“ਭਾਈ ਪ੍ਰਮਾਤਮਾ ਨੇ ਸਾਰੇ ਇਨਸਾਨਾਂ ਨੂੰ ਇੱਕੋ ਜਿਹਾ ਬਣਾਇਆ ਹੈ, ਸਾਰੇ ਹੀ ਉਸਦੇ ...”
(14 ਮਾਰਚ 2025)
ਜਸਟਿਨ ਟਰੂਡੋ ਕੈਨੇਡਾ ਦੇ ਪ੍ਰਾਈਮ ਮਨਿਸਟਰ ਵਜੋਂ ਆਪਣੀਆਂ ਜ਼ਿੰਮੇਵਾਰੀਆਂ ਤੋਂ ਮੁਕਤ ਹੋ ਗਏ ਹਨ।
ਅੱਜ ਮਾਰਕ ਕਾਰਨੀ ਨੇ ਕੈਨੇਡਾ ਦੇ ਨਵੇਂ ਪ੍ਰਾਈਮ ਮਨਿਸਟਰ ਵਜੋਂ ਸਹੁੰ ਚੁੱਕ ਲਈ ਹੈ।
* * *
ਕਹਾਣੀ: ਬੇਹੀ ਰੋਟੀ
ਮੈਂ ਦਰਵਾਜੇ ਮੋਹਰੇ ਖੜ੍ਹਾ ਦੁੱਧ ਵਾਲੇ ਦੀ ਉਡੀਕ ਕਰ ਰਿਹਾ ਸੀ ਕਿ ਦੁੱਧ ਵਾਲਾ ਆਵੇ ਤਾਂ ਚਾਹ ਬਣਾਵਾਂ, ਕਿਉਂਕਿ ਰਾਤ ਦਾ ਲਿਆ ਹੋਇਆ ਦੁੱਧ ਖਰਾਬ ਹੋ ਗਿਆ ਸੀ। ਦੁੱਧ ਵਾਲਾ ਅਜੇ ਨਹੀਂ ਆਇਆ ਸੀ, ਪ੍ਰੰਤੂ ਮੈਨੂੰ ਇੱਕ ਪਤਲੂ ਜਿਹਾ ਲੜਕਾ ਦਿਖਾਈ ਦਿੱਤਾ, ਜੋ ਉਮਰ ਵਿੱਚ ਚੌਦਾਂ ਕੁ ਸਾਲ ਦਾ ਜਾਪਦਾ ਸੀ। ਉਸਦਾ ਰੰਗ ਕਾਲਾ, ਸਿਰ ਮੁੰਨਿਆ ਹੋਇਆ, ਪੈਰਾਂ ਤੋਂ ਨੰਗਾ, ਭਾਵ ਉਸਦੀ ਗਰੀਬੀ ਦਾ ਲਾਇਸੰਸ ਦੂਰੋਂ ਹੀ ਦਿਸ ਰਿਹਾ ਸੀ। ਉਹ ਕਾਹਲੀ ਕਾਹਲੀ ਤੁਰਿਆ ਆਇਆ ਤੇ ਇੱਕ ਕੂੜੇ ਦੇ ਢੇਰ ਕੋਲ ਬੈਠ ਕੇ ਕੂੜਾ ਫਰੋਲਣ ਲੱਗ ਪਿਆ। ਕੂੜੇ ਵਿੱਚੋਂ ਉਸਨੇ ਇੱਕ ਕਾਗ਼ਜ ਹੀ ਚੁੱਕਿਆ ਤੇ ਖੜ੍ਹਾ ਹੋ ਗਿਆ। ਉਸ ਨੂੰ ਕੂੜੇ ਵਿੱਚੋਂ ਹੋਰ ਕੋਈ ਚੀਜ਼ ਨਹੀਂ ਲੱਭੀ ਜੋ ਉਸਦੇ ਕੰਮ ਦੀ ਹੋਵੇ। ਲੜਕੇ ਨੇ ਉਹ ਕਾਗ਼ਜ ਫਰੋਲਿਆ ਤਾਂ ਉਸ ਵਿੱਚ ਦੋ ਬਰੈੱਡ ਦੇ ਪੀਸ ਸਨ। ਉਸਨੇ ਉਹ ਕੱਢ ਲਏ ਤੇ ਖਾਣ ਲੱਗ ਪਿਆ। ਬਰੈੱਡ ਖਾਂਦਾ ਖਾਂਦਾ ਉਹ ਮੇਰੇ ਕੋਲ ਦੀ ਲੰਘਣ ਲੱਗਾ ਤਾਂ ਮੈਨੂੰ ਉਸਦੇ ਬਰੈੱਡ ਖਾਣ ਦੀ ਕਰੜ ਕਰੜ ਸੁਣਾਈ ਦਿੱਤੀ, ਜਿਸ ਤੋਂ ਸਪਸ਼ਟ ਹੋ ਗਿਆ ਕਿ ਇਹ ਪੀਸ ਕਈ ਦਿਨਾਂ ਦੇ ਹੋਣਗੇ ਜੋ ਸੁੱਕ ਗਏ ਹੋਣਗੇ। ਉਸ ਲੜਕੇ ਨੂੰ ਸ਼ਾਇਦ ਇਹ ਪਤਾ ਵੀ ਨਹੀਂ ਸੀ ਕਿ ਮੈਂ ਉਸ ਨੂੰ ਗਹੁ ਨਾਲ ਤਕ ਰਿਹਾ ਸੀ, ਕਿਉਂਕਿ ਉਸਦੀ ਨਿਗਾਹ ਤਾਂ ਬੱਸ ਗਲੀ ਜਾਂ ਉਸਦੇ ਆਸ ਪਾਸ ਖਿੰਡੇ ਹੋਏ ਕੂੜੇ ਵੱਲ ਹੀ ਸੀ, ਜਿਸ ਵਿੱਚੋਂ ਉਸ ਨੂੰ ਕੁਝ ਹੋਰ ਮਿਲਣ ਦੀ ਆਸ ਸੀ। ਉਸ ਲੜਕੇ ਨੂੰ ਦੇਖਦਿਆਂ ਦੇਖਦਿਆਂ ਮੈਂ ਆਪਣੇ ਦੇਸ਼ ਦੇ ਹਾਲਾਤ ਬਾਰੇ ਸੋਚਣ ਲੱਗ ਪਿਆ ਕਿ ਇੱਕ ਪਾਸੇ ਉਹ ਲੋਕ ਹਨ, ਜੋ ਇੱਕ ਇੱਕ ਡੰਗ ਦੇ ਖਾਣੇ ’ਤੇ ਹਜ਼ਾਰਾਂ ਰੁਪਏ ਖ਼ਰਚ ਕਰ ਦਿੰਦੇ ਹਨ ਅਤੇ ਇੱਕ ਪਾਸੇ ਅਜਿਹੇ ਬਦਕਿਸਮਤ ਬੱਚੇ ਵੀ ਹਨ, ਜੋ ਕੂੜੇ ਦੇ ਢੇਰ ਵਿੱਚੋਂ ਸੁੱਕੇ ਹੋਏ ਬਰੈੱਡ ਦੇ ਪੀਸ ਲੱਭ ਕੇ ਖਾਂਦੇ ਹੋਏ ਰੱਬ ਦਾ ਸ਼ੁਕਰ ਕਰਦੇ ਹਨ। ਇਹ ਸੋਚ ਕੇ ਮੇਰੇ ਦਿਮਾਗ ਨੂੰ ਇੱਕ ਝਟਕਾ ਜਿਹਾ ਲੱਗਾ।
“ਓ ਕਾਕਾ, ਉਰੇ ਆ।’ ਮੈਂ ਉਸ ਲੜਕੇ ਨੂੰ ਆਵਾਜ਼ ਮਾਰੀ। ਉਹ ਝੱਟ ਮੇਰੇ ਕੋਲ ਆ ਗਿਆ। ਉਸ ਨੂੰ ਸ਼ਾਇਦ ਇਹੋ ਲੱਗਾ ਹੋਵੇਗਾ ਕਿ ਮੈਂ ਉਸ ਨੂੰ ਕੁਝ ਖਾਣ ਪੀਣ ਲਈ ਦੇਵਾਂਗਾ।
“ਤੂੰ ਇਹੋ ਜਿਹੇ ਪੀਸ ਖਾ ਕੇ ਬਿਮਾਰ ਨਹੀਂ ਹੋਵੇਂਗਾ?” ਮੈਂ ਉਸ ਨੂੰ ਸਵਾਲ ਕੀਤਾ।
“ਹੋਰ ਕੀ ਕਰੀਏ ਅੰਕਲ, ਭੁੱਖ ਲੱਗੀ ਸੀ, ਢਿੱਡ ਤਾਂ ਭਰਨਾ ਈ ਐ।” ਤਰਸਯੋਗ ਲਹਿਜੇ ਵਿੱਚ ਉਸਨੇ ਆਪਣੀ ਮਜਬੂਰੀ ਕਹਿ ਸੁਣਾਈ।
“ਆਹ ਤੇਰੀ ਬੋਰੀ ਵਿੱਚ ਕੀ ਐ?” ਉਸਦੇ ਮੋਢੇ ਰੱਖੀ ਬੋਰੀ ਵੱਲ ਇਸ਼ਾਰਾ ਕਰਦਿਆਂ ਮੈਂ ਅਗਲਾ ਸਵਾਲ ਕੀਤਾ।
“ਇਹਦੇ ਵਿੱਚ ਜੀ ਟੁੱਟੀਆਂ ਫੁੱਟੀਆਂ ਸੀਸ਼ੀਆਂ, ਟੁੱਟੀਆਂ ਚੱਪਲਾਂ, ਕਾਗਜ਼ ਅਤੇ ਹੋਰ ਇਹੋ ਜਿਹਾ ਸਾਮਾਨ ਹੈ, ਜੋ ਮੈਂ ਕੁੜੇ ਵਿੱਚੋਂ ਲੱਭਿਆ ਹੈ। ਮੈਂ ਇਸ ਨੂੰ ਕੁਆੜੀਆਂ ਕੋਲ ਵੇਚ ਕੇ ਪੈਸੇ ਕਮਾ ਲਵਾਂਗਾ।” ਉਸਨੇ ਹੌਸਲੇ ਵਿੱਚ ਇਉਂ ਉੱਤਰ ਦਿੱਤਾ ਜਿਵੇਂ ਉਸਦਾ ਅੱਜ ਦਾ ਦਿਨ ਸਫ਼ਲ ਹੋ ਗਿਆ ਹੋਵੇ।
“ਇਹੋ ਜਿਹਾ ਸਾਮਾਨ ਵੇਚ ਕੇ ਸਾਰੇ ਦਿਨ ਵਿੱਚ ਕਿੰਨੇ ਕੁ ਪੈਸੇ ਕਮਾ ਲਵੇਂਗਾ।” ਮੈਂ ਪੁੱਛਿਆ।
“ਪੰਜਾਹ ਸੱਠ ਰੁਪਏ ਤਾਂ ਆਥਣ ਤਕ ਬਣ ਹੀ ਜਾਣਗੇ ਅੰਕਲ।” ਉਸਨੇ ਜਵਾਬ ਦਿੱਤਾ।
“ਇਸ ਨਾਲੋਂ ਜੇ ਮਜ਼ਦੂਰੀ ਕਰ ਲਵੇਂ ਤਾਂ ਦਿਹਾੜੀ ਡੇਢ ਸੌ ਰੁਪਏ ਮਿਲ ਜਾਊਗੀ, ਦੋ ਟਾਈਮ ਰੋਟੀ ਤਾਂ ਰੱਜ ਕੇ ਖਾ ਲਵੇਂਗਾ।”
ਮੇਰੀ ਇਹ ਗੱਲ ਸੁਣ ਕੇ ਉਸਨੇ ਹਉਕਾ ਜਿਹਾ ਲਿਆ ਤੇ ਕਹਿਣ ਲੱਗਾ, “ਅੰਕਲ, ਦੋ ਤਿੰਨ ਦਿਨ ਪੁਲ ’ਤੇ ਗਿਆ ਸੀ, ਜਿੱਥੇ ਸਵੇਰੇ ਸਵੇਰੇ ਮਜ਼ਦੂਰ ਇਕੱਠੇ ਹੁੰਦੇ ਨੇ। ਉੱਥੇ ਠੇਕੇਦਾਰ ਮਿਸਤਰੀ ਤੇ ਹੋਰ, ਜਿਨ੍ਹਾਂ ਲੋਕਾਂ ਨੂੰ ਮਜ਼ਦੂਰ ਦੀ ਲੋੜ ਹੁੰਦੀ ਹੈ, ਆਉਂਦੇ ਨੇ ਅਤੇ ਮਜ਼ਦੂਰਾਂ ਨੂੰ ਲੈ ਜਾਂਦੇ ਨੇ। ਮੈਂ ਵੀ ਦੋ ਤਿੰਨ ਦਿਨ ਉੱਥੇ ਜਾ ਕੇ ਖੜ੍ਹ ਗਿਆ, ਉੱਥੇ ਜਿਹੜਾ ਵੀ ਆਉਂਦਾ ਤਕੜੇ ਤਕੜੇ ਬੰਦਿਆਂ ਨੂੰ ਛਾਂਟ ਕੇ ਲੈ ਜਾਂਦਾ ਸੀ ਮੈਂ ਅਤੇ ਮੇਰੇ ਵਰਗੇ ਹੋਰ ਕਮਜ਼ੋਰ ਜਿਹੇ ਜੁਆਕ ਹੀ ਰਹਿ ਜਾਂਦੇ ਸਾਂ। ਜੇ ਇੱਕ ਆਦਮੀ ਸਾਨੂੰ ਮਜ਼ਦੂਰੀ ’ਤੇ ਲਿਜਾਣ ਦੀ ਗੱਲ ਕਰਦਾ ਤਾਂ ਉਸਦੇ ਨਾਲ ਦਾ ਹੀ ਕਹਿ ਦਿੰਦਾ, - ਇਹਨਾਂ ਜੁਆਕਾਂ ਤੋਂ ਕੰਮ ਨੀ ਹੋਣਾ, ਛੱਡ ਪਰੇ ਹੋਰ ਦੇਖਦੇ ਆਂ। - ਇਹ ਬੋਲ ਸਾਡੇ ਡਾਂਗ ਵਾਂਗ ਵੱਜਦੇ ਪਰ ਅਸੀਂ ਕਹਿ ਕੁਛ ਨੀ ਸੀ ਸਕਦੇ। ਸਬਰ ਕਰਕੇ ਚੁੱਪ ਕਰ ਜਾਂਦੇ ਸੀ। ਅਸੀਂ ਅੰਕਲ ਕੰਮ ਤਾਂ ਬਹੁਤ ਕਰ ਸਕਦੇ ਆਂ ਪਰ ਸਾਨੂੰ ਕੋਈ ਲੈ ਕੇ ਈ ਨੀ ਜਾਂਦਾ, ਤੁਸੀਂ ਦੱਸ ਦਿਓ ਜੇ ਥੋਡੇ ਕੋਲ ਕੋਈ ਕੰਮ ਹੈ।”
ਇਸ ਤਰ੍ਹਾਂ ਆਪਣੀ ਮਜਬੂਰੀ ਬਿਆਨਦਿਆਂ ਉਸ ਲੜਕੇ ਨੇ ਇਉਂ ਨੀਵੀਂ ਪਾ ਲਈ ਜਿਵੇਂ ਉਸ ਨੂੰ ਬਹੁਤ ਸ਼ਰਮ ਆ ਰਹੀ ਹੋਵੇ। ਮੈਨੂੰ ਇਉਂ ਲੱਗਾ ਜਿਵੇਂ ਥੱਲੇ ਵੱਲ ਝਾਕਦਿਆਂ ਉਹ ਆਪਣੇ ਪੈਰਾਂ ਨੂੰ ਵੇਖ ਕੇ ਝੂਰ ਰਿਹਾ ਹੋਵੇ, ਜਿਸ ਤੋਂ ਉਹ ਆਪਣੇ ਮਾੜਚੂ ਸਰੀਰ ਦਾ ਅੰਦਾਜ਼ਾ ਲਾ ਸਕਦਾ ਹੈ।
ਮੈਨੂੰ ਉਸ ਲੜਕੇ ਦੀਆਂ ਗੱਲਾਂ ਸੁਣ ਕੇ ਆਪਣੇ ਦੇਸ਼ ਦੀਆਂ ਨੀਤੀਆਂ, ਪਾਲਿਸੀਆਂ ਤੇ ਗੁੱਸਾ ਆਇਆ ਕਿ ਜਿਹੜੇ ਬੱਚਿਆਂ ਨੂੰ ਦੇਸ਼ ਦਾ ਭਵਿੱਖ ਕਿਹਾ ਜਾਂਦਾ ਹੈ, ਉਨ੍ਹਾਂ ਦੀ ਹਾਲਤ ਇਹ ਹੈ ਕਿ ਉਹ ਪਸ਼ੂਆਂ ਵਾਂਗ ਕੂੜੇ ਵਿੱਚੋਂ ਖਾਣ ਵਾਸਤੇ ਕੁਝ ਲੱਭ ਰਹੇ ਹਨ। ਕੰਮਕਾਰ ’ਤੇ ਉਨ੍ਹਾਂ ਨੂੰ ਕੋਈ ਲੈ ਕੇ ਨਹੀਂ ਜਾਂਦਾ, ਪੜ੍ਹਾਈ ਜਾਂ ਲੀੜੇ ਕੱਪੜੇ ਦਾ ਖਰਚਾ ਉਨ੍ਹਾਂ ਦੇ ਵੱਸ ਵਿੱਚ ਨਹੀਂ ਹੈ। ਦੂਜੇ ਦੇਸ਼ਾਂ ਤੋਂ ਹੋ ਕੇ ਆਏ ਲੋਕ ਦੱਸਦੇ ਹਨ ਕਿ ਉੱਥੇ ਬੱਚੇ ਦੇ ਜਨਮ, ਪਾਲਣ ਪੋਸਣ, ਪੜ੍ਹਾਉਣ ਅਤੇ ਦਵਾਈ ਬੂਟੀ ਦਾ ਸਾਰਾ ਖ਼ਰਚਾ ਸਰਕਾਰ ਕਰਦੀ ਹੈ। ਮੈਨੂੰ ਸਾਡੇ ਅਧਿਆਪਕ ਵੇਦ ਪ੍ਰਕਾਸ਼ ਨੇ ਇੱਕ ਵਾਰ ਦੱਸਿਆ ਸੀ ਕਿ ਉਹਨਾਂ ਦੀ ਭਤੀਜੀ ਵਿਆਹ ਕਰਵਾ ਕੇ ਨਿਊਜ਼ੀਲੈਂਡ ਗਈ ਸੀ ਅਤੇ ਜਦੋਂ ਦੋ ਸਾਲ ਬਾਅਦ ਉਹ ਦੋ ਮਹੀਨੇ ਲਈ ਆਈ ਤਾਂ ਉਸਦੀ ਗੋਦ ਵਿੱਚ ਤਿੰਨ ਕੁ ਮਹੀਨੇ ਦਾ ਬੱਚਾ ਸੀ। ਇੱਥੇ ਆ ਕੇ ਉਹਨਾਂ ਆਪਣਾ ਵੀਜ਼ਾ ਦੋ ਕੁ ਮਹੀਨੇ ਹੋਰ ਵਧਾਉਣਾ ਚਾਹਿਆ ਤਾਂ ਉਸਨੇ ਨਿਊਜ਼ੀਲੈਂਡ ਦੀ ਅੰਬੈਸੀ ਨਾਲ ਸੰਪਰਕ ਕੀਤਾ, ਜਿੱਥੋਂ ਉਸ ਨੂੰ ਕਿਹਾ ਗਿਆ ਕਿ ਤੁਹਾਡਾ ਤਾਂ ਵੀਜ਼ਾ ਵਧਾਇਆ ਜਾ ਸਕਦਾ ਹੈ ਪਰ ਬੱਚੇ ਦਾ ਨਹੀਂ ਵਧਾਇਆ ਜਾ ਸਕਦਾ। ਉਹ ਨਿਊਜ਼ੀਲੈਂਡ ਦਾ ਵਸਨੀਕ ਹੈ, ਉਸਦੀ ਸਿਹਤ ਦੀ ਜ਼ਿੰਮੇਵਾਰੀ ਉਹਨਾਂ ਦੇ ਦੇਸ਼ ਨਿਊਜ਼ੀਲੈਂਡ ਦੀ ਹੈ। ਮੈਂ ਸੋਚ ਰਿਹਾ ਸੀ ਕਿ ਇੱਕ ਪਾਸੇ ਉਹਨਾਂ ਦੇਸ਼ਾਂ ਦੀਆਂ ਪਾਲਿਸੀਆਂ ਹਨ, ਬੱਚੇ ਦਾ ਕਿੰਨਾ ਖਿਆਲ ਰੱਖਿਆ ਜਾਂਦਾ ਹੈ, ਇੱਕ ਪਾਸੇ ਸਾਡੇ ਦੇਸ਼ ਦੇ ਬੱਚੇ ਗੰਦ ਵਿੱਚੋਂ ਲੱਭ ਕੇ ਕੁਝ ਖਾਣ ਲਈ ਮਜਬੂਰ ਨੇ। ਮੈਨੂੰ ਉਸ ਲੜਕੇ ’ਤੇ ਤਰਸ ਆਇਆ ਤੇ ਮੈਂ ਉਸ ਨੂੰ ਕਿਹਾ ਕਿ ਤੂੰ ਰੋਟੀ ਵੇਲੇ ਆ ਜਾਵੀਂ ਤੇ ਮੇਰੇ ਕੋਲ ਰੋਟੀ ਖਾ ਲਵੀਂ।
“ਰੋਟੀ ਵੇਲਾ ਕਿਹੜਾ ਹੁੰਦਾ ਹੈ ਅੰਕਲ?” ਉਸਨੇ ਮੇਰੇ ਤੇ ਸਵਾਲ ਕੀਤਾ।
“ਤੈਨੂੰ ਰੋਟੀ ਵੇਲੇ ਦਾ ਵੀ ਪਤਾ ਨੀ?” ਮੈਂ ਉਸ ਨੂੰ ਮੋੜਵਾਂ ਸਵਾਲ ਕਰ ਦਿੱਤਾ।
‘ਨਹੀਂ ਜੀ, ਮੈਨੂੰ ਨੀ ਪਤਾ, ਸਾਨੂੰ ਤਾਂ ਗਰੀਬਾਂ ਨੂੰ ਜਦੋਂ ਰੋਟੀ ਮਿਲ ਜੇ, ਉਹੀ ਰੋਟੀ ਵੇਲਾ ਹੁੰਦਾ ਹੈ ਤੇ ਉਦੋਂ ਈ ਖਾ ਲਈਦੀ ਐ।” ਉਸਦੇ ਇਸ ਜਵਾਬ ਨੇ ਮੈਨੂੰ ਹਲੂਣ ਕੇ ਰੱਖ ਦਿੱਤਾ।
“ਚੰਗਾ, ਦੋ ਕੁ ਘੰਟਿਆਂ ਤਕ ਆ ਜਾਵੀਂ।” ਮੈਂ ਉਸਨੁੰ ਕਿਹਾ।
“ਠੀਕ ਐ ਅੰਕਲ, ਪਰ ਜੇ ਮੈਂ ਦੂਰ ਚਲਿਆ ਗਿਆ, ਫਿਰ ਤਾਂ ਨੀ ਆਇਆ ਜਾਣਾ।” ਉਸਨੇ ਆਪਣੀ ਮਜਬੂਰੀ ਵੀ ਜਵਾਬ ਦੇ ਨਾਲ ਹੀ ਬਿਆਨ ਕਰ ਦਿੱਤੀ।
“ਚੰਗਾ ਐਥੇ ਖੜ੍ਹ, ਮੈਂ ਤੈਨੂੰ ਹੁਣੇ ਰੋਟੀ ਲਿਆ ਕੇ ਦਿੰਦਾ ਹਾਂ। ਭਾਵੇਂ ਹੈ ਤਾਂ ਰਾਤ ਦੀ ਪਕਾਈ ਹੋਈ ਬੇਹੀ ਰੋਟੀ, ਪਰ ਜਿਹੜੇ ਬਰੈੱਡ ਤੂੰ ਖਾਧੇ ਐ, ਉਹਨਾਂ ਨਾਲੋਂ ਤਾਂ ਚੰਗੀ ਹੀ ਹੈ।” ਮੈਂ ਉਸਦੀ ਮਜਬੂਰੀ ਦੇਖਦਿਆਂ ਉਸਦੀ ਭੁੱਖ ਮਿਟਾਉਣ ਦਾ ਉੱਦਮ ਜਿਹਾ ਕੀਤਾ।
ਮੈਂ ਅੰਦਰ ਗਿਆ ਰਾਤ ਦੀਆਂ ਬਚੀਆਂ ਹੋਈ ਤਿੰਨ ਰੋਟੀਆਂ ਅੰਬ ਦੇ ਆਚਾਰ ਨਾਲ ਲਿਆ ਕੇ ਉਸ ਨੂੰ ਫੜਾ ਦਿੱਤੀਆਂ। ਉਹ ਰੋਟੀਆਂ ਫੜ ਕੇ ਉੱਥੇ ਹੀ ਬੈਠ ਗਿਆ ਅਤੇ ਉਹ ਰੋਟੀਆਂ ਅਚਾਰ ਨਾਲ ਇਉਂ ਖਾ ਰਿਹਾ ਸੀ, ਜਿਵੇਂ ਛੱਤੀ ਪ੍ਰਕਾਰ ਦਾ ਭੋਜਨ ਹੋਵੇ। ਉਸਨੇ ਰੋਟੀਆਂ ਖਾ ਕੇ ਡਕਾਰ ਲਿਆ ਤੇ ਉੱਠਣ ਲੱਗਾ। ਮੈਂ ਉਸ ਨੂੰ ਪਾਣੀ ਪੁੱਛਿਆ ਤਾਂ ਉਸਨੇ ਹਾਂ ਵਿੱਚ ਸਿਰ ਹਿਲਾਇਆ। ਮੈਂ ਉਸ ਨੂੰ ਪਾਣੀ ਪਿਲਾ ਦਿੱਤਾ। ਮੈਨੂੰ ਇਉਂ ਜਾਪਿਆ ਜਿਵੇਂ ਉਹ ਰੋਟੀ ਖਾ ਕੇ ਪੂਰਾ ਸੰਤੁਸ਼ਟ ਹੋ ਗਿਆ ਹੋਵੇ ਅਤੇ ਮੈਨੂੰ ਵੀ ਐਨੀ ਸੰਤੁਸ਼ਟੀ ਮਿਲੀ, ਜਿੰਨੀ ਕਦੇ ਮੈਨੂੰ ਧਾਰਮਿਕ ਥਾਂਵਾਂ ’ਤੇ ਮੱਥਾ ਰਗੜ ਕੇ ਵੀ ਨਹੀਂ ਸੀ ਮਿਲੀ। ਮੈਂ ਉਸ ਨੂੰ ਕਿਹਾ ਕਿ ਕਾਕਾ ਮੈਂ ਤਾਂ ਭਾਈ ਆਪ ਬੇਰੁਜ਼ਗਾਰ ਹਾਂ, ਜੇਕਰ ਮੇਰੀ ਕੋਈ ਫੈਕਟਰੀ ਵਗੈਰਾ ਹੁੰਦੀ ਤਾਂ ਤੈਨੂੰ ਕੰਮ ’ਤੇ ਵੀ ਲਾ ਲੈਂਦਾ।
“ਅੰਕਲ ਰੱਬ ਥੋਨੂੰ ਫੈਕਟਰੀ ਵਾਲਾ ਬਣਾ ਦੇਵੇ, ਪਰ ਉਹ ਥੋਡੇ ਵਰਗਿਆਂ ਨੂੰ ਪਤਾ ਨੀ ਕਿਉਂ ਨੀ ਫੈਕਟਰੀਆਂ ਵਾਲੇ ਬਣਾਉਂਦਾ, ਉਹ ਤਾਂ ਉਹਨਾਂ ਨੂੰ ਬਣਾਉਂਦੈ, ਜੋ ਸਾਡੇ ਵਰਗੇ ਗਰੀਬਾਂ ਨੂੰ ਬੇਹੀ ਰੋਟੀ ਤਾਂ ਕੀ, ਦਰਵਾਜੇ ਮੋਹਰੇ ਖੜ੍ਹਨ ਵੀ ਨੀ ਦਿੰਦੇ।” ਇਸ ਤਰ੍ਹਾਂ ਅਸੀਸਾਂ ਦਿੰਦਾ ਉਹ ਅੱਗੇ ਤੁਰ ਗਿਆ। ਮੈਂ ਉਸ ਨੂੰ ਦੇਖਦਾ ਰਿਹਾ ਤੇ ਉਹ ਗਲੀ ਦੇ ਮੋੜ ’ਤੇ ਪਏ ਇੱਕ ਕੂੜੇ ਦੇ ਢੇਰ ਕੋਲ ਬੈਠ ਕੇ ਕੂੜਾ ਫਰੋਲਣ ਲੱਗ ਗਿਆ।
ਇੰਨੇ ਨੂੰ ਦੁੱਧ ਵਾਲਾ ਵੀ ਆ ਗਿਆ, ਮੈਂ ਦੁੱਧ ਪੁਆ ਕੇ ਅੰਦਰ ਗਿਆ। ਚਾਹ ਬਣਾ ਕੇ ਪੀਤੀ ਅਤੇ ਤਿਆਰ ਹੋ ਕੇ ਇੰਟਰਵਿਊ ਦੇਣ ਲਈ ਚੱਲ ਪਿਆ। ਖਿਆਲ ਆਇਆ ਕਿ ਜਾਂਦਾ ਜਾਂਦਾ ਗੁਰੂ ਘਰ ਵੀ ਹਾਜ਼ਰੀ ਲੁਆ ਹੀ ਜਾਵਾਂ। ਮੈਂ ਗੁਰਦੁਆਰਾ ਸਾਹਿਬ ਵਿੱਚ ਮੱਥਾ ਟੇਕਿਆ ਅਤੇ ਇੱਕ ਪਾਸੇ ਕੁਝ ਮਿੰਟ ਹਾਜ਼ਰੀ ਭਰਨ ਲਈ ਬੈਠ ਗਿਆ। ਗ੍ਰੰਥੀ ਸਿੰਘ ਕਥਾ ਕਰ ਰਿਹਾ ਸੀ, “ਇਸ ਸੰਸਾਰ ’ਤੇ ਭਾਈ ਚੁਰਾਸੀ ਲੱਖ ਜੂਨਾਂ ਹਨ, ਜਿਨ੍ਹਾਂ ਵਿੱਚੋਂ ਬਿਆਲੀ ਲੱਖ ਧਰਤੀ ’ਤੇ ਹਨ ਅਤੇ ਬਿਆਲੀ ਲੱਖ ਹੀ ਪਾਣੀ ਵਿੱਚ ਹਨ। ਭਾਵੇਂ ਹਰ ਜੀਵ ਪੰਛੀ ਪਸ਼ੂ ਨੂੰ ਆਪਣੀ ਆਪਣੀ ਜੂਨ ਹੀ ਚੰਗੀ ਲਗਦੀ ਹੈ, ਪਰ ਪ੍ਰਮਾਤਮਾ ਨੇ ਸਭ ਤੋਂ ਚੰਗੀ ਜੂਨ ਇਨਸਾਨ ਦੀ ਬਣਾਈ ਹੈ, ਜਿਸ ਨੂੰ ਚੰਗੀ ਅਕਲ ਦਿੱਤੀ ਹੈ। ਲੀੜਾ ਕੱਪੜਾ ਪਾਉਣ ਦਾ ਢੰਗ ਤਰੀਕਾ ਸਮਝਾਇਆ ਹੈ। ਖਾਣ ਪੀਣ ਅਤੇ ਰਹਿਣ ਸਹਿਣ ਦਾ ਤੌਰ ਤਰੀਕਾ ਦੱਸਿਆ ਹੈ।”
ਫਿਰ ਗ੍ਰੰਥੀ ਸਿੰਘ ਨੇ ਦੋ ਤੁਕਾਂ ਹੋਰ ਪੜ੍ਹੀਆਂ ਅਤੇ ਉਹਨਾਂ ਦੇ ਅਰਥ ਸਮਝਾਉਂਦਿਆਂ ਕਹਿਣ ਲੱਗਾ, “ਭਾਈ ਪ੍ਰਮਾਤਮਾ ਨੇ ਸਾਰੇ ਇਨਸਾਨਾਂ ਨੂੰ ਇੱਕੋ ਜਿਹਾ ਬਣਾਇਆ ਹੈ, ਸਾਰੇ ਹੀ ਉਸਦੇ ਆਪਣੇ ਹਨ ਅਤੇ ਸਭ ਨੂੰ ਹੀ ਉਹ ਰਿਜਕ ਦਿੰਦਾ ਹੈ। ...”
ਇਹ ਸੁਣ ਕੇ ਮੈਂ ਸੋਚਣ ਲੱਗਾ ਕਿ ਸਭ ਇਨਸਾਨ ਇੱਕੋ ਜਿਹੇ ਬਣਾਏ ਹਨ, ਸਭ ਨੂੰ ਅਕਲ ਤੇ ਰਹਿਣ ਸਹਿਣ ਖਾਣ ਪੀਣ ਦਾ ਤੌਰ ਤਰੀਕਾ ਦੱਸਿਆ ਹੈ ਤਾਂ ਫਿਰ ਉਹ ਇਨਸਾਨ ਕੂੜੇ ਦੇ ਢੇਰ ਵਿੱਚੋਂ ਕਿਉਂ ਖਾਣ ਵਾਲੀ ਚੀਜ਼ ਲੱਭ ਲੱਭ ਕੇ ਖਾ ਰਿਹਾ ਹੈ ਅਤੇ ਇੱਕ ਪਾਸੇ ਅਜਿਹੇ ਇਨਸਾਨ ਹਨ, ਜਿਨ੍ਹਾਂ ਵੱਲੋਂ ਪੰਜ ਤਾਰਾ ਹੋਟਲਾਂ ਵਿੱਚ ਇੱਕ ਡੰਗ ਦੇ ਖਾਣੇ ’ਤੇ ਹਜ਼ਾਰਾਂ ਰੁਪਏ ਖਰਚੇ ਜਾ ਰਹੇ ਹਨ। ਕੀ ਪ੍ਰਮਾਤਮਾ ਦੇ ਇਹ ਇੱਕੋ ਜਿਹੇ ਬਣਾਏ ਇਨਸਾਨ ਹਨ? ਨਹੀਂ! ਰੱਬ ਵੀ ਵਿਤਕਰਾ ਕਰ ਰਿਹਾ ਹੈ ਅਤੇ ਅਮੀਰ ਲੋਕ ਗਰੀਬਾਂ ਨੂੰ ਉਹਨਾਂ ਦੇ ਕਰਮਾਂ ਦਾ ਫਲ ਕਹਿਕੇ ਗੁਮਰਾਹ ਕਰ ਰਹੇ ਹਨ। ਹੁਣ ਮੈਨੂੰ ਪਤਾ ਨਹੀਂ ਸੀ ਲੱਗ ਰਿਹਾ ਕਿ ਭਾਈ ਜੀ ਕੀ ਬੋਲ ਰਹੇ ਹਨ, ਮੈਂ ਖੜ੍ਹਾ ਹੋਇਆ ਤੇ ਜੁੱਤੇ ਪਾ ਕੇ ਚੱਕਵੇਂ ਪੈਰੀਂ ਬੱਸ ਅੱਡੇ ਵੱਲ ਤੁਰ ਪਿਆ।
* * * * *
ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: (