“ਗਰੀਬੀ ਬਹੁ-ਪਰਤੀ ਤੇ ਬਹੁਪ੍ਰਭਾਵ ਵਾਲੀ ਅਵਸਥਾ ਹੈ। ਪਹਿਲੀ ਨਜ਼ਰ ਵਿੱਚ ਇਹ ਜੇਬ ਖਰਚੇ ਨਾਲ ਜੁੜਦੀ ਹੈ ਤੇ ਲੋਕਾਂ ਦੀ ...”
(3 ਮਾਰਚ 2024)
ਇਸ ਸਮੇਂ ਪਾਠਕ: 425.
ਗਰੀਬੀ, ਗਰੀਬ ਆਦਮੀ ਕੀ ਹੁੰਦਾ ਹੈ? ਉਸ ਨੂੰ ਕਿਹੜੀਆਂ-ਕਿਹੜੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਇਹ ਉਹੀ ਜਾਣਦਾ ਹੈ। ਕਿਸੇ ਦਾ ਭਾਸ਼ਣ ਜਾਂ ਭਾਸ਼ਣ ਨੂੰ ਛੱਡੋ, ਕਿਸੇ ਦੀ ਲਿਖਤ ਵੀ ਉਸ ਨੂੰ ਬਿਆਨ ਨਹੀਂ ਕਰ ਸਕਦੀ। ਇਸ ਲੇਖ ਵਿੱਚ ਗਰੀਬੀ ਦੀ ਸਿਧਾਂਤਕ ਚਰਚਾ ਹੋ ਸਕਦੀ ਹੈ, ਦੁਨੀਆਂ ਭਰ ਦੇ ਵਿਦਵਾਨਾਂ ਵੱਲੋਂ ਕੀਤੀਆਂ ਖੋਜਾਂ ਦੀਆਂ ਗੱਲਾਂ ਹੋ ਸਕਦੀਆਂ ਹਨ। ਰਾਜਨੀਤਿਗਾਂ ਚੋਣਾਂ ਜਿੱਤਣੀਆਂ ਹੁੰਦੀਆਂ, ਚੋਣਾਂ ਮੌਕੇ ਹੀ ਗਰੀਬੀ ਦੀ ਚਰਚਾ ਹੁੰਦੀ ਹੈ, ਗਰੀਬੀ ਖਤਮ ਕਰਨ ਦੇ ਦਾਅਵੇ ਹੁੰਦੇ ਹਨ। ਉਂਜ ਗਰੀਬਾਂ ਦੀ ਦੁਨੀਆਵੀ ਹਾਲਤ ਵਿੱਚ ਸੁਧਾਰ ਨਾ ਦੇ ਬਰਾਬਰ ਹੀ ਹੋਇਆ ਹੈ।
ਮੈਂ ਗਰੀਬ ਪਰਿਵਾਰ ਵਿੱਚ ਪੈਦਾ ਹੋਇਆ। ਗਰੀਬ ਹੀ ਕਹਾਂਗੇ, ਪਰ ਉਸ ਵਰਗਾ ਨਹੀਂ, ਜਿਸ ਨੂੰ ਲੈ ਕੇ ਅੰਕੜੇ ਆਉਂਦੇ ਹਨ। ਸਾਡਾ ਮੁਲਕ, ਸਾਡਾ ਦੇਸ਼ ਭੁੱਖਮਰੀ ਦੇ ਪੈਮਾਨੇ ਤਹਿਤ 112 ਨੰਬਰ ’ਤੇ ਹੈ। ਪਾਕਿਸਤਾਨ, ਬੰਗਾਲਾਦੇਸ਼ ਤੋਂ ਵੀ ਥੱਲੇ। ਕਈ ਨੇਤਾ ਇਸ ਰਿਪੋਰਟ ਨੂੰ ਝੂਠ ਕਹਿ ਰਹੇ ਹਨ। ਪਰ ਉਹੀ ਸੰਸਥਾ ਜਦੋਂ ਦੇਸ਼ ਨੂੰ ਕਿਸੇ ਵਿਕਾਸ ਦੇ ਪੈਮਾਨੇ ’ਤੇ ਪਹਿਲੀ ਜਾਂ ਦੂਜੀ ਥਾਂ ’ਤੇ ਰੱਖਦੀ ਹੈ ਤਾਂ ਸੰਸਦ ਵਿੱਚ ਮੇਜਾਂ ਥੱਪ-ਥਪਾਈਆਂ ਜਾਂਦੀਆਂ ਹਨ।
ਛੱਡੋ! ਉਹ ਤਾਂ ਇੱਕ ਦ੍ਰਿਸ਼ ਹੈ, ਮੈਂ ਗੱਲ ਕਰ ਰਿਹਾ ਸੀ ਅਸੀਂ ਗਰੀਬ ਸੀ, ਪਰ ਭੁੱਖੇ ਨਹੀਂ ਸੀ। ਪੰਜਾਬ, ਗੁਰੂਆਂ ਦੀ ਧਰਤੀ ’ਤੇ ਚਲਦੀ ਲੰਗਰ ਦੀ ਪਰੰਪਰਾ ਦੀ ਧਰਤੀ ਹੈ। ਭੁੱਖਮਰੀ ਬਾਰੇ ਗੱਲਾਂ ਕਰਨੀਆਂ ਗੁਰੂਆਂ ਦੀ ਧਰਤੀ ਦੀ, ਉਸ ਦੇਸ਼ ਦੀ ਤੌਹੀਨ ਹੈ। ਅਸੀਂ ਬਾਬਾ ਨਾਨਕ ਦੇ ਨਾਮ-ਲੇਵਾ ਹਾਂ, ਅਸੀਂ ਭੁੱਖੇ ਨਹੀਂ ਹਾਂ, ਹਾਂ! ਗਰੀਬ ਜ਼ਰੂਰ ਹਾਂ।
ਗਰੀਬੀ ਦਾ ਦੂਸਰਾ ਸੰਕਲਪ ਕਾਰਲ ਮਾਰਕਸ ਨੇ ਦਿੱਤਾ ਹੈ। ਉਸ ਨੂੰ ਦੁਨੀਆਂ ਵਿੱਚ ਦੋ ਹੀ ਜਮਾਤਾਂ ਦਿਸਦੀਆਂ ਹਨ। ਇੱਕ, ਜਿਨ੍ਹਾਂ ਕੋਲ ਕੁਝ ਹੈ ਤੇ ਦੂਸਰੇ, ਜੋ ਖਾਲੀ ਹੱਥ ਹਨ।
ਗਰੀਬੀ ਦੇ ਨਾਂ ’ਤੇ ਰਾਜਨੇਤਾਵਾਂ ਨੇ ਕਈ ਨਾਅਰੇ ਦਿੱਤੇ ਪਰ ਗਰੀਬੀ ਉੱਥੇ ਦੀ ਉੱਥੇ ਹੀ ਹੈ। ਕਿਸੇ ਸਮੇਂ ‘ਗਰੀਬੀ ਹਟਾਓ’ ਦਾ ਨਾਅਰਾ ਪੂਰੇ ਦੇਸ਼ ਵਿੱਚ ਇਹ ਵਿਵਸਥਾ ਬਦਲਣ ਦੇ ਕਗਾਰ ’ਤੇ ਆ ਗਿਆ। ਤੇ ਹੁਣ ਦੇਸ਼ ਦੀ ਰਾਜਨੀਤਕ ਵਿਵਸਥਾ, ਜੋ ਕਾਰਲ ਮਾਰਕਸ ਦੀ ਵਿਚਾਰਧਾਰਾ ਨੂੰ ਚਿਮਟੇ ਨਾਲ ਫੜਨ ਨੂੰ ਵੀ ਤਿਆਰ ਨਹੀਂ, ਜੋ ਦੇਸ਼ ਦੇ ਲੋਕਾਂ ਨੂੰ ਕੱਪੜੇ ਤੋਂ, ਟੋਪੀ ਤੋਂ ਰੰਗ ਤੋਂ ਪਛਾਨਣ ਦੀ ਗੱਲ ਕਰਦੀ ਹੈ, ਉਸ ਨੂੰ ਦੇਸ਼ ਵਿੱਚ ਇੱਕੋ ਹੀ ਜਾਤ ਗਰੀਬੀ ਦਿਸਦੀ ਹੈ, ਜਦੋਂ ਕਿ ਇਨ੍ਹਾਂ ਨੂੰ ਗਰੀਬ ਬਣਾਉਣ ਵਾਲੇ ਚੰਦ-ਪੂੰਜੀਪਤੀ ਹਨ, ਜਿਨ੍ਹਾਂ ਦਾ ਨਾਂਅ ਲੈਣ ਤੋਂ ਵੀ ਸਰਕਾਰ ਘਬਰਾਉਂਦੀ ਹੈ।
ਦੁਨੀਆਂ ਭਰ ਦੇ ਦਾਰਸ਼ਨਿਕ ਕਹਿੰਦੇ ਅਤੇ ਮੰਨਦੇ ਹਨ ਕਿ ਗਰੀਬੀ ਤੋਂ ਵੱਡਾ ਕੋਈ ਸਰਾਪ ਨਹੀਂ। ਗਰੀਬੀ ਸਾਰੀਆਂ ਸਮੱਸਿਆਵਾਂ ਦੀ ਜੜ੍ਹ ਹੈ। ਦੂਸਰੇ ਪਾਸੇ ਇਹ ਗੱਲ ਬੜੇ ਜ਼ੋਰ ਨਾਲ ਕਹੀ ਜਾ ਰਹੀ ਹੈ ਕਿ ਲੋਕਤੰਤਰ ਸਾਡੀ ਮਾਂ ਹੈ, ਪਰ ਗਰੀਬੀ ਅਤੇ ਭੁੱਖਮਰੀ ਵੀ ਜਿਨ੍ਹਾਂ ਹਾਲਾਤ ਨੇ ਪੈਦਾ ਕੀਤੀ ਹੈ, ਉਸ ਪੱਖੋਂ ਵੀ ਅਸੀਂ ਗਰੀਬੀ ਅਤੇ ਭੁੱਖਮਰੀ ਦੀ ਮਾਂ ਹਾਂ। ਤੁਸੀਂ ਹਿਸਾਬ ਲਗਾਉ ਕਿ ਦੇਸ਼ ਦੀ ਇੱਕ ਤਿਹਾਈ ਅਬਾਦੀ ਰਾਤ ਨੂੰ ਭੁੱਖੇ ਪੇਟ ਸੌਂਦੀ ਹੈ, ਜਦੋਂ ਕਿ ਅੱਸੀ ਕਰੋੜ ਲੋਕਾਂ ਨੂੰ ਹਰ ਮਹੀਨੇ ਮੁਫ਼ਤ ਰਾਸ਼ਨ ਛਕਾਇਆ ਜਾਂਦਾ ਹੈ।
ਜਿਸ ਤਰ੍ਹਾਂ ਪਹਿਲਾਂ ਕਿਹਾ ਹੈ ਕਿ ਭੁੱਖ ਇੱਕ ਅਹਿਸਾਸ ਹੈ ਜੋ ਭਰੇ ਹੋਏ, ਮੋਟੇ ਢਿੱਡ ਵਾਲੇ ਬੰਦੇ ਦੇ ਖਾਬੋ ਖਿਆਲ ਵਿੱਚ ਵੀ ਨਹੀਂ ਆਉਂਦਾ। ਖਾਸ ਤੌਰ ’ਤੇ ਸੰਸਦ ਵਿੱਚ ਬੈਠੇ ਹੋਏ ਸੱਤਾ ਦਾ ਆਨੰਦ ਮਾਣ ਰਹੇ ਬੰਦੇ ਭਾਵੇਂ ਜਿੰਨਾ ਮਰਜ਼ੀ ਗਰੀਬੀ-ਗਰੀਬੀ ਕਰਨ, ਪਰ ਉਹ ਇਸ ਅਹਿਸਾਸ ਤੋਂ ਕੋਰੇ ਹੁੰਦੇ ਹਨ। ਤੁਸੀਂ ਅੰਦਾਜ਼ਾ ਲਗਾਓ ਜਦੋਂ ਕੋਈ ਅੰਤਰਰਾਸ਼ਟਰੀ ਪੱਧਰ ਦੀ ਸੰਸਥਾ ਗਰੀਬੀ ਅਤੇ ਭੁੱਖਮਰੀ ਦੇ ਅੰਕੜੇ ਪੇਸ਼ ਕਰਦੀ ਹੈ ਤਾਂ ਉਨ੍ਹਾਂ ਸੰਸਥਾਵਾਂ ਦਾ ਵੀ ਮਜ਼ਾਕ ਉਡਾਇਆ ਜਾਂਦਾ ਹੈ। ਇਹ ਰਾਜਨੇਤਾ ਜਿਹੜੇ ਰੱਜੇ-ਪੁੱਜੇ ਘਰਾਣਿਆਂ ਤੋਂ ਆਉਂਦੇ ਹਨ, ਉਨ੍ਹਾਂ ਦੀ ਸਮਝ ਵਿੱਚ ਹੀ ਨਹੀਂ ਆਉਂਦਾ ਕਿ ਕੋਈ ਲੋਕਾਂ ਤੋਂ ਪੁੱਛੇ, ਕੀ ਉਹ ਭੁੱਖੇ ਹਨ ਤੇ ਕੀ ਲੋਕ ਸ਼ੋਰ ਮਚਾ ਕੇ ਉਨ੍ਹਾਂ ਨੂੰ ਆਪਣੀ ਭੁੱਖਮਾਰੀ ਦੇ ਬਾਰੇ ਦੱਸਣ। ਦਰਅਸਲ ਭੁੱਖਮਰੀ ਤੈਅ ਕਰਨ ਦਾ ਇੱਕ ਅੰਤਰਰਾਸ਼ਟਰੀ ਮਾਪਦੰਡ ਹੈ ਜੋ ਕਿ ਵਿਗਿਆਨਕ ਹੈ। ਉਸ ਦੇ ਤਹਿਤ ਇਸ ਤਰ੍ਹਾਂ ਸਿੱਧਾ ਸਵਾਲ ਨਹੀਂ ਪੁੱਛਿਆ ਜਾਂਦਾ। ਸਰਵੇਖਣ ਬਹੁਤ ਸੂਖ਼ਮ ਤਰੀਕੇ ਨਾਲ ਹੁੰਦੇ ਹਨ। ਭੁੱਖਮਰੀ ਦੀ ਹਾਲਤ ਜਾਨਣ ਲਈ ਪ੍ਰਤੀ ਵਿਅਕਤੀ ਖੁਰਾਕ ਦੀ ਲੋੜ, ਪੰਜ ਸਾਲ ਤੋਂ ਛੋਟੇ ਬੱਚਿਆਂ ਦੇ ਕੱਦ ਅਤੇ ਭਾਰ ਨੂੰ ਜਾਣਨਾ ਅਤੇ ਪੰਜ ਸਾਲ ਤੋਂ ਛੋਟੇ ਬੱਚਿਆਂ ਦੀ ਮੌਤ ਦਰ ਨੂੰ ਜਾਣ ਕੇ ਇਹ ਮਾਪਦੰਡ ਤਿਆਰ ਹੁੰਦਾ ਹੈ। ਵੈਸੇ ਵੀ ਇਹ ਗੱਲ ਕਹੀ ਜਾਂਦੀ ਹੈ ਕਿ ਭੁੱਖ ਨਾਲ ਕੋਈ ਰਾਤੋ-ਰਾਤ ਨਹੀਂ ਮਰਦਾ। ਭੁੱਖ ਹੜਤਾਲ ’ਤੇ ਬੈਠੇ ਸ਼ਖਸ ਵੀ ਮਹੀਨਿਆਂ ਬੱਧੀ ਜ਼ਿੰਦੇ ਰਹਿ ਜਾਂਦੇ ਹਨ।
ਗਰੀਬੀ ਦੇ ਇਸ ਅਹਿਸਾਸ ਨੂੰ ਜੇ ਮੈਂ ਆਪਣੇ ਬਚਪਨ ਨਾਲ ਜੋੜ ਕੇ ਦੇਖਾਂ ਤਾਂ ਘਰ ਦੇ ਵਿੱਚ ਗਰੀਬੀ ਅਤੇ ਬਿਮਾਰੀ ਨੇ, ਉਹ ਵੀ ਖਾਸ ਤੌਰ ’ਤੇ ਜਦੋਂ 1947 ਵਿੱਚ ਪਾਕਿਸਤਾਨ ਤੋਂ ਉੱਜੜ ਕੇ ਆਏ, ਤਾਂ ਕਹਿ ਸਕਦਾ ਹਾਂ ਕਿ ਗਰੀਬ ਜ਼ਰੂਰ ਸੀ, ਪਰ ਗਰੀਬੀ ਦੇ ਚੱਕਰਵਿਉ ਵਿੱਚ ਉਸ ਸ਼ਿੱਦਤ ਨਾਲ ਜ਼ਿੰਦਗੀ ਦੇ ਦਿਨ ਨਹੀਂ ਗੁਜ਼ਾਰੇ।
ਗਰੀਬੀ ਦਾ ਚੱਕਰ ਰੂਹ ਬਿਮਾਰੀ ਨਾਲ ਸਿੱਧਾ ਹੈ ਕਿ ਜਦੋਂ ਬੰਦਾ ਪੂਰੀ ਮਿਹਨਤ ਨਾਲ ਸਾਰਾ-ਸਾਰਾ ਦਿਨ ਕੰਮ ਕਰਦਾ ਹੈ ਤੇ ਖਾਣ ਨੂੰ ਪੌਸ਼ਟਿਕ ਖੁਰਾਕ ਨਹੀਂ ਮਿਲਦੀ ਤਾਂ ਕਈ ਗੰਭੀਰ ਬਿਮਾਰੀਆਂ, ਜਿਵੇਂ ਕਿਸੇ ਸਮੇਂ ਲਾ-ਇਲਾਜ ਸਮਝੀ ਜਾਂਦੀ ਬਿਮਾਰੀ ਟੀ.ਬੀ. ਦਾ ਪ੍ਰਕੋਪ ਸਹਿਣਾ ਪੈਂਦਾ ਹੈ। ਸਿਹਤ ਵਿਭਾਗ ਨਾਲ ਜੁੜੇ ਹੋਣ ਕਰਕੇ ਹੁਣ ਜਾਣਿਆ ਹੈ ਕਿ ਟੀ.ਬੀ. ਦੀ ਬਿਮਾਰੀ ਟੀ. ਬੀ. ਦੇ ਬੈਕਟਰੀਆ ਤੋਂ ਜ਼ਿਆਦਾ ਖੁਰਾਕ ਦੀ ਘਾਟ ਕਰਕੇ ਆਈ ਕਮਜ਼ੋਰੀ ਕਰਕੇ ਵੱਧ ਅਸਰ ਕਰਦੀ ਹੈ। ਇਹ ਬਿਮਾਰੀ ਪਿਤਾ ਜੀ ਨੂੰ ਝੇਲਣੀ ਪਈ। ਅੱਜ ਵੀ ਇਸ ਬਿਮਾਰੀ ਦੇ ਪ੍ਰੋਗਰਾਮ ਤਹਿਤ ਮਾਹਿਰਾਂ ਨੂੰ ਇਹ ਅਹਿਸਾਸ ਹੋਇਆ ਹੈ ਕਿ ਇਕੱਲੀਆਂ ਦਵਾਈਆਂ ਇਸ ਬਿਮਾਰੀ ਦਾ ਇਲਾਜ ਨਹੀਂ ਹਨ। ਪ੍ਰੋਗਰਾਮ ਤਹਿਤ ਪੰਜ ਸੌ ਰੁਪਏ ਮਹੀਨਾ, ਹਰ ਮਰੀਜ਼ ਨੂੰ ਖੁਰਾਕ ਪੂਰਤੀ ਲਈ ਵੱਖਰਾ ਦਿੱਤਾ ਜਾਂਦਾ ਹੈ, ਤੇ ਜਦੋਂ ਖਾਣ ਦੀਆਂ ਚੀਜ਼ਾਂ ਮੁਹਈਆ ਕਰਨ ਲਈ ਵਸਤੂਆਂ ਗਿਣਵਾਈਆਂ ਜਾਂਦੀਆਂ ਹਨ, ਉਹ ਪ੍ਰਤੀ ਦਿਨ ਪੰਜ ਸੌ ਵਿੱਚ ਵੀ ਨਹੀਂ ਆਉਂਦੀਆਂ।
ਦੇਸ਼ ਜਦੋਂ ਵਿਸ਼ਵ ਦੇ ਪੱਧਰ ’ਤੇ ਪ੍ਰਾਪਤੀਆਂ ਕਰਦਾ ਹੈ ਤਾਂ ਮਾਣ ਮਹਿਸੂਸ ਹੁੰਦਾ ਹੈ। ਜਦੋਂ ਅਸੀਂ ਦੇਸ਼ ਦੀ ਤੀਸਰੀ ਵੱਡੀ ਵਿਵਸਥਾ ਦੀ ਗੱਲ ਕਰਦੇ ਹਾਂ ਤਾਂ ਸੰਸਦ ਵਿੱਚ ਮੇਜਾਂ ਨੂੰ ਥਪਥਪਾਉਂਦਿਆਂ ਦੇਖ ਨਾਲ ਹੀ ਉਨ੍ਹਾਂ ਦਾ ਸਾਥ ਦੇਣ ਨੂੰ ਦਿਲ ਕਰਦਾ ਹੈ। ਇਸੇ ਤਰ੍ਹਾਂ ਜਦੋਂ ‘ਚੰਦਰਯਾਨ’ ਚੰਦ੍ਰਮਾ ਦੀ ਧਰਤੀ ’ਤੇ ਉੱਤਰਦਾ ਹੈ ਤਾਂ ਮਨ ਖੁਸ਼ੀ ਨਾਲ ਭਰ ਜਾਂਦਾ ਹੈ। ਪਰ ਇਸਦਾ ਇੱਕ ਹੋਰ ਪੱਖ ਵੀ ਹੈ, ਜਦੋਂ ਦੇਸ਼ ਨੂੰ ਭੁੱਖ-ਮਰੀ ਦੇ ਪੈਮਾਨੇ ਤੇ 112 ਨੰਬਰ ਅਤੇ ਮਨੁੱਖੀ ਵਿਕਾਸ ਸੂਚਾਂਕ ਵਿੱਚ 191 ਦੇਸ਼ਾਂ ਵਿੱਚੋਂ 132 ਨੰਬਰ ਅਤੇ ਔਰਤਾਂ ਦੀ ਸੁਰੱਖਿਆ ਵਿੱਚ 146 ਦੇਸ਼ਾਂ ਵਿੱਚੋਂ 135ਵੇਂ ਨੰਬਰ ’ਤੇ ਆਉਂਦਾ ਹੈ ਤਾਂ ਇਨ੍ਹਾਂ ਅੰਕੜਿਆਂ ਨੂੰ ਨਕਾਰਨ ਦੀ ਬਜਾਏ ਇਨ੍ਹਾਂ ਉੱਤੇ ਅਫਸੋਸ ਜ਼ਾਹਿਰ ਕਰਨਾ ਚਾਹੀਦਾ ਹੈ। ਮੇਜ਼ਾਂ ਥਪਥਪਾਉਣ ਦੀ ਥਾਂ ‘ਸ਼ੇਮ-ਸ਼ੇਮ’ ਦੀਆਂ ਅਵਾਜ਼ਾਂ ਆਉਣੀਆਂ ਚਾਹੀਦੀਆਂ ਹਨ।
ਮਨੁੱਖੀ ਵਿਕਾਸ ਅਤੇ ਗਰੀਬੀ ਲਈ ‘ਸ਼ੇਮ-ਸ਼ੇਮ’ ਦੀ ਭਾਵਨਾ ਕੋਈ ਵਧੀਆ ਗੱਲ ਨਹੀਂ ਹੈ। ਪਰ ਇਸ ਨਾਲ ਇੱਕ ਅਹਿਸਾਸ ਦਿਲ ਵਿੱਚ ਉੱਤਰਦਾ ਹੈ ਕਿ ਅਸੀਂ ਇਨ੍ਹਾਂ ਆਂਕੜਿਆਂ ਪ੍ਰਤੀ ਕਿੰਨੇ ਫ਼ਿਕਰਮੰਦ ਹਾਂ।
ਗਰੀਬੀ ਬਹੁ-ਪਰਤੀ ਤੇ ਬਹੁਪ੍ਰਭਾਵ ਵਾਲੀ ਅਵਸਥਾ ਹੈ। ਪਹਿਲੀ ਨਜ਼ਰ ਵਿੱਚ ਇਹ ਜੇਬ ਖਰਚੇ ਨਾਲ ਜੁੜਦੀ ਹੈ ਤੇ ਲੋਕਾਂ ਦੀ ਖਰੀਦ ਸ਼ਕਤੀ ਦਰਸਾਉਂਦੀ ਹੈ। ਦੁਨੀਆਂ ਭਰ ਦੀਆਂ ਚੀਜ਼ਾਂ ਨੂੰ ਦੇਖ ਕੇ ਖਰੀਦਣ ਅਤੇ ਮਨ ਦੀ ਲਾਲਸਾ ਨੂੰ ਮਨ ਵਿੱਚ ਦਬਾ ਕੇ ਰੱਖਣਾ, ਇਹ ਮਨੋਵਿਗਿਆਨਕ ਪੱਖ ਕਦੇ ਵੀ ਉਭਾਰਿਆ ਨਹੀਂ ਜਾਂਦਾ।
ਗਰੀਬੀ ਨੂੰ ਲੈ ਕੇ ਜੋ ਮੈਂ ਆਪਣੇ ਪਰਿਵਾਰ ਦੀ ਗੱਲ ਕੀਤੀ ਹੈ, ਉਸ ਭੁੱਖ ਨਾਲ ਰਿਸ਼ਤਾ ਕਦੇ ਨਹੀਂ ਰਿਹਾ, ਪਰ ਗਰੀਬੀ ਦਾ ਇੱਕ ਹੋਰ ਮਨੋਵਿਗਿਆਨਕ ਪੱਖ ਜੋ ਬਹੁਤੇ ਮਨੋਵਿਗਿਆਨੀਆਂ ਅਤੇ ਅਰਥ ਸ਼ਾਸਤਰੀਆਂ ਦੇ ਚਿੱਤ-ਚੇਤੇ ਵੀ ਨਹੀਂ ਰਹਿੰਦਾ ਕਿ ਗਰੀਬੀ ਦਾ ਮਾਰਿਆ ਬੰਦਾ ਇੱਕ ਹੀਣ-ਭਾਵਨਾ ਨਾਲ ਜਕੜਿਆ ਰਹਿੰਦਾ ਹੈ। ਮੈਨੂੰ ਯਾਦ ਹੈ ਆਪਣੀ ਪੜ੍ਹਾਈ ਦੌਰਾਨ ਗਰੀਬੀ ਕਰਕੇ ਪਛੜੀ ਸ਼੍ਰੇਣੀ ਦਾ ਸਰਟੀਫਿਕੇਟ ਬਣਾਉਣ ਲਈ ਜਦੋਂ ਮਾਤਾ ਨੂੰ ਕਿਸੇ ਐੱਸ.ਡੀ.ਐੱਮ. ਜਾਂ ਤਹਿਸੀਲਦਾਰ ਅੱਗੇ ਪੇਸ਼ ਹੋਣਾ ਪੈਂਦਾ ਤਾਂ ਮਨ ਵਿੱਚ ਹਮੇਸ਼ਾ ਹੀ ਇੱਕ ਟੀਸ ਜਿਹੀ ਉੱਭਰਦੀ ਤੇ ਉਹ ਹੀਣ-ਭਾਵਨਾ ਅਜੇ ਤਕ ਅਜਿਹੀ ਮਨ ਵਿੱਚ ਵਸੀ ਹੋਈ ਹੈ ਕਿ ਕੋਈ ਵੀ ਛੋਟੇ ਤੋਂ ਛੋਟਾ ਸਰਕਾਰੀ ਅਫਸਰ, ਕਿਸੇ ਵੀ ਤਰ੍ਹਾਂ ਦੇ ਕੰਮ ਨੂੰ ਰੋਕਣ ਵਿੱਚ ਆਪਣੀ ਭੂਮਿਕਾ ਨਿਭਾਉਂਦਾ ਹੈ।
ਅੱਜ ਭਾਵੇਂ ਮੈਂ 70 ਸਾਲ ਦੀ ਉਮਰ ਦਾ ਹਾਂ ਤੇ ਕਲਾਸ ਇੱਕ ਗਜਟਿਡ ਅਫਸਰ ਦੇ ਤੌਰ ’ਤੇ ਰਿਟਾਇਰ ਹੋਇਆ ਹਾਂ ਪਰ ਮੇਰਾ ਝੁਕਾਓ ਹਮੇਸ਼ਾ ਦਰਜਾ ਤਿੰਨ/ਚਾਰ ਵਰਗ ਦੇ ਮੁਲਾਜ਼ਮਾਂ ਨਾਲ ਰਿਹਾ ਹੈ। ਹੈਰਾਨਗੀ ਦੀ ਗੱਲ ਹੈ ਕਿ ਬਰਾਬਰੀ ਦੇ ਰੁਤਬੇ ਦਾ ਦਾਅਵੇਦਾਰ ਹੋ ਕੇ ਵੀ ਆਪਣੇ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਨਾਲ ਵੀ ਪੂਰੇ ਆਤਮ ਵਿਸ਼ਵਾਸ ਨਾਲ ਕਦੇ ਗੱਲ ਨਹੀਂ ਕਰ ਸਕਿਆ। ਭਾਵੇਂ ਕਿ ਇਹ ਕਿਸੇ ਤਰ੍ਹਾਂ ਦਾ ਮਹਿਕਮੇ ਦਾ ਭੈਅ ਨਹੀਂ ਸੀ, ਜੋ ਕੋਈ ਗੱਲ ਕਰਨ ਨੂੰ ਰੋਕਦਾ ਹੋਵੇ। ਇਹ ਮੇਰਾ ਉਸ ਗਰੀਬੀ ਤੋਂ ਪੈਦਾ ਹੋਇਆ ਤੇ ਉੱਸਰਿਆ ਹੀਣਭਾਵਨਾ ਵਾਲਾ ਪਹਿਲੂ ਸੀ।
ਗਰੀਬੀ ਨੂੰ ਮਨੋਵਿਗਿਆਨ ਨਾਲ ਜੋੜਨ ਦੀ ਗੱਲ ਕੋਈ ਨਵੇਕਲਾ ਹੀ ਕਰਦਾ ਹੈ। ਜਿਵੇਂ ਕਿ ਮੈਂ ਕਿਹਾ ਹੈ, ਗਰੀਬੀ ਸਿਰਫ਼ ਜੇਬ ਦੇ ਖਰੀਦਣ ਵਾਲੇ ਪੱਖ ਤੋਂ ਕਿਤੇ ਵੱਡੀ ਪੱਧਰ ’ਤੇ ਸਮਝੀ ਜਾਣੀ ਚਾਹੀਦੀ ਹੈ। ਜਦੋਂ ਅਸੀਂ ਸਿਹਤ ਅਤੇ ਸਿੱਖਿਆ ਦੀ ਗੱਲ ਕਰਦੇ ਹਾਂ, ਅੱਜ ਇਹ ਦੋਵੇਂ ਪਹਿਲੂ ਸਿੱਧੇ ਤੌਰ ’ਤੇ ਜੇਬ ਨਾਲ ਜੁੜੇ ਹਨ। ਤੁਸੀਂ ਅੰਦਾਜ਼ਾ ਲਗਾਓ, ਮੈਂ ਜਿਸ ਨੇ ਆਪਣੀ ਐੱਮ.ਬੀ.ਬੀ.ਐੱਸ. 1974 ਵਿੱਚ 500 ਰੁਪਏ ਸਲਾਨਾ ਦੀ ਫੀਸ ਨਾਲ ਕੀਤੀ ਹੈ ਤੇ ਇਸ ਤਰ੍ਹਾਂ ਨਾਲ ਚਲਦੇ ਕਾਲਜ ਵੱਲੋਂ ਸਰਕਾਰੀ ਸਕੀਮ ਤਹਿਤ ਗਰੀਬਾਂ ਲਈ ਇੱਕ ਵਜੀਫਾ ਵੀ ਹੁੰਦਾ ਸੀ, ਜਿਸਦਾ ਨਾਮ ਸੀ ਪੂਅਰ ਐਂਡ ਬਰੀਲੀਐਂਟ ਸਕਾਲਰਸ਼ਿੱਪ ਜੋ ਕਿ 100 ਰੁਪਏ ਮਹੀਨਾ ਸੀ ਅਤੇ ਇੱਕ ਸਾਲ ਦੇ 1200 ਰੁਪਏ ਨਾਲ ਫੀਸ ਵੀ ਭਰੀ ਜਾਂਦੀ ਸੀ ਅਤੇ ਹੋਸਟਲ ਦਾ ਖਰਚਾ ਵੀ ਚੱਲ ਜਾਂਦਾ ਸੀ। ਕਹਿ ਲਉ ਮੈਂ ਆਪਣੀ ਐੱਮ.ਬੀ.ਬੀ.ਐੱਸ. ਦੀ ਪੜ੍ਹਾਈ ਇੱਕ ਤਰੀਕੇ ਨਾਲ ਮੁਫ਼ਤ ਕੀਤੀ ਹੈ। ਜੋ ਕਿ ਅੱਜ ਸੋਚੀ ਵੀ ਨਹੀਂ ਜਾ ਸਕਦੀ। ਪੜ੍ਹਾਈ ਦੇ ਖਰਚਿਆਂ ਦੀ ਗੱਲ ਕਰੀਏ ਤੇ ਉਸ ਨਾਲ ਆਪਣੀ ਹਾਲਤ ਸੁਧਾਰਨ ਦੀ ਗੱਲ ਕਰੀਏ ਤਾਂ ਇਸ ਬਾਰੇ ਸਾਫ਼ ਨਜ਼ਰ ਆਉਂਦਾ ਹੈ ਕਿ ਕੋਈ ਹੀ ਵਿਰਲਾ ਹੋਵੇਗਾ ਜੋ ਆਪਣੀ ਗਰੀਬੀ ਦੀ ਹਾਲਤ ਵਿੱਚੋਂ ਬਾਹਰ ਆ ਕੇ ਇੱਕ ਵਧੀਆ ਜ਼ਿੰਦਗੀ ਜੀਉਣ ਦੇ ਕਾਬਲ ਹੋ ਸਕੇ। ਇਸ ਤਰ੍ਹਾਂ ਗਰੀਬੀ ਅਤੇ ਅਨਪੜ੍ਹਤਾ ਦਾ ਕੁਚੱਕਰ ਅਤੇ ਇਸ ਤੋਂ ਉੱਪਰ ਬਿਮਾਰੀ ਦੀ ਹਾਲਤ, ਇਸ ਸੰਬੰਧ ਨੂੰ ਹੋਰ ਗੂੜ੍ਹਾ ਕਰਦੇ ਹਨ।
ਜੇ ਮੈਂ ਨਿੱਜੀ ਪੱਧਰ ’ਤੇ ਆਪਣੀ ਗੱਲ ਕਰਾਂ, ਤਾਂ ਮੈਂ ਡਾਕਟਰ ਬਣ ਗਿਆ’ਤੇ ਇੱਕ ਅਫਸਰ ਦੇ ਤੌਰ ’ਤੇ ਨੌਕਰੀ ਕਰਕੇ ਰਿਟਾਇਰ ਹੋਇਆ ਹਾਂ ਤੇ ਵਧੀਆ ਜ਼ਿੰਦਗੀ ਜੀਅ ਰਿਹਾ ਹਾਂ। ਪਰ ਅਸੀਂ ਅੱਠ ਭੈਣ-ਭਰਾ ਹਾਂ, ਸਭ ਨੂੰ ਇਸ ਤਰ੍ਹਾਂ ਪੜ੍ਹਨ ਅਤੇ ਕੰਮ ਕਰਨ ਦਾ ਮੌਕਾ ਨਹੀਂ ਮਿਲਿਆ। ਕਈ ਵਾਰ ਸੋਚਿਆ ਹੈ, ਅਸੀਂ ਅਜ਼ਾਦ ਭਾਰਤ ਦੇ ਵਿੱਚ ਰਹਿਣਾ ਚੁਣਿਆ ਹੈ ਜਾਂ ਸਬੱਬ ਨਾਲ ਇਸ ਧਰਤੀ ’ਤੇ ਵਸੇ ਹਾਂ। ਲੋਕਤੰਤਰਕ ਵਿਵਸਥਾ ਦੇ ਵਿੱਚ ਸੰਵਿਧਾਨ ਦੇ ਦਾਇਰੇ ਵਿੱਚ ਰਹਿ ਕੇ ਮੈਂ ਇਹ ਉਮੀਦ ਕਰਦਾ ਹਾਂ ਕਿ ਦੇਸ਼ ਦੀ ਭਾਵਨਾ ਦੇ ਅਨੁਸਾਰ ਹੀ ਹੈ ਕਿ ਸਭ ਨੂੰ ਪੜ੍ਹਨ ਅਤੇ ਕੰਮ ਕਰਨ ਦਾ ਮੌਕਾ ਸਰਕਾਰ ਦੇਵੇ। ਇਹ ਨਹੀਂ ਕਹਿ ਸਕਦੇ ਕਿ ਮੇਰੀ ਕਿਸਮਤ ਚੰਗੀ ਸੀ, ਜੇ ਕਿਸਮਤ ਦੇ ਭਰੋਸੇ ਰਹਿਣਾ ਹੁੰਦਾ ਤਾਂ ਫਿਰ ਸੰਵਿਧਾਨ ਦੀ ਕੀ ਭੂਮਿਕਾ ਸੀ? ਸੰਵਿਧਾਨ ਵਿੱਚ ਦਰਜ ਮੌਲਿਕ ਅਧਿਕਾਰ ਕਿਸ ਦੀ ਗੱਲ ਕਰਦੇ ਹਨ? ਕਿਸਮਤ ਦੇ ਭਰੋਸੇ ਰਹਿਣਾ ਤੇ ਲੋਕਤੰਤਰਿਕ ਵਿਵਸਥਾ ਦੇ ਵਿੱਚ ਆਪਣੀ ਥਾਂ ਬਣਾਉਣਾ, ਇੱਕ ਦੂਜੇ ਨਾਲ ਮੇਲ ਨਹੀਂ ਖਾਂਦੇ।
ਚਲੋ, ਇਹ ਵੀ ਵਧੀਆ ਹੈ ਕਿ ਦੇਸ਼ ਦੀ ਰਾਜਨੀਤਕ ਵਿਵਸਥਾ ਅਤੇ ਉਸ ਦੇ ਮੁਖੀ ਨੇ ਦੇਸ਼ ਵਿੱਚ ਇੱਕੋ ਹੀ ਜਾਤ ਦੀ ਗੱਲ ਕੀਤੀ ਹੈ, ਭਾਵੇਂ ਉਸ ਰਾਜਸੱਤਾ ਨੂੰ ਪੂਰਾ ਪਤਾ ਹੈ ਕਿ ਦੇਸ਼ ਕਿਵੇਂ ਕੁਝ ਕੁ ਪੂੰਜੀਪਤੀਆਂ ਦੀ ਗ੍ਰਿਫ਼ਤ ਵਿੱਚ ਹੈ।
ਧਰਮ ਦੀ ਗੱਲ ਕਰਦੇ ਕਰਦੇ ਹੁਣ ਇਹ ਜਾਤ ਦੀ ਗੱਲ ਹੋਣ ਲੱਗੀ ਹੈ ਤਾਂ ਉਸ ਦਾ ਵੀ ਕਾਰਨ ਹੈ ਕਿ ਪਛੜੀਆਂ ਜਾਤਾਂ, ਜਿਨ੍ਹਾਂ ਵਿੱਚ ਬਹੁ ਗਿਣਤੀ ਗਰੀਬੀ ਦੇ ਘੇਰੇ ਵਿੱਚ ਆਉਂਦੇ ਹਨ, ਜਦੋਂ ਦੀ ਉਨ੍ਹਾਂ ਦੀ ਗਿਣਤੀ ਦੀ ਗੱਲ ਹੋਈ ਹੈ, ਨੇ ਆਵਾਜ਼ ਉਠਾਉਣੀ ਸ਼ੁਰੂ ਕੀਤੀ ਹੈ, ‘ਜਿਸ ਦੀ ਜਿੰਨੀ ਹਿੱਸੇਦਾਰੀ, ਉੰਨੀ ਉਸ ਦੀ ਭਾਗੀਦਾਰੀ’ ਤੇ ਉੱਚੀਆਂ ਜਾਤਾਂ ਨੂੰ ਫ਼ਿਕਰ ਹੋਣੀ ਸ਼ੁਰੂ ਹੋਈ ਹੈ, ਜਿਨ੍ਹਾਂ ਨੇ ਸਾਲਾਂਬੱਧੀ ਇਨ੍ਹਾਂ ਦਾ ਦਮਨ ਕੀਤਾ ਹੈ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4771)
(ਸਰੋਕਾਰ ਨਾਲ ਸੰਪਰਕ ਲਈ: (