“ਇਹ ਪੱਥਰ ਉੱਤੇ ਲਕੀਰ ਵਰਗਾ ਇੱਕ ਸੱਚ ਹੈ ਕਿ ਜੇਕਰ ਅਮੀਰ ਗਰੀਬ ਦਾ ਪਾੜਾ ...”
(5 ਮਈ 2025)
ਅੱਜ ਭਾਰਤ ਹੀ ਨਹੀਂ ਸਮੁੱਚੀ ਦੁਨੀਆਂ ਆਰਥਿਕ ਮੰਦੀ ਦੀ ਮਾਰ ਝੱਲ ਰਹੀ ਹੈ ਤੇ ਬੇਰੁਜ਼ਗਾਰੀ ਹੱਦਾਂ ਬੰਨੇ ਟੱਪ ਚੁੱਕੀ ਹੈ। ਇਨ੍ਹਾਂ ਹਾਲਾਤ ਬਾਰੇ ਡੇਢ ਸਦੀ ਤੋਂ ਵੀ ਵੱਧ ਸਮਾਂ ਪਹਿਲਾਂ ਜਰਮਨ ਵਿੱਚ ਜਨਮੇ ਮਹਾਨ ਅਰਥ ਸ਼ਾਸਤਰੀ ਅਤੇ ਸਿਧਾਂਤਕਾਰ ਸ਼ਖਸ ਕਾਰਲ ਮਾਰਕਸ ਨੇ ਦੁਨੀਆਂ ਭਰ ਦੇ ਲੋਕਾਂ ਨੂੰ ਸੁਚੇਤ ਕਰ ਦਿੱਤਾ ਸੀ। ਉਹਨਾਂ ਕਿਹਾ ਸੀ, “ਮੰਦੀ ਦਾ ਵਾਰ ਵਾਰ ਆਉਣਾ ਨਿਸ਼ਚਿਤ ਹੈ, ਇਸਦਾ ਅਸਲ ਕਾਰਨ ਪੂੰਜੀਵਾਦ ਹੈ। ਪੂੰਜੀਵਾਦ ਦੇ ਪੂਰੀ ਤਰ੍ਹਾਂ ਖਤਮ ਹੋਣ ਤਕ ਅਜਿਹਾ ਚਲਦਾ ਹੀ ਰਹੇਗਾ।” ਉਹਨਾਂ ਇੱਕ ਸਮਾਜਵਾਦੀ ਸਮਾਜ ਸਥਾਪਤ ਕਰਨ ਦੀ ਲੋੜ ਉੱਤੇ ਜ਼ੋਰ ਦਿੰਦਿਆਂ ਦੁਨੀਆਂ ਭਰ ਦੇ ਲੋਕਾਂ ਨੂੰ ਬੁਰਜੂਆਜੀ ਪੂੰਜੀਵਾਦ ਦਾ ਮੁਕਾਬਲਾ ਕਰਨ ਦਾ ਸੱਦਾ ਦਿੱਤਾ ਸੀ। ਉਸ ਦੀ ਇਹ ਸਮਾਜਵਾਦੀ ਵਿਚਾਰਧਾਰਾ ਹੀ ਅੱਜ ਮਾਰਕਸਵਾਦੀ ਵਿਚਾਰਧਾਰਾ ਦੇ ਨਾਂ ਨਾਲ ਜਾਣੀ ਜਾਂਦੀ ਹੈ।
ਕਾਰਲ ਮਾਰਕਸ ਦੀਆਂ ਸੰਸਾਰ ਦੇ ਲੋਕਾਂ ਨੂੰ ਰਾਹ ਵਿਖਾਉਣ ਵਾਲੀਆਂ ਰਚਨਾਵਾਂ ‘ਕਮਿਊਨਿਸਟ ਮੈਨੀਫੈਸਟੋ ਸਾਲ 1848’ ਅਤੇ ‘ਦਾਸ ਕੈਪੀਟਲ ਸਾਲ 1867’ ਨੂੰ ਕਿਸੇ ਇੱਕ ਖੇਤਰ ਵਿੱਚ ਨਹੀਂ ਬਲਕਿ ਸਮੁੱਚੀ ਦੁਨੀਆਂ ਵਿੱਚ ਪ੍ਰਚਾਰਿਆ ਗਿਆ ਹੈ ਅਤੇ ਮਨੁੱਖਤਾ ਦੇ ਭਲੇ ਲਈ ਰਾਹ ਦਿਸੇਰਾ ਮੰਨਿਆ ਗਿਆ ਹੈ। ਉਹਨਾਂ ਦਾ ਵਿਚਾਰ ਸੀ ਕਿ ਉਦਯੋਗਿਕ ਸਮਾਜ ਪੂੰਜੀਪਤੀਆਂ ਦਾ ਹੈ ਅਤੇ ਉਤਪਾਦਨ ਦੇ ਸਾਧਨਾਂ ਦੇ ਮਾਲਕ ਵਸਤੂਆਂ ਦਾ ਮੁੱਲ ਆਪਣੇ ਹੱਥ ਵਿੱਚ ਲੈ ਕੇ ਵੱਧ ਮੁਨਾਫ਼ਾ ਕਮਾਉਣ ਲਈ ਯਤਨਸ਼ੀਲ ਰਹਿੰਦੇ ਹਨ। ਇਸ ਤਰ੍ਹਾਂ ਪੂੰਜੀ ਕੁਝ ਹੱਥਾਂ ਵਿੱਚ ਇਕੱਠੀ ਹੁੰਦੀ ਰਹਿੰਦੀ ਹੈ ਤੇ ਬੇਰੁਜ਼ਗਾਰੀ ਵਿੱਚ ਵਾਧਾ ਹੁੰਦਾ ਹੈ। ਉਹਨਾਂ ਕਿਹਾ ਕਿ ਪੂੰਜੀਵਾਦ ਦਾ ਵਿਸ਼ਵੀਕਰਨ ਹੀ ਅੰਤਰਰਾਸ਼ਟਰੀ ਅਸਥਿਰਤਾ ਦਾ ਮੁੱਖ ਕਾਰਨ ਬਣੇਗਾ। ਇਸਦਾ ਹੱਲ ਉਹਨਾਂ ਦੁਨੀਆਂ ਭਰ ਵਿੱਚ ਬਰਾਬਤਾ ਦਾ ਇੱਕ ਸਮਾਜ ਸਥਾਪਤ ਕਰਨ ਲਈ ਬੁਰਜੂਆ ਵਰਗ ਨੂੰ ਪਾਸੇ ਹਟਾ ਕੇ ਸੱਤਾ ਉੱਤੇ ਕਬਜ਼ਾ ਕਰਨ ਦੱਸਿਆ।
ਮਾਰਕਸਵਾਦ ਰਚਣ ਵਾਲੇ ਇਸ ਮਹਾਨ ਸਮਾਜ ਵਿਗਿਆਨੀ ਕਾਰਲ ਮਾਰਕਸ ਦਾ ਜਨਮ 5 ਮਈ 1818 ਨੂੰ ਜਰਮਨੀ ਦੇ ਸ਼ਹਿਰ ਟੇਰੀਅਰ ਵਿੱਚ ਯਹੂਦੀ ਪਰਿਵਾਰ ਵਿੱਚ ਪਿਤਾ ਹਾਈਨਰਿਖ ਮਾਰਕਸ ਦੇ ਘਰ ਹੋਇਆ। ਸੰਨ 1830 ਵਿੱਚ ਮਾਰਕਸ ਨੇ ਟੇਰੀਅਰ ਦੇ ਜਿਮਨੇਜ਼ੀਅਮ ਵਿੱਚ ਦਾਖਲਾ ਲੈ ਕੇ ਪੜ੍ਹਾਈ ਸ਼ੁਰੂ ਕੀਤੀ। 1835 ਵਿੱਚ ਮਾਪਿਆਂ ਦੀ ਸਲਾਹ ’ਤੇ ਉਸਨੇ ਬੌਨ ਯੂਨੀਵਰਸਿਟੀ ਵਿੱਚ ਦਾਖਲਾ ਲੈ ਲਿਆ ਅਤੇ ਇੱਕ ਸਾਲ ਬਾਅਦ ਹੀ 1836 ਵਿੱਚ ਉੱਥੋਂ ਬਰਲਿਨ ਯੂਨੀਵਰਸਿਟੀ ਵਿੱਚ ਦਾਖਲ ਹੋ ਗਿਆ। ਯੂਨੀਵਰਸਿਟੀ ਵਿੱਚ ਉਸਨੇ ਕਾਨੂੰਨ ਦੀ ਪੜ੍ਹਾਈ ਦੇ ਨਾਲ ਨਾਲ ਇਤਿਹਾਸ, ਕਲਾ ਅਤੇ ਸਿਧਾਂਤ ਅਤੇ ਵਿਦੇਸ਼ੀ ਭਾਸ਼ਾਵਾਂ ਦਾ ਗਿਆਨ ਹਾਸਲ ਕੀਤਾ। ਸਾਲ 1841 ਵਿੱਚ ਉਸਨੇ ਜਰਮਨ ਦੀ ਜੇਨਾ ਯੂਨੀਵਰਸਿਟੀ ਤੋਂ ਪ੍ਰਕਿਰਤੀ ਬਾਰੇ ਡੈਮੋਕਰਾਈਟਸ ਅਤੇ ਐਪੀਕਊਰਸ ਦੇ ਦਰਸ਼ਨ ਵਿਚਕਾਰ ਅੰਤਰ ਲਈ ਪੀ ਐੱਚ ਡੀ ਦੀ ਡਿਗਰੀ ਹਾਸਲ ਕਰ ਲਈ। ਇਸ ਉਪਰੰਤ 1843 ਵਿੱਚ ਕਾਰਲ ਮਾਰਕਸ ਨੇ ਆਪਣੀ ਦੋਸਤ ਬਹੁਤ ਅਮੀਰ ਘਰਾਣੇ ਦੀ ਲੜਕੀ ਜੈਨੀ ਨਾਲ ਵਿਆਹ ਕਰਵਾ ਲਿਆ, ਜਿਸ ਨੇ ਜ਼ਿੰਦਗੀ ਭਰ ਉਸਦਾ ਦੁੱਖਾ ਸੁੱਖਾਂ ਵਿੱਚ ਸਾਥ ਦਿੱਤਾ।
ਕਾਰਲ ਮਾਰਕਸ ਨੇ ਇਸ ਦੌਰਾਨ ਕੁਝ ਕਵਿਤਾਵਾਂ ਵੀ ਰਚੀਆਂ ਪਰ ਛੇਤੀ ਹੀ ਉਹ ਕਵਿਤਾਵਾਂ ਲਿਖਣੀਆਂ ਛੱਡ ਕੇ ਫਲਸਫ਼ੇ ਦੇ ਅਧਿਐਨ ਅਤੇ ਸੱਚ ਦੀ ਖੋਜ ਕਰਨ ਦੇ ਰਾਹ ਤੁਰ ਪਿਆ। ਉਸਦੀ ਮਾਂ ਨੇ ਨਿਕੰਮਾ ਸਮਝਦਿਆਂ ਉਸ ਨੂੰ ਜਾਇਦਾਦ ਵਿੱਚੋਂ ਕੋਈ ਹਿੱਸਾ ਨਾ ਦਿੱਤਾ ਤਾਂ ਮਾਰਕਸ ਦੇ ਤੰਗੀਆਂ ਤੁਰਸ਼ੀਆਂ ਦੇ ਜੀਵਨ ਦੀ ਸ਼ੁਰੂਆਤ ਹੋ ਗਈ। ਪਰ ਇਸ ਸਮੇਂ ਤਕ ਉਹ ਆਪਣੇ ਨਿਸ਼ਾਨੇ ਦੀ ਪ੍ਰਾਪਤੀ ਵੱਲ ਵਧ ਚੁੱਕਿਆ ਸੀ। ਉਹ ਸਮਝ ਗਿਆ ਸੀ ਕਿ ਗਰੀਬੀ ਦਾ ਅਸਲ ਕਾਰਨ ਪੈਦਾਵਾਰੀ ਸਾਧਨਾਂ ਦਾ ਕੁਝ ਹੱਥਾਂ ਵਿੱਚ ਸਿਮਟ ਕੇ ਰਹਿ ਜਾਣਾ ਅਤੇ ਕਿਰਤ ਸ਼ਕਤੀ ਦੀ ਲੁੱਟ ਹੈ। ਇਸਦੇ ਹੱਲ ਲਈ ਉਸਨੇ ਪੈਦਾਵਾਰ ਦੇ ਸਾਧਨਾਂ ਦੇ ਸਮਾਜੀਕਰਨ ਦਾ ਵਿਗਿਆਨਕ ਸਿਧਾਂਤ ਦਿੱਤਾ, ਜੋ ਅੱਜ ਵੀ ਸਹੀ ਸਾਬਤ ਹੋ ਰਿਹਾ ਹੈ।
ਦੁਨੀਆਂ ਨੂੰ ਸੱਚ ਦਾ ਰਾਹ ਦਿਖਾਉਣ ਵਾਲੇ ਕਾਰਲ ਮਾਰਕਸ ਉੱਤੇ ਅਜਿਹੇ ਤੰਗੀ ਦੇ ਦਿਨ ਆਏ ਕਿ ਗਰੀਬੀ ਤੇ ਤੰਗੀ ਕਾਰਨ ਉਸਦੇ ਦੋ ਪੁੱਤਰਾਂ ਤੇ ਇੱਕ ਪੁੱਤਰੀ ਦੀ ਮੌਤ ਵੀ ਹੋ ਗਈ। ਛੋਟੀ ਪੁੱਤਰੀ ਦੀ ਮੌਤ ਹੋਈ ਤਾਂ ਮਾਰਕਸ ਕੋਲ ਉਸ ਨੂੰ ਦਫਨਾਉਣ ਲਈ ਵੀ ਕੋਈ ਸਾਧਨ ਨਹੀਂ ਸੀ। ਗਰੀਬੀ, ਕਰਜ਼ੇ ਅਤੇ ਪਤਨੀ ਦੀ ਬਿਮਾਰੀ ਨੇ ਉਸਦੀ ਹਾਲਤ ਅਜਿਹੀ ਕਰ ਦਿੱਤੀ ਕਿ ਕਈ ਵਾਰ ਉਸ ਨੂੰ ਆਪਣੇ ਕੱਪੜੇ ਗਹਿਣੇ ਕਰਕੇ ਕੰਮ ਚਲਾਉਣਾ ਪੈਂਦਾ। ਕਈ ਕਈ ਦਿਨ ਕੱਪੜੇ ਨਾ ਹੋਣ ਦੇ ਕਾਰਨ ਉਸਦੀਆਂ ਪੁੱਤਰੀਆਂ ਸਕੂਲ ਨਾ ਜਾ ਸਕਦੀਆਂ। ਗੁਜ਼ਾਰੇ ਦੇ ਇੱਕ ਮਾਤਰ ਸਾਧਨ ਵਜੋਂ ਕਾਰਲ ਮਾਰਕਸ ਨੇ ਅਮਰੀਕਾ ਦੇ ਇੱਕ ਅਖ਼ਬਾਰ ਲਈ ਲੇਖ ਲਿਖਣੇ ਸ਼ੁਰੂ ਕੀਤੇ। ਅਜਿਹੇ ਹਾਲਾਤ ਵਿੱਚ ਵੀ ਇਹ ਲੋਹ ਪੁਰਸ਼ ਡੋਲਿਆ ਨਹੀਂ ਅਤੇ ਉਸਨੇ ਆਪਣਾ ਮਿਸ਼ਨ ਪੂਰਾ ਕੀਤਾ।
ਕਾਰਲ ਮਾਰਕਸ ਨੇ ਪੂੰਜੀਵਾਦੀ ਸਮਾਜ ਦੀ ਆਰਥਿਕਤਾ ਦਾ ਵਿਗਿਆਨਕ ਵਿਸ਼ਲੇਸਣ ਕੀਤਾ ਅਤੇ ਇਸ ਨੂੰ ‘ਪੂੰਜੀ’ ਨਾਂ ਦੀ ਗ੍ਰੰਥ ਰੂਪੀ ਪੁਸਤਕ ਵਿੱਚ ਤਿੰਨ ਜਿਲਦਾਂ ਵਿੱਚ ਪ੍ਰਕਾਸ਼ਿਤ ਕਰਵਾਇਆ। ਇਸ ਤੋਂ ਇਲਾਵਾ ‘ਫਰਾਂਸ ਵਿੱਚ ਜਮਾਤੀ ਸੰਘਰਸ਼ 1848-1850’, ਫਰਾਂਸ ਵਿੱਚ ਗ੍ਰਹਿ ਯੁੱਧ, ਉਜਰਤੀ ਕਿਰਤ ਅਤੇ ਪੂੰਜੀ, ਉਜਰਤ ਕੀਮਤ ਅਤੇ ਮੁਨਾਫਾ, 1844 ਦੇ ਆਰਥਿਕ ਤੇ ਦਾਰਸ਼ਨਿਕ ਖਰੜੇ, ਲੂਈ ਬੋਨਾਪਾਰਟ ਦੀ ਅਠਾਰਵੀਂ ਬਰੂਮੇਰ, ਫਲਸਫ਼ੇ ਦੀ ਕੰਗਾਲੀ ਆਦਿ ਲਿਖਤਾਂ ਰਚ ਕੇ ਲੋਕਾਈ ਦੇ ਸਨਮੁਖ ਕੀਤੀਆਂ।
ਕਾਰਲ ਮਾਰਕਸ ਦੁਨੀਆਂ ਦੇ ਲੋਕਾਂ ਲਈ ਇੱਕ ਮਾਰਗ ਦਰਸ਼ਨ ਸੰਸਥਾ ਦਾ ਹੀ ਰੂਪ ਹੈ, ਜਿਸਨੇ ਸਾਰੀ ਜ਼ਿੰਦਗੀ ਦੁੱਖਾਂ ਵਿੱਚ ਬਤੀਤ ਕੀਤੀ ਪਰ ਲੋਕਾਂ ਨੂੰ ਜ਼ਿੰਦਗੀ ਜਿਊਣ ਦਾ ਰਸਤਾ ਦਿਖਾਇਆ। ਜ਼ਿੰਦਗੀ ਦੇ ਤਜਰਬੇ ਤੋਂ ਕਾਰਲ ਮਾਰਕਸ ਲਿਖਦੇ ਹਨ ਕਿ ‘ਵਿਗਿਆਨ ਲਈ ਰਾਹ ਕੋਈ ਸੌਖਾ ਨਹੀਂ ਹੈ ਅਤੇ ਕੇਵਲ ਉਹ ਹੀ, ਜਿਹੜੇ ਇਸਦੀਆਂ ਤਿੱਖੀਆਂ ਚੜ੍ਹਾਈਆਂ ਵਾਲੇ ਰਾਹਾਂ ਦੀ ਕਠਨ ਚੜ੍ਹਾਈ ਤੋਂ ਨਹੀਂ ਡਰਦੇ, ਇਸਦੀਆਂ ਉੱਚੀਆਂ ਰੌਸ਼ਨ ਚੋਟੀਆਂ ’ਤੇ ਪਹੁੰਚ ਸਕਦੇ ਹਨ।’ ਉਹ ਇਹ ਵੀ ਕਹਿੰਦੇ ਹਨ ਕਿ ‘ਜੇ ਕੋਈ ਵਿਅਕਤੀ ਕੇਵਲ ਆਪਣੇ ਆਪ ਲਈ ਹੀ ਕੰਮ ਕਰਦਾ ਹੈ, ਉਹ ਸ਼ਾਇਦ ਇੱਕ ਪ੍ਰਸਿੱਧ ਵਿਦਵਾਨ, ਇੱਕ ਵੱਡਾ ਸੰਤ, ਇੱਕ ਕਵੀ ਤਾਂ ਬਣ ਸਕਦਾ ਹੈ, ਪਰ ਉਹ ਇੱਕ ਪਰੀਪੂਰਨ, ਸੱਚਮੁੱਚ ਦਾ ਮਹਾਨ ਮਨੁੱਖ ਨਹੀਂ ਬਣ ਸਕਦਾ।’ ਇਸ ਮਹਾਨ ਮਨੁੱਖ ਦੀ 64 ਸਾਲ ਉਮਰ ਭੋਗਣ ਤੇ 14 ਮਾਰਚ 1883 ਨੂੰ ਲੰਡਨ ਵਿਖੇ ਮੌਤ ਹੋ ਗਈ, ਪ੍ਰੰਤੂ ਉਸਦਾ ਫਲਸਫ਼ਾ ਅੱਜ ਦੁਨੀਆਂ ਭਰ ਵਿੱਚ ਸੂਰਜ ਵਾਂਗ ਚਮਕ ਰਿਹਾ ਹੈ।
ਕਰੀਬ ਪੌਣੇ ਦੋ ਸੌ ਸਾਲ ਗੁਜ਼ਰ ਜਾਣ ਦੇ ਬਾਵਜੂਦ ਵੀ ਕਾਰਲ ਮਾਰਕਸ ਦੇ ਵਿਚਾਰ ਝੁਠਲਾਏ ਨਹੀਂ ਜਾ ਸਕੇ। ਅੱਜ ਵੀ ਬੁਰਜੂਆ ਪੂੰਜੀਵਾਦ ਵਧ ਫੁੱਲ ਰਿਹਾ ਹੈ ਅਤੇ ਗਰੀਬ ਲੋਕਾਂ ਦੀ ਕਿਰਤ ਦੀ ਲੁੱਟ ਹੋ ਰਹੀ ਹੈ, ਬੇਰੁਜ਼ਗਾਰੀ ਲਗਾਤਾਰ ਵਧ ਰਹੀ ਹੈ। ਦੁਨੀਆਂ ਆਰਥਿਕ ਮੰਦੀ ਦਾ ਸ਼ਿਕਾਰ ਹੋ ਰਹੀ ਹੈ ਅਤੇ ਪੂੰਜੀ ਕੁਝ ਗਿਣਤੀ ਦੇ ਅਮੀਰ ਲੋਕਾਂ ਕੋਲ ਇਕੱਠੀ ਹੋ ਰਹੀ ਹੈ। ਜੇਕਰ ਇਨ੍ਹਾਂ ਹਾਲਾਤ ’ਤੇ ਵਿਚਾਰ ਕਰੀਏ ਤਾਂ ਮਹਾਨ ਫਿਲਾਸਫਰ ਕਾਰਲ ਮਾਰਕਸ ਦੇ ਸਿਧਾਂਤ ਨੂੰ ਅਪਣਾਉਣ ਦੀ ਲੋੜ ਮਹਿਸੂਸ ਹੋ ਰਹੀ ਹੈ। ਪਰ ਪੂੰਜੀਪਤੀ ਗਰੀਬ ਲੋਕਾਂ ਨੂੰ ਕੁਝ ਮੁਫ਼ਤ ਦੀਆਂ ਸਹੂਲਤਾਂ ਮੁਹਈਆ ਕਰਕੇ ਅਤੇ ਧਾਰਮਿਕ ਆਗੂਆਂ ਨੂੰ ਸ਼ਹਿ ਦੇ ਕੇ ਉਹਨਾਂ ਰਾਹੀਂ ਆਮ ਲੋਕਾਂ ਨੂੰ ਧਰਮਾਂ ਵਿੱਚ ਇਸ ਕਦਰ ਉਲਝਾ ਕੇ ਰੱਖ ਰਹੇ ਹਨ ਕਿ ਲੋਕਾਂ ਨੂੰ ਆਪਣੇ ਹੱਕਾਂ ਦੀ ਪ੍ਰਾਪਤੀ ਜਾਂ ਪੂੰਜੀਪਤੀਆਂ ਵੱਲੋਂ ਕੀਤੀ ਜਾਂਦੀ ਲੁੱਟ ਦਾ ਖਿਆਲ ਹੀ ਨਹੀਂ ਆਉਣ ਦਿੰਦੇ।
ਕਾਰਲ ਮਾਰਕਸ ਦਾ ਫ਼ਲਸਫ਼ਾ ਮਾਰਕਸਵਾਦ, ਅਸਲ ਵਿੱਚ ਸਮਾਜਿਕ, ਰਾਜਨੀਤਕ ਅਤੇ ਆਰਥਿਕ ਦਰਸ਼ਨ ਹੈ, ਜੋ ਉਤਪਾਦਕਤਾ ਅਤੇ ਆਰਥਿਕ ਵਿਕਾਸ ਲਈ ਪੂੰਜੀਵਾਦ ਨੂੰ ਸਮਾਜਵਾਦੀ ਵਿਵਸਥਾ ਵਿੱਚ ਬਦਲਣ ਲਈ ਇਨਕਲਾਬ ਦਾ ਰਾਹ ਵਿਖਾਉਂਦਾ ਹੈ। ਇਹ ਪੱਥਰ ਉੱਤੇ ਲਕੀਰ ਵਰਗਾ ਇੱਕ ਸੱਚ ਹੈ ਕਿ ਜੇਕਰ ਅਮੀਰ ਗਰੀਬ ਦਾ ਪਾੜਾ ਖਤਮ ਕਰਨਾ ਹੈ ਅਤੇ ਆਰਥਿਕ ਮੰਦੀ ਨੂੰ ਕਾਬੂ ਕਰਨਾ ਹੈ ਤਾਂ ਕਾਰਲ ਮਾਰਕਸ ਦੇ ਸਿਧਾਂਤ ’ਤੇ ਗੌਰ ਕਰਕੇ ਬੁਰਜੂਆ ਜਮਾਤ ਵਿਰੁੱਧ ਲੜਾਈ ਲੜਨੀ ਹੀ ਪਵੇਗੀ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)