“ਜਦੋਂ ਭੁੱਖਮਰੀ ਅਤੇ ਸੈਨੇਟਾਈਜ਼ਰ ਦੀ ਚਰਚਾ ਹੁੰਦੀ ਹੈ ਤਾਂ ਸਰਕਾਰ ...”
(29 ਅਪਰੈਲ 2020)
ਕਰੋਨਾ ਸੰਕਟ ਦੌਰਾਨ ਕਈ ਲਫ਼ਜ਼ ਅਤੇ ਉਨ੍ਹਾਂ ਦੇ ਭਾਵ ਪਹਿਲੀ ਵਾਰ ਮਹੱਤਵਪੂਰਨ ਹੋਏ ਹਨ ਅਤੇ ਕਈ ਅਰਥ ਪਹਿਲਾਂ ਤੋਂ ਵੱਧ ਗੂੜ੍ਹੇ ਹੋ ਕੇ ਸਾਹਮਣੇ ਆਏ ਹਨ। ਸੈਨੇਟਾਈਜ਼ਰ ਸ਼ਬਦ ਜਾਂ ਇਸ ਨਾਂ ਦੀ ਜੀਵ-ਨਾਸ਼ਕ ਵਸਤੂ ਕੁਝ ਸਮਾਂ ਪਹਿਲਾਂ ਹੀ ਕੁਝ ਕੁ ਡਾਕਟਰਾਂ ਦੀ ਟੇਬਲ ’ਤੇ ਨਜ਼ਰ ਆਉਣੀ ਸ਼ੁਰੂ ਹੋਈ। ਦਵਾਈ ਕੰਪਨੀਆਂ ਨੇ ਕੁਰਸੀ ’ਤੇ ਬੈਠੇ-ਬਿਠਾਏ ਹੱਥ ਸਾਫ਼ ਕਰਨ ਦੀ ਆਦਤ ਵੱਲ ਮੋੜਾ ਦੇਣ ਦੀ ਖਾਹਿਸ਼ ਨਾਲ ਇਸ ਰਸਾਇਣ ਨੂੰ ਤਿਆਰ ਕਰਕੇ ਬਾਜ਼ਾਰ ਵਿੱਚ ਪਹੁੰਚਾਇਆ। ਵੈਸੇ, ਵਿਗਿਆਨਕ ਮੱਤ ਅਨੁਸਾਰ ਸੈਨੇਟਾਈਜ਼ਰ ਨਾਲ ਵਾਰ-ਵਾਰ ਹੱਥ ਧੋਣਾ ਠੀਕ ਨਹੀਂ ਹੈ। ਇੱਕ ਤਾਂ ਹੱਥਾਂ ਦੀ ਚਮੜੀ ਨੂੰ ਨੁਕਸਾਨ ਪਹੁੰਚਦਾ ਹੈ ਤੇ ਦੂਸਰਾ ਸਾਡੇ ਮਿੱਤਰ-ਜੀਵ ਵੀ ਮਰ ਜਾਂਦੇ ਹਨ।
ਭੁੱਖਮਰੀ ਸਾਡੇ ਦੇਸ਼ ਲਈ ਕੋਈ ਨਵਾਂ ਸ਼ਬਦ ਨਹੀਂ ਹੈ। ਮਾਪਦੰਡ ਅਨੁਸਾਰ ਅਸੀਂ ਦੁਨੀਆਂ ਵਿੱਚ 102ਵੇਂ ਥਾਂ ’ਤੇ ਹਾਂ। ਕਈ ਲੋਕ ਇਸ ਨੂੰ ਨਹੀਂ ਮੰਨਦੇ ਪਰ ਦੇਸ਼ ਵਿੱਚ ਕੁਪੋਸ਼ਣ ਅਤੇ ਖੂਨ ਦੀ ਘਾਟ ਨਾਲ ਪੀੜਤ ਔਰਤਾਂ ਅਤੇ ਬੱਚਿਆਂ ਦੀ ਦਰ ਸਾਡੇ ਮੁਲਕ ਵਿੱਚ ਸਭ ਤੋਂ ਵੱਧ ਹੈ, ਜੋ ਖੁਰਾਕ ਨਾ ਮਿਲਣ ਕਾਰਨ ਪੈਦਾ ਹੁੰਦਾ ਹੈ।
ਇੱਕ ਹੋਰ ਪੱਖ ਹੈ ਕਿ ਦੇਸ਼ ਦੇ ਅੰਕੜਿਆਂ ਅਨੁਸਾਰ ਸਾਡੇ ਦੇਸ਼ ਦੀ ਗ਼ਰੀਬੀ ਰੇਖਾ ਤੋਂ ਥੱਲ੍ਹੇ ਵਾਲਿਆਂ ਦੀ ਆਬਾਦੀ 30 ਫ਼ੀਸਦੀ ਦੇ ਕਰੀਬ ਰਹਿੰਦੀ ਹੈ, ਜੋ 30-35 ਕਰੋੜ ਬਣਦੀ ਹੈ। ਇਸਦਾ ਇੱਕ ਮਾਪਦੰਡ ਖੁਰਾਕ ਹੈ ਤੇ ਦੂਸਰਾ ਪ੍ਰਤੀ ਦਿਨ ਦੀ ਆਮਦਨ। ਆਮਦਨ ਮੁਤਾਬਕ ਪਿੰਡਾਂ ਵਿੱਚ 32 ਰੁਪਏ ਅਤੇ ਸ਼ਹਿਰਾਂ ਵਿੱਚ 47 ਰੁਪਏ ਤੋਂ ਘੱਟ ਕਮਾਉਣ ਵਾਲਾ ਗ਼ਰੀਬ ਹੈ। ਇਹ ਪੁਰਾਣੇ ਅੰਕੜੇ ਹਨ, ਨਵੇਂ ਤੈਅ ਨਹੀਂ ਹੋਏ। ਇਸ ਤੋਂ ਵੀ ਅੰਦਾਜ਼ਾ ਲਗਾ ਸਕਦੇ ਹਾਂ ਕਿ ਸਿਰਫ਼ ਲੋੜੀਂਦੀ ਖੁਰਾਕ (2400 ਕੈਲਰੀ ਜਵਾਨ ਪੁਰਸ਼ ਲਈ ਅਤੇ 1900 ਔਰਤ ਲਈ) ਮਿਲ ਸਕਦੀ ਹੈ ਕਿ ਨਹੀਂ।
ਇਸ ਸਮੇਂ ਕਰੋਨਾ ਕਾਲ ਦੌਰਾਨ ਇਹ ਦੋਵੇਂ ਹੀ ਆਹਮਣੇ-ਸਾਹਮਣੇ ਨਹੀਂ, ਇੱਕ ਹੀ ਪਲੇਟਫਾਰਮ ’ਤੇ ਆ ਖੜ੍ਹੇ ਹਨ। ਸੈਨੇਟਾਈਜ਼ਰ ਤਾਂ ਕਰੋਨਾ ਦਾ ਹੀ ਦੂਸਰਾ ਨਾਂ ਬਣਾਇਆ ਹੈ। ਦੋਵੇਂ ਇਕੱਠੇ ਹੀ ਬੋਲੇ-ਸੁਣੇ ਜਾਂਦੇ ਹਨ ਤੇ ਤਾਲਾਬੰਦੀ ਨੇ ਭੁੱਖਮਰੀ ਨੂੰ ਵੀ ਚਰਚਾ ਵਿੱਚ ਘੜੀਸ ਲਿਆਂਦਾ ਹੈ। ਦੋਵੇਂ ਹੁਣ ਇਕੱਠੇ ਹੀ ਚਰਚਾ ਵਿੱਚ ਆ ਗਏ ਹਨ, ਭਾਵੇਂ ਇਹ ਗੱਲ ਵੀ ਕਹੀ ਜਾ ਰਹੀ ਹੈ ਕਿ ਦੋਵਾਂ ਦੀ ਜਮਾਤ ਵੱਖਰੀ ਹੈ। ਸੈਨੇਟਾਈਜ਼ਰ ਅਮੀਰਾਂ ਦੀ ਲੋੜ ਹੈ ਤੇ ਭੁੱਖਮਰੀ ਗ਼ਰੀਬ ਦਾ ਮੁੱਦਾ ਹੈ। ਉਂਝ ਦੋਵਾਂ ਵਿੱਚ ਸਾਂਝ ਹੈ, ਭਾਵ ਅਨਾਜ ਦੇ ਭੰਡਾਰ - ਭੁੱਖਮਰੀ ਲਈ ਅਨਾਜ ਦੀ ਲੋੜ ਹੈ ਤੇ ਸੈਨੇਟਾਈਜ਼ਰ ਬਣਾਉਣ ਲਈ ਸ਼ਰਾਬ ਦੀ, ਜੋ ਕਿ ਅਨਾਜ ਤੋਂ ਬਣਾ ਸਕਣ ਦੀ ਤਕਨੀਕ ਹੈ ਤੇ ਕਾਨੂੰਨ ਵੀ।
ਜਦੋਂ ਭੁੱਖਮਰੀ ਅਤੇ ਸੈਨੇਟਾਈਜ਼ਰ ਦੀ ਚਰਚਾ ਹੁੰਦੀ ਹੈ ਤਾਂ ਸਰਕਾਰ ਕਹਿ ਰਹੀ ਹੈ, 80 ਕਰੋੜ ਲੋਕਾਂ ਨੂੰ ਤਿੰਨ ਮਹੀਨੇ ਵਾਸਤੇ ਅਨਾਜ ਮੁਫ਼ਤ ਵੰਡਣ ਲਈ ਭੇਜ ਦਿੱਤਾ ਹੈ। ਫਿਰ ਵੀ ਅਨਾਜ ਵਾਧੂ ਹੈ, ਫਿਰ ਕਿਉਂ ਨਾ ਸੈਨੇਟਾਈਜ਼ਰ ਬਣਾ ਲਈਏ, ਜਿਸ ਦੀ ਹੁਣ ਲੋੜ ਹੈ। ਇਹ ਸਸਤਾ ਬਣੇਗਾ। ਸੈਨੇਟਾਈਜ਼ਰ ਸਿਰਫ਼ ਅਮੀਰ ਹੀ ਕਿਉਂ ਵਰਤਣ। ਗ਼ਰੀਬ ਵੀ ਆਪਣੀ ਜੇਬ ਵਿੱਚ ਰੱਖਣ ਤੇ ਉਨ੍ਹਾਂ ਦੀਆਂ ਗਲੀਆਂ ਵਿੱਚ ਵੀ ਸੈਨੇਟਾਈਜ਼ਰ ਦਾ ਛਿੜਕਾਅ ਹੋਵੇ।
ਦਲੀਲ ਠੀਕ ਲਗਦੀ ਹੈ ਪਰ ਲਾਈਨਾਂ ਵਿੱਚ ਲੱਗੇ ਲੋਕਾਂ ਨੂੰ ਅਨੇਕਾਂ ਹੀ ਸਵੈ-ਸੇਵੀ ਸੰਸਥਾਵਾਂ, ਗੁਰਦੁਆਰੇ ਦੇ ਲੰਗਰ ਅਤੇ ਆਮ ਲੋਕ ਆਪਣੇ ਵਿੱਤ ਅਨੁਸਾਰ ਅਨਾਜ-ਰੋਟੀਆਂ ਵੰਡ ਰਹੇ ਹਨ। ਇਹ ਤਸਵੀਰ ਦਰਸਾਉਂਦੀ ਹੈ ਕਿ ਸਾਡੀ ਰਾਸ਼ਨ ਵੰਡ ਪ੍ਰਣਾਲੀ ਦਰੁਸਤ ਨਹੀਂ ਹੈ ਜਾਂ ਉਸ ਵਿੱਚ ਕੋਈ ਤਕਨੀਕੀ ਖਾਮੀ ਹੈ।
ਕਣਕ ਦੀ ਕਟਾਈ ਸ਼ੁਰੂ ਹੋ ਗਈ ਹੈ, ਅਨਾਜ ਮੰਡੀਆਂ ਵਿੱਚ ਪਹੁੰਚਣ ਲੱਗਿਆ ਹੈ। ਵੈਸੇ ਤਾਂ ਪਹਿਲਾਂ ਵੀ ਸਾਡੇ ਕੋਲ ਅਨਾਜ ਸਾਂਭਣ ਲਈ ਲੋੜੀਂਦੇ ਪ੍ਰਬੰਧ ਨਹੀਂ। ਅਨੇਕਾਂ ਟਨ ਅਨਾਜ ਮੀਂਹ, ਚੂਹਿਆਂ ਦੇ ਭਰੋਸੇ ਰਹਿੰਦਾ ਹੈ।
ਦੇਸ਼ ਵਿੱਚ ਖੁਰਾਕ ਸੁਰੱਖਿਆ ਕਾਨੂੰਨ ਹੈ, ਜਿਸ ਵਿੱਚ 75 ਫ਼ੀਸਦੀ ਲੋਕਾਂ ਨੂੰ ਸ਼ਾਮਲ ਕੀਤਾ ਗਿਆ ਹੈ ਪਰ ਹਰ ਤਸਵੀਰ ਦਾ ਦੂਜਾ ਪਾਸਾ ਹੁੰਦਾ ਹੈ, ਜੋ ਲੁਕੋ ਕੇ ਰੱਖਿਆ ਜਾਂਦਾ ਹੈ। ਉਹ ਹੈ ਭੁੱਖਮਰੀ ਦੀ ਹਾਲਤ ਅਤੇ ਕੁਪੋਸ਼ਣ ਦੀ ਲਗਾਤਾਰ ਮਾਰ ਅਤੇ ਕਰੋਨਾ ਦੀ ਮਾਰ ਕਾਰਨ ਇਸ ਵਿੱਚ 40 ਕਰੋੜ ਲੋਕ ਹੋਰ ਗ਼ਰੀਬੀ ਰੇਖਾ ਥੱਲੇ ਚਲੇ ਜਾਣੇ ਹਨ। ਇਉਂ 26 ਤੋਂ 29 ਫ਼ੀਸਦੀ ਗ਼ਰੀਬੀ ਰੇਖਾ ਹੁਣ 50 ਫ਼ੀਸਦੀ ਤੋਂ ਵੱਧ ਹੋ ਜਾਵੇਗੀ।
ਸੈਨੇਟਾਈਜ਼ਰ ਬਣਾ ਲਵੋ, ਪਹਿਲਾਂ ਸ਼ਰਾਬ ਬਣੇਗੀ, ਭਾਵੇਂ ਉੱਥੋਂ ਤੱਕ ਰੱਖ ਲਓ, ਕਾਨੂੰਨ ਤਹਿਤ ਫ਼ੈਸਲਾ ਅਨਾਜ ਤੋਂ ਪੈਟਰੋਲ ਬਣਾਉਣ ਦਾ ਸੀ, ਭਾਵੇਂ ਉਸ ਦੀ ਹੁਣ ਬਹੁਤ ਬੇਕਦਰੀ ਹੋ ਰਹੀ ਹੈ ਪਰ ਇੱਕ ਗੱਲ ਨਿਸ਼ਚਤ ਕਰ ਲੈਣਾ ਕਿ ਦੇਸ਼ ਵਿੱਚ ਕੋਈ ਭੁੱਖਾ ਨਾ ਸੌਂਵੇਂ। ਭੁੱਖਮਰੀ ਅਤੇ ਸੈਨੇਟਾਈਜ਼ਰ ਦੀ ਆਪਸੀ ਲੜਾਈ ਵਿੱਚ ਸੈਨੇਟਾਈਜ਼ਰ ਦੀ ਜਿੱਤ ਯਕੀਨੀ ਹੈ। ਇਸਦੇ ਨਾਲ ਹੀ ਭੁੱਖਮਰੀ ਦੀ ਹਾਲਤ ਵੀ ਉਸੇ ਤਰ੍ਹਾਂ ਬਣੀ ਰਹੇਗੀ, ਹੋ ਸਕਦਾ ਹੋਰ ਵੀ ਵਿਗੜ ਜਾਵੇ।
*****
(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(2089)
(ਸਰੋਕਾਰ ਨਾਲ ਸੰਪਰਕ ਲਈ:This email address is being protected from spambots. You need JavaScript enabled to view it.)