“ਨੰਦ ਲਾਲ ਨੂਰਪੁਰੀ ਦਾ ਜਨਮ 13 ਜੁਲਾਈ 1906 ਈਸਵੀ ਵਿੱਚ ਸ੍ਰੀ ਬਿਸ਼ਨ ਸਿੰਘ ਦੇ ਘਰ ਪਿੰਡ ਨੂਰਪੁਰ ਜ਼ਿਲ੍ਹਾ ...”
(13 ਜੁਲਾਈ 2024)
ਇਸ ਸਮੇਂ ਪਾਠਕ: 670.
“ਚੁੰਮ ਚੁੰਮ ਰੱਖੋ ਨੀ ਇਹ ਕਲਗੀ ਜੁਝਾਰ ਦੀ,” ਵਰਗੇ ਗੀਤ ਦੇ ਰਚੇਤੇ ਮਹਾਨ ਕਵੀ ਨੰਦ ਲਾਲ ਨੂਰਪੁਰੀ ਦਾ ਜਨਮ 13 ਜੁਲਾਈ 1906 ਈਸਵੀ ਵਿੱਚ ਸ੍ਰੀ ਬਿਸ਼ਨ ਸਿੰਘ ਦੇ ਘਰ ਪਿੰਡ ਨੂਰਪੁਰ ਜ਼ਿਲ੍ਹਾ ਲਾਇਲਪੁਰ ਜੋ ਅੱਜ ਕੱਲ੍ਹ ਪਾਕਿਸਤਾਨ ਵਿੱਚ ਹੈ, ਵਿਖੇ ਹੋਇਆ। ਮੁਢਲੀ ਪੜ੍ਹਾਈ ਲਾਇਲਪੁਰ ਦੇ ਖਾਲਸਾ ਹਾਈ ਸਕੂਲ ਵਿੱਚ ਕਰਨ ਉਪਰੰਤ ਉਨ੍ਹਾਂ ਐੱਫ ਏ ਪਾਸ ਕਰਕੇ ਕੁਝ ਸਮਾਂ ਬਤੌਰ ਅਧਿਆਪਕ ਤੇ ਫਿਰ ਪੁਲਿਸ ਵਿੱਚ ਭਰਤੀ ਹੋ ਕੇ ਬੀਕਾਨੇਰ (ਰਾਜਸਥਾਨ) ਵਿਖੇ ਬਤੌਰ ਸਬ ਇੰਸਪੈਕਟਰ ਸਰਵਿਸ ਕੀਤੀ।
1930 ਵਿੱਚ ਨੂਰਪੁਰੀ ਨੇ ਕਵੀਆਂ ਦੀ ਦੁਨੀਆਂ ਵਿੱਚ ਸ਼ਾਮਲ ਹੁੰਦਿਆਂ ਆਪਣੀ ਪਲੇਠੀ ਕਵਿਤਾ “ਮੈਂ ਵਤਨ ਦਾ ਸ਼ਹੀਦ ਹਾਂ ਮੇਰੀ ਯਾਦ ਨਾ ਭੁਲਾ ਦੇਣੀ, ਮੇਰੇ ਖੂਨ ਦੀ ਇੱਕ ਪਿਆਲੀ ਕਿਸੇ ਪਿਆਸੇ ਨੂੰ ਪਿਲਾ ਦੇਣੀ” ਲਿਖੀ। ਇਸ ਤੋਂ ਬਾਅਦ ਉਸਦਾ ਰੁਝਾਨ ਕਵਿਤਾਵਾਂ ਗੀਤਾਂ ਦੀ ਰਚਨਾ ਕਰਨ ਵੱਲ ਹੋ ਗਿਆ, ਉਸਨੇ ਅਨੇਕਾਂ ਭਾਵਪੂਰਨ ਤੇ ਦਿਲਾਂ ਨੂੰ ਟੁੰਬਣ ਵਾਲੀਆਂ ਰਚਨਾਵਾਂ ਰਚੀਆਂ। ਇੱਕ ਵਾਰ ਉਸ ਨੂੰ ਫਿਲਮ ਬਣਾਉਣ ਦਾ ਸ਼ੌਕ ਉੱਠਿਆ ਤਾਂ ਉਸਨੇ ਫਿਲਮ ‘ਮੰਗਤੀ’ ਦੀ ਕਹਾਣੀ ਲਿਖੀ ਅਤੇ ਫਿਰ ਸੋਰੀ ਫਿਲਮਜ਼ ਦੀ ਮਦਦ ਨਾਲ ਇਹ ਫਿਲਮ ਬਣਾਈ, ਜਿਸਦੇ ਗੀਤ ਵੀ ਸਾਲ 1940 ਵਿੱਚ ਉਸਨੇ ਖੁਦ ਲਿਖੇ। ਇਸੇ ਫਿਲਮ ਦਾ ਗੀਤ ਸੀ ‘ਉੱਡ ਜਾ ਭੋਲਿਆ ਪੰਛੀਆ।’
ਭਰਾਵਾਂ ਨੂੰ ਵੱਖ ਵੱਖ ਕਰਨ ਵਾਲਾ ਤੇ ਪੰਜਾਬ ਦੀ ਧਰਤੀ ਅਤੇ ਸੱਭਿਆਚਾਰ ਨੂੰ ਵੰਡਣ ਵਾਲਾ ਅਭਾਗਾ ਦਿਨ ਆਇਆ ਤਾਂ ਉਸ ਨੂੰ ਮਜਬੂਰੀ ਵੱਸ ਪਾਕਿਸਤਾਨ ਛੱਡਣਾ ਪਿਆ ਅਤੇ ਉਹ ਪਟਿਆਲੇ ਆ ਗਿਆ, ਤੇ ਅਖ਼ੀਰ ਜਲੰਧਰ ਜਾ ਵਸਿਆ। ਹੁਣ ਉਹ ਭਾਵੇਂ ਭਾਰਤ ਵਿੱਚ ਰਹਿ ਰਿਹਾ ਸੀ, ਪਰ ਜਨਮ ਸਥਾਨ ਦੀ ਮਿੱਟੀ ਦਾ ਮੋਹ ਉਸਨੇ ਕਦੇ ਵੀ ਨਾ ਤਿਆਗਿਆ ਅਤੇ ਉਸਦੀ ਯਾਦ ਨੂੰ ਸਦੀਵੀ ਬਣਾਉਣ ਲਈ ਆਪਣੇ ਨਾਂ ਨਾਲ ਆਪਣਾ ਤਖੱਲਸ ਹੀ ਨੂਰਪੁਰੀ ਬਣਾ ਲਿਆ ਸੀ।
ਨੂਰਪੁਰੀ ਦੇ ਬਹੁਤ ਪ੍ਰਸਿੱਧ ਹੋਏ ਗੀਤ ‘ਚੁੰਮ ਚੁੰਮ ਰੱਖੋ ਨੀ ਇਹ ਕਲਗੀ ਜੁਝਾਰ ਦੀ’, ‘ਗੋਰੀ ਦੀਆਂ ਝਾਂਜਰਾਂ ਬੁਲਾਉਂਦੀਆਂ ਗਈਆਂ’, ‘ਚੰਨ ਵੇ ਕਿ ਸ਼ੌਕਣ ਮੇਲੇ ਦੀ, ਪੈਰ ਧੋ ਕੇ ਝਾਂਜਰਾਂ ਪਾਉਂਦੀ ਮੇਲਦੀ ਆਉਂਦੀ, ਕਾਲੇ ਰੰਗ ਦਾ ਪਰਾਂਦਾ ਮੇਰੇ ਸੱਜਣਾਂ ਲਿਆਂਦਾ, ਨੀ ਮੈਂ ਚੁੰਮ ਚੁੰਮ ਰੱਖਦੀ ਫਿਰਾਂ, ਨੱਚ ਲੈਣ ਦੇ ਨੀ ਮੈਨੂੰ ਦਿਉਰ ਦੇ ਵਿਆਹ ਵਿੱਚ, ਜੁੱਤੀ ਕਸੂਰੀ ਪੈਰੀਂ ਨਾ ਪੂਰੀ ਹਾਏ ਰੱਬਾ ਵੇ ਸਾਨੂੰ ਤੁਰਨਾ ਪਿਆ, ਭਾਖੜੇ ਤੋਂ ਆਉਂਦੀ ਇੱਕ ਮੁਟਿਆਰ ਨੱਚਦੀ, ਆਦਿ ਹਨ ਜੋ ਪੰਜਾਬੀ ਸਰੋਤਿਆਂ ਦੇ ਦਿਲਾਂ ’ਤੇ ਅੱਜ ਵੀ ਰਾਜ ਕਰਦੇ ਹਨ। ਨੂਰਪਰੀ ਨੇ ਪੁਸਤਕਾਂ ਸੁਗਾਤ, ਵੰਗਾਂ, ਨੂਰਪਰੀ ਦੇ ਗੀਤ, ਨੂਰੀ ਪਰੀਆਂ, ਚੰਗਿਆੜੇ ਆਦਿ ਸਾਹਿਤ ਦੀ ਝੋਲੀ ਪਾਈਆਂ। ਪੁਸਤਕ ਸੁਗਾਤ ਨੂੰ ਭਾਸ਼ਾ ਵਿਭਾਗ ਵੱਲੋਂ ਇਨਾਮ ਵੀ ਮਿਲਿਆ। ਨੂਰਪੁਰੀ ਇੱਕ ਫੱਕਰ ਸੁਭਾਅ ਦਾ ਮਾਲਕ ਤੇ ਇਮਾਨਦਾਰ ਇਨਸਾਨ ਸੀ, ਇਸੇ ਕਰਕੇ ਉਸਦਾ ਜੀਵਨ ਤੰਗੀਆਂ ਤੁਰਸ਼ੀਆਂ ਵਿੱਚ ਹੀ ਗੁਜ਼ਰਿਆ। ਮਹਾਨ ਕਵੀ ਵੱਲੋਂ ਆਪਣਾ ਘਰ ਬਣਾਉਣਾ ਤਾਂ ਦੂਰ, ਜੀਵਨ ਭਰ ਵਿੱਚ ਉਹ ਸਾਈਕਲ ਵੀ ਨਾ ਖਰੀਦ ਸਕਿਆ। 14 ਮਈ 1966 ਦੀ ਮਨਹੂਸ ਰਾਤ ਨੂੰ ਨੂਰਪੁਰੀ ਖੁਦਕੁਸ਼ੀ ਕਰਕੇ ਇਸ ਦੁਨੀਆਂ ਅਤੇ ਆਪਣੇ ਪਾਠਕਾਂ ਅਤੇ ਸਰੋਤਿਆਂ ਨੂੰ ਅਲਵਿਦਾ ਕਹਿ ਗਿਆ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(5130)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: This email address is being protected from spambots. You need JavaScript enabled to view it.