“ਹੁਣ ਸਵਾਲ ਉੱਠਦਾ ਹੈ ਕਿ ਸਰਕਾਰਾਂ ਅਜਿਹਾ ਕਿਉਂ ਕਰ ਰਹੀਆਂ ਹਨ? ਉਹ ਕਾਨੂੰਨ, ਸੰਵਿਧਾਨ ਦੀਆਂ ਧੱਜੀਆਂ ...”
(12 ਮਾਰਚ 2024)
ਇਸ ਸਮੇਂ ਪਾਠਕ: 375.
ਸਰਕਾਰਾਂ ਤੇ ਰਾਜਨੀਤੀਵਾਨਾਂ ਨੂੰ ਆਪਣੇ ਫਰਜ਼ ਪਛਾਣਨੇ ਚਾਹੀਦੇ ਹਨ
ਨਿਯਮ, ਅਸੂਲ ਜੇਕਰ ਇੱਕ ਛਿਣ ਲਈ ਵੀ ਟੁੱਟ ਜਾਣ ਤਾਂ ਪੂਰਾ ਬ੍ਰਹਿਮੰਡ ਅਸਤ ਵਿਅਸਤ ਹੋ ਜਾਂਦਾ ਹੈ। ਇਹ ਇੱਕ ਕੁਦਰਤੀ ਵਰਤਾਰਾ ਹੈ। ਅਜਿਹੇ ਵਰਤਾਰੇ ਨੂੰ ਰੋਕਣ ਲਈ ਫਰਜ਼ ਪੂਰੇ ਕਰਨ ਵਾਲਾ ਲੋਕਤੰਤਰ ਜ਼ਰੂਰੀ ਹੈ। ਭਾਰਤ ਦਾ ਲੋਕਤੰਤਰ ਦੁਨੀਆਂ ਭਰ ਵਿੱਚ ਇੱਕ ਮਿਸਾਲ ਦੇ ਤੌਰ ’ਤੇ ਦੇਖਿਆ ਜਾਂਦਾ ਹੈ ਪਰ ਦੁੱਖ ਦੀ ਗੱਲ ਹੈ ਕਿ ਹੁਣ ਸਾਡੇ ਦੇਸ਼ ਵਿੱਚ ਸਰਕਾਰਾਂ ਸਿਰਫ਼ ਹਕੂਮਤ ਕਰ ਰਹੀਆਂ ਹਨ, ਰਾਜ ਪ੍ਰਬੰਧ ਨਹੀਂ ਕਰ ਰਹੀਆਂ। ਰਾਜ ਅਜਿਹੇ ਲੋਕਾਂ ਦਾ ਹੋਣਾ ਚਾਹੀਦਾ ਹੈ, ਜੋ ਦੌਲਤ ਜਾਂ ਸ਼ੁਹਰਤ ਦੀ ਬਜਾਏ ਲੋਕਾਂ ਦੇ ਕਲਿਆਣ, ਇਨਸਾਫ਼, ਸੁਰੱਖਿਆ ਅਤੇ ਧਰਮ ਨਿਰਪੱਖਤਾ ਨੂੰ ਤਰਜੀਹ ਦੇ ਕੇ ਲੋਕਾਂ ਦਾ ਵਿਸ਼ਵਾਸ ਜਿੱਤ ਲੈਣ ਅਤੇ ਲੋਕ ਭੈਅ ਮੁਕਤ ਹੋ ਕੇ ਵਿਚਰ ਸਕਣ। ਦੂਜੇ ਸ਼ਬਦਾਂ ਵਿੱਚ ਦੇਸ਼ ਦੀ ਸੁਰੱਖਿਆ ਰਾਜਨੀਤੀਵਾਨਾਂ ਤੇ ਹਾਕਮਾਂ ਦੀ ਸੋਚ ’ਤੇ ਨਿਰਭਰ ਹੁੰਦੀ ਹੈ। ਜੇ ਵਿਚਾਰ ਕਰੀਏ ਤਾਂ ਦੁੱਖ ਹੁੰਦਾ ਹੈ ਕਿ ਅੱਜ ਸਾਡੇ ਦੇਸ਼ ਵਿੱਚ ਚੰਗੇ ਲੋਕਤੰਤਰ ਵਾਲੇ ਗੁਣ ਵਿਖਾਈ ਨਹੀਂ ਦੇ ਰਹੇ। ਇਸ ਗਿਰਾਵਟ ਦਾ ਅਸਲ ਕਾਰਨ ਇਹੋ ਹੈ ਕਿ ਰਾਜਨੀਤੀ ਵਿੱਚ ਅਪਰਾਧੀ ਲੋਕ ਸ਼ਾਮਲ ਹੋ ਗਏ ਹਨ।
ਦੁਨੀਆਂ ਭਰ ਵਿੱਚੋਂ ਲੋਕ ਇੱਥੋਂ ਦੇ ਸੱਭਿਆਚਾਰ ਤੇ ਰਾਜ ਪ੍ਰਬੰਧ ਵੇਖਣ ਪਰਖਣ ਲਈ ਪਹੁੰਚਦੇ ਰਹੇ ਹਨ ਤੇ ਸੁਲਾਹੁੰਦੇ ਰਹੇ ਹਨ। ਪਰ ਹੁਣ ਦੇ ਹਾਲਾਤ ਨਿਰਾਸ਼ਾ ਕਰਨ ਵਾਲੇ ਹਨ ਜਿਹਨਾਂ ਨੇ ਭਾਰਤ ਦਾ ਸਮੁੱਚੀ ਦੁਨੀਆਂ ਮੋਹਰੇ ਸਿਰ ਨੀਵਾਂ ਕਰ ਦਿੱਤਾ ਹੈ। ਕਈ ਸਾਲਾਂ ਤੋਂ ਬ੍ਰਾਜ਼ੀਲ ਦੀ ਇੱਕ ਸਪੈਨਿਸ਼ ਔਰਤ ਫਰਨੈਂਡਾ ਤੇ ਉਸਦਾ ਪਤੀ ਮੋਟਰ ਸਾਈਕਲ ਰਾਹੀਂ ਦੁਨੀਆਂ ਦੇ ਦੇਸ਼ਾਂ ਦੀ ਯਾਤਾਰਾ ’ਤੇ ਨਿਕਲੇ ਸਨ। ਉਹ ਕਰੀਬ ਸੱਤਰ ਦੇਸ਼ਾਂ ਵਿੱਚ ਘੁੰਮ ਕੇ ਬੀਤੇ ਦਿਨੀਂ ਭਾਰਤ ਪਹੁੰਚੇ। ਭਾਰਤੀ ਸੱਭਿਆਚਾਰ ਅਤੇ ਵਾਤਾਵਰਣ ਦਾ ਆਨੰਦ ਲੈਣ ਲਈ ਉਹ ਝਾਰਖੰਡ ਰਾਜ ਵਿੱਚ ਪਹੁੰਚੇ ਅਤੇ ਦੁਮਕਾ ਕਸਬੇ ਵਿੱਚ ਉਹਨਾਂ ਰਾਤ ਕੱਟਣ ਲਈ ਆਪਣਾ ਆਰਜ਼ੀ ਤੰਬੂ ਲਾ ਲਿਆ। ਉਹ ਆਰਾਮ ਕਰਨ ਲਈ ਤੰਬੂ ਵਿੱਚ ਬੈਠੇ ਸਨ ਤਾਂ ਉੱਥੋਂ ਦੇ ਸੱਤ ਅੱਠ ਗੁੰਡੇ ਤੰਬੂ ਵਿੱਚ ਆ ਵੜੇ ਅਤੇ ਉਹਨਾਂ ਉਸ ਯਾਤਰਾ ’ਤੇ ਆਈ ਵਿਦੇਸ਼ੀ ਔਰਤ ਨਾਲ ਸਮੂਹਿਕ ਬਲਾਤਕਾਰ ਕੀਤਾ। ਉਹ ਜਾਂ ਉਸਦਾ ਪਤੀ ਇਸ ਦਰਿੰਦਗੀ ਦਾ ਵਿਰੋਧ ਕਰਦੇ ਤਾਂ ਉਹਨਾਂ ਦੀ ਕੁੱਟਮਾਰ ਕੀਤੀ ਜਾਂਦੀ। ਜਦੋਂ ਦਰਿੰਦੇ ਆਪਣੀਆਂ ਮਨਆਈਆਂ ਕਰਕੇ ਚਲੇ ਗਏ ਤਾਂ ਉਹ ਪਤੀ ਪਤਨੀ ਸੜਕ ’ਤੇ ਨਿਕਲੇ ਤੇ ਪੁਲਿਸ ਨੂੰ ਆਪਣੀ ਹੱਡਬੀਤੀ ਦੱਸੀ। ਪੁਲਿਸ ਨੇ ਮੁਕੱਦਮਾ ਦਰਜ ਕਰ ਲਿਆ। ਪੀੜਤ ਪਤੀ ਪਤਨੀ ਨੇ ਆਪਣੇ ਨਾਲ ਬੀਤੀ ਸੋਸ਼ਲ ਮੀਡੀਆ ਦੇ ਇੰਸਟਾਗ੍ਰਾਮ ’ਤੇ ਜੱਗ ਜ਼ਾਹਰ ਕਰ ਦਿੱਤੀ। ਇੱਥੇ ਰਾਜ ਪ੍ਰਬੰਧਕਾਂ ਦੀ ਜ਼ਿੰਮੇਵਾਰੀ ਸੀ ਕਿ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕਰਕੇ ਜੇਲ੍ਹ ਵਿੱਚ ਸੁੱਟਿਆ ਜਾਂਦਾ ਅਤੇ ਪੀੜਤਾਂ ਦਾ ਇਲਾਜ ਕਰਵਾ ਕੇ ਉਹਨਾਂ ਨੂੰ ਰਾਹਤ ਪਹੁੰਚਾਈ ਜਾਂਦੀ ਤੇ ਉਹਨਾਂ ਦਾ ਵਿਸ਼ਵਾਸ ਜਿੱਤਿਆ ਜਾਂਦਾ। ਪੁਲਿਸ ਨੇ ਮੁਕੱਦਮਾ ਤਾਂ ਦਰਜ ਕਰ ਲਿਆ, ਪਰ ਪੀੜਤਾਂ ਵੱਲੋਂ ਸੋਸ਼ਲ ਮੀਡੀਆ ਇੰਸਟਾਗਰਾਮ ’ਤੇ ਪਾਈ ਉਹਨਾਂ ਦੀ ਦੁਖਦਾਈ ਘਟਨਾ ਨੂੰ ਮਿਟਾ ਦਿੱਤਾ ਗਿਆ। ਇਸ ਤਰ੍ਹਾਂ ਇਸ ਅਤੀ ਦਰਦਨਾਕ ਤੇ ਘਿਨਾਉਣੀ ਘਟਨਾ ਨੂੰ ਲੋਕਾਂ ਤੋਂ ਲੁਕਾਉਣ ਦੀ ਕੋਸ਼ਿਸ਼ ਕੀਤੀ ਗਈ।
ਭਾਰਤ ਵਿੱਚ ਇਹ ਕੋਈ ਪਹਿਲੀ ਘਟਨਾ ਨਹੀਂ ਸੀ, ਇਸ ਤੋਂ ਪਹਿਲਾਂ 31 ਦਸੰਬਰ 1994 ਨੂੰ ਅਜਿਹੀ ਇੱਕ ਘਿਨਾਉਣੀ ਘਟਨਾ ਪੰਜਾਬ ਦੇ ਸ਼ਹਿਰ ਮੁਹਾਲੀ ਵਿਖੇ ਵੀ ਵਾਪਰੀ ਸੀ। ਫਰਾਂਸ ਦੀ ਇੱਕ ਵਿਦਿਆਰਥਣ ਕੇਤੀਆ ਜਦੋਂ ਆਪਣੇ ਇੱਕ ਦੋਸਤ ਨਾਲ ਆਪਣੇ ਘਰ ਜਾ ਰਹੀ ਸੀ ਤਾਂ ਕੁਝ ਨੌਜਵਾਨਾਂ ਨੇ ਉਸਦਾ ਪਿੱਛਾ ਕੀਤਾ। ਜਦੋਂ ਉਹ ਘਰ ਪਹੁੰਚ ਗਈ ਤਾਂ ਉਹਨਾਂ ਉਸ ਨੂੰ ਘਰੋਂ ਅਗਵਾ ਕਰ ਲਿਆ ਅਤੇ ਇੱਕ ਫੈਕਟਰੀ ਦੀ ਇਮਾਰਤ ਵਿੱਚ ਲਿਜਾ ਕੇ ਉਸ ਨਾਲ ਕਥਿਤ ਤੌਰ ’ਤੇ ਬਲਾਤਕਾਰ ਕੀਤਾ ਗਿਆ ਸੀ। ਇਸ ਘਟਨਾ ਨੂੰ ਅੰਜਾਮ ਦੇਣ ਵਾਲਿਆਂ ਵਿੱਚ ਇੱਕ ਵੱਡੇ ਰਾਜਨੀਤੀਵਾਨ ਦੇ ਪਰਿਵਾਰ ਦਾ ਨੌਜਵਾਨ ਸੀ ਅਤੇ ਦੋ ਉਸਦੇ ਦੋਸਤ ਤੇ ਦੋ ਗੰਨਮੈਨਾਂ ਸਮੇਤ ਸੱਤ ਜਣੇ ਸਨ। ਇਹ ਕੇਤੀਆ ਕਾਂਡ ਬਹੁਤ ਚਰਚਾ ਵਿੱਚ ਰਿਹਾ ਸੀ। ਇਸ ਮਾਮਲੇ ਵਿੱਚ ਮੁਕੱਦਮਾ ਦਰਜ ਹੋਇਆ, ਗ੍ਰਿਫਤਾਰੀਆਂ ਵੀ ਹੋਈਆਂ। ਪਰ ਕਥਿਤ ਦੋਸ਼ੀ ਸਿਆਸੀ ਸ਼ਹਿ ਪ੍ਰਾਪਤ ਸਨ, ਉਹਨਾਂ ਕੇਤੀਆ ਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਇਸ ਉਪਰੰਤ ਉਹ ਆਪਣੀ ਜਾਨ ਬਚਾਉਣ ਲਈ ਪੜ੍ਹਾਈ ਛੱਡ ਕੇ ਆਪਣੇ ਦੇਸ਼ ਚਲੀ ਗਈ ਅਤੇ ਡਰਦੀ ਹੋਈ ਗਵਾਹੀ ਦੇਣ ਵੀ ਨਾ ਆਈ। ਇਸਦਾ ਲਾਹਾ ਦੋਸ਼ੀਆਂ ਨੂੰ ਮਿਲਿਆ ਅਤੇ ਅਦਾਲਤ ਵਿੱਚੋਂ ਉਹ ਬਰੀ ਹੋ ਗਏ।
ਇਹ ਦੋਵੇਂ ਘਟਨਾਵਾਂ ਵਿਦੇਸ਼ਾਂ ਵਿੱਚੋਂ ਇਸ ਭਾਰਤ ਮਹਾਨ ਵਿੱਚ ਆਈਆਂ ਔਰਤਾਂ ਨਾਲ ਵਾਪਰੀਆਂ ਹਨ। ਪਰ ਦੇਸ਼ ਦੀਆਂ ਔਰਤਾਂ ਕੁੜੀਆਂ ਨਾਲ ਤਾਂ ਹਰ ਦਿਨ ਹੀ ਅਜਿਹੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ। ਮਸੂਮ ਬੱਚੀਆਂ ਨਾਲ ਬਲਾਤਕਾਰ ਕਰਕੇ ਉਹਨਾਂ ਨੂੰ ਜਾਨੋ ਮਾਰ ਦਿੱਤਾ ਜਾਂਦਾ ਹੈ। ਦੇਸ਼ ਵਿੱਚ ਔਰਤਾਂ ਨੂੰ ਅਲਫ਼ ਨੰਗੀਆਂ ਕਰਕੇ ਲੋਕਾਂ ਵਿੱਚ ਘੁਮਾਇਆ ਜਾਂਦਾ ਹੈ। ਸਮੂਹਿਕ ਬਲਾਤਕਾਰ ਹੁੰਦੇ ਹਨ। ਲੜਾਈਆਂ ਸਿਆਸਤ ਜਾਂ ਧਰਮਾਂ ਦੀਆਂ ਹੁੰਦੀਆਂ ਹਨ ਪਰ ਸਿਆਸੀ ਸ਼ਹਿ ’ਤੇ ਤਕੜਿਆਂ ਵੱਲੋਂ ਨਿਹੱਥੇ ਪਰਿਵਾਰਾਂ ਉੱਤੇ ਹਮਲੇ ਕਰਕੇ ਉਹਨਾਂ ਦੀਆਂ ਬੇਕਸੂਰ ਨਿਹੱਥੀਆਂ ਔਰਤਾਂ ਨਾਲ ਸਮੂਹਿਕ ਬਲਾਤਕਾਰ ਕੀਤੇ ਜਾਂਦੇ ਹਨ। ਮੁਕੱਦਮੇ ਦਰਜ਼ ਹੁੰਦੇ ਹਨ, ਬਹੁਤੇ ਕੇਸਾਂ ਵਿੱਚ ਦੋਸ਼ੀ ਬਰੀ ਹੋ ਜਾਂਦੇ ਹਨ ਜੇਕਰ ਸਜ਼ਾ ਵੀ ਹੋ ਜਾਵੇ ਤਾਂ ਸਰਕਾਰਾਂ ਉਹਨਾਂ ਦੀ ਸਹਾਇਤਾ ਅਤੇ ਪੁਸ਼ਤ ਪਨਾਹੀ ਕਰਦੀਆਂ ਹਨ। ਇਸਦੀ ਵੱਡੀ ਮਿਸਾਲ ਬਿਲਕੀਸ ਬਾਨੋ ਮੁਕੱਦਮਾ ਹੈ।
ਬਿਲਕੀਸ ਬਾਨੋ ਦੇ ਪਰਿਵਾਰ ਨਾਲ ਗੁਜਰਾਤ ਵਿਖੇ ਅੱਤਿਆਚਾਰ ਹੋਇਆ। ਪਰਿਵਾਰ ਦੇ ਬੱਚਿਆਂ ਔਰਤਾਂ ਸਮੇਤ ਸੱਤ ਜੀਆਂ ਨੂੰ ਕੋਹ ਕੋਹ ਕੇ ਮਾਰਿਆ ਗਿਆ। ਬਿਲਕੀਸ ਨਾਲ ਗੁੰਡਿਆਂ ਨੇ ਸਮੂਹਿਕ ਬਲਾਤਕਾਰ ਕੀਤਾ। ਲੋਕਾਂ ਵੱਲੋਂ ਉਠਾਈ ਜ਼ਬਰਦਸਤ ਆਵਾਜ਼ ਸਦਕਾ ਦੋਸ਼ੀਆਂ ’ਤੇ ਮੁਕੱਦਮਾ ਦਰਜ ਕੀਤਾ ਗਿਆ ਅਤੇ ਅਦਾਲਤ ਵੱਲੋਂ ਉਹਨਾਂ ਸੱਤ ਬਲਾਤਕਾਰੀ ਦੋਸ਼ੀਆਂ ਨੂੰ ਸਜ਼ਾ ਸੁਣਾਈ ਗਈ। ਦੋਸ਼ੀ ਹਿੰਦੂ ਸਨ, ਇਸ ਲਈ ਸਰਕਾਰਾਂ ਨੇ ਦੋਸ਼ੀਆਂ ਦੀ ਪੁਸ਼ਤ ਪਨਾਹੀ ਕਰਦਿਆਂ ਉਹਨਾਂ ਦੀ ਅਗੇਤਰੀ ਰਿਹਾਈ ਕਰ ਦਿੱਤੀ। ਇੱਥੇ ਹੀ ਬੱਸ ਨਹੀਂ, ਜੇਲ੍ਹ ਵਿੱਚੋਂ ਬਾਹਰ ਆਉਣ ’ਤੇ ਉਹਨਾਂ ਦੇ ਗਲਾਂ ਵਿੱਚ ਹਾਰ ਪਾ ਕੇ ਉਹਨਾਂ ਦਾ ਸਨਮਾਨ ਕੀਤਾ ਗਿਆ, ਜਿਵੇਂ ਉਹ ਦੇਸ਼ ਦੀ ਸਰਹੱਦ ’ਤੇ ਜੰਗ ਜਿੱਤ ਕੇ ਆਏ ਹੋਣ। ਬਿਲਕੀਸ ਨੇ ਮੁੜ ਸਰਵ ਉੱਚ ਅਦਾਲਤ ਦਾ ਦਰਵਾਜ਼ਾ ਖੜਕਾਇਆ ਤਾਂ ਦੋਸ਼ੀਆਂ ਨੂੰ ਫਿਰ ਜੇਲ੍ਹ ਜਾਣਾ ਪਿਆ ਹੈ।
ਦੂਜੀ ਮਿਸਾਲ ਡੇਰਾ ਸੱਚਾ ਸੌਦਾ ਦੇ ਮੁਖੀ ਰਾਮ ਰਹੀਮ ਗੁਰਮੀਤ ਸਿੰਘ ਦੀ ਹੈ। ਉਸ ਨੂੰ ਬਲਾਤਕਾਰ ਅਤੇ ਕਤਲਾਂ ਦੇ ਦੋਸ਼ਾਂ ਵਿੱਚ ਉਮਰ ਕੈਦ ਹੋ ਚੁੱਕੀ ਹੈ ਪਰ ਭਾਜਪਾ ਸਰਕਾਰਾਂ ਉਸ ਦੇ ਪ੍ਰੇਮੀਆਂ ਦੀਆਂ ਵੋਟਾਂ ਹਾਸਲ ਕਰਨ ਲਈ ਉਸ ਨੂੰ ਵਾਰ ਵਾਰ ਜ਼ਮਾਨਤਾਂ ’ਤੇ ਜੇਲ੍ਹੋਂ ਬਾਹਰ ਕੱਢ ਰਹੀ ਹੈ, ਜਦੋਂ ਕਿ ਦੇਸ਼ ਭਰ ਵਿੱਚ ਲੱਖਾਂ ਦੀ ਤਾਦਾਦ ਵਿੱਚ ਹੋਰ ਕੈਦੀ ਜ਼ਮਾਨਤਾਂ ਨੂੰ ਤਰਸ ਰਹੇ ਹਨ। ਦੇਸ਼ ਦੀ ਸੁਪਰੀਮ ਕੋਰਟ ਨੂੰ ਵੀ ਸਰਕਾਰ ਦੀ ਇਸ ਕਾਰਗੁਜ਼ਾਰੀ ’ਤੇ ਇਤਰਾਜ਼ ਕਰਨਾ ਪਿਆ ਹੈ।
ਹੁਣ ਸਵਾਲ ਉੱਠਦਾ ਹੈ ਕਿ ਸਰਕਾਰਾਂ ਅਜਿਹਾ ਕਿਉਂ ਕਰ ਰਹੀਆਂ ਹਨ? ਉਹ ਕਾਨੂੰਨ, ਸੰਵਿਧਾਨ ਦੀਆਂ ਧੱਜੀਆਂ ਕਿਉਂ ਉਡਾ ਰਹੀਆਂ ਹਨ? ਇਸਦਾ ਸਿੱਧਾ ਜਵਾਬ ਇਹੀ ਹੈ ਕਿ ਸਰਕਾਰਾਂ ਵਿੱਚ ਅਪਰਾਧੀ ਲੋਕ ਸ਼ਾਮਲ ਹੋ ਗਏ ਹਨ। ਦੇਸ਼ ਦੀ ਸੰਸਦ ਅਤੇ ਵਿਧਾਨ ਸਭਾਵਾਂ ਵਿੱਚ ਸੈਂਕੜੇ ਲੋਕ ਅਜਿਹੇ ਹਨ ਜਿਹਨਾਂ ’ਤੇ ਮੁਕੱਦਮੇ ਦਰਜ ਹਨ। ਇਹਨਾਂ ਮੁਕੱਦਮਿਆਂ ਵਿੱਚ ਬਲਾਤਕਾਰ ਜਾਂ ਔਰਤਾਂ ਨਾਲ ਛੇੜਛਾੜ ਦੇ ਮੁਕੱਦਮੇ ਵੀ ਹਨ। ਕਈ ਵਿਧਾਇਕਾਂ ਆਦਿ ਨੂੰ ਬਲਾਤਕਾਰ ਜਾਂ ਹੋਰ ਅਜਿਹੇ ਘਿਨਾਉਣ ਮਾਮਲਿਆਂ ਵਿੱਚ ਸਜ਼ਾਵਾਂ ਵੀ ਹੋ ਚੁੱਕੀਆਂ ਹਨ। ਜਿਹਨਾਂ ਸਰਕਾਰਾਂ ਵਿੱਚ ਅਪਰਾਧੀ ਮਾਨਸਿਕਤਾ ਵਾਲੇ ਲੋਕ ਸ਼ਾਮਲ ਹੋਣ, ਉਹਨਾਂ ਦੇ ਦੌਰ ਵਿੱਚ ਵਿਦੇਸ਼ੀ ਜਾਂ ਦੇਸੀ ਔਰਤਾਂ ਨਾਲ ਬਲਾਤਕਾਰ ਦੀਆਂ ਘਟਨਾਵਾਂ ਵਾਪਰਨੀਆਂ ਆਮ ਗੱਲ ਹੀ ਹੋ ਜਾਂਦੀ ਹੈ।
ਭਾਰਤ ਦੀ ਸਰਕਾਰ ਧਰਮ ਦੇ ਆਧਾਰ ’ਤੇ ਰਾਜ ਕਰ ਰਹੀ ਹੈ, ਲੋਕਤੰਤਰ ਨੂੰ ਮਜ਼ਬੂਤ ਕਰਨ ਦੇ ਦਾਅਵੇ ਕਰ ਰਹੀ ਹੈ। ਦੂਜੇ ਪਾਸੇ ਉਪਰੋਕਤ ਵਾਪਰ ਰਹੀਆਂ ਘਟਨਾਵਾਂ ਸਦਕਾ ਦੇਸ਼ ਦਾ ਸਿਰ ਸਮੁੱਚੇ ਸੰਸਾਰ ਮੂਹਰੇ ਨੀਵਾਂ ਹੋ ਰਿਹਾ ਹੈ। ਇੱਕ ਅਖਾਣ ਹੈ ਕਿ “ਸਾਬਣ ਦਾ ਸੁਭਾਅ ਕੱਪੜੇ ਦੀ ਮੈਲ ਕੱਟਣੀ ਹੈ, ਪਰ ਜੇ ਸਾਬਣ ਆਪ ਹੀ ਮੈਲਾ ਹੋ ਜਾਵੇ ਤਾਂ ਕੱਪੜੇ ਦੀ ਮੈਲ ਕੌਣ ਕੱਟੇਗਾ।” ਸਰਕਾਰਾਂ ਅਤੇ ਰਾਜਨੀਤੀਵਾਨਾਂ ਨੂੰ ਆਪਣੇ ਫਰਜ਼ ਪਛਾਣਨੇ ਚਾਹੀਦੇ ਹਨ। ਸਾਡੇ ਦੇਸ਼ ਦੇ ਲੋਕਾਂ ਨੂੰ ਚੰਗੇ ਲੋਕਾਂ ਦੇ ਹੱਥਾਂ ਵਿੱਚ ਦੇਸ਼ ਦੀ ਵਾਗਡੋਰ ਸੰਭਾਲ ਕੇ ਅਜਿਹੀਆਂ ਘਿਨਾਉਣੀਆਂ ਅਪਰਾਧਿਕ ਘਟਨਾਵਾਂ ਰੋਕਣ ਲਈ ਯਤਨ ਕਰਨੇ ਚਾਹੀਦੇ ਹਨ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4799)
(ਸਰੋਕਾਰ ਨਾਲ ਸੰਪਰਕ ਲਈ: (