ShyamSDeepti7ਜੋ ਸਾਡੇ ਆਲੇ-ਦੁਆਲੇ ਹੈ, ਉਸ ਤੋਂ ਸਿੱਖਿਆ ਜਾਵੇ ਤੇ ਬਿਮਾਰੀ ਦੀ ਥਾਂ ਸਿਹਤ ਦੀ ਸਰਦਾਰੀ ਦਾ ...
(21 ਸਤੰਬਰ 2021)

 

ਸਿਹਤ ਅਤੇ ਬਿਮਾਰੀ ਦੇ ਪੱਖ ਤੋਂ ਜਦੋਂ ਅਸੀਂ ਆਪਣੇ ਆਲੇ-ਦੁਆਲੇ ਵੱਲ ਨਜ਼ਰ ਮਾਰਦੇ ਹਾਂ ਤਾਂ ਲਗਦਾ ਹੈ ਜਿਵੇਂ ਹਰ ਘਰ ਬਿਮਾਰ ਹੈਮਤਲਬ ਕਿ ਭਾਵੇਂ ਘਰ ਦੇ ਸਾਰੇ ਜੀਅ ਬਿਮਾਰ ਨਾ ਵੀ ਹੋਣ, ਇੱਕ ਦੋ ਅਜਿਹੇ ਮੈਂਬਰ ਹੋਣਗੇ ਜੋ ਦਵਾਈਆਂ ਨਾਲ ਆਪਣਾ ਜੀਵਨ ਲੰਘਾ ਰਹੇ ਹਨ ਜਾਂ ਕੋਈ ਥੋੜ੍ਹੀ-ਬਹੁਤ ਦਵਾਈ ਰੋਜ਼ਾਨਾ ਖਾ ਹੀ ਰਿਹਾ ਹੈਇਸ ਗੱਲ ਦੀ ਪੁਸ਼ਟੀ, ਇਸ ਤੱਥ ਤੋਂ ਹੋ ਸਕਦੀ ਹੈ ਕਿ ਹਰ ਗਲੀ-ਬਾਜ਼ਾਰ ਵਿੱਚ ਦਵਾਈਆਂ ਦੀ ਦੁਕਾਨ ਹੈ ਤੇ ਉਨ੍ਹਾਂ ’ਤੇ ਵੀ ਪੂਰੀ ਤਰ੍ਹਾਂ ਭੀੜ ਹੈ, ਜਿਵੇਂ ਰਾਸ਼ਨ ਦੀਆਂ ਦੁਕਾਨਾਂ ’ਤੇ ਹੁੰਦੀ ਹੈਇੱਕ ਸਰਵੇਖਣ ਮੁਤਾਬਕ ਪਿੰਡਾਂ ਵਿੱਚ, ਛੋਟੇ ਤੋਂ ਛੋਟੇ, ਚਾਰ ਤੋਂ ਪੰਜ ਕੈਮਿਸਟ ਬੈਠੇ ਹਨਭਾਵੇਂ ਕਿ ਇਸਦਾ ਇੱਕ ਪੱਖ ਇਹ ਵੀ ਹੈ ਕਿ ਉਹ ਕੈਮਿਸਟ ਦੀ ਦੁਕਾਨ ਦੀ ਆੜ ਵਿੱਚ ਕਿਹੜਾ ਧੰਦਾ ਕਰ ਰਹੇ ਹਨ

ਸਵਾਲ ਹੈ ਕਿ ਅਜੋਕੇ ਸਮੇਂ ਵਿੱਚ ‘ਬਿਮਾਰੀ ਦੀ ਸਰਦਾਰੀ’ ਕਿਉਂ ਹੈ? ਕਈ ਪੁਰਾਣੇ ਲੋਕ, ਚਾਲੀ-ਪੰਜਾਹ ਸਾਲ ਪਹਿਲੋਂ ਦੇ ਸਮੇਂ ਵਿੱਚ ਵਿਚਰੇ ਕਹਿੰਦੇ ਮਿਲ ਜਾਣਗੇ ਕਿ ਪਹਿਲਾਂ ਇੰਨੀਆਂ ਬਿਮਾਰੀਆਂ ਨਹੀਂ ਸੀ ਹੁੰਦੀਆਂਮਤਲਬ ਇਹ ਸਿੱਟਾ ਕੱਢਿਆ ਜਾਵੇ ਕਿ ਬਿਮਾਰੀਆਂ ਵਧ ਗਈਆਂ ਹਨ ਤੇ ਨਾਲ ਇਹ ਵੀ ਕਿ ਬਿਮਾਰੀਆਂ ਪੈਦਾ ਹੋ ਗਈਆਂ ਹਨਜੇਕਰ ਇਹ ਸੱਚ ਹੈ ਤਾਂ ਬਿਮਾਰੀਆਂ ਪੈਦਾ ਹੋਣ ਪਿੱਛੇ ਵੀ ਤਾਂ ਕੋਈ ਕਾਰਨ ਹੋਵੇਗਾ? ਉਹ ਕੀ ਤਬਦੀਲੀ ਹੈ, ਜਦੋਂ ਕਿ ਅਸੀਂ ਵਿਗਿਆਨਕ ਸਮਝ ਤਹਿਤ ਸਾਫ਼ ਪਾਣੀ, ਸਾਫ਼-ਸਫ਼ਾਈ, ਸਿਹਤ ਪ੍ਰਤੀ ਸੁਚੇਤਤਾ ਆਦਿ ਅਨੇਕਾਂ ਅਜਿਹੇ ਉਪਰਾਲਿਆਂ ਨੂੰ ਸਲਾਹੁੰਦੇ ਹਾਂ ਤੇ ਉਨ੍ਹਾਂ ਦੇ ਸਿਰ ਸਿਹਰਾ ਬੰਨ੍ਹਦੇ ਹਾਂਔਸਤਨ ਉਮਰ ਵਿੱਚ ਵਾਧੇ ਨੂੰ ਲੈ ਕੇ ਵੀ ਇਹੀ ਗੱਲ ਹੁੰਦੀ ਹੈ ਕਿ ਸਿਹਤ ਪ੍ਰਤੀ ਕਾਫ਼ੀ ਖੋਜ ਹੋਈ ਹੈ ਤੇ ਬਿਮਾਰੀਆਂ ਦੇ ਕਾਰਗਰ ਇਲਾਜ ਸੰਭਵ ਹੋਏ ਹਨ

ਸਿਹਤ ਦਾ ਦ੍ਰਿਸ਼ ਬਦਲਿਆ ਹੈ, ਬਿਲਕੁਲ ਸਹੀ ਹੈ, ਪਰ ਬਿਮਾਰੀਆਂ ਵੀ ਵਧੀਆ ਹਨ, ਇਹ ਵੀ ਸੱਚ ਹੈ

ਸਿਹਤ ਅਤੇ ਬਿਮਾਰੀ ਦੇ ਦ੍ਰਿਸ਼ ਨੂੰ ਸਮਝਣ ਲਈ ਕੁਝ ਪਿੱਛੇ ਵੱਲ ਝਾਤ ਮਾਰਾਂਗੇ ਤਾਂ ਮਨੁੱਖ ਸਭ ਤੋਂ ਪਹਿਲਾਂ ਮੌਤ ਪ੍ਰਤੀ ਸੁਚੇਤ ਹੋਇਆ, ਜਦੋਂ ਉਸਨੇ ਦੇਖਿਆ, ਇੱਕ ਚੰਗਾ-ਭਲਾ ਤੁਰਦਾ-ਫਿਰਦਾ ਵਿਅਕਤੀ, ਇਕੋਦਮ ਬੇਹਰਕਤ ਹੋ ਜਾਂਦਾ ਹੈਦੂਸਰੇ ਪੜਾਅ ਦੌਰਾਨ ਮਨੁੱਖ ਨੇ ਮਹਿਸੂਸ ਕੀਤਾ ਕਿ ਮੌਤ ਤੋਂ ਪਹਿਲਾਂ ਜਾਂ ਵੈਸੇ ਵੀ ਵਿਅਕਤੀ ਕੱਝ ਢਿੱਲਾ ਜਿਹਾ ਮਹਿਸੂਸ ਕਰਦਾ ਹੈਉਹ ਕੁਝ ਦਿਨ ਇਸ ਹਾਲਤ ਵਿੱਚ ਰਹਿ ਕੇ ਵੀ ਠੀਕ ਹੋ ਜਾਂਦਾ ਹੈ ਤਾਂ ਕਈ ਵਾਰ ਆਪਣੀ ਸਹਿਜ ਅਵਸਥਾ ਵਿੱਚ ਵਾਪਸ ਨਹੀਂ ਪਰਤਦਾ ਹੈਉਸ ਨੇ ਕੁਝ ਅਹੁੜ-ਪਹੁੜ ਕਰਕੇ, ਉਸ ਅਵਸਥਾ ਵਿੱਚੋਂ ਬਾਹਰ ਆਉਣ ਦੇ ਢੰਗ ਤਰੀਕੇ ਵੀ ਲੱਭੇ

ਅੱਜ ਅਸੀਂ ਤੀਸਰੇ ਪੜਾਅ ਵਿੱਚ ਕਹੇ ਜਾਂਦੇ ਹਾਂਇਹ ਹੈ ਸਿਹਤ ਪ੍ਰਤੀ ਸੁਚੇਤ ਹੋਣਾ ਇਸਦਾ ਇਹ ਅਰਥ ਨਹੀਂ ਕਿ ਬਿਮਾਰ ਨਹੀਂ ਹੁੰਦੇ ਜਾਂ ਬਿਮਾਰੀ ਨੇੜੇ ਨਹੀਂ ਆਉਂਦੀਇਸ ਅਵਸਥਾ ਦਾ ਅਰਥ ਹੈ ਕਿ ਸਾਨੂੰ ਵਿਗਿਆਨ ਨੇ ਬਿਮਾਰੀ ਦੇ ਕਾਰਨਾਂ ਪ੍ਰਤੀ ਸੁਚੇਤ ਕਰ ਦਿੱਤਾ ਹੈਇਹ ਹੁਣ ਸਾਡੇ ਗਿਆਨ ਦਾ ਹਿੱਸਾ ਹੈ ਕਿ ਕੋਈ ਬਿਮਾਰ ਕਿਵੇਂ ਹੁੰਦਾ ਹੈ ਤੇ ਅਸੀਂ ਉਸ ਪ੍ਰਤੀ ਸਮਝਦਾਰੀ ਨਾਲ ਵਿਵਹਾਰ ਕਰਦੇ ਹੋਏ, ਬਿਮਾਰ ਹੋਣ ਤੋਂ ਬਚ ਸਕਦੇ ਹਾਂ, ਭਾਵ ਅਸੀਂ ਸਿਹਤਮੰਦ ਰਹਿਣ ਦੇ ਤਰੀਕੇ ਜਾਣ ਲਏ ਹਨਤੁਸੀਂ ਅਜੋਕੇ ਸਮੇਂ ਵਿੱਚ ਸਿਹਤਮੰਦ, ਪ੍ਰੀਮੀਅਮ ਖਾਣੇ, ਨਮਕੀਨ, ਬਿਸਕੁਟ, ਜੂਸ ਬਾਰੇ ਅਜਿਹੀ ਸਮਝਦਾਰੀ ਸੁਣ ਸਕਦੇ ਹੋ

ਸਿਹਤ ਪ੍ਰਤੀ ਸਮਝ, ਲੰਮੀ ਉਮਰ ਅਤੇ ਹਰ ਘਰ ਵਿੱਚ ਇੱਕ ਵਿਸ਼ੇਸ਼ ਦਵਾਈਆਂ ਲਈ ਬਜਟ ਅਤੇ ਅਲਮਾਰੀ ਵਿੱਚ ਇੱਕ ਥਾਂ, ਜਿੱਥੇ ਦਵਾਈਆਂ ਮੌਜੂਦ ਨੇਜਿੱਥੇ ਕਿਤੇ ਵੀ ਬੈਠੋ, ਤੁਸੀਂ ਕਿਸੇ ਨੂੰ ਮਿਲਣ ਜਾਵੋ, ਕੋਈ ਤੁਹਾਨੂੰ ਮਿਲਣ ਆਵੇ, ਬਿਮਾਰੀਆਂ ਬਾਰੇ ਚਰਚਾ ਜ਼ਰੂਰ ਹੁੰਦੀ ਹੈ, ਸਿਹਤ ਬਾਰੇ ਹੋਵੇ ਨਾ ਹੋਵੇ

ਸਿਹਤ ਅਤੇ ਬਿਮਾਰੀ ਦੀ ਸਮਝ ਵਿੱਚ ਆਈ ਤਬਦੀਲੀ ਨੂੰ ਇਸ ਪੱਖ ਤੋਂ ਸਮਝੀਏ ਕਿ ਇਹਨਾਂ ਦੋਹਾਂ ਪਹਿਲੂਆਂ ਵਿੱਚ ਇੱਕ ਤੀਸਰਾ ਪੱਖ ਹੈ, ਡਾਕਟਰਨਿਸ਼ਚਿਤ ਹੀ ਉਹ ਇੱਕ ਵਿਧੀਵਤ ਜਾਣਕਾਰ ਹੈਉਹ ਚਾਹੇ ਸਾਡੇ ਪੁਰਾਤਨ ਵੈਦ ਵਿਵਸਥਾ ਤੋਂ ਹੈ ਤੇ ਚਾਹੇ ਹੁਣ ਵਿਗਿਆਨਕ, ਮੈਡੀਕਲ ਪੜ੍ਹਾਈ ਨਾਲ ਲੈਸਉਹ ਬਿਮਾਰੀ ਬੁੱਝਦਾ ਹੈ ਤੇ ਫੇਰ ਦਵਾਈ ਦਿੰਦਾ ਹੈਦਵਾਈ ਜੋ ਕਿਸੇ ਵੇਲੇ ਡਾਕਟਰ ਆਪਣੀ ਸਮਝ ਨਾਲ ਘਰੇ ਹੀ ਤਿਆਰ ਕਰਕੇ ਦਿੰਦਾ ਸੀਹੁਣ ਉਹ ਇੱਕ ਵਿਸ਼ੇਸ਼ ਖੇਤਰ ਹੈਇਸ ਤਰਤੀਬ ਵਿੱਚ ਹੁਣ ਬਿਮਾਰੀ ਅਤੇ ਸਿਹਤ ਦੇ ਖੇਤਰ ਵਿੱਚ ਡਾਕਟਰ ਦੇ ਨਾਲ ਦਵਾ ਕੰਪਨੀ ਅਤੇ ਦਵਾਈਆਂ ਦੀ ਖਰੀਦ-ਵੇਚ ਦਾ ਇੱਕ ਬਾਜ਼ਾਰ ਹੈਡਾਕਟਰ ਕੋਲ ਸਿਖਲਾਈ ਹੈ ਕਿ ਰੋਗ ਵੀ ਲੱਭੇ ਤੇ ਦਾਰੂ ਵੀਰੋਗ ਲੱਭਣ ਦੀ ਤਕਨੀਕ ਹੀ ਸਿਖਾਉਂਦੀ ਹੈ ਪੜ੍ਹਾਈਮਰੀਜ਼ ਆਪਣੀ ਤਕਲੀਫ਼ ਦੱਸਦਾ ਹੈ, ਡਾਕਟਰ ਨਬਜ਼ ਦੇਖਦਾ ਹੈ ਜਾਂ ਕੁਝ ਹੋਰ ਸਰੀਰ ਦੇ ਹਿੱਸੇ ਤੇ ਫਿਰ ਬਿਮਾਰੀ ਬੁੱਝ ਲੈਂਦਾ ਹੈਨਹੀਂ ਤਾਂ ਇੱਕ ਅੱਧਾ ਟੈਸਟ ਕਰਵਾ ਲੈਂਦਾ ਹੈ ਜੋ ਕਿ ਨਵਾਂ ਪਹਿਲੂ ਹੈ, ਇੱਕ ਪੂਰੀ ਸਨਅਤਬਿਮਾਰੀ, ਸਿਹਤ, ਡਾਕਟਰ, ਦਵਾਈਆਂ, ਟੈਸਟ

ਜੇਕਰ ਇਸ ਸਮਝ ਨੂੰ ਕੁਝ ਸੀਮਿਤ ਕਰਕੇ ਦੇਖੀਏ ਤਾਂ ਇਹ ਹੈ ਮਰੀਜ਼, ਡਾਕਟਰ ਅਤੇ ਬਾਜ਼ਾਰਪਰ ਇਹ ਸਮਝ ਸਗੋਂ ਬਹੁਤ ਜ਼ਿਆਦਾ ਫੈਲ ਗਈ ਹੈਇਹ ਫੈਲਾਅ ਹੈ ਜੋ ਘਰ ਘਰ ਪਹੁੰਚ ਗਿਆ ਹੈ ਜਾਂ ਹਰ ਘਰ ਬਾਜ਼ਾਰ ਵਿੱਚ ਨਜ਼ਰ ਆਉਂਦਾ ਹੈ

ਸਿਹਤ ਅਤੇ ਬਿਮਾਰੀ ਦੇ ਖੇਤਰ ਨਾਲ ਜੁੜੇ ਕੁਝ ਤਰਕਸ਼ੀਲ ਡਾਕਟਰ-ਵਿਗਿਆਨੀ, ਬਿਮਾਰੀਆਂ ਦੇ ਵਿਧੀਵਤ ਨਾਮਾਂ ਤੋਂ ਇਨਕਾਰੀ ਹਨ ਉਦਾਹਰਣ ਦੇ ਤੌਰ ’ਤੇ ਦਿਲ ਦੀਆਂ ਬਿਮਾਰੀਆਂ ਜਾਂ ਬਲੱਡ ਪ੍ਰੈੱਸ਼ਰ ਨੂੰ ਉਹ ਬਿਮਾਰੀ ਨਹੀਂ ਮੰਨਦੇਸੱਚ-ਮੁੱਚ ਹੈ ਵੀ ਨਹੀਂਜੇਕਰ ਇਸਦਾ ਫੌਰੀ ਕਾਰਨ ਸਮਝਣਾ ਹੋਵੇ ਤਾਂ ਉਹ ਹੈ ਮੋਟਾਪਾ ਜਾਂ ਲੋੜ ਤੋਂ ਵੱਧ ਭਾਰਮੋਟਾਪਾ ਵੀ ਆਪਣੇ ਆਪ ਵਿੱਚ ਬਿਮਾਰੀ ਨਹੀਂ ਹੈਇਸ ਤਰ੍ਹਾਂ, ਮੋਟਾਪਾ ਅਤੇ ਬਲੱਡ ਪ੍ਰੈੱਸ਼ਰ ਕਿਸੇ ਹੋਰ ਲੁਕਵੀਂ ਅਵਸਥਾ ਦੇ ਲੱਛਣ ਹਨਤਾਂ ਹੀ ਬਲੱਡ ਪ੍ਰਸ਼ੈਰ ਲਈ ਸਾਰੀ ਉਮਰ ਦਵਾਈ ਖਾਣੀ ਪੈਂਦੀ ਹੈ, ਕਿਉਂਕਿ ਬਿਮਾਰੀ ਲੱਭੀ ਹੀ ਨਹੀਂਇਸ ਹਾਲਤ ਵਿੱਚ ਬਿਮਾਰੀ ਕਰਨ ਵਾਲੀ ਹਾਲਤ ਹੈ, ਖੁਰਾਕ ਪ੍ਰਤੀ ਬੇਸਮਝੀ, ਉਸਦੀ ਬੇਤਰਤੀਬੀਉਹ ਬੇਤਰਤੀਬੀ ਚਾਹੇ ਖੁਰਾਕ ਪਦਾਰਥਾਂ ਦੀ ਚੋਣ ਵਿੱਚ ਹੈ ਜਾਂ ਖੁਰਾਕੀ ਪਦਾਰਥਾਂ ਦੀ ਵਰਤੋਂ ਵਿੱਚਉਸ ਵਿੱਚ ਸੰਤੁਲਨ ਨਹੀਂ ਹੈ

ਇਸੇ ਤਰ੍ਹਾਂ ਕਿਸੇ ਵੀ ਬਿਮਾਰੀ ਲਈ, ਜੋ ਡਾਕਟਰ/ਵੈਦ, ਪਰਚੀ ’ਤੇ ਲਿਖਦਾ ਹੈ, ਉਹ ਬਹੁਤੀ ਵਾਰੀ ਬਿਮਾਰੀ ਦੇ ਲੱਛਣ ਹਨਇੱਥੋਂ ਤਕ ਕਿ ਮਲੇਰੀਆ ਬੁਖਾਰ, ਭਾਵੇਂ ਕਿ ਖੂਨ ਦੇ ਟੈਸਟ ਨੇ ਪੱਕਾ ਕਰ ਦਿੱਤਾ ਹੈ, ਪਰ ਫਿਰ ਵੀ ਉਹ ਕਿਸੇ ਖਾਸ ਵਾਤਾਵਰਣ ਦੀ ਪੈਦਾਵਾਰ ਹੈਅਸੀਂ ਮੱਛਰ ਨੂੰ ਦੋਸ਼ੀ ਠਹਿਰਾ ਸਕਦੇ ਹਾਂ, ਬਿਮਾਰ ਵਿਅਕਤੀ ਨੂੰ ਖੁੱਲ੍ਹੇ ਵਿਹੜੇ ਵਿੱਚ ਸੌਣ ਕਰਕੇ ਜਾਂ ਬੁਨੈਣ ਵਿੱਚ ਫਿਰਦੇ ਰਹਿਣ ਲਈ ਝਿੜਕ ਸਕਦੇ ਹਾਂਪਰ ਅਸਲੀ ਕਾਰਨ, ਉਹ ਗੰਦੇ ਪਾਣੀ ਵਾਲਾ ਟੋਭਾ ਹੈ ਜਿੱਥੇ ਮੱਛਰ ਪਨਪਦਾ ਹੈਉਸ ਕਾਰਨ ਨੂੰ ਪਛਾਨਣਾ ਹੀ ਬਿਮਾਰੀ ਨੂੰ ਬੁੱਝਣਾ ਹੈ

ਇਹ ਇੱਕ ਵਿਗਿਆਨਕ ਸਮਝ ਹੈ ਕਿ ਜਦੋਂ ਤਕ ਸਹੀ ਕਾਰਨ ਤੇ ਉੱਗਲ ਨਹੀਂ ਧਰੀ ਜਾਵੇਗੀ, ਇਲਾਜ ਵੀ ਸਹੀ ਦਿਸ਼ਾ ਵਿੱਚ ਨਹੀਂ ਹੋਵੇਗਾਲੱਛਣਾਂ ਦੇ ਇਲਾਜ ਕਰ ਕਰ ਕੇ ਡਾਕਟਰ ਵੀ ਹੰਭ ਜਾਵੇਗਾ ਤੇ ਮਰੀਜ਼ ਵੀ ਨਿਰਾਸ਼ਾ ਦੇ ਘੇਰੇ ਵਿੱਚ ਚਲਾ ਜਾਵੇਗਾਡਾਕਟਰਾਂ ਦਾ ਇੱਥੇ ਕੋਈ ਮੁਫ਼ਾਦ ਹੋ ਸਕਦਾ ਹੈ ਜੋ ਕਿ ‘ਦੁਕਾਨ’ ਖੋਲ੍ਹ ਕੇ ਬੈਠਾ ਹੈ ਤੇ ਬਾਜ਼ਾਰ ਦਾ ਹਿੱਸਾ ਹੈ

ਜਦੋਂ ਗੱਲ ਇਹ ਚੱਲ ਰਹੀ ਹੈ ਕਿ ਬਿਮਾਰੀ ਦੀ ਸਰਦਾਰੀ ਹੈ ਤਾਂ ਉਸ ਪਿੱਛੇ ਇਸ ਪਹਿਲੂ ’ਤੇ ਵੀ ਗੱਲ ਕਰਨੀ ਬਣਦੀ ਹੈ ਕਿ ਮੈਡੀਕਲ ਅਮਲਾ ਵੀ ਬਹੁਤ ਹੱਦ ਤਕ ਬਿਮਾਰੀ ’ਤੇ ਹੀ ਖੋਜ ਕਰਦਾ ਹੈ ਜ਼ਰੂਰੀ ਹੈ ਕਿ ਬਿਮਾਰੀ ਦੇ ਕਾਰਨ ਜਾਣੇ ਜਾਣ ’ਤੇ ਉਨ੍ਹਾਂ ਲਈ ਇਲਾਜ ਹੋਵੇ ਤੇ ਤਕਲੀਫ਼ ਵਿੱਚੋਂ ਲੰਘ ਰਹੇ ਵਿਅਕਤੀ ਨੂੰ ਰਾਹਤ ਮਿਲੇਪਰ ਜਦੋਂ ਅਸੀਂ ਆਪਣੇ ਆਪ ਨੂੰ ‘ਸਿਹਤ ਪ੍ਰਤੀ ਸੁਚੇਤਤਾ’ ਦੇ ਪੜਾਅ ਵਿੱਚ ਲੰਘ ਰਹੇ ਮੰਨਦੇ ਹਾਂ ਤਾਂ ਕੀ ਇਹ ਪਹਿਲੂ ਵਿਚਾਰਨ ਵਾਲਾ ਨਹੀਂ ਕਿ ਸਿਹਤ ਨੂੰ ਲੈ ਕੇ ਖੋਜ ਹੋਵੇਕਿਤੇ ਹੀ ਇਸ ਤਰ੍ਹਾਂ ਦੀ ਖੋਜ ਦੇਖਣ ਨੂੰ ਮਿਲਦੀ ਹੈ ਕਿ ਪੰਜ-ਚਾਰ ਸੌ ਬਜ਼ੁਰਗ, ਜੋ ਕਿ 60-70 ਸਾਲ ਦੀ ਉਮਰ ਦੇ ਹੋਣ ’ਤੇ ਉਹ ਕੋਈ ਵੀ ਦਵਾਈ ਨਾ ਖਾ ਰਹੇ ਹੋਣ ਭਾਵ ਸਿਹਤਮੰਦ ਹੋਣਉਨ੍ਹਾਂ ਨਾਲ ਉਨ੍ਹਾਂ ਦੀ ਜੀਵਨ ਸ਼ੈਲੀ ਬਾਰੇ ਪਤਾ ਕਰਕੇ, ਉਹ ਨੁਕਤੇ ਉਭਾਰੇ ਜਾਣ ਤਾਂ ਕਿ ਇਹ ਢੰਗ-ਤਰੀਕੇ ਹਨ ਜੋ ਸਿਹਤਮੰਦ ਰੱਖ ਸਕਦੇ ਹਨ

ਇਹ ਨਹੀਂ ਕਿ ਸਾਡੇ ਕੋਲ ਸਿਹਤਮੰਦ ਰਹਿਣ ਦੇ, ਸਰੀਰ ਵਿਗਿਆਨ ਦੇ ਪਹਿਲੂ ਤੋਂ ਅਧਿਐਨ ਦੀ ਸਮਝ ਨਾ ਹੋਵੇ, ਪਰ ਉਹ ਪ੍ਰੈਕਟੀਕਲ ਘੱਟ ਹੈ ਤੇ ਬਾਜ਼ਾਰ ਨਾਲ ਜੁੜੀ ਵੱਧਕਾਰਪੋਰੇਟ ਕੰਪਨੀਆਂ ਕਦੇ ਰਿਫਾਇੰਡ ਤੇਲ, ਕਦੇ ਦੇਸੀ ਘੀ, ਕਦੇ ਨਮਕ ਵਿੱਚ ਪੋਟਾਸ਼ੀਅਮ ਦੀ ਮਾਤਰਾ ਦੀ ਘੱਟ ਵੱਧ ਵਰਤੋਂ ਨੂੰ ਲੈ ਕੇ, ਕਦੇ ਕੋਲਸਟਰੋਲ ਅਤੇ ਕਦੇ ਟਰਾਂਸ ਫੈਟ ਬਾਰੇ ਖੋਜਾਂ ਕਰਵਾਉਂਦੀਆਂ ਹਨਪਰ ਇੱਕ ਸਮੁੱਚਤਾ ਅਤੇ ਸੰਤੁਲਨ ਵਾਲਾ, ਜੀਵਨ ਦੇ ਹਰ ਪਹਿਲੂ ਨੂੰ ਸਾਹਮਣੇ ਰੱਖ ਕੇ ਸਿਹਤਮੰਦ ਰਹਿਣ ਦਾ ਅਧਿਐਨ ਲੋੜੀਂਦਾ ਹੈ। ਜੋ ਸਾਡੇ ਆਲੇ-ਦੁਆਲੇ ਹੈ, ਉਸ ਤੋਂ ਸਿੱਖਿਆ ਜਾਵੇ ਤੇ ਬਿਮਾਰੀ ਦੀ ਥਾਂ ਸਿਹਤ ਦੀ ਸਰਦਾਰੀ ਦਾ ਪੜਾਅ ਸ਼ੁਰੂ ਕੀਤਾ ਜਾਵੇ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(3021)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਡਾ. ਸ਼ਿਆਮ ਸੁੰਦਰ ਦੀਪਤੀ

ਡਾ. ਸ਼ਿਆਮ ਸੁੰਦਰ ਦੀਪਤੀ

Professor, Govt. Medical College,
Amritsar, Punjab, India.
Phone: (91 - 98158 - 08506)
Email: (drdeeptiss@gmail.com)

More articles from this author