“ਗੱਡੀ ਵਿੱਚ ਬੈਠਦਿਆਂ ਹੀ ਕਾਮਨੀ ਦੇ ਬੋਲ ਚੇਤੇ ਆਏ, “ਅੰਮ੍ਰਿਤਸਰ ਚੱਲਿਆ ਹੈਂ ਤਾਂ ਵੀਰੇ, ਪਿੰਗਲਵਾੜੇ ਜ਼ਰੂਰ ...”
(2 ਅਗਸਤ 2023)
ਅੰਤਰਰਾਸ਼ਟਰੀ ਸਪੈਸ਼ਲ ਖੇਡਾਂ, ਜਰਮਨੀ ਦੇ ਸ਼ਹਿਰ ਬਰਲਿਨ ਵਿੱਚ ਹੋਈਆਂ ਤੇ ਖੁਸ਼ੀ ਦੀ ਖਬਰ ਆਈ ਕਿ ਪਿੰਗਲਵਾੜੇ ਦੇ ਤਿੰਨ ਬੱਚਿਆਂ ਨੇ ਚਾਰ ਤਗਮੇ ਜਿੱਤੇ ਹਨ। ਮੁਹੰਮਦ ਨਿਜ਼ਾਰ ਨੇ ਜਿੱਤਿਆ ਸੋਨ ਤਗਮਾ ਤੇ ਦੋ ਕੁੜੀਆਂ ਹੇਣੂ ਅਤੇ ਸੀਤਾ ਨੇ ਜਿੱਤੇ ਤਿੰਨ ਕਾਂਸੇ ਦੇ ਤਗਮੇ।
ਖੁਸ਼ੀ ਬੇਇੰਤਹਾ, ਬਿਆਨ ਕਰਨ ਦੀ ਕਾਬਲੀਅਤ ਤੋਂ ਵੱਧ। ਮੈਂ ਵੀ ਇਸ ਖੁਸ਼ੀ ਦਾ ਹਿੱਸਾ ਹਾਂ। ਇਹ ਪਿੰਗਲਵਾੜਾ ਪਰਿਵਾਰ ਦੀ ਖੁਸ਼ੀ ਦਾ ਮੌਕਾ ਹੈ। ਅੰਤਰਰਾਸ਼ਟਰੀ ਪੱਧਰ ’ਤੇ ਪਹੁੰਚੇ ਪਿੰਗਲਵਾੜੇ ਦੇ ਬੱਚੇ, ਜੋ ਲਾਵਾਰਿਸ ਸਮਝੇ ਗਏ ਤੇ ਇਸ ਸੰਸਥਾ ਕੋਲ ਪਹੁੰਚੇ, ਪਹੁੰਚਾਏ, ਸਾਂਭ-ਸੰਭਾਲ ਲਈ। ਸਪੈਸ਼ਲ ਬੱਚੇ ਹਨ, ਆਮ ਬੱਚੇ ਨਹੀਂ ਹਨ, ਜੋ ਸਾਡੇ ਆਪਣੇ ਪਰਿਵਾਰਾਂ ਵਿੱਚ ਦਿਖਦੇ-ਮਿਲਦੇ ਹਨ। ਊਣੇ-ਹੀਣੇ, ਕਮਜ਼ੋਰ, ਘਾਟਾਂ-ਤਰੁੱਟੀਆਂ ਵਾਲੇ ਹਨ।
ਸਪੈਸ਼ਲ ਹੋਣ ਦਾ ਖਿਤਾਬ ਵੀ ਤਾਂ ਮਿਲਿਆ ਕਿ ਇਨ੍ਹਾਂ ਬੱਚਿਆਂ, ਅਜਿਹੇ ਹੋਰ ਵਿਅਕਤੀਆਂ ਨੇ ਸਿੱਧ ਕੀਤਾ। ਅਜਿਹਾ ਕੁਝ ਕਰਕੇ ਦਿਖਾਇਆ ਕਿ ‘ਹਾਂ ਅਸੀਂ ਵੀ ਕੁਝ।’ ਹਨ ਵੀ ਪਰ ਇਹ ਸਮਰੱਥਾ ਪਛਾਣਨ ਦਾ ਹੁਨਰ ਸਭ ਕੋਲ ਨਹੀਂ ਹੁੰਦਾ। ਮੈਂ ਆਪਣੇ ਵਿਸ਼ੇ ਕਮਿਊਨਿਟੀ ਮੈਡੀਸਨ ਦੇ ਪੱਖ ਤੋਂ ਇਨ੍ਹਾਂ ਬਾਰੇ ਗੱਲ ਕਰਦੇ ਅਮੇਂ ਤੀਸਰੇ ਪੱਧਰ ਦੀ ਸਾਂਭ-ਸੰਭਾਲ ਬਾਰੇ ਪੜ੍ਹਾਉਂਦਿਆਂ ਦੱਸਦਾ ਕਿ ਇਹ ਪਹਿਲਾਂ ਅਪਾਹਿਜ ਕਹੇ ਗਏ, ਨਕਾਰੇ ਗਏ, ਦੁਤਕਾਰੇ ਗਏ। ਅੱਜ ਵੀ ਬਹੁਤਿਆਂ ਦੀ ਨਜ਼ਰ ਵਿੱਚ ਇਹ ਅਪਾਹਿਜ ਹੀ ਹਨ। ਪਰ ਇਨ੍ਹਾਂ ਨੇ ਸਿੱਧ ਕੀਤਾ ਕਿ ਨਹੀਂ, ਸਾਡੇ ਸਰੀਰ ਵਿੱਚ ਨੁਕਸ ਜ਼ਰੂਰ ਹੈ, ਪਰ ਅਸੀਂ ਸਮਰੱਥ ਹਾਂ। ਫਿਰ ਇਨ੍ਹਾਂ ਨੂੰ ਚੁਣੌਤੀਆਂ ਭਰਪੂਰ ਸ਼ਖਸ ਕਿਹਾ ਗਿਆ। ਇਨ੍ਹਾਂ ਨੇ ਫਿਰ ਸਾਬਤ ਕੀਤਾ, ਅਸੀਂ ਚੁਣੌਤੀਆਂ ਕਬੂਲਣ ਅਤੇ ਉਨ੍ਹਾਂ ਨੂੰ ਵੰਗਾਰਣ ਵਾਲੇ ਹਾਂ, ਸਾਨੂੰ ਮੌਕਾ ਦਿਉ। ਅੱਜ ਇਨ੍ਹਾਂ ਲੋਕਾਂ ਲਈ ਜੋ ਭਾਵ ਵਰਤਿਆ ਜਾਂਦਾ ਹੈ, ਉਹ ਹੈ ਵੱਖਰੀ ਸਮਰੱਥਾ ਵਾਲੇ ਸ਼ਖਸ। ਇਹ ਵੱਖਰੀ ਸਮਰੱਥਾ ਦਾ ਹੀ ਪ੍ਰਗਟਾਵਾ ਹੈ ਕਿ ਸਪੈਸ਼ਲ ਖੇਡਾਂ ਵਿੱਚ ਇਹ ਬੱਚੇ, ਇਸ ਮੁਕਾਮ ’ਤੇ ਪਹੁੰਚੇ ਅਤੇ ਆਪਣੀ ਕਾਬਲੀਅਤ ਦਰਸ਼ਾਈ- ‘ਹਾਂ ਅਸੀਂ ਵੀ ਕੁਝ।’
ਸ਼ਹਿਰ ਵਿੱਚ ਇਨ੍ਹਾਂ ਨੂੰ ਘੁਮਾਉਣ ਦਾ ਬੰਦੋਬਸਤ ਕੀਤਾ ਗਿਆ ਤਾਂ ਜੁ ਲੋਕ ਜਾਣ ਸਕਣ ਕਿ ਵਿਅਕਤੀ ਦੀ ਸਮਰੱਥਾ ਕੀ ਹੁੰਦੀ ਹੈ ਤੇ ਉਹ ਕਿਵੇਂ ਬਾਹਰ ਲਿਆਈ ਜਾ ਸਕਦੀ ਹੈ। ਇੱਕ ਵੱਡੇ ਮਾਲ ‘ਅਲਫਾ’ ਵਿਖੇ ਇਨ੍ਹਾਂ ਦਾ ਸਵਾਗਤੀ ਠਹਿਰਾਅ ਸੀ, ਫਿਰ ਸ਼ਹਿਰ ਦੇ ਮੁੱਖ ਚੌਂਕ ਭੰਡਾਰੀ ਪੁਲ ’ਤੇ ਕੁਝ ਚਿਰ ਰੁਕ ਕੇ ਵਾਪਸ ਮੁੱਖ ਬਰਾਂਚ, ਬੱਸ ਸਟੈਂਡ ਦੇ ਸਾਹਮਣੇ, ਸੰਸਥਾ ਵੱਲੋਂ ਇਨ੍ਹਾਂ ਬੱਚਿਆਂ ਦਾ ਸਨਮਾਨ ਕੀਤਾ ਜਾਣਾ ਸੀ।
ਬੱਚੇ ਜਿੱਥੇ ਕਿਤੇ ਵੀ ਰੁਕਦੇ, ਉੱਥੇ ਹੀ ਫੁੱਲਾਂ ਦੇ ਹਾਰਾਂ ਨਾਲ ਲੱਦੇ ਜਾਂਦੇ। ਉਹ ਭਾਵ ਉਨ੍ਹਾਂ ਦੇ ਚਿਹਰਿਆਂ ਤੋਂ ਵੱਧ ਉਨ੍ਹਾਂ ਦੇ ਹਾਵਾ-ਭਾਵਾਂ ਵਿੱਚ ਨਜ਼ਰ ਆਉਂਦਾ। ਪਿੰਗਲਵਾੜਾ ਸੰਸਥਾ ਦਾ ਪੂਰਾ ਪਰਿਵਾਰ ਉਨ੍ਹਾਂ ਦੇ ਨਾਲ ਨਾਲ ਸੀ, ਜੋ ਵੱਧ ਉਤਸ਼ਾਹਿਤ ਸੀ ਤੇ ਖੁਸ਼ ਵੀ। ਉਨ੍ਹਾਂ ਦੀ ਕਾਰਗੁਜ਼ਾਰੀ, ਸਾਂਭ-ਸੰਭਾਲ ਰੰਗ ਲਿਆਈ ਸੀ। ਆਪਣੇ ਕੰਮ ਕਾਜ ’ਤੇ ਯਕੀਨ ਵਧਿਆ ਸੀ।
ਰੁਕ ਰੁਕ ਕੇ ਸ਼ਹਿਰੀ ਲੋਕਾਂ ਨੂੰ ਦੱਸਿਆ ਜਾ ਰਿਹਾ ਸੀ ਕਿ ਇਹ ਕਿਵੇਂ ਸੰਭਵ ਹੋਇਆ। ਚੰਗੇ, ਰੱਜੇ-ਪੁੱਜੇ, ਸਿਹਤਮੰਦ ਘਰਾਂ-ਸਕੂਲਾਂ ਦੇ ਬੱਚੇ ਵੀ ਜਿੱਥੇ ਨਹੀਂ ਪਹੁੰਚ ਸਕਦੇ, ਇਹ ਪ੍ਰਾਪਤੀਆਂ ਇਨ੍ਹਾਂ ਦੇ ਹਿੱਸੇ ਆਈਆਂ ਹਨ। ਤੁਸੀਂ ਵੀ ਜਾਨਣ ਦੇ ਇੱਛੁਕ ਹੋ ਤਾਂ ਸੁਣੋ।
ਪਹਿਲੀ ਗੱਲ ਹੈ ਕਿ ਇਹ ਬੱਚੇ ਲਾਵਾਰਿਸ ਹਨ, ਮਾਂ-ਪਿਉ ਵੱਲੋਂ ਕਿਸੇ ਦਬਾਅ ਜਾਂ ਮਜਬੂਰੀ ਤਹਿਤ ਤਿਆਗੇ ਤੇ ਫਿਰ ਇਸ ਸੰਸਥਾ ਕੋਲ ਪਹੁੰਚੇ ਹਨ ਜੋ ਭਗਤ ਪੂਰਨ ਸਿੰਘ ਜੀ ਨੇ ਸ਼ੁਰੂ ਕੀਤੀ। ਭਗਤ ਪੂਰਨ ਸਿੰਘ, ਜੋ ਹਰ ਜੀਵ ਵਿੱਚ ਹੀ ਰੱਬ ਨੂੰ ਦੇਖਦੇ, ਫਿਰ ਕਿਉਂ ਨਾ ਉਨ੍ਹਾਂ ਨੂੰ ਹਰ ਜੀਵ ਨਾਲ ਪਿਆਰ ਹੁੰਦਾ। ਪਹਿਲਾ ਬੱਚਾ, ਜੋ ਭਗਤ ਜੀ ਦੀ ਝੋਲੀ ਪਿਆ, ਉਸ ਦਾ ਨਾਂ ਪਿਆਰਾ ਸੀ।
ਬੱਚੇ ਅੰਤਰਰਾਸ਼ਟਰੀ ਖੇਡਾਂ ਵਿੱਚ ਹਿੱਸਾ ਲੈਣ ਜਰਮਨੀ ਪਹੁੰਚੇ ਕਿਵੇਂ? ਨਿਸ਼ਚਿਤ ਹੀ ਪਾਸਪੋਰਟ ਬਗੈਰ ਤਾਂ ਕੋਈ ਦੇਸ਼ ਆਪਣੇ ਮੁਲਕ ਆਉਣ ਨਹੀਂ ਦਿੰਦਾ। ਤੁਸੀਂ ਸੋਚਦੇ ਹੋਵੋਗੇ, ਪਾਸਪੋਰਟ ਬਣ ਗਏ ਹੋਣਗੇ। ਇੰਨਾ ਆਸਾਨ ਜਾਪਦਾ ਹੈ ਤੁਹਾਨੂੰ ਉਹ ਵੀ ਸਾਡੇ ਵਰਗੇ ਮੁਲਕ ਵਿੱਚ? ਕਿਸੇ ਨਾਂ ਦੇ ਅੱਖਰ ਵਿੱਚ ਇੱਕ ਸ਼ਬਦ ਵੀ, ਪਾਸਪੋਰਟ ਵਾਲਿਆਂ ਨੂੰ ਓਪਰਾ ਲੱਗੇ, ਵਗਾਹ ਕੇ ਮਾਰਦੇ ਨੇ ਸਾਰਾ ਕੇਸ, ਜੋ ਉਨ੍ਹਾਂ ਦੀ ਮੰਸ਼ਾ ਨੂੰ ਦਰਸਾਉਂਦਾ ਹੈ।
ਰਹਿਣ ਦਾ ਪਤਾ ਤਾਂ ਸੀ, ਸੰਸਥਾ ਦਾ ਪੂਰਾ, ਪੱਕਾ ਠਿਕਾਣਾ ਸੀ, ਪਰ ਪਿਉ ਕੌਣ ਤੇ ਮਾਂ ਕੌਣ? ਨਾਜਿਰ ਤਾਂ ਜਦੋਂ ਮਿਲਿਆ ਚਾਰ ਸਾਲ ਦਾ ਸੀ, ਉਸ ਨੂੰ ਕੁਝ ਯਾਦ ਸੀ, ਪਰ ਪੂਜਾ ਤੇ ਰੇਣੂ ਤਾਂ ਬਹੁਤ ਛੋਟੀਆਂ ਸੀ। ਕੁੜੀਆਂ ਦਾ ਸਾਨੂੰ ਪਤਾ ਹੈ ਕਿ ਸਾਡਾ ਸਮਾਜ ਕਿਵੇਂ ਉਨ੍ਹਾਂ ਦਾ ਸਵਾਗਤ ਕਰਦਾ ਹੈ। ਪਰ ਇਹ ਸੰਸਥਾ ਜਾਣਦੀ ਹੈ ਕਿ ਕਿਵੇਂ ਕਿਸੇ ਜੀਅ ਨੂੰ ਸਵੀਕਾਰਨਾ ਹੈ।
ਭਗਤ ਪੂਰਨ ਸਿੰਘ ਜੀ ਦੇ ਬੱਚੇ ਸਾਰੇ, ਉਹ ਪਿਤਾ ਤੇ ਬੀਬੀ ਇੰਦਰਜੀਤ ਕੌਰ ਤਾਂ ਮਾਂ ਤੋਂ ਵੀ ਵੱਧ ਪਿਆਰ ਕਰਦੇ। ਦੋਹਾਂ ਦਾ ਨਾਂ ਲਿਖ ਕੇ ਪਾਸ ਪੋਰਟ ਫਾਰਮ ਭਰੇ, ਪਰ ਸਬੂਤ ਕਿਹੜੇ ਲਗਾਏ ਜਾਣ? ਬੀਬੀ ਇੰਦਰਜੀਤ ਕੌਰ ਜਿੰਨੀ ਸਮਰਪਣ ਭਾਵਨਾ ਵਾਲਾ ਹੀ ਹੈ ਪੂਰਾ ਪਰਿਵਾਰ, ਚਾਹੇ ਕਰਨਲ ਦਰਸ਼ਨ ਸਿੰਘ ਬਾਵਾ ਹੋਣ ਤੇ ਚਾਹੇ ਰਾਜਬੀਰ। ਪਾਸਪੋਰਟ ਤਾਂ ਕੀ, ਹਰ ਦਸਤਾਵੇਜ਼ ਬਣ ਜਾਂਦਾ ਹੈ ਸਾਡੇ ਦੇਸ਼ ਵਿੱਚ। ਪਰ ਕੰਮ ਪੂਰੀ ਇਮਾਨਦਾਰੀ ਨਾਲ, ਤਨਦੇਹੀ ਨਾਲ, ਸਮਝਾ ਕੇ, ਮਨਾ ਕੇ ਸੰਸਥਾ ਦੇ ਟੀਚੇ, ਸੰਕਲਪ ਅਤੇ ਉਦੇਸ਼ ਦੱਸ ਕੇ ਬਣੇ ਪਾਸਪੋਰਟ।
ਬੱਸ ਕੀ ਇੰਨਾ ਹੀ ਕਾਫੀ ਸੀ? ਲੱਖਾਂ-ਕਰੋੜਾਂ ਲੋਕਾਂ ਕੋਲ ਪਾਸਪੋਰਟ ਹਨ। ਅਨੇਕਾਂ ਹੀ ਲੋਕਾਂ ਕੋਲ ਸਹੂਲਤਾਂ, ਚੰਗੇ ਸਕੂਲ, ਟਰੇਨਿੰਗ ਸੈਂਟਰ, ਵਧੀਆ ਖਾਣ-ਪੀਣ ਹੈ। ਸਾਰਾ ਮਿਲ ਕੇ ਕਹਾਉਂਦਾ ਹੈ ‘ਪਾਲਣ-ਪੋਸ਼ਣ। ‘ਇਨ੍ਹਾਂ ਬੱਚਿਆਂ ਕੋਲ ਪਾਲਣ-ਪੋਸ਼ਣ ਦੌਰਾਨ, ਇੱਕ ਅੰਸ਼ ਹੋਰ ਵੱਧ ਸੀ, ਵੱਖਰਾ-ਨਵੇਕਲਾ, ਬਹੁਤ ਘੱਟ ਮਿਲਦਾ ਹੈ, ਉਹ ਸੀ ਪਿਆਰ-ਦੁਲਾਰ।
ਭਗਤ ਕਬੀਰ ਜੀ ਦਾ ਦੋਹਾ ਹੈ-
ਪ੍ਰੇਮ ਨਾ ਬਾਗੀ ਉਪਜੇ ਪ੍ਰੇਮ ਨਾ ਹਾਟ ਬਿਕਾਏ,
ਰਾਜਾ ਧਰਜਾ ਜੋ ਹੀ ਰੁਚੇ ਸਿਰ ਦੇ ਹੀ ਲੇ ਜਾਏ।
ਇਹ ਤਪੱਸਿਆ ਨਾਲ ਆਉਂਦਾ ਹੈ, ਮਿਲਦਾ ਨਹੀਂ ਹੈ ਕਿਤਿਓਂ। ਭਗਤ ਪੂਰਨ ਸਿੰਘ ਜੀ ਦੀ ਸੋਚ ਤੋਂ ਇਹ ਬੀਬੀ ਇੰਦਰਜੀਤ ਤਕ ਪਹੁੰਚਿਆ ਤੇ ਫਿਰ ਇਹ ਫੈਲਦਾ-ਫੈਲਦਾ ਵੰਡਿਆ ਗਿਆ, ਅਜੇ ਵੀ ਵੰਡਿਆ ਜਾ ਰਿਹਾ ਹੈ। ਬੇਇੰਤਹਾ, ਨਾ ਮੁੱਕਣ ਵਾਲੀ ਸ਼ੈਅ ਹੈ ਪਿਆਰ। ਇੱਕ ਖਾਸੀਅਤ ਹੈ ਕਿ ਜਿੰਨਾ ਵੰਡੋ, ਉੰਨਾ ਵਧਦਾ ਹੈ। ਹੈ ਨਾ ਨਵੇਕਲਾ ਗੁਣ?
ਸੰਸਥਾ ਦਾ ਨਾਂ ਜੋ ਮਰਜ਼ੀ ਹੈ, ਪਰ ਕਾਰਜ ਵਿਆਪਕ ਨੇ। ਮੈਂ ਇੱਕ ਵਾਰ ਜੁੜਿਆ ਤੇ ਫਿਰ ਇਸ ਤੋਂ ਪਰੇ ਨਹੀਂ ਹੋ ਸਕਿਆ। ਹੋ ਹੀ ਨਹੀਂ ਸਕਦਾ। ਅਸੀਂ ਹਰ ਸਾਲ ਆਪਣਾ ਇੱਕ ਅੰਤਰਰਾਜੀ ਸਮਾਗਮ ਇਸ ਸੰਸਥਾ ਵਿੱਚ ਪਿਛਲੇ ਤਿੰਨ ਸਾਲ ਤੋਂ ਕਰਵਾ ਰਹੇ ਹਾਂ। ਜੋ ਇੱਕ ਵਾਰ ਸ਼ਾਮਲ ਹੋ ਗਿਆ, ਉਹ ਵਾਰ-ਵਾਰ ਆਉਣ ਦੀ ਇੱਛਾ ਪ੍ਰਗਟਾਉਂਦਾ ਹੈ। ਜਿੱਥੇ ਰਹਿੰਦਾ ਹੈ, ਉੱਥੇ ਯਾਦ ਕਰਦਾ ਰਹਿੰਦਾ ਹੈ। ਹੋਰਾਂ ਨੂੰ ਪ੍ਰੇਰਿਤ ਕਰਦਾ ਹੈ। ਪੂਰੀ ਵਿਵਸਥਾ ਨੂੰ ਇੱਕ ਸਾਹਿਤਕ ਰਚਨਾ ਦੇ ਰੂਪ ਵਿੱਚ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ। ਸਫਰਨਾਮਾ ਸ਼ੈਲੀ ਵਿੱਚ ਹੈ।
ਗੱਡੀ ਵਿੱਚ ਬੈਠਦਿਆਂ ਹੀ ਕਾਮਨੀ ਦੇ ਬੋਲ ਚੇਤੇ ਆਏ, “ਅੰਮ੍ਰਿਤਸਰ ਚੱਲਿਆ ਹੈਂ ਤਾਂ ਵੀਰੇ, ਪਿੰਗਲਵਾੜੇ ਜ਼ਰੂਰ ਹੋ ਕੇ ਆਈਂ।” ਪੁੱਛਣ ’ਤੇ ਜਵਾਬ ਸੀ, ‘ਦੱਸਣ ਦੀ ਨਹੀਂ, ਦੇਖਣ ਦੀ ਥਾਂ ਹੈ, ਬੱਸ।’
‘ਪਿੰਗਲਵਾੜਾ-ਪਿੰਗਲਿਆਂ ਦੇ ਰਹਿਣ ਦੀ ਥਾਂ, ਠੀਕ ਹੈ, ਸੇਵਾ ਦਾ ਕੰਮ ਹੈ, ਅਪਾਹਿਜਾਂ, ਲੂਲੇ-ਲੰਗੜਿਆਂ, ਪਿੰਗਲਿਆਂ ਨੂੰ ਸਾਂਭਣਾ, ਪਿੰਗਲਿਆਂ ਦਾ ਰੈਣ ਬਸੇਰਾ। ਦੇਖਣਾ ਕੀ ਹੈ? ਚਲੋ ਕੁਝ ਮਦਦ ਕਰ ਆਵਾਂਗਾ।’ ਮਨਬਚਨੀ ਚਲਦੀ ਰਹੀ ਸੀ। ਫਿਰ ਖਿਆਲ ਆਇਆ। ਇੰਨਾ ਕੁ ਹੀ ਨਹੀਂ ਹੋਣਾ। ਕਾਮਨੀ ਦੇ ਕਹਿਣ ਦਾ ਤਰੀਕਾ ਹੀ ਹੋਰ ਸੀ। ਕੁਝ ਤਾਂ ਹੋਵੇਗਾ, ਖਾਸ। ਖੈਰ! ਇਹ ਵੀ ਚੇਤੇ ਆਇਆ, ਜੋ ਉਸ ਕਿਹਾ ਸੀ, ‘ਦੱਸਣ ਵਾਲੀ ਨਹੀਂ ਅਹਿਸਾਸ ਵਾਲੀ, ਮਹਿਸੂਸ ਕਰਨ ਵਾਲੀ ਥਾਂ।’
ਗੱਡੀ ਮੇਨ ਗੇਟ ’ਤੇ ਪਹੁੰਚੀ ਤਾਂ ਗੇਟ ਖੋਲ੍ਹਣ ਵਾਲੇ ਨੇ ਕਿਹਾ, “ਸਾਈਡ ’ਤੇ ਪਾਰਕਿੰਗ ਹੈ, ਉੱਥੇ ਲਾ ਦਿਉ, ਅੰਦਰ ਪੈਦਲ ਜਾਣਾ ਹੈ।”
ਗੱਡੀ ਵਿੱਚੋਂ ਉੱਤਰ ਬਾਹਰ ਆਏ ਤਾਂ ਇੰਜ ਜਾਪਿਆ ਜਿਵੇਂ ਕਿਸੇ ਪਾਰਕ ਵਿੱਚ ਆ ਗਏ ਹੋਈਏ। ਜੇ ਸਹੀ ਕਹਾਂ ਤਾਂ ਕਿਸੇ ਛੋਟੇ ਜਿਹੇ ਜੰਗਲ ਵਿੱਚ। ਹਰੇ-ਹਰੇ ਦਰਖਤ, ਹਰੀ-ਹਰੀ ਘਾਹ ਦਾ ਮੈਦਾਨ, ਵਿੱਚ ਵਿਚਕਾਰ ਫੁੱਲਾਂ ਦੀਆਂ ਕਿਆਰੀਆਂ। ਜਿਵੇਂ ਇੱਕ ਬਸਤੀ ਵਸੀ ਹੋਵੇ, ਸੜਕ ਦੇ ਧੁਏਂ ਤੋਂ ਦੂਰ। ਸ਼ੋਰ ਤੋਂ ਬੇਖਬਰ। ਕਿਸੇ ਤਰ੍ਹਾਂ ਦਾ ਕੋਈ ਸਕੂਟਰ ਜਾਂ ਅਜਿਹਾ ਕੋਈ ਹੋਰ ਵਾਹਨ ਵੀ ਨਹੀਂ।
ਥੋੜ੍ਹੀ ਦੂਰ ਗਏ ਤਾਂ ਸੜਕਾਂ ਉੱਤੇ ਵੀਲ ਚੇਅਰ ’ਤੇ ਤੁਰਦੇ ਫਿਰਦੇ ਲੋਕ ਦਿਸੇ, ਫੌੜ੍ਹੀਆਂ ’ਤੇ ਵੀ। ਵੀਲ ਚੇਅਰ ’ਤੇ ਬੈਠੇ ਵਿਅਕਤੀ, ਜਿਸ ਤਰੀਕੇ ਨਾਲ ਚਲਾ ਰਹੇ ਸਨ, ਜਿਵੇਂ ਆਪਸ ਵਿੱਚ ਰੇਸ ਲਾ ਰਹੇ ਹੋਣ। ਇੱਕ ਦੂਸਰੇ ਤੋਂ ਅੱਗੇ ਨਿਕਲਣ ਦਾ ਭਾਵ ਸਾਫ਼ ਉਨ੍ਹਾਂ ਦੇ ਚਿਹਰਿਆਂ ਤੋਂ ਝਲਕਦਾ ਸੀ। ਇੱਕ ਦੂਸਰੇ ਤੋਂ ਅੱਗੇ ਹੋ ਪਿਛਲੇ ਵਾਲੇ ਨੂੰ, ‘ਆ ਜਾ … … ਲਾ ਜ਼ੋਰ’ ਕਹਿੰਦੇ ਤੇ ਨਾਲ ਹੀ ਹੱਸਦੇ ਵੀ।
ਦੇਖਿਆ ਕਿ ਇੱਕ ਵੀਲ ਚੇਅਰ ਵਾਲਾ ਲੜਕਾ ਉਲਟ ਗਿਆ। ਮੈਂ ਕੁਝ ਤੇਜ਼ ਤੁਰਨ ਦੀ ਕੋਸ਼ਿਸ਼ ਕੀਤੀ ਤਾਂ ਦੂਰੋਂ ਕੋਈ ਬਹੁਤ ਹੀ ਤੇਜ਼ ਰਫ਼ਤਾਰ ਨਾਲ ਭੱਜਦਾ ਹੋਇਆ ਆਇਆ। ਕਿਤੇ ਲੁਕਿਆ ਨਿਗਰਾਨੀ ਕਰ ਰਿਹਾ ਸੀ। ਨਾਲ ਦਾ ਸਾਥੀ ਪਹਿਲਾਂ ਹੀ ਰੁਕ ਕੇ ਕੋਲ ਆ ਗਿਆ ਸੀ। ਵੀਲ ਚੇਅਰ ’ਤੇ ਬੈਠਿਆਂ ਹੀ, ਹੱਥ ਵਧਾ ਕੇ ਉਠਾਉਣ ਦੀ ਕੋਸ਼ਿਸ਼ ਕਰ ਰਿਹਾ ਸੀ।
ਦੂਰੋਂ ਆਏ ਨੌਜਵਾਨ ਨੇ ਉਸ ਨੂੰ ਉਠਾਇਆ, ਵੀਲ ਚੇਅਰ ਸਿੱਧੀ ਕੀਤੀ ਤੇ ਫਿਰ ਤੋਂ ਬਿਠਾਇਆ। ਉਸ ਨੇ ਫਿਰ ਤੋਂ ਉਸੇ ਤਰ੍ਹਾਂ ਹੀ ਤੁਰੰਤ ਮੁਸਕਰਾ ਕੇ, ਆਪਣੇ ਸਾਥੀ ਅਤੇ ਸੇਵਾਦਾਰ ਵੱਲ ਸ਼ੁਕਰਾਨੇ ਦੇ ਲਹਿਜ਼ੇ ਵਿੱਚ ਦੇਖਿਆ ਤੇ ਆਪਣੀ ਸਹਿਜ ਹਾਲਤ ਵਿੱਚ ਮੁੜ ਆਇਆ।
ਵੀਲ ਚੇਅਰ ’ਤੇ ਸੀ- ਸੋਚ ਸਕਦੇ ਹੋ ਕਿ ਵੀਲ ਚੇਅਰ ’ਤੇ ਕਿਉਂ ਸੀ? ਪਰ ਪੂਰੀ ਤਰ੍ਹਾਂ ਜ਼ਿੰਦਗੀ ਮਾਣ ਰਹੇ ਸੀ, ਆਨੰਦ ਲੈ ਰਹੇ ਸੀ। ਹੋਰ ਕੀ ਚਾਹੀਦਾ ਹੁੰਦਾ ਹੈ, ਹਾਸਾ-ਖੇੜਾ, ਸੰਤੁਸ਼ਟੀ। ਇੱਕਦਮ ਖਿਆਲ ਵਿੱਚ ਇਹ ਅਹਿਸਾਸ ਪ੍ਰਗਟ ਹੋਇਆ।
ਅਸੀਂ ਤੁਰਦੇ ਗਏ। ਅੱਗੋਂ ਇੱਕ ਬਿਲਡਿੰਗ ਅੰਦਰ ਕੁਝ ਬੱਚੇ ਵਾਲੀਵਾਲ ਖੇਡ ਰਹੇ ਸੀ। ਇੱਕ ਦੂਸਰੇ ਨੂੰ ਇਸ਼ਰਿਆਂ ਨਾਲ ਗੱਲਬਾਤ ਸਮਝਾ ਰਹੇ ਸੀ। ਉਹ ਗੂੰਗੇ-ਬੋਲਿਆਂ ਦੀ ਆਪਣੀ ਹੀ ਦੁਨੀਆਂ ਸੀ। ਉੱਥੋਂ ਦੇ ਸੇਵਾਦਾਰ ਉਨ੍ਹਾਂ ਦੀ ਭਾਸ਼ਾ ਵਿੱਚ ਸਮਝ-ਸਮਝਾ ਰਹੇ ਸੀ।
ਅਸੀਂ ਦੇਖਿਆ, ਇੱਕ ਨੌਜਵਾਨ ਨੇ ਜ਼ੋਰਦਾਰ ਠਹਾਕਾ ਲਾਇਆ। ਸੰਸਥਾ ਦਾ ਚੱਕਰ ਲਗਵਾ ਰਹੇ, ਦਿਖਾ-ਦੱਸ ਰਹੇ ਸੇਵਾਦਾਰ ਨੇ ਕਿਹਾ, “ਉਸ ਨੇ ਚੁਟਕਲਾ ਸੁਣਾਇਆ ਸੀ, ਜਿਸ ’ਤੇ ਇਹ ਲੋਟ-ਪੋਟ ਹੋਇਆ ਹੈ।”
ਕੀ ਬੋਲ ਰਹੇ ਸੀ ਸਾਨੂੰ ਸਮਝ ਨਹੀਂ ਆ ਰਿਹਾ ਸੀ। ਪਰ ਬੋਲ, ਸ਼ਬਦ, … … ਇਕਦਮ ਆਪਣੀ ਦੁਨੀਆਂ ਨਜ਼ਰ ਆਈ ਕਿ ਸਾਡੇ ਕੋਲ ਬੋਲਣ ਦੀ ਸਮਰੱਥਾ ਹੈ, ਪਰ ਸ਼ਬਦਾਂ ਵਿੱਚ ਕਿੰਨਾ ਨੁਕਸ ਹੈ ਕਿ ਤਲਵਾਰਾਂ-ਬੰਦੂਕਾਂ ਚੱਲ ਜਾਂਦੀਆਂ ਨੇ।
ਇਸੇ ਤਰ੍ਹਾਂ ਬੱਚਿਆਂ, ਬਜ਼ੁਰਗਾਂ, ਔਰਤਾਂ ਦੇ ਵਾਰਡ, ਜਿਸ ’ਤੇ ਲਿਖਿਆ ਸੀ ‘ਆਪਣਾ ਘਰ’ ਤਾਂ ਸਾਰੇ ਹੀ ਅੱਗੇ ਹੋ ਕੇ ਮਿਲਦੇ, ਸਾਸਰੀਕਾਲ ਬੁਲਾਉਂਦੇ। ਜਿਸਦਾ ਵੀ ਹੱਥ ਫੜਦੇ, ਉਹ ਕਲਾਵੇ ਵਿੱਚ ਹੀ ਲੈ ਲੈਂਦਾ। ਬਾਹਰ ਦੀ ਦੁਨੀਆਂ ਤੋਂ ਇੱਕ ਦਮ ਬੇਖਬਰ। ਕਾਮਨੀ ਦੀ ਕਹੀ ਗੱਲ ਚੇਤੇ ਆ ਰਹੀ ਸੀ, ਮਹਿਸੂਸ ਕਰਨ ਵਾਲੀ ਥਾਂ।
ਵਾਪਸ ਪਰਤ ਰਹੇ ਹਾਂ। ਗੱਡੀ ਤਕ ਪਹੁੰਚਣ ਨੂੰ ਹੋਏ। ਗੇਟ ਤੋਂ ਬਾਹਰ ਨਿਕਲਦਿਆਂ, ਇੱਕ ਸਵਾਲ ਲੈ ਕੇ ਜਾ ਰਹੇ ਹਾਂ। ਕੀ ਆਪਸ ਵਿੱਚ ਮੇਲ-ਮਿਲਾਪ ਨਾਲ, ਪਿਆਰ ਨਾਲ, ਸਹਿਹੋਂਦ ਨਾਲ ਰਹਿਣ ਲਈ, ਗੂੰਗੇ-ਬੋਲੇ, ਪਿੰਗਲੇ ਹੋਣਾ ਪੈਂਦਾ ਹੈ?
ਬਾਬਾ ਬੁੱਲ੍ਹੇ ਸ਼ਾਹ ਦੇ ਬੋਲ ਚੇਤੇ ਆਏ- ‘ਚੱਲ ਬੁਲ੍ਹਿਆ ਚੱਲ ਚਲ ਉੱਥੇ ਚੱਲੀਏ, ਜਿੱਥੇ ਵਸਣ ਗੂੰਗੇ-ਅੰਨ੍ਹੇ, ਨਾ ਕੋਈ ਸਾਡੀ ਜਾਤ ਪਛਾਣੇ ਨਾ ਕੋਈ ਸਾਨੂੰ ਮੰਨੇ।‘
ਇਹ ਪਿੰਗਲੇ ਲਾਵਾਰਿਸ ਨਹੀਂ। ਇੱਕ ਦੂਸਰੇ ਦੇ ਵਾਰਿਸ ਹਨ। ਇਨ੍ਹਾਂ ਦਾ ਕੋਈ ਅਜਿਹਾ ਵਾਰਿਸ ਹੈ, ਜੋ ਇਨ੍ਹਾਂ ਨੂੰ ਇਸ ਕੁਦਰਤ ਤੋਂ ਮਿਲੀ ਕਮੀ ਨੂੰ, ਘਾਟ ਨੂੰ ਮਹਿਸੂਸ ਹੀ ਨਹੀਂ ਹੋਣ ਦਿੰਦਾ। ਇਹ ਲਾਵਾਰਿਸ ਨਹੀਂ? ਬਾਵਰਿਸ ਹਨ। ਇਹ ਖਿਆਲ ਆਇਆ ਹੈ ਤੇ ਗੱਡੀ ਸੜਕ ’ਤੇ ਚੜ੍ਹ ਗਈ ਹੈ।
ਪਿੰਗਲਵਾੜਾ ਪਰਿਵਾਰ, ਆਪਣਾ-ਆਪਣਾ ਲੱਗਦਾ ਹੈ ਜਦੋਂ ਕਿ ਆਪਣੇ ਪਰਿਵਾਰ ਓਪਰੇ ਹੋਣ ਦਾ ਦੌਰ ਹੈ। ਉਸ ਦੀ ਬੁਨਿਆਦ ਕਿੱਥੇ ਹੈ? ਉਹ ਹੈ ਸੰਵੇਦਨਸ਼ੀਲਤਾ ਵਿੱਚ, ਦੂਸਰੇ ਦੇ ਦੁੱਖ ਵਿੱਚ ਆਪਣੇ ਆਪ ਨੂੰ ਮਹਿਸੂਸ ਕਰਨ ਵਿੱਚ। ਇਹ ਰਹਿਮ ਤੋਂ ਵੱਖਰੀ ਹਾਲਤ ਹੈ। ਇਸਦਾ ਹਿੰਦੀ ਵਿੱਚ ਸ਼ਬਦ ਹੈ ਸਹਿ-ਅਨੁਭੂਤੀ (ਇੱਕੋ ਜਿਹੀ ਹਾਲਤ), ਅੰਗਰੇਜ਼ੀ ਵਿੱਚ ਹੈ ਐਮਪੈਥੀ, ਸਿੰਮਪੈਥੀ (ਰਹਿਮ) ਤੋਂ ਅਲੱਗ ਅਸੀਂ ਦਇਆਵਾਨ ਕਹੇ ਜਾਂਦੇ ਹਾਂ। ਪਰ ਲੋੜ ਹੈ, ਦੂਸਰੇ ਦੇ ਦਰਦ ਨੂੰ ਆਪਣੇ ’ਤੇ ਲੈ ਕੇ ਦੇਖਣ ਦੀ। ਇਹ ਮਨੁੱਖੀ ਕਾਬਲੀਅਤ ਸਭ ਵਿੱਚ ਹੁੰਦੀ ਹੈ, ਪਰ ਇਸ ਨੂੰ ਪਛਾਣਦਾ ਕੋਈ-ਕੋਈ ਹੈ ਤੇ ਲਾਗੂ ਤਾਂ ਕੋਈ ਨਵੇਕਲਾ ਹੀ ਕਰਦਾ ਹੈ, ਜਿਵੇਂ ਭਗਤ ਪੂਰਨ ਸਿੰਘ ਜੀ ਨੇ ਕੀਤਾ!
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4126)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)