“ਇਸ ਸੰਸਥਾ ਦੀ ਬੁਨਿਆਦ ਸੇਵਾ-ਸੰਭਾਲ ’ਤੇ ਤਾਂ ਹੈ ਹੀ, ਨਾਲ ਹੀ ਬਿਨਾਂ ਕਿਸੇ ਵਿਤਕਰੇ ਤੋਂ ਸਭ ਨੂੰ ਪਰਿਵਾਰ ਵਾਂਗ ...”
(8 ਮਈ 2024)
ਇਸ ਸਮੇਂ ਪਾਠਕ: 215.
ਸਾਲ 1988 ਦੀ ਸ਼ੁਰੂਆਤ ਵਿੱਚ, ਆਪਣੀ ਪੜ੍ਹਾਈ ਅਤੇ ਨੌਕਰੀ ਦੀ ਸ਼ੁਰੂਆਤ ਕਰਕੇ, ਮੈਂ ਆਪਣੀ ਨਵੀਂ ਨੌਕਰੀ, ਸਿਹਤ ਸੇਵਾਵਾਂ ਤੋਂ ਅਲੱਗ ਸਿਹਤ ਸਿੱਖਿਆ ਲਈ, ਮੈਡੀਕਲ ਕਾਲਜ ਅੰਮ੍ਰਿਤਸਰ ਵਿਖੇ ਜਾ ਹਾਜ਼ਿਰ ਹੋਇਆ। ਅੰਮ੍ਰਿਤਸਰ ਜੋ ਕਿ ਦਰਬਾਰ ਸਾਹਿਬ ਅਤੇ ਜਲ੍ਹਿਆਵਾਲੇ ਬਾਗ ਲਈ ਦੁਨੀਆਂ ਭਰ ਵਿੱਚ ਜਾਣਿਆ ਜਾਂਦਾ ਹੈ, ਪਰ ਜਦੋਂ ਕੋਈ ਮੇਰੇ ਕੋਲ ਅੰਮ੍ਰਿਤਸਰ ਘੁੰਮਣ ਬਾਰੇ ਗੱਲ ਕਰਦਾ ਹੈ ਤਾਂ ਮੈਂ ਪਿੰਗਲਵਾੜੇ ਵਿੱਚ ਜਾ ਕੇ ਆਉਣ ’ਤੇ ਜ਼ੋਰ ਦਿੰਦਾ ਹਾਂ। ਪਿੰਗਲਵਾੜਾ, ਪਿੰਗਲਿਆਂ ਦਾ ਰੈਣ ਬਸੇਰਾ ਨਹੀਂ, ਇਹ ਕਿਸੇ ਵੀ ਮਾਹਿਰ ਦੀ ਖਾਸ ਪਛਾਣ ਵੀ ਨਹੀਂ ਬਣਦਾ, ਪਰ ਮੈਂ ਕਿਉਂ ਇਸ ਤਰ੍ਹਾਂ ਕਹਿੰਦਾ, ਇਸ ਤੋਂ ਪਹਿਲਾਂ ਕਿ ਮੈਂ ਖੁਦ ਤੁਹਾਨੂੰ ਇਹ ਦੱਸਾਂ, ਤੁਸੀਂ ਮੇਰੀ ਗੱਲ ਤੋਂ ਬਾਅਦ ਖੁਦ ਹੀ ਇਸ ਲਈ ਤਿਆਰ ਹੋਵੋਂ ਤਾਂ ਉਹ ਬਿਹਤਰ ਹੈ।
ਮੈਡੀਕਲ ਵਿੱਚ ਬੱਚਿਆਂ ਨੂੰ ਪੜ੍ਹਾਉਣ ਦਾ ਮੇਰਾ ਵਿਸ਼ਾ ਰਿਹਾ ਹੈ ਕਮਿਊਨਿਟੀ ਮੈਡੀਸਨ। ਉਸ ਵਿੱਚ ਵਿਸ਼ੇਸ਼ ਇਹ ਹੈ ਕਿ ਬਾਕੀ ਦੇ ਵਿਸ਼ਿਆਂ ਦੀ ਪੜ੍ਹਾਈ ਦੀ ਤਰਜ਼ ’ਤੇ ਅਸੀਂ ਵਿਦਿਆਰਥੀਆਂ ਨੂੰ ਮਰੀਜ਼ਾਂ ਨੂੰ ਦਿਖਾਉਣ-ਪੜ੍ਹਾਉਣ ਦੀ ਥਾਂ, ਹਸਪਤਾਲ ਵਿੱਚ ਦਾਖਲ ਮਰੀਜ਼ਾਂ ਦੇ ਵਾਰਡ ਵਿੱਚ ਨਹੀਂ, ਸਗੋਂ ਕੋਈ ਪਿੰਡ, ਆਪਣੇ ਕਾਰਜ ਖੇਤਰ ਲਈ ਚੁਣ ਕੇ ਉੱਥੋਂ ਦੇ ਘਰ-ਪਰਿਵਾਰਾਂ ਵਿੱਚ ਬੱਚਿਆਂ ਨੂੰ ਭੇਜ ਕੇ ਪੜ੍ਹਾਉਂਦੇ, ਉੱਥੇ ਜਾ ਕੇ ਬੱਚੇ ਸਾਲ ਭਰ ਵਿੱਚ ਇਹ ਜਾਂਚ ਕਰਨਾ ਸਿੱਖਦੇ ਹਨ ਕਿ ਕਿਸੇ ਵੀ ਪਰਿਵਾਰ ਵਿੱਚ ਕਿਸੇ ਵੀ ਬੰਦੇ ਨੂੰ ਬਿਮਾਰੀ ਕਿਉਂ ਤੇ ਕਿਵੇਂ ਹੁੰਦੀ ਹੈ, ਤੇ ਪਰਿਵਾਰ ਦੇ ਕੁਝ ਬੰਦੇ ਕਿਵੇਂ ਸਿਹਤਮੰਦ ਬਣੇ ਰਹਿੰਦੇ ਹਨ। ਇਸ ਤੋਂ ਇਲਾਵਾ ਸਾਡਾ ਵਿਭਾਗ ਕੁਝ ਵਿਸ਼ੇਸ਼ ਥਾਵਾਂ ’ਤੇ ਬੱਚਿਆਂ ਨੂੰ ਉਨ੍ਹਾਂ ਦੀ ਕਾਰਗੁਜ਼ਾਰੀ ਸਮਝਣ ਵਾਸਤੇ ਲੈ ਕੇ ਜਾਂਦਾ ਹੈ, ਜੋ ਕਿ ਸਿਹਤ ਅਤੇ ਬਿਮਾਰੀ ਨਾਲ ਸਿੱਧੇ-ਅਸਿੱਧੇ ਤੌਰ ’ਤੇ ਜੁੜੀਆ ਹੋਈਆਂ ਹੁੰਦੀਆਂ ਹਨ। ਜਿਵੇਂ ਅੰਧ-ਵਿਦਿਆਲਯ, ਈ.ਐੱਸ.ਆਈ ਅਤੇ ਮਿਲਟਰੀ ਹਸਪਤਾਲ, ਵਾਟਰ ਵਰਕਸ ਤੇ ਪਿੰਗਲਵਾੜਾ ਆਦਿ।
ਇਨ੍ਹਾਂ ਸੰਸਥਾਵਾਂ ਨੂੰ ਦੇਖਣ-ਸਮਝਣ ਤੋਂ ਪਹਿਲਾਂ ਬੱਚਿਆਂ ਨੂੰ ਸੰਖੇਪ ਵਿੱਚ ਉਨ੍ਹਾਂ ਥਾਵਾਂ ਦੀ ਜਾਣ-ਪਛਾਣ ਕਰਾਈ ਜਾਂਦੀ। ਜਦੋਂ ਮੈਂ ਮੈਡੀਕਲ ਕਾਲਜ ਵਿੱਚ ਹਾਜ਼ਰ ਹੋਇਆ ਤਾਂ ਮੈਂ ਜੂਨੀਅਰ ਅਧਿਆਪਕ ਹੋਣ ਕਰਕੇ ਕਲਾਸਾਂ ਘੱਟ ਹੀ ਲੈਂਦਾ, ਜਦੋਂ ਕਿ ਸਾਡੇ ਸੀਨੀਅਰ ਜਿਵੇਂ ਡਾ. ਮੈਡਮ ਲਖਨਪਾਲ, ਡਾ. ਪੱਡਾ ਅਤੇ ਹੋਰ ਅਧਿਆਪਕ ਆਦਿ ਕਲਾਸਾਂ ਲੈਂਦੇ। ਪਿੰਗਲਵਾੜੇ ਬਾਰੇ ਹੁੰਦੀ ਗੱਲਬਾਤ ਦਾ ਮੁੱਦਾ ਮੁੜਵਸੇਬੇ ਵਾਲੀ ਸੰਸਥਾ ਦੇ ਤੌਰ ’ਤੇ ਦੱਸਿਆ ਜਾਂਦਾ ਅਤੇ ਇੱਕ ਦੋ ਵਾਰੀ ਬੱਚਿਆਂ ਨੂੰ ਇਹ ਸੰਸਥਾ ਦਿਖਾਉਣ ਲਈ ਮੇਰੀ ਵੀ ਡਿਊਟੀ ਲੱਗੀ।
ਸਾਡਾ ਇੱਕ ਸੈਂਟਰ ਪਿੰਡ ਦੇ ਨਾਲ ਸ਼ਹਿਰ ਵਿੱਚ ਵੀ ਹੈ, ਜੋ ਕਿ ਅਰਬਨ ਟ੍ਰੇਨਿੰਗ ਹੈਲਥ ਸੈਂਟਰ ਦੇ ਨਾਂ ਨਾਲ ਮਸ਼ਹੂਰ ਹੈ ਤੇ ਉਹ ਮੁੱਖ ਤੌਰ ’ਤੇ ਬੱਚਿਆਂ ਦਾ ਟੀਕਾਕਰਨ ਅਤੇ ਪਰਿਵਾਰ ਭਲਾਈ ਦੇ ਕੀਤੇ ਜਾਂਦੇ ਕੰਮਾਂ ’ਤੇ ਉਸ ਨਾਲ ਲਗਦੀ ਅਬਾਦੀ, ਰਾਮਾਨੰਦ ਪਾਰਕ ਵਿਖੇ ਪ੍ਰੋਜੈਕਟ ਬਣਾ ਕੇ ਸਿਹਤ ਸੇਵਾਵਾਂ ਦਿੱਤੀਆਂ ਜਾਂਦੀਆਂ।
ਦਰਬਾਰ ਸਾਹਿਬ ਦੇ ਲਾਗੇ ਹੋਣ ਕਰਕੇ ਇਹ ਸੈਂਟਰ ਲੋਕਾਂ ਨੂੰ ਖਾਸ ਤੌਰ ’ਤੇ ਟੀਕਾਕਰਨ ਦੀਆਂ ਸੇਵਾਵਾਂ ਦਿੰਦਾ। ਦਰਬਾਰ ਸਾਹਬ ਦੇ ਚੁਗਿਰਦੇ ਵਿੱਚ ਇੱਕ ਫ਼ਕੀਰ-ਨੁਮਾ ਵਿਅਕਤੀ, ਇੱਕ ਅੱਡਾ ਬਣਾ, ਬਾਟਾ ਲੈ ਕੇ ਬੈਠਾ ਹੁੰਦਾ ਤੇ ਉਸ ਨੇ ਆਪਣੇ ਚਾਰੋਂ ਪਾਸੇ ਛਪੇ ਹੋਏ ਪੈਫਲਟ ਰੱਖੇ ਹੁੰਦੇ। ਇੱਕ ਵਾਰੀ ਝਾਤੀ ਮਾਰ ਕੇ ਦੇਖਣ ’ਤੇ ਪਤਾ ਚੱਲਿਆ ਕਿ ਉਹ ਪੈਂਫਲਟ ਮੁੱਖ ਤੌਰ ’ਤੇ ਵਾਤਾਵਰਣ ਨਾਲ ਸੰਬੰਧਿਤ ਹਨ ਤੇ ਉਸ ਫ਼ਕੀਰ ਵਰਗੇ ਕੱਪੜੇ ਪਾਏ ਵਿਅਕਤੀ ਦਾ ਨਾਉਂ ਭਗਤ ਪੂਰਨ ਸਿੰਘ ਹੈ।
ਆਪਣੇ ਅੰਮ੍ਰਿਤਸਰ ਆਉਣ ਤੋਂ ਪਹਿਲਾਂ ਇਸ ਵਿਅਕਤੀ ਵੱਲੋਂ ਸਥਾਪਿਤ ਪਿੰਗਲਵਾੜੇ ਬਾਰੇ ਜਾਣਨਾ ਤਾਂ ਬਹੁਤ ਦੂਰ ਦੀ ਗੱਲ ਹੈ, ਇੱਥੋਂ ਦੀਆਂ ਹੋਰ ਇਤਿਹਾਸਕ ਥਾਵਾਂ, ਜਿਵੇਂ ਜਲ੍ਹਿਆਂਵਾਲਾ ਬਾਗ ਬਾਰੇ ਵੀ ਸਿਰਫ਼ ਪੜ੍ਹਿਆ ਸੀ ਤੇ ਦਰਬਾਰ ਸਾਹਿਬ ਵਰਗੀ ਸਿੱਖ ਪੰਥ ਦੀ ਸਿਰਮੌਰ ਸੰਸਥਾ ਬਾਰੇ ਵੀ ਕੋਈ ਉਚੇਚਾ ਗਿਆਨ ਨਹੀਂ ਸੀ।
ਇਸੇ ਤਰ੍ਹਾਂ ਪਹਿਲੀ ਵਾਰ ਅੰਮ੍ਰਿਤਸਰ ਪਹੁੰਚ ਕੇ ਦਰਬਾਰ ਸਾਹਿਬ, ਜਲ੍ਹਿਆਂਵਾਲਾ ਬਾਗ ਅਤੇ ਹੋਰ ਇਤਿਹਾਸਕ ਥਾਵਾਂ ਬਾਰੇ ਜਾਣਿਆ ਤੇ ਵਿਭਾਗ ਵੱਲੋਂ ਸਾਂਭੀ ਗਈ ਪੋਲੀਓ ਮੁਹਿੰਮ ਕਾਰਨ ਪੂਰੇ ਸ਼ਹਿਰ ਦਾ ਹਰ ਕੋਨਾ ਜਾਣਨ ਦਾ ਸਬੱਬ ਬਣਿਆ।
ਪਿੰਗਲਵਾੜੇ ਬੱਚਿਆਂ ਦੀਆਂ ਕਲਾਸਾਂ ਲੈ ਕੇ ਜਾਣ ਦੇ ਜ਼ਰੀਏ ਵੀ ਸੰਸਥਾ ਨੂੰ ਡੁੰਘਾਈ ਨਾਲ ਜਾਣਨ ਦਾ ਕਦੇ ਮੌਕਾ ਨਹੀਂ ਮਿਲਿਆ। ਇਹ ਤਾਂ 2002 ਵਿੱਚ ਸਬੱਬ ਬਣਿਆ ਕਿ ਮੇਰੇ ਨਿਵਾਸ ਸਥਾਨ ’ਤੇ ਪਿੰਗਲਵਾੜਾ ਸੰਸਥਾ ਵੱਲੋਂ ਇੱਕ ਸੇਵਾਦਾਰ ਸੁਨੇਹਾ ਲੈ ਕੇ ਆਇਆ। ਉਸ ਸੁਨੇਹੇ ਵਿੱਚ ਲਿਖਿਆ ਸੀ ਕਿ ਮੇਰੀ ਪੁਸਤਕ ‘ਬੱਚੇ ਕਦੇ ਤੰਗ ਨਹੀਂ ਕਰਦੇ’ ਭਗਤ ਪੂਰਨ ਸਿੰਘ ਜੀ ਦੀ ਬਰਸੀ ’ਤੇ 5 ਅਗਸਤ ਨੂੰ ਲੋਕ ਅਰਪਨ ਹੋਵੇਗੀ। ਇਹ ਮੇਰੇ ਲਈ ਹੈਰਾਨੀ ਵਾਲੀ ਗੱਲ ਸੀ ਤੇ ਇਹ ਬਹੁਤ ਅਜੀਬ ਸਬੱਬ ਸੀ ਕਿ ਉਹ ਕਿਤਾਬ ਕਿਵੇਂ ਪਿੰਗਲਵਾੜੇ ਕੋਲ ਪਹੁੰਚੀ ਤੇ ਕਿਵੇਂ ਉਨ੍ਹਾਂ ਨੇ ਇਸ ਨੂੰ ਛਾਪਣ ਦਾ ਫੈਸਲਾ ਲਿਆ।
ਇਸ ਤੋਂ ਵੱਡੀ ਹੈਰਾਨੀ ਉਸ ਦਿਨ ਹੋਈ ਜਦੋਂ ਉਸ ਕਿਤਾਬ ਦੇ ਰਿਲੀਜ ਹੋਣ ਤੋਂ ਮਗਰੋਂ ਮੈਂ ਦੇਖਿਆ ਕਿ ਉਸ ਦੀ ਪਹਿਲੀ ਛਾਪ 10 ਹਜ਼ਾਰ ਦੀ ਗਿਣਤੀ ਵਿੱਚ ਹੋਈ ਹੈ ਤੇ ਉਹ ਬਿਲਕੁਲ ਮੁਫ਼ਤ ਵੰਡੀ ਜਾਵੇਗੀ। ਦਰਅਸਲ ਇਹ ਕਿਤਾਬ ਕੁਝ ਸਮਾਂ ਪਹਿਲਾਂ ਹੀ ਸ਼ਹਿਰ ਦੇ ਰੈੱਡ ਕਰਾਸ ਭਵਨ ਵਿੱਚ ਆਯੋਜਿਤ ਇੱਕ ਨਸ਼ਿਆਂ ਦੇ ਪ੍ਰਤੀ ਜਾਗਰੂਕਤਾ ਮੁਹਿੰਮ ਤਹਿਤ ਅਧਿਆਪਕਾਂ ਦੇ ਲਈ ਵਰਕਸ਼ਾਪ ਲਗਾਈ ਗਈ ਸੀ ਤੇ ਉਹ ਕਿਤਾਬ ਉਸ ਤਜਰਬੇ ’ਤੇ ਅਧਾਰਤ ਲਿਖੀ ਗਈ ਸੀ। ਤਕਰੀਬਨ ਅੱਠ ਸੌ ਅਧਿਆਪਕਾਂ ਨੇ ਇਹ ਕਾਰਜਸ਼ਾਲਾ ਵਿੱਚ ਹਾਜ਼ਰੀ ਲਗਾਈ ਸੀ ਤੇ ਇਹ ਕਿਤਾਬ ਉਸ ਸਮੇਂ ਦੇ ਡੀ.ਸੀ. ਸ੍ਰ. ਕਾਹਨ ਸਿੰਘ ਪੰਨੂ ਦੇ ਸਹਿਯੋਗ ਨਾਲ ਛਾਪ ਕੇ ਹਰ ਸਕੂਲ ਨੂੰ ਭੇਜੀ ਗਈ ਸੀ। ਹੋ ਸਕਦਾ ਹੈ ਉਹ ਕਿਤਾਬ ਕਿਸੇ ਅਧਿਆਪਕ ਦੇ ਜ਼ਰੀਏ ਪਿੰਗਲਵਾੜੇ ਦੇ ਮੁੱਖ ਸੇਵਾਦਾਰ ਕੋਲ ਪਹੁੰਚੀ ਹੋਵੇ ਤੇ ਉਹਨਾਂ ਨੇ ਇਸ ਨੂੰ ਛਾਪਣ ਅਤੇ ਵੰਡਣ ਦਾ ਮਨ ਬਣਾ ਲਿਆ ਹੋਵੇ।
ਇਸ ਤੋਂ ਬਾਅਦ ਇਸ ਸੰਸਥਾ ਨਾਲ ਜੁੜਨ ਦਾ ਸਬੱਬ ਬਣਿਆ ਜਿਵੇਂ-ਜਿਵੇਂ ਇਸ ਨੂੰ ਸੰਸਥਾ ਨਾਲ ਜੁੜਦਾ ਗਿਆ ਤਾਂ ਇਨ੍ਹਾਂ ਦੇ ਕੰਮਾਂ ਤੋਂ ਪ੍ਰਭਾਵਿਤ ਹੁੰਦਾ ਗਿਆ।
ਭਗਤ ਪੂਰਨ ਸਿੰਘ ਬਾਰੇ ਜਾਣਨ ਦਾ ਮੌਕਾ ਹੁਣ ਸੰਸਥਾ ਦੇ ਮੁਖੀ ਬੀਬੀ ਇੰਦਰਜੀਤ ਕੌਰ ਕੋਲੋਂ ਮਿਲਿਆ, ਜਿਨ੍ਹਾਂ ਨੂੰ ਇੱਕ ਫ਼ਕੀਰਨੁਮਾ ਵੇਸ਼-ਭੂਸ਼ਾ ਵਿੱਚ ਬੈਠੇ ਦੇਖਿਆ ਸੀ ਤਾਂ ਪਤਾ ਚੱਲਿਆ ਕਿ ਉਹ ਇਸ ਸਰੂਪ ਵਿੱਚ ਜਾਣ-ਬੁਝ ਕੇ ਰਹਿੰਦੇ ਸੀ, ਕਿਉਂਕਿ ਉਨ੍ਹਾਂ ਦਾ ਮੱਤ ਸੀ, ਮੈਂ ਗਰੀਬਾਂ, ਲਾ-ਵਾਰਸਾਂ, ਲਾਚਾਰਾਂ ਦੇ ਵਿੱਚ ਰਹਿੰਦਾ ਹਾਂ ਤੇ ਮੈਨੂੰ ਉਨ੍ਹਾਂ ਵਰਗਾ ਬਣ ਕੇ ਰਹਿਣਾ ਚਾਹੀਦਾ ਹੈ ਤਾਂ ਜੋ ਉਹ ਮੇਰੇ ਨੇੜੇ ਆਉਣ ਤੋਂ ਝਿਜਕਣ ਨਾ। ਉਂਝ ਗਰੀਬ ਲੋਕਾਂ ਵਿੱਚ ਕੰਮ ਕਰਨ ਵਾਲੇ, ਖਾਸ ਤੌਰ ’ਤੇ ਖੱਬੇ ਪੱਖੀ ਸੋਚ ਦੇ ਲੋਕ ਵੀ ਇਹੀ ਪ੍ਰਚਾਰਦੇ ਹਨ ਕਿ ਉਨ੍ਹਾਂ ਨੂੰ ਆਪਣੀ ਮਨ-ਮਰਜ਼ੀ ਮੁਤਾਬਿਕ ਗਰੀਬ ਦਿਸਣਾ ਚਾਹੀਦਾ ਹੈ ਤਾਂ ਜੋ ਗਰੀਬਾਂ ਵਿੱਚ ਕੰਮ ਕਰਦੇ ਹੋਏ ਤੁਸੀਂ ਵੱਖਰੇ ਨਾ ਲੱਗੋਂ। ਇਸ ਸੋਚ ਦੇ ਨਾਲ ਮੈਨੂੰ ਸੰਸਥਾ ਦੇ ਕੰਮਾਂ ਨੇ ਪ੍ਰਭਾਵਿਤ ਵੀ ਕੀਤਾ ਤੇ ਪ੍ਰੇਰਿਤ ਵੀ, ਭਾਵੇਂ ਮੈਨੂੰ ਖੱਬੇ ਪੱਖੀਆਂ ਅਤੇ ਤਰਕਸ਼ੀਲਾਂ ਵਿੱਚ ਕੰਮ ਕਰਦੇ ਅਤੇ ਲਿਖਦੇ ਜਾਣਨ ਵਾਲੇ ਲੋਕ, ਮੇਰਾ ਪਿੰਗਲਵਾੜੇ ਨਾਲ ਸੰਬਧ ਦੇਖ ਕੇ ਹੈਰਾਨ ਹੁੰਦੇ ਹਨ, ਕਿਉਂ ਜੋ ਉਹ ਸਾਰੇ ਧਰਮ ਨੂੰ ਵੱਖਰੇ ਨਜ਼ਰੀਏ ਤੋਂ ਦੇਖਦੇ ਹਨ।
ਭਗਤ ਪੂਰਨ ਸਿੰਘ ਦੀ ਇਸ ਜਹਾਨ ਵਿੱਚ ਵਿਦਾਇਗੀ ਤੋਂ ਬਾਅਦ ਜਦੋਂ ਇਹ ਸੰਸਥਾ ਬੀਬੀ ਡਾ. ਇੰਦਰਜੀਤ ਕੌਰ ਦੇ ਹੱਥ ਆਈ ਤਾਂ ਇਸਦੇ ਵਿਸਥਾਰ ਵਿੱਚ ਕਈ ਪਹਿਲੂਆਂ ਤੋਂ ਵਾਧਾ ਹੋਇਆ। ਬੀਬੀ ਡਾ. ਇੰਦਰਜੀਤ ਕੌਰ ਐੱਮ.ਬੀ.ਬੀ.ਐੱਸ. ਦੀ ਪੜ੍ਹਾਈ ਮਗਰੋਂ ਇਸ ਸੰਸਥਾ ਨਾਲ ਜੁੜੇ ਅਤੇ ਆਪਣੇ ਸੇਵਾ ਅਤੇ ਸਮਰਪਣ ਦੇ ਭਾਵ ਨਾਲ, ਜੋ ਕਿ ਉਨ੍ਹਾਂ ਨੇ ਭਗਤ ਪੂਰਨ ਸਿੰਘ ਤੋਂ ਹਾਸਲ ਕੀਤਾ ਸੀ, ਆਪਣਾ ਵਿਗਿਆਨਕ ਨਜ਼ਰੀਆ ਵੀ ਜੋੜਿਆ। ਆਪਣੇ ਵਿਗਿਆਨਕ ਦ੍ਰਿਸ਼ਟੀਕੋਣ ਨਾਲ ਉਹਨਾਂ ਨੇ ਪਿੰਗਲਵਾੜਾ, ਜਿਸਦਾ ਅਰਥ ਬਣਦਾ ਹੈ ਪਿੰਗਲਿਆ ਅਤੇ ਲਚਾਰਾਂ ਦੇ ਰਹਿਣ ਦੀ ਥਾਂ, ਨੂੰ ਇਸ ਵਿਚਾਰਗੀ ਦੀ ਜੜ੍ਹ ਵਿੱਚ ਪਏ ਉਹਨਾਂ ਕਾਰਨਾਂ ਨੂੰ ਜਾਣਨ-ਸਮਝਣ ਅਤੇ ਲੋਕਾਂ ਵਿੱਚ ਪ੍ਰਚਾਰਣ ਦੇ ਨਾਲ ਉਸ ਦਿਸ਼ਾ ਵਿੱਚ, ਜਿੰਨਾ ਵੀ ਸੰਭਵ ਹੈ, ਉਹ ਕੰਮ ਕਰਨ ਦੀ ਕੋਸ਼ਿਸ਼ ਕੀਤੀ।
ਵਿਚਾਰਗੀ ਤੋਂ ਪੈਦਾ ਹੋਈ ਹੀਣ-ਭਾਵਨਾ ਅਤੇ ਕਿਸੇ ’ਤੇ ਬੋਝ ਬਣਕੇ ਰਹਿਣ ਦੀ ਮਾਨਸਿਕਤਾ ਨੂੰ ਆਤਮ ਵਿਸ਼ਵਾਸ ਵਿੱਚ ਬਦਲਣ ਦੀ ਕੋਸ਼ਿਸ਼ ਕੀਤੀ ਤੇ ਇਸ ਦਿਸ਼ਾ ਵਿੱਚ ਪਹਿਲਾ ਕੰਮ ਸੀ, ਉਨ੍ਹਾਂ ਲਈ ਮਨਸੂਈ ਅੰਗਾਂ ਦੇ ਵਿਭਾਗ ਨੂੰ ਸਥਾਪਿਤ ਕਰਨਾ। ਘਸੀਟ-ਘਸੀਟ ਕੇ ਚੱਲਣ ਵਾਲਾ ਕੋਈ ਵਿਅਕਤੀ ਜਦੋਂ ਆਪਣੇ ਪੈਰਾਂ ’ਤੇ ਤੁਰਦਾ ਬੀਬੀ ਇੰਦਰਜੀਤ ਕੌਰ ਨੇ ਦੇਖਿਆ ਤਾਂ ਜੋ ਖੁਸ਼ੀ ਉਹਨਾਂ ਨੇ ਮਹਿਸੂਸ ਕੀਤੀ, ਉਹ ਉਹਨਾਂ ਤੋਂ ਬਿਆਨ ਨਹੀਂ ਹੋਈ ਤੇ ਉਹ ਭਾਵੁਕ ਹੋ ਗਏ।
ਭਗਤ ਪੂਰਨ ਸਿੰਘ ਦਾ ਇੱਕ ਹੋਰ ਵੱਡਾ ਫ਼ਿਕਰ ਸੀ - ਉਹ ਪਿੰਗਲਵਾੜੇ ਦੇ ਬੈਨਰ ਹੇਠ ਦਰਬਾਰ ਸਾਹਿਬ ਲਾਗੇ ਬੈਠ ਕੇ ਵੱਖ ਵੱਖ ਵਾਤਾਵਰਣ ਦੀ ਹੋ ਰਹੀ ਤਬਾਹੀ ਸੰਬੰਧੀ ਅਤੇ ਉਹਨਾਂ ਖਤਰਿਆਂ ਸੰਬੰਧੀ ਸੁਚੇਤ ਕਰਨ ਵਾਲੇ ਪੈਂਫਲੈਟ ਵੰਡਦੇ। ਬੀਬੀ ਇੰਦਰਜੀਤ ਕੌਰ ਦੇ ਡਾਕਟਰੀ ਤਜਰਬੇ ਅਤੇ ਵਿਗਿਆਨਕ ਨਜ਼ਰੀਏ ਨੇ ਇਹਨਾਂ ਦੇ ਤਬਾਹਕੁੰਨ ਨਤੀਜਿਆਂ ਬਾਰੇ ਇਹ ਸਿੱਟਾ ਕੱਢਿਆ ਕਿ ਖੇਤੀਬਾੜੀ ਵਿੱਚ ਛਿੜਕੀਆਂ ਜਾ ਰਹੀਆਂ ਕੀੜੇਮਾਰ ਦਵਾਈਆਂ ਦਾ ਜ਼ਹਿਰ ਅਤੇ ਵਰਤੀ ਜਾ ਰਹੀ ਖਾਦ ਜ਼ਿੰਮੇਵਾਰ ਹਨ। ਇਸਦੇ ਮੱਦੇਨਜ਼ਰ ਉਹਨਾਂ ਨੇ ਖੇਤਬਾੜੀ ਦੇ ਮਾਹਿਰਾਂ ਦੀ ਸਲਾਹ ਨਾਲ ਜੈਵਿਕ ਖੇਤੀ ਦੇ ਵਿੱਚ ਕੰਮ ਕਰਨ ਨੂੰ ਹੱਥ ਅੱਗੇ ਵਧਾਇਆ, ਜੋ ਕਿ ਤਕਰੀਬਨ ਤੀਹ ਕਿੱਲਿਆਂ ਵਿੱਚ ਫੈਲੇ ਧੀਰਕੋਟ, ਹੰਡਿਆਏ ਵਿਖੇ ਇੱਕ ਫਾਰਮ ਦੇ ਰੂਪ ਵਿੱਚ ਪੰਜਾਬ ਭਰ ਦੇ ਕਿਸਾਨਾਂ ਲਈ ਇੱਕ ਮਿਸਾਲ ਦਾ ਕੰਮ ਕਰ ਰਿਹਾ ਹੈ।
ਇਸੇ ਤਰ੍ਹਾਂ ਗੂੰਗਿਆਂ-ਬੋਲਿਆ ਲਈ ਪੜ੍ਹਾਈ-ਸਿਖਲਾਈ ਦਾ ਇੱਕ ਵਿਭਾਗ, ਉਹਨਾਂ ਬੱਚਿਆਂ ਨੂੰ ‘ਸਾਈਨ ਲੈਂਗੁਏਜ’ ਰਾਹੀਂ ਆਤਮ ਵਿਸ਼ਵਾਸ ਬਖਸ਼ਦਾ ਹੈ। ਭਗਤ ਜੀ ਦੀ ਪ੍ਰੇਰਨਾ ਸਦਕਾ ਜਿਨ੍ਹਾਂ ਨੇ ਭਾਵੇਂ ਦਸਵੀਂ ਪਾਸ ਹੀ ਕੀਤੀ ਸੀ, ਪਰ ਆਪਣੀ ਗਰੀਬੀ ਕਾਰਨ ਪੜ੍ਹ ਨਹੀਂ ਸੀ ਸਕੇ, ਪਰ ਲਾਹੌਰ ਦੀਆਂ ਵੱਖ-ਵੱਖ ਲਾਇਬਰੇਰੀਆਂ ਵਿੱਚ ਜਾ ਕੇ ਕਿਤਾਬਾਂ ਦਾ ਗਿਆਨ ਹਾਸਲ ਕੀਤਾ। ਇਸ ਭਾਵਨਾ ਨੂੰ ਮੱਦੇਨਜ਼ਰ ਰੱਖਦੇ ਹੋਏ ਸੰਸਥਾ ਵੱਲੋਂ ਇੱਕ ਵਿਧੀਵੱਤ ਪੜ੍ਹਾਈ ਵਾਲਾ ਬਾਰ੍ਹਵੀਂ ਤਕ ਦਾ ਸਕੂਲ ਉਸਾਰਿਆ ਗਿਆ ਅਤੇ ਪਿੰਗਲਵਾੜਾ ਦੀ ਮਾਨਾਂਵਾਲੀ ਬਰਾਂਚ ਵਿੱਚ ਰਹਿਣ ਵਾਲੇ ਲਾਵਾਰਸ ਅਤੇ ਨੇੜੇ-ਤੇੜੇ ਦੇ ਪਿੰਡਾਂ ਵਿੱਚ ਵਸਦੇ ਗਰੀਬਾਂ ਲਈ ਪੜ੍ਹਾਈ ਦਾ ਰਾਹ ਖੋਲ੍ਹਿਆ।
ਭਗਤ ਜੀ ਦੀ ਪ੍ਰੇਰਨਾ ਅਤੇ ਮੁਢਲੇ ਕੰਮਾਂ ਨੂੰ ਸਾਹਮਣੇ ਰੱਖਕੇ ਸੰਸਥਾ ਵਿੱਚ ਇੱਕ ਪ੍ਰੈੱਸ ਲਗਾਈ ਗਈ, ਜੋ ਕਿ ਭਗਤ ਜੀ ਨੇ ਆਪਣੇ ਜਿਉਂਦੇ ਜੀਅ ਲਗਾਈ ਸੀ, ਜਿਸ ਰਾਹੀਂ ਵਾਤਾਵਰਣ ਦੀ ਜਾਗਰੂਕਤਾ ਵਾਲੇ ਪੈਂਫਲਟ ਛਾਪੇ ਜਾਂਦੇ। ਭਗਤ ਜੀ ਦੀ ਵਾਤਾਵਰਣ ਪ੍ਰਤੀ ਚਿੰਤਾ ਇਸ ਗੱਲ ਤੋਂ ਉੱਭਰ ਕੇ ਸਾਹਮਣੇ ਆਉਂਦੀ ਹੈ ਕਿ ਉਹ ਖੁਦ ਸ਼ਹਿਰ ਦੇ ਦਫਤਰਾਂ ਵਿੱਚ ਜਾ ਕੇ ਉੱਥੋਂ ਇੱਕ ਪਾਸੇ ਛਪੇ ਤੇ ਦੂਜੇ ਪਾਸੇ ਕੋਰੇ ਪਏ ਹੁੰਦੇ ਕਾਗਜ਼ਾਂ ਨੂੰ ਇਕੱਠਾ ਕਰਕੇ ਲਿਆਉਂਦੇ ਤੇ ਫਿਰ ਉਹਨਾਂ ’ਤੇ ਉਹ ਸੁਨੇਹੇ ਛਾਪਦੇ, ਜੋ ਉਹ ਆਪ ਵੱਖ-ਵੱਖ ਕਿਤਾਬਾਂ ਅਤੇ ਅਖਬਾਰਾਂ ਤੋਂ ਛਪੇ ਲੇਖਾਂ ਤੋਂ ਇਕੱਠੇ ਕਰਦੇ। ਫ਼ਿਕਰ ਦਾ ਅਸਲੀ ਕਾਰਨ ਇਹ ਸੀ ਕਿ ਕਾਗਜ਼ ਬਚਾਉਣਾ ਹੈ, ਜੋ ਕਿ ਦਰਖਤਾਂ ਦੀ ਕਟਾਈ ਨਾਲ ਜੁੜਿਆ ਹੈ ਤੇ ਸਿੱਧੇ-ਅਸਿੱਧੇ ਵਾਤਾਵਰਣ ਨਾਲ ਵੀ।
ਇਸ ਸੰਸਥਾ ਦੀ ਬੁਨਿਆਦ ਸੇਵਾ-ਸੰਭਾਲ ’ਤੇ ਤਾਂ ਹੈ ਹੀ, ਨਾਲ ਹੀ ਬਿਨਾਂ ਕਿਸੇ ਵਿਤਕਰੇ ਤੋਂ ਸਭ ਨੂੰ ਪਰਿਵਾਰ ਵਾਂਗ ਪਿਆਰ ਨਾਲ ਆਪਣਾ ਸਮਝ ਕੇ ਸੰਭਾਲਿਆ ਜਾਂਦਾ ਹੈ। ਆਪਣੇ ਨਿਰੰਤਰ ਜੁੜਨ ਨਾਲ ਮੇਰੀ ਕੋਸ਼ਿਸ਼ ਹੈ ਕਿ ਮੈਂ ਇਸ ਸੇਵਾ ਸੰਭਾਲ ਵਿੱਚ ਆਪਣਾ ਯੋਗਦਾਨ ਪਾ ਸਕਾਂ। ਸਕੂਲੀ ਬੱਚਿਆਂ ਦੇ ਵਿਅਕਤਿਤਵ ਵਿਕਾਸ ਨੂੰ ਲੈ ਕੇ ਹੁਣ ਆਪਣੀ ਰਿਟਾਇਰਮੈਂਟ ਮਗਰੋਂ ਮੈਂ ਹਰ ਹਫ਼ਤੇ ਇੱਕ ਦਿਨ ਜਾਂਦਾ ਹਾਂ ਤੇ ਬੱਚਿਆਂ ਨਾਲ ਜੁੜ ਬੈਠਦਾ ਹਾਂ।
ਸੰਸਥਾ ਦੇ ਅਨੇਕਾਂ ਹੀ ਹੋਰ ਕੰਮ ਹਨ ਜੋ ਲੋਕਾਂ ਤਕ ਪਹੁੰਚ ਹੀ ਜਾਂਦੇ ਹਨ। ਇੱਕ ਦਿਨ ਮੈਨੂੰ ਸੰਸਥਾ ਤੋਂ ਫੋਨ ਆਇਆ ਕਿ ਜਗਤ ਗੁਰੂ ਬਾਬਾ ਨਾਨਕ ਓਪਨ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਸੰਸਥਾ ਨਾਲ ਆਪਸ ਵਿੱਚ ਰਲ ਕੇ ਕੰਮ ਕਰਨ ਦੀ ਪੇਸ਼ਕਸ਼ ਕਰ ਰਹੇ ਹਨ। ਮੈਨੂੰ ਅਕਸਰ ਅਜਿਹੀਆਂ ਮੀਟਿੰਗਾਂ ਦਾ ਹਿੱਸਾ ਬਣਾਉਣ ਦੀ ਗੱਲ ਹੁੰਦੀ ਹੈ ਤੇ ਮੈਨੂੰ ਜਾਪਦਾ ਹੈ, ਮੈਂ ਭਗਤ ਪੂਰਨ ਸਿੰਘ ਨੂੰ ਕੰਮ ਕਰਦੇ ਦੇਖਿਆ ਨਹੀਂ, ਨਾ ਹੀ ਉਨ੍ਹਾਂ ਕੋਲ ਬੈਠਣ ਦਾ ਮੌਕਾ ਮਿਲਿਆ ਹੈ, ਪਰ ਬੀਬੀ ਇੰਦਰਜੀਤ ਕੌਰ ਦਾ ਕੰਮ ਅਤੇ ਉਨ੍ਹਾਂ ਦੀ ਸਮਾਜ ਪ੍ਰਤੀ ਫਿਕਰਮੰਦੀ ਪ੍ਰਭਾਵਿਤ ਕਰਨ ਵਾਲੀ ਹੈ।
ਮਿਸਾਲ ਬਣਨ ਲਈ ਜੋ ਗੁਣ ਚਾਹੀਦੇ ਹਨ, ਉਹ ਉਸ ਸੰਸਥਾ ਦੇ ਕੰਮ ਕਰਨ ਤੋਂ ਪਤਾ ਚਲਦਾ ਹੈ। ਪਿੰਗਲਵਾੜੇ ਦੇ ਕੰਮ ਹੌਲੀ-ਹੌਲੀ ਮੇਰੇ ਕਿਰਦਾਰ ਦਾ ਹਿੱਸਾ ਬਣੇ ਹਨ। ਬੀਬੀ ਜੀ ਨੇ ਕਈ ਵਾਰੀ ਕਿਹਾ ਹੈ ਕਿ ਮੇਰੀ ਸੋਚ ਤੇ ਉਨ੍ਹਾਂ ਦੀ ਸੋਚ ਇੱਕੋ ਜਿਹੀ ਹੀ ਹੈ।
ਸੰਸਥਾ ਮਿਸਾਲੀ ਹੈ, ਇਹ ਕਿਉਂ ਕਹਿੰਦਾ ਹਾਂ, ਕਿਉਂਕਿ ਬਿਨਾਂ ਕਿਸੇ ਸਰਕਾਰੀ ਸਹਿਯੋਗ ਤੋਂ ਸਿਰਫ਼ ਤੇ ਸਿਰਫ਼ ਲੋਕ ਭਲਾਈ ਕੇ ਕੰਮਾਂ ਬਾਰੇ ਸੋਚਦੇ ਰਹਿਣਾ। ਕਈ ਸੰਸਥਾਵਾਂ ਆਪਣੇ ਉਲੀਕੇ ਕੰਮਾਂ ਨੂੰ ਮਾਡਲ ਜਾਂ ਬੇਮਿਸਾਲ ਕਹਿੰਦੀਆਂ ਹਨ। ਠੀਕ ਹੈ ਕਿ ਸਭ ਨੂੰ ਖੁਸ਼ ਨਹੀਂ ਕੀਤਾ ਜਾ ਸਕਦਾ ਪਰ ਜਿਵੇਂ ਨਿਆਂਪਾਲਿਕਾ ਤੋਂ ਉਮੀਦ ਹੁੰਦੀ ਹੈ ਕਿ ਇਨਸਾਫ ਹੋਵੇ ਤੇ ਨਾਲ ਇਨਸਾਫ ਹੁੰਦਾ ਨਜ਼ਰ ਆਵੇ, ਉਸੇ ਤਰ੍ਹਾਂ ਕੰਮ ਹੋਣ, ਪਰ ਕੰਮ ਵਿੱਚ ਨੀਅਤ ਦੀ ਸਪਸ਼ਟਤਾ ਨਜ਼ਰ ਵੀ ਆਵੇ, ਜੋ ਪਿੰਗਲਵਾੜਾ ਵਿੱਚ ਦਿਸਦੀ ਹੈ। ਇਹੀ ਵੱਡੀ ਲੋੜ ਹੈ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4947)
(ਸਰੋਕਾਰ ਨਾਲ ਸੰਪਰਕ ਲਈ:(This email address is being protected from spambots. You need JavaScript enabled to view it.)