“ਅੱਜ ਪੂਰੀ ਦੁਨੀਆਂ ਸਾਡੀ ਕਾਰਗੁਜ਼ਾਰੀ ਨੂੰ ਦੇਖ ਰਹੀ ਹੈ। ਸਾਡਾ ਵਤੀਰਾ ਦਿਸ ਰਿਹਾ ...”
(22 ਮਈ 2021)
ਦੁਸ਼ਮਣ ਅਦ੍ਰਿਸ਼ ਨਹੀਂ ਹੈ, ਜੇਕਰ ਇਸਦਾ ਮਤਲਬ ਕਰੋਨਾ ਵਾਇਰਸ ਤੋਂ ਹੈ। ਇਸਦਾ ਇੱਕ ਨਿਸ਼ਚਿਤ ਰੂਪ-ਅਕਾਰ ਹੈ। ਉਹ ਰੂਪ ਜੋ ਅੱਜ ਬੱਚੇ-ਬੱਚੇ ਨੂੰ ਪਤਾ ਹੈ। ਉਹ ਦੁਸ਼ਮਣ ਜੋ ਸਾਰਾ ਦਿਨ ਟੀ.ਵੀ ਦੀ ਸਕਰੀਨ ’ਤੇ ਦਿਸਦਾ ਹੈ ਤੇ ਹਰ ਅਖ਼ਬਾਰ ਦੇ ਪਹਿਲੇ ਪੰਨੇ ’ਤੇ ਉਸ ਦੀ ਤਸਵੀਰ ਛਪਦੀ ਹੈ।
ਇਹ ਗੱਲ ਹੋਰ ਹੈ ਕਿ ਅਸੀਂ ਇਨਕਾਰੀ ਹੋਈਏ, ਪਛਾਣੀਏ ਹੀ ਨਾ। ਉਸ ਦੀ ਹੋਂਦ ਨੂੰ ਮੰਨੀਏ ਹੀ ਨਾ। ਬਹਿਰੂਪੀਆ ਵੀ ਨਹੀਂ ਹੈ, ਜਿਸ ਤਰਜ਼ ’ਤੇ ਇਸ ਨੂੰ ਕਿਹਾ ਜਾ ਰਿਹਾ ਹੈ। ਸਭ ਕੁਝ ਸਪਸ਼ਟ ਹੋਣ ਦੇ ਬਾਵਜੂਦ ਇਸਦੇ ਫੈਲਣ ਅਤੇ ਲੱਛਣਾਂ ਦੇ ਮਹਿਸੂਸ ਕੀਤੇ ਜਾਣ ਤੋਂ ਬਾਅਦ ਵੀ ਇਹ ਅਦ੍ਰਿਸ਼ ਹੋਣ ਵਾਲੀ ਕਹਾਣੀ ਕਿਉਂ ਰਚੀ ਜਾਂਦੀ ਹੈ? ਇਸ ਪਿੱਛੇ ਬਿਲਕੁਲ ਹੀ ਸਪਸ਼ਟ ਮਾਨਸਿਕਤਾ ਹੈ। ਮਤਲਬ ਲੋਕਾਂ ਤੋਂ ਲੁਕੋ ਰੱਖਿਆ ਜਾਣਾ। ਸਾਹਮਣੇ ਵਾਲੇ ਸ਼ਖਸ ਦੇ ਮੁਤਾਬਕ ਉਸ ਨੰ ਗੱਲ ਦੱਸਣਾ ਤੇ ਸਭ ਤਕ ਸਾਂਝੀ ਸਮਝ ਨਾ ਪਹੁੰਚਾਉਣਾ। ਇਸ ਤਰ੍ਹਾਂ ‘ਅਦ੍ਰਿਸ਼’ ਕਹਿ ਕੇ ਭੰਬਲਭੂਸਾ ਸਿਰਜਿਆ ਜਾਂਦਾ ਹੈ ਜੋ ਕਿ ਕਰੋਨਾ ਦੇ ਸੰਦਰਭ ਵਿੱਚ ਅਸੀਂ ਲਗਾਤਾਰ ਦੇਖ ਰਹੇ ਹਾਂ। ਇਸੇ ਦਾ ਨਤੀਜਾ ਹੈ ਕਿ ਦੇਸ਼ ਵਿੱਚ ਦੋ ਵਰਗ ਸਾਫ਼ ਦਿਸਦੇ ਹਨ। ਇੱਕ ਕਹਿ ਰਿਹਾ ਹੈ, ਕੋਈ ਕਰੋਨਾ-ਕਰਾਨਾ ਨਹੀਂ ਹੈ, ਇਹ ਡਰਾਮਾ ਹੈ। ਦੂਸਰਾ ਵਰਗ ਏਨਾ ਜ਼ਿਆਦਾ ਡਰਿਆ ਹੋਇਆ ਹੈ ਕਿ ਘਰੇ ਹੀ ਆਪਣੇ ਆਪ ਨੂੰ ਸੁਰੱਖਿਅਤ ਸਮਝਦਾ ਹੈ। ਸਾਡੇ ਦੇਸ਼ ਕੋਲ ਧਰਮ ਦੀ ਸੰਸਥਾ ਦਾ ਜੋ ਮਾਡਲ ਹੈ, ਸਵਰਗ-ਨਰਕ ਦਾ ਜੋ ਚੱਕਰ ਹੈ, ਇੱਕ ਅਦ੍ਰਿਸ਼ ਤਾਕਤ ਦੀ ਗੱਲ ਹੈ, ਇਹ ਕਾਫ਼ੀ ਸਾਰੀਆਂ ਉਲਝਣਾਂ ਤੋਂ ਬਚਾਉਣ ਦੀ ਬਹੁਤ ਹੀ ਕਾਰਗਰ ਵਿਆਖਿਆ ਹੈ। ਉਹੀ ਤਰਜ਼ ਹੁਣ ਵਰਤੀ ਜਾ ਰਹੀ ਹੈ, ਜਿਸ ਦੀ ਸਾਨੂੰ ਸਿਖਲਾਈ ਮਿਲੀ ਹੈ।
ਅਦ੍ਰਿਸ਼ ਕਹਿਣ ਨਾਲ ਕਿਸੇ ਵੀ ਸਥਿਤੀ ਨੂੰ ਲੈ ਕੇ ਉੱਠ ਰਹੇ ਅਨੇਕਾਂ ਸਵਾਲਾਂ ਤੋਂ ਬਚਿਆ ਜਾ ਸਕਦਾ ਹੈ। ਇਸ ਨਾਲ ਇੱਕ ਪੱਖ ਇਹ ਵੀ ਸਾਹਮਣੇ ਆਉਂਦਾ ਹੈ ਕਿ ਸਾਨੂੰ ਤਾਂ ਪਤਾ ਹੀ ਨਹੀਂ ਹੈ ਕੌਣ, ਕਿਹੋ ਜਾ ਹੈ, ਕੀ ਸੁਭਾਅ ਹੈ, ਮਤਲਬ ਫਿਰ ਇਸਦਾ ਕੀ ਕਰੀਏ? ਨਜਿੱਠੀਏ ਕਿਵੇਂ? ਸਭ ਕੁਝ ਰਾਮ ਭਰੋਸੇ। ਆਪਣੇ ਆਪ ’ਤੇ ਕਿਸੇ ਵੀ ਤਰ੍ਹਾਂ ਦੇ ਜ਼ਿੰਮੇਵਾਰੀ ਤੇ ਬੁਰੇ ਪ੍ਰਬੰਧ ਦੀ ਜਵਾਬਦੇਹੀ ਤੋਂ ਛੁਟਕਾਰਾ ਮਿਲ ਜਾਂਦਾ ਹੈ।
ਅਜਿਹੇ ਢੰਗ-ਤਰੀਕੇ ਅਪਣਾਏ ਜਾਂਦੇ ਹਨ। ਇਹ ਇੱਕ ਬਚਾਉ-ਤਕਨੀਕ ਹੈ। ਸੱਤਾ ਇਸ ਤਰ੍ਹਾਂ ਕਰਦੀ ਹੈ।, ਕੁਝ ਲੋਕ ਜ਼ਰੂਰ ਸਵਾਲ ਖੜ੍ਹੇ ਕਰਦੇ ਹਨ। ਵੈਸੇ ਤਾਂ ਅਸਪਸ਼ਟਤਾ ਦਾ ਮਾਹੌਲ ਪਿਛਲੇ ਸਾਲ ਤੋਂ ਹੀ ਬਣਾ ਕੇ ਰੱਖਿਆ ਹੋਇਆ ਹੈ। ਕਹਿਣ ਤੋਂ ਭਾਵ ਕਰੋਨਾ ਦੁਸ਼ਮਣ ਨੂੰ ਸਮਝਣ ਲਈ ਕਦੇ ਵੀ ਵਿਗਿਆਨਕ ਸੋਚ ਦਾ ਸਹਾਰਾ ਸੰਜੀਦਗੀ ਨਾਲ ਨਹੀਂ ਲਿਆ ਗਿਆ। ਅਠਾਰਾਂ ਦਿਨਾਂ ਵਿੱਚ ਜੰਗ ਜਿੱਤਣ ਦਾ ਦਾਅਵਾ, ਡੇਢ ਸਾਲ ਤਕ ਲਮਕ ਗਿਆ ਹੈ ਤੇ ਅਜੇ ਵੀ ਛੇਤੀ ਇਸਦਾ ਨਤੀਜਾ ਆਉਂਦਾ ਨਜ਼ਰ ਨਹੀਂ ਆ ਰਿਹਾ। ਤਾਲੀ-ਥਾਲੀ, ਨੌਂ ਦੇ ਅੰਕ ਦਾ ਸਹਾਰਾ ਲਿਆ। ਗੋਬਰ ਅਤੇ ਗੌ-ਮੂਤਰ ਪਾਰਟੀ, ਅੱਜ ਵੀ ਹੁੰਦੀ ਦੇਖੀ ਜਾ ਸਕਦੀ ਹੈ। ਇਹ ਸਭ ਭੰਬਲਭੂਸਾ ਇਸੇ ਲਈ ਹੈ ਕਿ ਦੇਸ਼ ਕੋਲ ਕੋਈ ਸਪਸ਼ਟ ਦਿਸ਼ਾ ਨਿਰਦੇਸ਼ ਨਹੀਂ ਹਨ ਕਿ ਕੀ ਕਰਨਾ ਹੈ, ਕੀ ਨਹੀਂ ਕੀਤਾ ਜਾਣਾ ਚਾਹੀਦਾ। ਗੰਗਾ ਮਾਂ ਦੀ ਦਇਆ ਦ੍ਰਿਸ਼ਟੀ ਤੋਂ ਲੈ ਕੇ ਆਯੁਰਵੈਦ ਅਤੇ ਹੋਮੀਓਪੈਥੀ ਨੇ ਬਿਨਾਂ ਕਿਸੇ ਪਰਖ ਪੜਤਾਲ ਤੋਂ ਤੀਰ ਤੁੱਕੇ ਨਾਲ ਆਪਣੀ ਥਾਂ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਅਜਿਹੀ ਆਪਦਾ ਵਿੱਚ ਅਜਿਹਾ ਹੁੰਦਾ ਹੀ ਹੈ, ਜਦੋਂ ਹਰ ਇੱਕ ਦੇ ਮਨ ਵਿੱਚ ਇੱਕ ਸ਼ੰਕਾ ਪਾ ਦਿੱਤੀ ਜਾਵੇ ਕਿ ਕਰੋਨਾ ਦਾ ਮਤਲਬ ਮੌਤ ਹੈ।
ਵਿਗਿਆਨਕ ਸੂਝ ਹੀ ਹੈ, ਜਿਸ ਤਕਨੀਕ ਨਾਲ ਅਸੀਂ ਦੁਸ਼ਮਣ ਨੂੰ ਪਛਾਣ ਸਕੇ, ਉਸ ਦੇ ਗੁਣ ਦੋਸ਼ ਦੀ ਤਹਿ ਤਕ ਪਹੁੰਚ ਸਕੇ ਤੇ ਨਤੀਜੇ ਵਜੋਂ ਵੈਕਸੀਨ ਬਣਾਉਣ ਵਿੱਚ ਜੁਟ ਗਏ। ਸਭ ਕੁਝ ਸਾਹਮਣੇ ਹੈ ਤੇ ਫਿਰ ਵੀ ਦੁਸ਼ਮਣ ਨੂੰ ਅਦ੍ਰਿਸ਼ ਕਿਹਾ ਜਾ ਰਿਹਾ ਹੈ। ਸਰਕਾਰਾਂ ਨੂੰ ਅਜਿਹੀਆਂ ਹਾਲਤਾਂ ਵਿੱਚ ਕੁਝ ਕਰਦੇ ਹੋਏ ਦਿਸਣਾ ਪੈਂਦਾ ਹੈ। ਪਿਛਲੇ ਸਾਲ ਦੇ ਸ਼ੂਰੂਆਤੀ ਦਿਨਾਂ ਵਿੱਚ ਹੀ ਤਿੰਨ ਮੈਂਬਰੀ ਉੱਚ ਕਮੇਟੀ ਦਾ ਗਠਨ ਹੋਇਆ ਜਿਸ ਵਿੱਚ ਵਿਗਿਆਨੀ ਮਾਹਿਰ ਕੇ. ਵਿਜੇ ਰਾਘਵਨ, ਨੀਤੀ ਆਯੋਗ ਦੇ ਮੈਂਬਰ, ਵੀ.ਕੇ. ਪਾਲ ਅਤੇ ਆਈ.ਸੀ.ਐੱਮ. ਆਰ ਦੇ ਡਾਇਰੈਕਟਰ ਬਲਰਾਮ ਭਾਰਗਵ ਸ਼ਾਮਿਲ ਸਨ। ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਸੰਬੋਧਿਤ ਹੋਣ ਤੋਂ ਪਹਿਲਾਂ ਇਨ੍ਹਾਂ ਕਮੇਟੀ ਮੈਂਬਰਾਂ ਤੋਂ ਸਵਾਲ ਪੁੱਛਣੇ ਜ਼ਰੂਰੀ ਹਨ, ਜੋ ਕਿ ਹਰ ਆਮ ਖਾਸ ਆਦਮੀ ਦੇ ਜ਼ਿਹਨ ਵਿੱਚ ਹਨ ਕਿ ਇਹ ਜੋ ਹਾਲਤ ਨਜ਼ਰ ਆ ਰਹੀ ਹੈ, ਉਹ ਕਿਵੇਂ ਬਣ ਗਈ। ਕੀ ਇਨ੍ਹਾਂ ਮਾਹਿਰਾਂ ਦਾ ਮੱਤ ਵੀ ਇਹੀ ਹੈ ਕਿ ਦੁਸ਼ਮਣ ਅਦ੍ਰਿਸ਼ ਹੈ ਤੇ ਸਾਨੂੰ ਉਸ ਬਾਰੇ ਨਹੀਂ ਪਤਾ।
ਇਸ ਸਭ ਦੇ ਹੁੰਦੇ ਕੁਝ ਕੁ ਸਵਾਲ ਤਾਂ ਮਹੱਤਵਪੂਰਨ ਹਨ, ਜਿਨ੍ਹਾਂ ਦਾ ਜ਼ਿਕਰ ਅਜੇ ਵੀ ਜ਼ਰੂਰੀ ਹੈ, ਕਿਉਂ ਜੋ ਆਪਦਾ ਮੁੱਕੀ ਨਹੀਂ ਹੈ। ਦੁਸ਼ਮਣ ਕਿਤੇ ਗਿਆ ਨਹੀਂ ਹੈ। ਇਸ ਤੋਂ ਬਾਅਦ, ਤੀਸਰੀ, ਚੌਥੀ ਲਹਿਰ ਆਉਣ ਦੇ ਅੰਦੇਸ਼ੇ ਵੀ ਜਿਤਾਏ ਜਾ ਰਹੇ ਹਨ।
ਪਹਿਲਾਂ ਅਹਿਮ ਸਵਾਲ ਹੈ ਕਿ ਕੀ ਦੂਸਰੀ ਲਹਿਰ ਬਾਰੇ ਪਤਾ ਨਹੀਂ ਸੀ ਕਿ ਇਹ ਆਵੇਗੀ ਅਤੇ ਪਹਿਲੀ ਨਾਲੋਂ ਵੱਧ ਘਾਤਕ ਹੋ ਸਕਦੀ ਹੈ? ਇਹ ਦੂਰਦਰਸ਼ਿਤਾ ਇਨ੍ਹਾਂ ਮਾਹਿਰਾਂ ਕੋਲ ਵੀ ਨਹੀਂ ਸੀ, ਜਾਂ ਇਨ੍ਹਾਂ ਨੂੰ ਪਤਾ ਸੀ ਤੇ ਇਨ੍ਹਾਂ ਨੇ ਸਰਕਾਰ ਨੂੰ ਚਿਤਾਵਣੀ ਨਹੀਂ ਦਿੱਤੀ? ਕੋਈ ਦਿਸ਼ਾ ਨਿਰਦੇਸ਼ ਨਹੀਂ ਸੁਣਾਏ ਤੇ ਤਿਆਰੀ ਲਈ ਆਗਾਹ ਨਹੀਂ ਕੀਤਾ? ਜੇ ਉਹ ਕਹਿੰਦੇ ਹਨ ਕਿ ਅਸੀਂ ਤਾਂ ਸਮੇਂ ਸਮੇਂ ਕਹਿੰਦੇ ਰਹੇ, ਪਰ ਸਾਡੀ ਸੁਣੀ ਨਹੀਂ ਗਈ। ਜੇਕਰ ਇਸ ਤਰ੍ਹਾਂ ਸੀ ਤਾਂ ਕੀ ਲੋਕਾਂ ਨੂੰ ਦੱਸਣਾ ਜ਼ਰੂਰੀ ਨਹੀਂ ਸੀ। ‘ਵਾਇਰ’ ਦੇ ਸੰਪਾਦਕੀ ਮੰਡਲ ਨੇ ਕਿਹਾ ਹੈ ਕਿ ਇਨ੍ਹਾਂ ਨੂੰ ਮਿਲਣ ਤੇ ਹਾਲਾਤ ਦਾ ਜਾਇਜ਼ਾ ਲੈਣ ਲਈ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ, ਪਰ ਕੋਈ ਵੀ ਸਾਹਮਣੇ ਨਹੀਂ ਆਇਆ।
ਦੂਸਰਾ ਅਹਿਮ ਸਵਾਲ ਵੈਕਸੀਨ ਨੂੰ ਲੈ ਕੇ ਹੈ। ਅਸੀਂ ਸ਼ੁਰੂ ਤੋਂ ਹੀ ਪ੍ਰਚਾਰਦੇ ਰਹੇ ਕਿ ਵੈਕਸੀਨ ਹੀ ਕਾਰਗਰ ਹਥਿਆਰ ਹੈ। ਜਦੋਂ ਤਕ ਇਹ ਨਹੀਂ ਆਉਂਦੀ ਤੁਸੀਂ ਇਹਤਿਆਤ ਵਰਤੋਂ। ਇਹ ਚੱਲ ਰਿਹਾ ਸੀ ਤੇ ਮਈ/ਜੂਨ 2020 ਵਿੱਚ ਫਾਈਜ਼ਰ, ਮੋਡਰੇਨਾ ਨੇ ਆਪਣੀ ਵੈਕਸੀਨ ਦੇ ਸਫ਼ਲ ਪ੍ਰੀਖਣ ਦਾ ਐਲਾਨ ਵੀ ਕੀਤਾ। ਭਾਰਤ ਵੀ ਇਸੇ ਰਾਹ ’ਤੇ ਸੀ। ਜਿੱਥੇ ਯੂਰੋਪ ਅਤੇ ਅਮਰੀਕਾ ਇਨ੍ਹਾਂ ਕੰਪਨੀਆਂ ਨੂੰ ਖੋਜ ਲਈ ਮਦਦ ਕਰ ਰਹੇ ਸਨ ਤੇ ਆਪਣੇ ਆਰਡਰ ਵੀ ਦੇ ਰਹੇ ਸਨ, ਸਾਡੇ ਮਾਹਿਰਾਂ ਨੇ ਕਿਉਂ ਨਹੀਂ ਕਿਹਾ ਕਿ ਦੇਸ਼ ਨੂੰ 75 ਫੀਸਦੀ ਤਕ ਕਵਰ ਕਰਨ ਲਈ ਦੋ ਅਰਬ ਖੁਰਾਕਾਂ ਦੀ ਲੋੜ ਪਵੇਗੀ। ਪਰ ਅਸੀਂ ਕਿਸੇ ਤਰ੍ਹਾਂ ਦਾ ਕੋਈ ਆਰਡਰ ਨਹੀਂ ਦਿੱਤਾ। ਅੱਜ ਹਫੜਾ ਦਫੜੀ ਦੀ ਹਾਲਤ ਦੇਖਣ ਨੂੰ ਮਿਲ ਰਹੀ ਹੈ, ਜਦੋਂ ਕਿ ਵੈਕਸੀਨ ਲਗਾਉਣ ਦੀ ਕੋਈ ਕਾਰਗਰ ਵਿਉਂਤਬੰਦੀ ਨਹੀਂ ਹੈ। ਕੋਈ ‘ਵੈਕਸੀਨ ਦੇਣ ਦਾ ਮੈਪ’ ਨਹੀਂ ਹੈ ਕਿ ਕਿੰਨੀ ਵੈਕਸੀਨ ਹਰ ਰੋਜ਼ ਬਣ ਰਹੀ ਹੈ ਜਾਂ ਅਸੀਂ ਮੰਗਵਾ ਰਹੇ ਹਾਂ ਤੇ ਇਹ ਪਹਿਲ ਦੇ ਆਧਾਰ ’ਤੇ ਕਿਵੇਂ ਤੇ ਕਿਸ ਨੂੰ ਦੇਣੀ ਹੈ। ਇਹ ਬਦਹਾਲੀ ਵਾਲੀ ਹਾਲਤ ਬਣੀ ਹੋਈ ਹੈ ਤੇ ਅਸੀਂ ਸਭ ਲਈ ਵੈਕਸੀਨ ਖੋਲ੍ਹ ਦਿੱਤੀ ਹੈ ਤੇ ਇਸ ਨੂੰ ਰਾਜਾਂ ਦੇ ਹਵਾਲੇ ਕਰ ਦਿੱਤਾ ਹੈ ਤੇ ਵੈਕਸੀਨ ਦੇ ਮੁੱਲ ਨੂੰ ਲੈ ਕੇ ਵੀ ਆਲੋਚਨਾ ਹੋ ਰਹੀ ਹੈ।
ਇਸੇ ਤਰ੍ਹਾਂ ਹੀ ਆਕਸੀਜਨ, ਦਵਾਈਆਂ ਦੀ ਗੱਲ ਹੈ ਤੇ ਕੇਸਾਂ ਅਤੇ ਮੌਤਾਂ ਦੀ ਗਿਣਤੀ ਅਤੇ ਰਿਕਾਰਡ ਨੂੰ ਲੈ ਕੇ ਵੀ ਸਥਿਤੀ ਸਪਸ਼ਟ ਨਹੀਂ ਹੈ। ਦਰਸਾਈਆਂ ਜਾ ਰਹੀਆਂ ਮੌਤਾਂ ਅਤੇ ਸ਼ਮਸ਼ਾਨ ਘਾਟ ਦੇ ਦ੍ਰਿਸ਼ ਆਪਸ ਵਿੱਚ ਮੇਲ ਨਹੀਂ ਖਾ ਰਹੇ ਹਨ।
ਵਾਇਰਸ ਦੀ ਫਿਤਰਤ ਹੈ ਕਿ ਉਹ ਰੂਪ ਬਦਲਦਾ ਹੈ। ਵਾਇਰਸ ਆਪਣੇ ਆਪ ਵਿੱਚ ਸੰਪੂਰਨ ਜੀਵ ਨਹੀਂ ਹੈ। ਇਹ ਵਿਕਾਸ ਪੜਾਅ ਦਾ ਸੇਤੂ ਜੀਵ ਹੈ। ਇਸ ਲਈ ਇਹ ਹਾਲਾਤ ਮੁਤਾਬਕ, ਖੁਦ ਨੂੰ ਬਚਾਈ ਰੱਖਣ ਲਈ ਰੂਪ ਬਦਲਦਾ ਹੈ। ਇਹ ਬਹਿਰੂਪੀਆ ਨਹੀਂ ਹੈ, ਇਸਦਾ ਇੱਕ ਨਵਾਂ ਰੂਪ ਹੈ ਇਸਦਾ ਜਦੋਂ ਪੰਜਾਬ ਵਿੱਚ ਇਹ ਯੂ ਕੇ ਸਟ੍ਰੇਨ ਕਿਹਾ ਗਿਆ ਤੇ ਮਹਾਰਾਸ਼ਟਰ ਵਿੱਚ ਡਬਲ ਮਿਉਟੈਂਟ ਸਟ੍ਰੇਨ। ਇਨ੍ਹਾਂ ਦੀ ਪਛਾਣ ਹੋਈ B.I.I.7 (U.K) ਅਤੇ B.I.617 ਡਬਲ ਮਿਉਟੈਂਟ।
ਦੇਸ਼ ਵੀ ਦੇਖ ਰਿਹਾ ਸੀ, ਉਹ ਆਲੋਚਨਾ ਵੀ ਕਰ ਰਿਹਾ ਸੀ। ਲੋਕਾਂ ਦਾ ਆਪਣਾ ਅੰਦਾਜ਼ਾ ਸੀ ਕਿ ਦੇਸ਼ ਦਾ ਮੁਖੀ ਖੁਦ ‘ਸੁਪਰ ਸਪਰੈਡਰ’ ਸਮਾਗਮਾਂ ਦਾ ਹਿੱਸਾ ਬਣ ਰਿਹਾ ਹੈ ਤੇ ਨਾਲ ਸਖ਼ਤੀ ਕਰਨ ਨੂੰ ਕਹਿ ਰਿਹਾ ਹੈ। ਇਸ ਮਾਹਿਰਾਨਾ ਕਮੇਟੀ ਨੂੰ ਤਾਂ ਸਵਾਲ ਖੜ੍ਹੇ ਕਰਨੇ ਚਾਹੀਦੇ ਸੀ ਤੇ ਸਿਫਾਰਸ਼ ਕਰਨੀ ਚਾਹੀਦੀ ਸੀ ਕਿ ਅਜਿਹੇ ਸਮਾਗਮਾਂ ਦੇ ਆਯੋਜਨ ਦੀ ਇਜਾਜ਼ਤ ਨਾ ਦਿੱਤੀ ਜਾਵੇ, ਉਹ ਚਾਹੇ ਕੁੰਭ ਸੀ ਤੇ ਚਾਹੇ ਲੱਖਾਂ ਦੀ ਗਿਣਤੀ ਵਾਲੀਆਂ ਰੈਲੀਆਂ, ਜਿੱਥੇ ਤਕ ਨਜ਼ਰ ਜਾਂਦੀ ਸੀ, ਲੋਕ ਹੀ ਲੋਕ। ਜਦੋਂ ਕਿ ਪ੍ਰਧਾਨ ਮੰਤਰੀ ਨੂੰ ਖੁਦ ‘ਰੋਲ ਮਾਡਲ’ ਬਣਨ ਦੀ ਲੋੜ ਸੀ।
ਇੰਨੀ ਦਿਨੀਂ ਇੱਕ ਹੋਰ ਖਤਰਨਾਕ ਕਿਸਮ ਦਾ ਹਾਦਸਾ ਸਾਹਮਣੇ ਆ ਰਿਹਾ ਹੈ ਜਿਸ ਨੇ ਕਰੋਨਾ ਦੀ ਦਹਿਸ਼ਤ ਤੋਂ ਵੀ ਵੱਧ ਲੋਕਾਂ ਦੇ ਸਾਹ ਸੂਤੇ ਹੋਏ ਹਨ। ਉਹ ਹੈ ਵਧ ਰਹੇ ਬਲੈਕ ਫੰਗਸ ਦੇ ਕੇਸ। ਇਸਦਾ ਨਤੀਜਾ ਮੌਤ ਵੀ ਹੈ ਤੇ ਜੋ ਜਿਉਂਦੇ ਬਚਾਏ ਜਾ ਸਕਦੇ ਹਨ, ਉਨ੍ਹਾਂ ਵਿੱਚ ਅੱਖਾਂ ਨੂੰ ਕੱਢ ਦੇਣਾ ਹੈ। ਇਹ ਫੰਗਸ ਅੱਖਾਂ ਅਤੇ ਦਿਮਾਗ ’ਤੇ ਹਮਲਾ ਕਰਦੀ ਹੈ। ਵੱਡਾ ਸਵਾਲ ਹੈ ਕਿ ਇਹ ਫੰਗਸ ਆਉਂਦੀ ਕਿੱਥੋਂ ਹੈ। ਭਾਵੇਂ ਕਿ ਫੌਰੀ ਤੌਰ ’ਤੇ ਇਸ ਨੂੰ ਸ਼ੂਗਰ ਦੇ ਮਰੀਜ਼ਾਂ ਅਤੇ ਕੋਰਟੀਕੋਸਟੀਰਾਈਡ ਦੇ ਇਸਤੇਮਾਲ ਨਾਲ ਜੋੜਿਆ ਜਾਂਦਾ ਹੈ। ਵੈਸੇ ਤਾਂ ਸ਼ੂਗਰ ਦੀ ਬੀਮਾਰੀ ਦੀ ਇਹ ਖਾਸੀਅਤ ਹੈ ਕਿ ਖੂਨ ਵਿੱਚ ਸ਼ੂਗਰ ਦੀ ਮਾਤਰਾ ਵਧਣ ਨਾਲ ਕਿਸੇ ਵੀ ਜਰਮ ਨੂੰ ਵਧਣ ਫੁੱਲਣ ਦਾ ਮੌਕਾ ਮਿਲਦਾ ਹੈ। ਇੱਕ ਤਾਂ ਇੱਥੇ ਡਾਕਟਰੀ ਅਮਲੇ ਦੀ ਅਣਗਹਿਲੀ ਕਹਿ ਸਕਦੇ ਹਾਂ ਕਿ ਬਲੱਡ ਸ਼ੂਗਰ ਚੈੱਕ ਨਹੀਂ ਹੁੰਦੀ ਹੈ ਤੇ ਦੂਸਰਾ ਸਵਾਲ ਫੰਗਸ ਦੇ ਵਧਣ ਫੁੱਲਣ ਦਾ ਹੈ ਜੋ ਕਿ ਕਿਸੇ ਵੀ ਥਾਂ ਦੀ ਸਾਫ਼ ਸਫ਼ਾਈ ਨਾ ਹੋਣ ਦਾ ਨਤੀਜਾ ਹੈ। ਨਿਸ਼ਚਿਤ ਹੀ ਇਨ੍ਹਾਂ ਦਿਨਾਂ ਵਿੱਚ ਹਸਪਤਾਲਾਂ ’ਤੇ ਬੋਝ ਵਧਿਆ ਹੈ ਤੇ ਮਰੀਜ਼ਾਂ ਦੀ ਠੀਕ ਤਰ੍ਹਾਂ ਦੇਖਭਾਲ ਲਈ ਡਾਕਟਰੀ ਅਮਲਾ ਵੀ ਪੂਰਾ ਨਹੀਂ ਹੈ। ਮਰੀਜ਼ ਦੇ ਨੱਕ ਵਿੱਚ ਲੱਗੀਆਂ ਵੱਖ ਵੱਖ ਨਾਲੀਆਂ ਨੂੰ ਪੂਰੀ ਤਰ੍ਹਾਂ ਸਾਫ਼ ਨਾ ਰੱਖਣ ਦੇ ਨਤੀਜੇ ਵਜੋਂ ਵੀ ਫੰਗਸ ਵਧਦੀ ਹੈ ਤੇ ਫੈਲਦੀ ਹੈ।
ਇਹ ਸਾਰੇ ਸਵਾਲ ਅਹਿਮ ਹਨ। ਇਨ੍ਹਾਂ ਨਾਲ ਨਜਿੱਠਣ ਲਈ ਪ੍ਰਸ਼ਾਸਨ ਨੇ ਫੁਰਤੀ ਦਿਖਾਈ ਹੈ। ਉਹ ਚਾਹੇ ਆਰਜ਼ੀ ਬੈੱਡ ਹੋਣ, ਆਕਸੀਜਨ ਹੋਵੇ ਤੇ ਚਾਹੇ ਦਵਾਈਆਂ। ਇਹ ਨਹੀਂ ਕਹਿ ਸਕਦੇ ਕਿ ਹੁਣ ਦੂਸਰੀ ਲਹਿਰ ਦਾ ਪ੍ਰਕੋਪ ਢਿੱਲਾ ਪੈ ਗਿਆ ਹੈ, ਸਮਾਂ ਨਿਕਲ ਹੀ ਗਿਆ ਹੈ। ਪਰ ਸਿਹਤ ਵਿਵਸਥਾ ’ਤੇ ਨਜ਼ਰ ਮਾਰੀਏ ਤਾਂ ਜਿੰਨੀਆਂ ਸਹੂਲਤਾਂ ਆਪਦਾ ਲਈ ਮੁਹਈਆ ਕਰਵਾ ਰਹੇ ਹਾਂ, ਇਹ ਤਾਂ ਸਾਡੇ ਰੋਜ਼ਮਰ੍ਹਾ ਦੀਆਂ ਹੀ ਲੋੜਾਂ ਹਨ, ਜਿਨ੍ਹਾਂ ਨੂੰ ਅਸੀਂ ਕਦੇ ਪਹਿਲ ਨਹੀਂ ਦਿੱਤੀ ਤੇ ਨਾ ਹੀ ਸੰਜੀਦਗੀ ਨਾਲ ਇਸ ਬਾਰੇ ਸੋਚਿਆ ਹੈ।
ਪ੍ਰਧਾਨ ਮੰਤਰੀ ਨੇ ਡੇਵੋਸ ਵਿੱਚ ਦੁਨੀਆਂ ਭਰ ਦੇ ਮੁਖੀਆਂ ਨੂੰ ਸੰਬੋਧਿਤ ਹੋ ਕੇ ਕਿਹਾ ਸੀ ਕਿ ਅਸੀਂ ਦੁਸ਼ਮਣ ’ਤੇ ਜਿੱਤ ਹਾਸਿਲ ਕਰ ਲਈ ਹੈ। ਉਦੋਂ ਉਹ ਇਸ ਅਦ੍ਰਿਸ਼ ਦੁਸ਼ਮਣ ਬਾਰੇ ਗੱਲ ਕਰ ਰਹੇ ਸੀ ਜਾਂ ਕਿਸੇ ਹੋਰ ਬਾਰੇ? ਜੇ ਉਹ ਕੋਈ ਹੋਰ ਸੀ ਤਾਂ ਫਿਰ ਕੌਣ ਹੈ/ਸੀ? ਸ਼ਾਇਦ ਇਸੇ ਆਤਮ ਵਿਸ਼ਵਾਸ ਨੇ (ਜੋ ਕਿ ਵਿਗਿਆਨਕ ਤਰਜ਼ ਦਾ ਨਹੀਂ ਸੀ) ਅਵੇਸਲੇਪਣ ਨੂੰ ਥਾਂ ਦਿੱਤੀ ਹੈ ਤੇ ਅਸੀਂ ਬਣਾਏ ਗਏ ਹਸਪਤਾਲਾਂ ਨੂੰ ਉਧੇੜ ਦਿੱਤਾ ਤੇ ਭਰਤੀ ਕੀਤੇ ਆਰਜ਼ੀ ਕਾਮਿਆਂ ਨੂੰ ਘਰੇ ਤੋਰ ਦਿੱਤਾ।
ਇਹ ਗੱਲਾਂ ਜ਼ਰੂਰੀ ਨੇ। ਮਹਿਰਾਂ ਨੇ ਕੀ ਸੋਚ ਕੇ ਨਹੀਂ ਕੀਤੀਆਂ। ਮੀਡੀਆ ਤਾਂ ਅਜਿਹੀਆਂ ਗੱਲਾਂ ਕਾਫ਼ੀ ਲੰਮੇ ਸਮੇਂ ਤੋਂ ਕਰਨੋਂ ਹਟ ਗਿਆ ਹੈ। ਅੱਜ ਪੂਰੀ ਦੁਨੀਆਂ ਸਾਡੀ ਕਾਰਗੁਜ਼ਾਰੀ ਨੂੰ ਦੇਖ ਰਹੀ ਹੈ। ਸਾਡਾ ਵਤੀਰਾ ਦਿਸ ਰਿਹਾ ਹੈ, ਭਾਵੇਂ ਦੁਸ਼ਮਣ ਅਦ੍ਰਿਸ਼ ਹੈ। ਅੰਤਰਰਾਸ਼ਟਰੀ ਮੈਗਜ਼ੀਨਾਂ ਦੇ ਪਹਿਲੇ ਪੰਨਿਆਂ ’ਤੇ ਦੇਸ਼ ਦੇ ਸ਼ਮਸ਼ਾਨ ਘਾਟਾਂ ਦੀਆਂ ਫੋਟੋਆਂ ਛਪ ਰਹੀਆਂ ਹਨ। ਇਹ ਅਦ੍ਰਿਸ਼ ਨਹੀਂ ਹੈ, ਇਹ ਸਚਾਈ ਹੈ।
ਇਸਦਾ ਸਾਹਮਣਾ ਕਰਨ ਲਈ ਅਤੇ ਜਵਾਬਦੇਹੀ ਸਵੀਕਾਰ ਕਰਨ ਲਈ ਹਿੰਮਤ ਚਾਹੀਦੀ ਹੈ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(2799)
(ਸਰੋਕਾਰ ਨਾਲ ਸੰਪਰਕ ਲਈ: