“ਕਰੋਨਾ ਨਾਲ ਰਹਿਣਾ ਸਿੱਖੋ, ਮਾਸਕ ਅਤੇ ਦੋ ਗ਼ਜ਼ ਦੂਰੀ ਨੂੰ ਆਪਣੀ ਆਦਤ ਦਾ ਹਿੱਸਾ ...”
(13 ਮਈ 2020)
ਕਰੋਨਾ ਸ਼ਬਦ ਮੈਡੀਕਲ ਵਿਗਿਆਨ ਲਈ ਨਵਾਂ ਨਹੀਂ। ਇਹ ਸਾਰਸ, ਮਰਸ, ਈਬੋਲਾ ਦੇ ਪਰਿਵਾਰ ਦਾ ਨਵਾਂ ਮੈਂਬਰ ਹੈ। ਅੱਜ ਇਸ ਨਾਂ ਤੋਂ ਹਰ ਕੋਈ ਡਰ ਰਿਹਾ ਹੈ। ਹੁਣ ਸਭ ਦੇ ਮਨਾਂ ਦੀ ਹਾਲਤ ਇਸ ਪੜਾਅ ’ਤੇ ਪਹੁੰਚ ਗਈ ਹੈ ਕਿ ਕਦੋਂ ਤਕ ਇਸ ਤਰ੍ਹਾਂ ਜਿਊਣਾ ਪਵੇਗਾ।
ਕਰੋਨਾ ਨਾਲ ਰਹਿਣਾ ਸਿੱਖੋ, ਮਾਸਕ ਅਤੇ ਦੋ ਗ਼ਜ਼ ਦੂਰੀ ਨੂੰ ਆਪਣੀ ਆਦਤ ਦਾ ਹਿੱਸਾ ਬਣਾਓ। ਜੇਕਰ ਜ਼ਰੂਰੀ ਤੋਂ ਵੀ ਜ਼ਰੂਰੀ ਕੰਮ ਹੈ ਤਾਂ ਸਫ਼ਰ ਕਰੋ ਅਤੇ ਜ਼ਿਆਦਾ ਮੇਲ ਜੋਲ ਨਾ ਕਰੋ। ਇਹ ਸਾਰੇ ਸੁਨੇਹੇ ਰਾਹਤ ਦੇ ਨਹੀਂ, ਇਹ ਅਸਲ ਵਿੱਚ ਡਰਾਉਣ ਵਾਲੇ ਸੰਦੇਸ਼ ਹਨ। ਇਸ ਬਿਮਾਰੀ ਤੋਂ ਬਚ ਕੇ ਰਹਿਣ ਲਈ ਕਿਹਾ ਜਾ ਰਿਹਾ ਹੈ। ਇਹ ਬਿਮਾਰੀ ਕਦੇ ਵੀ, ਕਿਸੇ ਤੋਂ ਵੀ ਚਿੰਬੜ ਸਕਦੀ ਹੈ ਤੇ ਨਾਲ ਹੀ ਇਹ ਸੰਦੇਸ਼ ਚਲਾ ਜਾਂਦਾ ਹੈ ਕਿ ਇਹ ਬਹੁਤ ਖ਼ਤਰਨਾਕ ਹੈ।
ਸਿਹਤ ਅਤੇ ਬਿਮਾਰੀਆਂ ਦੇ ਪ੍ਰਸੰਗ ਵਿੱਚ ਕਈ ਕੁਝ ਨਵਾਂ ਖੋਜਿਆ ਜਾਂਦਾ ਰਿਹਾ ਹੈ, ਕਈ ਕੁਝ ਨਵਾਂ ਸਾਹਮਣੇ ਆਉਂਦਾ ਰਿਹਾ ਹੈ। ਕਰੋਨਾ ਕਾਲ ਦੌਰਾਨ ਇੱਕ ਹੱਲ ਹੋ ਸਕਦਾ ਹੈ, ਉਹ ਇਹ ਹੈ ਕਿ ਕਰੋਨਾ ਦਾ ਮਰੀਜ਼ ਜਦੋਂ ਹਸਪਤਾਲ ਤੋਂ ਠੀਕ ਹੋ ਕੇ ਜਾਂਦਾ ਹੈ ਤਾਂ ਉਸ ਨੂੰ ਗੁਲਦਸਤਾ ਭੇਟ ਕੀਤਾ ਜਾਂਦਾ ਹੈ। ਵਧੀਆ ਗੱਲ ਹੈ ਪਰ ਪ੍ਰੇਸ਼ਾਨੀ ਇਸ ਤੋਂ ਅੱਗੇ ਸ਼ੁਰੂ ਹੁੰਦੀ ਹੈ ਜਦੋਂ ਮੀਡੀਆ ਇਹ ਖ਼ਬਰ ਚਲਾਉਂਦਾ ਹੈ- ‘ਫਲਾਣੇ ਨੇ ਦਿੱਤੀ ਕਰੋਨਾ ਨੂੰ ਮਾਤ’ ਜਾਂ ‘ਚਾਰ ਮਰੀਜ਼ ਜੇਤੂ ਹੋ ਕੇ ਆਪੋ-ਆਪਣੇ ਘਰ ਪਰਤੇ।’ ਹੋ ਸਕਦਾ ਹੈ ਕਿ ਇਸ ਤਰ੍ਹਾਂ ਦਾ ਵਰਤਾਰਾ ਉਨ੍ਹਾਂ ਮਰੀਜ਼ਾਂ ਨੂੰ ਕੁਝ ਹਿੰਮਤ-ਖੁਸ਼ੀ ਦਿੰਦਾ ਹੋਵੇ ਪਰ ਅਸਲ ਵਿੱਚ ਇਹ ਵਰਤਾਰਾ ਵੀ ਲੋਕਾਂ ਅੰਦਰ ਡਰ ਪੈਦਾ ਕਰਦਾ ਹੈ ਕਿ ਇਹ ਇੰਨੀ ਭਿਆਨਕ ਬਿਮਾਰੀ ਹੈ ਜਿਸ ਵਿੱਚ ਕੋਈ ਵਿਸ਼ੇਸ਼ ਤਮਗ਼ਾ ਲੈ ਰਿਹਾ ਹੈ। ਉਂਜ ਵੀ ਸਾਡੇ ਆਪਣੇ ਦੇਸ਼ ਵਿੱਚ ਟੀ.ਬੀ. ਨਾਲ ਰੋਜ਼ਾਨਾ 1500 ਦੇ ਕਰੀਬ ਲੋਕ ਮਰਦੇ ਹਨ ਤੇ ਇਸ ਤੋਂ ਵੱਧ ਠੀਕ ਵੀ ਹੁੰਦੇ ਹਨ। ਇਸੇ ਤਰ੍ਹਾਂ ਏਡਜ਼ ਅਤੇ ਕੈਂਸਰ ਵਰਗੀਆਂ ਬਿਮਾਰੀਆਂ ਨਾਲ ਲੋਕ ਬੜੀ ਹਿੰਮਤ ਨਾਲ ਲੜਦੇ ਹਨ। ਕਰੋਨਾ ਦੀ ਬਿਮਾਰੀ ਨਾਲ ਹਰ ਕੋਈ ਲੜ ਰਿਹਾ ਹੈ।
ਡਰ ਆਪਣੇ-ਆਪ ਵਿੱਚ ਅਜਿਹੀ ਮਾਨਸਿਕ ਹਾਲਤ ਹੈ ਜੋ ਸਰੀਰਕ ਬਿਮਾਰੀ ਤੋਂ ਵੱਧ ਨੁਕਸਾਨ ਕਰਦੀ ਹੈ। ਡਰ ਵਿੱਚ ਮਨੁੱਖ ਦੀ ਚੇਤਨਾ ਸੁੰਗੜ ਜਾਂਦੀ ਹੈ ਤੇ ਉਸ ਹਾਲਤ ਵਿੱਚ ਸਭ ਤੋਂ ਪਹਿਲਾਂ ਦਿਮਾਗ਼ ਦੀ ਕਾਰਗੁਜ਼ਾਰੀ ਪ੍ਰਭਾਵਿਤ ਹੁੰਦੀ ਹੈ। ਨਿਰਾਸ਼-ਉਦਾਸ ਸ਼ਖ਼ਸ ਨੂੰ ਚੜ੍ਹਦੀ ਕਲਾ ਵਿੱਚ ਰਹਿਣ ਲਈ ਕਿਹਾ ਜਾ ਸਕਦਾ ਹੈ। ਪਰ ਡਰੇ ਹੋਏ ਸ਼ਖ਼ਸ ’ਤੇ ਇਹ ਫਾਰਮੂਲਾ ਲਾਗੂ ਨਹੀਂ ਹੁੰਦਾ। ਡਰ ਦੀ ਕੁਦਰਤੀ ਪ੍ਰਵਿਰਤੀ ਹੈ। ਮਨੁੱਖਾਂ ਵਿੱਚ ਵਿਵੇਕੀ ਚੇਤਨਾ, ਪਰਖ-ਪੜਤਾਲ ਕਰਨ ਦੀ ਕਾਬਲੀਅਤ ਸਦਕਾ ਇਸ ਨੂੰ ਘੱਟ ਕੀਤਾ ਜਾ ਸਕਦਾ ਹੈ ਤੇ ਛੁਟਕਾਰਾ ਵੀ ਪਾ ਸਕਦੇ ਹਾਂ। ਡਰ ਦੀ ਮੁੱਖ ਵਜ੍ਹਾ ਹੈ- ਸਾਹਮਣੇ ਆਈ ਹਾਲਤ ਅਤੇ ਸਮੱਸਿਆ ਬਾਰੇ ਅਨਜਾਣ ਹੋਣਾ। ਵਿਗਿਆਨੀ ਲਗਾਤਾਰ ਖੋਜ ਵਿੱਚ ਲੱਗੇ ਹੋਏ ਹਨ, ਫਿਰ ਡਰ ਕਿਸ ਤੋਂ ਹੈ।
ਇਹ ਗੱਲ ਮੁੱਢਲੇ ਦਿਨਾਂ ਤੋਂ ਕਹੀ ਜਾ ਰਹੀ ਹੈ ਕਿ ਇਸਦੇ ਫੈਲਣ ਦੀ ਰਫ਼ਤਾਰ ਤੇਜ਼ ਹੈ, ਨੁਕਸਾਨ ਪਹੁੰਚਾਉਣ ਦੀ ਘੱਟ। ਮੌਤ ਦਰ ਅੱਜ ਤਕ ਉਹੀ 2-3 ਫ਼ੀਸਦੀ ਦੇ ਨੇੜੇ ਹੈ ਜੋ ਸਾਰੀਆਂ ਬਿਮਾਰੀਆਂ ਤੋਂ ਘੱਟ ਹੈ। ਸਾਰਸ ਵਿੱਚ ਮੌਤ ਦਰ ਦਸ ਫ਼ੀਸਦੀ ਸੀ ਭਾਵੇਂ ਉਹ ਬਹੁਤ ਦੂਰ ਤਕ ਤੇ ਬਹੁਤੇ ਲੋਕਾਂ ਤਕ ਨਹੀਂ ਫੈਲਿਆ ਪਰ ਡਰ ਉਸ ਤੋਂ ਵੀ ਸੀ। ਇਸ ਜਾਣਕਾਰੀ ਦੇ ਹੁੰਦਿਆਂ ਵੀ ਡਰ ਦੀ ਤੀਬਰਤਾ ਮੁਕਾਬਲਤਨ ਵੱਧ ਹੈ। ਵੈਕਸੀਨ ’ਤੇ ਹੋ ਰਹੀ ਖੋਜ ਕਈ ਪੜਾਅ ਪਾਰ ਕਰ ਚੁੱਕੀ ਹੈ ਅਤੇ ਕੌਮਾਂਤਰੀ ਦਵਾਈ ਕੰਪਨੀ ਮੋਡਰਨਾ ਨੇ ਅਗਲੇ ਸਾਲ ਸੌ ਕਰੋੜ ਟੀਕੇ ਬਣਾਉਣ ਦੀ ਆਪਣੀ ਸਮਰੱਥਾ ਦਾ ਪ੍ਰਗਟਾਵਾ ਕੀਤਾ ਹੈ।
ਡਰ ਵਧ ਰਿਹਾ ਹੈ, ਇਹ ਤਾਲਾਬੰਦੀ ਨੇ ਵਧਾਇਆ ਹੈ ਜਾਂ ਇਸਦੇ ਘਾਤਕ ਹੋਣ ਕਰ ਕੇ। ਇਹ ਡਰ ਮੀਡੀਆ ਨੇ ‘ਕਹਿਰ-ਕਹਿਰ’ ਕਰਕੇ ਫੈਲਾਇਆ ਹੈ ਜਾਂ ਇਲਾਜ ਦੀ ਅਣਹੋਂਦ ਨੇ। ਮੀਡੀਆ ਕਿਸ ਦੇ ਹੱਥ ਹੈ। ਜੇਕਰ ਸਰਕਾਰ ਚਾਹੇ ਤਾਂ ਸੋਸ਼ਲ ਮੀਡੀਆ ’ਤੇ ਵੀ ਲਗਾਮ ਲਗਾ ਸਕਦੀ ਹੈ। ਮੁੱਖ ਧਾਰਾ ਮੀਡੀਆ ਤਾਂ ਫਿਰ ਵੀ ਨੇਮਾਂ ਹੇਠ ਚੱਲਦਾ ਹੈ। ਕੀ ਇਸ ਮਾਧਿਅਮ ਨੂੰ ਲੋਕਾਂ ਵਿੱਚੋਂ ਡਰ ਕੱਢਣ ਲਈ ਨਹੀਂ ਸੀ ਲਾਉਣਾ ਚਾਹੀਦਾ। ਤਾਲਾਬੰਦੀ ਨੂੰ ਮੰਨ ਲੈਂਦੇ ਹਾਂ ਕਿ ਇਹ ਬਿਮਾਰੀ ਦੇ ਫੈਲਾਅ ਤੋਂ ਬਚਾਅ ਲਈ ਕਾਰਗਰ ਹੈ। ਇਸ ਨੂੰ ਜੇ ਸਹਿਜਤਾ ਨਾਲ ਲੋਕਾਂ ਦੀ ਸਮਝ ਦਾ ਹਿੱਸਾ ਬਣਾ ਕੇ ਪੇਸ਼ ਕੀਤਾ ਜਾਂਦਾ ਜਾਂ ਅੰਕੜੇ ਪੇਸ਼ ਕਰਨ ਵਿੱਚ ਡਰ ਵਾਲੇ ਪਾਸੇ ਨੂੰ ਸੁਚੇਤ ਰਹਿਣ ਲਈ ਵਰਤਿਆ ਜਾਂਦਾ ਤਾਂ ਉਸ ਦਾ ਅਸਰ ਵੱਧ ਪ੍ਰਭਾਵਸ਼ਾਲੀ ਹੋਣਾ ਸੀ।
ਅਜੋਕੀ ਹਾਲਤ ਵਿੱਚ ਤਾਲਾਬੰਦੀ ਦੇ ਤੀਸਰੇ ਪੜਾਅ ਤਕ ਵੀ ਮੀਡੀਆ ਦੇ ਨਾਲ ਲੋਕਾਂ ਵਿੱਚ ਵਧ ਰਹੀ ਸਿਆਸੀ ਇਲਜ਼ਾਮਤਰਾਸ਼ੀ ਤੋਂ ਇੰਜ ਲਗਦਾ ਹੈ ਕਿ ਜਿਵੇਂ ਡਰ ਦਾ ਨਵਾਂ ਹਥਿਆਰ ਸੱਤਾ ਕੋਲ ਆ ਗਿਆ ਹੋਵੇ।
*****
(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(2125)
(ਸਰੋਕਾਰ ਨਾਲ ਸੰਪਰਕ ਲਈ:This email address is being protected from spambots. You need JavaScript enabled to view it.)







































































































