“ਜਦੋਂ ਮੈਂ ਭਾਰਤ ਗਿਆਨ-ਵਿਗਿਆਨ ਸੰਮਤੀ ਨਾਲ ਜੁੜਿਆ ਤੇ ਫਿਰ ਵਿਗਿਆਨਕ ਚੇਤਨਾ ਮੁਹਿੰਮ ਨਾਲ, ਤਾਂ ...”
(26 ਮਈ 2023)
ਇਸ ਸਮੇਂ ਪਾਠਕ: 172.
ਮੈਂ ਇੱਕ ਰਚਨਾ ਪੜ੍ਹੀ ਪਾਬਲੋ ਨੇਬਦਾ ਦੀ, ਉਸ ਭਾਸ਼ਾ ਵਿੱਚ, ਜਿਸ ਵਿੱਚ ਮੈਂ ਪੜ੍ਹ ਸਕਿਆ। ਕਵਿਤਾ ਦੀਆਂ ਕੁਝ ਸਤਰਾਂ ਹਨ, ‘ਫਿਰ ਵੀ ਕੁਝ ਲੋਕ ਹਨ, ਜੋ ਪਰਿਵਰਤਨ ਵਿੱਚ ਵਿਸ਼ਵਾਸ ਰੱਖਦੇ ਹਨ। ਜਿਹਨਾਂ ਨੇ ਪਰਿਵਰਤਨ ਕੀਤੇ ਹਨ, ਜਿਹਨਾਂ ਨੇ ਪਰਿਵਰਤਨ ਹੁੰਦੇ ਦਿਖਾਇਆ ਹੈ, ਜਿਹਨਾਂ ਪਰਿਵਰਤਨ ਨੂੰ ਫੁੱਲਾਂ ਵਿੱਚ ਫੁੱਟਦੇ ਤੱਕਿਆ ਹੈ। ਕਰਾਬਾ! ਕੋਈ ਵੀ ਬਹਾਰ ਨੂੰ ਰੋਕ ਨਹੀਂ ਸਕਦਾ।’ ਕਵਿਤਾ ਉੱਸਰੀ ਤੇ ਆਖੀਰ ਮੈਨੂੰ ਜਾਪਿਆ ਮੇਰੇ ਦਿਮਾਗ ਦੀ ਖਿੜਕੀ ਖੁੱਲ੍ਹ ਗਈ ਹੈ। ਫਿਰ ਇੱਕੋ ਦਮ ਅਹਿਸਾਸ ਹੋਇਆ, ਇਹ ਰਚਨਾ ਜੋ ਮੈਂ ਪੜ੍ਹੀ ਹੈ, ਜਿਸ ਭਾਸ਼ਾ ਵਿੱਚ ਲਿਖੀ ਹੈ, ਇਹ ਤਾਂ ਕਿੰਨਿਆਂ ਨੂੰ ਨਹੀਂ ਆਉਂਦੀ, ਉਹ ਲੋਕ ਇਸ ਰਚਨਾ ਦੇ ਅਹਿਸਾਸ ਤੋਂ ਵਾਂਝੇ ਰਹਿ ਜਾਣਗੇ। ਮੈਂ ਇਸ ਨੂੰ ਆਪਣੀ ਭਾਸ਼ਾ ਵਿੱਚ ਤਬਦੀਲ ਕਰ ਦਿੱਤਾ। ਉਸ ਦੀ ਸ਼ਕਲ ਬਦਲੀ, ਭਾਵ ਉਹੀ ਰਹਿਣ ਦਿੱਤਾ। ਕੋਸ਼ਿਸ਼ ਪੂਰੀ ਕੀਤੀ। ਫਿਰ ਆਪਣੀ ਪਤਨੀ ਨੂੰ ਸੁਣਾਈ। ਊਸ਼ਾ, ਤੁਸੀਂ ਜਾਣਦੇ ਹੋ, ਮੇਰੀਆਂ ਰਚਨਾਵਾਂ ਦੀ ਪਹਿਲੀ ਪਾਠਕ, ਜਿਸ ਨੂੰ ਉਂਜ ਮੈਂ ਸੋਨਮੋਮ ਕਹਿੰਦਾ ਹਾਂ। ਜਦੋਂ ਪੁੱਛਿਆ ਤਾਂ ਜਾਪਿਆ, ਰਚਨਾ ਸਹੀ ਅਰਥਾਂ ਵਿੱਚ ਪਹੁੰਚ ਗਈ ਹੈ। ਮੇਰਾ ਮਕਸਦ ਪੂਰਾ ਹੋਇਆ। ਇਹ ਹੁਣ ਕਿੰਨੇ ਹੀ ਹੋਰ ਲੋਕਾਂ ਤਕ ਪਹੁੰਚ ਕੇ ਉਨ੍ਹਾਂ ਦੇ ਦਿਮਾਗ ਦੀ ਖਿੜਕੀ ਖੋਲ੍ਹੇਗੀ। ਇੱਕ ਮੈਗਜ਼ੀਨ ਨੇ ਅਨੁਵਾਦ ਸਿਰਲੇਖ ਹੇਠ ਛਾਪੀ। ਸ਼ਬਦਾਂ ਦੇ ਰੂਪ ਦੀ ਤਬਦੀਲੀ। ਰੂਪਾਂਤਰਣ। ਅਨੁਵਾਦ।
ਅਨੁਵਾਦ ਨੂੰ ਪੁਲ ਕਿਹਾ ਜਾਂਦਾ ਹੈ, ਪਰ ਮੈਂ ਸਮਝਦਾ ਹਾਂ, ਇਹ ਗਿਆਨ ਨੂੰ ਫੈਲਾਉਣਾ ਹੈ। ਵੱਧ ਤੋਂ ਵੱਧ ਲੋਕਾਂ ਤਕ ਪਹੁੰਚਾਉਣਾ। ਪੁਲ ਵੀ ਨਵੇਂ ਰਾਹ ਖੋਲ੍ਹਦੇ ਹਨ। ਮਨੁੱਖੀ ਹਸਤੀ ਨੂੰ ਫੈਲਾਉਣ ਲਈ।
ਹਿੰਦੀ, ਪੰਜਾਬੀ, ਅੰਗਰੇਜ਼ੀ, ਤਿੰਨ ਭਾਸ਼ਾਵਾਂ ਨਾਲ ਮੇਰਾ ਵਾਹ-ਵਾਸਤਾ ਰਿਹਾ ਹੈ। ਮਾਂ ਕੋਲੋਂ ਪੰਜਾਬੀ ਦੀ ਉਪਭਾਸ਼ਾ ਸਿਰਾਇਕੀ ਮਿਲੀ। ਸਕੂਲ ਪਹਿਲੀ ਭਾਸ਼ਾ ਹਿੰਦੀ ਤੇ ਤੀਸਰੀ ਜਮਾਤ ਤੋਂ ਪੰਜਾਬੀ ਤੇ ਫਿਰ ਪੰਜਾਬੀ ਲੇਖਨ ਰਾਹੀਂ ਪੰਜਾਬੀ ਸਾਹਿਤ ਨਾਲ ਜੁੜਾਵ। ਮੈਡੀਕਲ ਦੀ ਪੜ੍ਹਾਈ ਅੰਗਰੇਜ਼ੀ ਵਿੱਚ ਕਰਨੀ ਪਈ, ਉਂਜ ਨੌਂਵੀਂ ਤੋਂ ਹੀ ਵਿਗਿਆਨ ਵਾਲੇ ਵਿਸ਼ੇ ਅੰਗੇ੍ਰਜੀ ਵਿੱਚ ਪੜ੍ਹੇ।
ਜਦੋਂ ਲੇਖਕੀ ਕਾਰਜ ਸ਼ੁਰੂ ਹੋਇਆ ਤਾਂ ਉਹ ਹਿੰਦੀ ਵਿੱਚ ਸੀ। ਕਵਿਤਾ ਸੀ ਮੂਲ ਰੂਪ ਵਿੱਚ। ਸਿਹਤ ਦਾ ਵਿਦਿਆਰਥੀ ਹੋਣ ਨਾਤੇ ਸਿਹਤ ਬਾਰੇ ਲਿਖਣ ਨੂੰ ਪ੍ਰੇਰਿਆ ਗਿਆ ਤਾਂ ਇੰਜ ਮਹਿਸੂਸ ਹੋਇਆ ਜਿਵੇਂ ਸਿਲੇਬਸੀ ਕਿਤਾਬਾਂ ਦਾ ਅਨੁਵਾਦ ਕਰ ਰਿਹਾ ਹਾਂ। ਪਹਿਲਾ ਲੇਖ ‘ਉਦਾਸੀ ਰੋਗ’ ਨੂੰ ਲੈ ਕੇ ਸੀ, ਮੈਂ ਮਨੋਰੋਗ ਵਿਭਾਗ ਵਿੱਚ ਟ੍ਰੇਨਿੰਗ ਲੈ ਰਿਹਾ ਸੀ। ਲੇਖ ਲਿਖ ਕੇ ਇੰਜ ਜਾਪਿਆ ਕਿ ਮੈਂ ਇਸ ਵਿੱਚੋਂ ਗਾਇਬ ਹਾਂ। ਸਿਹਤ ਵਿਗਿਆਨ ਬਾਰੇ ਜਾਣਕਾਰੀ ਨਾਲ ਲੋਕਾਂ ਨੂੰ ਲੈਸ ਕਰਨਾ ਵੀ ਇੱਕ ਮਕਸਦ ਸੀ। ਇਹ ਗੱਲ ਬਾਅਦ ਵਿੱਚ ਵੱਧ ਸਮਝ ਆਈ ਜਦੋਂ ਪਤਾ ਚੱਲਿਆ ਕਿ ਸਮਾਜ ਵਿੱਚ ਸਿਹਤ ਨੂੰ ਲੈ ਕੇ ਕਿੰਨਾ ਹੀ ਅੰਧ ਵਿਸ਼ਵਾਸ ਹੈ, ਵਹਿਮ-ਭਰਮ ਹੈ, ਡੇਰੇ-ਬਾਬੇ ਹਨ। ਅਨੇਕਾਂ ਪੈਥੀਆਂ ਨੂੰ ਲੈ ਕੇ ਭੰਬਲਭੂਸਾ ਹੈ। ਹੁਣ ਤਾਂ ਸਿਹਤ ਦੇ ਮਾਹਿਰ, ਸੁਪਰ ਮਾਹਿਰ ਵੀ ਸਿੱਧੇ ਮੂੰਹ ਗੱਲ ਨਹੀਂ ਕਰਦੇ; ਕਹਿਣ ਤੋਂ ਭਾਵ ਮਰੀਜ਼ ਨੂੰ ਉਸ ਦੀ ਬਿਮਾਰੀ ਪ੍ਰਤੀ ਜਾਗਰੂਕ ਜਾਂ ਕਹੀਏ, ਗਿਆਨਵਾਨ ਨਹੀਂ ਕਰਦੇ।
ਜਦੋਂ ਮੈਂ ਭਾਰਤ ਗਿਆਨ-ਵਿਗਿਆਨ ਸੰਮਤੀ ਨਾਲ ਜੁੜਿਆ ਤੇ ਫਿਰ ਵਿਗਿਆਨਕ ਚੇਤਨਾ ਮੁਹਿੰਮ ਨਾਲ, ਤਾਂ ਸਭ ਤੋਂ ਪਹਿਲਾਂ ਅੰਗਰੇਜ਼ੀ, ਹਿੰਦੀ ਤੋਂ ਮਿਲੀ ਸਮੱਗਰੀ ਨੂੰ ਪੰਜਾਬੀ ਭਾਸ਼ਾ ਵਿੱਚ ਤਿਆਰ ਕਰਕੇ ਲੋਕਾਂ ਵਿੱਚ ਲੈ ਕੇ ਜਾਣਾ ਪ੍ਰਮੁੱਖ ਕੰਮ ਸੀ। ਇੱਕ ਛੋਟੀ ਜਿਹੀ ਪੁਸਤਕ, ਕਿਤਬਚਾ ਕਹੋ, ਦਿੱਲੀ ਸਾਇੰਸ ਫੋਰਮ ਵੱਲੋਂ ਤਿਆਰ ਹੋ ਕੇ ਪਹੁੰਚਿਆ, ਊਸ਼ਾ ਮੈਨਨ ਵੱਲੋਂ ਲਿਖਿਆ, ‘ਦੇਸ਼ ਅਤੇ ਆਤਮ ਨਿਰਭਰਤਾ ਲਈ ਵਿਗਿਆਨ।’ ਉਸ ਨੇ ਵੀ ਦਿਮਾਗ ਦੀ ਖਿੜਕੀ ਖੋਲ੍ਹੀ। ਵਿਗਿਆਨ ਤੋਂ ਅੱਗੇ ਸਰਮਾਏਦਾਰੀ ਦੇ ਹੱਥ ਆ ਕੇ, ਤਕਨਾਲੋਜੀ ਵਿਕਸਿਤ ਕਰਕੇ, ਵਿਗਿਆਨ ਨੂੰ ਟੁਕੜਿਆਂ ਵਿੱਚ ਵਰਤਣਾ। ਟੁਕੜੇ-ਟੁਕੜੇ ਕਰਨ ਦੀ ਮਾਨਸਿਕਤਾ, ਰਾਜ ਕਰਨ ਦੀ ਮਾਨਸਿਕਤਾ, ਸੱਤਾ ਵਿੱਚ ਬਣੇ ਰਹਿਣ ਦੀ ਹੈ। ਸਰਮਾਏਦਾਰੀ ਇਸ ਨੂੰ ਬਾਜ਼ਾਰ ਵਿੱਚ ਬਣੇ ਰਹਿਣ ਲਈ ਵਰਤਦੀ ਹੈ। ਇੱਕ ਤਾਂ ਵਿਗਿਆਨ ਦੀਆਂ ਖੋਜਾਂ ਸਭ ਤਕ ਬਰਾਬਰ ਪਹੁੰਚਣ ਦੇ ਘੇਰੇ ਤੋਂ ਬਾਹਰ ਹੋਈਆਂ ਤੇ ਵੱਖ-ਵੱਖ ਕੰਪਨੀਆਂ ਵੱਲੋਂ ਬਣਾਏ ਗਏ ਸਮਾਨ ਨੂੰ ਇੰਨਾ ਵੱਖਰਾ ਕਰ ਲਿਆ ਕਿ ਹਰ ਕੰਪਨੀ ਆਤਮ ਨਿਰਭਰ ਹੋ ਗਈ ਤੇ ਇਸਤੇਮਾਲ ਕਰਨ ਵਾਲੇ ਲੋਕ ਮੁਥਾਜ। ਕਿੰਨੀਆਂ ਹੀ ਕਾਰਾਂ ਨੇ। ਸਭ ਦੇ ਚਾਰ ਪਹੀਏ। ਕਿਸੇ ਇੱਕ ਕੰਪਨੀ ਦੀ ਕਾਰ ਦੀ ਸਟੈਪਨੀ ਜਾਂ ਟਾਇਰ, ਦੂਸਰੀ ਕੰਪਨੀ ਦੀ ਕਾਰ ਵਿੱਚ ਇਸਤੇਮਾਲ ਨਹੀਂ ਹੋ ਸਕਦਾ। ਇਹ ਤਾਂ ਵੱਡੀ ਉਦਾਹਰਣ ਹੈ, ਤੁਸੀਂ ਪੇਚ ਵੀ ਇਸਤੇਮਾਲ ਨਹੀਂ ਕਰ ਸਕਦੇ। ਲੋੜ ਪੈਣ ’ਤੇ ਉਨ੍ਹਾਂ ਵੱਲ ਹੀ ਝਾਕਣਾ ਪਵੇਗਾ ਤੇ ਇਸ ਤਰੀਕੇ ਨਾਲ ਉਹ ਹਰ ਤਰ੍ਹਾਂ ਦਾ ਸ਼ੋਸ਼ਣ ਕਰਦੇ ਹਨ।
ਸਰਮਾਏਦਾਰ ਮਿਲ ਕੇ ਕੰਮ ਕਰਨ ਵਿੱਚ ਯਕੀਨ ਨਹੀਂ ਕਰਦਾ। ਉਹ ਮੁਕਾਬਲੇਬਾਜ਼ੀ ਉਭਾਰਦੀ ਹੈ। ਮੁਕਾਬਲੇਬਾਜ਼ੀ ਵਿੱਚ ਦੂਸਰੇ ਤੋਂ ਅੱਗੇ ਨਿਕਲਣ ਦੀ, ਵਧੀਆ ਮਾਲ ਦੀ ਭਾਵਨਾ ਜ਼ਰੂਰ ਉਭਾਰੀ ਜਾਂਦੀ ਹੈ, ਪਰ ਹੁੰਦਾ ਇਸ ਤੋਂ ਉਲਟ ਹੈ। ਅਸਲ ਵਿੱਚ ਇੱਕ ਦੂਸਰੇ ਨੂੰ ਬਰਬਾਦ ਕਰਨ ਦੀ ਹੋੜ ਲਗਦੀ ਹੈ।
‘ਮਿੰਨੀ’ ਤ੍ਰੈਮਾਸਿਕ ਮੈਗਜ਼ੀਨ 1988 ਵਿੱਚ ਸ਼ੁਰੂ ਹੋਇਆ। ਭਾਰਤ ਗਿਆਨ ਵਿਗਿਆਨ ਸੰਮਤੀ ਦੇ ਗਠਨ ਵਾਲੇ ਸਮੇਂ ਤੋਂ ਹੀ। ਅਸੀਂ ਇਸ ਨਵੀਂ ਵਿਧਾ ਦੇ ਨਵੇਂ ਤੌਰ ਤਰੀਕੇ ਸਮਝਣ ਲਈ ਮੈਗਜ਼ੀਨ ਵਿੱਚ ‘ਮਹਿਮਾਨ ਮਿੰਨੀ ਕਹਾਣੀਆਂ’ ਦਾ ਕਾਲਮ ਸ਼ੁਰੂ ਕੀਤਾ। ਉਸ ਦੇ ਤਹਿਤ ਹਿੰਦੀ, ਹੋਰ ਭਾਰਤੀ ਭਾਸ਼ਾਵਾਂ ਅਤੇ ਵਿਦੇਸ਼ੀ ਲੇਖਕਾਂ ਦੀਆਂ ਮਿੰਨੀ ਕਹਾਣੀਆਂ ਅਨੁਵਾਦ ਕਰ ਕੇ ਛਾਪਦੇ। ਮੇਰੀ ਮੁਲਾਕਾਤ ਪੰਜਾਬੀ ਦੇ ਨਾਮਵਰ ਲੇਖਕ, ਮੁੰਬਈ ਵਿੱਚ, ਸਮੁੰਦਰ ਕਿਨਾਰੇ ਘਰ ਸੰਨ ਐਂਡ ਸੀ ਬਿਲਡਿੰਗ ਵਿੱਚ ਰਹਿੰਦੇ, ਹਰ ਰੋਜ਼ ਖਿੜਕੀ ਵਿੱਚੋਂ ਸਮੁੰਦਰ ਨੂੰ ਦਿਸਹੱਦੇ ਤਕ ਨਿਹਾਰਦੇ ਤੇ ਉਸ ਦੀ ਡੂੰਘਾਈ ਨੂੰ ਆਪਣੀ ਸੋਚ ਵਿੱਚ ਉਤਾਰਦੇ। ਮੇਰੇ ਪ੍ਰਤੀ ਬਹੁਤ ਮੇਹਰਬਾਨ ਸਨ। ਮਿੰਨੀ ਕਹਾਣੀ ਵਿਧਾ, ਜਿਸ ਨੂੰ ਪੰਜਾਬੀ ਦੇ ਵੱਡੇ ਲੇਖਕ ਟਿੱਚ ਸਮਝਦੇ, ਜਦੋਂ ਮੈਗਜ਼ੀਨ ਦੀ ਕਾਪੀ ਭੇਜੀ ਤਾਂ ਉਨ੍ਹਾਂ ਨੇ ਪੰਜਾਹ ਦੇ ਕਰੀਬ ਵਿਦੇਸ਼ੀ ਲੇਖਕਾਂ, ਚੇਖਵ, ਗੋਰਕੀ, ਆਸਕਰ ਵਾਇਲਡ, ਸਲਜੋਨਿਤਸਿਨ, ਲ ਸ਼ਨ ਆਦਿ ਦੀਆਂ ਰਚਨਾਵਾਂ ਭੇਜੀਆਂ ਤੇ ਛਾਪਣ ਲਈ ਪ੍ਰੇਰਿਆ। ਉਨ੍ਹਾਂ ਦੀ ਹਮੇਸ਼ਾ ਕੋਸ਼ਿਸ਼ ਰਹੀ ਕਿ ਚਿੰਤਨ ਦਾ ਸੰਸਾਰ ਵਿਆਪਕ ਹੋਵੇ। ਵਿਦੇਸ਼ੀ ਮਿੰਨੀ ਕਹਾਣੀਆਂ ਨੇ ਮਿੰਨੀ ਕਹਾਣੀ ਦੇ ਰੂਪਕ ਪੱਖ ਨੂੰ ਅਤੇ ਪੇਸ਼ਕਾਰੀ ਨੂੰ ਵਿਸਥਾਰ ਦਿੱਤਾ।
ਇਸ ਨੇ ਭਾਰਤ ਦੇ ਹੋਰ ਭਾਸ਼ਾਵਾਂ ਨਾਲ ਜੁੜੇ ਲੇਖਕਾਂ ਨਾਲ ਮਿਲਣ ਦਾ ਸਬੱਬ ਬਣਾਇਆ। ‘ਲਘੂ ਕਥਾ ਸੰਘ ਪਟਨਾ’ ਨੇ ਆਪਣੇ ਸਲਾਨਾ ਸਮਾਗਮ ਵਿੱਚ ਇਸ ਕਾਰਜ ਲਈ ‘ਮਿੰਨੀ’ ਤ੍ਰੈਮਾਸਿਕ ਦੇ ਇਸ ਕਦਮ ਦੀ ਸ਼ਲਾਘਾ ਕੀਤੀ ਅਤੇ ਸਨਮਾਨਿਆ ਵੀ।
ਪੰਜਾਬੀ ਵਿੱਚ ਅਨੁਵਾਦ ਦਾ ਕਾਰਜ ਕਰਦਿਆਂ, ਭਾਵੇਂ ਛੋਟੇ ਪੱਧਰ ’ਤੇ ਹੀ, ਨਾਲ ਹੀ ਮੈਡੀਕਲ ਦਾ ਡਾਕਟਰ ਹੋਣ ਦੇ ਨਾਤੇ, ਨੈਸ਼ਨਲ ਬੁੱਕ ਟ੍ਰਸਟ ਨੇ ਇੱਕ ਕਿਤਾਬ ‘ਅੰਡਰਸਟੈਂਡਿੰਗ ਅਡੋਲਸੈਂਟ’ ਦਾ ਪੰਜਾਬੀ ਅਨੁਵਾਦ ਕਰਨ ਲਈ ਭੇਜੀ। ਅੰਗਰੇਜ਼ੀ ਤੋਂ ਪੰਜਾਬੀ ਅਨੁਵਾਦ, ਇਸ ਤਰ੍ਹਾਂ ਦਾ ਪ੍ਰੋਜੈਕਟ ਮੈਂ ਪਹਿਲੀ ਵਾਰ ਕਰ ਰਿਹਾ ਸੀ। ਪਹਿਲਾਂ ਭਾਵੇਂ ਚੇਖ਼ਵ, ਗੋਰਕੀ, ਲ ਸ਼ਨ ਅਤੇ ਪਾਬਲੋ ਨੇਰੁਦਾ ਆਦਿ ਦੀਆਂ ਰਚਨਾਵਾਂ ਨੂੰ ਅਨੁਵਾਦ ਕੀਤਾ ਸੀ, ਪਰ ਸਾਰਾ ਹਿੰਦੀ ਤੋਂ ਸੀ। ਖੈਰ, ਮੈਂ ਇਹ ਕੰਮ ਹੱਥ ਲੈ ਲਿਆ। ਇਸ ਪੁਸਤਕ ਨੇ ਅਨੁਵਾਦ ਤੋਂ ਇਲਾਵਾ ਮੇਰੇ ਆਪਣੇ ਮੈਡੀਕਲ ਅਤੇ ਮਨੋਵਿਗਿਆਨ ਦੇ ਪਹਿਲੂ ਨੂੰ ਇੱਕ ਨਵਾਂ ਰਾਹ ਦਿਖਾਇਆ ਤੇ ਮੈਂ ਆਪਣੀ ਐੱਮ.ਡੀ ਦੀ ਪੜ੍ਹਾਈ ਕਰਵਾਉਂਦਿਆਂ ਆਪਣੇ ਵਿਦਿਆਰਥੀਆਂ ਨੂੰ ਇਸ ਉਮਰ ਦੇ ਅਲੱਗ-ਅਲੱਗ ਪਹਿਲੂਆਂ ’ਤੇ ਕੰਮ ਕਰਵਾਇਆ। ਉਨ੍ਹਾਂ ਨੂੰ ਕੰਮ ਕਰਵਾਉਂਦੇ ਮੇਰੇ ਤੋਂ ਇੱਕ ਪੁਸਤਕ, ‘ਜਵਾਨ ਹੋ ਰਹੇ ਧੀਆਂ ਪੁੱਤ’ ਲਿਖੀ ਗਈ। ਕਹਿ ਲਵੋ ਅਨੁਵਾਦ ਹੀ ਉਹ ਜ਼ਰੀਆ ਸੀ, ਇੱਕ ਪੁਲ ਸੀ, ਜੋ ਇਸ ਨਵੇਂ ਪੈਂਡੇ, ਨਵੀਂ ਮੰਜ਼ਿਲ ਤਕ ਲੈ ਗਿਆ। ਇਸ ਕਿਤਾਬ ਦਾ ਮੁੱਢ ਉਸ ਕਿਤਾਬ ਤੋਂ ਵੀ ਬੱਝਿਆ ਜੋ ‘ਬੱਚੇ ਕਦੇ ਤੰਗ ਨਹੀਂ ਕਰਦੇ’ ਨਾਂ ਹੇਠ ਲਿਖੀ ਗਈ ਤੇ ਵੱਡੀ ਗਿਣਤੀ ਵਿੱਚ ਪੜ੍ਹੀ ਗਈ। ਇਨ੍ਹਾਂ ਦੋਹਾਂ ਅਤੇ ਹੋਰ ਅਜਿਹੀਆਂ ਲਿਖਤਾਂ ਪਿੱਛੇ ਵੀ ਵਿਸ਼ਵ ਪੱਧਰੀ ਮਨੋਵਿਗਿਆਨ ਅਤੇ ਸਮਾਜ ਵਿਗਿਆਨ ਦੀ ਪੜ੍ਹਾਈ ਸੀ, ਜੋ ਅਨੁਵਾਦ ਹੋ ਕੇ ਜਾਂ ਮੂਲ ਭਾਸ਼ਾ ਵਿੱਚ ਪਹੁੰਚੀਆਂ ਸਨ ਤੇ ਇੱਥੋਂ ਦੀ ਧਰਤੀ ਦੇ ਸੱਭਿਆਚਾਰ ਦਾ ਬਾਣਾ ਪਾ ਕੇ ਨਵੇਂ ਰੂਪ ਵਿੱਚ ਸਾਹਮਣੇ ਆ ਰਹੀਆਂ ਸਨ।
ਅਨੁਵਾਦ ਕਰਨ ਵਾਲੇ, ਇਸ ਕਾਰਜ ਲਈ ਮੁਹਾਰਤ ਰੱਖਣ ਵਾਲੇ ਲੇਖਕ ਲੋਕ, ਇਸ ਨੂੰ ਮੂਲ ਕਾਰਜ ਜਿੰਨਾ ਹੀ ਮਹੱਤਵਪੂਰਨ ਸਮਝਦੇ ਹਨ। ਨਿਸ਼ਚਿਤ ਹੀ ਇਸ ਨਾਲ ਪਛਾਣ ਵੀ ਜੁੜਦੀ ਹੈ। ਪਰ ਮੈਂ ਜੋ ਮਹਿਸੂਸ ਕੀਤਾ ਹੈ ਕਿ ਮੈਂ ਇਸ ਤਰ੍ਹਾਂ ਦਾ ਨਾਮਵਰ, ਜਾਣਿਆ-ਪਛਾਣਿਆ ਅਨੁਵਾਦਕ ਨਹੀਂ ਹਾਂ। ਕੋਈ ਇੱਕਾ-ਦੁੱਕਾ ਰਚਨਾ, ਕਵਿਤਾ ਜਾਂ ਮਿੰਨੀ ਕਹਾਣੀ ਹੀ ਅਨੁਵਾਦ ਹੋ ਜਾਂਦੀ ਹੈ। ਉਹ ਵੀ ਕੋਈ ਬਹੁਤ ਵਿਸ਼ੇਸ਼ ਲੱਗੇ, ਹਟਵੀਂ ਅਤੇ ਨਵੀਂ ਗੱਲ ਪੇਸ਼ ਕਰਦੀ, ਪੁਰਾਣੀ ਗੱਲ ਨੂੰ ਨਵੇਂ ਲਹਿਜ਼ੇ ਵਿੱਚ ਕਹਿਣ ਵਾਲੀ। ਸ਼ੇਅਰੋ-ਸ਼ਾਇਰੀ ਨੂੰ ਲੈ ਕੇ ਇੱਕ ਗੱਲ ਕਹੀ ਜਾਂਦੀ ਹੈ ਕਿ ਕੋਈ ਕਿਸੇ ਮੌਕੇ ਕਿਸੇ ਸ਼ੇਅਰ ਨੂੰ ਆਪਣੇ ਚੇਤੇ ਵਿੱਚੋਂ ਚੁੱਕ ਕੇ ਪੇਸ਼ ਕਰਦਾ ਜਾਂ ਸੁਣਾਉਂਦਾ ਹੈ ਤਾਂ ਭਾਵ ਹੈ ਕਿ ਉਸ ਵਿਅਕਤੀ ਨੇ ਇਹ ਸ਼ੇਅਰ ਖੁਦ ਲਿਖਿਆ ਹੈ, ਉਹ ਸ਼ਬਦ ਭਾਵ ਉਸੇ ਦੇ ਹੀ ਹਨ। ਵੈਸੇ ਕੋਈ ਕਵਿਤਾ ਕਹਾਣੀ ਪੜ੍ਹ ਕੇ ਜੇਕਰ ਲੱਗੇ ਕਿ ਇਹ ਮੈਂ ਲਿਖੀ ਹੈ, ਤੇ ਉਸ ਦਾ ਅਨੁਵਾਦ ਕਰਨ ਦਾ ਮਨ ਕਰੇ ਤਾਂ ਸਪਸ਼ਟ ਹੈ ਕਿ ਤੁਸੀਂ ਉਸ ਦੇ ਸਿਰਜਕ ਹੀ ਹੋ। ਅਨੁਵਾਦ ਜਿੱਥੇ ਪੁਲ ਹੈ, ਵਿਚਾਰਾਂ ਦਾ ਫੈਲਾਅ ਕਰਦਾ ਹੈ, ਉੱਥੇ ਉਹ ਉਨ੍ਹਾਂ ਨਵੇਂ ਵਿਚਾਰਾਂ ਨਾਲ ਨਵੀਂ ਧਰਤੀ, ਵੱਖਰੇ ਸੱਭਿਆਚਾਰ ਤੋਂ ਮਿਲੇ ਤਜਰਬਿਆਂ ਨਾਲ ਸਖਸੀਅਤ ਤਬਦੀਲੀ ਵੀ ਕਰਦਾ। ਮੈਂ ਆਪਣੇ ਬਾਰੇ ਕਹਿ ਸਕਦਾ ਹਾਂ ਕਿ ਮੇਰਾ ਆਪਣਾ ਵਜੂਦ, ਅਨੁਵਾਦ ਹੋਈਆਂ, ਅਨੁਵਾਦ ਕੀਤੀਆਂ ਲਿਖਤਾਂ ਨੇ ਬਦਲਿਆ ਹੈ।
ਅੰਗਰੇਜ਼ੀ ਤੋਂ ਅਨੁਵਾਦ ਕਰਕੇ, ਪਹਿਲਾਂ ਸਿਹਤ ਸਬੰਧੀ ਲਿਖਤਾਂ ਛਪੀਆਂ ਤੇ ਤਸੱਲੀ ਨਾ ਹੋਈ, ਪਰ ਸਿਹਤ ਨੂੰ ਨਿੱਠ ਕੇ ਪੜ੍ਹਿਆ ਤੇ ਪੜ੍ਹਾਇਆ ਤੇ ਇਸਦੇ ਸਮਾਜਿਕ ਪੱਖ ਨੂੰ ਸਮਝਿਆ ਤਾਂ ਸਿਹਤ ਅਤੇ ਸਮਾਜ ਦੇ ਰਿਸ਼ਤੇ ਨੂੰ ਲੈ ਕੇ ਲਿਖਿਆ ਤਾਂ ਇਸ ਵਿੱਚ ਮੇਰੀਆਂ ਪੜ੍ਹੀਆਂ ਅਨੇਕਾਂ ਫਲਸਫਾਨਾ ਰਚਨਾਵਾਂ ਵੀ ਸੀ, ਮੇਰੀ ਸਰੀਰ ਵਿਗਿਆਨ ਬਾਰੇ ਸਮਝ ਅਤੇ ਸਮਾਜ ਵਿਗਿਆਨ ਦਾ ਪਿਛੋਕੜ ਵੀ। ਇਨ੍ਹਾਂ ਨੇ ਮਿਲ ਕੇ, ਨਵੀਂ ਤਰ੍ਹਾਂ ਵਾਲੇ, ਨਵੇਂ ਨਵੇਕਲੇ ਗੁਣਾਂ ਵਾਲੇ ਪੱਖਾਂ ਨੂੰ ਉਜਾਗਰ ਕੀਤਾ। ਕਈ ਕੁਝ ਵਧੀਆ ਲਿਖਿਆ ਗਿਆ। ‘ਕਿਵੇਂ ਵੱਖਰੇ ਹਾਂ ਅਸੀਂ ਜਾਨਵਰਾਂ ਤੋਂ’ ਜੋ ਬਾਅਦ ਵਿੱਚ ‘ਮਨੁੱਖ ਹੋਣ ਦੇ ਮਾਇਨੇ’ ਵਜੋਂ ਛਪੀ। ਇਹ ਪੁਸਤਕ ਕਈ ਦਰਸ਼ਨਾਂ ਦਾ ਮੇਲ-ਮਿਲਾਪ ਹੋਣ ਕਰਕੇ, ਵਿਸ਼ੇ ਨੂੰ ਨਵੇਂ ਪਸਾਰ ਤੋਂ ਪੇਸ਼ ਕਰਦੀ ਰਚਨਾ ਬਣੀ ਹੈ।
ਹਿੰਦੀ-ਪੰਜਾਬੀ ਦਾ ਤਕਰੀਬਨ ਬਰਾਬਰ ਦਾ ਗਿਆਨ ਹੋਣ ਕਾਰਨ, ਹਿੰਦੀ ਨਾ ਵੀ ਕਹੀਏ, ਹਿੰਦੁਸਤਾਨੀ ਤਾਂ ਪੂਰੇ ਯਕੀਨ ਨਾਲ ਕਹਿ ਸਕਦਾ ਹਾਂ, ਆਪ ਹੀ ਕਈ ਲੇਖਾਂ ਦਾ ਅਨੁਵਾਦ ਕੀਤਾ। ਮੇਰੀ ਇੱਕ ਲੇਖ ਸੀਰੀਜ਼ ‘ਨੌਜਵਾਨ ਅਤੇ ਸੈਕਸ ਸਮੱਸਿਆਵਾਂ’ ਜਦੋਂ ਲਗਾਤਾਰ ਤਕਰਸ਼ੀਲ ਰਸਾਲੇ ਵਿੱਚ ਛਪੀ ਤੇ ਬਾਅਦ ਵਿੱਚ ਪੁਸਤਕ ਵੀ ਬਣੀ ਤਾਂ ਇਹ ਪੁਸਤਕ, ਹਰਿਆਣਾ ਤੋਂ ਕਰਨਾਲ ਦੇ ਮਨੋਰੋਗ ਵਿਸ਼ੇਸ਼ਗ ਡਾ. ਜਗਦੀਸ਼ ਬਾਠਲਾ ਦੇ ਹੱਥ ਲੱਗੀ ਤਾਂ ਉਨ੍ਹਾਂ ਨੇ ਅਨੁਵਾਦ ਕਰਕੇ ਛਾਪਣ ਦੀ ਪੇਸ਼ਕਸ਼ ਕੀਤੀ। ਮਕਸਦ ਸੀ ਕਿ ਆਪਣੇ ਹਸਪਤਾਲ ਵਿੱਚ ਆਉਣ ਵਾਲੇ ਮਰੀਜ਼ਾਂ ਨੂੰ ਵੰਡੀ ਜਾ ਸਕੇ। ਇਸ ਤਰ੍ਹਾਂ ਉਹ ਕਿਤਾਬ ਅੱਜ ਵੀ ਡਾ. ਬਾਠਲਾ ਦੇ ਕਲੀਨਿਕ ’ਤੇ ਸਮੱਸਿਆ ਦੇ ਸਹੀ ਪਹਿਲੂ ਜਾਨਣ ਲਈ ਵੰਡੀ ਜਾਂਦੀ ਹੈ ਜਦੋਂ ਕਿ ਇਨ੍ਹਾਂ ਸਮੱਸਿਆਵਾਂ, ਜਿਨ੍ਹਾਂ ਨੂੰ ‘ਗੁਪਤ ਰੋਗ’ ਦੇ ਨਾਂ ਹੇਠ, ਠੱਗੀ ਦਾ ਬਾਜ਼ਾਰ ਚਲਾਉਣ ਦਾ ਜ਼ਰੀਆ ਬਣਾਇਆ ਹੋਇਆ ਹੈ। ਵੱਡੇ-ਵੱਡੇ ਇਸ਼ਤਿਹਾਰਾਂ ਰਾਹੀਂ ਸ਼ੋਸ਼ਣ ਦੀ ਦੁਕਾਨਦਾਰੀ ਚਲਦੀ ਹੈ ਕਿਉਂਕਿ ਜੋ ਅਸੀਂ ਖੁੱਲ੍ਹ ਕੇ ਗੱਲ ਨਹੀਂ ਕਰਦੇ। ਹਿੰਦੀ-ਪੰਜਾਬੀ, ਸਥਾਨਕ ਸਮਝ ਦੇ ਪੱਧਰ ’ਤੇ ਲਿਖੀ ਇਹ ਪੁਸਤਕ ਆਪਣੀ ਭੂਮਿਕਾ ਨਿਭਾ ਰਹੀ ਹੈ।
ਭਾਸ਼ਾ-ਬੋਲੀ ਮਨੁੱਖੀ ਵਿਲਖੱਣਤਾ ਹੈ ਤੇ ਇਹ ਵੀ ਸੱਚ ਕਿ ਹਰ ਦਸ ਕੋਹ ’ਤੇ ਬਦਲ ਜਾਂਦੀ ਹੈ। ਮਨੁੱਖ ਵਿੱਚ ਇਸ ਨੂੰ ਸਿੱਖਣ ਦੀ ਨਵੇਕਲੀ ਪ੍ਰਵਿਰਤੀ ਹੈ। ਪਰ ਸਿਆਸਤ ਜਦੋਂ ਵੀ ਤੇ ਜਿੱਥੋਂ ਵੀ ਆਪਣਾ ਫਾਇਦਾ ਦੇਖਦੀ ਹੈ, ਸਰਮਾਏਦਾਰੀ ਵਾਂਗ, ਉਸ ਨੂੰ ਲਪੇਟ ਕੇ, ਪੈਕ ਕਰਕੇ, ਆਪਣਾ ਲੇਬਲ ਚਿਪਕਾ ਕੇ, ਬਾਜ਼ਾਰ ਵਿੱਚ ਵੇਚਣ ਆ ਜਾਂਦੀ ਹੈ। ਭਾਸ਼ਾ, ਨਿਸ਼ਚਿਤ ਹੀ ਸਿਆਣਪ ਦਾ ਅਸਲ ਹੈ ਤੇ ਇਸਦਾ ਜਜ਼ਬਾਤੀ ਪੱਖ ਵੀ ਭਾਰੂ ਹੈ। ਜਦੋਂ ਮੇਰੀ ਭਾਸ਼ਾ, ਮੇਰੇ ਖਿੱਤੇ ਦੀ ਬੋਲੀ ਤੇ ਫਿਰ ਮੇਰੀ ਮਾਂ ਬੋਲੀ। ਮੇਰੀ ਮਾਂ ਵੱਲੋਂ ਦੁੱਧ ਦੇ ਰੂਪ ਵਿੱਚ, ਮੇਰੀਆਂ ਰਗਾਂ-ਖੂਨ ਵਿੱਚ ਪਹੁੰਚੀ ਬੋਲੀ। ਹੁਣ ਜਦੋਂ ਗੱਲਬਾਤ ਵਿੱਚ ਮਾਂ ਹੀ ਆ ਗਈ ਤਾਂ ਫਿਰ … … …।
ਜਜ਼ਬਾਤ, ਸੱਭਿਆਚਾਰ ਦਾ ਮੁੱਖ ਗੁਣ ਹਨ, ਜ਼ਿੰਦਾ ਰਹਿਣ ਦੀ ਨਿਸ਼ਾਨੀ। ਪਰ ਜਜ਼ਬਾਤ ਵਿੱਚੋਂ ਸਿਆਣਪ ਮਨਫ਼ੀ ਕਰਕੇ, ਇਸ ਨੂੰ ਮਰਨ ਦੀ ਹੱਦ ਤਕ ਲੈ ਜਾਣ ਦਾ ਕੰਮ, ਜੋ ਬਾਜ਼ਾਰ-ਵਪਾਰ ਕਰਦਾ ਹੈ ਤੇ ਸਿਆਸਤ ਉਸ ਨੂੰ ਥਾਪੜਾ ਦਿੰਦੀ ਹੈ ਤਾਂ ਫਿਰ ਇਹ ਨੈਣ-ਨਕਸ਼ ਸੰਵਾਰਦੀ-ਸੰਵਾਰਦੀ, ਵਿਗਾੜ ਵੀ ਦਿੰਦੀ ਹੈ, ਬੇਢੱਬਾ ਵੀ ਬਣਾ ਦਿੰਦੀ ਹੈ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3988)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)