“ਕਰੋਨਾ ਵਾਇਰਸ ਨੂੰ ਸਮਝਦੇ ਹੋਏ, ਇਸਦੇ ਲਈ ਜ਼ਰੂਰੀ ਸਿਹਤ ਸੰਬੰਧੀ ਹਿਦਾਇਤਾਂ, ਚੰਗੀਆਂ ਸਿਹਤ ਆਦਤਾਂ ...”
(10 ਅਪਰੈਲ 2021)
(ਸ਼ਬਦ: 1380)
ਕਰੋਨਾ ਦੇ ਕੇਸ ਲਗਾਤਾਰ ਵਧ ਰਹੇ ਹਨ ਤੇ ਸਰਕਾਰ ਨੇ ਵੀ ਲਗਾਤਾਰ ਇਸ ’ਤੇ ਨਜ਼ਰ ਬਣਾਈ ਹੋਈ ਹੈ। ਇਸ ਨੂੰ ਕਰੋਨਾ ਦੀ ਦੂਸਰੀ ਲਹਿਰ ਕਹਿ ਕੇ ਦੇਸ਼ ਨੂੰ ਇੱਕ ਵਾਰ ਫਿਰ ਤੋਂ ਪਿਛਲੇ ਸਾਲ ਵਰਗੇ ਹਾਲਾਤ ਵਿੱਚ ਧੱਕਿਆ ਜਾ ਰਿਹਾ ਹੈ। ਲੋਕ ਤਾਂ ਭੰਬਲਭੂਸੇ ਵਿੱਚ ਹਨ ਹੀ, ਸਰਕਾਰਾਂ ਵੀ ਆਪਣੀਆਂ ਨੀਤੀਆਂ-ਹਿਦਾਇਤਾਂ ਵਿੱਚ ਸਪਸ਼ਟ ਨਹੀਂ ਹਨ ਭਾਵੇਂ ‘ਲੌਕਡਾਊਨ’, ‘ਕਰਫ਼ਿਊ’, ‘ਪਾਬੰਦੀਆਂ’ ਸ਼ਬਦ ਅੱਜ ਵੀ ਉਸੇ ਤਰਜ਼ ’ਤੇ ਵਰਤੇ ਜਾ ਰਹੇ ਹਨ। ਇਸੇ ਹਾਲਾਤ ਵਿੱਚੋਂ ਹੀ ਦੋ ਤਰ੍ਹਾਂ ਦੇ ਪਹਿਲੂ ਬਿਲਕੁਲ ਉੱਭਰਵੇਂ ਰੂਪ ਵਿੱਚ ਦੇਖੇ ਜਾ ਸਕਦੇ ਹਨ। ਕਰੋਨਾ-ਕਰੂਨਾ ਕੁਝ ਨਹੀਂ ਹੈ, ਐਵੇਂ ਸਰਕਾਰਾਂ ਦਾ ਡਰਾਵਾ ਹੈ, ਤੇ ਦੂਸਰਾ ਹੈ, ਕਰੋਨਾ ਦਾ ਕਹਿਰ, ਇੱਕ ਵੱਡਾ ਧਮਾਕਾ, ਖ਼ਤਰੇ ਦੀ ਘੰਟੀ, ਲੱਖਾਂ ਕੇਸ ਰੋਜ਼। ਦੋਵਾਂ ਪੱਖਾਂ ਕੋਲ ਆਪਣੀਆਂ ਦਲੀਲਾਂ ਹਨ। ਅਸਲੀਅਤ ਕੀ ਹੈ, ਉਨ੍ਹਾਂ ਨੂੰ ਸਮਝਦੇ ਹਾਂ, ਜੋ ਕਿ ਬਹੁਤੇ ਲੋਕ ਜਾਨਣ ਦੇ ਇੱਛੁਕ ਵੀ ਹਨ:
ਕਰੋਨਾ ਬਿਮਾਰੀ ਦਾ ਸੱਚ ਕੀ ਹੈ?
ਕਰੋਨਾ ਬਿਮਾਰੀ/ਮਹਾਂਮਾਰੀ - ਇਹ ਵੀ ਸੱਚ ਹੈ ਕਿ ਕੋਵਿਡ-19 ਨਾਂ ਦਾ ਇੱਕ ਵਾਇਰਸ ਹੈ। ਵਾਇਰਸ ਦੀ ਸ਼ਕਲ ਅਸੀਂ ਜਾਣਦੇ ਹਾਂ, ਵਾਇਰਸ ਦੇ ਸੁਭਾਅ ਤੋਂ ਵੀ ਆਪਾਂ ਵਾਕਿਫ਼ ਹਾਂ। ਇਹ ਸਰੀਰ ਦੀ ਸਾਹ ਪ੍ਰਣਾਲੀ, ਨੱਕ, ਗਲ, ਸਾਹ ਨਾਲੀ ਅਤੇ ਫੇਫੜਿਆ ਉੱਤੇ ਹਮਲਾ ਕਰਦਾ ਹੈ। ਇਸੇ ਤਹਿਤ ਹੀ ਇਹ ਵੀ ਸੱਚ ਹੈ ਕਿ ਇਹ ਖਾਂਸੀ, ਛਿੱਕਾਂ ਰਾਹੀਂ (ਡਰੌਪਲੈੱਟ = ਛਿੱਟਾਂ) ਇੱਕ ਦੂਸਰੇ ਵਿੱਚ ਫੈਲਦਾ ਹੈ। ਇਹ ਗੱਲ ਅਜੇ ਤਕ ਤੈਅ ਨਹੀਂ ਹੋਈ ਕਿ ਇਹ ਹਵਾ ਰਾਹੀਂ ਫੈਲਦਾ ਹੋਵੇ। ਵਾਇਰਸ ਦੇ ਹਮਲੇ ਤੋਂ ਬਾਅਦ ਇਸ ਬਿਮਾਰੀ ਦੇ ਲੱਛਣ ਵੀ ਸਪਸ਼ਟ ਹਨ ਕਿ ਤਕਰੀਬਨ 80-85 ਫੀਸਦੀ ਲੋਕਾਂ ਵਿੱਚ ਇਹ ਬਹੁਤ ਮਾਮੂਲੀ, 12-13 ਫੀਸਦੀ ਵਿੱਚ ਕੁਝ ਛੋਟੇ ਮੋਟੇ ਲੱਛਣਾਂ ਵਾਲੇ ਜਿਵੇਂ ਬੁਖ਼ਾਰ, ਸੁੱਕੀ ਖੰਘ, ਥਕਾਵਟ ਆਦਿ ਵਾਲਾ ਹੁੰਦਾ ਹੈ ਤੇ 4-5 ਫੀਸਦੀ ਨੂੰ ਇਹ ਗੰਭੀਰ ਹਾਲਤ ਵਿੱਚ ਲੈ ਜਾਂਦਾ ਹੈ। ਜਦੋਂ ਇਹ ਫੇਫੜਿਆਂ ਵਿੱਚ ਪਹੁੰਚਦਾ ਹੈ ਤਾਂ ਸਾਹ ਚੜ੍ਹਦਾ ਹੈ ਤੇ ਆਕਸੀਜ਼ਨ ਦੀ ਘਾਟ ਹੁੰਦੀ ਹੈ। ਉਨ੍ਹਾਂ ਵਿੱਚੋਂ ਵੀ 3 ਤੋਂ 3.5 ਫੀਸਦੀ ਠੀਕ ਹੋ ਕੇ ਘਰੇ ਆ ਜਾਂਦੇ ਹਨ। ਇਨ੍ਹਾਂ ਅੰਕੜਿਆਂ ਤੋਂ ਅੰਦਾਜ਼ਾ ਲਗਾਓ ਕਿ ਪਿਛਲੇ ਸਾਲ ਤੋਂ ਹੁਣ ਤਕ ਤਕਰੀਬਨ 1 ਕਰੋੜ 20 ਲੱਖ ਪੌਜ਼ੇਟਿਵ ਕੇਸ ਹੋਏ ਤੇ ਮੌਤਾਂ ਸਿਰਫ਼ 1.6 ਲੱਖ ਹੋਈਆਂ ਹਨ ਜੋ ਕਿ 1.5 ਫੀਸਦੀ ਵੀ ਨਹੀਂ ਬਣਦੀਆਂ ਹਨ।
ਅਜੋਕੀ ਹਾਲਤ ਵਿੱਚ ਨਵੇਂ ਸਟ੍ਰੇਨ ਦੀ ਗੱਲ ਹੋ ਰਹੀ ਹੈ, ਉਹ ਕੀ ਹੈ?
ਇਸ ਵਾਇਰਸ ਨੂੰ ਲੈ ਕੇ, ਮੈਡੀਕਲ ਵਿਗਿਆਨ ਦੀ ਇਹ ਸਮਝ ਹੈ ਕਿ ਇਹ ਆਪਣਾ ਰੂਪ ਬਦਲਦਾ ਰਹਿੰਦਾ ਹੈ। ਕਰੋਨਾ ਵਾਇਰਸ ਇੱਕ ਪੂਰਾ ਪਰਿਵਾਰ ਹੈ। ਉਸ ਵਾਇਰਸ ਪਰਿਵਾਰ ਵਿੱਚੋਂ ਹੀ, ਕੋਵਿਡ-19 ਦਾ ਵਾਇਰਸ ਰੂਪ ਬਦਲ ਕੇ ਆਇਆ ਹੈ। ਜਦੋਂ ਅਸੀਂ ਕਹਿੰਦੇ ਸੀ ਕਿ ਕਰੋਨਾ ਨੇ ਕਿਤੇ ਨਹੀਂ ਜਾਣਾ, ਸਾਨੂੰ ਹੀ ਇਸਦੇ ਨਾਲ ਰਹਿਣਾ ਸਿੱਖਣਾ ਪਵੇਗਾ, ਦਾ ਭਾਵ ਇਹੋ ਸੀ ਕਿ ਇਹ ਤਕਰੀਬਨ ਹਰ ਸਾਲ-ਛੇ ਮਹੀਨਿਆਂ ਨੂੰ ਆਪਣੀ ਹਾਜ਼ਰੀ ਲਵਾਉਂਦਾ ਰਹੇਗਾ। ਜਿਵੇਂ ਕਿ ਹੁਣ ਮਾਰਚ ਵਿੱਚ ਇਕਦਮ ਕੇਸ ਵਧ ਗਏ ਹਨ।
ਮਹਾਰਾਸ਼ਟਰ ਅਤੇ ਪੰਜਾਬ ਵਿੱਚ ਕੇਸ ਵੱਧ ਕਿਉਂ ਹਨ?
ਦਰਅਸਲ ਕਰੋਨਾ ਤੋਂ ਹਟ ਕੇ, ਇੱਕ ਵਾਰੀ ਇਸ ਨੂੰ ਆਮ ਫ਼ਲੂ, ਖਾਂਸੀ ਜ਼ੁਕਾਮ ਦੇ ਪਹਿਲੂ ਤੋਂ ਸਮਝੀਏ ਤਾਂ ਇਹ ਇੱਕ ਵਾਇਰਲ ਬੁਖ਼ਾਰ ਹੈ ਜੋ ਕਿ ਅਸੀਂ ਅਕਸਰ ਹੀ ਮੌਸਮ ਦੀ ਤਬਦੀਲੀ ’ਤੇ ਦੇਖਦੇ ਹਾਂ ਅਤੇ ਇਸਦਾ ਸ਼ਿਕਾਰ ਹੁੰਦੇ ਰਹੇ ਹਾਂ। ‘ਸ਼ਹਿਰ ਵਿੱਚ ਵਾਇਰਲ ਫੀਵਰ ਚੱਲਿਆ ਹੋਇਆ ਹੈ’ ਆਮ ਸੁਣਨ ਨੂੰ ਮਿਲਦਾ ਰਿਹਾ ਹੈ। ਮੌਸਮ ਦੀ ਤਬਦੀਲੀ ਦਾ ਇੱਕ ਪੱਖ ਸਪਸ਼ਟ ਹੈ ਕਿ ਦਿਨ ਅਤੇ ਰਾਤ (ਤੜਕੇ ਸਵੇਰੇ ਵੀ), ਤਾਪਮਾਨ ਦਾ ਤਕਰੀਬਨ 20 ਡਿਗਰੀ ਦਾ ਫ਼ਰਕ ਹੈ। ਜੋ ਕਿ ਵਾਇਰਸ ਦੇ ਲਈ ਕਾਫ਼ੀ ਸੁਖਦਾਇਕ ਹੈ। ਹੁਣ ਜੇਕਰ ਟੈੱਸਟ ਕਰਾਂਗੇ ਤਾਂ ਵਾਇਰਸ ਸਾਡੇ ਆਲੇ-ਦੁਆਲੇ, ਸਾਡੇ ਨੱਕ ਗਲੇ ਵਿੱਚ ਹੋਣਾ ਸੁਭਾਵਿਕ ਹੈ। ਕੇਸ ਪੌਜ਼ੇਟਿਵ ਆਉਣਾ ਹੀ ਹੈ। ਇਹੀ ਤਾਂ ਹੈ ਵਾਇਰਸ ਨਾਲ ਜਿਊਣਾ ਅਤੇ ਅਸੀਂ ਲੰਮੇ ਸਮੇਂ ਤੋਂ ਜੀਅ ਰਹੇ ਹਾਂ। ਇੱਥੇ ਇੱਕ ਗੱਲ ਹੋਰ ਨਹੀਂ ਦੱਸੀ ਜਾ ਰਹੀ ਕਿ ਦਿਨ ਵਿੱਚ ਇੱਕ ਲੱਖ ਤੋਂ ਵੱਧ ਪੌਜ਼ੇਟਿਵ ਕੇਸ ਆ ਰਹੇ ਹਨ, ਪਰ ਉਨ੍ਹਾਂ ਵਿੱਚ ਕਿੰਨੇ ਗੰਭੀਰ ਹਾਲਤ ਵਿੱਚ ਪਹੁੰਚੇ ਹਨ ਜਾਂ ਕਿੰਨੇ ਬਗੈਰ ਲੱਛਣਾਂ ਤੋਂ ਪੌਜ਼ੇਟਿਵ ਹਨ।
ਵੈਕਸੀਨ ਦੀ ਉਡੀਕ ਸੀ, ਨਾਲੇ ਇਸਦੇ ਆਉਣ ਨਾਲ ਹਾਲਾਤ ਕਾਬੂ ਹੇਠ ਹੋਣੇ ਸੀ, ਪਰ ਜਦੋਂ ਦੀ ਵੈਕਸੀਨ ਆਈ ਹੈ, ਉਦੋਂ ਤੋਂ ਕੇਸ ਵਧਣੇ ਸ਼ੁਰੂ ਹੋ ਗਏ ਹਨ:
ਜੇਕਰ ਵੈਕਸੀਨ ਦੀ ਲੋਕਾਂ ਦੀ ਵਰਤੋਂ ਲਈ ਇਸਤੇਮਾਲ ਦੀ ਇਜਾਜ਼ਤ ਅਤੇ ਕੇਸ ਵਧਣ ਦੇ ਸਮੇਂ ਨੂੰ ਦੇਖਾਂਗੇ ਤਾਂ ਗੱਲ ਸਪਸ਼ਟ ਹੋਵੇਗੀ। ਪਹਿਲੀ ਗੱਲ ਤਾਂ ਇਹ ਹੈ ਕਿ ਜਨਵਰੀ ਵਿੱਚ ਵੈਕਸੀਨ ਸ਼ੁਰੂ ਹੋਈ ਤੇ ਕੇਸ ਮਾਰਚ ਵਿੱਚ ਵਧੇ ਹਨ। ਉਹੀ ਮੌਸਮ ਤਬਦੀਲੀ। ਦੂਸਰੇ ਵੈਕਸੀਨ ਪ੍ਰਤੀ ਲੋਕਾਂ ਨੇ ਉਤਸ਼ਾਹ ਵੀ ਨਹੀਂ ਦਿਖਾਇਆ। ਤੀਸਰੀ ਗੱਲ, ਵੈਕਸੀਨ ਦੀ ਇੱਕ ਡੋਜ਼, ਇੱਕ ਟੀਕੇ ਨੇ ਸੁਰੱਖਿਆ ਦੇਣੀ ਵੀ ਨਹੀਂ ਹੁੰਦੀ। ਸਰੀਰ ਵਿੱਚ ਸੁਰੱਖਿਆ ਪੱਧਰ ਦੀਆਂ ਐਂਟੀਬਾਡੀਜ਼ ਬਣਾਉਣ ਲਈ ਇੱਕ ਨਿਰਧਾਰਿਤ ਸਮਾਂ ਵੀ ਲਗਦਾ ਹੈ। ਇਸ ਲਈ ਦੋਹਾਂ ਨੂੰ ਜੋੜਨਾ ਸਹੀ ਨਹੀਂ ਹੈ, ਭਾਵੇਂ ਕਿ ਕੇਸ ਵਧ ਰਹੇ ਹਨ।
ਕਰੋਨਾ ਨਾਲ ਨਜਿੱਠਣ ਲਈ, ਰਾਤ ਦਾ ਕਰਫ਼ਿਊ, ਰੈਲੀਆਂ ਤੇ ਰੋਕ, ਵਿਆਹ-ਮੌਤ ਸਮੇਂ ਲੋਕਾਂ ਦੀ ਗਿਣਤੀ ਦੀ ਬੰਦਿਸ਼, ਕੀ ਕੋਈ ਵਧੀਆ ਹੱਲ ਹੈ?
ਇਹ ਗੱਲ ਸਮਝਣ ਵਾਲੀ ਹੈ ਕਿ ਬਿਮਾਰੀ ਦੀ ਖਾਸੀਅਤ, ਇਸਦੇ ਫੈਲਣ ਦਾ ਢੰਗ, ਇਸਦੇ ਪ੍ਰਭਾਵ, ਲੱਛਣਾਂ ਬਾਰੇ ਹੁਣ ਸਾਰੇ ਹੀ ਜਾਣੂ ਹਨ। ਤਕਰੀਬਨ ਇੱਕ ਸਾਲ ਤੋਂ ਅਸੀਂ ਪੂਰਾ ਜ਼ੋਰ ਲਗਾ ਦਿੱਤਾ ਹੈ, ਬਿਮਾਰੀ ਦੇ ਰੂਪ, ਇਸਦੇ ਬਚਾਅ ਨੂੰ ਲੈ ਕੇ। ਕਰੋਨਾ ਵੈਕਸੀਨ ਨੂੰ ਬਣਾ ਕੇ ਲੋਕਾਂ ਤਕ ਲੈ ਆਉਣ ਦਾ ਕਾਰਜ ਇਤਿਹਾਸਕ ਸਮੇਂ ਵਿੱਚ ਹੋਇਆ ਹੈ। ਇਸ ਤਰ੍ਹਾਂ ਦੀ ਹਾਲਤ ਵਿੱਚ ਲੋਕਾਂ ਦੇ ਸੂਝਵਾਨ ਹੋ ਜਾਣ ਦੇ ਨਾਲ, ਫਿਰ ਤੋਂ ਉਸੇ ਵਿਉਂਤਬੰਦੀ ਨੂੰ ਦੁਹਰਾਉਣਾ, ਮਤਲਬ ਬੰਦਿਸ਼, ਕਰਫਿਊ ਅਤੇ ਰੋਕਾਂ ਦਾ ਮਤਲਬ ਹੈ ਕਿ ਅਸੀਂ ਪੂਰੇ ਇੱਕ ਸਾਲ ਦੌਰਾਨ ਹੰਢਾਏ ਤਜਰਬੇ ਤੋਂ ਕੁਝ ਨਹੀਂ ਸਿੱਖਿਆ ਹੈ। ਨਾ ਸਰਕਾਰਾਂ ਨੇ, ਨਾ ਲੋਕਾਂ ਨੇ। ਇੰਜ ਵੀ ਕਹਿ ਸਕਦੇ ਹਾਂ ਕਿ ਸਰਕਾਰ ਆਪਣੇ ਯਤਨਾਂ ਵਿੱਚ, ਲੋਕਾਂ ਤਕ ਬਿਮਾਰੀ ਬਾਰੇ ਸਮਝ ਪਹੁੰਚਾਉਣ ਵਿੱਚ ਨਾਕਾਮਯਾਬ ਰਹੀ ਹੈ।
ਵੈਕਸੀਨ ਵੀ ਤੇ ਬਚਾਓ ਵੀ, ਇਹ ਕੀ ਦਰਸਾਉਂਦਾ ਹੈ!
ਇਸ ਦਾ ਇੱਕ ਵਿਗਿਆਨਕ ਪੱਖ ਇਹ ਹੈ ਕਿ ਵੈਕਸੀਨ ਦਾ ਟੀਕਾ ਫੌਰੀ ਐਂਟੀਬਾਡੀਜ਼ ਪੈਦਾ ਨਹੀਂ ਕਰਦਾ ਕਿ ਜੇਕਰ ਇਨਫੈਕਸ਼ਨ ਹੋ ਜਾਵੇ ਤਾਂ ਤੁਹਾਨੂੰ ਕੁਝ ਨਹੀਂ ਹੋਵੇਗਾ। ਇਹ ਵੀ ਠੀਕ ਹੈ ਕਿ ਦੋਵੇਂ ਟੀਕੇ ਲੱਗ ਜਾਣ ਮਗਰੋਂ, ਲੋੜੀਂਦੀਆਂ ਐਂਟੀਬਾਡੀਜ਼ ਬਣਨ ’ਤੇ ਹੀ ਕਰੋਨਾ ਵਾਇਰਸ ਦੇ ਹਮਲੇ ਤੋਂ ਬਚਿਆ ਜਾ ਸਕਦਾ ਹੈ। ਘੱਟੋ ਘੱਟ ਉਹ ਸਮਾਂ ਜ਼ਰੂਰ ਹਿਦਾਇਤਾਂ ਦਾ ਪਾਲਣ ਕੀਤਾ ਜਾਣਾ ਚਾਹੀਦਾ ਹੈ। ਭਾਵੇਂ ਕਿ ਇਹ ਸੁਨੇਹਾ ਇੱਕ ਕਸ਼ਮਕਸ਼ ਪੈਦਾ ਤਾਂ ਕਰਦਾ ਹੀ ਹੈ। ਨਾਲੇ ਇਹ ਵੀ ਸੱਚ ਹੈ ਕਿ ਵੈਕਸੀਨ ਦੇ ਪ੍ਰਭਾਵੀ ਹੋਣ ਦੇ, ਕਿੰਨਾ ਸਮਾਂ ਉਸ ਦਾ ਅਸਰ ਰਹਿਣ ਦੇ, ਬਾਰੇ ਪਰਖ਼ ਨਤੀਜੇ ਅਜੇ ਤਕ ਨਹੀਂ ਆਏ। ਐਂਟੀਬਾਡੀਜ਼ ਬਣਦੀਆਂ ਜ਼ਰੂਰ ਹਨ, ਇਹ ਸਾਨੂੰ ਪਤਾ ਹੈ, ਪਰ ਸਰੀਰ ਵਿੱਚ ਕਿੰਨਾ ਚਿਰ ਪ੍ਰਭਾਵੀ ਰਹਿੰਦੀਆਂ ਹਨ, ਅਜੇ ਪਰਖ਼ ਅਧੀਨ ਹੈ।
ਵੈਕਸੀਨ ਲਗਵਾਉਣ ਪ੍ਰਤੀ ਇੱਕ ਪਾਸੇ ਝਿਜਕ ਹੈ, ਦੂਜੇ ਪਾਸੇ ਸਭ ਲਈ ਵੈਕਸੀਨ ਹੋਵੇ ਦੀ ਗੱਲ ਹੈ। ਨਾਲ ਹੀ ਵਿਦੇਸ਼ਾਂ ਨੂੰ ਵੈਕਸੀਨ ਦੇਣ ’ਤੇ ਵੀ ਸਵਾਲ ਉੱਠ ਰਹੇ ਹਨ:
ਵੈਕਸੀਨ ਮੈਡੀਕਲ ਵਿਗਿਆਨ ਦੀ ਲਾਜਵਾਬ ਪ੍ਰਾਪਤੀ ਹੈ। ਝਿਜਕ ਇੱਕ ਮਨੁੱਖ਼ੀ ਫ਼ਿਤਰਤ ਹੈ। ਕਈ ਸਵਾਲ ਹੁੰਦੇ ਹਨ ਲੋਕਾਂ ਦੇ ਮਨਾਂ ਵਿੱਚ, ਇਲਾਜ ਨੂੰ ਲੈ ਕੇ। ਫਾਇਦਾ ਹੋਵੇਗਾ, ਮੈਂ ਬਚ ਜਾਵਾਂਗਾ, ਨੁਕਸਾਨ ਤਾਂ ਨਹੀਂ ਹੋਵੇਗਾ? ਕੌਣ ਕੌਣ ਲਗਵਾ ਰਿਹਾ ਹੈ? ਦੇਖ ਲਈਏ, ਠਹਿਰ ਜਾਈਏ ਕੁਝ ਕੁ ਦਿਨ। ਇਹ ਸੁਭਾਵਿਕ ਸਵਾਲ ਹਨ। ਕਰੋਨਾ ਬਾਰੇ ਦੁਚਿੱਤੀ ਇਸ ਲਈ ਵੀ ਵੱਧ ਦੇਖਣ ਨੂੰ ਮਿਲ ਰਹੀ ਹੈ ਕਿ ਸਰਕਾਰ ਪੂਰੀ ਤਰ੍ਹਾਂ ਸਮਝਾ ਨਹੀਂ ਰਹੀ ਤੇ ਅਫ਼ਵਾਹਾਂ ਦਾ ਬਾਜ਼ਾਰ ਸਰਗਰਮ ਹੈ। ਇਹ ਦੋਵੇਂ ਗੱਲਾਂ ਨਾਲ ਨਾਲ ਹੀ ਵਾਪਰਦੀਆਂ ਹਨ। ਲੁਕੋ ਅਤੇ ਅਫ਼ਵਾਹਾਂ ਦਾ ਆਪਸੀ ਰਿਸ਼ਤਾ ਹੈ। ਕੁਝ ਗੱਲਾਂ ਸੱਚ ਵੀ ਨੇ ਕਿ ਵੈਕਸੀਨ ਦੇ ਸਾਈਡ ਇਫੈਕਟ, ਇਸਦੇ ਅਸਰ ਨੂੰ ਲੈ ਕੇ, ਹੋਣ ਵਾਲੇ ਪਰਖ਼ ਪੜਾਆਂ ਨੂੰ ਲੈ ਕੇ, ਕੁਝ ਦੱਸਿਆ ਨਹੀਂ ਜਾ ਰਿਹਾ। ਵੈਕਸੀਨ ਦਾ ਟੀਚਾ ਵੀ ਪੂਰਾ ਕਰਨਾ ਹੈ ਤੇ ਕੁਝ ਲੋਕ ਚਾਹੁੰਦੇ ਵੀ ਹਨ। ਉਹੀ ਗੱਲ ਹੈ ਨੀਤੀਆਂ, ਆਦੇਸ਼ ਸਪਸ਼ਟ ਨਹੀਂ ਹਨ।
ਕੀ ਇਹ ਰਾਜਨੀਤਿਕ ਡਰਾਮਾ ਹੈ?
ਇਸ ਤਰ੍ਹਾਂ ਸਵਾਲ ਉੱਠਣੇ, ਸਰਕਾਰਾਂ ਦੀ ਕਾਰਗੁਜ਼ਾਰੀ, ਉਨ੍ਹਾਂ ਦੀਆਂ ਨੀਤੀਆਂ, ਹਿਦਾਇਤਾਂ ਉੱਤੇ ਸਵਾਲ ਉੱਠਣੇ ਲਾਜ਼ਮੀ ਹਨ, ਜਦੋਂ ਕਿ ਬਹੁਤ ਵੱਡੀ ਪੱਧਰ ’ਤੇ ਦੋਗਲਾਪਣ ਹੋਵੇ, ਕਹਿਣੀ-ਕਰਨੀ ਵਿੱਚ ਫ਼ਰਕ ਹੋਵੇ ਅਤੇ ਹਿਦਾਇਤਾਂ ਨੂੰ ਲਾਗੂ ਕਰਵਾਉਣ ਵਾਲੇ ਲੋਕ, ਵਿਭਾਗ ਖ਼ੁਦ ਉਸ ਦੀਆਂ ਧੱਜੀਆਂ ਉਡਾ ਰਹੇ ਹੋਣ। ਇਸ ਲਈ ਜਿੱਥੇ ਵਿਗਿਆਨਕ ਪੱਖ, ਵਾਇਰਸ ਦੇ ਹੋਣ ਬਾਰੇ ਸ਼ੰਕੇ ਪੂਰੀ ਤਰ੍ਹਾਂ ਸਹੀ ਨਹੀਂ ਹਨ, ਉਸੇ ਤਰ੍ਹਾਂ ਰਾਜਨੇਤਾਵਾਂ ਅਤੇ ਸਰਕਾਰਾਂ ਉੱਤੇ ਸ਼ੱਕ-ਸ਼ੰਕੇ ਵੀ ਵਾਜਬ ਹਨ। ਇਸੇ ਲਈ ਇਹ ਸਵਾਲ ਪੈਦਾ ਹੁੰਦੇ ਹਨ ਕਿ ‘ਕਰੋਨਾ ਸਾਰਾ ਦਿਨ ਸੁੱਤਾ ਰਹਿੰਦਾ ਹੈ, ਰਾਤੀਂ ਨੌ ਵਜੇ ਜਾਗਦਾ ਹੈ। ਕਿਸੇ ਰਾਜ ਵਿੱਚ ਉਹ ਅੱਠ ਵਜੇ ਉੱਠ ਜਾਂਦਾ ਹੈ ਤੇ ਕਿਸੇ ਵਿੱਚ ਦਸ ਵਜੇ।’ ਇਸੇ ਤਰ੍ਹਾਂ ਦਾ ਇੱਕ ਪ੍ਰਭਾਵ ਹੈ ਕਿ ਜੇਕਰ ਕਰੋਨਾ ਨੂੰ ਦੇਸ਼ ਵਿੱਚੋਂ ਖ਼ਤਮ ਕਰਨਾ ਹੈ ਤਾਂ ਚੋਣਾਂ ਦਾ ਐਲਾਨ ਕਰ ਦਿਉ, ਕਰੋਨਾ ਉੱਥੋਂ ਭੱਜ ਲਵੇਗਾ।
ਕਰੋਨਾ ਵਾਇਰਸ ਨੂੰ ਸਮਝਦੇ ਹੋਏ, ਇਸਦੇ ਲਈ ਜ਼ਰੂਰੀ ਸਿਹਤ ਸੰਬੰਧੀ ਹਿਦਾਇਤਾਂ, ਚੰਗੀਆਂ ਸਿਹਤ ਆਦਤਾਂ, ਜੋ ਕਿ ਵੈਸੇ ਵੀ ਲੋੜੀਂਦੀਆਂ ਹਨ, ਪ੍ਰਚਾਰਨ ਦੇ ਨਾਲ ਨਾਲ ਅਪਣਾਉਣ ਦੀ ਲੋੜ ਹੈ। ਭੰਬਲਭੂਸੇ ਵਿੱਚ ਲੋਕੀਂ ਉਨ੍ਹਾਂ ਪ੍ਰਤੀ ਵੀ ਸੰਜੀਦਾ ਨਹੀਂ ਹੁੰਦੇ।
ਇੱਕ ਹੋਰ ਗੱਲ ਜੋ ਸਮਝਣੀ ਚਾਹੀਦੀ ਹੈ ਕਿ ਕਰੋਨਾ ਮਹਿਜ਼ ਅਜਿਹੀ ਬਿਮਾਰੀ ਹੈ, ਜਿਸ ਨੂੰ ਸਮਝਣ, ਸਮਝਾਉਣ, ਲੋਕਾਂ ਤਕ ਇਸਦੀ ਜਾਣਕਾਰੀ ਪਹੁੰਚਾਉਣ ਲਈ ਅਸੀਂ ਇੱਕ ਸਾਲ ਤੋਂ ਵੱਧ ਸਮਾਂ ਲਗਾ ਦਿੱਤਾ ਹੈ। ਲਗਦਾ ਹੈ ਕਿ ਜਿਵੇਂ ਦੇਸ਼ ਵਿੱਚ ਕੋਈ ਹੋਰ ਬਿਮਾਰੀ, ਸਮੱਸਿਆ ਹੈ ਨਹੀਂ। ਚਾਹੀਦਾ ਹੈ ਕਿ ਲੋਕਾਂ ਨੂੰ ਪੂਰੇ ਪ੍ਰਭਾਵੀ ਢੰਗ ਨਾਲ ਸੁਨੇਹਾ ਦਿੱਤਾ ਜਾਵੇ ਕਿ ਤੁਸੀਂ ਸੂਝਵਾਨ ਹੋ, ਕਰੋਨਾ ਨਾਲ ਰਹਿਣਾ ਸਿੱਖੋ। ਕਿਵੇਂ ਰਹਿਣਾ ਹੈ, ਇਹ ਫੈਸਲਾ ਹੁਣ ਤੁਸੀਂ ਖ਼ੁਦ ਕਰੋ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(2700)
(ਸਰੋਕਾਰ ਨਾਲ ਸੰਪਰਕ ਲਈ: