BalwinderSBhullar7“ਪਰਵਿੰਦਰ ਖਾਲੀ ਹੱਥ ਸੀ, ਕਾਤਲ ਰਿਵਾਲਵਰ ਨਾਲ ਲੈਸ ਸੀ, ਅਸਲਾ ਲਾਇਸੰਸ ...”ParvinderSJhota1
(10 ਨਵੰਬਰ 2026)

ParvinderSJhota1
ਜਿੱਤ
ਭਾਵੇਂ ਕਿਸੇ ਵੀ ਖੇਤਰ ਵਿੱਚ ਹੋਵੇ, ਉਹ ਸਵਾਗਤਯੋਗ ਹੁੰਦੀ ਹੈ, ਉਹ ਸੰਯੋਗ ਨਾਲ ਹੋਵੇ ਜਾਂ ਸਾਹਸ ਨਾਲ। ਜਿੱਤ ਹੌਸਲਾ ਦਿੰਦੀ ਹੈ ਅਤੇ ਵਿਰੋਧੀਆਂ ਨਾਲ ਲੜਨ, ਜੂਝਣ ਅਤੇ ਸੰਘਰਸ਼ ਕਰਨ ਦੀ ਪ੍ਰੇਰਨਾ ਦਿੰਦੀ ਹੈ। ਪਰ ਜਿੱਤ ਹਾਸਲ ਕਰਨ ਲਈ ਕਾਫ਼ੀ ਕੁਝ ਗਵਾਉਣਾ ਪੈਂਦਾ ਹੈ, ਕੁਰਬਾਨੀ ਦੇਣੀ ਪੈਂਦੀ ਹੈ। ਇਹ ਵੀ ਸਚਾਈ ਹੈ ਕਿ ਹੱਕ ਸੱਚ ਲਈ ਕੀਤੇ ਸੰਘਰਸ਼ ਵਿੱਚ ਦਿੱਤੀ ਕੁਰਬਾਨੀ ਅਜ਼ਾਈਂ ਨਹੀਂ ਜਾਂਦੀ, ਸਫਲਤਾ ਮਿਲਦੀ ਹੈ ਅਤੇ ਬਹੁਤ ਕੁਝ ਹਾਸਲ ਵੀ ਹੁੰਦਾ ਹੈ।

ਪੰਜਾਬੀ ਸਦੀਆਂ ਤੋਂ ਸੰਘਰਸ਼ ਕਰਦੇ ਆ ਰਹੇ ਹਨ ਅਤੇ ਉਨ੍ਹਾਂ ਵੱਡੀਆਂ ਛੋਟੀਆਂ ਅਨੇਕਾਂ ਜਿੱਤਾਂ ਹਾਸਲ ਕੀਤੀਆਂ ਹਨ ਅਤੇ ਉਨ੍ਹਾਂ ਤੋਂ ਪ੍ਰੇਰਨਾ ਲੈ ਕੇ ਅਗਲੇ ਸੰਘਰਸ਼ ਵੱਲ ਕਦਮ ਵਧਾਉਂਦੇ ਰਹੇ ਹਨ। ਇਨਕਲਾਬ ਲਈ ਕੋਈ ਸਿੱਧਾ ਰਸਤਾ ਨਹੀਂ ਹੁੰਦਾ, ਉੱਥੇ ਪਹੁੰਚਣ ਲਈ ਰਸਤਾ ਬਣਾਉਣਾ ਪੈਂਦਾ ਹੈ। ਲੋਕਾਂ ਦੇ ਦੁੱਖ-ਦਰਦ ਨਿਵਾਰਨ ਲਈ, ਲੋਕਤੰਤਰ ਦੀ ਸੁਰੱਖਿਆ ਲਈ ਵੀ ਲਾਮਬੰਦੀ ਕਰਨੀ ਪੈਂਦੀ ਹੈ ਅਤੇ ਇਨ੍ਹਾਂ ਕਾਰਜਾਂ ਲਈ ਸੰਘਰਸ਼ ਵਿੱਢਣੇ ਪੈਂਦੇ ਹਨ। ਮੁਗ਼ਲਾਂ ਅਤੇ ਅੰਗਰੇਜ਼ਾਂ ਵਿਰੁੱਧ ਵੀ ਪੰਜਾਬੀਆਂ ਨੇ ਲੜਾਈਆਂ ਲੜੀਆਂ ਅਤੇ ਜਿੱਤਾਂ ਹਾਸਲ ਕੀਤੀਆਂ, ਭਾਵੇਂ ਕਿ ਦਿਲ ਕੰਬਾਊ ਸ਼ਹਾਦਤਾਂ ਵੀ ਦੇਣੀਆਂ ਪਈਆਂ। ਮਹਾਰਾਜਾ ਰਣਜੀਤ ਸਿੰਘ ਦੀਆਂ ਜਿੱਤਾਂ, ਦੇਸ਼ ਦੀ ਅਜ਼ਾਦੀ ਦੀ ਜਿੱਤ, ਅਜਿਹੇ ਸੰਘਰਸ਼ਾਂ ਦੀਆਂ ਵੱਡੀਆਂ ਮਿਸਾਲਾਂ ਹਨ।

ਦੇਸ ਦੇ ਆਜ਼ਾਦ ਹੋਣ ਤੋਂ ਬਾਅਦ ਵੀ ਪੰਜਾਬੀਆਂ ਦੇ ਲੜਾਈਆਂ ਲੜਨ ਜਾਂ ਸੰਘਰਸ਼ ਕਰਨ ਨੂੰ ਠੱਲ੍ਹ ਨਹੀਂ ਪਈ। ਆਪਣੇ ਹੱਕਾਂ ਲਈ ਵਿਦੇਸ਼ੀਆਂ ਤੋਂ ਬਾਅਦ ਆਪਣੇ ਦੇਸ ਦੀਆਂ ਸਰਕਾਰਾਂ ਨਾਲ ਵੀ ਦੋ ਹੱਥ ਕਰਨੇ ਪੈਂਦੇ ਹਨ, ਪਰ ਜਿੱਤ ਸੰਘਰਸ਼ਸ਼ੀਲ ਲੋਕਾਂ ਦੀ ਹੀ ਹੁੰਦੀ ਹੈ। ਦੇਸ ਦੀ ਸਰਕਾਰ ਨੇ ਕਿਸਾਨੀ ਨੂੰ ਖਤਮ ਕਰ ਲਈ ਤਿੰਨ ਕਾਲੇ ਕਾਨੂੰਨ ਲਿਆਂਦੇ ਤਾਂ ਪੰਜਾਬੀਆਂ ਨੇ ਮੋਹਰੇ ਲੱਗ ਕੇ ਸ਼ਾਂਤਮਈ ਸੰਘਰਸ਼ ਵਿੱਢਿਆ। ਪਰ ਸਰਕਾਰਾਂ ਨੇ ਸ਼ਾਂਤਮਈ ਨਾ ਰਹਿਣ ਦਿੱਤਾ, ਇਸ ਸੰਘਰਸ਼ ਦੌਰਾਨ ਕਰੀਬ ਸੱਤ ਸੌ ਕਿਸਾਨਾਂ ਨੇ ਸਹਾਦਤਾਂ ਦਿੱਤੀਆਂ। ਘਰ ਬਾਰ ਛੱਡ ਕੇ ਕਈ ਮਹੀਨੇ ਦੇਸ ਦੀ ਰਾਜਧਾਨੀ ਦੀਆਂ ਬਰੂਹਾਂ ’ਤੇ ਬੈਠੇ ਰਹੇ। ਆਖਰ ਜਿੱਤ ਲੋਕਾਂ ਦੀ ਹੋਈ।

ਇਸੇ ਸਾਲ ਦੌਰਾਨ ਪੇਪਰ ਲੀਕ ਮਾਮਲੇ ਤੋਂ ਚੱਲਿਆ ਵਿਦਿਆਰਥੀਆਂ ਦਾ ਸੰਘਰਸ਼ ਵੀ ਕੇਵਲ ਵਿਦਿਆਰਥੀ ਲੜਾਈ ਨਾ ਰਿਹਾ, ਇਹ ਵੀ ਹੱਕ ਸੱਚ ਅਤੇ ਨਿਆਂ ਦਾ ਸੰਘਰਸ਼ ਬਣ ਗਿਆ। ਦੇਸ ਦੀ ਤਾਨਾਸ਼ਾਹ ਸਰਕਾਰ ਦੇ ਸਖਤ ਰਵਈਏ ਨੂੰ ਦੇਖਦਿਆਂ ਸਮੁੱਚੇ ਦੇਸ਼ ਦੇ ਲੋਕ ਇੱਕਮੁੱਠ ਹੋ ਕੇ ਮੈਦਾਨ ਵਿੱਚ ਨਿੱਤਰੇ। ਸੰਘਰਸ਼ ਪ੍ਰਚੰਡ ਹੁੰਦਾ ਗਿਆ ਅਤੇ ਸਰਕਾਰ ਲਈ ਚੁਣੌਤੀ ਬਣ ਗਿਆ। ਇਸ ਸੰਘਰਸ਼ ਵਿੱਚ ਵੀ ਪੰਜਾਬੀਆਂ ਨੇ ਮੋਹਰੀ ਭੂਮਿਕਾ ਨਿਭਾਈ। ਜੂਝਦੇ ਲੋਕਾਂ ਮੋਹਰੇ ਕੇਂਦਰ ਸਰਕਾਰ ਬੌਣੀ ਪੈ ਗਈ। ਕੈਬਨਿਟ ਨੂੰ ਪਾਰਲੀਮੈਂਟ ਦੇ ਪਿਛਲੇ ਦਰਵਾਜਿਉਂ ਬਾਹਰ ਨਿਕਲਣਾ ਪਿਆ ਅਤੇ ਸੁਰੱਖਿਆ ਕਰਮਚਾਰੀਆਂ ਵੱਲੋਂ ਪਾਰਲੀਮੈਂਟ ਦੇ ਗੇਟ ਬੰਦ ਕਰਨੇ ਪਏ।

ਇਹ ਦੋਵੇਂ ਸੰਘਰਸ਼ ਕੇਂਦਰ ਦੀ ਤਾਨਾਸ਼ਾਹੀ ਸਰਕਾਰ ਅਤੇ ਆਰ ਐੱਸ ਐੱਸ ਦੇ ਤਾਨਾਸ਼ਾਹ ਨਿਜ਼ਾਮ ਦੇ ਹਠੀ ਰਵਈਏ ਵਿਰੁੱਧ ਸਨ। ਕੇਂਦਰ ਸਰਕਾਰ ਨੇ ਡਾਂਗਾਂ ਵਰ੍ਹਾਈਆਂ, ਜੇਲ੍ਹਾਂ ਭਰੀਆਂ, ਪੈਲਿਟ ਗੰਨਾਂ ਅਤੇ ਅੱਥਰੂ ਗੈਸ ਦੇ ਗੋਲੇ ਸੁੱਟੇ। ਸੁਰੱਖਿਆ ਲਈ ਤਾਇਨਾਤ ਕਰਮਚਾਰੀਆਂ ਵੱਲੋਂ ਦੇਸ਼ ਦੀਆਂ ਧੀਆਂ ਨਾਲ ਅਸ਼ਲੀਲ ਹਰਕਤਾਂ ਵੀ ਹੋਈਆਂ, ਪਰ ਉਹ ਦਿਲਾਂ ’ਤੇ ਪੱਥਰ ਰੱਖ ਕੇ ਜੂਝਦੀਆਂ ਰਹੀਆਂ। ਲੋਕਾਂ ਦੇ ਏਕੇ ਅਤੇ ਜਜ਼ਬਾਤਾਂ ਮੋਹਰੇ ਸਭ ਕੁਝ ਬੇਕਾਰ ਹੋ ਗਿਆ ਅਤੇ ਜਿੱਤ ਲੋਕਾਂ ਦੀ ਹੋਈ, ਜਿਸ ਵਿੱਚ ਪੰਜਾਬੀਆਂ ਦੇ ਯੋਗਦਾਨ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ।

ਤਾਨਾਸ਼ਾਹੀ ਸਰਕਾਰਾਂ ਹੱਕ ਮੰਗਦੇ ਅਤੇ ਸੰਘਰਸ਼ਸ਼ੀਲ ਲੋਕਾਂ ਨੂੰ ਬਰਦਾਸ਼ਤ ਨਹੀਂ ਕਰ ਸਕਦੀਆਂ। ਲੋਕਾਂ ਨੂੰ ਕਮਜ਼ੋਰ ਕਰਨ ਲਈ ਜਿੱਥੇ ਤਾਕਤ ਦੀ ਵਰਤੋਂ ਕੀਤੀ ਜਾਂਦੀ ਹੈ ਉੱਥੇ ਹੋਰ ਕਈ ਤਰ੍ਹਾਂ ਦੇ ਹੱਥਕੰਡੇ ਵਰਤੇ ਜਾਂਦੇ ਹਨ। ਇਸੇ ਕੜੀ ਦਾ ਇੱਕ ਹਿੱਸਾ ਹੈ ਪੰਜਾਬ ਵਿੱਚ ਚਲਾਇਆ ਨਸ਼ਿਆਂ ਦਾ ਦੌਰ। ਨਸ਼ੇ ਕੋਈ ਆਮ ਵਰਤਾਰਾ ਨਹੀਂ ਹਨ, ਇਹ ਇੱਕ ਅਤਿ ਮਾੜੀ ਸਾਜ਼ਿਸ਼ ਤਹਿਤ ਸਰਕਾਰਾਂ ਦੀ ਸ਼ਹਿ ’ਤੇ ਨਸ਼ਾ ਤਸਕਰਾਂ, ਪੁਲਿਸ ਅਤੇ ਸਿਆਸੀ ਗੱਠਜੋੜ ਵੱਲੋਂ ਪਰੋਸੇ ਜਾ ਰਹੇ ਹਨ ਤਾਂ ਜੋ ਪੰਜਾਬੀਆਂ ਨੂੰ ਨਸ਼ੇੜੀ ਬਣਾ ਕੇ ਉਨ੍ਹਾਂ ਨੂੰ ਆਰਥਿਕ ਅਤੇ ਸਮਾਜਿਕ ਪੱਖੋਂ ਨਕਾਰੇ ਕਰ ਦਿੱਤਾ ਜਾਵੇ। ਉਹ ਹੱਕ ਮੰਗਣ ਲਈ ਸੰਘਰਸ਼ ਕਰਨ ਦੇ ਯੋਗ ਵੀ ਨਾ ਰਹਿ ਸਕਣ। ਇਹ ਵੀ ਕੁਦਰਤ ਦਾ ਨਿਯਮ ਹੈ ਕਿ ਗਲਤ ਪਿਰਤਾਂ ਨੂੰ ਰੋਕਣ ਲਈ ਜੁਝਾਰੂ ਲੋਕ ਪੈਦਾ ਹੋ ਜਾਂਦੇ ਹਨ। ਪੰਜਾਬ ਵਿੱਚ ਜੇ ਨਸ਼ਿਆਂ ਦਾ ਦੌਰ ਚਲਾਇਆ ਗਿਆ ਹੈ ਤਾਂ ਉਸਨੂੰ ਰੋਕਣ ਲਈ ਵੀ ਲੋਕ ਮੈਦਾਨ ਵਿੱਚ ਨਿੱਤਰ ਰਹੇ ਹਨ।

ਪਰਵਿੰਦਰ ਸਿੰਘ ਝੋਟਾ ਇਸ ਵਰਤਾਰੇ ਦੀ ਪਰਤੱਖ ਮਿਸਾਲ ਹੈ। ਪੰਜਾਬੀਆਂ ਨੂੰ ਬਚਾਉਣ ਲਈ ਉਸਨੇ ਨਸ਼ਾ ਵਿਰੋਧੀ ਮੁਹਿੰਮ ਸ਼ੁਰੂ ਕੀਤੀ। ਸੱਚ ਉੱਤੇ ਪਹਿਰਾ ਦੇਣ ਵਾਲੇ ਲੋਕ ਉਸ ਨਾਲ ਜੁੜਨ ਲੱਗੇ ਅਤੇ ਇਹ ਮੁਹਿੰਮ ਲਹਿਰ ਬਣਨ ਲੱਗੀ। ਇਹ ਮੁਹਿੰਮ ਨਸ਼ਾ ਤਸਕਰਾਂ, ਪੁਲਿਸ ਅਤੇ ਰਾਜਨੀਤੀਵਾਨਾਂ ਨੂੰ ਰੜਕਣ ਲੱਗ ਪਈ। ਉਨ੍ਹਾਂ ਲਹਿਰ ਨੂੰ ਦਬਾਉਣ ਲਈ ਡਾਂਗਾਂ, ਜੇਲ੍ਹਾਂ ਦਾ ਸਹਾਰਾ ਲਿਆ, ਪਰ ਸਫਲ ਨਾ ਹੋ ਸਕੇ। ਆਖਰ ਮੁਗ਼ਲਾਂ ਜਾਂ ਅੰਗਰੇਜ਼ਾਂ ਦੀ ਤਰਜ਼ ’ਤੇ ਲਹਿਰ ਦੇ ਸਿਰਕੱਢ ਆਗੂ ਖਤਮ ਕਰਨ ਨੂੰ ਅੰਜਾਮ ਦੇਣ ਦਾ ਸਿਲਸਿਲਾ ਸ਼ੁਰੂ ਕਰਨ ਦੀ ਕੋਸ਼ਿਸ਼ ਕੀਤੀ ਗਈ। ਇਸ ਸਾਜ਼ਿਸ਼ ਦੀ ਕੜੀ ਵਜੋਂ ਹੀ ਮਾਨਸਾ ਸ਼ਹਿਰ ਵਿਖੇ ਇੱਕ ਨਸ਼ਾ ਤਸਕਰ ਵੱਲੋਂ ਜੁਝਾਰੂ ਆਗੂ ਪਰਵਿੰਦਰ ਸਿੰਘ ਝੋਟੇ ਦਾ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ। ਹੁਣ ਤਕ ਸਪਸ਼ਟ ਹੋ ਚੁੱਕਾ ਹੈ ਕਿ ਪਰਵਿੰਦਰ ਖਾਲੀ ਹੱਥ ਸੀ, ਕਾਤਲ ਰਿਵਾਲਵਰ ਨਾਲ ਲੈਸ ਸੀ, ਅਸਲਾ ਲਾਇਸੰਸ ਵੀ ਉਸਨੂੰ ਕੁਝ ਦਿਨ ਪਹਿਲਾਂ ਕਾਹਲ ਵਿੱਚ ਦਿੱਤਾ ਗਿਆ ਸੀ। ਪੁਲਿਸ ਪਰਵਿੰਦਰ ਨੂੰ ਡਰਾ ਧਮਕਾ ਰਹੀ ਸੀ, ਕਾਤਲ ਨੂੰ ਸ਼ਹਿ ਦੇ ਰਹੀ ਸੀ। ਇਹ ਸਾਰੀ ਸਥਿਤੀ ਸਪਸ਼ਟ ਹੋਣ ਅਤੇ ਸਾਜ਼ਿਸ਼ ਨੰਗੀ ਹੋਣ ’ਤੇ ਹੀ ਲੋਕਾਂ ਨੇ ਪਰਵਿੰਦਰ ਨੂੰ ਸ਼ਹੀਦ ਕਰਾਰ ਦੇ ਕੇ ਸੰਘਰਸ਼ ਸ਼ੁਰੂ ਕੀਤਾ। ਇਹ ਸੰਘਰਸ਼ ਵਧਦਾ ਗਿਆ। ਇਸ ਵਿੱਚ ਰਾਜ ਕਰਦੀਆਂ ਪਾਰਟੀਆਂ ਭਾਜਪਾ ਅਤੇ ਆਮ ਆਦਮੀ ਪਾਰਟੀ ਤੋਂ ਬਗੈਰ ਸਮੁੱਚੀਆਂ ਵਿਰੋਧੀ ਪਾਰਟੀਆਂ ਸ਼ਾਮਲ ਹੋ ਗਈਆਂ। ਲੋਕ ਹੱਕਾਂ ਲਈ ਜੂਝਣ ਵਾਲੀਆਂ ਸਮਾਜਿਕ ਜਥੇਬੰਦੀਆਂ, ਧਾਰਮਿਕ ਸੰਪਰਦਾਵਾਂ, ਸਾਹਿਤਕਾਰ, ਪੱਤਰਕਾਰ, ਬੁੱਧੀਜੀਵੀ ਵਹੀਰਾਂ ਘੱਤ ਕੇ ਸੰਘਰਸ਼ ਵਿੱਚ ਸ਼ਾਮਲ ਹੋਣ ਲੱਗੇ। ਰਾਜ ਸਰਕਾਰ ਨੇ ਪਰਵਿੰਦਰ ਦੀ ਦੇਹ ਦਾ ਸਸਕਾਰ ਕਰਕੇ ਮਾਮਲਾ ਰਫ਼ਾ ਦਫ਼ਾ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ, ਪਰ ਸਫਲ ਨਾ ਹੋ ਸਕੀ। ਆਖਰ ਗੱਲਬਾਤ ਦਾ ਰਾਹ ਇਖਤਿਆਰ ਕਰਨਾ ਪਿਆ। ਪਰਵਿੰਦਰ ਦੇ ਪਰਿਵਾਰ, ਐਕਸ਼ਨ ਕਮੇਟੀ ਅਤੇ ਸਰਕਾਰ ਨਾਲ ਗੱਲਬਾਤ ਸਿਰੇ ਚੜ੍ਹਨ ਤੋਂ ਬਾਅਦ ਮ੍ਰਿਤਕ ਦੇਹ ਦਾ ਸਸਕਾਰ ਕਰ ਦਿੱਤਾ ਗਿਆ। ਪਰਵਿੰਦਰ ਦੇ ਮਾਂ ਬਾਪ ਅਤੇ ਧਰਮ ਪਤਨੀ ਨੇ ਮ੍ਰਿਤਕ ਦੇਹ ਪਈ ਹੋਣ ਦੇ ਬਾਵਜੂਦ ਜੋ ਜੁਰਅਤ ਵਿਖਾਈ ਅਤੇ ਸੰਘਰਸ਼ ਲੜਿਆ, ਇਸ ਨਾਲ ਵੱਡੀ ਮਿਸਾਲ ਪੈਦਾ ਹੋਈ ਹੈ। ਸੰਘਰਸ਼ ਵਿਰੋਧੀ ਕੁਝ ਲੋਕ ਪਰਿਵਾਰ ਦੇ ਵਿਕਣ ਦਾ ਪ੍ਰਚਾਰ ਵੀ ਕਰ ਰਹੇ ਹਨ, ਪਰ ਇਹ ਉਸੇ ਗੱਠਜੋੜ ਦੀ ਸਾਜ਼ਿਸ਼ ਹੀ ਮੰਨੀ ਜਾ ਸਕਦੀ ਹੈ, ਜਿਹੜਾ ਪੰਜਾਬ ਨੂੰ ਤਬਾਹ ਕਰਨ ’ਤੇ ਲੱਗਿਆ ਹੋਇਆ ਹੈ।

ਲੋਕਤੰਤਰ ਵਿੱਚ ਮੁੱਦਿਆਂ, ਮਾਮਲਿਆਂ ਦਾ ਹੱਲ ਗੱਲਬਾਤ ਰਾਹੀਂ ਹੀ ਹੁੰਦਾ ਹੈ, ਪਰ ਇਸ ਸੰਘਰਸ਼ ਨੇ ਪੰਜਾਬੀਆਂ, ਖਾਸ ਕਰਕੇ ਨੌਜਵਾਨਾਂ ਅਤੇ ਵਿਦਿਆਰਥੀਆਂ ਵਿੱਚ ਇੱਕ ਨਵੀਂ ਚਿਣਗ ਪੈਦਾ ਕਰ ਦਿੱਤੀ ਹੈ ਅਤੇ ਹੌਸਲਾ ਦਿੱਤਾ ਹੈ। ਪਰਵਿੰਦਰ ਸਿੰਘ ਝੋਟੇ ਦਾ ਸਸਕਾਰ ਕਰਨ ਨਾਲ ਸੰਘਰਸ਼ ਨਹੀਂ ਥੰਮ੍ਹਿਆ; ਇਹ ਸੰਘਰਸ਼ ਪੰਜਾਬ ਵਿੱਚੋਂ ਨਸ਼ੇ ਖਤਮ ਕਰਕੇ ਨੌਜਵਾਨੀ ਨੂੰ ਬਚਾਉਣ ਲਈ ਜਾਰੀ ਰਹੇਗਾ ਅਤੇ ਰੱਖਣਾ ਜ਼ਰੂਰੀ ਵੀ ਹੈ। ਪੰਜਾਬ ਦੇ ਜੁਝਾਰੂ ਲੋਕ ਬੇਖੌਫ ਹੋ ਕੇ ਨਸ਼ਿਆਂ ਵਿਰੁੱਧ ਜੰਗ ਜਾਰੀ ਰੱਖਣਗੇ ਅਤੇ ਜਵਾਨੀ ਨੂੰ ਬਚਾ ਕੇ ਮੁੜ ਖੁਸ਼ਹਾਲੀ ਲਿਆਉਣਗੇ।

ਸੰਘਰਸ਼ ਜਾਰੀ ਹੈ, ਜਾਰੀ ਰਹੇਗਾ ...।

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ:
(This email address is being protected from spambots. You need JavaScript enabled to view it.)

About the Author

ਬਲਵਿੰਦਰ ਸਿੰਘ ਭੁੱਲਰ

ਬਲਵਿੰਦਰ ਸਿੰਘ ਭੁੱਲਰ

A veteran journalist and writer.
WhatsApp: (91 - 98882 - 75913)

Email: (bhullarbti@gmail.com)

More articles from this author