ShyamSDeepti7ਜੇਕਰ ਸੱਚਮੁੱਚ ਹੀ ਭਗਤ ਸਿੰਘ ਨੂੰ ਯਾਦ ਕਰਨਾ ਹੈ ਤਾਂ ਉਸਦੀਆਂ ਬਹੁਤ ਹੀ ਪ੍ਰਭਾਵਸ਼ਾਲੀ ...
(17 ਜੂਨ 2018)

 

ਅੱਜ ਦੇ ਸਮੇਂ ਵਿੱਚ ਪੰਜਾਬ ਦੇ ਨੌਜਵਾਨਾਂ ਲਈ ਸ਼ਹੀਦ ਭਗਤ ਸਿੰਘ ਸਭ ਤੋਂ ਵੱਧ ਪ੍ਰਚੱਲਤ ਨਾਇਕ ਹੈ; ਇੱਕ ਰੋਲ ਮਾਡਲ। ਅੱਜ ਜਦੋਂ ਨੌਜਵਾਨਾਂ ਨੂੰ ਆਪਣੇ ਅੱਗੇ ਸਭ ਕੁਝ ਧੁੰਦਲਾ ਦਿਖਾਈ ਦੇ ਰਿਹਾ ਹੈ ਤਾਂ ਉਸ ਦਾ ਮੁੱਖ ਕਾਰਨ ਉਨ੍ਹਾਂ ਸਾਹਮਣੇ ਕਿਸੇ ਤਰ੍ਹਾਂ ਦੇ ਆਦਰਸ਼/ਰੋਲ ਮਾਡਲ ਦਾ ਨਾ ਹੋਣਾ ਹੈ। ਇਸ ਤਰ੍ਹਾਂ ਕੋਈ ਰਾਹ ਪਾਉਣ ਵਾਲਾ ਨਾ ਹੋਣ ਕਰ ਕੇ ਨੌਜਵਾਨਾਂ ਨੂੰ ਸਗੋਂ ਗ਼ੈਰ-ਕਾਨੂੰਨੀ, ਗ਼ੈਰ-ਸਮਾਜਕ ਕੰਮਾਂ ਲਈ ਵਰਤਿਆ ਜਾ ਰਿਹਾ ਹੈ। ਕਿਤੇ ਨਾ ਕਿਤੇ, ਕਿਸੇ ਨਾ ਕਿਸੇ ਨਾਂਅ ਹੇਠ, ਜਨੂੰਨੀ ਸੰਗਠਨਾਂ ਵਿੱਚ ਅਜਿਹੇ ਨੌਜਵਾਨਾਂ ਦੀ ਭਰਮਾਰ ਹੈ, ਜੋ ਦੇਸ਼ਭਗਤੀ ਜਾਂ ਗਊ ਭਗਤੀ ਜਾਂ ਆਪਣੇ ਅਕੀਦੇ ਦੀ ਸ਼ਾਨ ਨੂੰ ਲੈ ਕੇ ਮਰਨ-ਮਾਰਨ ਲਈ ਤਿਆਰ ਹੋ ਜਾਂਦੇ ਹਨ। ਇਸ ਸਮੇਂ ਜਵਾਨੀ ਦੇ ਜੋਸ਼ ਨੂੰ, ਉਹਨਾਂ ਦੀ ਸਾਰਥਕ ਤਾਕਤ ਨੂੰ ਕੁਰਾਹੇ ਪਾ ਕੇ ਵਰਤਿਆ ਜਾ ਰਿਹਾ ਹੈ ਤੇ ਆਪਣੇ ਹਿੱਤ ਪੂਰੇ ਕੀਤੇ ਜਾ ਰਹੇ ਹਨ।

ਦੇਸ ਵਿੱਚ ਨੌਜਵਾਨਾਂ ਨੂੰ ਲੈ ਕੇ ਕੋਈ ਸਪਸ਼ਟ ਨੀਤੀ ਤਾਂ ਹੈ ਹੀ ਨਹੀਂ, ਸਗੋਂ ਸਿੱਖਿਆ ਅਤੇ ਰੁਜ਼ਗਾਰ ਦੇ ਪਹਿਲੂ ’ਤੇ ਉਹ ਮਿਲ ਕੇ ਨਾ ਬੈਠਣ ਤੇ ਕੋਈ ਸਵਾਲ ਨਾ ਖੜ੍ਹੇ ਕਰਨ, ਇਸ ਲਈ ਜੋਸ਼ ਦੀ ਗ਼ਲਤ ਵਰਤੋਂ ਹੋ ਰਹੀ ਹੈ। ਨੌਜਵਾਨ ਆਪਣੀ ਜ਼ਿੰਦਗੀ ਨਾਲ ਜੁੜੇ ਅਹਿਮ ਮੁੱਦਿਆਂ ’ਤੇ ਇਕੱਠੇ ਨਹੀਂ ਹੁੰਦੇ, ਸਗੋਂ ਭਾਰਤ ਮਾਤਾ ਦੀ ਜੈ ਜਾਂ ਹਿੰਦੂ-ਮੁਸਲਿਮ ਮੁੱਦਿਆਂ ’ਤੇ ਮਿੰਟੋ-ਮਿੰਟੀ ਭਿੜ ਜਾਂਦੇ ਹਨ।

ਭਾਵੇਂ ਭਗਤ ਸਿੰਘ ਪੂਰੇ ਭਾਰਤ ਵਿੱਚ ਆਪਣੇ ਵਿਚਾਰਾਂ ਅਤੇ ਕੁਰਬਾਨੀ ਕਰ ਕੇ ਜਵਾਨਾਂ ਦੇ ਦਿਲਾਂ ਦੇ ਨੇੜੇ ਹੈ, ਪਰ ਪੰਜਾਬ ਵਿੱਚ ਕਈ ਜਥੇਬੰਦੀਆਂ ਨੇ ਭਗਤ ਸਿੰਘ ਨੂੰ ਨੌਜਵਾਨਾਂ ਵਿੱਚ ਲੈ ਕੇ ਜਾਣ ਦੀ ਕੋਸ਼ਿਸ਼ ਕੀਤੀ ਹੈ। ਭਗਤ ਸਿੰਘ ਦੀਆਂ ਲਿਖਤਾਂ ਅਤੇ ਵਿਚਾਰ, ਆਪਣੇ ਵਿਚਾਰਾਂ ’ਤੇ ਖਰੇ ਉੱਤਰਨਾ ਅਤੇ ਉਹਨਾਂ ਨੂੰ ਕਾਰਜਾਂ ਵਿੱਚ ਢਾਲਣਾ ਉਸ ਨੂੰ ਹੋਰ ਦਿਲ-ਖਿੱਚਵਾਂ ਬਣਾਉਂਦੇ ਹਨ। ਇਹੀ ਸਭ ਤੋਂ ਵੱਡਾ ਸੰਕਟ ਹੈ, ਜਦੋਂ ਸਮਾਜ ਵਿੱਚ ਕੋਈ ਵੀ ਸ਼ਖਸ ਅਜਿਹਾ ਨਹੀਂ ਦਿਸਦਾ, ਜੋ ਆਪਣੀ ਕਹਿਣੀ ਅਤੇ ਕਰਨੀ ’ਤੇ ਖਰਾ ਉੱਤਰਦਾ ਹੋਵੇ, ਉਹ ਚਾਹੇ ਮਾਂ-ਪਿਉ ਹੋਣ ਤੇ ਚਾਹੇ ਅਧਿਆਪਕ। ਰਾਜਨੀਤਕ ਨੇਤਾਵਾਂ ਅਤੇ ਧਾਰਮਿਕ ਆਗੂਆਂ ਤੋਂ ਤਾਂ ਇਸ ਦੀ ਬਿਲਕੁੱਲ ਹੀ ਆਸ ਨਹੀਂ ਕੀਤੀ ਜਾ ਸਕਦੀ।

ਇਹ ਠੀਕ ਹੈ ਕਿ ਭਗਤ ਸਿੰਘ ਦੀ ਜ਼ਿੰਦਗੀ ਦੇ ਸ਼ੁਰੂਆਤੀ ਦਿਨ, ਜਵਾਨੀ ਦੇ ਚੜ੍ਹਦੇ ਵਰ੍ਹੇ ਗਰਮ-ਖ਼ਿਆਲਾਂ ਵਾਲੇ ਸਨ। ਉਹ ਮਹਾਤਮਾ ਗਾਂਧੀ ਦੀ ਅਹਿੰਸਾ ਵਾਲੀ ਸ਼ੈਲੀ ਨੂੰ ਪਰਵਾਨ ਨਹੀਂ ਸੀ ਕਰਦਾ। ਇਸ ਪਿੱਛੇ ਵੀ ਕਾਰਨ ਸੀ ਕਿ ਉਸ ਨੂੰ ਅੰਗਰੇਜ਼ਾਂ ਦੀ ਬੇਇੰਤਹਾ ਹਿੰਸਾ ਦਿਸਦੀ ਸੀ। ਉਹ ਜਲ੍ਹਿਆਂਵਾਲੇ ਬਾਗ਼ ਦੇ ਕਾਂਡ ਦਾ ਗਵਾਹ ਸੀ। ਇਸ ਤੋਂ ਵੀ ਵੱਧ ਉਸ ਕੋਲ ਹਿੰਸਾ-ਅਹਿੰਸਾ ਦਾ ਆਪਣਾ ਫਲਸਫਾ ਸੀ। ਉਹ ਮੰਨਦਾ ਸੀ ਕਿ ਲੋਕਾਂ ਦੀ ਨਰਕ ਭਰੀ ਜ਼ਿੰਦਗੀ, ਭੁੱਖ ਅਤੇ ਬੀਮਾਰੀ ਨਾਲ ਤੜਪ-ਤੜਪ ਕੇ ਮਰਨਾ ਵੀ ਹਿੰਸਾ ਹੈ, ਜੋ ਲੋਕਾਂ ਨੂੰ ਨਜ਼ਰ ਨਹੀਂ ਆਉਂਦੀ ਜਾਂ ਉਹ ਜਾਣ-ਬੁੱਝ ਕੇ ਦੇਖਣਾ ਨਹੀਂ ਚਾਹੁੰਦੇ। ਉਸ ਨੇ ਬਾਅਦ ਵਿੱਚ ਬੰਦੂਕ ਅਤੇ ਬੰਬ ਦੇ ਇਸਤੇਮਾਲ ਬਾਰੇ ਵੀ ਕਿਹਾ ਸੀ ਕਿ ਇਹ ਸਾਡਾ ਮੂਲ ਮੰਤਵ ਨਹੀਂ ਹੈ। ਅਸੀਂ ਮਨੁੱਖਤਾ ਨੂੰ ਪਿਆਰ ਕਰਨ ਵਾਲੇ ਲੋਕ ਹਾਂ।

ਅਜਿਹੇ ਫਲਸਫੇ ਨਾਲ ਲਬਰੇਜ਼ ਸੀ ਭਗਤ ਸਿੰਘ। ਭਗਤ ਸਿੰਘ ਨੇ ਛੇਤੀ ਹੀ ਸਮਝ ਲਿਆ ਸੀ ਕਿ ਵਿਚਾਰਾਂ ਨੂੰ ਇਕੱਠਾ ਕੀਤਾ ਜਾਵੇ, ਪੜ੍ਹਿਆ ਜਾਵੇ ਤੇ ਦਲੀਲਾਂ ਦੇ ਸਹਾਰੇ ਬਹਿਸ ਕੀਤੀ ਜਾਵੇ। ਵਿਚਾਰਾਂ ਨਾਲ ਹੀ ਟਾਕਰਾ ਕਰਨ ਨੂੰ ਉਸ ਨੇ ਤਰਜੀਹ ਦਿੱਤੀ। ਉਸਦੀਆਂ ਕੁਝ ਲਿਖਤਾਂ ਇਤਿਹਾਸਕ ਹਨ; ਜਿਵੇਂ ਮੈਂ ਨਾਸਤਿਕ ਕਿਉਂ ਹਾਂ, ਅਛੂਤ ਦਾ ਸਵਾਲ ਅਤੇ ਬੰਬ ਦਾ ਫਲਸਫਾ ਤੇ ਨੌਜਵਾਨਾਂ ਲਈ ਵਿਚਾਰਾਂ। ਇਹਨਾਂ ਦਸਤਾਵੇਜ਼ਾਂ ਵਿੱਚ ਵਿਚਾਰਾਂ ਦੀ ਮੌਲਿਕਤਾ ਹੈ ਤੇ ਨਾਲ ਹੀ ਇਹ ਬਾਦਲੀਲ ਤੇ ਸੌਖੇ ਅਤੇ ਸਪਸ਼ਟ ਸ਼ਬਦਾਂ ਵਿੱਚ ਪੇਸ਼ ਕੀਤੇ ਗਏ ਹਨ। ਉਸ ਨੇ ਆਪਣੀਆਂ ਇਹਨਾਂ ਗੱਲਾਂ ਨੂੰ ਜ਼ਿੰਦਗੀ ਵਿੱਚ ਉਤਾਰਿਆ ਅਤੇ ਆਪਣੇ ਸਾਥੀਆਂ ਵਿੱਚ ਵੀ ਵਿਚਾਰਿਆ। ਭਗਤ ਸਿੰਘ ਨੇ ਇਸੇ ਰੌਂਅ ਵਿੱਚ ਬਰਾਬਰੀ ਦਾ ਸਮਾਜ ਉਸਾਰਨ ਅਤੇ ਆਜ਼ਾਦੀ ਦੇ ਸਰੂਪ ਬਾਰੇ ਸੋਚਿਆ।

ਅੱਜ ਜਦੋਂ ਭਗਤ ਸਿੰਘ ਦੇ ਵਿਚਾਰਾਂ ਨੂੰ ਸਾਂਭਣ ਅਤੇ ਪ੍ਰਚਾਰਨ ਦੀ ਗੱਲ ਹੋ ਰਹੀ ਹੈ ਤਾਂ ਇੱਕ ਵਾਰੀ ਫਿਰ ਭਗਤ ਸਿੰਘ ਦੇ ਅਜਿਹੇ ਅਕਸ ਨੂੰ ਉਭਾਰਨ ਦੀ ਕੋਸ਼ਿਸ਼ ਹੋ ਰਹੀ ਹੈ, ਜਿਸਦੀ ਉਸ ਨੇ ਖ਼ੁਦ ਆਲੋਚਨਾ ਕੀਤੀ ਸੀ। ਧਰਮ ਦੇ ਖ਼ਿਲਾਫ਼ ਖੁੱਲ੍ਹ ਕੇ ਬੋਲਣ ਵਾਲੇ ਇਸ ਚਿੰਤਕ ਦੇ ਬੁੱਤ ਨੂੰ ਜਦੋਂ ਸੰਸਦ ਵਿੱਚ ਲਗਾਉਣ ਦੀ ਗੱਲ ਚੱਲੀ ਤਾਂ ਟੋਪੀ ਅਤੇ ਪਗੜੀ ’ਤੇ ਬਹਿਸ ਛੇੜੀ ਗਈ। ਇਸੇ ਤਰ੍ਹਾਂ ਜਦੋਂ ਹੁਣ ਪੰਜਾਬ ਨੂੰ ਉਸ ਦੀ ਉਹ ਬੰਦੂਕ ਮਿਲੀ ਹੈ, ਜਿਸ ਨਾਲ ਉਸ ਨੇ ਸਾਂਡਰਸ ਨੂੰ ਮਾਰਿਆ ਸੀ, ਬੀ ਐੱਸ ਐੱਫ਼ ਮਿਊਜ਼ੀਅਮ (ਹੁਸੈਨੀਵਾਲਾ) ਵਿਖੇ ਕੁਝ ਇਸ ਤਰ੍ਹਾਂ ਸਜਾਉਣ-ਦਿਖਾਉਣ ਦੀ ਤਿਆਰੀ ਹੋ ਰਹੀ ਹੈ ਕਿ ਉਸ ਨਾਲ ਸੈਲਫ਼ੀ ਲਈ ਜਾ ਸਕੇ। ਇਹ ਵੀ ਭਗਤ ਸਿੰਘ ਦੇ ਅਕਸ ਨੂੰ ਗ਼ਲਤ ਉਲੀਕਣ ਅਤੇ ਉਭਾਰਨ ਵੱਲ ਇੱਕ ਕਦਮ ਹੈ। ਇਸ ਤਰ੍ਹਾਂ ਦੀਆਂ ਕਈ ਕੋਸ਼ਿਸ਼ਾਂ ਆਜ਼ਾਦੀ ਤੋਂ ਬਾਅਦ ਹੋਈਆਂ ਹਨ, ਜਦੋਂ ਉਸ ਨੂੰ ਕਾਫ਼ੀ ਸਮਾਂ ਅੱਤਵਾਦੀ ਹੀ ਮੰਨਿਆ ਗਿਆ।

ਕਿਸੇ ਵੀ ਅਜਿਹੀ ਸ਼ਖਸੀਅਤ ਨੂੰ ਲੈ ਕੇ ਮਿਊਜ਼ੀਅਮ ਉਸਾਰਨ ਦਾ ਮਕਸਦ ਹੋਣਾ ਚਾਹੀਦਾ ਹੈ ਜਾਂ ਹੁੰਦਾ ਹੈ ਕਿ ਉਸ ਦੀ ਜੀਵਨ ਜਾਚ ਬਾਰੇ ਜਾਣਿਆ ਜਾ ਸਕੇ। ਉਹ ਕੀ ਸੋਚਦਾ ਸੀ, ਕਿਵੇਂ ਕਾਰਜਸ਼ੀਲ ਰਹਿੰਦਾ ਸੀ? ਕੋਈ ਵੀ ਮਿਊਜ਼ੀਅਮ ਲੋਕਾਂ ਲਈ ਪ੍ਰੇਰਣਾ ਕੇਂਦਰ ਹੋਣਾ ਚਾਹੀਦਾ ਹੈ ਤੇ ਵਿਚਾਰ ਪੈਦਾ ਕਰਨ ਵਾਲਾ ਵੀ। ਇਹ ਠੀਕ ਹੈ ਕਿ ਲੋਕ ਆਉਣ ਤੇ ਉੱਥੋਂ ਕੁਝ ਅਜਿਹਾ ਲੈ ਕੇ ਜਾਣ, ਜੋ ਉਹਨਾਂ ਦੀ ਜ਼ਿੰਦਗੀ ਨੂੰ ਤਬਦੀਲ ਕਰ ਸਕੇ।

ਭਗਤ ਸਿੰਘ ਨੇ ਦੇਸ ਦੇ ਲੋਕਾਂ ਦੀ ਹੋਣੀ ਬਦਲਣੀ ਚਾਹੀ। ਉਸ ਨੇ ਚਾਹਿਆ ਕਿ ਗ਼ਰੀਬਾਂ, ਮਜ਼ਦੂਰਾਂ, ਦਲਿਤਾਂ ਦੀ ਜ਼ਿੰਦਗੀ ਨਰਕ ਵਰਗੀ ਨਾ ਹੋਵੇ। ਸਿੱਖਿਆ ਅਤੇ ਸਿਹਤ ਤੱਕ ਸਭ ਦੀ ਬਰਾਬਰ ਪਹੁੰਚ ਹੋਵੇ। ਦੇਸ ਨੂੰ ਧਰਮ ਦੇ ਨਾਂਅ ’ਤੇ ਨਾ ਚਲਾਇਆ ਜਾਵੇ, ਸਗੋਂ ਆਪਸੀ ਭਾਈਚਾਰੇ ਅਤੇ ਮਿਲ-ਜੁਲ ਕੇ ਚਲਾਇਆ ਜਾਵੇ। ਕੋਈ ਵਿਤਕਰਾ ਅਤੇ ਨਫ਼ਰਤ ਨਾ ਹੋਵੇ।

ਕੀ ਅਸੀਂ ਭਗਤ ਸਿੰਘ ਨੂੰ ਲੈ ਕੇ ਕੋਈ ਅਜਿਹਾ ਮਿਊਜ਼ੀਅਮ ਉਸਾਰ ਸਕੇ ਹਾਂ? ਖਟਕੜ ਕਲਾਂ ਦਾ ਮਿਊਜ਼ੀਅਮ ਵੀ ਲਾਵਾਰਸ ਲੱਗਦਾ ਹੈ। ਸਮੇਂ-ਸਮੇਂ ਉਸ ਨੂੰ ਉਸਾਰਨ-ਸੰਵਾਰਨ ਦੇ ਐਲਾਨ ਹੁੰਦੇ ਹਨ, ਪਰ ਹਾਲਤ ਉਹੀ ਹੈ। ਹਰ ਸਾਲ ਦੋ ਵਾਰੀ ਸਾਰੀਆਂ ਰਾਜਨੀਤਕ ਪਾਰਟੀਆਂ ਆਪਣਾ ਅਖਾੜਾ ਲਗਾਉਂਦੀਆਂ ਹਨ ਤੇ ਫਿਰ ਆ ਕੇ ਘਰੇ ਬੈਠ ਜਾਂਦੀਆਂ ਹਨ। ਇਹ ਉਹਨਾਂ ਦੀ ਮਜਬੂਰੀ ਹੈ ਕਿ ਦੇਸ ਦੀ ਆਜ਼ਾਦੀ ਦਾ ਪੰਜਾਬ ਕੋਲ ਇਹ ਸਿਰਕੱਢ ਨਾਂਅ ਹੈ, ਜਿਸ ਦੀ ਕੁਰਬਾਨੀ ਬੇਮਿਸਾਲ ਹੈ, ਭਾਵੇਂ ਪੰਜਾਬ ਦੀ ਭੂਮਿਕਾ ਸਭ ਤੋਂ ਵੱਧ ਰਹੀ ਹੈ। ਉਹਨਾਂ ਨੂੰ ਇਹ ਕਾਰਵਾਈ ਪਾਉਣੀ ਪੈਂਦੀ ਹੈ, ਪਰ ਭਗਤ ਸਿੰਘ ਦੀ ਵਿਚਾਰਧਾਰਾ ਉਹਨਾਂ ਦੇ ਰਾਸ ਨਹੀਂ ਆਉਂਦੀ।

ਭਗਤ ਸਿੰਘ ਨਾਲ ਜੁੜੇ ਦੋ ਸਥਾਨ ਹੁਸੈਨੀਵਾਲਾ ਅਤੇ ਖਟਕੜ ਕਲਾਂ ਨੂੰ ਟੂਰਿਸਟ ਵਿਭਾਗ ਨੇ ਸੈਲਾਨੀਆਂ ਦੀ ਖਿੱਚ ਦਾ ਕੇਂਦਰ ਬਣਾਉਣ ਦੇ ਕਦੇ ਜਤਨ ਨਹੀਂ ਕੀਤੇ। ਭਗਤ ਸਿੰਘ ਦੀ ਬੰਦੂਕ ਨਾਲ ਸੈਲਫ਼ੀ, ਜੇ ਕੋਈ ਅਜਿਹੀ ਕੋਸ਼ਿਸ਼ ਹੈ ਤਾਂ ਇਹ ਸਗੋਂ ਗ਼ਲਤ ਦਿਸ਼ਾ ਵਿੱਚ ਲੈ ਜਾਣ ਵਾਲੀ ਹੈ। ਜੇਕਰ ਸੱਚਮੁੱਚ ਹੀ ਭਗਤ ਸਿੰਘ ਨੂੰ ਯਾਦ ਕਰਨਾ ਹੈ ਤਾਂ ਉਸਦੀਆਂ ਬਹੁਤ ਹੀ ਪ੍ਰਭਾਵਸ਼ਾਲੀ ਅਤੇ ਅਜੋਕੇ ਸਮੇਂ ਵਿੱਚ ਪੂਰੀ ਤਰ੍ਹਾਂ ਢੁੱਕਦੀਆਂ, ਵਿਚਾਰਾਂ ਨੂੰ ਪ੍ਰੇਰਤ ਕਰਨ ਵਾਲੀਆਂ ਤੁਕਾਂ ਨੂੰ ਲਗਾਇਆ ਜਾਵੇ, ਤਾਂ ਜੁ ਲੋਕ ਉਹਨਾਂ ਨੂੰ ਆਪਣੇ ਮਨ-ਮਸਤਕ ਵਿੱਚ ਸਮਾ ਕੇ ਲੈ ਜਾਣ ਤੇ ਦੇਸ ਨੂੰ ਸਹੀ ਦਿਸ਼ਾ ਵਿੱਚ ਲੈ ਜਾਣ ਬਾਰੇ ਸੋਚਣ। ਇਹਨਾਂ ਮਿਊਜ਼ੀਅਮਾਂ ਤੋਂ ਭਗਤ ਸਿੰਘ ਦਾ ਸੁਫ਼ਨਾ ਅੱਗੇ ਤੁਰਨਾ ਚਾਹੀਦਾ ਹੈ, ਨਾ ਕਿ ਨੌਜਵਾਨਾਂ ਦੇ ਕੋਲ ਬੰਬ-ਬੰਦੂਕ ਦੀ ਹਿੰਸਾ ਦੀ ਭਾਵਨਾ ਪਹੁੰਚੇ, ਜੋ ਪਹਿਲਾਂ ਹੀ ਦੇਸ ਨੂੰ ਨਫ਼ਰਤ ਅਤੇ ਆਪਸੀ ਤਣਾਉ ਵੱਲ ਲੈ ਜਾ ਰਹੀ ਹੈ।

*****

(1195)

About the Author

ਡਾ. ਸ਼ਿਆਮ ਸੁੰਦਰ ਦੀਪਤੀ

ਡਾ. ਸ਼ਿਆਮ ਸੁੰਦਰ ਦੀਪਤੀ

Professor, Govt. Medical College,
Amritsar, Punjab, India.
Phone: (91 - 98158 - 08506)
Email: (drdeeptiss@gmail.com)

More articles from this author