋਂ ਉੱਤਰ ਗਿਆ, ਜੋ ਭਾਵੇਂ ਆਪਣੇ ਸਮੇਂ ਵਿੱਚ ਅੰਤਰਰਾਸ਼ਟਰੀ ਪੱਧਰ ਦੇ ਮਸ਼ਹੂਰ ਮਨੋਰੋਗ ਮਾਹਿਰ ਸਮਝੇ ਜਾਂਦੇ ਸੀ ਇੱਕ ਖਿਆਲ ਤਾਂ ਮੇਰੇ ਮਨ ਵਿੱਚ ਫੌਰੀ ਆਇਆ ਕਿ ਆਪਣੀ ਐੱਮ.ਡੀ. ਦੀ ਪੜ੍ਹਾਈ ਜੇਕਰ ਕਰਨੀ ਵੀ ਪਈ ਤਾਂ ਇਸ ਡਾਕਟਰ ਦੀ ਨਿਗਰਾਨੀ ਵਿੱਚ ਨਹੀਂ ਹੋ ਸਕਦੀਜਿਸ ਸ਼ਖਸ ਨੂੰ ਸਮਾਜ-ਸੱਭਿਆਚਾਰ, ਲੋਕ ਮਾਨਸਿਕਤਾ ਦਾ ਪਤਾ ਨਹੀਂ, ਉਹ ਮਨੋਰੋਗ ਮਾਹਿਰ ਹੈ? ਖੈਰ! ਕਈ ਹੋਰ ਹਾਲਾਤ ਕਰਕੇ ਮੈਂ ਮਨੋਰੋਗ ਮਾਹਿਰ ਹੋਣ ਦਾ ਵਿਧੀਵਤ ਡਾਕਟਰ ਨਾ ਬਣ ਸਕਿਆ

ਇਨ੍ਹਾਂ ਦਿਨਾਂ ਵਿੱਚ ਹੀ ਇੱਕ ਦਿਨ ਪ੍ਰੇਮ ਖੋਸਲਾ ਮੈਨੂੰ ਇੱਕ ਸਟੱਡੀ ਸਰਕਲ ਵਿੱਚ ਨਾਲ ਲੈ ਗਿਆ ਉੱਥੇ ਮੇਰੀ ਮੁਲਾਕਾਤ ਕਾਰਲ ਮਾਰਕਸ ਅਤੇ ਉਸ ਦੇ ਸਾਥੀ ਫਰੇਡਰਿਕ ਏਂਗਲ ਨਾਲ ਹੋਈਉਸ ਪਹਿਲੀ ਮੀਟਿੰਗ ਵਿੱਚ, ਦੋਹਾਂ ਵੱਲੋਂ ਤਿਆਰ ਕਮਿਊਨਿਸਟ ਪਾਰਟੀ ਦੇ ਮੈਨੀਫੈਸਟੋ ਬਾਰੇ, ਪਟਿਆਲੇ ਦੇ ਥਾਪਰ ਇੰਜਨੀਅਰਿੰਗ ਕਾਲਜ ਦੇ ਪ੍ਰੋਫੈਸਰ ਐੱਮ.ਸੀ. ਭਾਰਦਵਾਜ ਨੇ ਲੈਕਚਰ ਦਿੱਤਾਪੂਰੀ ਵਿਆਖਿਆ ਕਰਕੇ ਸਮਝਾਇਆਉਨ੍ਹਾਂ ਨੇ ਬਾਅਦ ਵਿੱਚ ਇੱਕ ਕਿਤਾਬ ‘ਬੰਬ ਜਾਂ ਰੋਟੀ’ ਵੀ ਲਿਖੀਮੈਂ ਲਗਾਤਾਰ, ਕਾਫ਼ੀ ਸਮਾਂ ਉਸ ਸਟੱਡੀ ਸਰਕਲ ਵਿੱਚ ਜਾਂਦਾ ਰਿਹਾ

ਉੱਥੇ ਮੈਨੂੰ ‘ਰੈਡੀਕਲ ਸਾਈਕੈਟਰੀ’ ਨਾਂ ਦਾ ਬੁਲੇਟਿਨ ਮਿਲਿਆਉਸ ਤੋਂ ਭਾਵ ਸੀ, ਮਨੋਰੋਗਾਂ ਦੇ ਮੂਲ ਤੱਤਵਿਭਾਗ ਵਿੱਚ, ਪੂਰੀ ਪੁੱਛ-ਗਿੱਛ ਮਗਰੋਂ ਚਰਚਾ-ਬਹਿਸ ਤੋਂ ਬਾਅਦ, ਪਰਚੀ ’ਤੇ ਲਿਖਿਆ ਜਾਂਦਾ, ਡਿਪਰੈਸ਼ਨ, ਅਬਸੈਸ਼ਨ, ਮੇਨੀਆਂ, ਫੋਬੀਆ ਜਿਨ੍ਹਾਂ ਦਾ ਪੰਜਾਬੀ ਵਿੱਚ ਤਰਜਮਾ ਬਣਦਾ, ਉਦਾਸੀ, ਖਬਤੀ, ਜਨੂੰਨੀ, ਡਰੂ ਆਦਿ

ਉਸ ਬੁਲੇਟਿਨ ਦੇ ਮੂਲ ਤੱਤਾਂ ਨੇ ਮੇਰੀ ਸਮਝ ਵਿੱਚ ਇਹ ਨਜ਼ਰੀਆ ਪਾਇਆ ਕਿ ਇਹ ਬਿਮਾਰੀਆਂ ਨਹੀਂ ਹਨ, ਇਹ ਤਾਂ ਲੱਛਣ ਹਨਉਦਾਸੀ ਤਾਂ ਪ੍ਰਗਟਾਵਾ ਹੈਉਦਾਸੀ ਦਾ ਕਾਰਨ ਕਿੱਥੇ ਹੈ?

ਵਿਭਾਗ ਨੇ ਨਹੀਂ, ਵਿਭਾਗ ਤੋਂ ਬਾਹਰ ਦੀ ਪੜ੍ਹਾਈ, ਸਟੱਡੀ ਸਰਕਲ, ਬੁਲੇਟਿਨ, ਸਾਹਿਤ, ਮਾਰਕਸ ਨਾਲ ਹੋਰ ਅੱਗੇ ਵਧੀ ਦੋਸਤੀ, ਸਮਾਜ ਵਿਗਿਆਨ ਦਾ ਅਧਿਐਨ ਤੇ ਫਿਰ ਮੈਂ ਵੱਖਰੇ ਨਜ਼ਰੀਏ ਤੋਂ ਉਦਾਸੀ ਰੋਗ ਬਾਰੇ ਲੇਖ ਲਿਖਿਆ, ਜੋ ਭਾਅ ਜੀ ਗੁਰਸ਼ਨ ਸਿੰਘ ਵੱਲੋਂ ਨਿਕਲਦੇ ਮੈਗਜ਼ੀਨ ‘ਸਮਤਾ’ ਵਿੱਚ ਛਪਿਆਇਸੇ ਤਰ੍ਹਾਂ ਹੋਰ ਮਨੋਰੋਗਾਂ ਬਾਰੇ ਲਿਖਿਆ ਗਿਆ ਅਤੇ ਇਹਨਾਂ ਲੇਖਾਂ ਦੀ ਕਿਤਾਬ ਬਣੀ, ‘ਸਮਾਜ ਅਤੇ ਮਾਨਸਿਕ ਰੋਗ’ ਇਸਦਾ ਨਵਾਂ ਰੂਪ, ‘ਮਨ ਮਾਹੌਲ ਮਨੋਰੋਗ’ ਤਰਕਸ਼ੀਲ ਸੁਸਾਇਟੀ ਪੰਜਾਬ ਨੇ ਛਾਪਿਆ ਹੈ, ਜਿਸਦੇ ਅੱਠ ਸੰਸਕਰਣ ਛਪ ਚੁੱਕੇ ਹਨਇਸ ਕਿਤਾਬ ਨੇ ਮੈਨੂੰ ਮਨੋਰੋਗ ਮਾਹਿਰਾਂ ਦੀ ਸੂਚੀ ਵਿੱਚ ਲਿਆ ਖੜ੍ਹਾ ਕੀਤਾਬਿਨਾਂ ਮਾਹਿਰ ਡਿਗਰੀ ਦੇ

ਮੈਡੀਕਲ ਕਾਲਜ ਦੇ ਚਿੰਨ੍ਹ (ਇਨਸਿਗਨਿਆ) ਵਿੱਚ ਦਰਜ ਗੁਰਬਾਣੀ ਦਾ ਵਾਕ, ‘ਰੋਗੁ ਦਾਰੂ ਦੋਵੇਂ ਬੁਝੈ ਤਾਂ ਵੈਦੁ ਸੁਜਾਣੁ’ ਉਸ ਦੇ ਤਹਿਤ ਬਿਮਾਰੀ ਤਾਂ ਲੱਭੀ ਗਈ ਤੇ ਇਲਾਜ ਹੁੰਦਾ, ਐਂਟੀ ਡਿਪਰੈੱਸੈਂਟ ਨਾਲਜਦੋਂ ਤਕ ਦਵਾਈ ਤਦ ਤਕ ਚਿੱਤ ਠੀਕਦਵਾਈ ਬੰਦ ਤਾਂ ਫਿਰ ਉਹੀ ਹਾਲਤਤਾਂ ਹੀ ਤਾਂ ਮਨੋਰੋਗਾਂ ਪ੍ਰਤੀ ਪ੍ਰਚਲਿਤ ਹੁੰਦਾ, ‘ਵਨਸ ਏ ਪੇਸ਼ੈਂਟ ਆਫ ਸਾਇਕੈਟਰੀ ਆਲਵੇਜ਼ ਏ ਪੈਸ਼ੈਟ ਆਫ ਸਾਈਕੈਟਰੀ’ ਮਤਲਬ ਇੱਕ ਵਾਰੀ ਮਾਨਸਿਕ ਰੋਗੀ, ਤਾਉਮਰ ਮਾਨਸਿਕ ਰੋਗੀਕੋਈ ਟਾਵਾਂ-ਟਾਵਾਂ ਹੀ ਇਸ ਤੋਂ ਛੁਟਕਾਰਾ ਪਾਉਂਦਾਉਹ ਵੀ ਦਵਾਈਆਂ ਨਾਲ ਨਹੀਂ, ਕਿਸ ਹੋਰ ਜ਼ਰੀਏ, ਮਨੋਵਿਗਿਆਨੀ ਤੋਂ ਕੌਂਸਲਿੰਗ ਰਾਹੀਂ

ਜਿਸ ਤਰ੍ਹਾਂ ਕਿ ਹਾਊਸ ਜਾੱਬ ਦਾ ਸਮਾਂ ਐੱਮ.ਡੀ. ਦੇ ਲਈ ਆਧਾਰ ਸੀ ਪਰ ਐੱਮ. ਡੀ. ਕਰਨ ਵਾਲੇ ਵਿਦਿਆਰਥੀਆਂ ਨੂੰ ਕੋਈ ਭੱਤਾ ਨਹੀਂ ਸੀ ਮਿਲਦਾ ਐੱਮ.ਡੀ. ਦੀ ਪੜ੍ਹਾਈ ਦੇ ਲਈ ਦੋ ਸਾਲਾਂ ਲਈ ਘਰੋਂ ਮਦਦ ਲੈਣੀ ਪੈਂਦੀਹਾਊਸ ਜਾੱਬ ਵਿੱਚ ਸਾਢੇ ਪੰਜ ਸੌ ਰੁਪਏ ਮਿਲਦੇਘਰ ਦੀ ਹਾਲਤ ਅਜਿਹੀ ਸੀ ਕਿ ਉਨ੍ਹਾਂ ਨੂੰ ਤਾਂ ਖ਼ੁਦ ਮਦਦ ਦੀ ਲੋੜ ਸੀ, ਹੁਣ ਘਰ ਦੇ ਹਾਲਾਤ ਇਸ ਹੱਕ ਵਿੱਚ ਨਹੀਂ ਸਨਸਥਿਤੀ ਸਪਸ਼ਟ ਸੀ

ਇਨ੍ਹੀ ਦਿਨੀਂ ਕਾਲਜ ਵਿੱਚ ਹੜਤਾਲ ਹੋ ਗਈਕਾਲੇਜ ਦੇ ਵਿਦਿਆਰਥੀਆਂ ਦੀਆਂ ਹੋਰ ਮੰਗਾਂ ਨਾਲ ਇੱਕ ਮੰਗ ਸੀ ਐੱਮ. ਡੀ. ਦੌਰਾਨ ਭੱਤਾ ਸ਼ੁਰੂ ਕਰਨ ਦੀ ਇੱਕ ਹਫਤਾ ਹੜਤਾਲ ਚੱਲੀਜਿਵੇਂ ਕਿ ਸਰਕਾਰਾਂ ਬੁਲਾ ਲੈਂਦੀਆਂ ਨੇ, ਕੁਝ ਵਾਅਦੇ ਕਰਦੀਆਂ ਨੇ, ਕੁਝ ਮੰਨ ਲੈਂਦੀਆਂ ਨੇਹੜਤਾਲ ਖ਼ਤਮ ਹੋਈਸੱਤ ਦਿਨ ਦਾ ਭੱਤਾ ਕੱਟ ਲਿਆਫੈਸਲਾ ਵੀ ਨਾ ਹੋਇਆ ਤੇ ਸਾਲ ਮੁੱਕ ਗਿਆ ਐੱਮ.ਡੀ. ਦੇ ਦਾਖਲੇ ਸ਼ੁਰੂ ਹੋ ਗਏ ਮੈਨੂੰ ਡਾ. ਪਿਆਰਾ ਲਾਲ ਗਰਗ ਨੇ ਐੱਮ.ਡੀ. ਦੇ ਫਾਰਮ ਭਰਨ ਲਈ ਪ੍ਰੇਰਿਆ ਜਿਨ੍ਹਾਂ ਦੇ ਘਰੇ ਸਟੱਡੀ ਸਰਕਲ ਚਲਦਾ ਤੇ ਉੱਥੋਂ ਹੀ ਰੈਡੀਕਲ ਸਾਈਕੈਟਰੀ ਬਾਰੇ ਗਿਆਨ ਪ੍ਰਾਪਤ ਹੋਇਆ, ਪਰ ਮੈਂ ਘਰ ਦੀ ਸਥਿਤੀ ਜਾਣਦਾ ਸੀਛੋਟੀ ਭੈਣ ਦੇ ਵਿਆਹ ਨੂੰ ਲੈ ਕੇ ਵੀ ਘਰੇ ਗੱਲ ਚੱਲਣ ਲੱਗੀ ਸੀਉਹ ਵੀ ਇੱਕ ਵੱਡੀ ਜ਼ਿੰਮੇਵਾਰੀ ਸੀਸੋਚਣ ਦੀ ਕੋਈ ਵਜਾਹ ਹੀ ਨਹੀਂ ਸੀ ਕਿ ਘਰ ਦੀ ਪਰਵਾਹ ਕੀਤੇ ਬਿਨਾਂ ਐੱਮ.ਡੀ. ਕਰ ਲੈਂਦਾਹਾਊਸ ਜਾੱਬ ਦਾ ਸਮਾਂ ਪੂਰਾ ਹੋਇਆ ਤੇ ਸਬੱਬੀਂ ਹਫ਼ਤਾ ਵੀ ਨਹੀਂ ਲੰਘਿਆ ਹੋਣਾ, ਘਰੇ ਨੌਕਰੀ ਦੀ ਚਿੱਠੀ ਆ ਗਈਅਜਿਹਾ ਤੌਰ ਤਰੀਕਾ ਅੱਜ ਸੁਪਨਾ ਲਗਦਾ ਹੈ ਕਿ ਐੱਮ.ਬੀ.ਬੀ.ਐੱਸ. ਪਾਸ ਕੀਤੇ ਸਾਰੇ ਵਿਦਿਆਰਥੀਆਂ ਦੇ ਨਾਂ-ਪਤੇ ਕਾਲਜ ਤੋਂ ਲੈਣੇ ਤੇ ਸਭ ਨੂੰ ਸਰਕਾਰੀ ਨੌਕਰੀ ਕਰਨ ਲਈ, ਘਰ ਬੈਠਿਆਂ ਹੀ ਬੁਲਾਵਾ ਆ ਜਾਣਾ

ਉਂਜ ਦੂਸਰੇ ਪਾਸੇ ਸਰਕਾਰਾਂ ਦੇ ਤੌਰ-ਤਰੀਕੇ, ਮੀਟਿੰਗਾਂ, ਬਹਿਸਾਂ, ਪ੍ਰਵਾਨਗੀਆਂ ਦਾ ਸਿਲਸਿਲਾ ਤੇ ਆਖਰ ਹੜਤਾਲ ਦਾ ਅਸਰ ਹੋਇਆ ਕਿ ਐੱਮ.ਡੀ. ਦਾ ਭੱਤਾ ਸ਼ੁਰੂ ਹੋ ਗਿਆ, ਸੱਤ ਸੌ ਰੁਪਏ ਮਹੀਨਾਖੈਰ, ਜੇ ਇਹ ਫੈਸਲਾ ਪਹਿਲਾਂ ਵੀ ਹੋ ਜਾਂਦਾ ਤਾਂ ਸ਼ਾਇਦ ਕਸ਼ਮਕਸ਼ ਵਿੱਚ ਰਹਿੰਦਾਘਰੇ ਪੰਜ ਸੌ ਰੁਪਏ ਮਹੀਨਾ ਦੇਣ ਦਾ ਵਾਅਦਾ ਕਰਕੇ ਮਨਾਉਂਦਾਪਰ ਜੋ ਸਥਿਤੀ ਸੀ, ਉੱਥੇ ਭੱਤੇ ਨਾਲ ਸਰਨਾ ਨਹੀਂ ਸੀਉਂਜ ਇੱਕ ਸਵਾਲ ਅੱਜ ਤਕ ਬਣਿਆ ਹੋਇਆ ਹੈ ਕਿ ਲੋਕਤੰਤਰ ਵਿੱਚ, ਲੋਕਾਂ ਦੀ ਸਰਕਾਰ ਵੱਲੋਂ, ਆਪਣੇ ਲੋਕਾਂ ਨੂੰ ਸਮੱਸਿਆਵਾਂ ਦੇ ਹੱਲ ਲਈ ਹੜਤਾਲਾਂ ਦੇ ਰਾਹ ਪਾਇਆ ਹੀ ਕਿਉਂ ਜਾਂਦਾ ਹੈ?

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3848)
(ਸਰੋਕਾਰ ਨਾਲ ਸੰਪਰਕ ਲਈ: sarokar2015@gmail.com)

About the Author

ਡਾ. ਸ਼ਿਆਮ ਸੁੰਦਰ ਦੀਪਤੀ

ਡਾ. ਸ਼ਿਆਮ ਸੁੰਦਰ ਦੀਪਤੀ

Professor, Govt. Medical College,
Amritsar, Punjab, India.
Phone: (91 - 98158 - 08506)
Email: (drdeeptiss@gmail.com)

More articles from this author