“ਜੋ ਹਾਲਤ ਦੇਸ਼ ਦੀ ਇਹਨਾਂ 75 ਵਰ੍ਹਿਆਂ ਵਿੱਚ ਹੋਈ ਹੈ, ਉਸ ਬਦਹਾਲੀ ਤੋਂ ਛੁਟਕਾਰਾ ਪਾਉਣ ਲਈ ...”
(20 ਅਪਰੈਲ 2022)
ਮਹਿਮਾਨ: 228.
ਸਾਲ 2019 ਵਿੱਚ ਜਲ੍ਹਿਆਂਵਾਲਾ ਬਾਗ ਦੇ ਸਾਕੇ ਨੂੰ ਸੌ ਸਾਲ ਹੋਏ। ਇੱਕ ਸ਼ਤਾਬਦੀ ਇਸ ਵਰ੍ਹੇ ਇਸ ਤਰੀਖ ਨੂੰ, ਇਸ ਨਾਲ ਜੁੜੀ ਤਵਾਰੀਖ ਨੂੰ ਚੇਤੇ ਕਰਨਾ ਸੀ, ਭਾਵੇਂ ਪੰਜਾਬ ਵਾਸਤੇ ਇਹ ਕਦੇ ਵੀ ਚੇਤੇ ਤੋਂ ਨਾ ਵਿਸਰੀ ਘਟਨਾ ਹੈ। ਅੰਮ੍ਰਿਤਸਰ ਦੀ ਧਰਤੀ ਦੋ ਹੀ ਥਾਂਵਾਂ ਲਈ ਵਿਸ਼ਵ ਵਿੱਚ ਮਸ਼ਹੂਰ ਹੈ। ਇੱਕ ਹੈ ਹਰਿਮੰਦਰ ਸਾਹਿਬ ਅਤੇ ਦੂਸਰਾ ਜਲ੍ਹਿਆਂਵਾਲਾ ਬਾਗ ਤੇ ਸਬੱਬੀਂ ਦੋਵੇਂ ਨਾਲੋ-ਨਾਲ ਹੀ ਹਨ।
ਇਸ ਘਟਨਾ ਦੇ ਸੌ ਸਾਲਾਂ ਦੀ ਤਿਆਰੀ ਦੇ ਸਮੇਂ ਦੇਸ਼ ਦੁਨੀਆ ਕਰੋਨਾ ਦੇ ਪ੍ਰਕੋਪ ਹੇਠ ਸੀ ਤੇ ਤਾਲਾਬੰਦੀ ਦੇ ਦੌਰ ਵਿੱਚੋਂ ਲੰਘ ਰਹੀ ਸੀ ਤੇ ਨਿਸ਼ਚਿਤ ਹੀ ਇਹ ਇਤਿਹਾਸਕ ਬਾਗ ਵੀ ਉਸ ਵਿੱਚ ਸ਼ਾਮਲ ਸੀ। ਇਸ ਵਰ੍ਹੇ 2022 ਵਿੱਚ ਜਦੋਂ ਦੇਸ਼ ਆਜ਼ਾਦੀ ਦੇ 75ਵੇਂ ਵਰ੍ਹੇ ਵਿੱਚੋਂ ਲੰਘ ਰਿਹਾ ਹੈ, ਜਲ੍ਹਿਆਂਵਾਲੇ ਸਾਕੇ ਨੂੰ ਯਾਦ ਕਰਨ ਦੀ ਲੋੜ ਵੀ ਹੈ ਤੇ ਮਹੱਤਤਾ ਵੀ। ‘ਕੀ ਸੋਚਿਆ ਸੀ, ਕਿੱਥੇ ਪਹੁੰਚੇ ਹਾਂ’ ’ਤੇ ਸਵਾਲ ਤਹਿਤ ਇਸ ਘਟਨਾ ਨੇ ਕਈ ਪੱਖ ਸਪਸ਼ਟ ਕਰਨੇ ਸੀ, ਪਰ ਉਹ ਸਮਾਂ ਟੱਪ ਗਿਆ। ਉਂਜ ਵੀ ਸ਼ਤਾਬਦੀਆਂ ਨੂੰ ਧੂਮ-ਧਾਮ ਨਾਲ ਮਨਾਉਣ ਦੇ ਦੌਰ ਵਿੱਚੋਂ ਲੰਘਦੇ ਹੋਏ, ਇਤਿਹਾਸ ਨੂੰ ਹਮੇਸ਼ਾ ਯਾਦ ਰੱਖਣ ਅਤੇ ਉਸ ਦੀਆਂ ਘਟਨਾਵਾਂ-ਨਤੀਜਿਆਂ ਨੂੰ ਯਾਦ ਰੱਖਦੇ ਹੋਏ ਅੱਗੇ ਵਧਣ ਦੀ ਪ੍ਰੇਰਨਾ ਕਦੇ ਵੀ ਲਈ ਜਾ ਸਕਦੀ ਹੈ ਤੇ ਜਲ੍ਹਿਆਂਵਾਲਾ ਬਾਗ ਇਸਦਾ ਪ੍ਰਤੀਕ ਹਮੇਸ਼ਾ ਰਿਹਾ ਹੈ।
ਜਲ੍ਹਿਆਂਵਾਲੇ ਬਾਗੇ ਦੀ ਵਾਰਦਾਤ ਦਾ ਸੌਵਾਂ ਸਾਲ, ਕਰੋਨਾ ਦੀ ਮਾਰ, ਪਰ ਸਰਕਾਰ ਲਈ ਇਹ ਦੋ ਵਰ੍ਹੇ ਕਿਸੇ ਵੀ ਤਰ੍ਹਾਂ ਖੜੋਤ ਦੇ ਨਹੀਂ, ਸਗੋਂ ਆਪਣੇ ਮਿੱਥੇ ਏਜੰਡੇ ਨੂੰ ਪੂਰਾ ਕਰਨ ਤੇ ਉਸ ਨੂੰ ਤੇਜ਼ੀ ਨਾਲ ਅੱਗੇ ਵਧਾਉਣ ਦੇ ਬਣੇ ਹਨ, ਕਿਉਂਕਿ ਕੋਈ ਵਿਰੋਧ ਨਹੀਂ ਸੀ। ਨਾ ਸੰਸਦ ਦਾ ਸੈਸ਼ਨ ਚੱਲ ਰਿਹਾ ਸੀ ਤੇ ਸੜਕਾਂ ’ਤੇ ਸੁੰਨਸਾਨ ਦੀਆਂ ਹਦਾਇਤਾਂ ਸਨ। ਸਿਰਫ ਪੁਲਿਸ ਹੀ ਸੜਕਾਂ ’ਤੇ ਸੀ, ਜੋ ਕਰੋਨਾ ਵਰਗੀ ਮਹਾਂਮਾਰੀ ਨੂੰ ਕਾਬੂ ਕਰ ਰਹੀ ਸੀ ਤੇ ਸਰਕਾਰ ਨੂੰ ਵਿਰੋਧ ਦੀ ਸੁਰ ਤੋਂ ਬਚਾ ਰਹੀ ਸੀ।
ਇਸੇ ਦੌਰਾਨ ਹੀ ਜਲ੍ਹਿਆਂਵਾਲੇ ਬਾਗ ਦਾ ਨਵੀਂਨੀਕਰਨ ਕੀਤਾ ਜਾਣਾ ਸ਼ੁਰੂ ਹੋਇਆ। ਸ਼ਤਾਬਦੀ ਵਰ੍ਹੇ ਮੌਕੇ ਇਸ ਨੂੰ ਦੇਸ਼ ਵਾਸੀਆਂ ਨੂੰ ਸਮਰਪਿਤ ਕਰਨਾ ਸੀ, ਜੋ ਲੋਕਾਂ ਨੂੰ ਆਜ਼ਾਦੀ ਦੇ ਸੰਘਰਸ਼ ਦੌਰਾਨ ਆਪਣੇ ਯੋਗਦਾਨ ਦੀ ਭੂਮਿਕਾ ਨੂੰ ਦਰਸਾਉਂਦਾ ਹੈ। ਇਸਦੇ ਨਵੇਂ ਰੂਪ ਨੂੰ, ਦੇਸ਼ ਦੇ ਪ੍ਰਧਾਨ ਮੰਤਰੀ ਨੇ ਲੋਕਾਂ ਸਾਹਮਣੇ ਪੇਸ਼ ਕੀਤਾ। ਕਰੋਨਾ ਦਾ ਡਰ ਕੁਝ ਘੱਟ ਸੀ, ਪਰ ਪੂਰੀ ਤਰ੍ਹਾਂ ਮੁੱਕਿਆ ਨਹੀਂ ਸੀ ਤੇ ਇਸਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਨੇ ਇਸ ਰਸਮ ਨੂੰ ਰਾਜਧਾਨੀ ਦਿੱਲੀ ਤੋਂ ਹੀ ਨਿਭਾਇਆ।
ਪ੍ਰਧਾਨ ਮੰਤਰੀ, ਜਿਸ ਤਰ੍ਹਾਂ ਦਾ ਉਹਨਾਂ ਦਾ ਸੁਭਾਅ ਹੈ ਕਿ ਉਹ ਕਿਸੇ ਮੌਕੇ ਨੂੰ ਵੀ ਖੁੰਝਣ ਨਹੀਂ ਦਿੰਦੇ। ਇਹ ਮੌਕਾ ਵੀ ਉਹਨਾਂ ਨੇ ਵਰਤਿਆ ਤੇ ਦੇਸ਼ ਦੀ ਆਜ਼ਾਦੀ ਵਿੱਚ ਪਾਏ ਪੰਜਾਬੀਆਂ ਦੇ ਯੋਗਦਾਨ ਦੀ ਸ਼ਲਾਘਾ ਕੀਤੀ। ਉਹਨਾਂ ਕਈ ਤਾਰੀਫ ਦੇ ਸ਼ਬਦ ਵਰਤੇ। ਪੰਜਾਬੀਆਂ ਨੂੰ ਸੂਰਬੀਰ, ਕੁਰਬਾਨੀ ਕਰਨ ਵਾਲੇ, ਜ਼ੁਲਮ ਬਰਦਾਸ਼ਤ ਨਾ ਕਰਨ ਵਾਲੇ ਕਿਹਾ। ਕੁਰਬਾਨੀਆਂ ਦੀ ਗੱਲ ਕਰਦੇ-ਕਰਦੇ, ਉਹਨਾਂ ਨੇ ਭਾਰਤ ਦੀ ਆਜ਼ਾਦੀ ਅਤੇ ਵੰਡ ਨੂੰ ਵੀ ਨਾਲ ਹੀ ਜੋੜ ਲਿਆ ਤੇ ਉਸ ਵਿੱਚ ਪੰਜ ਲੱਖ ਪੰਜਾਬੀਆਂ ਦੇ ਮਾਰੇ ਜਾਣ ਦਾ ਜ਼ਿਕਰ ਵੀ ਕੀਤਾ। ਜਲ੍ਹਿਆਂਵਾਲੇ ਬਾਗ ਦਾ ਸਾਕਾ ਅਤੇ ਵੰਡ ਦੀ ਤਰਾਸਦੀ ਰਲਗਡ ਹੋ ਗਏ। ਦੋਹਾਂ ਦੀ ਸਾਂਝੀ ਤਾਰ ਸੀ, ਕੁਰਬਾਨੀ। ਭਾਵੇਂ ਕਿ ਦੋਹਾਂ ਵਿੱਚ ਡੁੱਲ੍ਹੇ ਖੂਨ ਵਿੱਚ ਫਰਕ ਸੀ। ਦੋਹਾਂ ਦੇ ਖੂਨ ਪਿੱਛੇ ਮਕਸਦ ਮਾਨਸਿਕਤਾ ਬਿਲਕੁਲ ਵੱਖਰੀ ਸੀ।
ਪ੍ਰਧਾਨ ਮੰਤਰੀ ਨੇ 13 ਅਪਰੈਲ ਨੂੰ, 14 ਅਗਸਤ ਬਾਰੇ ਇੱਕ ਐਲਾਨ ਕੀਤਾ ਕਿ ਅੱਗੇ ਤੋਂ ਉਹਨਾਂ ਪੰਜ ਲੱਖ ਲੋਕਾਂ ਦੇ ਕਤਲੇਆਮ ਨੂੰ ਵਿਭਤਸ ਦਿਵਸ ਦੇ ਤੌਰ ’ਤੇ ਮਨਾਇਆ ਜਾਵੇਗਾ, ਟੈਰਰ ਡੇ। ਪੰਜਾਬ ਵਾਸਤੇ ਟੈਰਰ ਨਵਾਂ ਸ਼ਬਦ ਨਹੀਂ ਹੈ। ਇੱਥੋਂ ਦੇ ਲੋਕ ਇਸ ਸ਼ਬਦ ਦੇ ਅਰਥਾਂ ਅਤੇ ਭਾਵਾਂ ਨੂੰ ਬਾਖੂਬੀ ਸਮਝਦੇ ਹਨ, ਜਦੋਂ ਉਹਨਾਂ ਨੇ ਦਸ ਸਾਲ ਇਸ ਅੱਤਵਾਦ ਵਾਲੇ ਦਿਨਾਂ ਵਿੱਚ ਗੁਜ਼ਾਰੇ ਹਨ। ਉਂਜ ਉੱਤਰ-ਪੂਰਬ ਕਸ਼ਮੀਰ ਦੀ ਵਾਦੀ ਵੀ ਅਜਿਹੇ ਦੌਰ ਵਿੱਚ ਰਹਿਣ ਦੇ ਆਦੀ ਹਨ। ਨਾਲ ਹੀ ਦੇਸ਼ ਵਿੱਚ ਅਜਿਹੇ ਹਾਦਸੇ ਵਾਪਰਦੇ ਰਹਿੰਦੇ ਹਨ, ਚਾਹੇ ਉਹ ਮੁਜ਼ੱਫਰਨਗਰ ਹੋਵੇ, ਮੇਰਠ ਜਾਂ ਦਿੱਲੀ ਅਤੇ ਗੁਜਰਾਤ, ਅਯੁੱਧਿਆ ਆਦਿ।
ਪੰਜ ਲੱਖ ਪੰਜਾਬੀਆਂ ਦਾ, ਬੇਕਸੂਰ ਪੰਜਾਬੀਆਂ ਦਾ ਘਾਣ। ਪਰ ਇੱਥੇ ਪ੍ਰਧਾਨ ਮੰਤਰੀ ਪੰਜ ਲੱਖ ਉਹਨਾਂ ਪੰਜਾਬੀਆਂ ਨੂੰ ਵਿਸਾਰ ਗਏ, ਜੋ ਸਰਹੱਦ ਪਾਰ ਦੇ ਸਨ। ਇਹ ਦਿਨ ਉਨ੍ਹਾਂ ਦੋਹਾਂ ਪੰਜਾਬੀਆਂ ਲਈ ਇੱਕੋ ਜਿਹੇ ਸਨ। ਕੀ ਵਾਪਰਿਆ, ਕੀ ਜਨੂੰਨ ਸੀ। ਇਸਦੀ ਖੋਜ ਇਤਿਹਾਸ ਕਰੇ, ਨਾ ਕਰੇ ਪਰ ਪੰਜਾਬੀ ਸਾਹਿਤ ਕੋਲ ਉਸ ਦੀ ਬਹੁਤ ਹੀ ਸਟੀਕ ਪੇਸ਼ਕਾਰੀ ਹੈ। ਉਹ ਇੰਨੀ ਸਟੀਕ ਹੈ ਕਿ ਉਹ ਲੋਕ/ਧਾਰਕ ਵੀ ਸਭ ਕੁਝ ਆਪਣੀਆਂ ਅੱਖਾਂ ਮੂਹਰੇ ਸਾਫ ਹੁੰਦਾ ਦੇਖ ਸਕਦੇ ਹਨ।
ਇਹ ਸਾਰੀ ਗੱਲ ਦਾ ਮਕਸਦ 13 ਅਪਰੈਲ ਵਿਸਾਖੀ, ਜਲ੍ਹਿਆਂਵਾਲੇ ਬਾਗ ਦੇ ਸਾਕੇ ਦਾ ਨਵਾਂ ਰੂਪ ਅਤੇ ਨਾਲ ਹੀ 14 ਅਗਸਤ ਨੂੰ ਡਰਾਉਣਾ ਦਿਵਸ ਐਲਾਨਣਾ, ਕੀ ਕਿਤੇ ਜੁੜਦੇ ਹਨ ਕਿ ਐਵੇਂ ਹੀ ਪ੍ਰਧਾਨ ਮੰਤਰੀ ਦੇ ਬੋਲਦੇ-ਬੋਲਦੇ ਦਿਮਾਗ ਵਿੱਚ ਆ ਗਿਆ ਤੇ ਸਰਸਰੀ ਜ਼ਿਕਰ ਹੋ ਗਿਆ? ਸਵਾਲ ਇਹ ਹੈ ਕਿ ਜਲ੍ਹਿਆਂਵਾਲੇ ਬਾਗ ਨੂੰ ਯਾਦ ਰੱਖਣਾ ਕਿਉਂ ਜ਼ਰੂਰੀ ਹੈ ਤੇ ਹੁਣ ਅੱਗੇ ਤੋਂ 14 ਅਗਸਤ ਨੂੰ ਆਜ਼ਾਦੀ ਦਿਵਸ ਦੀਆਂ ਤਿਆਰੀਆਂ ਤੋਂ ਇੱਕ ਦਿਨ ਪਹਿਲਾਂ ਕੀ ਕਰਿਆ ਕਰਾਂਗੇ। ਕਿਵੇਂ ਯਾਦ ਕਰਾਂਗੇ? ਕੀ ਉਸ ਦਿਨ ਰੋਵਾਂਗੇ, ਅਫਸੋਸ ਕਰਾਂਗੇ, ਕੀ ਉਸ ਦਿਨ ਪੰਜ ਲੱਖ (ਅਸਲ ਵਿੱਚ ਦਸ ਲੱਖ) ਮਾਰੇ ਗਏ ਲੋਕਾਂ ਦੀ ਹਾਲਤ ਨੂੰ ਲੈ ਕੇ, ਉਸ ਪਿੱਛੇ ਚੱਲੀ ਸਾਜ਼ਿਸ਼ ਨੂੰ ਲੱਭਾਂਗੇ, ਪਰਦਾ ਫਾਸ਼ ਕਰਾਂਗੇ? ਕੀ ਕਰਾਂਗੇ? ਤੇ ਫਿਰ ਅਗਲੇ ਦਿਨ 15 ਅਗਸਤ ਨੂੰ ਆਜ਼ਾਦੀ ਦਿਵਸ ’ਤੇ ਲਾਲ ਕਿਲੇ ’ਤੇ ਝੰਡਾ ਲਹਿਰਾਵਾਂਗੇ ਤੇ ਆਪਣੀ ਜਿੱਤ ਦਾ ਗੁਨਗਾਨ ਕਰਾਂਗੇ। ਆਜ਼ਾਦੀ ਦੀਆਂ ਕੁਰਬਾਨੀਆਂ ਵਿੱਚ ਉਹਨਾਂ ਪੰਜ ਲੱਖ ਲੋਕਾਂ ਨੂੰ ਵੀ ਸ਼ਾਮਲ ਕਰਾਂਗੇ। ਕੀ ਇਸ ਤਰ੍ਹਾਂ ਯਾਦ ਆਵੇਗਾ, ਆਜ਼ਾਦੀ ਦਿਵਸ ਸਾਡੇ ਬੱਚਿਆਂ-ਨੌਜਵਾਨਾਂ ਦੇ ਚੇਤੇ ਦਾ ਹਿੱਸਾ ਬਣੇਗਾ। ਉਹ ਦਿਵਸ, ਉਹ ਮੌਕਾ।
ਚਾਹੀਦਾ ਤਾਂ ਇਹ ਸੀ ਕਿ 13 ਅਪਰੈਲ ਤੇ ਨਵੇਂ ਜਲ੍ਹਿਆਂਵਾਲੇ ਬਾਗ ਦਾ ਉਦਘਾਟਨ ਕਰਨ ਮੌਕੇ ਉਸ ਦਿਵਸ ਨੂੰ ਕੋਈ ਵਧੀਆ ਦਿਹਾੜਾ ਐਲਾਨਦੇ ਤੇ ਉਸ ਨੂੰ ਪੂਰਾ ਦੇਸ਼ ਅਪਨਾਉਂਦਾ। ਦੇਸ਼ ਦੇ ਪ੍ਰਧਾਨ ਮੰਤਰੀ ਦੇ ਬੋਲ ਤਾਂ ਸਾਰੇ ਦੇਸ਼ ਨੇ ਪੁਗਾਉਣੇ ਹੁੰਦੇ ਹਨ। 14 ਅਗਸਤ ਵੀ ਸਾਰੇ ਹੀ ਆਪਣੇ-ਆਪਣੇ ਢੰਗ ਨਾਲ ਯਾਦ ਕਰਨਗੇ। ਵਿਭਤਸ ਦਾ ਅਰਥ ਲੋਕ ਸ਼ਬਦਕੋਸ਼ ਵਿੱਚੋਂ ਦੇਖਣਗੇ ਜਾਂ ਸੱਤਾ ਪਾਰਟੀ ਆਪਣੀਆਂ ਐਨਕਾਂ ਨਾਲ ਉਹਨਾਂ ਨੂੰ ਉਸ ਦੇ ਅਰਥ ਲੱਭਣ ਲਈ ਦੇਵੇਗੀ।
ਜਲ੍ਹਿਆਂਵਾਲੇ ਬਾਗ ਦਾ ਹਾਦਸਾ, ਦੇਸ਼ ਦੀ ਆਜ਼ਾਦੀ ਦਾ ਇੱਕ ਅਹਿਮ, ਮੀਲ ਪੱਥਰ ਵਾਂਗ ਯਾਦ ਕੀਤਾ ਜਾਣ ਵਾਲਾ ਹਾਦਸਾ ਹੈ। ਇੱਕ ਅਜਿਹਾ ਘਟਨਾਕ੍ਰਮ, ਜਿਸਦੀ ਅੱਜ ਵੀ ਪ੍ਰਸੰਗਿਕਤਾ ਹੈ। ਤੇਰਾਂ ਅਪਰੈਲ ਆਪਣੇ ਆਪ ਵਿੱਚ ਮਹੱਤਵਪੂਰਨ ਦਿਨ ਹੈ, ਪਰ ਇਸ ਨੂੰ ਮਹੀਨੇ ਕੁ ਪਹਿਲਾਂ ਜਾ ਕੇ ਦੇਖਣ ਦੀ ਲੋੜ ਹੈ। ਇਹ ਹਾਦਸਾ, ਜਦੋਂ ਇਸ ਬਾਗ ਵਿੱਚ ਅੰਮ੍ਰਿਤਸਰ ਸ਼ਹਿਰ ਅਤੇ ਨੇੜੇ-ਤੇੜੇ ਦੇ ਵਾਸੀ ਇਕੱਠੇ ਹੋ ਕੇ ਰੋਸ ਪ੍ਰਦਰਸ਼ਨ ਕਰ ਰਹੇ ਸੀ। ਉਹ ਰੋਸ ਸੀ, ਇੱਕ ਨਵੇਂ ਬਣੇ ਕਾਨੂੰਨ ਦੇ ਖਿਲਾਫ, ਉਹ ਸੀ ਰੋਲਟ ਐਕਟ। ਉਸ ਬਾਰੇ ਸਮਝਣਾ ਹੋਵੇ ਤਾਂ ਕਹਿ ਸਕਦੇ ਹਾਂ, ਨਾ ਦਲੀਲ, ਨਾ ਅਪੀਲ, ਨਾ ਵਕੀਲ ਦੀ ਮੱਦ ਵਾਲਾ ਕਾਨੂੰਨ। ਜੋ ਅਜੋਕੇ ਹਾਲਾਤ ਤੋਂ ਵਾਕਫ ਨੇ, ਉਹ ਸਮਝ ਸਕਦੇ ਹਨ, ਜਿਵੇਂ ਯੂ ਏ ਪੀ ਏ ਕਾਨੂੰਨ ਭਾਵੇਂ ਕਿ ਐੱਨ ਐੱਸ ਏ, ਟਾਡਾ ਅਫਸਫਾ ਆਦਿ।
ਪੰਜਾਬ ਨਿਸ਼ਚਿਤ ਹੀ ਬ੍ਰਿਟਿਸ਼ ਹਕੂਮਤ ਖਿਲਾਫ ਆਪਣੇ ਅੰਦੋਲਨ ਵਿੱਚ ਮੋਹਰੀ ਸੀ। ਸ. ਅਜੀਤ ਸਿੰਘ ਦੀ 1907 ਦੀ ਪਗੜੀ ਸੰਭਾਲ ਜੱਟਾ ਲਹਿਰ, ਕਰਤਾਰ ਸਿੰਘ ਸਰਾਭਾ ਅਤੇ ਹੋਰ ਸਾਥੀਆਂ ਦੀ ਗਦਰ ਲਹਿਰ। ਇਸ ਇਲਾਕੇ ਵਿੱਚ ਹੀ ਸਰਗਰਮ ਸੀ। ਇਸੇ ਧਰਤੀ ਤੋਂ ਹੀ ਸੈਫੂਦੀਨ ਕਿਚਲੂ ਅਤੇ ਡਾ. ਸਤਿਆਪਾਲ ਨੇ ਅੱਗੇ ਲੱਗ ਕੇ ਇਸਦਾ ਪ੍ਰਬੰਧ ਕੀਤਾ। ਇਹ ਘਟਨਾਕ੍ਰਮ 30 ਮਾਰਚ ਤੋਂ ਸ਼ੁਰੂ ਹੋਇਆ। ਹਾਲਾਤ ਵਿਗੜਦੇ ਦੇਖ ਅੰਗਰੇਜ਼ਾਂ ਨੇ ਜਨਰਲ ਡਾਇਰ ਹੱਥ ਕਮਾਂਡ ਦਿੱਤੀ। ਹਿੰਦੂ-ਮੁਸਲਮਾਨਾਂ ਨੂੰ ਲੜਾਉਣ ਲਈ ਵੱਖ-ਵੱਖ ਕਰਨ ਦੀ ਕੋਸ਼ਿਸ਼ ਹੋਈ ਤੇ ਇਸਦੇ ਉਲਟ ਦੋਹਾਂ ਨੇ ਇੱਕੋ ਘੜੇ ਵਿੱਚੋਂ ਪਾਣੀ ਪੀਤਾ ਅਤੇ ਹਿੰਦੂਆਂ ਦੇ ਤਿਉਹਾਰ ਰਾਮਨੌਮੀ ਨੂੰ ਦੋਹਾਂ ਫਿਰਕਿਆਂ ਨੇ ਮਿਲ ਕੇ ਮਨਾਇਆ। ਅੰਗਰੇਜ਼ਾਂ ਨੂੰ ਹਾਲਾਤ ਬੇਕਾਬੂ ਹੁੰਦੇ ਜਾਪੇ ਤਾਂ ਕਰਫਿਊ ਲੱਗਾ ਦਿੱਤਾ ਗਿਆ ਤੇ ਧਾਰਾ 144 ਵੀ। ਇਕੱਠੇ ਹੋਣਾ ਮਨ੍ਹਾ ਹੋਣ ਦੇ ਬਾਵਜੂਦ ਲੋਕਾਂ ਦੀ ਵਿਰੋਧਤਾ ਦਾ ਇਹ ਅੰਜਾਮ ਦੇਖਣ ਨੂੰ ਮਿਲਿਆ ਕਿ ਇਕੱਠ ਹੋਇਆ। ਜਨਰਲ ਡਾਇਰ ਨੂੰ ਇੰਨਾ ਗੁੱਸਾ ਸੀ, ਜੋ ਉਸ ਨੇ ਕਬੂਲਿਆ ਵੀ ਕਿ ਮੇਰੀ ਲਗਾਈ ਧਾਰਾ ਤੋੜੀ ਗਈ ਤੇ ਮੈਂ ਸਬਕ ਸਿਖਾਇਆ।
ਖੈਰ! ਉਸ ਦਿਨ ਦੇ ਬਿਰਤਾਂਤ ਬਾਰੇ ਬਹੁਤੇ ਜਾਣਦੇ ਹਨ, ਪਰ ਉੱਥੇ ਹਿੰਦੂ-ਮੁਸਲਮਾਨ, ਸਿੱਖ ਸਭ ਦਾ ਖੂਨ ਡੁੱਲ੍ਹਿਆ ਤੇ ਫਿਰ ਆਜ਼ਾਦੀ ਦੀ ਲੜਾਈ ਦਾ ਮਹਾਜ਼ ਆਪਣੇ ਟੀਚੇ ਵੱਲ ਨਵੇਂ ਰੂਪ ਵਿੱਚ ਅੱਗੇ ਵਧਿਆ।
ਹੁਣ ਜਲ੍ਹਿਆਂਵਾਲਾ ਬਾਗ ਅੰਦਰ ਜਾ ਕੇ ਉਹ ਘਟਨਾਕ੍ਰਮ ਉਸ ਰੂਪ ਵਿੱਚ ਉਹ ਸੰਦੇਸ਼ ਦਿੰਦਾ ਨਹੀਂ ਜਾਪਦਾ ਕਿ ਉੱਥੇ ਸਰਵ ਸਾਂਝੇ ਖੂਨ ਨਾਲ ਕਥਾ-ਆਜ਼ਾਦੀ ਲਿਖੀ ਗਈ। ਕਿਵੇਂ ਸਭ ਨੇ ਕੁਝ ਦਿਨ ਪਹਿਲਾਂ (9 ਅਪਰੈਲ 1919) ਨੂੰ ਰਾਮਨੌਮੀ ਮਨਾਈ ਤੇ ਕਿਵੇਂ ਸਟੇਜ ਤੋਂ ਸਭ ਨੇ ਨਵੇਂ ਬਣੇ ਕਾਨੂੰਨ ਦੀ ਖਿਲਾਫਤ ਕੀਤੀ।
ਅਜੋਕੇ 75ਵੇਂ ਆਜ਼ਾਦੀ ਵਰ੍ਹੇ ਦੌਰਾਨ ਦੇਸ਼ ਗਵਾਹ ਹੈ ਕਿ ਕਿਵੇਂ ਇੱਕ ਖਾਸ ਘੱਟ-ਗਿਣਤੀ ਫਿਰਕੇ ਨੂੰ ਨਿਸ਼ਾਨਾ ਬਣਾ ਕੇ ਦੇਸ਼ ਦੀ ਮੁੱਖ ਧਾਰਾ ਤੋਂ ਲਾਂਭੇ ਕੀਤਾ ਜਾ ਰਿਹਾ ਹੈ। ਦੇਸ਼ ਵਿੱਚ ਲਗਾਤਾਰ ਨਫਰਤ ਦਾ ਮਾਹੌਲ ਵਧ ਰਿਹਾ ਹੈ। ਇਸ ਦਿਨ ਨੂੰ ਜਿੱਥੇ ਪਿਆਰ-ਸਾਂਝ ਦਿਵਸ ਵਜੋਂ ਐਲਾਨਿਆ ਜਾਣਾ ਸੀ, ਇਸ ਮਿੱਟੀ ਤੋਂ ਜਿੱਥੇ ਮਿਲ ਕੇ ਰਹਿਣ ਦੀ ਪ੍ਰੇਰਣਾ ਲੈਣ ਵਜੋਂ ਯਾਦ ਕਰਨ ਦਾ ਸੁਨੇਹਾ ਦੇਣਾ ਸੀ, ਉਸ ਦਿਨ ’ਵਿਭਤਸ’ ਦਿਵਸ ਮਤਲਬ ਭਿਆਨਕ, ਨਸਲੀ, ਬਰਬਰ, ਘਿਰਣਤ, ਅਸਭਿਆ ਦਿਵਸ ਵਜੋਂ ਯਾਦ ਕਰਨਾ ਅਤੇ ਦਸ ਲੱਖ ਪੰਜਾਬੀਆਂ ਨੂੰ ਯਾਦ ਨਾ ਕਰਕੇ, ਪੰਜ ਲੱਖ ’ਤੇ ਟੇਕ ਰੱਖਣਾ ਕੀ ਸੁਨੇਹਾ ਦਿੰਦਾ ਹੈ।
ਇਤਿਹਾਸ ਨੂੰ ਯਾਦ ਕਰਕੇ ਕਿਸੇ ਤੋਂ ਬਦਲਾ ਲੈਣ ਦੀ ਭਾਵਨਾ ਨੂੰ ਜਾਗਦਾ ਰੱਖਣਾ, ਮਨੁੱਖੀ ਫਿਤਰਤ ਦੇ ਉਲਟ ਹੈ। ਇਹ ਜਾਨਵਰੀ ਪ੍ਰਵਿਰਤੀ ਹੈ, ਅਸੀਂ ਕਈ ਕਹਾਣੀਆਂ ਪੜ੍ਹਦੇ ਹਾਂ। ਪਰ ਅਸੀਂ ਮਨੁੱਖ ਬਣ ਕੇ ਵਿਚਾਰ ਰਹੇ ਹਾਂ। ਅਸੀਂ ਜੰਗਲ ਛੱਡ ਕੇ ਵੀ ਜੰਗਲੀ ਬਣੇ ਰਹਾਂਗੇ ਜਾਂ ਸੱਭਿਆ ਸਮਾਜ ਵਿੱਚ ਅਸਭਿਆ ਕਹਾਵਾਂਗੇ, ਇਹ ਮਨੁੱਖਤਾ ਦਾ ਅਪਮਾਨ ਹੋਵੇਗਾ।
ਇਤਿਹਾਸ ਚੇਤੇ ਰੱਖਣਾ ਹੁੰਦਾ ਹੈ, ਰੱਖਣਾ ਚਾਹੀਦਾ ਹੈ ਤਾਂ ਜੋ ਸਬਕ ਸਿੱਖਿਆ ਜਾਵੇ ਕਿ ਉਸ ਨੂੰ ਦੁਹਰਾਉਣ ਦੀ ਨੌਬਤ ਨਾ ਆਵੇ। ਠੋਕਰ ਖਾ ਕੇ ਸਿੱਖਣ ਦੀ ਗੱਲ ਹੁੰਦੀ ਹੈ। ਉਸ ਦਾ ਅਰਥ ਵੀ ਇਹੀ ਹੈ, ਪਰ ਅਸੀਂ ਸਿੱਖੇ ਨਹੀਂ ਤੇ ਨਤੀਜਾ ਦੇਖਣ ਨੂੰ ਮਿਲਿਆ 1947 ਅਤੇ ਆਜ਼ਾਦ ਭਾਰਤ ਵਿੱਚ 1984 ਅਤੇ 2002 ਛੁੱਟ-ਪੁੱਟ ਕਈ ਹਨ।
ਪਰ ਸਮਾਜ ਵਿੱਚ ਇੱਕ ਧਿਰ ਹਮੇਸ਼ਾ ਅਜਿਹੀ ਹੁੰਦੀ ਹੈ, ਜੋ ਸੱਤਾ ਹਾਸਲ ਕਰਨਾ ਚਾਹੁੰਦੀ ਹੈ। ਠੀਕ ਹੈ ਇਹ ਜਜ਼ਬਾ, ਪਰ ਸੱਤਾ ’ਤੇ ਕਾਇਮ ਰਹਿਣ, ਹਰ ਹੀਲੇ ਬਣੇ ਰਹਿਣਾ, ਉਹ ਫਿਰ ਇਤਿਹਾਸ ਨੂੰ ਇਸ ਤਰ੍ਹਾਂ ਤੋੜਦੀ-ਮਰੋੜਦੀ ਹੈ ਕਿ ਉੱਥੇ ਏਕੇ ਅਤੇ ਸੰਘਰਸ਼ ਦੀਆਂ ਅਗਾਂਹਵਧੂ ਭਾਵਨਾਵਾਂ ਨਾ ਜਾਗਣ। ਬਿਲਕੁਲ ਹੀ ਅਜਿਹੀ ਮਾਨਸਿਕਤਾ ਨਾਲ ਜਲ੍ਹਿਆਂਵਾਲਾ ਬਾਗ ਨਾਲ ਹੋਇਆ ਹੈ ਤੇ ਜੋ ਹਾਲਤ ਦੇਸ਼ ਦੀ ਇਹਨਾਂ 75 ਵਰ੍ਹਿਆਂ ਵਿੱਚ ਹੋਈ ਹੈ, ਉਸ ਬਦਹਾਲੀ ਤੋਂ ਛੁਟਕਾਰਾ ਪਾਉਣ ਲਈ ਅਤੇ ਸੱਚੀਓਂ ਹੀ ਆਜ਼ਾਦੀ ਦੀ ਖੁਸ਼ੀ ਵਿੱਚ ਸ਼ਾਮਲ ਹੋਣ ਲਈ ਜਲ੍ਹਿਆਂਵਾਲਾ ਬਾਗ ਦੀ ਘਟਨਾ ਨੂੰ ਚੇਤੇ ਕਰਕੇ ਅੱਗੇ ਵਧਣ ਦੀ ਬਹੁਤ ਜ਼ਰੂਰਤ ਹੈ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3516)
(ਸਰੋਕਾਰ ਨਾਲ ਸੰਪਰਕ ਲਈ: