“ਰਾਜਸੱਤਾ ਭੋਗਣ ਵਾਲੇ ਸਟੇਜਾਂ ’ਤੇ ਬਾਹਾਂ ਉੱਚੀਆਂ ਕਰ ਕਰ ਕੇ, ਸੰਘ ਪਾੜ ਪਾੜ ਕੇ ...”
(23 ਸਤੰਬਰ 2026)
ਬਹੁਤ ਪ੍ਰਚਾਰ ਹੋ ਰਿਹਾ ਹੈ ਕਿ ਦੇਸ ਦੀ ਅਜ਼ਾਦੀ ਤੋਂ ਬਾਅਦ ਪੰਜਾਬ ਨੇ ਵੀ ਬੜੀ ਤਰੱਕੀ ਕੀਤੀ ਹੈ। ਨਵੇਂ ਪ੍ਰੋਜੈਕਟਾਂ ਦੇ ਹਵਾਲੇ ਦਿੱਤੇ ਜਾਂਦੇ ਹਨ, ਸੜਕਾਂ, ਇਮਾਰਤਾਂ, ਨੌਕਰੀਆਂ, ਕਾਰਾਂ-ਗੱਡੀਆਂ ਨੂੰ ਯਾਦ ਕਰਵਾਇਆ ਜਾਂਦਾ ਹੈ। ਪਰ ਸੁਣਨ ਵਾਲਾ ਹਰ ਵਿਅਕਤੀ ਹੀ ਸੋਚਣ ਲਈ ਮਜਬੂਰ ਹੋ ਜਾਂਦਾ ਹੈ ਕਿ ਜੇ ਸੱਚਮੁੱਚ ਐਨੀ ਤਰੱਕੀ ਹੋ ਗਈ ਹੈ ਤਾਂ ਫਿਰ ਨਿੱਤ ਦਿਨ ਧਰਨੇ-ਮੁਜ਼ਾਹਰੇ ਕਰਕੇ ਆਪਣੇ-ਹਿਤਾਂ ਹੱਕਾਂ ਦੀ ਮੰਗ ਕਿਉਂ ਕੀਤੀ ਜਾ ਰਹੀ ਹੈ? ਇਹ ਸੋਚਦਿਆਂ ਅਤੀਤ ਦੀਆਂ ਕਈ ਗੱਲਾਂ ਮੇਰੇ ਜ਼ਿਹਨ ਵਿੱਚ ਵੀ ਘੁੰਮਣ ਲੱਗੀਆਂ।
ਕਰੀਬ ਤੀਹ ਸਾਲ ਪਹਿਲਾਂ ਮੈਂ ਇੱਕ ਮੇਲੇ ’ਤੇ ਢਾਡੀ ਜਥੇ ਨੂੰ ਸੁਣ ਰਿਹਾ ਸੀ। ਜਥੇ ਦੇ ਮੋਢੀ ਨੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਭਾਈ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਹੁੰਦਾ ਸੀ ਤਾਂ ਗਲੀਆਂ ਵਿੱਚ ਹੋਕਾ ਸੁਣਿਆ ਜਾਂਦਾ ਸੀ, “ਹੀਰੇ ਜਵਾਹਰ ਲੈ ਲਓ, ਭਾਈ ਹੀਰੇ ਜਵਾਹਰ। “ਫਿਰ ਦੇਸ ਵਿੱਚ ਅੰਗਰੇਜ਼ਾਂ ਦਾ ਰਾਜ ਆ ਗਿਆ ਤਾਂ ਗਲੀਆਂ ਵਿੱਚ ਹੋਕਾ ਸੁਣਦਾ ਸੀ, “ਸੋਨੇ ਚਾਂਦੀ ਦੇ ਗਹਿਣੇ ਲਓ, ਭਾਈ ਸੋਨੇ ਚਾਂਦੀ ਦੇ।” ਇਸ ਉਪਰੰਤ ਦੇਸ ਅਜ਼ਾਦ ਹੋ ਗਿਆ, ਅਸੀਂ ਬੜੀਆਂ ਖੁਸ਼ੀਆਂ ਮਨਾਈਆਂ। ਪਰ ਹੁਣ ਗਲੀਆਂ ਵਿੱਚ ਹੋਕਾ ਸੁਣਦਾ ਹੈ, “ਪੁਰਾਣਾ ਲੋਗੜ ਵੇਚ ਲਓ, ਭਾਈ ਕੰਘੀ ਦੇ ਵਾਲ ਵੇਚ ਲਓ। ਕਿਤਾਬਾਂ ਕਾਪੀਆਂ ਦੀ ਰੱਦੀ ਵੇਚ ਲਓ, ਭਾਈ ਟੁੱਟਿਆ ਪੁਰਾਣਾ ਲੋਹਾ ਵੇਚ ਲਓ।” ਉਸ ਵੱਲੋਂ ਸੁਣਾਈ ਇਹ ਵਾਰਤਾ ਕਾਫ਼ੀ ਹੱਦ ਤਕ ਸੱਚ ਹੈ, ਫਿਰ ਵੀ ਮੰਨ ਲਿਆ ਜਾਵੇ! ਕਿ ਪੰਜਾਬ ਨੇ ਤਰੱਕੀ ਕੀਤੀ ਹੈ।
ਇੱਕ ਪੱਖ ਹੋਰ ਵੀ ਸਾਹਮਣੇ ਆਉਂਦਾ ਹੈ। ਅਜ਼ਾਦੀ ਤੋਂ ਪਹਿਲਾਂ ਵੀ ਸ਼ਹਿਰਾਂ ਪਿੰਡਾਂ ਵਿੱਚ ਚੋਰੀਆਂ ਹੋਇਆ ਕਰਦੀਆਂ ਸਨ। ਚੋਰ ਅਮੀਰ ਘਰਾਂ ਖਾਸ ਕਰਕੇ ਸੇਠਾਂ ਦੇ ਘਰਾਂ ਦੀਆਂ ਕੰਧਾਂ ਨੂੰ ਪਾੜ ਲਾ ਕੇ ਕੀਮਤੀ ਵਸਤਾਂ ਜਾਂ ਗਹਿਣੇ ਚੋਰੀ ਕਰਦੇ ਸਨ ਜਾਂ ਵਹੀਆਂ ਚੋਰੀ ਕਰਕੇ ਫੂਕ ਦਿੰਦੇ ਸਨ ਤਾਂ ਜੋ ਕਰਜ਼ਾਈ ਲੋਕਾਂ ਨੂੰ ਰਕਮ ਅਦਾ ਨਾ ਕਰਨੀ ਪਵੇ। ਸਰਕਾਰ ਤੋਂ ਬਾਗੀ ਕਿਸਮ ਦੇ ਕੁਝ ਨੌਜਵਾਨ ਅਜਿਹੇ ਹੁੰਦੇ ਸਨ, ਜੋ ਸ਼ਰੇਆਮ ਸੇਠਾਂ ਦੇ ਘਰੀਂ ਜਾਂਦੇ ਅਤੇ ਬਹੀਆਂ ਖੋਹ ਕੇ ਫੂਕ ਦਿੰਦੇ ਅਤੇ ਉਨ੍ਹਾਂ ਤੋਂ ਪੈਸਾ ਸੋਨਾ ਖੋਹ ਕੇ ਗਰੀਬ ਲੜਕੀਆਂ ਦੇ ਵਿਆਹ ਲਈ ਵੰਡ ਦਿੰਦੇ। ਸਰਕਾਰੀ ਭਾਸ਼ਾ ਵਿੱਚ ਉਨ੍ਹਾਂ ਨੂੰ ਡਾਕੂ ਹੀ ਕਿਹਾ ਜਾਂਦਾ ਸੀ। ਇਸਤੋਂ ਇਲਾਵਾ ਪਿੰਡਾਂ ਵਿੱਚ ਬੋਤੀਆਂ, ਮੱਝਾਂ ਚੋਰੀ ਕਰ ਲਈਆਂ ਜਾਂਦੀਆਂ ਸਨ। ਪਰ ਅੱਜ ਦੇ ਵਿਕਾਸ ਦੇ ਦੌਰ ਵਿੱਚ ਚੋਰੀ ਦਾ ਢੰਗ ਤਰੀਕਾ ਵੀ ਬਦਲ ਗਿਆ ਹੈ। ਇੱਕ ਮਰੀਜ਼ ਆਪਣਾ ਇਲਾਜ ਕਰਵਾਉਣ ਲਈ ਹਸਪਤਾਲ ਪਹੁੰਚਦਾ ਹੈ ਤਾਂ ਅਪਰੇਸ਼ਨ ਦੌਰਾਨ ਉਸਦੇ ਸਰੀਰ ਅੰਦਰਲੇ ਅੰਗ ਚੋਰੀ ਕਰ ਲਏ ਜਾਂਦੇ ਹਨ, ਅਜਿਹੀਆਂ ਕਈ ਘਟਨਾਵਾਂ ਅਖਬਾਰਾਂ ਦੀਆਂ ਸੁਰਖ਼ੀਆਂ ਬਣ ਚੁੱਕੀਆਂ ਹਨ।
ਕਈ ਸਾਲ ਪਹਿਲਾਂ ਮੇਰੇ ਇੱਕ ਦੋਸਤ ਦੇ ਪਿਤਾ ਦਾ ਲੁਧਿਆਣਾ ਦੇ ਰਾਮਬਾਗ ਵਿੱਚ ਸਸਕਾਰ ਕੀਤਾ ਗਿਆ, ਉਸਦੇ ਭਰਾਵਾਂ ਨਾਲ ਉਸਦਾ ਜ਼ਮੀਨੀ ਝਗੜਾ ਚਲਦਾ ਸੀ। ਸਸਕਾਰ ਤੋਂ ਅਗਲੇ ਦਿਨ ਜਦੋਂ ਉਹ ਰਿਸ਼ਤੇਦਾਰਾਂ ਸਮੇਤ ਅਸਥੀਆਂ ਚੁਗਣ ਲਈ ਗਿਆ ਤਾਂ ਹੈਰਾਨੀ ਦੀ ਹੱਦ ਨਾ ਰਹੀ, ਉਸਦੇ ਪਿਤਾ ਦੀਆਂ ਅਸਥੀਆਂ ਸਮੇਤ ਸੁਆਹ ਵੀ ਚੋਰੀ ਹੋ ਗਈ ਸੀ। ਕੁਝ ਸਮਾਂ ਪਹਿਲਾਂ ਮੈਂ ਕੋਟਕਪੂਰੇ ਦੇ ਨਜ਼ਦੀਕ ਇੱਕ ਪਿੰਡ ਵਿੱਚ ਸਸਕਾਰ ’ਤੇ ਗਿਆ। ਉੱਥੇ ਖੜ੍ਹੇ ਪਿੰਡ ਦੇ ਲੋਕਾਂ ਨੇ ਦੱਸਿਆ ਕਿ ਗੱਲ ਕਰਦਿਆਂ ਵੀ ਸ਼ਰਮ ਆਉਂਦੀ ਐ, ਪਿੰਡ ਵਾਲਿਆਂ ਨੇ ਘੱਟ ਲੱਕੜਾਂ ਨਾਲ ਸਸਕਾਰ ਕਰਨ ਲਈ ਲੋਹੇ ਦੀ ਇੱਕ ਭੱਠੀ ਤਿਆਰ ਕਰਵਾਈ ਸੀ, ਚੋਰ ਇਸ ਭੱਠੀ ਵਿੱਚੋਂ ਲੋਹਾ ਚੋਰੀ ਕਰਕੇ ਲੈ ਗਏ ਹਨ।
ਕੁਝ ਦਿਨ ਪਹਿਲਾਂ ਬਠਿੰਡਾ ਜ਼ਿਲ੍ਹੇ ਦੇ ਪਿੰਡ ਭਾਈ ਬਖਤੌਰ ਦੀ ਇੱਕ ਘਟਨਾ ਬੜੀ ਚਰਚਾ ਵਿੱਚ ਰਹੀ ਹੈ। ਪਿੰਡ ਦੇ ਇੱਕ ਵਿਅਕਤੀ ਦਾ ਸਸਕਾਰ ਕੀਤਾ ਗਿਆ, ਉਸਦੇ ਸਟੀਲ ਦੇ ਗੋਡੇ ਪਵਾਏ ਹੋਏ ਸਨ। ਦੂਜੇ ਦਿਨ ਅਸਥੀਆਂ ਚੁਗਣ ਗਏ ਤਾਂ ਪਿੰਡ ਵਾਸੀ ਹੈਰਾਨ ਸਨ ਕਿ ਸਿਵੇ ਵਿੱਚੋਂ ਕੋਈ ਸਟੀਲ ਦੇ ਗੋਡੇ ਚੋਰੀ ਕਰਕੇ ਲੈ ਗਿਆ ਹੈ। ਭਾਵੇਂ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦੇਣ ਵਾਲਿਆਂ ਦਾ ਪਤਾ ਵੀ ਲੱਗ ਜਾਂਦਾ ਹੈ ਅਤੇ ਚੋਰਾਂ ਨੂੰ ਫਿੱਟ ਲਾਹਨਤਾਂ ਵੀ ਦਿੱਤੀਆਂ ਜਾਂਦੀਆਂ ਹਨ ਪਰ ਸ਼ਰਮ ਵੀ ਮਹਿਸੂਸ ਹੁੰਦੀ ਹੈ ਕਿ ਇਹ ਪੰਜਾਬ ਦਾ ਵਿਕਾਸ ਹੈ? ਪੰਜਾਬ ਕਿਸ ਪਾਸੇ ਨੂੰ ਜਾ ਰਿਹਾ ਹੈ?
ਬੁੱਧੀਜੀਵੀ ਲੋਕ ਅੱਜ ਮਹਿਸੂਸ ਕਰ ਰਹੇ ਹਨ ਕਿ ਵਿਕਾਸ ਸੜਕਾਂ, ਇਮਾਰਤਾਂ ਨਹੀਂ ਹੁੰਦੀਆਂ, ਵਿਕਾਸ ਦਾ ਅਸਲ ਅਰਥ ਹੈ ਕਿ ਲੋਕ ਖੁਸ਼ਹਾਲ ਹੋਣ, ਉਨ੍ਹਾਂ ਨੂੰ ਸਭ ਹੱਕ ਪ੍ਰਾਪਤ ਹੋਣ, ਉਨ੍ਹਾਂ ਦਾ ਦਿਮਾਗੀ ਪੱਧਰ ਉੱਚਾ ਹੋ ਰਿਹਾ ਹੋਵੇ। ਲੋਕ ਭਲਾਈ ਦੇ ਕਾਰਜ ਰਲਮਿਲ ਕੇ ਕਰਦੇ ਹੋਣ, ਕੋਈ ਵਿਅਕਤੀ ਭੁੱਖਾ ਜਾਂ ਇਲਾਜ ਖੁਣੋ ਮਰਦਾ ਨਾ ਹੋਵੇ। ਪਰ ਪੰਜਾਬ ਵਿੱਚ ਲੋਕ ਆਰਥਿਕ ਤੰਗੀ ਕਾਰਨ ਖੁਦਕੁਸ਼ੀਆਂ ਕਰ ਰਹੇ ਹਨ, ਸਿਵਿਆਂ ਵਿੱਚੋਂ ਲੋਹਾ, ਗੋਡੇ ਚੋਰੀ ਕਰਕੇ ਵੇਚ ਰਹੇ ਹਨ। ਹੱਕ ਮੰਗਦਿਆਂ ’ਤੇ ਡਾਂਗਾਂ ਵਰ੍ਹਾਈਆਂ ਜਾਂਦੀਆਂ ਹਨ, ਬਾਲੜੀਆਂ ਨਾਲ ਬਲਾਤਕਾਰ ਹੋ ਰਹੇ ਹਨ।
ਰਾਜਸੱਤਾ ਭੋਗਣ ਵਾਲੇ ਸਟੇਜਾਂ ’ਤੇ ਬਾਹਾਂ ਉੱਚੀਆਂ ਕਰ ਕਰ ਕੇ, ਸੰਘ ਪਾੜ ਪਾੜ ਕੇ ਐਲਾਨ ਕਰਦੇ ਹਨ ਕਿ ਪੰਜਾਬ ਨੇ ਬਹੁਤ ਤਰੱਕੀ ਕੀਤੀ ਹੈ ਅਤੇ ਬਲੰਦੀਆਂ ਨੂੰ ਛੂਹ ਰਿਹਾ ਹੈ। ਆਮ ਲੋਕ ਦਿਨ ਕਟੀ ਕਰਨੀ ਕਹਿ ਕੇ ਸਮਾਂ ਲੰਘਾ ਰਹੇ ਹਨ। ਬੁੱਧੀਜੀਵੀ ਚਿੰਤਾ ਵਿੱਚ ਹਨ। ਰਾਹ ਕੋਈ ਵਿਖਾਈ ਨਹੀਂ ਦੇ ਰਿਹਾ। ਕੀ ਬਣੂ ਪੰਜਾਬ ਦਾ? ਇਹ ਬਹੁਤ ਵੱਡਾ ਸਵਾਲ ਅਤੇ ਚਿੰਤਾ ਦਾ ਵਿਸ਼ਾ ਹੈ, ਜੋ ਲੋਕ-ਚਰਚਾ ਅਤੇ ਸਰਕਾਰਾਂ ਦਾ ਧਿਆਨ ਮੰਗਦਾ ਹੈ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (sarokar2015@gmail.com)


























































































































