“ਅਲੱਗ-ਅਲੱਗ ਮੁਹੱਲਿਆਂ ਵਿਚ ਬਣਾਏ/ਥਾਪੇ ਇੰਚਾਰਜ ਵੀ ਫੋਨ ਕਰਦੇ ਕਿ ‘ਸਮਾਨ’ ਭੇਜੋ। ਕਿਸੇ ਨੂੰ ਨਾਰਾਜ਼ ...”
(18 ਜੂਨ 2023)
ਜ਼ਮੀਨ ਦਾ ਟੁਕੜਾ ਘਰ ਨਹੀਂ ਹੈ,
ਦੀਵਾਰਾਂ ਛੱਤਾਂ ਘਰ ਨਹੀਂ ਹੈ,
ਬੂਹੇ-ਬਾਰੀਆਂ ਛੱਤ ਨਹੀਂ ਹੈ,
ਘਰ ਇਕ ਸਿਆਸਤ ਹੈ।
ਘਰ ਇਕ ਇਮਾਰਤ ਹੈ,
ਜੋ ਸੰਵਿਧਾਨ ਲਿਖਦਾ ਹੈ।
ਜੋ ਇਕ ਨੇਤਾ ਵੰਡਦਾ ਹੈ।
ਅੰਮ੍ਰਿਤਸਰ ਦੇ ਗੁਰੂ ਨਾਨਕ ਐਵੀਨਿੳ ਵਿਚ ਮੇਰੇ ਨਾਂ ਵਾਲਾ, ਸੰਵਿਧਾਨਕ ਮੋਹਰ ਵਾਲਾ, ਪੱਕੇ ਪਤੇ ਵਾਲਾ ਘਰ ਹੈ।
ਜਨਮ ਤੋਂ ਚਾਰ ਦਹਾਕਿਆਂ ਬਾਅਦ, ਇਸ ਪਤੇ ਤੇ ਬਣੇ ਵੋਟਰ ਕਾਰਡ ਨੂੰ ਦਿਖਾ ਕੇ ਮੈਂ ਵੋਟ ਪਾਉਣ ਦੇ ਹੱਕ ਨੂੰ ਇਸਤੇਮਾਲ ਕਰਾਂਗਾ। ਪੱਕੇ ਪਤੇ ਵਾਲੇ ਘਰ ਦਾ ਇਕ ਅਹਿਮ ਮੰਤਵ।
ਅੰਮ੍ਰਿਤਸਰ ਸ਼ਹਿਰ ਦੀ ਕਾਰਪੋਰੇਸ਼ਨ ਦੀਆਂ ਚੋਣਾਂ ਦਾ ਐਲਾਨ ਹੋ ਗਿਆ ਸੀ। ਮਈ 1997 ਵਿਚ ਵੋਟਾਂ ਪੈਣੀਆਂ ਸਨ। ਸ਼ਹਿਰ ਦੀ ਕਮੇਟੀ ਤਾਂ 1868 ਵਿਚ ਹੀ ਬਣ ਗਈ ਸੀ, ਅੰਗ੍ਰੇਜ਼ਾਂ ਦੀ ਹਕਮਤ ਵੇਲੇ, ਕਾਰਪੋਰੇਸ਼ਨ 1991 ਵਿਚ ਬਣੀ। ਉਸ ਮੁਤਾਬਕ ਕਾਰਪੋਰੇਸ਼ਨ ਦੀਆਂ ਇਹ ਦੂਸਰੀਆਂ ਚੋਣਾਂ ਸਨ। ਮੇਰੀ ਰਿਹਾਇਸ਼ 1995 ਦੇ ਆਖਰੀ ਮਹੀਨਿਆਂ ਵਿਚ ਹੋਈ। ਇਹ ਮੇਰੀ ਪਹਿਲੀ ਸਿਆਸੀ ਭਾਗੇਦਾਰੀ ਦੇ ਦਿਨ ਸਨ, ਵੋਟ ਪਾਉਣ ਦੇ ਅਧਿਕਾਰ ਨੂੰ ਵਰਤੋਂ ਵਿਚ ਲਿਆਉਣਾ। ਭਾਵੇਂ ਵੋਟ ਪਾਉਣ ਦਾ ਅਧਿਕਾਰ 1972 ਵਿਚ ਹਾਸਿਲ ਹੋ ਗਿਆ ਸੀ, ਅਠਾਰਾਂ ਸਾਲ ਦੀ ਉਮਰੇ।
ਗੁਰੂ ਨਾਨਕ ਐਵੀਨਿਉ ਵੈਲਫੇਅਰ ਐਸੋਸੀਏਸ਼ਨ ਦੀ ਮੀਟਿੰਗ ਦਾ ਸੱਦਾ ਆਇਆ। ਐਵੀਨਿਉ ਦੇ ਨਕਸ਼ੇ ਵਿਚ ਛੱਡੇ ਗਏ ਪਾਰਕ ਵਾਲੀ ਥਾਂ ’ਤੇ, ਜਿਸ ਨੂੰ ਕੁਝ ਸਮਾਂ ਪਹਿਲਾਂ ਹੀ ਮੁਹੱਲੇ ਵਾਲਿਆਂ ਨੇ ਕਬਜ਼ਾ ਹੋਣ ਤੋਂ ਬਚਾਇਆ ਸੀ। ਮੀਟਿੰਗ ਦਾ ਮੁੱਦਾ ਇਸ ਨਵੀਂ ਉੱਸਰ ਰਹੀ ਕਲੋਨੀ ਦੇ ਵਿਕਾਸ ਲਈ, ਜਿੱਥੇ ਅਜੇ ਗਲੀਆਂ ਵੀ ਪੱਕੀਆਂ ਨਹੀਂ ਸਨ। ਕਾਰਪੋਰੇਸ਼ਨ ਵੱਲੋਂ ਐਲਾਨੀਆਂ ਚੋਣਾਂ ਦੇ ਮੱਦੇਨਜ਼ਰ ਕਿਸੇ ਚੰਗੇ ਉਮੀਦਵਾਰ ਨੂੰ ਸਪਸ਼ਟ ਹਿਮਾਇਤ ਦੇਣ ਲਈ ਇਸ ਮੀਟਿੰਗ ਵਿਚ ਚਰਚਾ ਕਰਦਿਆਂ ਇਹ ਗੱਲ ਉੱਭਰੀ ਕਿ ਆਪਾਂ ਆਪਣੇ ਐਵੀਨਿਉ ਤੋਂ ਹੀ ਕੋਈ ਉਮੀਦਵਾਰ ਖੜ੍ਹਾ ਕਿਉਂ ਨਹੀਂ ਕਰ ਦਿੰਦੇ? ਪਰ ਇਕ ਦਿੱਕਤ ਜੋ ਮੁੱਖ ਸੀ ਕਿ ਉਮੀਦਵਾਰ ਸਰਕਾਰੀ ਮੁਲਾਜ਼ਮ ਨਹੀਂ ਹੋ ਸਕਦਾ। ਮੀਟਿੰਗ ਵਿਚ ਸ਼ਾਮਲ ਬਹੁਤੇ ਸਰਕਾਰੀ ਕਰਮਚਾਰੀ ਸਨ। ਐਸੋਸੀਏਸ਼ਨ ਦੇ ਪ੍ਰਧਾਨ, ਸਕੱਤਰ, ਮੈਂ ਖੁਦ ਅਤੇ ਕਲੋਨੀ ਦੇ ਕੁਝ ਹੋਰ ਵਾਸੀ ਵੀ ਸਰਕਾਰੀ ਨੌਕਰੀ ਕਰਦੇ ਸਨ।
ਇਹ ਗੱਲ ਬੜੀ ਅਜੀਬ ਲੱਗੀ ਕਿ ਸਰਕਾਰੀ ਮੁਲਾਜ਼ਮ ਚੋਣ ਨਹੀਂ ਲੜ ਸਕਦਾ। ਸਗੋਂ ਇਹ ਪ੍ਰਚਾਰਿਆ ਜਾਂਦਾ ਹੈ ਕਿ ਸਰਕਾਰੀ ਮੁਲਾਜ਼ਮ ਸਿਆਸਤ ਤੋਂ ਦੂਰ ਰਹੇ। ਉਹ ਮੁਹੱਲੇ ਦੀ ਸਿਆਸਤ ਦਾ ਵੀ ਸਰਗਰਮੀ ਨਾਲ ਹਿੱਸਾ ਨਾ ਬਣੇ। ਅਜਿਹੇ ਕਈ ਕੇਸ ਦੇਖੇ, ਜਿੱਥੇ ਮੁਲਾਜ਼ਮਾਂ ਨੂੰ ਕਾਨੂੰਨੀ ਨੋਟਿਸ ਆਏ। ਭਾਵੇਂ ਚੋਣ ਉਮੀਦਵਾਰ ਕਿਸੇ ਦਾ ਭਰਾ ਹੋਵੇ ਜਾਂ ਪਿਉ ਹੀ ਕਿਉਂ ਨਾ ਹੋਵੇ।
ਭਾਰਤੀ ਚੋਣਾਂ ਦੇ ਇਤਿਹਾਸ ਵਿਚ ਸਿੱਧੇ ਤੌਰ ’ਤੇ ਮੇਰਾ ਇਸ ਤਰ੍ਹਾਂ ਰਾਜਨੀਤੀ ਨਾਲ ਪਹਿਲਾ ਵਾਹ-ਵਾਸਤਾ ਸੀ, ਉਮੀਦਵਾਰ ਲੱਭਣ ਤੋਂ ਲੈ ਕੇ ਉਸ ਦੇ ਪ੍ਰਚਾਰ ਅਤੇ ਵੋਟਾਂ ਪਾਉਣ-ਪਵਾਉਣ ਤਕ।
ਬਾਕੀ ਸਾਰੇ ਚੋਣ ਦਾ ਹਿੱਸਾ ਹੋ ਸਕਦੇ ਨੇ, ਸਰਕਾਰੀ ਮੁਲਾਜ਼ਮ ਨੂੰ ਪਹਿਲਾਂ ਆਪਣੀ ਨੌਕਰੀ ਤੋਂ ਅਸਤੀਫਾ ਦੇਣਾ ਪਵੇਗਾ। ਬਿਜਨੈਸਮੈਨ, ਪ੍ਰਾਈਵੇਟ ਕੰਮ ਕਰਨ ਵਾਲੇ ਸਭ ਮਨਜ਼ੂਰ ਨੇ। ਸੰਸਦ ਅਤੇ ਵਿਧਾਨ ਸਭਾ ਵਿਚ, ਬਹੁਗਿਣਤੀ ਵਕੀਲ ਨੇ ਜਾਂ ਹੋਰ ਕੰਮਾਂ-ਕਾਰਾਂ ਵਿਚ ਲੱਗੇ ਸਰਕਾਰੀ ਮੁਲਾਜ਼ਮ ਛੁੱਟੀ ਲੈ ਕੇ ਚੋਣਾਂ ਲੜੇ, ਹਾਰ ਜਾਵੇ ਤਾਂ ਡਿੳਟੀ ’ਤੇ ਮੁੜ ਆਵੇ। ਇਹ ਕਿਉਂ ਨਹੀਂ? ਇਸ ਦਾ ਕੋਈ ਕਾਰਨ ਰਿਹਾ ਹੋਵੇਗਾ, ਉਹ ਘੋਖਣਾ ਚਾਹੀਦਾ ਹੈ।
ਖੈਰ! ਮੀਟਿੰਗ ਵਿਚ ਸ. ਭੁਪਿੰਦਰ ਸਿੰਘ, ਮੇਰੇ ਨੇੜਲੇ ਗੁਆਂਢੀ ਵੀ ਸ਼ਾਮਲ ਸਨ। ਉਹ ਕਾਰੋਬਾਰੀ ਸਨ। ਸਾਡੇ ਵਿੱਚੋਂ ਕਿਸੇ ਨੂੰ ਫੁਰਨਾ ਫੁਰਿਆ, ਭੁਪਿੰਦਰ ਸਿੰਘ ਇਸ ਕੰਮ ਲਈ ਵਾਜਬ ਉਮੀਦਵਾਰ ਹੋ ਸਕਦੇ ਨੇ। ਪ੍ਰਧਾਨ ਐੱਮ.ਐੱਸ ਰਟੋਲ ਨੇ ਇਕ ਨੁਕਤਾ ਹੋਰ ਰੱਖਿਆ, “ਆਜ਼ਾਦ ਉਮੀਦਵਾਰ ਦੀ ਹਿਮਾਇਤ ਨਹੀਂ ਕਰਾਂਗੇ। ਕਿਸੇ ਪਾਰਟੀ ਤੋਂ ਟਿਕਟ ਲੈ ਕੇ ਆਇਆ ਜਾਵੇ ਤੇ ਉਹ ਵੀ ਅਕਾਲੀ ਦਲ ਤੋਂ।” ਉਸ ਸਮੇਂ ਪੰਜਾਬ ਵਿਚ ਅਕਾਲੀ ਪਾਰਟੀ ਕਾਬਜ਼ ਸੀ। ਆਪਾਂ ਜਾਣਦੇ ਹੀ ਹਾਂ ਕਿ ਜਿਸ ਪਾਰਟੀ ਦਾ ਰਾਜ ਹੋਵੇ, ਉਸ ਦੇ ਹੱਥ ਕਾਰਪੋਰੇਸ਼ਨ ਹੋਵੇ ਤੇ ਕੌਂਸਲਰ ਹੋਵੇ ਤਾਂ ਕੰਮ ਕੁਝ ਅਸਾਨੀ ਨਾਲ ਹੋ ਜਾਂਦੇ ਹਨ। ਇਸ ਹਾਲਤ ਨੂੰ ਚੋਣਾਂ ਵਿਚ ਹੁਣ ਪ੍ਰਚਾਰਿਆ ਵੀ ਜਾਂਦਾ ਹੈ, ਜਿਸ ਦਾ ਨਾਂ ‘ਡਬਲ ਇੰਜਣ ਦੀ ਸਰਕਾਰ’ ਰੱਖਿਆ ਗਿਆ ਹੈ।
ਭੁਪਿੰਦਰ ਸਿੰਘ ਨੇ ਕਦੇ ਸੋਚਿਆ ਵੀ ਨਹੀਂ ਹੋਣਾ, ਪਰ ਉਨ੍ਹਾਂ ਨੂੰ ਉਸ ਦਿਨ ਕੌਂਸਲਰ ਹੋਣ ਦੇ ਸੁਪਨੇ ਲੈਣ ਦਾ ਕੰਮ ਜ਼ਰੂਰ ਮਿਲ ਗਿਆ। ਉਨ੍ਹਾਂ ਦਾ ਮੁਹੱਲੇ ਵਿਚ ਮਕਾਨ ਨੰ: 99 ਸੀ ਤੇ ਮੇਰਾ 97 ਨੰਬਰ। ਪਲਾਟ ਨੰ. 98 ਵੀ ਉਨ੍ਹਾਂ ਕੋਲ ਹੁੰਦਾ। ਉੱਥੇ ਸਬਜ਼ੀ ਬੀਜੀ ਹੁੰਦੀ। ਇਹ ਖਾਲੀ ਪਲਾਟ ਸਾਡੇ ਮਕਾਨ ਦੀ ਕੰਧ ਨਾਲ ਸਾਂਝਾ ਸੀ। ਅਸੀਂ ਇਕ ਮੋਘਾ ਜਿਹਾ ਬਣਾਇਆ ਹੋਇਆ ਸੀ, ਕੁਝ ਇੱਟਾਂ ਕੱਢ ਕੇ। ਬੀਬੀਆਂ ਵੱਲੋਂ ਦਾਲ-ਸਬਜ਼ੀ ਦਾ ਲੈਣ-ਦੇਣ ਹੁੰਦਾ।
ਸ. ਭੁਪਿੰਦਰ ਸਿੰਘ ਨੇ ਐੱਸ.ਜੀ.ਪੀ.ਸੀ ਦੇ ਕਿਸੇ ਪ੍ਰਭਾਵਸ਼ਾਲੀ ਮੈਂਬਰ ਨੂੰ ਵਿਚ ਪਾ ਕੇ ਅਕਾਲੀ ਦਲ ਦੀ ਟਿਕਟ ਲੈਣ ਵਿਚ ਕਾਮਯਾਬੀ ਹਾਸਲ ਕਰ ਲਈ। ਹੁਣ ਐਸੋਸੀਏਸ਼ਨ ਸਿਧਾਂਤਕ ਤੌਰ ’ਤੇ ਸ. ਭੁਪਿੰਦਰ ਸਿੰਘ ਦੀ ਪਿੱਠ ’ਤੇ ਆ ਗਈ। ਬਹੁਤੇ ਭਾਵੇਂ ਸਰਕਾਰੀ ਮੁਲਾਜ਼ਮ ਸੀ, ਫਿਰ ਵੀ ਅਧਿਆਪਕਾਂ ਵਿਚ ਕੰਮ ਕਰਦੇ, ਸ. ਜਲਵੰਤ ਸਿੰਘ ਅਤੇ ਵਿਦਿਆਰਥੀ ਸਿਆਸਤ ਵਿਚ ਸਰਗਰਮ ਰਹੇ ਸ. ਭੁਪਿੰਦਰ ਸਿੰਘ ਸੰਧੂ ਨੂੰ ਅੱਗੇ ਲੱਗਣ ਲਈ ਗੁਜਾਰਿਸ਼ ਕੀਤੀ। ਭੁਪਿੰਦਰ ਸਿੰਘ ਖੁਦ, ਟਰੱਕਾਂ ਨੂੰ ਕਿਰਾਏ ’ਤੇ ਦੇਣ ਦੀ ਇਕ ਏਜੰਸੀ ਚਲਾਉਂਦੇ ਸਨ ਤੇ ਉਸੇ ਤਰ੍ਹਾਂ ਦਾ ਉਨ੍ਹਾਂ ਦਾ ਉੱਠਣ-ਬੈਠਣ ਸੀ, ਡਰਾਈਵਰ ਭਾਈਚਾਰਾ। ਪਰ ਪੰਥਕ ਪਾਰਟੀ ਦਾ ਆਪਣਾ ਫਾਇਦਾ।
ਮੈਨੂੰ ਵੀ ਬਾਕੀ ਮੈਂਬਰਾਂ ਦੇ ਨਾਲ ਸਰਗਰਮ ਕਮੇਟੀ ਵਿਚ ਪਾਇਆ ਗਿਆ। ਮੀਟਿੰਗਾਂ ਹੁੰਦੀਆਂ, ਮੈਂ ਉਨ੍ਹਾਂ ਦਾ ਜ਼ਰੂਰ ਹਿੱਸਾ ਬਣਦਾ। ਮੇਰੇ ਕੋਲ ਇਸ ਕਿਸਮ ਦਾ ਕੋਈ ਸਿਆਸੀ ਤਜਰਬਾ ਨਹੀਂ ਸੀ।
ਮੁੱਢਲੀ ਕਾਲਜ ਦੀ ਪੜ੍ਹਾਈ ਸਮੇਂ ਵਿਦਿਆਰਥੀ ਜਥੇਬੰਦੀਆਂ ਹੁੰਦੀਆਂ, ਚੋਣਾਂ ਵੀ ਅਤੇ ਕਦੇ-ਕਦੇ ਵਿਦਿਆਰਥੀ ਮੰਗਾਂ ਨੂੰ ਲੈ ਕੇ ਹੜਤਾਲ ਵੀ ਹੁੰਦੀ। ਇਸ ਤੋਂ ਇਲਾਵਾ ਸਮਾਜਕ, ਕਾਲਜ ਤੋਂ ਬਾਹਰ ਦੀ ਸਿਆਸਤੀ ਹਲਚਲ ਵਾਲੀਆਂ ਸਥਿਤੀਆਂ ਵਿਚ ਵੀ ਵਿਦਿਆਰਥੀ ਦਖਲ ਦਿੰਦੇ। ਪੰਜਾਬ ਦੇ ਦੋਵੇਂ ਮੈਡੀਕਲ ਕਾਲਜਾਂ ਵਿਚ ਹੜਤਾਲ ਦੀਆਂ ਖ਼ਬਰਾਂ ਸੁਨਣ ਨੂੰ ਮਿਲਦੀਆਂ। ਪਰ ਕਦੇ ਇਨ੍ਹਾਂ ਦਾ ਸਰਗਰਮ ਹਿੱਸਾ ਬਣਨ ਦਾ ਮਨ ਨਹੀਂ ਕੀਤਾ। ਹੋਸਟਲ ਦੀ ਮੈਸ ਕਮੇਟੀ ਦਾ ਇੰਚਾਰਜ ਬਣਿਆ, ਬਲੱਡ ਡੋਨਰਜ਼ ਕਲੱਬ ਦਾ ਮੈਂਬਰ ਵੀ, ਕਾਲਜ ਦੀ ਮੈਗਜ਼ੀਨ ‘ਗੋਮਕੋ’ ਦਾ ਪੂਰੇ ਪੰਜਾਂ ਸਾਲਾਂ ਦੌਰਾਨ ਉੱਪ-ਸੰਪਾਦਕ ਅਤੇ ਸੰਪਾਦਕ ਰਿਹਾ। ਪਰ ਇਸ ਤਰ੍ਹਾਂ ਦੀ ਕਿਸੇ ਜਥੇਬੰਦੀ ਤੋਂ ਗੁਰੇਜ਼ ਹੀ ਕੀਤਾ। ਪਤਾ ਸੀ ਸ਼ਾਇਦ ਕਿ ਘਰ ਵਾਲੇ ਬੜੀ ਮੁਸ਼ਕਿਲ ਨਾਲ ਪੜ੍ਹਾ ਰਹੇ ਨੇ, ਕਿਤੇ ਕੋਈ ਪੜ੍ਹਾਈ ਦਾ ਨੁਕਸਾਨ ਜਾਂ ਹੋਰ ਪਰੇਸ਼ਾਨੀ ਨਾ ਹੋਵੇ। ਘਰ ਦਾ ਮਾਹੌਲ ਵੀ ਬਿਲਕੁਲ ਗੈਰ-ਸਿਆਸੀ ਸੀ। ਹੁਣ ਜਦੋਂ ਘੋਖ ਕੇ ਦੇਖਦਾ ਹਾਂ, ਅਬੋਹਰ ਕਾਲਜ ਵਿਚ ਵੀ ਤੇ ਮੈਡੀਕਲ ਕਾਲਜ ਦੌਰਾਨ ਵੀ, ਅਜਿਹੀਆਂ ਜਥੇਬੰਦੀਆਂ ਵਿਚ ਬਹੁਤੇ ਵਿਦਿਆਰਥੀ ਉਹ ਹੁੰਦੇ ਹਨ ਜਿਨ੍ਹਾਂ ਦੇ ਪਰਿਵਾਰ ਦੇਸ਼ ਦੀ ਕਿਸੇ ਰਾਜਨੀਤਿਕ ਪਾਰਟੀ ਵਿਚ ਸਰਗਰਮ ਹੁੰਦੇ ਹਨ। ਫਿਰ ਵੀ ਦੂਸਰੇ ਪਾਸੇ ਝਾਤੀ ਮਾਰਾਂ ਤਾਂ ਕਿਸਾਨ ਆਗੂ ਡਾ. ਦਰਸ਼ਨ ਪਾਲ ਅਤੇ ਆਮ ਆਦਮੀ ਪਾਰਟੀ ਤੋਂ ਚੋਣ ਲੜੇ ਡਾ. ਧਰਮਵੀਰ ਗਾਂਧੀ ਮੈਡੀਕਲ ਕਾਲਜਾਂ ਵਿੱਚੋਂ ਹੀ ਅੱਗੇ ਵਧੇ ਹਨ। ਉਂਜ ਵਿਦਿਆਰਥੀ ਸਿਆਸਤ ਵੀ ਅੱਗੋਂ ਡਾਕਟਰਾਂ ਦੀ ਜਥੇਬੰਦੀ ਬਨਾਉਣ ਦੇ ਰਾਹ ਪੈਂਦੀ। ਅਜੋਕੇ ਸਮੇਂ ਵਿਚ ਵਿਦਿਆਰਥੀ ਚੋਣਾਂ ਹੀ ਬੈਨ ਹਨ ਤੇ ਮੁੱਖ ਧਾਰਾ ਦੀ ਸਿਆਸਤ ਦਾ ਚਿਹਰਾ ਵੀ ਆਪਾਂ ਦੇਖ ਰਹੇ ਹਾਂ। ਉਮੀਦਵਾਰਾਂ ਦੀ ਦਿੱਖ ਤੋਂ ਉਨ੍ਹਾਂ ਦੀ ਸਿਆਸੀ ਸਮਝ ਵੀ ਸਮਝ ਆ ਜਾਂਦੀ ਹੈ।
ਮੁਹਿੰਮ ਸ਼ੁਰੂ ਹੋਈ। ਭੁਪਿੰਦਰ ਸਿੰਘ ਕੋਲ ਜ਼ੇਨ ਕਾਰ ਹੁੰਦੀ। ਕੁਝ ਦਿਨਾਂ ਬਾਅਦ ਉਨ੍ਹਾਂ ਕੋਲ ‘ਸਫਾਰੀ’ ਗੱਡੀ ਆ ਗਈ। ਅਕਾਲੀ ਪਾਰਟੀ ਦਾ ਟਿਕਟ ਮਿਲਿਆ ਸੀ, ਸਿੰਘ ਤਾਂ ਸੱਜਣਾ ਹੀ ਸੀ, ਪਰ ਸਫਾਰੀ ਗੱਡੀ ਪਿੱਛੇ ਵੀ ਰਾਜ਼ ਇਹ ਸੀ ਕਿ ਉਮੀਦਵਾਰ ਜਦੋਂ ਲੋਕਾਂ ਕੋਲ ਵੋਟਾਂ ਲੈਣ, ਮੰਗਣ ਜਾਵੇ ਤਾਂ ਉਸ ਦੀ ਟੌਹਰ ਦਿਸੇ, ਅਸਲੀ ਸ਼ਬਦ ਦਬਦਬਾ ਹੈ। ਲੋਕਤੰਤਰ, ਲੋਕਾਂ ਦੀ ਸਰਕਾਰ, ਲੋਕਾਂ ਨੇ ਮਿਲਣਾ, ਲੋਕਾਂ ਦੇ ਕੰਮ ਕਰਨੇ, ਗਲੀਆਂ-ਨਾਲੀਆਂ, ਸੀਵਰ ਆਦਿ ਤੇ ਹੋਰ ਅਜਿਹੇ ਛੋਟੇ-ਮੋਟੇ ਕੰਮ, ਜੋ ਕੌਂਸਲਰ ਦੀ ਹੱਦ ਵਿਚ ਆਉਂਦੇ, ਉਸ ਸ਼ਖ਼ਸ ਦਾ ਕੀ ਦਬਦਬਾ, ਰੋਅਬ ਜਾਂ ਟੌਹਰ। ਇਹ ਸੀ ਲੋਕਤੰਤਰ ਦਾ ਉੱਭਰ ਰਿਹਾ, ਬਣ ਰਿਹਾ ਚਿਹਰਾ। ਮੀਟਿੰਗ ਵਿਚ ਕਿਹਾ ਸੀ ਕਿ ‘ਆਪਾਂ ਆਪਣਾ ਕੌਂਸਲਰ ਖੜ੍ਹਾ ਕਰੀਏ’, ਤੋਂ ਭਾਵ ਸੀ, ਜਿਸ ਤਕ ਪਹੁੰਚ ਆਸਾਨ ਹੋਵੇ। ਰੋਜ਼ ਇਸੇ ਤਰ੍ਹਾਂ ਮਿਲ ਕੇ ਬੈਠਣ ਵਾਲਾ ਮਾਹੌਲ ਹੋਵੇ। ਪਾਰਟੀ ਦੀਆਂ ਹਿਦਾਇਤਾਂ ਮੁਤਾਬਕ ਭੁਪਿੰਦਰ ਸਿੰਘ ਨੇ ਸਫਾਰੀ ਲੈਣ ਵਾਲੀ ਸ਼ਰਤ ਤਾਂ ਪੂਰੀ ਕਰ ਦਿੱਤੀ। ਬਾਕੀ ਟਿਕਟ ਲੈਣ ਲਈ ਕੀ ਜੁਗਾੜ ਕੀਤਾ, ਉਹ ਉਸ ਨੂੰ ਹੀ ਪਤਾ ਹੋਵੇਗਾ, ਕਿਉਂਕਿ ਇਸ ਬਾਰੇ ਹੁਣ ਸ਼ਰੇਆਮ ਚਰਚਾ ਹੁੰਦੀ ਹੈ। ਹੁਣ ਤਾਂ ਕਿਸੇ ਜੁਗਾੜ ਤੋਂ ਬਿਨਾਂ ਸੋਚਿਆ ਹੀ ਨਹੀਂ ਜਾ ਸਕਦਾ, ਹੋ ਸਕਦਾ ਹੈ ਕਿ ਪੱਚੀ ਸਾਲ ਪਹਿਲਾਂ ਅਜਿਹਾ ਨਾ ਹੁੰਦਾ ਹੋਵੇ‘ ਉਮੀਦਵਾਰ ਦੇ ਹੋਰ ਪਹਿਲੂਆਂ ’ਤੇ ਵਿਚਾਰ ਹੁੰਦੀ ਹੋਵੇ। ਪਰ ਮੰਨਣਾ ਔਖਾ ਲਗਦਾ ਹੈ।
ਦੂਸਰਾ ਦ੍ਰਿਸ਼ ਜੋ ਦੇਖਣ ਨੂੰ ਮਿਲਿਆ ਉਹ ਇਹ ਕਿ ਖਾਲੀ ਪਿਆ ਪਲਾਟ ਲੰਗਰ ਵਾਲੀ ਥਾਂ ਵਿਚ ਬਦਲ ਲਿਆ। ਮੇਜ਼-ਕੁਰਸੀਆਂ ਲੱਗ ਗਈਆਂ ਤੇ ਇਕ ਪਾਸੇ ਹਲਵਾਈ ਬਿਠਾ ਦਿੱਤਾ ਗਿਆ। ਇਹ ਸਭ ਪਹਿਲਾਂ ਵੀ ਸੁਣਿਆ ਸੀ, ਹੁਣ ਦੇਖ ਰਿਹਾ ਸੀ। ਸਹੀ ਕਹਾਂ ਤਾਂ ਖੁਦ ਹਿੱਸੇਦਾਰ ਸੀ ਤੇ ਮਦਦਗਾਰ ਵੀ।
ਹਰ ਚੀਜ਼ ਦਾ ਖੁੱਲ੍ਹਾ ਲੰਗਰ ਵਰਤਾਇਆ ਜਾਂਦਾ। ਸ਼ਾਮ ਪੈਂਦੇ ਹੀ ਰੌਣਕਾਂ ਲੱਗ ਜਾਂਦੀਆਂ। ਵਰਕਰ ਥੱਕੇ-ਟੁੱਟੇ ਆਉਂਦੇ, ਆ ਕੇ ਥਕਾਵਟ ਉਤਾਰਦੇ। ਪਰੇ ਹਲਕੇ ਵਿਚ ਪੈਂਦੇ ਅਲੱਗ-ਅਲੱਗ ਮੁਹੱਲਿਆਂ ਵਿਚ ਬਣਾਏ/ਥਾਪੇ ਇੰਚਾਰਜ ਵੀ ਫੋਨ ਕਰਦੇ ਕਿ ‘ਸਮਾਨ’ ਭੇਜੋ। ਕਿਸੇ ਨੂੰ ਨਾਰਾਜ਼ ਕੀ ਕਰਨਾ। ਜੋ ਮੰਗਿਆ ਜਾਂਦਾ, ਉਹ ਹਾਜ਼ਰ। ਚੋਣ ਕਮਿਸ਼ਨਰ ਇਕ ਹੱਦ ਲਗਾਉਂਦਾ ਹੈ ਜ਼ਰੂਰ, ਪਰ ਹੱਦ ਵਿਚ ਰਹਿੰਦਾ ਕੌਣ ਹੈ?
ਮੀਟਿੰਗ ਹੋਈ ਸੀ ਆਪਣੇ ਕੌਂਸਲਰ ਲਈ, ਮੁਹੱਲੇ ਦੇ ਕੰਮ ਕਰਵਾਉਣੇ ਸੀ। ਐਨੇ ਪੈਸੇ ਖਰਚ ਕਰਕੇ ਇਹ ਕੰਮ ਕਰਵਾਵੇਗਾ? ਕਿਉਂ ਕਰਵਾਵੇਗਾ? ‘ਰਾਜ ਨਹੀਂ ਸੇਵਾ’ ਵਾਲੀ ਪਾਰਟੀ ਦਾ ਟਿਕਟ ਮਿਲਿਆ ਹੈ। ਸਿਆਸਤ ਨਾਲ ਸਹਿਜੇ-ਸਹਿਜੇ ਜੁੜ ਰਿਹਾ ਸੀ। ਇਸੇ ਤਰ੍ਹਾਂ ਮੁਹੱਲੇ ਤੋਂ ਪੰਜਾਬ ਦੀ ਤੇ ਫਿਰ ਦੇਸ਼ ਦੀ ਸਿਆਸਤ ਵਿਚ ਦਿਲਚਸਪੀ ਵਧੀ। ਕਾਲਜ ਵਿਚ ਮੈਡੀਕਲ ਟੀਚਰਜ਼ ਦੀ ਜਥੇਬੰਦੀ, ਆਪਣੇ ਵਿਸ਼ੇ ਕਮਿਉਨਿਟੀ ਮੈਡੀਸਨ ਦੀ ਜਥੇਬੰਦੀ, ਸ਼ਹਿਰ ਵਿਚ ਫੋਕਲੋਰ ਰਿਸਰਚ ਅਕਾਦਮੀ ਤੇ ਫਿਰ ਲੇਖਕਾਂ ਦੀ ਸਿਰਮੌਰ ਜਥੇਬੰਦੀ ਕੇਂਦਰੀ ਪੰਜਾਬੀ ਲੇਖਕ ਸਭਾ। ਉਹ ਵੀ ਦੋ ਫਾੜ, ਦੋ ਗੁੱਟ, ਇਕ ਕਹਾਣੀਕਾਰ ਸੁਜਾਨ ਸਿੰਘ ਨੂੰ ਸਮਰਪਿਤ, ਦੂਸਰੀ ਮਾਰਕਸੀ ਚਿੰਤਕ ਸੇਖੋਂ ਸਾਹਿਬ। ਦੇਸ਼ ਦੀ ਸਿਆਸਤ ਦੀ ਇਕ ਝਲਕ ਇੱਥੇ ਵੀ ਦੇਖਣ ਨੂੰ ਮਿਲਦੀ ਹੈ। ਲੇਖਕ ਵੀ ਇਕੱਠੇ ਨਹੀਂ ਰਹਿ ਸਕਦੇ। ਜੇ ਕਹਾਂ ਕਿ ਲੇਖਕ, ਜੋ ਆਪਣੀ ਵੱਖਰੀ ਵਿਚਾਰਧਾਰਾ ਨੂੰ ਆਪਣੀ ਪਛਾਣ ਸਮਝਦੇ ਹਨ, ਕਿਵੇਂ ਇਕੱਠੇ ਹੋ ਸਕਦੇ ਹਨ? ਭਾਵੇਂ ਦੇਸ਼ ਦੀ, ਮੁਹੱਲੇ ਦੀ ਸਿਆਸਤ ਦਾ ਛੋਟੀਆਂ-ਮੋਟੀਆਂ ਜਥੇਬੰਦੀਆਂ ਨਾਲ ਤੁਲਨਾ ਕਰਨਾ ਵਾਜਬ ਨਹੀਂ ਹੈ।
ਅਕਾਲੀ ਦਲ, ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ, ਦੋ ਵੱਖੋ-ਵੱਖਰੀਆਂ ਸੰਸਥਾਵਾਂ ਹਨ, ਪਰ ਸਿੱਖੀ ਦੇ ਸਿਧਾਂਤ, ਮੀਰੀ-ਪੀਰੀ ਤਹਿਤ, ਦੋਵੇਂ ਇੱਕੋ ਹੀ ਹਨ। ਇਕ ਧਰਮ ਪ੍ਰਚਾਰ ਲਈ ਹੈ, ਦੂਸਰੀ ਆਪਣੇ ਲੋਕਾਂ ਲਈ ਰਾਜਨੀਤਕ ਟੀਚੇ ਮਿੱਥ ਕੇ ਪੂਰੇ ਕਰਵਾਉਣ ਲਈ। ਇਸੇ ਸਮਝ ਤਹਿਤ ਗੁਰੂ ਗੋਬਿੰਦ ਸਿੰਘ ਨੂੰ ਸੰਤ-ਸਿਪਾਹੀ ਵੀ ਕਿਹਾ ਜਾਂਦਾ ਹੈ। ਇਸ ਸਿਧਾਂਤ ਦੇ ਬਾਨੀ ਗੁਰੂ ਗੋਬਿੰਦ ਸਿੰਘ ਤੋਂ ਲੈ ਕੇ ਹੁਣ ਤਕ ਬਹੁਤਾ ਪਿੱਛੇ ਨਾ ਵੀ ਜਾਈਏ ਤਾਂ ਸ਼੍ਰੋਮਣੀ ਅਕਾਲੀ ਦਲ ਨੂੰ 2020 ਵਿਚ ਸੌ ਸਾਲ ਹੋ ਗਏ ਹਨ।
ਮੇਰੇ ਅੰਮ੍ਰਿਤਸਰ ਦੇ ਇਕ ਸਾਥੀ ਦਲਜੀਤ ਕੋਹਲੀ, ਅਕਾਲੀ ਦਲ ਦੇ ਸਮਰਥਕ, ਕਹਿੰਦੇ ਹਨ ਕਿ ਆਰ.ਐੱਸ.ਐੱਸ. ਅਤੇ ਅਕਾਲੀ ਦਲ ਦੀ ਸਥਾਪਨਾ ਤਕਰੀਬਨ ਨਾਲੋ-ਨਾਲ ਹੋਈ। ਦੇਖੋ, ਆਰ ਐੱਸ. ਐੱਸ. ਕਿੱਥੇ ਪਹੁੰਚ ਗਈ ਤੇ ਇਨ੍ਹਾਂ ਨੂੰ ਦੇਖੋ? ਕੁਝ ਨਹੀਂ ਸਿੱਖਿਆ। ਸਿੱਖਣ ਤੋਂ ਕੀ ਭਾਵ ਹੈ, ਕੋਹਲੀ ਸਾਹਿਬ ਵੱਧ ਜਾਣਦੇ ਹਨ। ਮੇਰਾ ਸਵਾਲ ਹੈ ਕਿ ਕਿਸੇ ਤੋਂ ਸਿੱਖਣਾ ਕੀ ਚਾਹੀਦਾ ਹੈ? ‘ਰਾਜ ਨਹੀਂ ਸੇਵਾ’ ਦੇ ਨਾਅਰੇ ਸਾਰੇ ਹੀ ਲਗਾਉਂਦੇ ਹਨ ਤੇ ਨਤੀਜਾ ਵੀ ਸਭ ਦੇ ਸਾਹਮਣੇ ਹੁੰਦਾ ਹੈ। ਨੇਤਾਵਾਂ ਨੂੰ ਐਵੇਂ ਭੁਲੇਖਾ ਹੁੰਦਾ ਹੈ ਕਿ ਲੋਕੀਂ ਬੇਵਕੂਫ਼ ਹਨ। ਜਦੋਂ ਕਿ ਇਸ ਤਰ੍ਹਾਂ ਨਹੀਂ ਹੁੰਦਾ। ਨਤੀਜਾ ਨੇਤਾ ਵੀ ਭੁਗਤਦੇ ਹਨ, ਪਰ ਨੁਕਸਾਨ ਜਨਤਾ ਦਾ ਵੱਧ ਹੁੰਦਾ ਹੈ।
ਅਕਾਲੀ ਦਲ ਦੀ ਚੋਣ ਪ੍ਰਕ੍ਰਿਆ ਰਾਹੀਂ ਦੇਸ਼ ਦੀ ਸਿਆਸਤ ਦੀ ਇਕ ਝਲਕ ਦੇਖਣ ਨੂੰ ਮਿਲੀ। ਰੋਅਬ, ਟੌਹਰ, ਦਬਦਬਾ ਤੇ ਨਾਲ ਹੀ ਜਿੱਤ ਹਾਸਲ ਕਰਨ ਦੇ ਹੋਰ ਪਾਰਟੀਆਂ ਵਰਗੇ ਤੌਰ ਤਰੀਕੇ। ਖੁੱਲ੍ਹਾ ਲੰਗਰ। ਉਂਜ ਲੰਗਰ ਸ਼ਬਦ ਵਰਤਣਾ ਗੁਰੂਆਂ ਨਾਲ ਜੁੜੇ ਭਾਵ ਦੀ ਤੌਹੀਨ ਹੈ, ਪਰ ਇਹ ਸ਼ਬਦ ਵਰਤਿਆ ਜਾਂਦਾ ਹੈ, ਜਦੋਂ ਨਸ਼ਾ ਵੀ ਵਰਤਾਇਆ ਜਾਂਦਾ ਹੈ। ਜੇ ਹੁਣ ਕਹਾਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚ ਜਥੇਦਾਰਾਂ ਦੀ ਚੋਣ ਵੇਲੇ ਵੀ ਇਹੀ ਸਭ ਦੇਖਣ ਨੂੰ ਮਿਲਦਾ ਹੈ, ਜੋ ਕਿ ਅੰਮ੍ਰਿਤ ਸੰਚਾਰ ਦੇ ਮੁੱਖ ਟੀਚੇ ਵਾਲੀ ਸੰਸਥਾ ਹੈ। ਇਕ ਉਮੀਦਵਾਰ, ਭੈਣ ਕਿਰਨਜੋਤ ਨੇ ਇਕ ਸਮਾਗਮ ਵਿਚ ਖੁਦ ਕਬੂਲਿਆ ਕਿ ਵੋਟਾਂ ਪੈਣ ਤੋਂ ਪਹਿਲੀ ਰਾਤ ਵਰਕਰ ਨਿਰਾਸ਼ ਸੀ ਤੇ ਦਬਾ ਪਾ ਰਹੇ ਸੀ ਕਿ ਜੇ ਸ਼ਰਾਬ ਨਾ ਵੰਡੀ ਤਾਂ ਆਪਣੀ ਜਿੱਤਦੀ ਬਾਜ਼ੀ ਪਲਟ ਸਕਦੀ ਹੈ। ਕਈ ਵਾਰੀ ਮਜਬੂਰੀ ਵਿਚ ਕਰਨਾ ਪੈਂਦਾ ਹੈ। ਚੋਣਾਂ, ਵੋਟਾਂ, ਜਿੱਤ, ਉਮੀਦਵਾਰ ਵੀ ਉਹੀ ਜੋ ਜੇਤੂ ਸਮਰਥਾ ਵਾਲਾ ਹੋਵੇ, ਭਾਵ ਟਿਕਟ ਉਸੇ ਨੂੰ। ਆਪਾਂ ਦੇਖ ਸਕਦੇ ਹਾਂ ਕਿ ਪੈਸਾ, ਦਬਦਬਾ ਜਾਂ ਫਿਲਮੀ ਸ਼ੋਹਰਤ, ਭੀੜ ਇਕੱਠੀ ਕਰਨ ਵਾਲੀ ਹਸਤੀ। ਇੱਥੇ ਗੁਰਦੁਆਰਾ ਕਮੇਟੀ ਅਤੇ ਅਕਾਲੀ ਦਲ ਦੀ ਜ਼ਮੀਨ ਵੀ ਇੱਕੋ ਹੈ ਅਤੇ ਅਸਮਾਨ ਵੀ ਸਾਂਝਾ ਹੈ।
ਵੋਟਾਂ ਪਈਆਂ, ਨਤੀਜਾ ਕੀ ਹੋਇਆ, ਇਹ ਇਤਿਹਾਸ ਵਿਚ ਦਰਜ ਹੈ। ਨਾਲ ਹੀ ਇਤਿਹਾਸ ਵਿਚ ਇਹ ਵੀ ਦਰਜ ਹੈ ਕਿ ਉਹ ਮੰਡੀ ਬੋਰਡ ਦੇ ਮੈਂਬਰ ਥਾਪੇ ਗਏ। ਚੰਡੀਗੜ੍ਹ ਆਉਣਾ-ਜਾਣਾ ਬਣਿਆ। ਸਰਗਰਮ ਅਕਾਲੀ ਆਗੂ ਵਜੋਂ ਮਾਣ ਅਤੇ ਇੱਜ਼ਤ ਪ੍ਰਾਪਤ ਹੋਈ। ਅਕਾਲੀ ਦਲ ਵਿਚ ਉਨ੍ਹਾਂ ਦਾ ਦਖਲ ਬਰਕਰਾਰ ਹੈ, ਭਾਵੇਂ ਕਿ ਬੇਟਾ-ਬੇਟੀ ਦੇ ਵਿਦੇਸ਼ ਸੈੱਟ ਹੋ ਜਾਣ ਮਗਰੋਂ ਉਹ ਆਪ ਵੀ ਅਮਰੀਕਾ ਵਾਸੀ ਹੋ ਗਏ ਹਨ। ਪਾਰਟੀ ਨੂੰ ਚਾਹੀਦਾ ਹੁੰਦਾ ਹੈ ਕਿ ਉਨ੍ਹਾਂ ਦੇ ਗੜ੍ਹ ਵਿਦੇਸ਼ਾਂ ਵਿਚ ਵੀ ਹੋਣ।
****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4037)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)