“ਵਾਤਾਵਰਣ ਦੀ ਅਹਿਮੀਅਤ ਨੂੰ ਸਮਝਣ ਲਈ ਮਨੁੱਖ ਨੂੰ ਕੇਂਦਰ ਵਿੱਚ ਰੱਖ ਕੇ ਉਸ ਦੇ ਕਿਰਦਾਰ, ਵਿਵਹਾਰ ...”
(1 ਜੂਨ 2022)
ਮਹਿਮਾਨ: 192.
ਜਦੋਂ ਵਾਤਾਵਰਣ ਦੀ ਗੱਲ ਹੁੰਦੀ ਹੈ ਤਾਂ ਸਾਡਾ ਧਿਆਨ ਹਵਾ-ਪਾਣੀ ’ਤੇ ਚਲਾ ਜਾਂਦਾ ਹੈ। ਤੇ ਇਸ ਸੰਦਰਭ ਵਿੱਚ ਅਸੀਂ ਹਵਾ-ਪਾਣੀ ਦੇ ਹੋ ਰਹੇ ਪ੍ਰਦੂਸ਼ਣ ਨੂੰ ਲੈ ਕੇ ਚਿੰਤਾ ਜ਼ਾਹਿਰ ਕਰਦੇ ਹਾਂ। ਇਸੇ ਤਰ੍ਹਾਂ ਹੀ ਵਾਤਾਵਰਣ ਨਾਲ ਜੁੜੇ ਵਿਗਿਆਨੀ, ਆਪਣੀ ਆਪਣੀ ਮਾਹਿਰਾਨਾ ਰਾਏ ਨੂੰ ਲੈ ਕੇ ਕਹਿੰਦੇ ਰਹਿੰਦੇ ਹਨ ਕਿ ਵਧ ਰਹੀ ਕਾਰਬਨ ਡਾਇਕਸਾਈਡ ਦੀ ਮਾਤਰਾ ਕਾਰਨ ਧਰਤੀ ਦੀ ਉਮਰ ਕੁਝ-ਕੁ ਦਹਾਕਿਆਂ ਦੀ ਵੀ ਨਹੀਂ ਹੈ। ਇਸੇ ਤਰ੍ਹਾਂ ਵਧ ਰਹੇ ਤਾਪਮਾਨ ’ਤੇ ਨਜ਼ਰ ਰੱਖ ਰਹੇ ਵਿਗਿਆਨੀ ਗਲੇਸ਼ੀਅਰਾਂ ਦੇ ਪਿਘਲਣ ਅਤੇ ਸਮੁੰਦਰ ਦੇ ਪੱਧਰ ਦੇ ਉੱਚਾ ਹੋਣ ਕਾਰਨ ਹੋਣ ਵਾਲੇ ਨੁਕਸਾਨ ਕਈ ਟਾਪੂਆਂ ਦੇ ਅਲੋਪ ਹੋਣ ਅਤੇ ਸਮੁੰਦਰੀ ਕਿਨਾਰਿਆਂ ਤੇ ਵਸੀ ਆਬਾਦੀ ਨੂੰ ਕੇ ਚਿੰਤਾ ਪ੍ਰਗਟਾਉਂਦੇ ਹਨ। ਓਜ਼ੋਨ ਪਰਤ ਵਿੱਚ ਹੋ ਰਹੇ ਸੁਰਾਖ ਨੂੰ ਲੈ ਕੇ ਵੀ ਕਈ ਤਰ੍ਹਾਂ ਦੇ ਖਤਰੇ ਪ੍ਰਗਟਾਏ ਜਾ ਰਹੇ ਹਨ। ਸਿਹਤ ਦੇ ਮਾਹਿਰ, ਬਦਲ ਰਹੇ ਮੌਸਮ, ਮੀਂਹ ਅਤੇ ਨਮੀ ਨਾਲ ਤਾਪਮਾਨ ਦੀ ਤਬਦੀਲੀ ਦੇ ਮੱਦੇਨਜ਼ਰ, ਮਲੇਰੀਆ ਡੇਂਗੂ ਦੇ ਪ੍ਰਕੋਪ ਬਾਰੇ ਫ਼ਿਕਰ ਜਤਾ ਰਹੇ ਹਨ। ਕਰੋਨਾ ਮਹਾਂਮਾਰੀ ਨੇ ਵਿਸ਼ਵ ਨੂੰ ਝੰਜੋੜਿਆ ਹੈ ਤੇ ਉਸ ਦੇ ਕਾਰਨਾਂ ਵਿੱਚ ਵੀ ਕਿਤੇ ਨਾ ਕਿਤੇ ਵਾਤਾਵਰਣ ’ਤੇ ਉਂਗਲ ਜਾ ਟਿਕਦੀ ਹੈ। ਵਾਤਾਵਰਣ ਬਾਰੇ ਬਹੁਤਿਆਂ ਦੀ ਸਮਝ ਇੰਨੀ ਕੁ ਹੀ ਹੈ।
ਗਰੇਟਾ ਥਨਬਰਗ, ਸਵੀਡਨ ਦੀ ਵਿਦਿਆਰਥਣ ਨੇ 2015 ਵਿੱਚ ਆਪਣੇ ਸਕੂਲ ਦੇ ਵਿਦਿਆਰਥੀਆਂ ਨਾਲ ਵਾਤਾਵਰਣ ਦੇ ਮੁੱਦੇ ਨੂੰ ਲੈ ਕੇ ਸਰਕਾਰ ਨੂੰ ਚਿਤਾਇਆ। ਉਸ ਨੂੰ ਕਿਸੇ ਨੇ ਕਿਹਾ ਕਿ ਉਹ ਇਸ ਤਰ੍ਹਾਂ ਦੇ ਕੰਮਾਂ ਵਿੱਚ ਕਿਉਂ ਪੈ ਰਹੀ ਹੈ। ਪੜ੍ਹੇ ਲਿਖੇ, ਆਪਣਾ ਕੈਰੀਅਰ ਬਣਾਵੇ ਤਾਂ ਉਸ ਦਾ ਜਵਾਬ ਸੀ, ਜੇਕਰ ਇਹ ਧਰਤੀ ਹੀ ਨਹੀਂ ਰਹੀ ਤਾਂ ਕੁਝ ਬਣ ਕੇ ਵੀ ਕੀ ਕਰਾਂਗੇ। ਇਹ ਨਿਰਾਸ਼ਾ ਭਰੇ ਬੋਲ ਹਨ, ਪਰ ਇਨ੍ਹਾਂ ਵਿੱਚ ਸਾਰਥਕ ਸੁਨੇਹਾ ਹੈ ਕਿ ਅਸੀਂ ਆਪਣੀਆਂ ਹਰਕਤਾਂ ਨਾਲ, ਇਸ ਜੀਉਣ ਜੋਗੀ ਧਰਤੀ ਨੂੰ ਮੁਕਾਉਣ ’ਤੇ ਲੱਗੇ ਹੋਏ ਹਨ।
ਸਾਰੀ ਦੁਨੀਆਂ ਦੇ ਦੇਸ਼ ਵਾਤਾਵਰਣ ਪ੍ਰਤੀ ਆਪਣੀ ਫ਼ਿਕਰਮੰਦੀ ਦੇ ਮੱਦੇਨਜ਼ਰ ਹਰ ਸਾਲ ਕਿਸੇ ਨਾ ਕਿਸੇ ਦੇਸ਼ ਵਿੱਚ ਇਕੱਠੇ ਹੋ ਕੇ ਵਿਚਾਰ-ਚਰਚਾ ਕਰਦੇ ਹਨ। 2022 ਵਿੱਚ ਉਹ ਮਿਸਰ ਵਿੱਚ ਇਕੱਠੇ ਹੋ ਰਹੇ ਹਨ। ਸਾਰੇ ਮਿਲਕੇ ਵਾਤਾਵਰਣ ਨੂੰ ਬਚਾਉਣ ਲਈ ਕਈ ਤਰ੍ਹਾਂ ਦੇ ਟੀਚੇ ਮਿੱਥਦੇ ਹਨ ਤੇ ਸਭ ਤੋਂ ਵੱਡਾ ਹੈ, ਕਾਰਬਨ ਡਾਇਕਸਾਇਡ ਦੀ ਮਾਤਰਾ ਨੂੰ ਘੱਟ ਕਰਨਾ। 2021 ਵਿੱਚ ਕਾਨਫਰੰਸ ਗਲਾਸਗੋ ਵਿੱਚ ਹੋਈ ਜੋ ਕਿ ਨਿਰੋਲ ਕਾਰਬਨ ਦੇ ਮੁੱਦੇ ਤੇ ਕੇਂਦਰਿਤ ਸੀ। ਪਰ ਵੱਡੇ ਸਰਮਾਏਦਾਰ ਦੇਸ਼, ਜੋ ਇਸ ਵਿਗੜੀ ਹਾਲਤ ਵਿੱਚ ਸਭ ਤੋਂ ਵੱਧ ਹਿੱਸਾ ਪਾ ਰਹੇ ਹਨ, ਜਿਵੇਂ ਅਮਰੀਕਾ, ਆਪਣੀ ਪ੍ਰਤੀਬੱਧਤਾ ਨਿਭਾਉਣ ਵੱਲੋਂ ਪਿੱਛੇ ਹਟ ਜਾਂਦੇ ਹਨ। ਜੇਕਰ ਕਹੀਏ ਤਾਂ ਪਾਸ ਕੀਤੀਆਂ ਗੱਲਾਂ ਨੂੰ ਅੰਗਠਾ ਦਿਖਾ ਕੇ ਚਲੇ ਜਾਂਦੇ ਹਨ।
ਵਾਤਾਵਰਣ ਸਹੀ ਅਰਥਾਂ ਵਿੱਚ ਬਹੁਤ ਵਸੀਹ ਪਹਿਲੂ ਹੈ। ਜੇਕਰ ਹੋਰ ਸਧਾਰਨ ਸ਼ਬਦਾਂ ਵਿੱਚ ਕਹੀਏ, ਸਮਝੀਏ ਤਾਂ ਵਾਤਾਵਰਣ ਹੈ ਸਾਡਾ ਆਲਾ ਦੁਆਲਾ। ਸਾਡੇ ਆਲੇ ਦੁਆਲੇ ਵਿੱਚ ਸਭ ਤੋਂ ਅਹਿਮ ਅਤੇ ਮਹਿਸੂਸ ਹੋਣ ਵਾਲੀ ਹਵਾ ਹੈ, ਜੋ ਜ਼ਿੰਦਗੀ ਨਾਲ ਸਿੱਧੀ ਜੁੜਦੀ ਹੈ, ਦੂਸਰਾ ਸਭਿਅਤਾ ਦਾ ਇਤਿਹਾਸ ਪਾਣੀ ਦੇ ਇਰਦ-ਗਿਰਦ ਉੱਸਰਿਆ ਹੈ। ਪਰ ਇੱਕ ਹੋਰ ਅਹਿਮ ਪਹਿਲੂ ਹੈ ਲੋਕ, ਸਾਡੇ ਆਲੇ ਦੁਆਲੇ ਵਿੱਚ ਵਸੇ ਲੋਕ, ਸਮਾਜ।
ਫਿਰ ਹੌਲੀ ਹੌਲੀ ਸਿਹਤ ਦੀ ਗੱਲ ਆਈ ਹੈ। ਬਿਮਾਰੀਆਂ ਦੇ ਕਾਰਨਾਂ ਦੀ ਨਿਸ਼ਾਨਦੇਹੀ ਹੋਣ ਲੱਗੀ ਤਾਂ ਵਾਤਾਵਰਣ ਵਿੱਚ ਸਾਡੀ ਹਵਾ (ਸਾਹ) ਨਾਲ ਜੋ ਤੱਤ ਸਾਡੇ ਸਰੀਰ ਵਿੱਚ ਜਾਣ ਲੱਗੇ ਤੇ ਬਿਮਾਰੀ ਨਾਲ ਜੁੜੇ ਤਾਂ ਫਿਰ ਵਾਤਾਵਰਣ ਨੂੰ ਭੌਤਿਕ, ਰਸਾਇਣਕ ਜੀਵਕ ਤੌਰ ’ਤੇ ਸਮਝਿਆ ਗਿਆ। ਮਨੁੱਖਾਂ ਨਾਲ ਰਹਿੰਦਿਆਂ ਆਪਸੀ ਰਿਸ਼ਤਿਆਂ ਨੂੰ ਵੀ ਇਸ ਪਰਿਪੇਖ ਵਿੱਚ ਦੇਖਿਆ ਤੇ ਮਾਨਸਿਕ ਵਿਕਾਰਾਂ ਅਤੇ ਰੋਗਾਂ ਲਈ ਕਾਰਨਾਂ ਦੀ ਨਿਸ਼ਾਨਦੇਹੀ ਹੋਈ ਤਾਂ ਫਿਰ ਸਮਾਜਿਕ ਅਤੇ ਮਨੋਵਿਗਿਆਨਕ ਵਾਤਾਵਰਣ ਵੀ ਇਸ ਸਮਝ ਦਾ ਹਿੱਸਾ ਬਣੇ।
ਸਮਾਜਿਕ ਵਾਤਾਵਰਣ ਵਿੱਚ ਜੇਕਰ ਸਮਾਜ ਹੈ, ਰਿਸ਼ਤੇ ਹਨ ਤੇ ਇਸਦੇ ਵਿੱਚ ਮਨੁੱਖ ਹਨ, ਜੋ ਅਲੱਗ-ਅਲੱਗ ਵਰਗਾਂ ਵਿੱਚ ਰਹਿੰਦੇ ਹਨ। ਮਨੁੱਖੀ ਰਿਸ਼ਤਿਆਂ ਵਿੱਚ ਸਾਵਾਂਪਣ ਬਣਿਆ ਰਹੇ, ਇਸਦੇ ਲਈ ਹੋਰ ਕਈ ਪੱਖ ਵੀ ਆਪਣੀ ਭੂਮਿਕਾ ਨਿਭਾਉਂਦੇ ਹਨ ਜਿਵੇਂ ਆਰਥਿਕਤਾ, ਵਿਅਕਤੀ ਦੀ ਖਰੀਦ ਸ਼ਕਤੀ ਜੋ ਕਿ ਸਿੱਧੇ ਅਸਿੱਧੇ ਤੌਰ ’ਤੇ ਸਾਡੀ ਸਿਹਤ ਨਾਲ ਜੁੜਦੀ ਹੈ। ਖਰੀਦ ਸ਼ਕਤੀ ਦਾ ਇੱਕ ਪਹਿਲੂ ਹੈ ਖੁਰਾਕ ਜੋ ਕਿ ਪਹਿਲੀ ਲੋੜ ਹੈ। ਫਿਰ ਕੱਪੜਾ ਅਤੇ ਮਕਾਨ ਆਉਂਦੇ ਹਨ। ਤੇ ਜੇਕਰ ਗਿਣਨੇ ਸ਼ੁਰੂ ਕਰੀਏ ਤਾਂ ਅੱਜ ਦੀ ਹਾਲਤ ਵਿੱਚ ਇਹ ਸੂਚੀ ਨਾ-ਮੁਕਣ ਵਾਲੀ ਹੈ।
ਆਰਥਿਕਤਾ, ਸਮਾਜ ਵਿੱਚ ਅਮੀਰੀ ਗਰੀਬੀ ਨਾਲ ਜੁੜਦੀ ਹੈ ਤੇ ਫਿਰ ਲੋਕਾਂ ਵਿੱਚ ਪਾੜੇ ਦੀ ਗੱਲ ਆਉਂਦੀ ਹੈ। ਸਮਾਜ ਵਿੱਚ ਇੱਕ ਚੰਗਾ ਵਾਤਾਵਰਣ ਬਣਿਆ ਰਹੇ ਤਾਂ ਕੋਸ਼ਿਸ਼ ਹੁੰਦੀ ਹੈ ਕਿ ਇਹ ਪਾੜਾ ਘੱਟ ਤੋਂ ਘੱਟ ਹੋਵੇ। ਇਹ ਸਥਿਤੀ ਪਰਿਵਾਰਕ ਪੱਧਰ ਤੋਂ ਲੈ ਕੇ, ਕਬੀਲੇ ਅਤੇ ਵੱਡੇ ਪਰਿਪੇਖ ਵਿੱਚ ਰਾਜ/ਸ਼ਾਸਨ ਤਕ ਜਾਂਦੀ ਹੈ। ਫਿਰ ਇੱਕ ਹੋਰ ਪਹਿਲੂ ਅਹਿਮ ਹੋ ਜਾਂਦਾ ਹੈ ਜੋ ਕਿ ਰਾਜਨੀਤਕ ਵਾਤਾਵਰਣ ਹੁੰਦਾ। ਇਸ ਵਾਤਾਵਰਣ ਤਹਿਤ ਸਮਾਜ ਨੂੰ ਨੇਮਾਂ ਹੇਠ ਚਲਾਉਂਦੇ ਰੱਖਣ ਦੀ ਗੱਲ ਹੁੰਦੀ ਹੈ। ਫਿਰ ਕਾਨੂੰਨ, ਨੀਤੀਆਂ ਅਤੇ ਲੋਕਾਂ ਲਈ ਪ੍ਰੋਗਰਾਮ ਅਤੇ ਪ੍ਰੋਜੈਕਟ ਬਣਦੇ ਹਨ, ਜਿਨ੍ਹਾਂ ਦਾ ਮਕਸਦ ਦੇਸ਼, ਰਾਜ ਵਿੱਚ ਇਕਸਾਰਤਾ ਬਣਾਈ ਰੱਖਣਾ ਹੁੰਦਾ ਹੈ।
ਵਾਤਾਵਰਣ ਦੀ ਅਹਿਮੀਅਤ ਨੂੰ ਸਮਝਣ ਲਈ ਮਨੁੱਖ ਨੂੰ ਕੇਂਦਰ ਵਿੱਚ ਰੱਖ ਕੇ ਉਸ ਦੇ ਕਿਰਦਾਰ, ਵਿਵਹਾਰ ਨੂੰ ਸਮਝਣਾ ਜ਼ਰੂਰੀ ਹੈ। ਆਖਰ ਤਾਂ ਮਕਸਦ ਹੈ ਕਿ ਮਨੁੱਖ ਸਿਹਤਮੰਦ ਰਹੇ। ਸਿਹਤ ਦੇ ਵਿੱਚ ਵੀ ਸਰੀਰਕ, ਮਾਨਸਿਕ ਅਤੇ ਸਮਾਜਿਕ ਸਿਹਤ ਸ਼ਾਮਿਲ ਹੈ। ਇਸ ਲਈ ਚਾਹੇ ਆਲੇ ਦੁਆਲੇ ਵਧ ਰਹੀ ਤਪਸ਼ ਹੈ ਜਾਂ ਕੜਾਕੇ ਦੀ ਠੰਢ ਹੈ, ਹਵਾ ਵਿੱਚ ਧੂੜ ਅਤੇ ਧੂੰਆਂ ਹਨ ਜਾਂ ਵਾਇਰਸ ਅਤੇ ਬੈਕਟੀਰੀਆ ਹਨ, ਫੈਕਟਰੀਆਂ ਵਿੱਚ ਤਿਆਰ ਹੋ ਰਹੇ ਸਮਾਨ ਦੌਰਾਨ ਫੈਕਟਰੀ ਦੇ ਮਾਹੌਲ ਵਿੱਚ ਰਸਾਇਣ ਕਣ ਹਨ ਜਾਂ ਸਮਾਜ ਵਿੱਚ ਆਪਸੀ ਰਿਸ਼ਤਿਆਂ ਨੂੰ ਲੈ ਕੇ ਤਣਾਅ ਹੈ। ਇਸੇ ਤਰ੍ਹਾਂ ਹੀ ਪਰਿਵਾਰਕ ਜਾਂ ਕੰਮ ਵਾਲੀ ਥਾਂ ’ਤੇ ਆਪਸੀ ਰਿਸ਼ਤਿਆਂ ਵਿੱਚ ਸਾਵਾਂਪਨ ਨਹੀਂ ਹੈ, ਤੋਂ ਵੀ ਅੱਗੇ, ਅਜੋਕੇ ਸਰਮਾਏਦਾਰੀ ਯੁਗ ਵਿੱਚ, ਪੈਸੇ ਦੀ ਅੰਨ੍ਹੀ ਦੌੜ ਨੂੰ ਲੈ ਕੇ ਜੋ ਰੈਟ-ਰੇਸ ਅਤੇ ਮੁਕਾਬਲੇਬਾਜ਼ੀ ਦਾ ਆਲਮ ਹੈ, ਜੋ ਮਾਨਸਿਕ ਰੋਗਾਂ ਨੂੰ ਜਨਮ ਦੇ ਰਿਹਾ ਹੈ ਤੇ ਇਸ ਤਰ੍ਹਾਂ ਦੀ ਹਾਲਤ ਦੇ ਮੱਦੇਨਜ਼ਰ ਮਾਨਸਿਕ ਰੋਗਾਂ ਦੇ ਕਾਰਨ ਵੀ ਸਪਸ਼ਟ ਤੌਰ ’ਤੇ ਉਲੀਕੇ ਨਹੀਂ ਜਾ ਰਹੇ।
ਇਨ੍ਹਾਂ ਹਾਲਤਾਂ ਦਾ ਪ੍ਰਗਟਾਵਾ, ਨਿੱਜੀ ਪੱਧਰ ’ਤੇ, ਵਿਅਕਤੀ ਦੀ ਹਾਲਤ ਦੇ ਮੱਦੇਨਜ਼ਰ ਮਾਹਿਰ ਡਾਕਟਰ ਤਾਂ ਕਰਦੇ ਹਨ ਕਿ ਧੂੰਏਂ ਨੇ ਫੇਫੜੇ ਖਰਾਬ ਕੀਤੇ ਹਨ ਤੇ ਵਾਇਰਸ ਨਾਲ ਕਰੋਨਾ ਹੋ ਗਿਆ ਹੈ ਜਾਂ ਕੋਈ ਹੋਰ ਅਜਿਹੀ ਬਿਮਾਰੀ। ਇਸ ਤੋਂ ਅਲੱਗ, ਮਨੁੱਖੀ ਵਿਕਾਸ ਦਰ ਦੀ ਗੱਲ ਕਰੀਏ ਤਾਂ ਇਸਦੇ ਮਾਪਦੰਡ ਵਿੱਚ ਸਿਹਤ, ਸਿੱਖਿਆ, ਪ੍ਰਤੀ ਵਿਅਕਤੀ ਆਮਦਨ ਨਾਲ, ਸਾਰਿਆਂ ਦੇ ਕੁਲ ਜੋੜ ਤੋਂ ਪਤਾ ਲਗਦਾ ਹੈ ਕਿ ਕੋਈ ਵੀ ਦੇਸ਼ ਕਿਸ ਪਾਸੇ ਜਾ ਰਿਹਾ ਹੈ। ਇਹ ਦੇਸ਼ ਦੀ ਸਮਾਜਿਕ ਅਤੇ ਰਾਜਨੀਤਿਕ ਵਾਤਾਵਰਣ ਵੱਲ ਇਸ਼ਾਰਾ ਕਰਦੇ ਹਨ। ਪਿਛਲੇ ਕਾਫ਼ੀ ਸਮੇਂ ਤੋਂ ਸਾਡਾ ਮੁਲਕ 130 ਦੇ ਨੇੜੇ-ਤੇੜੇ ਰਹਿੰਦਾ ਹੈ। ਦੁਨੀਆਂ ਦੇ 189 ਦੇਸ਼ਾਂ ਵਿੱਚ ਭਾਰਤ ਦੀ ਇਹ ਥਾਂ ਦੇਸ਼ ਦੇ ਵਾਤਾਵਰਣ ਤੇ ਕਈ ਸਵਾਲ ਖੜ੍ਹੇ ਕਰਦੀ ਹੈ।
ਇਸ ਮਨੁੱਖੀ ਵਿਕਾਸ ਸੂਚਕ ਅੰਕ ਨਾਲ ਜੇਕਰ ਗਲੋਬਲ ਭੁੱਖਮਰੀ ਸੂਚਕ ਅੰਕ ਜੋੜ ਕੇ ਦੇਖੀਏ ਤਾਂ ਸਥਿਤੀ ਹੋਰ ਸਾਫ਼ ਹੋਵੇਗੀ ਤੇ ਕਈ ਅਹਿਮ ਪਹਿਲੂ ਸਾਹਮਣੇ ਆਉਣਗੇ, ਜਿਸ ਨੂੰ ਲੈ ਕੇ ਦੇਸ਼ ਦੇ ਰਾਜਨੀਤਕ ਵਾਤਾਵਰਣ, ਲੋਕ ਨੀਤੀਆਂ ’ਤੇ ਵੀ ਸਵਾਲ ਖੜ੍ਹੇ ਹੋਣਗੇ। ਸਾਡੇ ਮੁਲਕ ਦੀ ਹਾਲਤ ਇਹ ਹੈ ਕਿ ਦੁਨੀਆਂ ਦੇ 116 ਦੇਸ਼ਾਂ ਵਿੱਚੋਂ ਅਸੀਂ 102 ਤੇ ਨੰਬਰ ’ਤੇ ਹਾਂ। ਵਾਤਾਵਰਣ ਦੀ ਬਦਲ ਰਹੀ ਹਾਲਤ ਸਦਕਾ ਇਸਦੇ ਹੋਰ ਗੰਭੀਰ ਸਿੱਟੇ ਆਉਣ ਦਾ ਅੰਦੇਸ਼ਾ ਹੈ।
ਮਨੁੱਖ ਇਸ ਧਰਤੀ ’ਤੇ ਵਿਕਸਿਤ ਹੋਇਆ ਤੇ ਅੱਜ ਆਪਣੇ ਜੀਵ ਜਗਤ ਵਿੱਚੋਂ ਸਭ ਤੋਂ ਉੱਪਰ ਸਿਖਰ ’ਤੇ ਹੈ। ਉਸ ਕੋਲ ਸੂਝਵਾਨ, ਤਰਕਸ਼ੀਲ ਦਿਮਾਗ ਵੀ ਹੈ। ਉਸ ਨੂੰ ਜਾਚ ਹੈ ਫੈਸਲੇ ਲੈਣ ਦੀ, ਸੋਚਣ ਦੀ ਅਤੇ ਚੰਗੇ ਬੁਰੇ ਵਿੱਚ ਫ਼ਰਕ ਕਰਨ ਦੀ। ਉਹ ਜੋ ਵੀ ਕਰਦਾ ਹੈ, ਕੋਈ ਵੀ ਗਤੀਵਿਧੀ ਉਲੀਕਦਾ ਹੈ, ਆਖਰੀ ਮਕਸਦ ਹੈ ਖੁਸ਼ੀ ਤੇ ਸੰਤੁਸ਼ਟੀ। ਆਪਾਂ ਮਨੁੱਖੀ ਵਿਕਾਸ ਸੂਚਕ ਅੰਕ ਨਾਲ ਗੱਲ ਨੂੰ ਸਮਝਿਆ ਤੇ ਉਸ ਤੋਂ ਵੀ ਕੁਝ ਸਪਸ਼ਟ ਹੋਇਆ। ਹੁਣ ਖੁਸ਼ੀ ਦਾ ਸੂਚਕ ਅੰਕ ਵੀ ਕੱਢਿਆ ਜਾਂਦਾ ਹੈ। ਇਸੇ ਸਾਲ 2022 ਦੀ ਰਿਪੋਰਟ ਮੁਤਾਬਕ ਅਸੀਂ ਦੁਨੀਆਂ ਵਿੱਚੋਂ 156 ਵਿੱਚੋਂ 136ਵੇਂ ਥਾਂ ’ਤੇ ਹਾਂ।
ਖੁਸ਼ ਰਹਿਣ ਲਈ ਕਿਹੋ ਜਿਹਾ ਵਾਤਾਵਰਣ ਚਾਹੀਦਾ ਹੁੰਦਾ ਹੈ? ਇਹ ਇਸ ਗੱਲ ਤੋਂ ਪਤਾ ਲੱਗੇਗਾ ਜਦੋਂ ਇਸ ਨੂੰ ਮਾਪਣ ਵਾਲੀ ਕਮੇਟੀ ਦੇ ਮਾਪਦੰਡਾਂ ਦਾ ਪਤਾ ਲੱਗੇਗਾ। ਸਾਡੇ ਮੁਲਕ ਨੂੰ ਲੈ ਕੇ ਉਲੀਕੇ ਗਏ ਕਾਰਨਾਂ ਵਿੱਚੋਂ ਸੁਰੱਖਿਅਤ ਵਾਤਾਵਰਣ ਚਾਹੇ ਸਰੀਰਕ ਤੌਰ ’ਤੇ ਬਿਮਾਰੀਆਂ ਨਾ ਹੋਣ ਜਾਂ ਬਿਮਾਰ ਹੋ ਕੇ ਇਲਾਜ ਦੀ ਸੁਰੱਖਿਅਤ ਪ੍ਰਣਾਲੀ ਹੋਵੇ। ਸੁੱਰਖਿਅਤ ਵਾਤਾਵਰਣ ਤੋਂ ਉਹ ਸਾਰੇ ਪਹਿਲੂਆਂ ਦੀ ਸਮਝ ਪੈਂਦੀ ਹੈ ਚਾਹੇ ਉਹ ਧੂੜ-ਮਿੱਟੀ, ਧੂੰਆਂ ਹੈ ਤੇ ਚਾਹੇ ਸੜਕ ’ਤੇ ਬੇਖੌਫ ਹੋ ਕੇ ਤੁਰਨਾ ਹੈ।
ਅੰਤਰਰਾਸ਼ਟਰੀ ਪੱਧਰ ’ਤੇ ਜਦੋਂ ਖੁਸ਼ੀ ਦਾ ਸੂਚਕ ਅੰਕ ਤਿਆਰ ਕੀਤਾ ਜਾਂਦਾ ਹੈ ਤਾਂ ਉਸ ਵਿੱਚ ਮਾਨਸਿਕ ਤੌਰ ’ਤੇ ਸੰਤੁਸ਼ਟੀ ਸਰੀਰਕ ਸਿਹਤ, ਸਿੱਖਿਆ, ਸਮੇਂ ਦਾ ਸਹੀ ਇਸਤੇਮਾਲ, ਸੱਭਿਆਚਾਰਕ ਵੰਨ ਸੁਵੰਨਤਾ ਦੀ ਇੱਜ਼ਤ, ਸਰਕਾਰੀ ਤੰਤਰ ਦਾ ਲੋਕਹਿੱਤ ਵਿੱਚ ਇਸਤੇਮਾਲ ਦੇਸ਼ ਦੇ ਵਾਤਾਵਰਣ ਦੀ ਜੈਵਿਕ ਵੰਨਸੁਵੰਨਤਾ, ਭ੍ਰਿਸ਼ਟਾਚਾਰ ਸਮਾਜਿਕ ਸੁਰੱਖਿਆ ਦਾ ਵਧੀਆ ਤੰਤਰ ਆਦਿ ਸ਼ਾਮਿਲ ਕੀਤੇ ਜਾਂਦੇ ਹਨ।
ਜੋ ਚੀਜ਼ ਦਿਸਦੀ ਹੈ ਤੇ ਫੌਰੀ ਤੌਰ ’ਤੇ ਤੰਗ ਕਰਦੀ ਹੈ, ਉਹ ਅਹਿਮ ਹੋ ਜਾਂਦੀ ਹੈ ਤੇ ਲਾਜ਼ਮੀ ਤੌਰ ’ਤੇ ਧਿਆਨ ਦੀ ਮੰਗ ਵੀ ਕਰਦੀ ਹੈ। ਪਰ ਜਦੋਂ ਅਸੀਂ ਵਾਤਾਵਰਣ ਦੀ ਗੱਲ ਕਰ ਰਹੇ ਹਾਂ, ਆਪਣੇ ਆਲੇ-ਦੁਆਲੇ ਵੀ ਤਾਂ ਕੁਝ ਡੰਘਾਈ ਨਾਲ ਝਾਤ ਮਾਰ ਕੇ ਦੇਖੀਏ ਕਿ ਇਹ ਕਿਵੇਂ ਸਾਡੀਆਂ ਜ਼ਿੰਦਗੀਆਂ ਨਾਲ ਜੁੜਿਆ ਹੋਇਆ ਹੈ ਤੇ ਕਿਵੇਂ ਇਹ ਕਈ ਪੱਖਾਂ ਤੋਂ ਸਾਡੀ ਜ਼ਿੰਦਗੀ ਨੂੰ ਪ੍ਰਭਾਵਿਤ ਵੀ ਕਰ ਰਿਹਾ ਹੈ। ਜੇਕਰ ਕਹੀਏ ਕਿ ਸਰੀਰਿਕ ਤੌਰ ’ਤੇ ਬਦਹਾਲ ਅਤੇ ਬਿਮਾਰ ਅਤੇ ਮਾਨਸਿਕ ਤੌਰ ’ਤੇ ਉਦਾਸ ਅਤੇ ਨਿਰਾਸ਼।
ਇਸ ਤਰ੍ਹਾਂ ਜੇਕਰ ਮਨੁੱਖ ਦਾ ਅੰਤਮ ਨਿਸ਼ਾਨਾ ਸੰਤੁਸ਼ਟੀ ਅਤੇ ਖੁਸ਼ੀ ਹੈ ਤੇ ਮਨੁੱਖ ਨੇ ਆਪਣੇ ਆਲੇ-ਦੁਆਲੇ ਨੂੰ ਸਮਝਣਾ ਅਤੇ ਉਸ ਮੁਤਾਬਕ ਬਣਾਉਣਾ ਹੈ ਤਾਂ ਇਹ ਬਹੁ ਪਰਤੀ ਅਤੇ ਬਹੁ ਪੱਖੀ ਹੈ। ਇਸ ਲਈ ਵਾਤਾਵਰਣ ਨੂੰ ਸਾਵਾਂ, ਸਿਹਤਮੰਦ ਅਤੇ ਜੀਉਣ ਜੋਗਾ ਬਣਾਉਣ ਲਈ ਜਿੱਥੇ ਹਰ ਵਿਅਕਤੀ ਦਾ ਕੰਮ ਹੈ, ਉੱਥੇ ਸਰਕਾਰਾਂ ਨੂੰ ਦੇਸ਼ ਪੱਧਰ ਤੋਂ ਲੈ ਕੇ ਅੰਤਰਰਾਸ਼ਟਰੀ ਪੱਧਰ ਤਕ ਸੰਜੀਦਗੀ ਨਾਲ ਕੰਮ ਕਰਨ ਦੀ ਲੋੜ ਹੈ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3601)
(ਸਰੋਕਾਰ ਨਾਲ ਸੰਪਰਕ ਲਈ: