ShyamSDeepti7ਇਸ ਲਈ ਸਿਹਤ, ਸਿੱਖਿਆ ਅਤੇ ਖੇਤੀ, ਘੱਟੋ-ਘੱਟ ਇਹ ਤਿੰਨ ਪਹਿਲੂ ਰਾਜਾਂ ਦੀ ਖੁਦਮੁਖਤਿਆਰੀ ...
(21 ਦਸੰਬਰ 2020)

 

ਮਿੱਟੀ ਵਿੱਚ ਸਿਰਫ਼ ਫ਼ਸਲਾਂ ਹੀ ਪੈਦਾ ਨਹੀਂ ਹੁੰਦੀਆਂ, ਮਿੱਟੀ ਵਿੱਚ ਬੱਚੇ ਖੇਡਦੇ-ਮੌਲਦੇ ਅਤੇ ਜਵਾਨ ਹੁੰਦੇ ਹਨਮਿੱਟੀ ਦੀ ਫ਼ਿਤਰਤ ਹੈ ਕਿ ਮਨੁੱਖ ਮਿੱਟੀ ਨਾਲ ਮਿੱਟੀ ਹੁੰਦਾ ਹੈ, ਮਿਹਨਤ ਦੇ ਪਸੀਨੇ ਨਾਲ ਉਸ ਨੂੰ ਸਿੰਜਦਾ ਹੈ ਤੇ ‘ਪੈਦਾਵਾਰੀ’ ਹੋਣ ਦਾ ਮਾਣ ਹਾਸਿਲ ਕਰਦਾ ਹੈਮਿੱਟੀ ਨੂੰ ਲੈ ਕੇ ਕਈ ਅਖਾਣ ਹਨ, ਜਿਵੇਂ ‘ਉਹ ਤਾਂ ਮਿੱਟੀ ਹੋ ਗਿਆ’, ‘ਅੰਤ ਸਭ ਨੇ ਮਿੱਟੀ ਹੋਣਾ ਹੈ’, ‘ਮਿੱਟੀ ਦਾ ਮੋਹ’, ਮਿੱਟੀ ਆਵਾਜ਼ਾਂ ਮਾਰਦੀ ਹੈ ਜਦੋਂ ਕੋਈ ਦੂਰ-ਪਰਦੇਸ ਚਲਾ ਜਾਂਦਾ ਹੈ

ਬਾਬਾ ਨਾਨਕ ਨੇ ਇਸ ਧਰਤੀ ਬਾਰੇ, ਮਿੱਟੀ ਤੋਂ ਅੱਗੇ ਹੋਰ ਵੱਡਾ ਸੰਕਲਪ ਦਿੱਤਾ ਹੈ, ‘ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ।’ ਕਿਸੇ ਵੀ ਖਿੱਤੇ ਦੀ ਆਬੋ-ਹਵਾ, ਉਸ ਖਿੱਤੇ ਦੇ ਜੀਵਨ ਨੂੰ ਦਰਸਾਉਂਦੀ ਹੈ, ਉਹ ਚਾਹੇ ਪੇੜ-ਪੌਦੇ ਹੋਣ ਤੇ ਚਾਹੇ ਜੀਵ-ਜੰਤੂਕੁਦਰਤ ਵਿੱਚ ਸਾਰੇ ਹੀ ਇੱਕ ਦੂਸਰੇ ’ਤੇ ਨਿਰਭਰ ਕਰਦੇ ਹਨ

ਅੱਜ ਦੇ ਮਾਹੌਲ ਵਿੱਚ, ਧਰਤੀ, ਇਹ ਮਿੱਟੀ ਹੀ ਮੁੱਦਾ ਹੈ, ਜਿਸ ਨੂੰ ਲੈ ਕੇ ਦੇਸ਼ ਦੇ ਲੋਕ ਪਰੇਸ਼ਾਨ ਨੇਇਸ ਵਿੱਚੋਂ ਵੀ ਪੰਜਾਬ ਵਿਸ਼ੇਸ਼ ਤੌਰ ’ਤੇ ਇਸਦਾ ਵੀ ਖਾਸ ਕਾਰਨ ਹੈ ਕਿ ਪੰਜਾਬ ਧਰਤੀ ਦਾ ਉਹ ਖਿੱਤਾ ਹੈ, ਜਿੱਥੇ ਸਭ ਤੋਂ ਵੱਧ ਜ਼ਰਖੇਜ਼ ਮਿੱਟੀ ਹੈ ਜਿੱਥੇ ਸਾਲ ਵਿੱਚ ਛੇ ਰੁੱਤਾਂ ਬਦਲਦੀਆਂ ਹਨ ਤੇ ਪਾਣੀ ਦੇ ਪੱਖ ਤੋਂ ਨਦੀਆਂ ਦਾ ਭਰਪੂਰ ਫੈਲਾਅ ਹੈਇਸੇ ਸਦਕਾ ਇੱਥੇ ਵੰਨਸੁਵੰਨੀਆਂ (ਅਨੇਕਾਂ) ਸਬਜ਼ੀਆਂ, ਫਲ ਅਤੇ ਅਨਾਜ ਪੈਦਾ ਹੁੰਦੇ ਹਨ, ਜਦੋਂ ਕਿ ਧਰਤੀ ਉੱਪਰ ਕਿਤੇ ਰੇਗਿਸਤਾਨ ਹੈ ਤੇ ਕਿਤੇ ਛੇ-ਛੇ ਮਹੀਨੇ ਬਰਫ਼ ਪਈ ਰਹਿੰਦੀ ਹੈ

ਤਕਰੀਬਨ ਢਾਈ ਹਜ਼ਾਰ ਸਾਲ ਪਹਿਲਾਂ ਯੂਨਾਨ ਦੇ ਫਿਲਾਸਫਰ ਹਿਪੋਕਰੇਟਿਸ ਨੇ ਸਿਹਤ ਅਤੇ ਬਿਮਾਰੀ ਨੂੰ ਆਬੋ-ਹਵਾ ਨਾਲ ਜੋੜ ਕੇ ਦੇਖਿਆ ਅਤੇ ਵਿਆਖਿਆ ਕੀਤੀਉਹ ਸਬੰਧ ਅੱਜ ਕੱਲ੍ਹ ਜੱਗ-ਜ਼ਾਹਿਰ ਹੈ ਤੇ ਵਿਗਿਆਨਕ ਲੀਹਾਂ ’ਤੇ ਪਰਖਿਆ ਹੋਇਆ ਹੈ, ਜਦੋਂ ਅਸੀਂ ਹਵਾ-ਪਾਣੀ ਦੇ ਪ੍ਰਦੂਸ਼ਣ ਦੀ ਗੱਲ ਕਰਦੇ ਹਾਂ ਜਾਂ ਵਧ ਰਹੇ ਤਾਪਮਾਨ ਅਤੇ ਮੌਸਮ ਮੁਤਾਬਕ ਬਿਮਾਰੀਆਂ ਦੀ ਗੱਲ ਕਰਦੇ ਹਾਂ

(1) ਰਾਜਾਂ ਦੀ ਖੁਦਮੁਖਤਿਆਰੀ ਬਨਾਮ ਜੀਵਨ-ਜਾਂਚ/ਸਭਿਆਚਾਰ

ਹਵਾ ਅਤੇ ਪਾਣੀ ਜਾਂ ਮੌਸਮਾਂ ਦਾ ਮਨੁੱਖੀ ਸਿਹਤ ਨਾਲ ਸਬੰਧ ਸਾਨੂੰ ਨਿੱਜੀ ਤੌਰ ’ਤੇ ਪ੍ਰੇਸ਼ਾਨ ਕਰਦਾ ਹੈ ਤਾਂ ਅਸੀਂ ਵਿਚਾਰ ਕਰਦੇ ਹਾਂ ਪਰ ਕੁਦਰਤ ਦੇ ਸਾਰੇ ਜੀਵ ਪੇੜ-ਪੌਦੇ ਵੀ ਇਸ ਤੋਂ ਪ੍ਰਭਾਵਿਤ ਹੁੰਦੇ ਹਨ ਅਤੇ ਆਪਣੇ-ਆਪਣੇ ਖਿੱਤੇ ਦੇ ਮਾਹਿਰ ਇਨ੍ਹਾਂ ਬਾਰੇ ਖੋਜਾਂ ਵੀ ਕਰਦੇ ਹਨ ਤੇ ਵਿਚਾਰਾਂ ਵੀਹੁਣ ਤਾਂ ਪਸ਼ੂ-ਮਨੁੱਖ ਦਾ ਆਪਸੀ ਸਬੰਧ ਅਤੇ ਬਿਮਾਰੀਆਂ ਦਾ ਲੈਣ-ਦੇਣ ਇੱਕ ਮਹੱਤਵਪੂਰਨ ਵਿਸ਼ਾ ਬਣ ਕੇ ਉੱਭਰੇ ਹਨ

ਜਿੱਥੋਂ ਤਕ ਖੇਤੀ ਦੀ ਗੱਲ ਹੈ, ਇਸਦਾ ਤਾਂ ਸਿੱਧਾ ਸਬੰਧ ਮੌਸਮ ਨਾਲ ਹੈਅਸੀਂ ਹਾੜ੍ਹੀ-ਸਾਉਣੀ ਫਸਲਾਂ ਦੀ ਗੱਲ ਕਰਦੇ ਹਾਂ ਅਤੇ ਮੌਸਮੀ ਫਲਾਂ ਅਤੇ ਸਬਜ਼ੀਆਂ ਬਾਰੇ ਵੀ ਜਾਣੂ ਹਾਂ, ਕਿਉਂ ਜੋ ਉਹ ਸਾਡੀ ਰੋਜ਼ਮਰ੍ਹਾ ਦੀ ਜ਼ਿੰਦਗੀ ਦਾ ਹਿੱਸਾ ਹਨਇਹ ਗੱਲ ਭਾਵੇਂ ਹੁੰਦੀ ਨਹੀਂ, ਪਰ ਸੋਚ ਕੇ ਦੇਖੋ ਕਿ ਹਾੜ੍ਹੀ-ਸਾਉਣੀ ਦੀਆਂ ਫ਼ਸਲਾਂ ਉਲਟਾਈਆਂ ਜਾ ਸਕਦੀਆਂ ਹਨ? ਕਦੇ ਇਸ ਤਰ੍ਹਾਂ ਖਿਆਲ ਹੀ ਨਹੀਂ ਆਇਆ, ਇਹ ਨਹੀਂ ਹੋ ਸਕਦਾਚਲੋ! ਇਸ ਤਰ੍ਹਾਂ ਗੱਲ ਕਰੀਏ ਕਿ ਕੀ ਪੰਜਾਬ ਦੀ ਧਰਤੀ ’ਤੇ ਕਾਜੂ-ਬਦਾਮ ਜਾਂ ਅਖਰੋਟ ਉੱਗ ਸਕਦੇ ਹਨ ਜਾਂ ਨਾਰੀਅਲ ਦੀ ਖੇਤੀ ਸੰਭਵ ਹੈ? ਨਹੀਂ ਹੈਇਹ ਹੈ ਕੁਦਰਤਇਹ ਹੈ ਖਿੱਤੇ ਦੀ ਆਬੋ-ਹਵਾਹੁਣ ਫ਼ਸਲਾਂ-ਸਬਜ਼ੀਆਂ ਆਬੋ-ਹਵਾ ਕਰਕੇ ਹਨ ਜਾਂ ਫਲ-ਸਬਜ਼ੀਆਂ ਕਰਕੇ ਹਵਾ-ਪਾਣੀ ਦੀ, ਮਿੱਟੀ ਦੀ ਕੁਦਰਤ ਹੈ ਜਾਂ ਇਸ ਤੋਂ ਵੀ ਅੱਗੇ ਇਹ ਮੌਸਮਾਂ ਦਾ, ਉੱਥੋਂ ਦੇ ਤਾਪਮਾਨ ਦਾ ਨਤੀਜਾ ਹੈ

ਗੱਲ ਕਰਨੀ ਹੈ ਰਾਜਾਂ ਦੀ ਖੁਦਮੁਖਤਿਆਰੀ ਦੀ ਅਤੇ ਆਪਣੀ ਸਿਹਤ ਦੀਸਾਡੇ ਦੇਸ ਦੇ ਨਕਸ਼ੇ ’ਤੇ ਨਜ਼ਰ ਮਾਰੋ - ਕਸ਼ਮੀਰ ਤੋਂ ਕੰਨਿਆ ਕੁਮਾਰੀ ਤਕਕੀ ਸਾਡੇ ਦੇਸ਼ ਵਿੱਚ ਇੱਕੋ ਜਿਹਾ ਮੌਸਮ ਹੈ? ਨਹੀਂ, ਸਾਡੇ ਦੇਸ਼ ਦਾ ਰਹਿਣ-ਸਹਿਣ, ਖਾਣ ਵੀ ਇੱਕੋ ਜਿਹਾ ਨਹੀਂਸਾਡੇ ਦੇਸ਼ ਦੀ ਖਾਸੀਅਤ ਹੈ, ਇੱਕ ਦੇਸ਼, ਅਨੇਕਾਂ ਸੱਭਿਆਚਾਰ, ਵੰਨ-ਸੁਵੰਨੇ ਜੀਵਨ ਦੇ ਢੰਗਜਿਵੇਂ ਅਸੀਂ ਪੇੜ-ਪੌਦਿਆਂ ਬਾਰੇ ਕਹਿੰਦੇ ਹਾਂ ਕਿ ਇੱਕ ਖਾਸ ਥਾਂ ਦਾ ਬੂਟਾ, ਦੂਸਰੀ ਓਪਰੀ ਥਾਂ ’ਤੇ ਲੱਗ ਜਾਵੇ ਤਾਂ ਉਹ ਜੜ੍ਹ ਨਹੀਂ ਫੜਦਾ, ਓਵੇਂ ਹੀ ਮਨੁੱਖਾਂ ਬਾਰੇ ਵੀ ਇਹ ਕਾਫੀ ਵੱਡਾ ਸੱਚ ਹੈ

ਸੱਭਿਆਚਾਰ, ਰਹਿਣੀ-ਬਹਿਣੀ, ਸਾਡੀ ਜੀਵਨ-ਜਾਚ ਦਾ ਵੀ, ਉੱਥੋਂ ਦੀ ਆਬੋ-ਹਵਾ, ਉੱਥੋਂ ਦੀਆਂ ਫ਼ਸਲਾਂ ’ਤੇ ਨਿਰਭਰ ਕਰਦਾ ਹੈਜੈਸਾ ਖਾਓ ਅੰਨ, ਵੈਸਾ ਹੁੰਦਾ ਮਨ, ਭਾਵੇਂ ਸੱਭਿਆਚਾਰ ਨਾਲ ਜੁੜਿਆ ਅਖਾਣ ਹੈ, ਪਰ ਮਨੁੱਖੀ ਸਰੀਰ ਮੁਤਾਬਕ ਹੀ, ਉਸ ਧਰਤੀ ਦਾ ਅੰਨ ਹੁੰਦਾ ਹੈਕੁਦਰਤ ਮਨੁੱਖ/ਜੀਵ ਦੀ ਲੋੜ ਮੁਤਾਬਕ ਹੀ ਖਾਣ-ਪੀਣ ਦੀਆਂ ਚੀਜ਼ਾਂ ਤਿਆਰ ਕਰਦੀ ਹੈ

ਆਬੋ-ਹਵਾ, ਖੁਰਾਕ ਅਤੇ ਸਿਹਤ, ਕੀ ਤੁਹਾਨੂੰ ਅੱਡ-ਅੱਡ ਲਗਦੇ ਹਨ? ਇਹ ਤਾਂ ਬਿਲਕੁਲ ਨਹੀਂ ਹਨਹੁਣ ਦੇਸ਼ ਦੇ ਪਰਿਪੇਖ ਵਿੱਚ ਹੀ ਦੇਖੀਏ ਤਾਂ ਸਿਹਤ ਸਮੱਸਿਆਵਾਂ ਉੱਤਰ-ਦੱਖਣ, ਪੂਰਬ-ਪੱਛਮ, ਮੱਧ ਭਾਰਤ ਆਦਿ ਸਭ ਦੀਆਂ ਵੱਖਰੀਆਂ ਹਨਅਮੀਰੀ-ਗਰੀਬੀ, ਅਨਪੜ੍ਹਤਾ ਦੀ ਗੱਲ ਨਾ ਕਰੀਏ, ਇਹ ਆਬੋ-ਹਵਾ ਦੀ ਗੱਲ ਹੈ ਕਿ ਖੁਸ਼ਕ ਮੌਸਮ ਹੈ, ਕਿਤੇ ਗਿੱਲਾ ਤੇ ਕਿਤੇ ਬਰਫ਼ ਪਈ ਰਹਿੰਦੀ ਹੈਕਈ ਬਿਮਾਰੀਆਂ, ਜੀਵਾਣੂ-ਵਿਸ਼ਾਣੂਆਂ ਨੂੰ ਪਨਪਣ ਲਈ ਵਧੀਆ ਵਾਤਾਵਰਣ ਦਿੰਦੀਆਂ ਹਨ ਤੇ ਕਈ ਸੱਭਿਆਚਾਰ ਵੀ ਬਿਮਾਰੀ ਅਤੇ ਸਿਹਤ ਨੂੰ ਇੱਕ ਮੁਨਾਸਿਬ ਮਾਹੌਲ ਦਿੰਦੇ ਹਨ, ਜਿਸ ਨਾਲ ਬਿਮਾਰੀ ਫੈਲਣ ਲਈ ਰਫ਼ਤਾਰ ਫੜਦੀ ਹੈ ਜਾਂ ਉਸ ਨੂੰ ਰੋਕਾਂ ਲੱਗਦੀਆਂ ਹਨ

ਇਹ ਗੱਲਾਂ ਰਾਜਾਂ ਦੀ ਖੁਦਮੁਖਤਾਰੀ ਨਾਲ ਜੁੜਦੀਆਂ ਹਨ? ਜੇਕਰ ਹਾਂ ਤਾਂ ਕਿਵੇਂ? ਜਿੱਥੋਂ ਤਕ ਸਿਹਤ ਦਾ ਮਾਮਲਾ ਹੈ, ਜੇ ਕਿਸੇ ਵੀ ਰਾਜ ਦੀ ਸਿਹਤ ਸਥਿਤੀ, ਕਿਸੇ ਹੋਰ ਖਿੱਤੇ ਤੋਂ ਵੱਖਰੀ ਹੈ ਤਾਂ ਉਨ੍ਹਾਂ ਨੂੰ ਕਾਬੂ ਕਰਨ ਜਾਂ ਉਨ੍ਹਾਂ ਲਈ ਸਿਹਤ-ਸਹੂਲਤਾਂ ਮੁਹਈਆ ਕਰਨ ਲਈ ਵਿਉਂਤਬੰਦੀ ਵੀ ਤਾਂ ਉਸੇ ਤਰੀਕੇ ਦੀ ਹੋਵੇਗੀਬਿਮਾਰੀ ਬਚਾਅ ਦੇ ਘੇਰੇ ਵਿੱਚ ਆਉਂਦੀ ਹੈ ਤਾਂ ਇਲਾਜ ਦੇ ਜਾਂ ਅਜਿਹੇ ਹੋਰ ਪੱਖ ਵੀ ਰਾਜਾਂ ਦੀ ਵਿਊਂਤ ਦਾ ਹਿੱਸਾ ਹੋਣਗੇਤਾਂ ਫਿਰ ਰਾਜ ਸਰਕਾਰ, ਉਸ ਖਿੱਤੇ ਦੀ ਸਰਕਾਰ, ਜਿਸ ਕੋਲ ਇਹ ਜ਼ਿੰਮੇਵਾਰੀ ਹੈ, ਓਹੀ ਪ੍ਰੋਗਰਾਮ ਉਲੀਕੇਗੀ ਤੇ ਓਹੀ ਨੀਤੀ ਬਣਾਵੇਗੀ ਇਸਦੇ ਨਾਲ ਹੀ ਜੇ ਸਿੱਖਿਆ ਦੀ ਗੱਲ ਕਰੀਏ ਤਾਂ ਸਿੱਖਿਆ ਦਾ ਇੱਕ ਮੰਤਵ ਤਾਂ ਬੱਚਿਆਂ, ਨੌਜਵਾਨਾਂ ਨੂੰ ਚੰਗੇ ਇਨਸਾਨ, ਦੇਸ਼ ਦੇ ਵਧੀਆ ਨਾਗਰਿਕ ਬਣਾਉਣਾ ਤਾਂ ਹੈ ਹੀ, ਨਾਲ ਹੀ ਖਿੱਤੇ ਦੀ ਲੋੜ ਮੁਤਾਬਕ ਸੁਚਾਰੂ ਅਮਲਾ ਤਿਆਰ ਕਰਨਾ ਹੈ ਸੱਭਿਆਚਾਰ ਦੇ ਪੱਖ ਤੋਂ ਦੇਖੀਏ ਤਾਂ ਇਹ ਕਿਸੇ ਵੀ ਖਿੱਤੇ ਦੀ ਜਿੰਦ-ਜਾਨ ਹੁੰਦਾ ਹੈਲੋਕ ਉਸ ਖਿੱਤੇ ਦੇ ਨਾਇਕਾਂ ਤੋਂ ਉਸ ਮਿੱਟੀ ਦੇ ਇਤਿਹਾਸ ਤੋਂ ਸਬਕ ਲੈਂਦੇ ਹਨ, ਹਿੰਮਤ ਹਾਸਲ ਕਰਦੇ ਹਨਪੰਜਾਬ ਗੁਰੂਆਂ-ਪੀਰਾਂ ਦੀ ਧਰਤੀ ਹੈਲੋਕਾਂ ਨੂੰ ਉਨ੍ਹਾਂ ਪ੍ਰੰਪਰਾਵਾਂ ਨਾਲ ਜੋੜਨ ਵੇਲੇ ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ, ਗੁਰੂ ਰਵੀਦਾਸ ਆਦਿ ਬਾਰੇ ਦੱਸਣਾ ਲਾਜ਼ਮੀ ਹੈਦੇਸ਼ ਦੀ ਆਜ਼ਾਦੀ ਵਿੱਚ ਕਿੰਨੇ ਹੀ ਸੂਰਵੀਰਾਂ ਦੀਆਂ ਬੇਮਿਸਾਲ ਕੁਰਬਾਨੀਆਂ ਪਈਆਂ ਹਨਸ਼ਹੀਦ ਭਗਤ ਸਿੰਘ, ਕਰਤਾਰ ਸਿੰਘ ਸਰਾਭਾ, ਊਧਮ ਸਿੰਘ ਵਰਗੇ ਨਾਇਕਾਂ ਨੂੰ ਯਾਦ ਕਰਨਾ, ਬੱਚਿਆਂ ਨੂੰ ਪੜ੍ਹਾਉਣਾ ਬਣਦਾ ਹੈਸਿੱਖਿਆ ਵੀ ਰਾਜ ਪੱਧਰ ’ਤੇ ਫੈਸਲੇ ਲੈਣ ਵਾਲਾ ਮੁੱਦਾ ਹੈ ਕਿ ਅਸੀਂ ਕੀ ਪੜ੍ਹਾਉਣਾ ਹੈ ਤੇ ਕਿਵੇਂ ਪੜ੍ਹਾਉਣਾ ਹੈਇਸ ਤਰ੍ਹਾਂ ਹੀ ਖੇਤੀ ਦੀ ਗੱਲ ਹੈਖਿੱਤੇ ਦੀ ਮਿੱਟੀ ਅਤੇ ਆਬੋ-ਹਵਾ ਮੁਤਾਬਕ ਨੀਤੀ ਬਣੇਗੀਅਸੀਂ ਜੇ ਦੇਖੀਏ ਤਾਂ ਝੋਨਾ ਸਾਡੇ ਖਿੱਤੇ ਦੀ ਫ਼ਸਲ ਨਹੀਂ ਹੈਇਹ ਸਾਡੇ ’ਤੇ ਥੋਪੀ ਗਈ ਹੈ ਤੇ ਇਸਦਾ ਹਸ਼ਰ ਅਸੀਂ ਦੇਖ ਰਹੇ ਹਾਂ

ਇਸ ਲਈ ਸਿਹਤ, ਸਿੱਖਿਆ ਅਤੇ ਖੇਤੀ, ਘੱਟੋ-ਘੱਟ ਇਹ ਤਿੰਨ ਪਹਿਲੂ ਰਾਜਾਂ ਦੀ ਖੁਦਮੁਖਤਿਆਰੀ, ਰਾਜਾਂ ਵੱਲੋਂ ਖੁਦ ਫ਼ੈਸਲਾ ਲਏ ਜਾਣ ਵਾਲੇ ਮੁੱਦੇ ਹਨਵੈਸੇ ਤਾਂ ਸੰਵਿਧਾਨ ਦੇ ਘਾੜਿਆਂ ਨੇ ਇਨ੍ਹਾਂ ਤਿੰਨਾਂ ਪਹਿਲੂਆਂ ਨੂੰ ਰਾਜ ਅਧਿਕਾਰਾਂ ਦੀ ਸੂਚੀ ਵਿੱਚ ਰੱਖਿਆ ਹੈ, ਪਰ ਦੇਸ਼ ਦੀ ਏਕਤਾ ਲਈ ਕੁਝ ਮੁੱਦੇ ਸਾਂਝੇ ਵੀ ਹਨਕੇਂਦਰ ਦੀਆਂ ਸਰਕਾਰਾਂ ਦੀ ਹਮੇਸ਼ਾ ਕੋਸ਼ਿਸ਼ ਰਹੀ ਹੈ ਕਿ ਆਪਣੇ ਵੱਲ ਵੱਧ ਅਧਿਕਾਰਾਂ ਨੂੰ ਖਿੱਚਣ-ਖੋਹਣ ਦੀ ਅਤੇ ਧੱਕਾ ਕਰਨ ਦੀ

ਰਾਜਾਂ ਦੀ ਵੰਡ, ਜ਼ਮੀਨ ਤੇ ਲਕੀਰਾਂ ਤਕ ਹੀ ਸੀਮਤ ਨਹੀਂ ਹੁੰਦੀਇਹ ਇੱਕ ਵੱਡਾ ਪਰਿਪੇਖ ਹੈ ਤੇ ਖਾਸ ਕਰਕੇ ਭਾਰਤ ਵਰਗੇ ਵੰਨ-ਸੁਵੰਨਤਾ ਵਾਲੇ ਦੇਸ਼ ਵਿੱਚਇਸ ਭਾਵਨਾ ਨੂੰ ਸਮਝਣਾ ਚਾਹੀਦਾ ਹੈਸਾਨੂੰ ਆਪਣੇ ਦੇਸ਼ ਦੀ ਭੂਗੋਲਿਕ ਸਥਿਤੀ ਦੇ ਮੱਦੇਨਜ਼ਰ ‘ਵੰਨ-ਸੁਵੰਨਤਾ ਵਿੱਚ ਏਕਤਾ’ ਦੇਖਣੀ ਚਾਹੀਦੀ ਹੈਜਦੋਂ ਰਾਜ ਵਿਕਸਿਤ ਕਰਨਗੇ ਤਾਂ ਦੇ ਵਿਕਸਿਤ ਕਰੇਗਾ ਹੀਇਸ ਲਈ ਰਾਜਾਂ ਨੂੰ ਵਿਕਾਸ ਕਰਨ ਦੇ ਵੱਧ ਇਖਤਿਆਰ (ਖੁਦਮੁਖਤਿਆਰੀ) ਦੇਣੇ ਬਣਦੇ ਹਨ

(2) ਦੇਸ਼ ਦੀ ਰਾਜਨੀਤੀ ਅਤੇ ਜ਼ਮੀਨੀ-ਪੱਧਰ ’ਤੇ ਫੈਸਲੇ ਲੈਣ ਦਾ ਅਧਿਕਾਰ

ਅਸੀਂ ਅਜ਼ਾਦੀ ਤੋਂ ਫੌਰੀ ਬਾਅਦ ਲੋਕਤੰਤਰ ਨੂੰ ਚੁਣਿਆਮਤਲਬ ਆਪਣੇ ਵਿੱਚੋਂ ਹੀ ਲੋਕ, ਆਪਣੇ ਲੋਕਾਂ ਲਈ ਕਾਰਜ ਕਰਨਗੇਲੋਕਾਂ ਵਿੱਚ ਬੈਠਕੇ, ਉਨ੍ਹਾਂ ਵਿੱਚੋਂ ਉੱਠ ਕੇ ਮਸਲਿਆਂ ਤੇ ਵਿਚਾਰਨਗੇ ਤੇ ਉਸ ਸੱਭਿਆਚਾਰ ਮੁਤਾਬਕ ਮਸਲਿਆਂ ਦਾ ਹੱਲ ਲੱਭਣਗੇ

ਅਸੀਂ ਸੰਵਿਧਾਨ ਬਣਾਇਆਸੌਖੇ ਸ਼ਬਦਾਂ ਵਿੱਚ ਕਹੀਏ, ਇੱਕ ਨੇਮ-ਪ੍ਰਣਾਲੀ, ਤੌਰ ਤਰੀਕਾ ਕਿ ਅਸੀਂ ਆਪਣੇ ਕਾਰਜ ਕਿਸ ਤਰ੍ਹਾਂ ਸਿਰੇ ਚੜ੍ਹਾਵਾਂਗੇ

ਆਪਣੇ ਸੰਵਿਧਾਨ ਦੀ ਨੀਂਹ ਅਸੀਂ ਚਾਰ ਮੁੱਖ ਪਹਿਲੂਆਂ ’ਤੇ ਰੱਖੀਉਹ ਹਨ ਅਜ਼ਾਦੀ, ਬਰਾਬਰੀ, ਇਨਸਾਫ਼ ਅਤੇ ਭਾਈਚਾਰਾਜੋ ਕਿ ਸੰਵਿਧਾਨ ਦੇ ਪਹਿਲੇ ਪੰਨੇ, ਮੁੱਖਬੰਦ ਵਿੱਚ ਸ਼ਾਮਿਲ ਹਨਇਸ ਭਾਵਨਾ ਨੂੰ ਹਾਸਿਲ ਕਰਨ ਲਈ, ਜ਼ਮੀਨੀ ਪੱਧਰ ਤਕ ਇਸਦੀ ਵਿਵਸਥਾ ਕੀਤੀ ਗਈਸੰਸਦ, ਵਿਧਾਨ ਸਭਾ ਅਤੇ ਗ੍ਰਾਮ ਪੰਚਾਇਤ ਬਾਰੇ ਸੋਚਿਆ-ਵਿਚਾਰਿਆ ਗਿਆ

ਆਪਾਂ ਦੇਸ਼ ਦੀ ਸਭ ਤੋਂ ਜ਼ਮੀਨੀ ਵਿਵਸਥਾ ਦੀ ਗੱਲ ਕਰੀਏ ਤਾਂ ਅਸੀਂ ਪੰਚ-ਸਰਪੰਚ ਦੀ ਚੋਣ ਵੇਲੇ ਕੀ ਦੇਖਦੇ-ਕਰਦੇ ਹਾਂ ਕਿ ਫਲਾਂ ਵਿਅਕਤੀ ਸਿਆਣਾ ਹੈ, ਸਭ ਦੀ ਗੱਲ ਧਿਆਨ ਨਾਲ ਸੁਣਦਾ ਹੈ ਤੇ ਸਾਰੇ ਇਸਦੀ ਗੱਲ/ਰਾਏ ਨੂੰ ਪ੍ਰਵਾਨ ਕਰਦੇ ਨੇਪਿੰਡ ਦੇ ਲੋਕ ਉਸ ਨੂੰ ਗੁਜਾਰਿਸ਼ ਕਰਦੇ ਕਿ ਤੁਸੀਂ ਅੱਗੇ ਲੱਗੋ ਤੇ ਪਿੰਡ ਦੇ ਸਾਂਝੇ ਕੰਮਾਂ ਵਿੱਚ ਅਗਵਾਈ ਕਰੋਇਸ ਤਰ੍ਹਾਂ ‘ਸਰਬੱਤ ਦੇ ਭਲੇ’ ਵਾਲੀ ਭਾਵਨਾ ਨਾਲ ਪੰਚਾਇਤ ਦਾ ਗਠਨ ਹੁੰਦਾ ਸੀਉਹ ਪਿੰਡ ਦੀ ਪੰਚਾਇਤ ਹੁੰਦੀ ਸੀ ਤੇ ਹੁਣ ਕੀ ਹੈ? ਹੌਲੀ-ਹੌਲੀ ਇਹ ਕਿਸੇ ਪਾਰਟੀ ਦੀ ਪੰਚਾਇਤ ਬਣ ਗਈਕਾਂਗਰਸ ਦੀ ਪੰਚਾਇਤ, ਬੀ.ਜੇ.ਪੀ. ਜਾਂ ਅਕਾਲੀ ਦਲ ਦੀ ਪੰਚਾਇਤ, ਨਾ ਕਿ ਪਿੰਡ ਦੇ ਲੋਕਾਂ ਦੀ ਪੰਚਾਇਤ

ਹੋਇਆ ਕੀ? ਇਸ ਨੇ ਪਿੰਡ ਦੀ ਭਾਈਚਾਰਕ ਸਾਂਝ ਨੂੰ ਸਭ ਤੋਂ ਵੱਡੀ ਸੱਟ ਵੱਜੀਤੇ ਹੌਲੀ ਹੌਲੀ ਇਸਦਾ ਅਸਰ ਸਮਾਜ ਦੇ ਹਰ ਖੇਤਰ, ਹਰ ਕੰਮ ਅਤੇ ਵਰਤਾਰੇ ’ਤੇ ਪੈਣ ਲੱਗਿਆਜੋ ਕਿ ਹੁਣ ਪਰਿਵਾਰਕ ਦੁੱਖ-ਸੁਖ ਵੇਲੇ ਵੀ ਨਜ਼ਰ ਆ ਰਿਹਾ ਹੈ

ਪਿੰਡ ਤੋਂ ਸ਼ੁਰੂ ਹੋਇਆ ਇਹ ਕਾਰ-ਵਿਹਾਰ, ਹੁਣ ਦੇਸ਼ ਦੀ ਸਿਆਸਤ ਵਿੱਚ ਵੀ ਝਲਕਦਾ ਹੈਲੋਕਤੰਤਰ ਦਾ ਬੁਨਿਆਦੀ ਗੁਣ ਹੈ - ਸੰਵਾਦਆਪਸੀ ਵਿਚਾਰ-ਵਟਾਂਦਰਾਆਜ਼ਾਦੀ ਦੀ ਪਹਿਲੀ ਅਹਿਮ ਲੋੜ/ਸ਼ਰਤ ਹੈ ਆਪਣੀ ਗੱਲ ਰੱਖਣ ਦੀ ਆਜ਼ਾਦੀਵਿਚਾਰਾਂ ਦੇ ਪ੍ਰਗਟਾਵੇ ਦੀ ਖੁੱਲ੍ਹਦੇਸ਼ ਦੇ ਹਰ ਨਾਗਰਿਕ ਨੂੰ ਇਹ ਇਹਸਾਸ ਹੋਵੇ ਕਿ ਉਹ ਦੇਸ਼-ਸਮਾਜ ਦੀਆਂ ਕਿਰਿਆਵਾਂ ਵਿੱਚ ਆਪਣਾ ਹਿੱਸਾ ਪਾ ਸਕਦਾ ਹੈਇਸੇ ਨਾਲ ਹੀ ਲੋਕਤੰਤਰ ਵਿਕਾਸ ਕਰਦਾ ਹੈ ਕਿਉਂ ਜੇ ਲੋਕਾਂ ਦੀ ਭਾਗੀਦਾਰੀ ਸੁਨਿਸ਼ਚਿਤ ਹੁੰਦੀ ਹੈਇਸੇ ਲਈ ਮੰਨਿਆ ਜਾਂਦਾ ਹੈ ਕਿ ਦੇਸ਼ ਦਾ ਵਿਕਾਸ, ਲੋਕਾਂ ਦੇ ਵਿਕਾਸ ਵਿੱਚ ਝਲਕਣਾ ਚਾਹੀਦਾ ਹੈਜੇਕਰ ਅਜੋਕੇ ਸੰਦਰਭ ਵਿੱਚ ਆਪਣੇ ਦੇਸ਼ ਦੀ ਹਾਲਤ ਤੇ ਨਜ਼ਰ ਮਾਰੀਏ ਤਾਂ ਉਹ ਨਹੀਂ ਦਿਸਦਾਚਾਹੇ ਕੋਈ ਵੀ ਖੇਤਰ ਦੇਖ ਲਿਆ ਜਾਵੇਸਿਹਤ, ਸਿੱਖਿਆ, ਪ੍ਰਤੀ ਵਿਅਕਤੀ ਆਮਦਨ ਜਾਂ ਲੋਕਾਂ ਦੀ ਖੁਰਾਕ ਬਾਰੇ ਸਥਿਤੀ, ਇੱਕ ਵੱਡਾ ਖੱਪਾ ਨਜ਼ਰ ਆਉਂਦਾ ਹੈਕੁਪੋਸ਼ਣ, ਭੁੱਖਮਰੀ, ਖੁਦਕੁਸ਼ੀ ਆਦਿ ਕਈ ਅਜਿਹੇ ਪਹਿਲੂ ਹਨ, ਜੋ ਨਿਰਾਸ਼ ਕਰਦੇ ਹਨਲੱਗਦਾ ਹੈ ਜਿਵੇਂ ਇਹ ਕਿਸੇ ਖਾਸ ਮਨੁੱਖੀ ਵਰਗ ਦੀਆਂ ਅਲਾਮਤਾਂ ਹਨ

(3) ਪਿੰਡ ਦੀ ਰਾਜਨੀਤਕ ਤਾਕਤ - ਗ੍ਰਾਮ ਸਭਾ

ਪਿੰਡ ਦੀ ਰਾਜਨੀਤਕ, ਪਿੰਡ ਦੀ ਕਾਰਜਪ੍ਰਣਾਲੀ ਵਾਲੀ ਸੰਸਥਾ ਪੰਚਾਇਤ ਹੈਸ਼ਾਇਦ ਹੀ ਜਾਂ ਬਹੁਤ ਘੱਟ ਲੋਕ ਜਾਣਦੇ ਹੋਣਗੇ ਕਿ ਗ੍ਰਾਮ ਸਭਾ ਕੀ ਹੈ ਜਾਂ ਉਸ ਦੀ ਕਾਰਜਪ੍ਰਣਾਲੀ ਜਾਂ ਤਾਕਤਾਂ ਕੀ ਹਨਜ਼ਿਆਦਾਤਰ ਲੋਕ ਦੋਹਾਂ ਨੂੰ ਇੱਕੋ ਹੀ ਸਮਝਦੇ ਹਨ

ਗ੍ਰਾਮ ਸਭਾ, ਪਿੰਡ ਦੀ ਪਾਰਲੀਮੈਂਟ ਹੈਮਿੰਨੀ ਪਾਰਲੀਮੈਂਟਪਿੰਡ ਦਾ ਹਰ ਜੀਅ, ਜੋ ਵੋਟਰ ਹੈ, 18 ਸਾਲ ਤੋਂ ਉੱਪਰ, ਉਹ ਉਸ ਦਾ ਮੈਂਬਰ ਹੈਪਿੰਡ ਦੇ ਸਾਰੇ ਅਜਿਹੇ ਮੈਂਬਰ ਇਕੱਠੇ ਹੋ ਕੇ, ਇੱਕ ਮੀਟਿੰਗ ਕਰ ਸਕਦੇ ਹਨ (ਇਜਲਾਸ), ਤੇ ਪਿੰਡ ਦੇ ਵਿਕਾਸ ਦੇ ਮੱਦੇਨਜ਼ਰ ਚਰਚਾਵਾਂ ਕਰ ਕੇ, ਮਤਾ ਪਾ ਸਕਦੇ ਹਨਉਨ੍ਹਾਂ ਦੀ ਤਾਕਤ ਇੰਨੀ ਹੈ ਕਿ ਉਹ ਪੰਚਾਇਤ ਦੇ ਲਏ ਗਏ ਫ਼ੈਸਲੇ ਨੂੰ ਬਦਲ ਵੀ ਸਕਦੇ ਹਨ ਤੇ ਰੱਦ ਵੀ ਕਰ ਸਕਦੇ ਹਨ ਤੇ ਨਵਾਂ ਫ਼ੈਸਲਾ ਵੀ ਲੈ ਸਕਦੇ ਹਨਸਰਪੰਚ ਚਾਹੇ ਕਿਸੇ ਵੀ ਰਾਜਨੀਤਕ ਪਾਰਟੀ/ਧਿਰ ਦਾ ਹੋਵੇ, ਉਸ ਫੈਸਲੇ ਨੂੰ ਚੁਣੌਤੀ ਨਹੀਂ ਦੇ ਸਕਦਾ

ਇਸ ਤਾਕਤ ਨੂੰ ਸਮਝਦੇ ਹੋਏ, ਲੋਕਾਂ ਨੂੰ ‘ਆਪਣੀ ਪੰਚਾਇਤ’, ਸਰਬਸਾਂਝੀ, ਇੱਕ ਮੱਤ ਹੋ ਕੇ, ਅਤੇ ਸਰਬਸੰਮਤੀ ਨਾਲ ਬਨਾਉਣੀ/ਚੁਣਨੀ ਚਾਹੀਦੀ ਹੈਇਸ ਨਾਲ ਪਿੰਡ ਦੀ ਭਾਈਚਾਰਕ ਸਾਂਝ ਵੀ ਬਣੀ ਰਹੇਗੀ ਤੇ ਵਿਕਾਸ ਵੀ ਹੋਵੇਗਾ

ਪਿੰਡ ਦੇ ਵਿਕਾਸ ਨੇ ਨਾਂ ’ਤੇ ਪਿਛਲੇ ਲੰਮੇ ਸਮੇਂ ਤੋਂ ਇਸ ਨੂੰ ਗਲੀਆਂ-ਨਾਲੀਆਂ, ਟਿਊਬ ਲਾਈਟਾਂ ਜਾਂ ਸ਼ਮਸਾਨ ਘਾਟ/ਸਰਾਂਅ ਦੇ ਵਿਕਾਸ ਲਈ ਕੁਝ ਕਰਨ ਤਕ ਹੀ ਸੀਮਤ ਕਰ ਦਿੱਤਾ ਗਿਆ ਹੈ, ਜਦੋਂ ਕਿ ਇਹ ਬਹੁਪੱਖੀ ਵਿਕਾਸ ਦੀ ਗੱਲ ਹੈ, ਜਿਸ ਵਿੱਚ ਸਿਹਤ, ਸਿੱਖਿਆ, ਖੇਤੀ, ਪਾਣੀ, ਗੰਦਗੀ ਦੇ ਸੰਭਾਲ ਆਦਿ ਸਾਰੇ ਮੁੱਦੇ ਸ਼ਾਮਿਲ ਕੀਤੇ ਜਾਣੇ ਚਾਹੀਦੇ ਹਨ ਤੇ ਇਹ ਕੀਤੇ ਜਾ ਸਕਦੇ ਹਨ

(4) ਪੰਜਾਬ ਦੀ ਫਿਜ਼ਾ/ਇਸ ਦੀ ਤਸਵੀਰ ਵਿੱਚ ਕੀ ਨੁਕਸ ਹੈ?

ਗੁਰਬਾਣੀ ਦਾ ਹੀ ਇੱਕ ਬਦ ਹੈ, ‘ਰੋਗੁ ਦਾਰੂ ਦੋਵੈ ਬੁਝੈ ਤਾਂ ਵੈਦੁ ਸੁਜਾਣ’, ਇੱਕ ਸਿਆਣੇ ਡਾਕਟਰ ਨੂੰ ਬੀਮਾਰੀ ਵੀ ਲੱਭਣੀ ਆਵੇ ਤੇ ਇਲਾਜ ਵੀਇਸੇ ਤਰ੍ਹਾਂ ਵਿਗਿਆਨ ਕਹਿੰਦਾ ਹੈ ਕਿ ਬੀਮਾਰੀ ਦਾ ਸਹੀ ਫੜੇ ਜਾਣਾ (ਕਾਰਨ) ਹੀ ਇਲਾਜ ਨੂੰ ਸਹੀ ਦਿਸ਼ਾ ਦਿੰਦਾ ਹੈਇਸ ਪੱਖ ਤੋਂ ਜੇਕਰ ਪੰਜਾਬ ਦੀ ਫਿਜ਼ਾ ਨੂੰ ਸਮਝਣਾ ਹੋਵੇ ਤਾਂ ਕਹਿ ਸਕਦੇ ਹਾਂ ਕਿ ਇਸ ਵਿੱਚ ਕੁਝ ਕੁ ਗੰਭੀਰ ਅਲਾਮਤਾਂ ਨਜ਼ਰ ਆਉਂਦੀਆਂ ਹਨ:

ਕਿਸੇ ਵੀ ਦੇਸ਼-ਸਮਾਜ ਦਾ ਸਭ ਤੋਂ ਤਾਕਤਵਰ ਸਰਮਾਇਆ, ਉੱਥੋਂ ਦੀ ਜਵਾਨੀ ਹੁੰਦੀ ਹੈ ਤੇ ਆਪਾਂ ਦੇਖਦੇ ਹਾਂ ਕਿ ਪੰਜਾਬ ਦੀ ਜਵਾਨੀ ਬਾਰੇ ਜੋ ਪ੍ਰਚਾਰਿਆ ਜਾਂਦਾ ਹੈ ਕਿ ਇੱਥੇ ਹਰ ਨੌਜਵਾਨ ਹੀ ਨਸ਼ਈ ਹੈਕਈ ਆਂਕੜੇ ਤਾਂ ਦੋ-ਤਿਹਾਈ ਨੌਜਵਾਨਾਂ (15-35 ਸਾਲ) ਨੂੰ ਨਸ਼ਈ ਕਰਾਰ ਦਿੰਦੇ ਹਨਇਸ ਗੱਲ ਤੇ ਕਈ ਲੋਕ ਕਿੰਤੂ-ਪ੍ਰੰਤੂ ਕਰਦੇ ਹਨ, ਪਰ ਇਹ ਤਾਂ ਸੱਚ ਹੈ ਕਿ ਸਰਕਾਰ ਵੱਲੋਂ ਚਲਾਏ ਜਾਂਦੇ ਨਸ਼ਾ ਛੁੜਾਉ ਕੇਂਦਰਾਂ (ਊਟਸ) ਤੇ, ਹਰ ਰੋਜ਼ ਸਵੇਰੇ ਤਕਰੀਬਨ ਪੰਜ ਲੱਖ ਨੌਜਵਾਨ, ਨਸ਼ਾ ਛੁੜਾਉਣ ਵਾਲੀ ਗੋਲੀ ਦੀ ਉਡੀਕ ਕਰ ਰਹੇ ਹੁੰਦੇ ਹਨ, ਜੋ ਕਿ ਹੁਣ ਉਨ੍ਹਾਂ ਲਈ ਨਸ਼ਾ ਬਣ ਚੁੱਕੀ ਹੈ

ਇਸੇ ਤਰ੍ਹਾਂ ਨੌਜਵਾਨਾਂ ਦਾ ਇੱਕ ਹੋਰ ਵਰਗ, ਵਿਦੇਸ਼ਾਂ ਵਿੱਚ ਜਾਣ ਲਈ ਪੱਬਾਂ-ਭਾਰ ਹੈਤਕਰੀਬਨ ਡੇਢ ਲੱਖ ਨੌਜਵਾਨ ਹਰ ਸਾਲ ਇਸ ਪੰਜਾਬ ਦੀ ਧਰਤੀ ਨੂੰ ਛੱਡ ਕੇ ਉਡਾਰੀ ਮਾਰ ਜਾਂਦਾ ਹੈਹੁਣ ਦਸਵੀਂ-ਬਾਹਰਵੀਂ ਤੋਂ ਬਾਅਦ, ਕੋਈ ਉੱਚ-ਸਿੱਖਿਆ ਲਈ ਨਹੀਂ ਜਾਂਦਾ, ਸਗੋਂ ਆਈਲਟਸ ਕਰਕੇ ਵਿਦੇਸ਼ਾਂ ਵਿੱਚ ਜਾਣਾ ਚਾਹੁੰਦਾ ਹੈਉਹ ਪੜ੍ਹਨ ਲਈ ਨਹੀਂ, ਸਗੋਂ ਉੱਥੇ ਵਸਣ ਜਾਂਦਾ ਹੈ

ਇਸੇ ਤਰ੍ਹਾਂ ਹਰ ਰੋਜ਼ ਸਾਡੇ ਅਖਬਾਰਾਂ ਦੀਆਂ ਖਬਰਾਂ ਵਿੱਚੋਂ ਇੱਕ ਖਬਰ ਕਿਸਾਨਾਂ ਦੀ ਖੁਦਕੁਸ਼ੀ ਦੀ ਹੁੰਦੀ ਹੈਸਰਕਾਰੀ ਕਰਾਈਮ ਬਿਉਰੋ ਦੇ ਆਂਕੜਿਆਂ ਮੁਤਾਬਕ ਹਰ ਰੋਜ਼ ਤਕਰੀਬਨ 3 ਤੋਂ 4 ਕਿਸਾਨ ਖੁਦਕੁਸ਼ੀ ਕਰਦੇ ਹਨਇਹ ਸਹਿਜ ਵਰਤਾਰਾ ਨਹੀਂ ਹੈ

ਮਨੋਵਿਗਿਆਨੀ ਮੰਨਦੇ ਹਨ ਕਿ ਜੀਉਣ ਦੀ ਇੱਛਾ ਹਰ ਜੀਵ ਵਿੱਚ ਸਭ ਤੋਂ ਤਾਕਤਵਰ ਹੁੰਦੀ ਹੈਖ਼ੁਦ ਮਰਨ ਦਾ ਫੈਸਲਾ ਲੈਣ ਦਾ ਮਤਲਬ ਹੈ ਕਿ ਉਹ ਸ਼ਖ਼ਸ ਕਿਸੇ ਬਹੁਤ ਵੱਡੇ ਮਾਨਸਿਕ-ਸਮਾਜਿਕ ਦਬਾਅ ਹੇਠ ਹੈ

ਇਹ ਦੋਵੇਂ ਵਰਤਾਰੇ ਦਰਸਾਉਂਦੇ ਹਨ ਕਿ ਪੰਜਾਬ ਦੀ ਇਸ ਜਰਖੇਜ਼ ਜ਼ਮੀਨ ਤੇ ਇੱਕ ਵਰਗ ਰਹਿਣ ਨੂੰ ਤਿਆਰ ਨਹੀਂ ਹੈ, ਦੂਸਰੇ ਜੀਣ ਲਈਇਹ ਸਥਿਤੀ ਚਿੰਤਾਜਨਕ ਹੈ

ਇਹ ਹਾਲਤ ਹੋਰ ਸੰਜੀਦਾ ਹੋ ਜਾਂਦੀ ਹੈ, ਜਦੋਂ ਕੋਈ ਥਾਪੜੀ ਦੇਣ ਵਾਲਾ ਨਾ ਹੋਵੇ, ਹਿੰਮਤ ਦੇਣ ਵਾਲਾ ਨਾ ਹੋਵੇ ਜਿਸਦਾ ਜ਼ਿਕਰ ਆਪਾਂ ਕੀਤਾ ਹੈ ਕਿ ਸਾਡੀ ਭਾਈਚਾਰਕ ਸਾਂਝ ਦਿਨ ਬ ਦਿਨ ਟੁੱਟ ਰਹੀ ਹੈ

ਇਸ ਮੰਦਹਾਲੀ/ਬੇਹਾਲੀ ਵਾਲੀ ਹਾਲਤ ਵਿੱਚ ਅਸੀਂ ਇੱਕੋ ਦਮ ਰਾਤੋ-ਰਾਤ ਨਹੀਂ ਪਹੁੰਚੇਸਾਡੇ ਦੇਸ਼ ਦੇ ਆਗੂਆਂ ਨੇ ਸੰਵਿਧਾਨ ਮੁਤਾਬਕ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਈਹੌਲੀ ਹੌਲੀ ਦੇਸ਼ ਦੀ ਤਸਵੀਰ ਤੋਂ ਲੋਕੀਂ ਗਾਇਬ ਹੋਣ ਲੱਗੇਨਤੀਜਾ ਇਹ ਹੋਇਆ ਕਿ ਨੀਤੀਆਂ ਲੋਕਪੱਖੀ ਨਾ ਰਹਿ ਕੇ, ਸਰਮਾਏਦਾਰਾਂ ਦੇ ਹੱਕ ਵਿੱਚ ਬਣਨ ਲੱਗੀਆਂਅਸੀਂ ਦੇਖ ਸਕਦੇ ਹਾਂ ਕਿ ਉਹ ਚਾਹੇ ਸਿਹਤ ਹੋਵੇ, ਸਿੱਖਿਆ ਜਾਂ ਦੇਸ਼ ਦਾ ਖੇਤੀ ਢਾਂਚਾ, ਕਾਰਪੋਰੇਟ ਸੈਕਟਰ ਨੂੰ ਸਾਹਮਣੇ ਰੱਖਕੇ ਹੀ ਨੀਤੀਆਂ ਘੜੀਆਂ ਜਾ ਰਹੀਆਂ ਹਨ ਤੇ ਆਮ ਆਦਮੀ ਲਗਾਤਾਰ ਨਿਵਾਣ ਵੱਲ ਜਾ ਰਿਹਾ ਹੈ

ਇਹ ਸਥਿਤੀ ਇਸ ਲਈ ਵੀ ਬਣੀ ਹੈ ਕਿ ਦੇਸ਼ ਦਾ ਇੱਕ ਖਾਸ ਬੱਧੀਜੀਵੀ ਵਰਗ, ਆਪਣੀ ਬਣਦੀ ਭੂਮਿਕਾ ਨਿਭਾਉਣ ਤੋਂ ਕਿਨਾਰਾ ਕਰਦਾ ਰਿਹਾ ਹੈਉਸ ਨੇ ਆਪਣੇ ਹਿਤ ਦੇਖੇ ਹਨ (ਆਹੁਦੇਦਾਰੀਆਂ, ਇਨਾਮ-ਸਨਮਾਨ ਆਦਿ) ਅਤੇ ਆਪਣੇ ਗਿਆਨ ਅਤੇ ਖੋਜ ਕਾਰਜਾਂ ਨੂੰ ਕਾਰਪੋਰੇਟ ਦੇ ਹਿਤ-ਵਿੱਤ ਮੁਤਾਬਕ ਕੀਤਾ ਨਾ ਕਿ ਲੋਕਾਂ ਨੂੰ ਧਿਆਨ ਵਿੱਚ ਰੱਖਕੇ

(5) ਸੰਵਾਦ ਮਨਫ਼ੀ ਹੁੰਦਾ ਹੈ ਤਾਂ ਜਨ ਅੰਦੋਲਨ ਦਾ ਜਨਮ ਹੁੰਦਾ ਹੈ

ਵੈਸੇ ਤਾਂ ਇਹ ਹਰ ਜੀਵ ਦੀ ਪ੍ਰਵਿਰਤੀ ਹੈ ਕਿ ਜੇਕਰ ਉਸ ਦੀ ਆਵਾਜ਼ ਨਹੀਂ ਸੁਣੀ ਜਾਂਦੀ ਤਾਂ ਫਿਰ ਉਹ ਗੂੰਜ ਬਣਦੀ ਹੈ, ਚੀਖ ਵੀਬੱਚਾ ਵੀ ਆਪਣੀ ਭੁੱਖ ਦੇ ਸਮੇਂ ਪਹਿਲਾਂ ਕੁੰਅ-ਕੁੰਅ ਕਰਦਾ ਹੈ, ਫਿਰ ਰੋਂਦਾ ਹੈ ਤੇ ਫਿਰ ਚੀਖਦਾ ਹੈਇਸ ਤਰ੍ਹਾਂ ਦੇ ਰਿਸ਼ਤੇ ਵਿੱਚ, ਬਣਦਾ ਤਾਂ ਇਹ ਹੈ ਕਿ ਮਾਂ ਨੂੰ (ਪੁਕਾਰ ਸੁਣਨ ਵਾਲਾ) ਚੁੱਪ ਪਛਾਣਨੀ ਆਉਣੀ ਚਾਹੀਦੀ ਹੈਲੋਕਤੰਤਰ ਵਿੱਚ, ਜਦੋਂ ਦੇਸ਼/ਰਾਜ ਦਾ ਮੁਖੀ, ਉਨ੍ਹਾਂ ਦਾ ਆਪਣਾ, ਉਨ੍ਹਾਂ ਵਿੱਚੋਂ ਹੈ ਤਾਂ ਉਸ ਤੋਂ ਵੀ ਇਹੀ ਆਸ ਕੀਤੀ ਜਾਂਦੀ ਹੈ

ਮਨੁੱਖ ਕੋਲ ਦਿਮਾਗ ਹੈ, ਜਿਸ ਨੂੰ ਸਮੱਸਿਆਵਾਂ ਸੁਲਝਾਉਣ ਦਾ ਹੁਨਰ ਆਉਂਦਾ ਹੈਉਹ ਵਿਉਂਤਬੰਦੀ ਨਾਲ, ਜਥੇਬੰਧਕ ਹੋ ਕੇ ਕੰਮ ਕਰਨ ਤੇ ਨਤੀਜੇ ਵੀ ਜਾਣਦਾ ਹੈ, ਜੋ ਉਸ ਨੇ ਆਪਣੇ ਵਿਕਾਸ ਦੌਰਾਨ ਸਿੱਖਿਆ ਹੈਜਥੇਬੰਧਕ ਵਿਉਂਤ, ਲੋਕ-ਲਹਿਰ ਬਣਦੀ ਹੈ, ਫਿਰ ਲੋਕਤੰਤਰ ਤਾਂ ਕੀ, ਤਾਨਾਸ਼ਾਹ ਨੂੰ ਵੀ ਸੁਣਨਾ ਪੈਂਦਾ ਹੈ ਤੇ ਅਜਿਹੀਆਂ ਆਵਾਜ਼ਾਂ ਨੂੰ ਸੁਣਿਆ ਗਿਆ ਹੈ

(6) ਕਿਸਾਨ ਅੰਦੋਲਨ ਅਤੇ ਦਿੱਲੀ ਨਾਲ ਟਕਰਾਅ:

ਮਿਲਕੇ ਕਾਰਜ ਕਰਨ ਦੇ ਅਨੇਕਾਂ ਫਾਇਦੇ ਹਨਮਨੁੱਖ ਦੀਆਂ ਸਾਰੀਆਂ ਪ੍ਰਾਪਤੀਆਂ ਇਸਦੇ ਨਤੀਜੇ ਵਜੋਂ ਹਨਮਿਲਕੇ, ਆਪਸੀ ਸਹਿਯੋਗ ਨਾਲ, ਇਕਜੁੱਟ ਹੋ ਕੇ ਅੱਗੇ ਵਧਣ ਨਾਲ ਕਈ ਭਰਮ-ਭੁਲੇਖੇ ਮੁੱਕਦੇ ਹਨ, ਜਿਵੇਂ ਇਸ ਅੰਦੋਲਨ ਨੇ ਸਾਬਤ ਕੀਤਾ ਹੈ:

ਅਸੀਂ ਇੱਕ ਵਾਰੀ ਤਾਂ ਧਰਮ, ਜਾਤ, ਖਿੱਤਾ-ਖੇਤਰ (ਹਰਿਆਣਵੀ-ਪੰਜਾਬੀ ਦਾ ਵਖੇਰਵਾਂ) ਉਮਰ ਦੀ ਯੋਗਤਾ ਅਤੇ ਔਰਤ-ਮਰਦ ਦੇ ਯੋਗਦਾਨ ਨੂੰ ਲੈ ਕੇ ਖੜ੍ਹੇ ਹੋਏ ਸਵਾਲਾਂ ਤੋਂ ਉੱਪਰ ਲੰਘੇ ਹਾਂ

ਅਸੀਂ ਲੋਕਾਂ ਦੀ ਤਾਕਤ, ਲੋਕਾਂ ਦੀ ਇੱਕ ਦੂਸਰੇ ਨੂੰ ਆਪਣਾ ਸਮਝਣ ਦੀ ਫ਼ਿਤਰਤ ਨੂੰ ਜਾਣਿਆ ਹੈਕਿਸੇ ਅਪਦਾ ਵੇਲੇ, ਅੱਗੇ ਵਧ ਕੇ ਹੱਥ ਫੜਨ, ਸਹਾਰਾ ਬਣਨ ਦੀ ਖ਼ਾਸੀਅਤ ਨੂੰ ਆਪਣੇ ਅੱਖੀਂ ਦੇਖਿਆ ਹੈ

ਅਸੀਂ ਇੱਕ ਦੂਸਰੇ ਤੋਂ ਡਰਨ ਦੇ ਮਾਹੌਲ ਤੋਂ ਵੀ ਇਨਕਾਰੀ ਹੋਣ ਦੇ ਗਵਾਹ ਹੋਏ ਹਾਂ

ਮਨੁੱਖੀ ਹੱਕਾਂ ਲਈ, ਜ਼ਿੰਦਗੀ ਅਤੇ ਹੋਂਦ ਦੇ ਸੰਘਰਸ਼ ਵਿੱਚ, ਮੌਤ ਨੂੰ ਝਕਾਨੀ ਦੇਣ ਦੀ ਮਨੁੱਖੀ ਕਾਬਲੀਅਤ ਦੇ ਰੂਬਰੂ ਹੋਏ ਹਾਂ

ਅਸੀਂ ਮਿੱਟੀ ਨੂੰ ਮਹੱਲਾਂ ਨਾਲ ਟਕਰਾਉਣ ਦੀ ਹਿੰਮਤ ਦੇ ਇਤਿਹਾਸ ਨੂੰ ਸਿਰਜਦੇ ਦੇਖ ਰਹੇ ਹਾਂ

(7) ਆਪਣੀ ਮਿੱਟੀ ਦੇ ਵਾਰਿਸ ਲੱਭੀਏ:

ਲੋਕਤੰਤਰ ਦੀ ਭਾਵਨਾ ਉਦੋਂ ਮਜ਼ਬੂਤ ਹੁੰਦੀ ਹੈ, ਜਦੋਂ ਹਰ ਨੀਤੀ, ਕਾਰਜ ਜਾਂ ਪ੍ਰੋਗਰਾਮ ਲੋਕਾਂ ਦੀਆਂ ਮੁੱਢਲੀਆਂ ਲੋੜਾਂ ਨੂੰ ਸਾਹਮਣੇ ਰੱਖ ਕੇ ਕੀਤਾ ਜਾਵੇਆਗੂਆਂ ਦਾ ਹਰ ਕਦਮ ਲੋਕਾਂ ਦੇ ਸੁਪਨਿਆਂ ਦੇ ਹਾਣ ਦਾ ਹੋਵੇਪਰ ਪਿਛਲੇ ਕੁਝ ਸਾਲਾਂ ਤੋਂ ਇੱਕ ਮਾਹੌਲ ਬਣਾਇਆ ਗਿਆ ਹੈ ਕਿ ‘ਰਾਜਨੀਤੀ ਇੱਕ ਗੰਦਾ ਕੰਮ ਹੈ’, ‘ਕੀ ਲੈਣਾ ਰਾਜਨੀਤੀ ਤੋਂ’ਨਤੀਜਾ ਇਹ ਹੋਇਆ ਹੈ ਕਿ ਕੁਝ ਕੁ ਪਰਿਵਾਰਾਂ ਜਾਂ ਚਿਹਰਿਆਂ ਨੇ, ਰਾਜਨੀਤੀ ਨੂੰ ਆਪਣੇ ਲਈ ਰਾਖਵਾਂ ਕਰ ਲਿਆ ਹੈ

ਚਾਹੀਦਾ ਤਾਂ ਇਹ ਸੀ/ਹੈ ਕਿ ਲੋਕ ਸਾਡੇ ਵਿੱਚੋਂ ਹੋਣ, ਨਾ ਕਿ ਹੈਲੀਕੌਪਟਰ ਜਾਂ ਹਵਾਈ ਜ਼ਹਾਜ ਤੋਂ ਉੱਤਰੇ ਹੋਏਸਾਡੇ ਗੱਲੀ-ਮੁਹੱਲੇ ਵਿੱਚ ਰਹਿੰਦੇ ਹੋਣਸਾਡੇ ਬੱਚੇ ਉਨ੍ਹਾਂ ਬੱਚਿਆਂ ਦੇ ਨਾਲ, ਇੱਕੋ ਜਿਹੇ ਸਕੂਲ ਵਿੱਚ ਪੜ੍ਹਨ ਤੇ ਬੀਮਾਰ ਹੋਣ ਵੇਲੇ ਉਹ ਵੀ ਉਸੇ ਹਸਪਤਾਲ ਵਿੱਚ ਜਾਣ ਜਿੱਥੇ ਅਸੀਂ ਜਾਂਦੇ ਹਾਂਇਹ ਸੁਪਨਾ ਨਹੀਂ ਹੈਇਹ ਅਸੀਂ ਦੇਖਿਆ ਹੈ ਤੇ ਇਸ ਤਸਵੀਰ ਨੂੰ ਬਦਲਦੇ ਹੋਏ ਵੀਇਹ ਤਸਵੀਰ ਹੁਣ ਫਿਰ ਵੀ ਬਦਲੀ ਜਾ ਸਕਦੀ ਹੈਸਾਡੇ ਹੱਥ ਵੱਸ ਹੈ ਕਿ ਅਸੀਂ ਆਪਣੀ ਮਿੱਟੀ ਦੇ ਵਾਰਿਸ ਲੱਭੀਏ

**

ਡਾ. ਸ਼ਿਆਮ ਸੰਦਰ ਦੀਪਤੀ

ਜਾਰੀ ਕਰਤਾ: ਭਾਰਤ ਗਿਆਨ ਵਿਗਿਆਨ ਸੰਮਤੀ ਪੰਜਾਬ ਅਤੇ ਚੰਡੀਗੜ੍ਹ

ਸੰਸਥਾ: ਪਿੰਡ ਬਚਾਓ, ਪੰਜਾਬ ਬਚਾਓ।

ਸੰਪਰਕ: (99145 - 05009, 98158 - 08506, 94174 - 85060).

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2477)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.) 

About the Author

ਡਾ. ਸ਼ਿਆਮ ਸੁੰਦਰ ਦੀਪਤੀ

ਡਾ. ਸ਼ਿਆਮ ਸੁੰਦਰ ਦੀਪਤੀ

Professor, Govt. Medical College,
Amritsar, Punjab, India.
Phone: (91 - 98158 - 08506)
Email: (drdeeptiss@gmail.com)

More articles from this author