“ਦੇਸ਼ ਅਜ਼ਾਦ ਹੋਇਆ ਤਾਂ ਸੁਸ਼ੀਲਾ ਚੈਨ ਤ੍ਰੇਹਨ ਜਲੰਧਰ ਵਿਖੇ ਰਹਿਣ ਲੱਗ ਪਈ। ਦੇਸ਼ ਭਗਤ ਔਰਤ ਚੁੱਪ ਚਾਪ ...”
(1 ਜੁਲਾਈ 2024)
ਇਸ ਸਮੇਂ ਪਾਠਕ: 445.
ਸੁਸ਼ੀਲਾ ਚੈਨ ਤ੍ਰੇਹਨ ਇੱਕ ਅਜਿਹੀ ਮਹਾਨ ਔਰਤ ਸੀ, ਜਿਸਨੇ ਬਚਪਨ ਵਿੱਚ ਦੁੱਖ ਹੰਢਾਉਂਦਿਆਂ ਦੇਸ਼ ਦੀ ਅਜ਼ਾਦੀ ਦੀ ਲੜਾਈ ਵੱਲ ਮੋੜਾ ਕੱਟਿਆ। ਉਹ ਅੰਗਰੇਜ਼ ਸਰਕਾਰ ਦੇ ਵਿਰੁੱਧ ਜੱਦੋਜਹਿਦ ਕਰਨ ਦੇ ਨਾਲ ਨਾਲ ਸਾਰੀ ਜ਼ਿੰਦਗੀ ਔਰਤਾਂ ਨੂੰ ਉਹਨਾਂ ਦੇ ਹੱਕਾਂ ਦੀ ਰਾਖੀ ਬਾਰੇ ਅਤੇ ਉਹਨਾਂ ਨੂੰ ਆਤਮ ਨਿਰਭਰ ਬਣਾਉਣ ਲਈ ਜਾਗਰੂਕ ਕਰਦੀ ਰਹੀ। ਉਸਨੇ ਦੇਸ਼, ਲੋਕਾਂ ਅਤੇ ਸਮਾਜ ਲਈ ਜੇਲ੍ਹਾਂ ਕੱਟੀਆਂ, ਡਾਂਗਾਂ ਖਾਧੀਆਂ, ਗੁਪਤਵਾਸ ਜੀਵਨ ਬਸਰ ਕਰਦਿਆਂ ਆਪਣੇ ਤਿੰਨ ਬੱਚੇ ਵੀ ਗੁਆ ਲਏ। ਉਸਦੀ ਬਚੀ ਸਿਰਫ਼ ਇੱਕੋ ਇੱਕ ਧੀ ਨੂੰ ਵੀ ਰਿਸ਼ਤੇਦਾਰਾਂ ਨੇ ਪਾਲਿਆ।
ਸੁਸ਼ੀਲਾ ਚੈਨ ਤ੍ਰੇਹਨ ਦਾ ਜਨਮ 1 ਜੁਲਾਈ 1923 ਨੂੰ ਪਠਾਨਕੋਟ ਵਿਖੇ ਪਿਤਾ ਮਥਰਾ ਦਾਸ ਤ੍ਰੇਹਨ ਦੇ ਘਰ ਹੋਇਆ। ਉਹ ਠੇਕੇਦਾਰੀ ਦਾ ਕੰਮ ਕਰਦੇ ਸਨ ਅਤੇ ਆਪਣੇ ਹਲਕੇ ਦੇ ਸੰਸਥਾਪਕ ਕਾਂਗਰਸ ਦੇ ਲੀਡਰ ਹੋਣ ਦੇ ਨਾਲ ਨਾਲ ਆਰੀਆ ਸਮਾਜ ਦੇ ਵੀ ਮੋਢੀ ਆਗੂ ਸਨ। ਸੁਸ਼ੀਲਾ ਚਾਰ ਭੈਣ ਭਰਾਵਾਂ ਵਿੱਚੋਂ ਸਭ ਤੋਂ ਛੋਟੀ ਸੀ। ਆਪ ਅਜੇ ਛੋਟੀ ਉਮਰ ਵਿੱਚ ਹੀ ਸੀ, ਜਦੋਂ ਉਸਦੇ ਪਿਤਾ ਦੀ ਮੌਤ ਹੋ ਗਈ, ਜਿਸ ਕਰਕੇ ਉਹਨਾਂ ਦੇ ਘਰ ’ਤੇ ਦੁੱਖਾਂ ਦਾ ਪਹਾੜ ਹੀ ਡਿਗ ਪਿਆ। ਪਰਿਵਾਰਕ ਆਮਦਨ ਦਾ ਕੋਈ ਸਾਧਨ ਨਾ ਰਿਹਾ। ਲੜਕੀ ਹੋਣ ਸਦਕਾ ਦੂਜਿਆਂ ’ਤੇ ਨਿਰਭਰ ਰਹਿਣਾ ਵੀ ਮੁਸ਼ਕਿਲ ਸੀ। ਇਸ ਸਮੇਂ ਉਸ ਦਾ ਸੰਪਰਕ ਇੱਕ ਆਦਰਸ਼ ਅਧਿਆਪਕ ਪੰਡਤ ਦੇਵ ਦੱਤ ਅਟੱਲ ਨਾਲ ਹੋਇਆ, ਜਿਹਨਾਂ ਉਸ ਨੂੰ ਚੰਗੇ ਸੁਝਾਅ ਤੇ ਸਿੱਖਿਆ ਦਿੱਤੀ। ਸ੍ਰੀ ਅਟੱਲ ਤੋਂ ਪ੍ਰਭਾਵਿਤ ਹੋ ਕੇ ਉਸਦੇ ਹਿਰਦੇ ਵਿੱਚ ਦੇਸ਼ ਭਗਤੀ ਤੇ ਸਮਾਜ ਸੇਵਾ ਦੀ ਭਾਵਨਾ ਵੀ ਪ੍ਰਬਲ ਹੋ ਗਈ। ਇੱਕ ਦਿਨ ਉਹ ਦੇਸ਼ ਪ੍ਰੇਮੀਆਂ ਦੀ ਇੱਕ ਖੁੱਲ੍ਹੀ ਮੀਟਿੰਗ ਵਿੱਚ ਸ਼ਿਰਕਤ ਕਰਨ ਲਈ ਪਹੁੰਚ ਗਈ, ਪਰ ਸਮੇਂ ਦੀ ਹਕੂਮਤ ਦੇ ਇਸ਼ਾਰੇ ’ਤੇ ਪੁਲਿਸ ਨੇ ਉੱਥੇ ਹਾਜ਼ਰ ਲੋਕਾਂ ਨੂੰ ਘੇਰ ਕੇ ਬੁਰੀ ਤਰ੍ਹਾਂ ਕੁੱਟਿਆ। ਇਹ ਦੇਖ ਕੇ ਉਸ ਨੂੰ ਬਹੁਤ ਗੁੱਸਾ ਆਇਆ ਅਤੇ ਉਸਨੇ ਬੇਇਨਸਾਫੀ ਵਿਰੁੱਧ ਲੜਾਈ ਲੜਨ ਦਾ ਮਨ ਬਣਾ ਲਿਆ। ਉਹ ਜਿੱਥੇ ਵੀ ਥੋੜ੍ਹਾ ਬਹੁਤਾ ਧੱਕਾ ਹੁੰਦਾ ਵੇਖਦੀ ਤਾਂ ਲੜਨ ਲਈ ਡਟ ਜਾਂਦੀ।
ਪਿਤਾ ਨੇ ਸੁਸ਼ੀਲਾ ਦੇ ਅੰਦਰਲੇ ਗੁਣਾਂ ਦੀ ਪਰਖ ਕਰਦਿਆਂ ਇੱਕ ਦਿਨ ਉਸ ਨੂੰ ਪੜ੍ਹਨ ਲਈ ਇੱਕ ਪੁਸਤਕ ‘ਗਾਂਧੀਵਾਦ ਤੇ ਸਮਾਜਵਾਦ’ ਦਿੱਤੀ। ਇਹ ਕਿਤਾਬ ਪੜ੍ਹ ਕੇ ਉਸ ਨੂੰ ਆਪਣੇ ਗੁੱਸੇ ’ਤੇ ਕਾਬੂ ਪਾਉਣ ਦੀ ਜਾਂਚ ਆ ਗਈ ਅਤੇ ਦੇਸ਼ ਭਗਤੀ ਦੀ ਜਾਗ ਲੱਗ ਗਈ। ਇਸ ਉਪਰੰਤ ਉਸ ਨੂੰ ਹੋਰ ਅਜ਼ਾਦੀ ਘੁਲਾਟੀਆਂ ਅਤੇ ਕਮਿਊਨਿਸਟ ਨੇਤਾਵਾਂ ਨਾਲ ਮਿਲਾਇਆ ਗਿਆ, ਜੋ ਭਾਰਤ ਨੂੰ ਅਜ਼ਾਦ ਕਰਾਉਣ ਲਈ ਜੂਝ ਰਹੇ ਸਨ ਅਤੇ ਪੂੰਜੀਵਾਦੀ ਸੁਸਾਇਟੀ ਵਿਰੁੱਧ ਆਵਾਜ਼ ਬੁਲੰਦ ਕਰਦੇ ਸਨ। ਉਹ ਸ੍ਰ. ਭਗਤ ਸਿੰਘ ਦੇ ਵਿਚਾਰਾਂ ਤੋਂ ਵੀ ਕਾਫ਼ੀ ਪ੍ਰਭਾਵਿਤ ਹੋ ਗਈ ਸੀ। ਇਸ ਉਪਰੰਤ ਉਹ ਦੇਸ਼ ਨੂੰ ਅਜ਼ਾਦ ਕਰਾਉਣ ਲਈ ਸੰਗਰਾਮ ਵਿੱਚ ਪੂਰੀ ਤਰ੍ਹਾਂ ਕੁੱਦ ਪਈ। ਅਜਿਹੀ ਲੜਾਈ ਲੜਨ ਵਾਲੇ ਹੋਰ ਕਿਰਤੀ ਨੇਤਾਵਾਂ ਨੂੰ ਮਿਲਣ ਲਈ ਉਸਦੀ ਹਮੇਸ਼ਾ ਤਾਂਘ ਰਹਿੰਦੀ। ਛੋਟੀ ਉਮਰ ਦੀ ਲੜਕੀ ਹੋਣਾ ਉਹਨਾਂ ਨਾਲ ਮਿਲਣ ਵਿੱਚ ਦਿੱਕਤ ਪੈਦਾ ਕਰਦਾ ਸੀ ਅਤੇ ਆਗੂ ਲੋਕ ਵੀ ਇਹ ਸਮਝਦਿਆਂ ਦੂਰ ਰਹਿਣਾ ਹੀ ਪਸੰਦ ਕਰਦੇ ਕਿ ਛੋਟੀ ਉਮਰ ਦੀ ਲੜਕੀ ਪੁਲਿਸ ਦਾ ਜਬਰ ਨਹੀਂ ਝੱਲ ਸਕੇਗੀ।
ਆਖ਼ਰ ਤ੍ਰੇਹਨ ਨੇ ਆਪਣੇ ਪਰਿਵਾਰ ਵਾਲਿਆਂ ਨੂੰ ਇੱਕ ਪੱਤਰ ਲਿਖ ਕੇ ਭੇਜ ਦਿੱਤਾ ਕਿ ਉਹ ਉਸਦੇ ਲਈ ਕਿਸੇ ਲਾੜੇ ਦੀ ਭਾਲ ਨਾ ਕਰਨ, ਉਸਨੇ ਸੰਘਰਸ਼ ਦਾ ਰਾਹ ਅਪਣਾ ਲਿਆ ਹੈ। ਉਹ ਪਿੰਡਾਂ ਵਿੱਚ ਜਾਂਦੀ, ਲੜਕੀਆਂ ਨੂੰ ਪੜ੍ਹਾਈ ਕਰਨ, ਸਫ਼ਾਈ ਰੱਖਣ, ਖਾਣਾ ਪਕਾਉਣ ਅਤੇ ਹੱਥੀਂ ਕੰਮ ਕਰਨ ਦੀ ਪ੍ਰੇਰਨਾ ਦਿੰਦੀ ਅਤੇ ਨਾਲ ਨਾਲ ਦੇਸ਼ ਭਗਤੀ ਦੀ ਭਾਵਨਾ ਵੀ ਉਜਾਗਰ ਕਰਦੀ। ਉਸਨੇ ਕਿਰਤੀ ਪਾਰਟੀ ਦੇ ਮੋਢੀ ਮੈਂਬਰ ਚੈਨ ਸਿੰਘ ਚੈਨ ਨਾਲ ਮੁਲਾਕਾਤ ਕੀਤੀ ਅਤੇ ਫਿਰ ਸ਼ਾਦੀ ਕਰਵਾ ਲਈ। 1941 ਵਿੱਚ ਉਹ ਸਿਆਸੀ ਵਰਕਰ ਬਣ ਕੇ ਕਮਿਊਨਿਸਟ ਪਾਰਟੀ ਦੇ ਲਹੌਰ ਸਥਿਤ ਦਫਤਰ ਵਿੱਚ ਪਹੁੰਚ ਗਈ ਅਤੇ ਗ਼ਦਰ ਪਾਰਟੀ ਦੀ ਮੈਂਬਰ ਬੀਬੀ ਰਘਬੀਰ ਕੌਰ ਨਾਲ ਕੰਮ ਕਰਨ ਲੱਗ ਪਈ। ਉਸਨੇ ਘਰ ਦਾ ਮੋਹ ਤਿਆਗ ਦਿੱਤਾ ਅਤੇ ਆਪਣਾ ਜੀਵਨ ਪੂੰਜੀਵਾਦੀ ਸਿਸਟਮ ਵਿਰੁੱਧ ਸੰਘਰਸ਼ ਵਿੱਚ ਝੋਕ ਦਿੱਤਾ। ਉਹ ਕਿਰਤੀ ਪਾਰਟੀ ਵਿੱਚ ਵੀ ਸ਼ਾਮਲ ਹੋ ਗਈ। ਅਜ਼ਾਦੀ ਘੁਲਾਟੀਆਂ ਜਾਂ ਪਾਰਟੀ ਦੀਆਂ ਮੀਟਿੰਗਾਂ, ਰੈਲੀਆਂ, ਕਾਨਫਰੰਸਾਂ ਹੁੰਦੀਆਂ ਤਾਂ ਉਹ ਵੀ ਹੁੰਮ ਹੁਮਾ ਕੇ ਪਹੁੰਚਦੀ, ਉਸ ਨੂੰ ਕਈ ਵਾਰ ਪੁਲਿਸ ਦੀਆਂ ਡਾਂਗਾਂ ਵੀ ਖਾਣੀਆਂ ਪਈਆਂ ਅਤੇ ਜੇਲ੍ਹਾਂ ਵਿੱਚ ਵੀ ਜਾਣਾ ਪਿਆ। ਲੰਬਾ ਸਮਾਂ ਉਸ ਨੂੰ ਤੇ ਚੈਨ ਸਿੰਘ ਚੈਨ ਨੂੰ ਵੱਖ ਵੱਖ ਰਹਿ ਕੇ ਗੁਪਤਵਾਸ ਦਾ ਜੀਵਨ ਵੀ ਬਤੀਤ ਕਰਨਾ ਪਿਆ, ਜਿਸ ਕਾਰਨ ਉਹਨਾਂ ਆਪਣੇ ਤਿੰਨ ਬੱਚੇ ਸਦਾ ਲਈ ਆਪਣੇ ਤੋਂ ਗੁਆ ਲਏ, ਸਿਰਫ਼ ਇੱਕੋ ਇੱਕ ਧੀ ਸਵਿਤਾ ਨੂੰ ਰਿਸ਼ਤੇਦਾਰਾਂ ਨੇ ਹੀ ਪਾਲਿਆ।
ਦੇਸ਼ ਅਜ਼ਾਦ ਹੋਇਆ ਤਾਂ ਸੁਸ਼ੀਲਾ ਚੈਨ ਤ੍ਰੇਹਨ ਜਲੰਧਰ ਵਿਖੇ ਰਹਿਣ ਲੱਗ ਪਈ। ਦੇਸ਼ ਭਗਤ ਔਰਤ ਚੁੱਪ ਚਾਪ ਘਰ ਕਿਵੇਂ ਬੈਠ ਸਕਦੀ ਸੀ, ਸੋ ਇੱਥੇ ਉਸਨੇ ਇਸਤਰੀ ਸਭਾ ਕਾਇਮ ਕੀਤੀ ਅਤੇ ਔਰਤਾਂ ਦੇ ਦੁੱਖਾਂ ਸੁਖਾਂ ਵਿੱਚ ਸਹਾਈ ਹੁੰਦੀ ਰਹੀ। ਉਹ ਲੜਕੀਆਂ ਨੂੰ ਆਤਮ ਨਿਰਭਰ ਬਣਨ ਦੀ ਸਿੱਖਿਆ ਦਿੰਦੀ, ਆਪਣੇ ਹੱਕਾਂ ਦੀ ਪ੍ਰਾਪਤੀ ਲਈ ਪਰੇਰਦੀ, ਲੜਕੀਆਂ ਦੀ ਪੜ੍ਹਾਈ ਤੇ ਜ਼ੋਰ ਦਿੰਦੀ। ਉਸਨੇ ਤਿੰਨ ਲੜਕੀਆਂ ਦੇ ਸਕੂਲ ਅਤੇ ਇੱਕ ਲੜਕੇ ਲੜਕੀਆਂ ਦਾ ਸਾਂਝਾ ਸਕੂਲ ਵੀ ਚਾਲੂ ਕਰਵਾਇਆ। ਉਹ ਸਮਾਜਿਕ ਕੰਮਾਂ ਜਿਵੇਂ ਦਾਜ ਦਹੇਜ ਦੇ ਝਗੜੇ, ਘਰੇਲੂ ਹਿੰਸਾ ਦੇ ਮਾਮਲੇ, ਜਾਤੀਵਾਦ ਜਾਂ ਅੰਤਰਜਾਤੀ ਵਿਆਹ ਦੀ ਮਸਲੇ, ਨਿੱਜੀ ਜੀਵਨ ਦੇ ਝਗੜੇ ਆਦਿ ਨਜਿੱਠਣ ਲਈ ਰੁੱਝੀ ਰਹਿੰਦੀ। ਇਲਾਕੇ ਦੇ ਲੋਕ ਉਸਦਾ ਬਹੁਤ ਮਾਣ ਸਤਿਕਾਰ ਕਰਦੇ ਸਨ ਅਤੇ ਉਸਦੇ ਫੈਸਲੇ ਨੂੰ ਖੁਸ਼ੀ ਨਾਲ ਸਵੀਕਾਰ ਕਰ ਲੈਂਦੇ ਸਨ। ਆਪਣਾ ਜੀਵਨ ਦੇਸ ਅਤੇ ਲੋਕਾਂ ਦੇ ਲੇਖੇ ਲਾਉਣ ਵਾਲੀ ਇਹ ਮਹਾਨ ਦੇਸ਼ ਭਗਤ ਤੇ ਲੋਕਾਂ ਦੀ ਹਮਦਰਦ ਸੁਸ਼ੀਲਾ ਚੈਨ ਤ੍ਰੇਹਨ 28 ਸਤੰਬਰ 2011 ਨੂੰ ਇਸ ਜਹਾਨ ਤੋਂ ਸਦਾ ਲਈ ਕੂਚ ਕਰ ਗਈ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(5097)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: This email address is being protected from spambots. You need JavaScript enabled to view it.