BalwinderSBhullar7ਕੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਮਜ਼ਬੂਤ ਹੋਵੇਗਾਕੀ ਪੰਜਾਬ ਦੇ ਲੋਕ ...SukhbirBadal1
(17 ਅਪਰੈਲ 2025)

 

SukhbirBadal1 

ਬੀਤੇ ਦਿਨੀਂ ਸ਼੍ਰੋਮਣੀ ਅਕਾਲੀ ਦਲ ਦੇ ਡੈਲੀਗੇਟ ਇਜਲਾਸ ਰਾਹੀਂ ਸ੍ਰ. ਸੁਖਬੀਰ ਸਿੰਘ ਬਾਦਲ ਨੂੰ ਮੁੜ ਦਲ ਦਾ ਪ੍ਰਧਾਨ ਚੁਣ ਲਿਆ ਗਿਆ ਹੈਇਸ ਬਾਰੇ ਪਹਿਲਾਂ ਹੀ ਸਭ ਲੋਕ ਭਲੀਭਾਂਤ ਜਾਣਦੇ ਸਨ ਕਿ ਉਹਨਾਂ ਨੂੰ ਹੀ ਪ੍ਰਧਾਨ ਚੁਣਿਆ ਜਾਵੇਗਾ, ਉਹੀ ਹੋ ਗਿਆ ਹੈਪਰ ਸਵਾਲ ਉੱਠਦਾ ਹੈ ਕਿ ਸ੍ਰ. ਬਾਦਲ ਦੇ ਪ੍ਰਧਾਨ ਬਣਨ ਨਾਲ ਸ਼੍ਰੋਮਣੀ ਅਕਾਲੀ ਦਲ ਦਾ ਅੰਦਰਲਾ ਕਾਟੋ ਕਲੇਸ਼ ਖਤਮ ਹੋ ਜਾਵੇਗਾ? ਕੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਮਜ਼ਬੂਤ ਹੋਵੇਗਾ? ਕੀ ਪੰਜਾਬ ਦੇ ਲੋਕ ਸੁਖਬੀਰ ਬਾਦਲ ਨੂੰ ਪ੍ਰਧਾਨ ਵਜੋਂ ਕਬੂਲ ਕਰ ਲੈਣਗੇ? ਕੀ ਸੁਖਬੀਰ ਬਾਦਲ ਲੋਕਾਂ ਦੀਆਂ ਆਸਾਂ ਉਮੀਦਾਂ ’ਤੇ ਖ਼ਰਾ ਉੱਤਰ ਸਕੇਗਾ? ਅਜਿਹੇ ਅਨੇਕਾਂ ਸਵਾਲ ਹਨ ਜੋ ਅੱਜ ਹਰ ਹੱਟੀ-ਭੱਠੀ, ਗਲੀਆਂ-ਬਜ਼ਾਰਾਂ ਵਿੱਚ ਚਰਚਾ ਦਾ ਵਿਸ਼ਾ ਬਣੇ ਹੋਏ ਹਨ

ਮੁੜ ਪ੍ਰਧਾਨ ਬਣ ਜਾਣ ’ਤੇ ਸੁਖਬੀਰ ਸਿੰਘ ਬਾਦਲ ਬੜੇ ਹੌਸਲੇ ਵਿੱਚ ਵਿਖਾਈ ਦੇ ਰਹੇ ਹਨ ਅਤੇ ਉਹਨਾਂ ਦੇ ਚਹੇਤੇ ਤਾਂ ਅਗਲੀ ਸਰਕਾਰ ਵੀ ਅਕਾਲੀ ਦਲ ਦੀ ਵੇਖਣ ਲੱਗ ਪਏ ਹਨਪਰ ਅਸਲ ਪੱਖੋਂ ਵੇਖਿਆ ਜਾਵੇ ਤਾਂ ਸ੍ਰ. ਬਾਦਲ ਲਈ ਚੁਣੌਤੀਆਂ ਪਹਿਲਾਂ ਨਾਲੋਂ ਘਟੀਆਂ ਨਹੀਂ ਸਗੋਂ ਵਧ ਗਈਆਂ ਹਨਜਦੋਂ ਅਕਾਲੀ ਸਰਕਾਰ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਹੋਈਆਂ ਸਨ, ਉਸ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਗਿਰਾਵਟ ਸ਼ੁਰੂ ਹੋ ਗਈ ਸੀ ਅਤੇ ਪੰਜਾਬ ਵਿੱਚ ਉਸ ਸਮੇਂ ਤੋਂ ਬਾਅਦ ਹੋਈਆਂ ਸਾਰੀਆਂ ਚੋਣਾਂ ਵਿੱਚ ਅਕਾਲੀ ਦਲ ਨੂੰ ਬੁਰੀ ਹਾਰ ਦਾ ਮੂੰਹ ਵੇਖਣਾ ਪਿਆਸੱਤਰ ਸੱਤਰ, ਅੱਸੀ ਅੱਸੀ ਸੀਟਾਂ ਜਿੱਤਣ ਵਾਲਾ ਅਕਾਲੀ ਦਲ ਦੋ ਤਿੰਨ ਤਕ ਸਿਮਟ ਕੇ ਰਹਿ ਗਿਆਪੰਜਾਬ ਦੇ ਲੋਕ ਸ਼੍ਰੋਮਣੀ ਅਕਾਲੀ ਦਲ ਸਰਕਾਰ ਅਤੇ ਬਾਦਲ ਪਰਿਵਾਰ ਨੂੰ ਇਨ੍ਹਾਂ ਘਿਨਾਉਣੀਆਂ ਘਟਨਾਵਾਂ ਪ੍ਰਤੀ ਜ਼ਿੰਮੇਵਾਰ ਮੰਨਦੇ ਹਨਸ੍ਰ. ਪ੍ਰਕਾਸ਼ ਸਿੰਘ ਬਾਦਲ ਅਤੇ ਸ੍ਰ. ਸੁਖਬੀਰ ਸਿੰਘ ਬਾਦਲ ਨੇ ਖ਼ੁਦ ਅਤੇ ਸੱਤਾ ਦਾ ਲਾਭ ਲੈਣ ਵਾਲੇ ਉਹਨਾਂ ਦੇ ਨਜ਼ਦੀਕੀਆਂ ਨੇ ਬਥੇਰੀਆਂ ਸਫ਼ਾਈਆਂ ਦਿੱਤੀਆਂ, ਪਰ ਲੋਕਾਂ ਨੇ ਉਹਨਾਂ ’ਤੇ ਵਿਸ਼ਵਾਸ ਨਹੀਂ ਕੀਤਾਅੱਜ ਤਕ ਅਕਾਲੀ ਦਲ ਮੁੜ ਪੈਰਾਂ ਸਿਰ ਖੜ੍ਹਾ ਨਹੀਂ ਹੋ ਸਕਿਆ

ਦਲ ਨੂੰ ਮਜ਼ਬੂਤ ਕਰਨ ਲਈ ਅਤੇ ਪਾਰਟੀ ਦੀ ਮੁੜ ਸੁਰਜੀਤੀ ਲਈ ਕੁਝ ਅਕਾਲੀ ਆਗੂਆਂ ਨੇ ਬਾਗੀਪੁਣਾ ਵਿਖਾ ਕੇ ਬਾਦਲ ਪਰਿਵਾਰ ਨੂੰ ਪਾਰਟੀ ਦੇ ਅਹੁਦਿਆਂ ਤੋਂ ਲਾਂਭੇ ਹੋ ਜਾਣ ਲਈ ਅਪੀਲਾਂ ਕੀਤੀਆਂ, ਜਿਨ੍ਹਾਂ ਨੂੰ ਅਸਵੀਕਾਰ ਕਰਦਿਆਂ ਸ੍ਰ. ਸੁਖਬੀਰ ਸਿੰਘ ਬਾਦਲ ਨੇ ਪ੍ਰਧਾਨਗੀ ਛੱਡਣ ਤੋਂ ਕੋਰਾ ਜਵਾਬ ਦੇ ਦਿੱਤਾਪੰਜਾਬ ਦੇ ਲੋਕ ਇਸ ਖੇਤਰੀ ਪਾਰਟੀ ਦੀ ਮਜ਼ਬੂਤੀ ਦੇ ਹੱਕ ਵਿੱਚ ਸਨ, ਇਸ ਕਰਕੇ ਪਾਰਟੀ ਤੋਂ ਬਾਹਰਲੇ ਬੁੱਧੀਜੀਵੀ ਲੋਕਾਂ ਨੇ ਵੀ ਸ੍ਰ. ਬਾਦਲ ਨੂੰ ਪਾਸੇ ਹੋ ਜਾਣ ਦੇ ਸੁਝਾਅ ਦਿੱਤੇਪਰ ਸੁਖਬੀਰ ਸਿੰਘ ਬਾਦਲ ਇਸ ਕਦਰ ਡਰੇ ਹੋਏ ਸਨ ਕਿ ਜੇਕਰ ਇੱਕ ਵਾਰ ਹੱਥ ਪੋਲਾ ਕਰ ਦਿੱਤਾ ਤਾਂ ਮੁੜ ਕਿਸੇ ਨੇ ਪ੍ਰਧਾਨਗੀ ਦੇ ਨੇੜੇ ਫੜਕਣ ਵੀ ਨਹੀਂ ਦੇਣਾਇਸ ਕਰਕੇ ਉਹਨਾਂ ਮਨ ਬਣਾ ਲਿਆ ਕਿ ਭਾਵੇਂ ਉਹ ਇਕੱਲੇ ਰਹਿ ਜਾਣ ਪ੍ਰਧਾਨਗੀ ਨਹੀਂ ਛੱਡਣਗੇ

ਬਾਦਲ ਪਰਿਵਾਰ ਦੇ ਵਿਰੋਧੀ ਧੜੇ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਤਕ ਪਹੁੰਚ ਕਰਨ ’ਤੇ ਸਥਿਤੀ ਕਾਫ਼ੀ ਨਾਜ਼ੁਕ ਬਣ ਗਈਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸੱਦਣ ’ਤੇ ਸ੍ਰ. ਸੁਖਬੀਰ ਸਿੰਘ ਬਾਦਲ ਕਸੂਤੀ ਸਥਿਤੀ ਵਿੱਚ ਫਸ ਗਏ। ਬੇਅਦਬੀਆਂ ਅਤੇ ਹੋਰ ਗੁਨਾਹਾਂ ਸੰਬੰਧੀ ਪੇਸ਼ ਹੋਣ ਲਈ ਪ੍ਰਧਾਨ ਦੀ ਹੈਸੀਅਤ ਵਿੱਚ ਜਾਇਆ ਨਹੀਂ ਜਾ ਸਕਦਾ ਸੀਇਸ ਲਈ ਉਹ ਆਪਣੇ ਪਰਿਵਾਰ ਦੇ ਦਹਾਕਿਆਂ ਤੋਂ ਵਫ਼ਾਦਾਰ ਰਹੇ ਸ੍ਰ. ਬਲਵਿੰਦਰ ਸਿੰਘ ਭੂੰਦੜ ਨੂੰ ਕਾਰਜਕਾਰੀ ਪ੍ਰਧਾਨ ਬਣਾ ਕੇ ਖ਼ੁਦ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਪੇਸ਼ ਹੋਏ ਅਤੇ ਸਾਰੇ ਗੁਨਾਹਾਂ ਨੂੰ ਕਬੂਲ ਵੀ ਕਰ ਲਿਆਪੰਜ ਸਿੰਘ ਸਾਹਿਬਾਨਾਂ ਨੇ ਸ੍ਰ. ਸੁਖਬੀਰ ਸਿੰਘ ਬਾਦਲ ਅਤੇ ਅਕਾਲੀ ਸਰਕਾਰ ਸਮੇਂ ਉਹਨਾਂ ਦਾ ਸਹਿਯੋਗ ਦੇਣ ਵਾਲੇ ਕਈ ਆਗੂਆਂ ਨੂੰ ਧਾਰਮਿਕ ਸਜ਼ਾਵਾਂ ਸੁਣਾਈਆਂ

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੀ ਚਾਹੁੰਦੇ ਸਨ ਕਿ ਸ਼੍ਰੋਮਣੀ ਅਕਾਲੀ ਦਲ, ਜਿਸਨੂੰ ਪੰਥਕ ਪਾਰਟੀ ਕਿਹਾ ਜਾਂਦਾ ਹੈ, ਮਜ਼ਬੂਤ ਹੋਵੇ ਅਤੇ ਪੰਜਾਬ ਦੀ ਅਗਵਾਈ ਕਰੇਪੰਜ ਸਿੰਘ ਸਾਹਿਬਾਨਾਂ ਨੇ ਇਸ ਸੰਬੰਧੀ ਸੱਤ ਮੈਂਬਰੀ ਕਮੇਟੀ ਕਾਇਮ ਕਰਕੇ ਸਹੀ ਅਤੇ ਸਪਸ਼ਟ ਢੰਗ ਨਾਲ ਸ਼੍ਰੋਮਣੀ ਅਕਾਲੀ ਦੀ ਨਵੀਂ ਭਰਤੀ ਕਰਨ ਦੇ ਆਦੇਸ਼ ਦਿੱਤੇਸ੍ਰ. ਬਾਦਲ ਸਮਝਦੇ ਸਨ ਕਿ ਜੇਕਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਅਨੁਸਾਰ ਭਰਤੀ ਕੀਤੀ ਗਈ ਤਾਂ ਉਹਨਾਂ ਦੇ ਹੱਥ ਪ੍ਰਧਾਨਗੀ ਨਹੀਂ ਆਵੇਗੀਉਹਨਾਂ ਨੇ ਹੁਕਮਾਂ ਦੀ ਪਰਵਾਹ ਨਾ ਕਰਦਿਆਂ ਵੱਖਰੇ ਤੌਰ ’ਤੇ ਭਰਤੀ ਅਰੰਭ ਦਿੱਤੀ ਅਤੇ ਜਿਸ ਤਰ੍ਹਾਂ ਭਰਤੀ ਕੀਤੀ ਗਈ, ਉਹ ਸਭ ਲੋਕ ਭਲੀਭਾਂਤ ਜਾਣਦੇ ਹਨਉਹਨਾਂ ਵਿੱਚੋਂ ਹੀ ਡੈਲੀਗੇਟ ਚੁਣ ਕੇ ਸਰਵਸੰਮਤੀ ਵਿਖਾਉਂਦਿਆਂ ਸ੍ਰ. ਸੁਖਬੀਰ ਸਿੰਘ ਬਾਦਲ ਨੂੰ ਮੁੜ ਪ੍ਰਧਾਨ ਚੁਣੇ ਜਾਣ ਦਾ ਐਲਾਨ ਕਰ ਦਿੱਤਾ ਗਿਆਇਹ ਸਾਰਾ ਕੰਮ ਇੰਨੇ ਵਿਸ਼ਵਾਸ ਨਾਲ ਕੀਤਾ ਗਿਆ ਕਿ ਵਿਸਾਖੀ ਦਿਹਾੜੇ ’ਤੇ ਹੋਣ ਵਾਲੀ ਅਕਾਲੀ ਕਾਨਫਰੰਸ ਵਿੱਚ ਪਹੁੰਚਣ ਲਈ ਬਣੇ ਪ੍ਰੋਗਰਾਮ ਵਾਲੇ ਰਸਤੇ ’ਤੇ ਸ੍ਰ. ਬਾਦਲ ਦੇ ਪ੍ਰਧਾਨ ਬਣਨ ਤੋਂ ਪਹਿਲਾਂ ਹੀ ਨਵੇਂ ਪ੍ਰਧਾਨ ਚੁਣੇ ਜਾਣ ਦੀ ਵਧਾਈ ਦੇ ਬੋਰਡ ਵੀ ਲਾ ਦਿੱਤੇ ਗਏ ਸਨ

ਦੂਜੇ ਪਾਸੇ ਬਾਦਲ ਵਿਰੋਧੀ ਧੜੇ ਵੱਲੋਂ ਅਜੇ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ ਅਨੁਸਾਰ ਭਰਤੀ ਕੀਤੀ ਜਾ ਰਹੀ ਹੈ, ਜੋ ਲੋਕਾਂ ਦੇ ਸਾਹਮਣੇ, ਅਧਾਰ ਕਾਰਡ ਲੈ ਕੇ ਅਤੇ ਫਾਰਮਾਂ ਉੱਤੇ ਦਸਤਖਤ ਕਰਵਾ ਕੇ ਕੀਤੀ ਜਾ ਰਹੀ ਹੈਇਸ ਧੜੇ ਨੂੰ ਚੰਗਾ ਭਰਵਾਂ ਹੁੰਗਾਰਾ ਵੀ ਮਿਲ ਰਿਹਾ ਹੈਪਰ ਇਹ ਧੜਾ ਕੋਈ ਵੱਖਰੀ ਪਾਰਟੀ ਦੀ ਭਰਤੀ ਨਹੀਂ ਕਰ ਰਿਹਾ, ਬਲਕਿ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਹੀ ਕਰ ਰਿਹਾ ਹੈਸ੍ਰ. ਸੁਖਬੀਰ ਸਿੰਘ ਬਾਦਲ ਨੇ ਇਸ ਭਰਤੀ ਨੂੰ ਰੋਕਣ ਲਈ ਸੱਤ ਮੈਂਬਰੀ ਕਮੇਟੀ ਦੇ ਦੋਂਹ ਮੈਂਬਰਾਂ ਉੱਤੇ ਵੀ ਕਮੇਟੀ ਛੱਡ ਦੇਣ ਲਈ ਦਬਾਅ ਬਣਾਇਆ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਵੀ ਵਰਤਿਆਤਿੰਨ ਸਿੰਘ ਸਾਹਿਬਾਨਾਂ ਦੀ ਛੁੱਟੀ ਵੀ ਕਰਵਾ ਦਿੱਤੀ। ਇੱਕ ਸਿੰਘ ਸਾਹਿਬਾਨ ਦੀ ਕਿਰਦਾਰਕਸ਼ੀ ਵੀ ਕੀਤੀ ਗਈਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਰਯਾਦਾ ਨੂੰ ਅੱਖੋਂ ਪਰੋਖੇ ਕੀਤਾ ਗਿਆ, ਸਿਧਾਂਤਾਂ ਨੂੰ ਸੱਟ ਮਾਰੀ ਗਈਪਰ ਫਿਰ ਵੀ ਵਿਰੋਧੀ ਧੜੇ ਵੱਲੋਂ ਕੀਤੀ ਜਾ ਰਹੀ ਭਰਤੀ ਨੂੰ ਰੋਕਿਆ ਨਹੀਂ ਜਾ ਸਕਿਆਹਾਲਾਤ ਇੱਥੋਂ ਤਕ ਪਹੁੰਚ ਗਏ ਕਿ ਸਿੱਖ ਪੰਥ ਦੇ ਸਭ ਤੋਂ ਉੱਚੇ ਅਹੁਦੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਵੇਂ ਨਿਯੁਕਤ ਸਿੰਘ ਸਾਹਿਬਾਨ ਨੂੰ ਇੱਕ ਸਮਾਗਮ ਵਿੱਚ ਪ੍ਰਬੰਧਕਾਂ ਨੇ ਜਥੇਦਾਰ ਮੰਨਣ ਤੋਂ ਇਨਕਾਰ ਕਰਦਿਆਂ ਸਿਰੋਪਾ ਲੈਣ ਤੋਂ ਹੀ ਇਨਕਾਰ ਕਰ ਦਿੱਤਾ ਗਿਆਇੱਕ ਜਥੇਦਾਰ ਉੱਤੇ ਦਰਜ ਮੁਕੱਦਮਿਆਂ ਦਾ ਹਵਾਲਾ ਦੇ ਕੇ ਨਿਯੁਕਤੀ ਉੱਤੇ ਸਵਾਲ ਉਠਾਏ ਗਏ

ਇਹ ਸਭ ਕੁਝ ਹੋਣ ਦੇ ਬਾਵਜੂਦ ਸ੍ਰ. ਸੁਖਬੀਰ ਸਿੰਘ ਪ੍ਰਧਾਨ ਬਣ ਗਏਪ੍ਰਧਾਨ ਬਣਨ ਉਪਰੰਤ ਉਹਨਾਂ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਆਪਣੀ ਪਹਿਲੀ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਲੋਕਾਂ ਨੂੰ ਸਰਕਾਰ ਬਣਨ ’ਤੇ ਸਹੂਲਤਾਂ ਦੇਣ ਦੇ ਲਾਲਚ ਦੇਣ ਦਾ ਵਿਖਾਵਾ ਕੀਤਾਅਕਾਲੀ ਦਲ ਦੇ ਸਾਰੇ ਲੀਡਰਾਂ ਨੂੰ ਇੱਕਮੁੱਠ ਹੋਣ ਦੀ ਅਪੀਲ ਵੀ ਕੀਤੀਪਰ ਇਹ ਕਾਨਫਰੰਸ ਉਮੀਦਾਂ ਅਨੁਸਾਰ ਭਰਵੀਂ ਨਹੀਂ ਸੀ ਅਤੇ ਨਾ ਹੀ ਲੋਕਾਂ ਵਿੱਚ ਉਤਸ਼ਾਹ ਸੀਵਰਕਰਾਂ ਦੇ ਕਹਿਣ ’ਤੇ ਲੋਕ ਪਹੁੰਚੇ ਜ਼ਰੂਰ ਸਨ। ਦੀਵਾਨ ਹਾਲ ਵੀ ਖਚਾਖਚ ਭਰਿਆ ਹੋਇਆ ਨਹੀਂ ਸੀ। ਜਦੋਂ ਸਮੁੱਚੀ ਲੀਡਰਸ਼ਿੱਪ ਸੰਬੋਧਨ ਕਰ ਰਹੀ ਸੀ, ਹਾਲ ਵਿੱਚ ਲੋਕ ਸੁੱਤੇ ਵੀ ਪਏ ਸਨਨਾਅਰੇ ਦਾ ਜਵਾਬ ਵੀ ਲੀਡਰਾਂ ਦੀ ਉਮੀਦ ਅਨੁਸਾਰ ਨਹੀਂ ਮਿਲ ਰਿਹਾ ਸੀ। ਵਾਰ ਵਾਰ ਕਹਿ ਕੇ ਨਾਅਰੇ ਲਵਾਉਣੇ ਪੈ ਰਹੇ ਸਨਪਹੁੰਚੇ ਹੋਏ ਵਰਕਰਾਂ ਅਤੇ ਲੋਕਾਂ ਦੇ ਮਨਾਂ ਵਿੱਚੋਂ ਗੁੱਸਾ ਅਜੇ ਸ਼ਾਂਤ ਨਹੀਂ ਸੀ ਹੋਇਆਜੋ ਪੰਡਾਲ ਵਿੱਚੋਂ ਉੱਠ ਕੇ ਬਾਹਰ ਜਾਂਦੇ ਸਾਨ, ਉਹ ਕਈ ਤਰ੍ਹਾਂ ਰੋਸ ਵਿਖਾ ਰਹੇ ਸਨ

ਪਹਿਲਾਂ ਕੇਵਲ ਬੇਅਦਬੀਆਂ ਦੇ ਦੋਸ਼ਾਂ ਸਦਕਾ ਹੀ ਅਕਾਲੀ ਦਲ ਬਹੁਤ ਹੇਠਾਂ ਚਲਿਆ ਗਿਆ ਸੀ ਅਤੇ ਬਾਦਲ ਪਰਿਵਾਰ ਦਾ ਡਟਵਾਂ ਵਿਰੋਧ ਹੁੰਦਾ ਰਿਹਾ ਸੀਹੁਣ ਪ੍ਰਧਾਨਗੀ ਹਾਸਲ ਕਰਨ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਰਯਾਦਾ ਅਤੇ ਸਿਧਾਂਤਾਂ ਨੂੰ ਸੱਟ ਮਾਰਨ ਅਤੇ ਸਿੰਘ ਸਾਹਿਬਾਨਾਂ ਦੀ ਕੀਤੀ ਕਿਰਦਾਰਕੁਸ਼ੀ ਅਤੇ ਧੱਕੇ ਨਾਲ ਇਨ੍ਹਾਂ ਪਵਿੱਤਰ ਅਤੇ ਮਹਾਨ ਅਹੁਦਿਆਂ ਤੋਂ ਚੌਕੀਦਾਰਾਂ ਵਾਂਗ ਲਾਹ ਕੇ ਘਰ ਤੋਰ ਦੇਣ ਤੋਂ ਪੰਜਾਬ ਦੇ ਲੋਕ ਖਾਸ ਕਰਕੇ ਸਿੱਖ ਜ਼ਿਆਦਾ ਗੁੱਸੇ ਵਿੱਚ ਵਿਖਾਈ ਦੇ ਰਹੇ ਹਨਨਾ ਅਜੇ ਬੇਅਦਬੀਆਂ ਦੇ ਦਾਗ ਧੋਤੇ ਜਾ ਚੁੱਕੇ ਹਨ ਅਤੇ ਨਾ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਤੋਂ ਆਕੀ ਹੋਣਾ ਚੰਗਾ ਸਮਝਿਆ ਜਾ ਰਿਹਾ ਹੈ

ਸ੍ਰ. ਸੁਖਬੀਰ ਸਿੰਘ ਬਾਦਲ ਇਨ੍ਹਾਂ ਹਾਲਾਤ ਨੂੰ ਕਾਬੂ ਕਿਵੇਂ ਕਰਨਗੇ? ਲੋਕਾਂ ਵਿੱਚ ਵਿਸ਼ਵਾਸ ਕਿਵੇਂ ਪੈਦਾ ਕਰਨਗੇ? ਇਨ੍ਹਾਂ ਸਵਾਲਾਂ ਦੇ ਜਵਾਬ ਤਾਂ ਭਵਿੱਖ ਦੇ ਗਰਭ ਵਿੱਚ ਹਨ ਪਰ ਸ੍ਰ. ਬਾਦਲ ਲਈ ਇਹ ਪ੍ਰਧਾਨਗੀ ਅਜੇ ਕੰਡਿਆਂ ਦਾ ਰਾਹ ਹੈ, ਐਨਾ ਸੌਖਾ ਕੰਮ ਨਹੀਂ, ਜਿੰਨਾ ਉਹ ਸਮਝ ਰਹੇ ਹਨ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ)
ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.om)

About the Author

Balwinder S Bhullar

Balwinder S Bhullar

A veteran journalist and writer.
WhatsApp: (91 - 98882 - 75913)

Email: (bhullarbti@gmail.com)

More articles from this author