BalwinderSBhullar7“ਪਿੰਡ ਬੱਲ੍ਹੋ ਵੱਲੋਂ ਕੀਤਾ ਇਹ ਉੱਦਮ ਬਹੁਤ ਵੱਡਾ ਅਤੇ ਸ਼ਲਾਘਾਯੋਗ ਹੈ। ਹੋਰ ਪਿੰਡਾਂ ...”
(9 ਅਕਤੂਬਰ 2026)

 

ਵਾਤਾਵਰਣ ਦਾ ਹਰ ਜਿਊਂਦੇ ਜੀਵ ’ਤੇ ਪ੍ਰਭਾਵ ਪੈਂਦਾ ਹੈ, ਵਾਤਾਵਰਣ ਦੀ ਹਰ ਪ੍ਰਾਣੀ ਮੁਫਤ ਵਿੱਚ ਵਰਤੋਂ ਕਰਦਾ ਹੈ। ਇਨਸਾਨ, ਜੀਵ ਜੰਤੂ, ਪਸ਼ੂ ਆਦਿ ਹਰ ਜਾਨਦਾਰ ਜੀਵ ਜਿੱਥੇ ਰਹਿੰਦਾ ਹੈ, ਉਸਦੇ ਆਸ ਪਾਸ ਪਾਣੀ, ਮਿੱਟੀ, ਹਵਾ, ਬਨਸਪਤੀ, ਧੁੱਪ, ਜੰਗਲ ਆਦਿ ਨੂੰ ਹੀ ਵਾਤਾਵਰਣ ਕਿਹਾ ਜਾਂਦਾ ਹੈ। ਜੇਕਰ ਇਹ ਵਾਤਾਵਰਣ ਸ਼ੁੱਧ ਅਤੇ ਸਾਫ ਸੁਥਰਾ ਹੋਵੇਗਾ ਤਾਂ ਇਸਦਾ ਜੀਵਨ ’ਤੇ ਚੰਗਾ ਪ੍ਰਭਾਵ ਪਵੇਗਾ, ਬਿਮਾਰੀਆਂ ਨਹੀਂ ਫੈਲਣਗੀਆਂ, ਪ੍ਰਾਣੀਆਂ ਦੀ ਉਮਰ ਲੰਬੀ ਹੋਵੇਗੀ। ਇਸ ਵਾਤਾਵਰਣ ਦੀ ਵਰਤੋਂਯੋਗਤਾ ਨੂੰ ਘੱਟ ਕਰਨ ਵਾਲੀ ਚੀਜ਼ ਪ੍ਰਦੂਸ਼ਕ ਕਹਾਉਂਦੀ ਹੈ ਜਿਸਦੇ ਅਸਰ ਨਾਲ ਹੀ ਵਾਤਾਵਰਣ ਪ੍ਰਦੂਸ਼ਿਤ ਹੁੰਦਾ ਹੈ। ਸੁੱਧ ਵਾਤਾਵਰਣ ਜੀਵਨ ਨੂੰ ਤੰਦਰੁਸਤ ਰੱਖਣ ਲਈ ਸਹਾਈ ਹੁੰਦਾ ਹੈ। ਵਾਤਾਵਰਣ ਨੂੰ ਪ੍ਰਦੂਸ਼ਿਤ ਕਰਨ ਵਿੱਚ ਉਦਯੋਗਾਂ ਦਾ ਧੂੰਆਂ ਅਤੇ ਰਹਿੰਦ ਖੂੰਹਦ, ਗੱਡੀਆਂ ਦਾ ਧੂੰਆਂ, ਫੈਕਟਰੀਆਂ ਦੀਆਂ ਗੈਸਾਂ, ਫਸਲਾਂ ਦੀ ਪਰਾਲੀ ਨੂੰ ਅੱਗ ਲਾਉਣ, ਕੀਟਨਾਸਕ ਤੇ ਨਦੀਨਨਾਸਕ ਜ਼ਹਿਰਾਂ ਦੇ ਛਿੜਕਾ ਦਾ ਯੋਗਦਾਨ ਹੁੰਦਾ ਹੈ।

ਪ੍ਰਦੂਸ਼ਣ ਸਦਕਾ ਅੱਜ ਸਮੁੱਚੀ ਦੁਨੀਆ ਦੇ ਵਾਤਾਵਰਣ ਉੱਤੇ ਹੀ ਬੁਰਾ ਪ੍ਰਭਾਵ ਪੈ ਰਿਹਾ ਹੈ ਅਤੇ ਸੰਸਾਰ ਪੱਧਰ ’ਤੇ ਹੀ ਇਹ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਪੰਜਾਬ ਦੇ ਵਾਤਾਵਰਣ ਵਿੱਚ ਤਾਂ ਬਹੁਤ ਜ਼ਿਆਦਾ ਵਿਗਾੜ ਆ ਚੁੱਕਾ ਹੈ, ਪਰ ਦੇਸ਼ ਜਾਂ ਰਾਜ ਸਰਕਾਰਾਂ ਇਸ ਅਤਿ ਸੰਵੇਦਨਸ਼ੀਲ ਮੁੱਦੇ ਵੱਲ ਲੋੜੀਂਦਾ ਧਿਆਨ ਨਹੀਂ ਦੇ ਰਹੀਆਂ। ਕਾਰਖਾਨਿਆਂ ਦੀ ਰਹਿੰਦ ਖੂੰਹਦ ਨੂੰ ਦਰਿਆਵਾਂ, ਨਹਿਰਾਂ ਵਿੱਚ ਸੁੱਟ ਕੇ ਪਾਣੀ ਪ੍ਰਦੂਸ਼ਿਤ ਕੀਤਾ ਜਾ ਰਿਹਾ ਹੈ, ਜੋ ਅੱਗੇ ਲੋਕਾਂ ਨੇ ਪੀਣ ਲਈ ਵਰਤਣਾ ਹੁੰਦਾ ਹੈ। ਉਦਯੋਗਾਂ ਅਤੇ ਵਾਹਣਾਂ ਦੇ ਧੂੰਏਂ ਅਤੇ ਗੈਸਾਂ ਨਾਲ ਹਵਾ ਪ੍ਰਦੂਸ਼ਿਤ ਹੋ ਰਹੀ ਹੈ, ਜਿਸ ਵਿੱਚੋਂ ਜਿਊਂਦੇ ਰਹਿਣ ਲਈ ਸਾਹ ਲੈਣਾ ਪੈਂਦਾ ਹੈ। ਕੀਟਨਾਸਕ ਅਤੇ ਨਦੀਨਨਾਸਕ ਜ਼ਹਿਰਾਂ, ਦਵਾਈਆਂ ਨਾਲ ਧਰਤੀ ਹੇਠਲਾ ਪਾਣੀ ਪ੍ਰਦੂਸ਼ਿਤ ਹੋ ਰਿਹਾ ਹੈ ਅਤੇ ਅਨਾਜ, ਜੋ ਖਾਣ ਲਈ ਵਰਤਿਆ ਜਾਂਦਾ ਹੈ, ਉਹ ਜ਼ਹਿਰੀਲਾ ਅਤੇ ਨੁਕਸਾਨਦਾਇਕ ਹੁੰਦਾ ਹੈ।

ਸਵਾਲ ਉੱਠਦਾ ਹੈ, ਕੀ ਲੋਕ ਪ੍ਰਦੂਸ਼ਣ ਸਦਕਾ ਇਸੇ ਤਰ੍ਹਾਂ ਬਿਮਾਰੀਆਂ ਦਾ ਸ਼ਿਕਾਰ ਹੋ ਕੇ ਮਰਦੇ ਰਹਿਣਗੇ? ਕੀ ਇਸਦਾ ਕੋਈ ਹੱਲ ਨਹੀਂ ਹੈ? ਇਹ ਪ੍ਰਦੂਸ਼ਣ ਰੋਕਿਆ ਕਿਉਂ ਨਹੀਂ ਜਾ ਰਿਹਾ? ਇਸਦਾ ਉੱਤਰ ਸਪਸ਼ਟ ਹੈ ਕਿ ਕਰੀਬ ਇੱਕ ਸਦੀ ਪਹਿਲਾਂ ਤਾਂ ਵਾਤਾਵਰਣ ਸੁੱਧ ਅਤੇ ਸਵੱਛ ਸੀ, ਉਦੋਂ ਲੋਕ ਅੱਜ ਨਾਲੋਂ ਕਿਤੇ ਜ਼ਿਆਦਾ ਤੰਦਰੁਸਤ ਰਹਿੰਦੇ ਸਨ, ਬਿਮਾਰੀਆਂ ਘੱਟ ਸਨ। ਲੋਂੜੀਦੇ ਸੁਧਾਰ ਕਰਕੇ ਪ੍ਰਦੂਸ਼ਿਤਤਾ ਨੂੰ ਰੋਕਿਆ ਜਾ ਸਕਦਾ ਹੈ। ਪਰ ਇਹ ਤਾਂ ਹੀ ਸੰਭਵ ਹੋਵੇਗਾ ਜੇਕਰ ਸਰਕਾਰਾਂ ਦੀ ਨੀਅਤ ਸਾਫ ਹੋਵੇ ਅਤੇ ਲੋਕ ਜਾਗਰੂਕ ਹੋਣ। ਇਹ ਨਹੀਂ ਕਿ ਸਰਕਾਰਾਂ ਇਸ ਮੁੱਦੇ ਤੋਂ ਬੇਖਬਰ ਹਨ। ਦੇਸ਼ ਦੀ ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ ਨੇ ਦਹਾਕਿਆਂ ਪਹਿਲਾਂ ਪ੍ਰਦੂਸ਼ਣ ਦੇ ਵਧਦੇ ਖਤਰੇ ਨੂੰ ਭਾਂਪ ਲਿਆ ਸੀ ਤੇ ਕੇਂਦਰੀ ਵਾਤਾਵਰਣ ਮੰਤਰਾਲੇ ਦੀ ਸਥਾਪਨਾ ਕਰ ਦਿੱਤੀ ਸੀ। ਇਸ ਮੰਤਰਾਲੇ ਦੀਆਂ ਸਰਕਾਰੀ ਅਤੇ ਗੈਰ ਸਰਕਾਰੀ ਮੀਟਿੰਗਾਂ ਵੀ ਹੁੰਦੀਆਂ ਰਹਿੰਦੀਆਂ ਹਨ ਅਤੇ ਬਜਟ ਵਿੱਚੋਂ ਭਾਰੀ ਰਾਸ਼ੀ ਵੀ ਖਰਚੀ ਵੀ ਜਾਂਦੀ ਹੈ। ਪਰ ਇਹ ਸਭ ਕੁਝ ਕਾਗਜ਼ਾਂ ਵਿੱਚ ਹੀ ਚਲਦਾ ਹੈ, ਪ੍ਰਦੂਸ਼ਿਤ ਰੋਕਣ ਜਾਂ ਵਾਤਾਵਰਣ ਦੀ ਸ਼ੁੱਧਤਾ ਲਈ ਠੋਸ ਕਦਮ ਨਹੀਂ ਚੁੱਕੇ ਜਾਂਦੇ। ਕਾਰਪੋਰੇਟ ਘਰਾਣਿਆਂ ਦੇ ਆਪਣੇ ਉਦਯੋਗ ਅਤੇ ਕੰਪਨੀਆਂ ਹਨ, ਜਿਨ੍ਹਾਂ ਸਮਾਨ ਵੇਚਣਾ ਹੈ, ਇਸ ਲਈ ਉਨ੍ਹਾਂ ਦੇ ਪ੍ਰਭਾਵ ਹੇਠ ਸਰਕਾਰਾਂ ਕਿਸਾਨਾਂ ਵੱਲੋਂ ਪਰਾਲੀ ਫੂਕਣ ਵਿਰੁੱਧ ਪ੍ਰਚਾਰ ਕਰਕੇ ਸਾਰਾ ਦੋਸ਼ ਕਿਸਾਨਾਂ ਸਿਰ ਮੜ੍ਹ ਕੇ ਬਹੁਕੌਮੀ ਕੰਪਨੀਆਂ ਅਤੇ ਕਾਰਪੋਰੇਟਾਂ ਨੂੰ ਦੁੱਧ ਧੋਤੇ ਕਰਾਰ ਦੇ ਦਿੰਦੀਆਂ ਹਨ।

ਝੋਨੇ ਦੀ ਕਟਾਈ ਤੋਂ ਬਾਅਦ ਰਹਿੰਦ ਖੂੰਹਦ ਦਾ ਨਿਪਟਾਰਾ ਕਰਨ ਲਈ ਪਰਾਲੀ ਨੂੰ ਅੱਗ ਲਾਉਣਾ ਕਿਸਾਨਾਂ ਲਈ ਸੌਖਾ ਵਿਖਾਈ ਦਿੰਦਾ ਸੀ। ਸਰਕਾਰਾਂ ਇਸ ਕੁਝ ਦਿਨਾਂ ਦੇ ਪਰਾਲੀ ਦੇ ਧੂੰਏਂ ਸੰਬੰਧੀ ਕਿਸਾਨਾਂ ਨੂੰ ਦੋਸ਼ੀ ਗਰਦਾਨ ਕੇ ਇੱਕ ਗਿਣੀ ਮਿਥੀ ਸਾਜ਼ਿਸ਼ ਤਹਿਤ ਸਾਰੇ ਸਾਲ ਦਾ ਪ੍ਰਦੂਸ਼ਣ ਕਿਸਾਨਾਂ ਸਿਰ ਮੜ੍ਹਦੀ ਹੈ। ਪਰ ਜਦੋਂ ਸਰਕਾਰ ਨੇ ਕਿਸਾਨਾਂ ਨੂੰ ਸਹੂਲਤ ਦਿੱਤੀ ਹੈ ਤਾਂ ਉਹ ਪਰਾਲੀ ਨੂੰ ਸੰਭਾਲਣ ਦੇ ਯਤਨ ਕਰਦੇ ਰਹੇ ਹਨ। ਪੰਜਾਬ ਦਾ ਕਿਸਾਨ ਜਾਗਰੂਕ ਹੈ, ਉਸਨੂੰ ਪ੍ਰਦੂਸ਼ਣ ਦੇ ਮਾੜੇ ਪ੍ਰਭਾਵ ਬਾਰੇ ਗਿਆਨ ਹੈ, ਪਰ ਮਜਬੂਰੀ ਕਾਰਨ ਅੱਗ ਲਾਉਣ ਵਰਗਾ ਕੰਮ ਕਰਨਾ ਉਸਦੀ ਮਜਬੂਰੀ ਬਣ ਜਾਂਦਾ ਹੈ। ਪਿਛਲੇ ਸਾਲਾਂ ਦੌਰਾਨ ਪੰਜਾਬ ਵਿੱਚ ਪਰਾਲੀ ਨੂੰ ਅੱਗ ਲਾਉਣ ਵਿੱਚ ਕਾਫ਼ੀ ਕਮੀ ਆਈ ਹੈ। ਪਰਾਲੀ ਨੂੰ ਸੰਭਾਲਣ ਲਈ ਮਸ਼ੀਨਰੀ ਆ ਰਹੀ ਹੈ, ਜੋ ਬਹੁਤ ਸਹਾਈ ਹੋ ਰਹੀ ਹੈ। ਸੁਪਰ ਸੀਡਰ ਅਤੇ ਹੈਪੀ ਸੀਡਰ ਮਸ਼ੀਨਾਂ ਦੀ ਵਰਤੋਂ ਨਾਲ ਪਰਾਲੀ ਨੂੰ ਬਿਨਾਂ ਸਾੜੇ ਕਣਕ ਦੀ ਸਿੱਧੀ ਬਿਜਾਈ ਕੀਤੀ ਜਾ ਸਕਦੀ ਹੈ। ਮਲਚਰ ਮਸ਼ੀਨ ਨਾਲ ਪਰਾਲੀ ਦੇ ਬਰੀਕ ਕਚਰਾ ਬਣਾ ਕੇ ਖੇਤ ਵਿੱਚ ਵਾਹ ਦਿੱਤਾ ਜਾਂਦਾ ਹੈ, ਜੋ ਗਲ਼ ਕੇ ਖਾਦ ਬਣ ਜਾਂਦਾ ਹੈ। ਬੇਲਰ ਮਸ਼ੀਨ ਨਾਲ ਪਰਾਲੀ ਦੀਆਂ ਗੱਠਾਂ ਬਣਾ ਲਈਆਂ ਜਾਂਦੀਆਂ ਹਨ, ਜਿਨ੍ਹਾਂ ਨੂੰ ਫੈਕਟਰੀਆਂ ਵਿੱਚ ਬਾਲਣ ਦੇ ਤੌਰ ’ਤੇ ਵਰਤਿਆ ਜਾਂਦਾ ਹੈ।

ਕਿਸਾਨ ਇਨ੍ਹਾਂ ਮਸ਼ੀਨਾਂ ਦੀ ਵਰਤੋਂ ਕਰ ਰਹੇ ਹਨ, ਪਰ ਅਜੇ ਇਸ ਪਾਸੇ ਹੋਰ ਜ਼ਿਆਦਾ ਧਿਆਨ ਦੇਣ ਦੀ ਜ਼ਰੂਰਤ ਹੈ। ਜ਼ਿਲ੍ਹਾ ਬਠਿੰਡਾ ਦਾ ਪਿੰਡ ਬੱਲ੍ਹੋ ਸ਼ਾਇਦ ਪਹਿਲਾ ਅਜਿਹਾ ਪਿੰਡ ਹੋਵੇਗਾ ਜਿਸਨੇ ਆਸ ਪਾਸ ਦੇ ਇਲਾਕੇ ਨੂੰ ਪ੍ਰਦੂਸ਼ਣ ਰਹਿਤ ਕਰਨ, ਜ਼ਮੀਨ ਦੀ ਉਪਜਾਊ ਸ਼ਕਤੀ ਬਚਾਉਣ ਅਤੇ ਮਿੱਤਰ ਕੀੜਿਆਂ ਨੂੰ ਜਿਊਂਦੇ ਰੱਖਣ ਦਾ ਸ਼ਲਾਘਾਯੋਗ ਉੱਦਮ ਕੀਤਾ ਹੈ। ਉਹ ਪੰਜਾਬ ਵਿੱਚ ਮਿਸਾਲ ਅਤੇ ਮਾਰਗ ਦਰਸ਼ਕ ਬਣ ਰਿਹਾ ਹੈ। ਇਸ ਪਿੰਡ ਦੀ ਕਰੀਬ 3270 ਏਕੜ ਖੇਤੀਯੋਗ ਜ਼ਮੀਨ ਹੈ, ਜਿਸ ਵਿੱਚੋਂ ਤਕਰੀਬਨ 2800 ਏਕੜ ਵਿੱਚ ਝੋਨੇ ਦੀ ਬਿਜਾਈ ਕੀਤੀ ਜਾਂਦੀ ਹੈ। ਚਾਰ ਹਜ਼ਾਰ ਦੀ ਅਬਾਦੀ ਵਾਲੇ ਇਸ ਪਿੰਡ ਦੇ ਲੋਕ ਕਈ ਸਾਲਾਂ ਤੋਂ ਪ੍ਰਦੂਸ਼ਣ ਰਹਿਤ ਇਲਾਕਾ ਬਣਾਉਣ ਲਈ ਯਤਨ ਕਰ ਰਹੇ ਹਨ। ਪਿੰਡ ਦੀ ਤਰਨਜੋਤ ਵੈੱਲਫੇਅਰ ਸੁਸਾਇਟੀ ਨੇ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਦੀ ਬਜਾਏ ਉਸਦੇ ਸੁਚੱਜੇ ਪ੍ਰਬੰਧਨ ਕਰਦਿਆਂ ਕਿਸਾਨਾਂ ਦੇ ਖੇਤਾਂ ਵਿੱਚੋਂ ਪਰਾਲੀ ਮੁਫਤ ਚੁੱਕਣ ਦਾ ਫੈਸਲਾ ਕੀਤਾ ਹੈ। ਇਸ ਕੰਮ ਲਈ ਪਿੰਡ ਵਿੱਚ ਚਾਰ ਨਵੇਂ ਬੇਲਰਾਂ ਦਾ ਪ੍ਰਬੰਧ ਕਰ ਲਿਆ ਗਿਆ ਹੈ, ਜਿਨ੍ਹਾਂ ਵਿੱਚੋਂ ਤਿੰਨ ਬੇਲਰਾਂ ਦਾ ਪ੍ਰਬੰਧ ਸੁਸਾਇਟੀ ਵੱਲੋਂ ਕੀਤਾ ਗਿਆ ਹੈ, ਜਦੋਂ ਕਿ ਇੱਕ ਬੇਲਰ ਪਿੰਡ ਦੀ ਸਰਪੰਚ ਸ੍ਰੀਮਤੀ ਅਮਰਜੀਤ ਕੌਰ ਵੱਲੋਂ ਮੁਹਈਆ ਕਰਵਾਇਆ ਗਿਆ ਹੈ।

ਇਸ ਪ੍ਰਬੰਧ ਨਾਲ ਕਿਸਾਨ ਪਰਾਲੀ ਨੂੰ ਅੱਗ ਲਾਉਣ ਦੇ ਝੰਜਟ ਤੋਂ ਬਚਣਗੇ ਅਤੇ ਉਨ੍ਹਾਂ ਨੂੰ ਕੋਈ ਵਾਧੂ ਬੋਝ ਵੀ ਨਹੀਂ ਪਵੇਗਾ। ਸੁਸਾਇਟੀ ਵੱਲੋਂ ਇਹ ਯਤਨ ਪੂਰੇ ਇਲਾਕੇ ਨੂੰ ਧੂੰਏਂ ਅਤੇ ਪ੍ਰਦੂਸ਼ਣ ਤੋਂ ਮੁਕਤ ਬਣਾਉਣ ਲਈ ਕੀਤਾ ਗਿਆ ਹੈ। ਸੁਸਾਇਟੀ ਦੇ ਪ੍ਰਧਾਨ ਅਵਤਾਰ ਸਿੰਘ ਦਾ ਕਹਿਣਾ ਹੈ ਕਿ ਪਰਾਲੀ ਨੂੰ ਅੱਗ ਲਾਉਣ ਨਾਲ ਨਾ ਸਿਰਫ ਵਾਤਾਵਰਣ ਜ਼ਹਿਰੀਲਾ ਹੁੰਦਾ ਹੈ, ਬਲਕਿ ਜ਼ਮੀਨ ਦੇ ਮਿੱਤਰ ਕੀੜੇ ਅੱਗ ਵਿੱਚ ਸੜ ਜਾਂਦੇ ਹਨ ਅਤੇ ਜ਼ਮੀਨ ਦੇ ਉਪਜਾਊ ਤੱਤ ਸੜ ਕੇ ਸੁਆਹ ਹੋ ਜਾਂਦੇ ਹਨ।

ਪਿੰਡ ਬੱਲ੍ਹੋ ਵੱਲੋਂ ਕੀਤਾ ਇਹ ਉੱਦਮ ਬਹੁਤ ਵੱਡਾ ਅਤੇ ਸ਼ਲਾਘਾਯੋਗ ਹੈ। ਹੋਰ ਪਿੰਡਾਂ ਵੱਲੋਂ ਵੀ ਇਸ ਫੈਸਲੇ ਦੇ ਚੰਗੇ ਨਤੀਜੇ ਨੂੰ ਮੁੱਖ ਰੱਖਦਿਆਂ ਅਪਣਾਉਣਾ ਚਾਹੀਦਾ ਹੈ। ਸਰਕਾਰਾਂ ਨੂੰ ਵੀ ਚਾਹੀਦਾ ਹੈ ਕਿ ਸਿਰਫ ਪਰਾਲੀ ਨੂੰ ਅੱਗ ਲਾਉਣ ਕਾਰਨ ਪ੍ਰਦੂਸ਼ਣ ਪੈਦਾ ਹੋਣ ਦਾ ਪ੍ਰਚਾਰ ਛੱਡ ਕੇ ਫੈਕਟਰੀਆਂ ਆਦਿ ਤੋਂ ਫੈਲਣ ਵਾਲੇ ਪ੍ਰਦੂਸ਼ਣ ਨੂੰ ਰੋਕਣ ਲਈ ਵੀ ਸਖਤ ਫੈਸਲੈ ਲੈਣ।

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ:
(This email address is being protected from spambots. You need JavaScript enabled to view it.)

About the Author

ਬਲਵਿੰਦਰ ਸਿੰਘ ਭੁੱਲਰ

ਬਲਵਿੰਦਰ ਸਿੰਘ ਭੁੱਲਰ

A veteran journalist and writer.
WhatsApp: (91 - 98882 - 75913)

Email: (bhullarbti@gmail.com)

More articles from this author