“ਸਾਜ਼ਿਸ਼ਕਾਰੀਆਂ ਦੇ ਹਮਲਿਆਂ ਕਾਰਨ ਪੈਦਾ ਹੋਏ ਇਸ ਵੱਡੇ ਡਰ ਅਤੇ ਖਦਸ਼ੇ ਨੂੰ ਦੇਖਦਿਆਂ ਸਰਕਾਰਾਂ ਅਤੇ ਪੰਜਾਬੀਆਂ ਨੂੰ ...”
(20 ਫਰਵਰੀ 2024)
ਇਸ ਸਮੇਂ ਪਾਠਕ: 508.
ਪੰਜਾਬੀਓ! ਮਾਤ ਭਾਸ਼ਾ ’ਤੇ ਹੋ ਰਹੇ ਹਮਲਿਆਂ ਦਾ ਸੁਚੇਤ ਹੋ ਕੇ ਮੁਕਾਬਲਾ ਕਰੋ।
ਹਰ ਵਿਅਕਤੀ ਦੇ ਜੀਵਨ ਵਿੱਚ ਮਾਤ ਭਾਸ਼ਾ ਦਾ ਬਹੁਤ ਵੱਡਾ ਮਹੱਤਵ ਹੈ। ਮਾਤ ਭਾਸ਼ਾ ਬੱਚੇ ਦੀ ਅਸਲ ਭਾਸ਼ਾ ਹੁੰਦੀ ਹੈ, ਜਿਸ ਵਿੱਚ ਮਾਂ ਬੱਚੇ ਨੂੰ ਲੋਰੀਆਂ ਅਤੇ ਪਿਆਰ ਦਿੰਦੀ ਹੈ। ਮਾਂ ਬੋਲੀ ਬੱਚੇ ਨੂੰ ਅਸਾਨੀ ਨਾਲ ਸਮਝ ਪੈ ਜਾਂਦੀ ਹੈ ਅਤੇ ਕੀਤੀ ਜਾਣ ਵਾਲੀ ਹਰ ਗੱਲ ਦੇ ਅਰਥ ਸੌਖ ਨਾਲ ਹੀ ਉਸਦੇ ਹਿਰਦੇ ਵਿੱਚ ਜਜ਼ਬ ਹੋ ਜਾਂਦੇ ਹਨ। ਜੋ ਬੱਚੇ ਆਪਣੀ ਮਾਤ ਭਾਸ਼ਾ ਛੱਡ ਕੇ ਹੋਰ ਭਾਸ਼ਾਵਾਂ ਵਿੱਚ ਗਿਆਨ ਹਾਸਲ ਕਰਦੇ ਹਨ, ਉਹ ਅਰਥ ਤਾਂ ਸਮਝ ਜਾਂਦੇ ਹਨ ਪ੍ਰੰਤੂ ਬੋਲੇ ਫਿਕਰੇ ਦਾ ਮਾਨਸਿਕ, ਭਾਵਨਾਤਮਿਕ ਜਾਂ ਜਜ਼ਬਾਤੀ ਪੱਧਰ ਸਮਝਣ ਤੋਂ ਸੱਖਣੇ ਰਹਿ ਜਾਂਦੇ ਹਨ। ਮਾਂ ਬੋਲੀ ਕਿਸੇ ਧਰਮ, ਜਾਤ ਕੌਮ ਦੀ ਨਹੀਂ ਇੱਕ ਖਿੱਤੇ ਦੀ ਹੁੰਦੀ ਹੈ ਅਤੇ ਸਭ ਦੀ ਸਾਂਝੀ ਹੁੰਦੀ ਹੈ, ਜਿੱਥੇ ਵਸਣ ਵਾਲੇ ਸਾਰੇ ਹੀ ਲੋਕ ਉਸ ਨੂੰ ਸਮਝਦੇ ਅਤੇ ਮਾਣਦੇ ਹਨ।
ਇਹ ਵੀ ਇੱਕ ਸਚਾਈ ਹੈ ਕਿ ਮਾਤ ਭਾਸ਼ਾ ਬਿਨਾਂ ਨਾ ਆਨੰਦ ਮਿਲਦਾ ਹੈ ਨਾ ਵਿਸਥਾਰ ਹੁੰਦਾ ਹੈ ਅਤੇ ਨਾ ਹੀ ਜੀਵਨ ਨੂੰ ਰੌਸ਼ਨ ਬਣਾਉਣ ਵਾਲੀਆਂ ਯੋਜਨਾਵਾਂ ਪ੍ਰਫੁੱਲਤ ਕੀਤੀਆਂ ਜਾ ਸਕਦੀਆਂ ਹਨ। ਇੱਥੇ ਹੀ ਬੱਸ ਨਹੀਂ, ਇਨਸਾਨ ਮਾਤ ਭਾਸ਼ਾ ਬਗੈਰ ਕਿਸੇ ਕੋਲ ਨਾ ਆਪਣੇ ਦੁਖੜੇ ਸਹੀ ਅਰਥਾਂ ਵਿੱਚ ਬਿਆਨ ਕਰ ਸਕਦਾ ਹੈ ਅਤੇ ਨਾ ਹੀ ਆਪਣੀਆਂ ਖੁਸ਼ੀਆਂ ਸਾਂਝੀਆਂ ਕਰ ਸਕਦਾ ਹੈ। ਤਰੱਕੀ ਕਰਨ ਦੇ ਇਰਾਦੇ ਅਤੇ ਵਿਦੇਸ਼ਾਂ ਵਿੱਚ ਜਾਣ ਦੀ ਲਾਲਸਾ ਕਾਰਨ ਹੋਰ ਭਾਸ਼ਾਵਾਂ ਖਾਸਕਰ ਅੰਗਰੇਜ਼ੀ ਵੱਲ ਰੁਚੀ ਵਧੀ ਹੋਈ ਹੈ। ਮਾਂ ਬੋਲੀ ਤੋਂ ਹੋਈ ਦੂਰੀ ਦਾ ਦੁੱਖ ਉਸ ਸਮੇਂ ਮਹਿਸੂਸ ਹੁੰਦਾ ਹੈ, ਜਦੋਂ ਵਿਦੇਸ਼ਾਂ ਵਿੱਚ ਪੰਜਾਬੀ ਬੋਲਣ ਵਾਲਾ ਮਿਲਦਾ ਹੈ। ਉਸ ਵਿਅਕਤੀ ਨੂੰ ਇਉਂ ਲਗਦਾ ਹੈ, ਜਿਵੇਂ ਉਸ ਦਾ ਦੁਬਾਰਾ ਜਨਮ ਹੋਇਆ ਹੋਵੇ।
ਹਰ ਦੇਸ, ਹਰ ਖਿੱਤੇ, ਹਰ ਰਾਜ ਦੀ ਵੱਖਰੀ ਭਾਸ਼ਾ ਹੈ। ਦੁਨੀਆਂ ਭਰ ਵਿੱਚ ਇਸ ਸਮੇਂ ਕਰੀਬ 6900 ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਜੇਕਰ ਭਾਰਤ ਦੀ ਗੱਲ ਕਰੀਏ ਤਾਂ ਇੱਥੇ 427 ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ, ਜਿਹਨਾਂ ਵਿੱਚ ਇਲਾਕਿਆਂ ਜਾਂ ਦੇਸ ਦੀ ਭਾਸ਼ਾ ਤੋਂ ਇਲਾਵਾ ਵਿਦੇਸ਼ੀ ਭਾਸ਼ਾਵਾਂ ਵੀ ਸ਼ਾਮਲ ਹਨ। ਪੰਜਾਬ ਵਿੱਚ ਸਾਡੀ ਮਾਤ ਭਾਸ਼ਾ ਪੰਜਾਬੀ ਹੈ, ਜੋ ਸਾਡੇ ਰਾਜ ਤੋਂ ਇਲਾਵਾ ਬਹੁਤ ਸਾਰੇ ਹੋਰ ਰਾਜਾਂ, ਦੇਸ਼ਾਂ ਵਿੱਚ ਵੀ ਬੋਲੀ ਜਾਂਦੀ ਹੈ। ਇਸ ਸਮੇਂ ਪੰਜਾਬੀ ਬੋਲਣ ਵਾਲੇ ਲੋਕਾਂ ਦੀ ਗਿਣਤੀ 11 ਕਰੋੜ ਤੋਂ ਵੱਧ ਹੈ ਅਤੇ ਇਹ ਦੁਨੀਆਂ ਦੀਆਂ ਭਾਸ਼ਾਵਾਂ ਵਿੱਚ ਦਸਵੇਂ ਸਥਾਨ ’ਤੇ ਪਹੁੰਚ ਚੁੱਕੀ ਹੈ। ਕੈਨੇਡਾ ਅਮਰੀਕਾ ਵਿੱਚ ਵੀ ਅਜਿਹੇ ਰਾਜ ਜਾਂ ਖਿੱਤੇ ਹਨ, ਜਿੱਥੇ ਸੜਕਾਂ, ਬਜ਼ਾਰਾਂ ਜਾਂ ਟੈਕਸੀ ਸਟੈਡਾਂ ’ਤੇ ਪੰਜਾਬੀ ਵਿੱਚ ਬੋਰਡ ਲੱਗੇ ਹੋਏ ਹਨ, ਜੋ ਮਾਣ ਵਾਲੀ ਗੱਲ ਹੈ।
ਆਪਣੇ ਦੇਸ਼ ਅਤੇ ਆਪਣੀ ਮਾਤ ਭੂਮੀ ਤੋਂ ਦੂਰ ਵੱਖ ਵੱਖ ਦੇਸ਼ਾਂ ਵਿੱਚ ਬੈਠੇ ਪੰਜਾਬੀ ਆਪਣੀ ਮਾਤ ਭਾਸ਼ਾ ਸੰਬੰਧੀ ਦਰਦ ਨੂੰ ਮਹਿਸੂਸ ਕਰਦੇ ਹੋਏ ਇਸਦੇ ਵਿਕਾਸ ਅਤੇ ਤਰੱਕੀ ਲਈ ਪੂਰੀ ਸੁਹਿਰਦਤਾ ਨਾਲ ਯਤਨ ਕਰ ਰਹੇ ਹਨ, ਪਰ ਪੰਜਾਬ ਵਿੱਚ ਸਥਿਤੀ ਇਸਦੇ ਉਲਟ ਦਿਖਾਈ ਦੇ ਰਹੀ ਹੈ। ਪੰਜਾਬ ਦੇ ਮੁੱਖ ਮੰਤਰੀ ਸ੍ਰੀ ਲਛਮਣ ਸਿੰਘ ਗਿੱਲ ਨੇ ਮਾਤ ਭਾਸ਼ਾ ਦਾ ਮਹੱਤਵ ਸਮਝਦਿਆਂ 30 ਦਸੰਬਰ 1967 ਨੂੰ ਇੱਕ ਨੋਟੀਫਿਕੇਸ਼ਨ ਜਾਰੀ ਕਰਕੇ ਸੂਬੇ ਵਿੱਚ ਪੰਜਾਬੀ ਲਾਗੂ ਕਰਨ ਦੇ ਆਦੇਸ਼ ਦਿੱਤੇ ਸਨ ਅਤੇ ਉਸ ਤੋਂ ਬਾਅਦ 2008 ਵਿੱਚ ਰਾਜ ਭਾਸ਼ਾ ਐਕਟ ਰਾਹੀਂ ਸਰਕਾਰੀ ਦਫਤਰਾਂ ਵਿੱਚ ਪੰਜਾਬੀ ਲਾਗੂ ਕਰਨ ਦੇ ਹੁਕਮ ਜਾਰੀ ਕੀਤੇ ਗਏ ਸਨ ਪਰ ਇਹ ਆਦੇਸ਼ ਸਿਰਫ਼ ਕਾਗਜ਼ਾਂ ਤਕ ਹੀ ਸੀਮਤ ਹੋ ਕੇ ਰਹਿ ਗਏ ਹਨ।
ਦਫਤਰਾਂ ਵਿੱਚ ਕੰਮ ਕਰਦੇ ਮੁਲਾਜ਼ਮ ਮਾਤ ਭਾਸ਼ਾ ਦੀ ਥਾਂ ਅੰਗਰੇਜ਼ੀ ਜਾਂ ਹਿੰਦੀ ਵਿੱਚ ਕੰਮ ਕਰਨ ਨੂੰ ਆਪਣੀ ਸ਼ਾਨ ਸਮਝਦੇ ਹਨ। ਇੱਥੇ ਹੀ ਬੱਸ ਨਹੀਂ, ਘਰਾਂ ਵਿੱਚ ਵੀ ਗੱਲ ਕਰਦਿਆਂ ਵਿੱਚ ਵਿੱਚ ਅੰਗਰੇਜ਼ੀ ਸ਼ਬਦ ਬੋਲ ਕੇ ਇਹ ਵਿਖਾਵਾ ਕੀਤਾ ਜਾਂਦਾ ਹੈ ਕਿ ਉਹ ਵੱਧ ਪੜ੍ਹੇ ਹੋਏ ਹਨ। ਅੱਜ ਮਾਵਾਂ ਵੀ ਅੰਗਰੇਜ਼ੀ ਨਾ ਆਉਂਦੀ ਹੋਣ ਦੇ ਬਾਵਜੂਦ ਬੱਚੇ ਨੂੰ ਕਹਿੰਦੀਆਂ ਹਨ, “ਬੇਟੇ ਨੋਜ਼ੀ ਸਾਫ਼ ਕਰ ਲੈ।” ਕਿੱਡੇ ਦੁੱਖ ਦੀ ਗੱਲ ਹੈ ਮਾਤ ਭਾਸ਼ਾ, ਜਿਸਦਾ ਪਹਿਲਾ ਸ਼ਬਦ ਮਾਂ ਹੈ ਉਹ ਵੀ ਬੱਚੇ ਨੂੰ ਜਨਮ ਤੋਂ ਹੀ ਮਾਤ ਭਾਸ਼ਾ ਤੋਂ ਦੂਰ ਹੋਣ ਦਾ ਸੁਨੇਹਾ ਦਿੰਦੀ ਹੈ।
ਇਹ ਸੱਚ ਹੈ ਕਿ ਜਿਸ ਇਨਸਾਨ ਨੇ ਆਪਣੀ ਮਾਤ ਭਾਸ਼ਾ ਦਾ ਤਿਆਗ ਕਰ ਦਿੱਤਾ, ਉਸ ਦਾ ਜੀਵਨ ਅਧੂਰਾ ਰਹਿ ਜਾਂਦਾ ਹੈ, ਉਸਦਾ ਪੰਧ ਅਧਵਾਟੇ ਹੀ ਰੁਕ ਜਾਂਦਾ ਹੈ। ਉਹ ਭਾਵੇਂ ਕਮਾਈ ਤਾਂ ਬਹੁਤ ਕਰ ਲਵੇ, ਪਰ ਉਸਦੇ ਜੀਵਨ ਦਾ ਮਕਸਦ ਪੂਰਾ ਨਹੀਂ ਹੁੰਦਾ। ਇਹੋ ਕਾਰਨ ਹੈ ਅੱਜ ਬਹੁਤ ਸਾਰੇ ਅਜਿਹੇ ਦੇਸ਼ ਹਨ, ਜਿੱਥੋਂ ਦੇ ਲੋਕ ਮਾਂ ਬੋਲੀ ਦਾ ਮਹੱਤਵ ਸਮਝਦਿਆਂ, ਆਪਣੇ ਨਾਲ ਝਗੜਣ ਵਾਲੇ ਨੂੰ ਸਰਾਪ ਜਾਂ ਗਾਲ੍ਹ ਹੀ ਇਉਂ ਦਿੰਦੇ ਹਨ, “ਜਾਹ ਤੂੰ ਆਪਣੀ ਮਾਂ ਬੋਲੀ ਭੁੱਲ ਜਾਵੇਂ।” ਜਿਹੜੇ ਲੋਕ ਆਪਣੀ ਮਾਂ ਬੋਲੀ ਨੂੰ ਜਿਊਂਦਾ ਰੱਖਣ ਲਈ ਹਮੇਸ਼ਾ ਤਤਪਰ ਹਨ, ਉਹਨਾਂ ਦਾ ਖੇਤਰ ਵੀ ਵਧੇਰੇ ਉੱਨਤ ਹੁੰਦਾ ਹੈ ਅਤੇ ਉਹ ਹਰ ਪੱਖੋਂ ਸਫ਼ਲ ਵੀ ਰਹਿੰਦੇ ਹਨ। ਭਾਰਤ ਵਿੱਚ ਵੀ ਜੇਕਰ ਤਾਮਿਲਨਾਡੂ, ਕੇਰਲ ਆਦਿ ਰਾਜਾਂ ਦੀ ਗੱਲ ਕਰੀਏ, ਜਿੱਥੇ ਲੋਕ ਦੇਸ਼ ਦੇ ਸਭ ਤੋਂ ਵੱਧ ਪੜ੍ਹੇ ਲਿਖੇ ਹਨ, ਉਹ ਆਪਸ ਵਿੱਚ ਗੱਲਬਾਤ ਕਰਦਿਆਂ ਆਪਣੀ ਮਾਤ ਭਾਸ਼ਾ ਦੀ ਹੀ ਵਰਤੋਂ ਕਰਦੇ ਹਨ, ਇਸ ਲਈ ਉਹ ਵਧੇਰੇ ਉੱਨਤ ਹਨ। ਪਰ ਪੰਜਾਬੀ ਨੂੰ ਖਤਮ ਕਰਨ ਦੀਆਂ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਹਨ।
ਪੰਜਾਬੀ ਮਾਂ ਬੋਲੀ ਨੂੰ ਖਤਮ ਕਰਨ ਪਿੱਛੇ ਕਿਹੜੇ ਸਾਜ਼ਿਸ਼ਕਾਰ ਹਨ? ਇਹ ਇੱਕ ਵੱਖਰਾ ਵਿਸ਼ਾ ਹੈ, ਪਰ ਅੱਜ ਜੋ ਸਾਡੇ ਰਾਜ ਦੇ ਸਕੂਲਾਂ ਵਿੱਚ ਹੋ ਰਿਹਾ ਹੈ, ਉਸ ਬਾਰੇ ਹੀ ਚਰਚਾ ਕਰੀਏ। ਪੰਜਾਬ ਦੇ ਵਧੇਰੇ ਪਬਲਿਕ ਸਕੂਲ ਅਜਿਹੇ ਹਨ, ਜਿੱਥੇ ਮਾਂ ਬੋਲੀ ਪੰਜਾਬੀ ਪੜ੍ਹਾਈ ਹੀ ਨਹੀਂ ਜਾਂਦੀ। ਬੱਚਿਆਂ ਉੱਤੇ ਇਹ ਪਾਬੰਦੀ ਆਇਦ ਕੀਤੀ ਹੋਈ ਹੈ ਕਿ ਉਹਨਾਂ ਇੱਕ ਦੂਜੇ ਨਾਲ ਹਿੰਦੀ ਜਾਂ ਅੰਗਰੇਜ਼ੀ ਭਾਸ਼ਾ ਵਿੱਚ ਹੀ ਗੱਲ ਕਰਨੀ ਹੈ। ਜੇ ਕੋਈ ਬੱਚਾ ਪੰਜਾਬੀ ਬੋਲ ਬੈਠੇ ਤਾਂ ਦੂਜੇ ਵਿਦਿਆਰਾਥੀ ਉਸਦੀ ਸ਼ਿਕਾਇਤ ਅਧਿਆਪਕਾਂ ਕੋਲ ਕਰਦੇ ਹਨ ਅਤੇ ਪੰਜਾਬੀ ਬੋਲਣ ਵਾਲੇ ਨੂੰ ਝਿੜਕਾਂ ਮਿਲਦੀਆਂ ਹਨ।
ਇੱਥੇ ਹੀ ਬੱਸ ਨਹੀਂ! ਮਾਤ ਭਾਸ਼ਾ ਬੋਲਣ ਵਾਲੇ ਨੂੰ “ਪੰਜਾਬੀ ਬੋਲਣ ਵਾਲਾ” ਕਹਿ ਕੇ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕਰਕੇ ਚਿੜਾਇਆ ਜਾਂਦਾ ਹੈ। ਬੱਚਿਆਂ ਦੇ ਮਾਂ ਬਾਪ ਨੂੰ ਸਕੂਲਾਂ ਵਿੱਚ ਬੁਲਾ ਕੇ ਮੈਨੇਜਮੈਟ ਵੱਲੋਂ ਕਥਿਤ ਤੌਰ ’ਤੇ ਇਹ ਹਦਾਇਤ ਕੀਤੀ ਜਾਂਦੀ ਹੈ ਕਿ ਘਰਾਂ ਵਿੱਚ ਉਹ ਬੱਚਿਆਂ ਨਾਲ ਹਿੰਦੀ ਜਾਂ ਅੰਗਰੇਜ਼ੀ ਵਿੱਚ ਹੀ ਗੱਲ ਕਰਨ। ਇਹ ਘਟਨਾਵਾਂ ਪੰਜਾਬੀ ਦੀ ਘੱਟ ਗਿਣਤੀ ਵਾਲੇ ਕਿਸੇ ਰਾਜ ਦੀਆਂ ਨਹੀਂ, ਪੰਜਾਬ ਦੀਆਂ ਹਨ, ਜਿੱਥੇ ਹਰ ਧਰਮ ਅਤੇ ਹਰ ਜਾਤ ਦੇ ਲੋਕ ਘਰਾਂ ਵਿੱਚ ਪੰਜਾਬੀ ਬੋਲਦੇ ਅਤੇ ਪੜ੍ਹਦੇ ਹਨ ਅਤੇ ਜਿਸ ਧਰਤੀ ’ਤੇ ਮਾਤ ਭਾਸ਼ਾ ਪੰਜਾਬੀ ਦਾ ਜਨਮ ਹੋਇਆ ਹੈ।
ਲਿਖਣ ਦਾ ਮਕਸਦ ਇਹ ਨਹੀਂ ਕਿ ਅਸੀਂ ਬੱਚਿਆਂ ਜਾਂ ਰਾਜ ਦੀ ਤਰੱਕੀ ਨਹੀਂ ਚਾਹੁੰਦੇ। ਉਹਨਾਂ ਦੁਨੀਆਂ ਭਰ ਦੇ ਬੱਚਿਆਂ ਦਾ ਮੁਕਾਬਲਾ ਕਰਨਾ ਹੈ ਤਾਂ ਉੱਚ ਅੰਗਰੇਜ਼ੀ ਸਿੱਖਣੀ ਹੀ ਪਵੇਗੀ। ਲਿਖਣ ਦਾ ਮਕਸਦ ਹਿੰਦੀ ਜਾਂ ਅੰਗਰੇਜ਼ੀ ਸਿੱਖਣ ਦਾ ਵਿਰੋਧ ਨਹੀਂ, ਪਰ ਮਾਂ ਬੋਲੀ ਨੂੰ ਭੁਲਾਉਣ ਲਈ ਵਰਤੀਆਂ ਜਾ ਰਹੀਆਂ ਸਾਜ਼ਿਸ਼ਾਂ ਪ੍ਰਤੀ ਦੁੱਖ ਅਤੇ ਚਿੰਤਾ ਜ਼ਰੂਰ ਹੈ।
ਮਾਤ ਭਾਸ਼ਾ ਪੰਜਾਬੀ ’ਤੇ ਹੋ ਰਹੇ ਹਮਲੇ ਇਸ ਲਈ ਚਿੰਤਾ ਪ੍ਰਗਟ ਕਰਦੇ ਹਨ ਕਿ ਇਸਦਾ ਹਾਲ ਅਮਰੀਕਾ ਦੇ ਮੀਵੁਕਾ ਕਬੀਲੇ ਦੇ ਲੋਕਾਂ ਦੀ ਮੂਲ ਭਾਸ਼ਾ ‘ਮੀਵੁਕਾ’ ਵਾਲਾ ਹੀ ਨਾ ਹੋ ਜਾਵੇ। ਯੋਸੇਮਿਤੀ ਵਾਦੀ ਵਿੱਚ ਉਸ ਕਬੀਲੇ ਨੂੰ ਖਤਮ ਕਰਨ ਦੇ ਇਰਾਦੇ ਨਾਲ ਵਿਰੋਧੀ ਡਾਢਿਆਂ ਨੇ ਉਹਨਾਂ ਦੇ ਸਭ ਤੋਂ ਵੱਡੇ ਪਿੰਡ ਆਵਾਹਨੀ ਨੂੰ ਨੇਸਤੋ ਨਾਬੂਦ ਹੀ ਕਰ ਦਿੱਤਾ ਸੀ। 19ਵੀਂ ਸਦੀ ਇਸ ਕਬੀਲੇ ਦੇ ਕੇਵਲ ਦਸ ਫੀਸਦੀ ਲੋਕ ਬਚੇ ਸਨ ਜੋ ਆਪਣੀ ਮੂਲ ਭਾਸ਼ਾ ਮੀਵੁਕਾ ਬੋਲਦੇ ਸਨ। 1990 ਵਿੱਚ ਇਸ ਕਬੀਲੇ ਦੀ ਆਪਣੀ ਮੂਲ ਭਾਸ਼ਾ ਬੋਲਣ ਵਾਲੇ ਕੇਵਲ 6 ਵਿਅਕਤੀ ਰਹਿ ਗਏ ਸਨ ਅਤੇ ਅੱਜ ਕੋਈ ਵਿਅਕਤੀ ਇਹ ਭਾਸ਼ਾ ਬੋਲਣ ਵਾਲਾ ਨਹੀਂ ਰਿਹਾ। ਡਰ ਲਗਦਾ ਹੈ ਸਾਜ਼ਿਸ਼ਾਂ ਦੀ ਸ਼ਿਕਾਰ ਸਾਡੀ ਮਾਤ ਭਾਸ਼ਾ ਪੰਜਾਬੀ ਦਾ ਹਾਲ ਵੀ ਅਜਿਹਾ ਨਾ ਹੋ ਜਾਵੇ।
ਸੋ ਸਾਜ਼ਿਸ਼ਕਾਰੀਆਂ ਦੇ ਹਮਲਿਆਂ ਕਾਰਨ ਪੈਦਾ ਹੋਏ ਇਸ ਵੱਡੇ ਡਰ ਅਤੇ ਖਦਸ਼ੇ ਨੂੰ ਦੇਖਦਿਆਂ ਸਰਕਾਰਾਂ ਅਤੇ ਪੰਜਾਬੀਆਂ ਨੂੰ ਸੁਚੇਤ ਹੋਣਾ ਚਾਹੀਦਾ ਹੈ। ਬਹੁਗਿਣਤੀ ਪੰਜਾਬੀ ਵਾਲੇ ਰਾਜ ਦੇ ਹਰ ਸਕੂਲ ਵਿੱਚ ਮੁਢਲੀ ਸਿੱਖਿਆ ਮਾਤ ਭਾਸ਼ਾ ਤੋਂ ਸ਼ੁਰੂ ਕੀਤੀ ਜਾਣੀ ਚਾਹੀਦੀ ਹੈ ਅਤੇ ਹਿੰਦੀ, ਅੰਗਰੇਜ਼ੀ ਨਾਲੋ ਨਾਲ ਪੜ੍ਹਾ ਕੇ ਬੱਚਿਆਂ ਨੂੰ ਦੁਨੀਆਂ ਦੇ ਬੱਚਿਆਂ ਦੇ ਮੁਕਾਬਲੇ ਖੜ੍ਹਾ ਕਰਨਾ ਚਾਹੀਦਾ ਹੈ। ਰਾਜ ਸਰਕਾਰਾਂ ਨੂੰ ਚਾਹੀਦਾ ਹੈ ਕਿ ਉਹ ਮਾਤ ਭਾਸ਼ਾ ਖਤਮ ਕਰਨ ਵਾਲੀਆਂ ਨਾਪਾਕ ਸਾਜ਼ਿਸ਼ਾਂ ਨੂੰ ਧਿਆਨ ਵਿੱਚ ਰੱਖਦਿਆਂ ਪਬਲਿਕ ਸਕੂਲਾਂ ਵਿੱਚ ਸ਼ੁਰੂ ਤੋਂ ਪੰਜਾਬੀ ਵਿਸ਼ਾ ਸਖਤੀ ਨਾਲ ਲਾਗੂ ਕਰਵਾਉਣ। ਮਾਪਿਆਂ ਦਾ ਵੀ ਫਰਜ਼ ਬਣਦਾ ਹੈ ਕਿ ਮਾਤ ਭਾਸ਼ਾ ਉੱਤੇ ਜੋ ਵੱਡਾ ਸਾਜਿਸ਼ਕਾਰੀ ਹਮਲਾ ਹੋ ਰਿਹਾ ਹੈ, ਉਸਦਾ ਡਟ ਕੇ ਮੁਕਾਬਲਾ ਕਰਨ ਅਤੇ ਪੂਰੀ ਦ੍ਰਿੜ੍ਹਤਾ ਨਾਲ ਘਰਾਂ ਅਤੇ ਸਕੂਲਾਂ ਵਿੱਚ ਮਾਂ ਬੋਲੀ ਦੀ ਰਾਖੀ ਕਰਨ ਲਈ ਮੋਹਰੇ ਆਉਣ।
ਹਿਰਦੇ ਨੂੰ ਟੁੰਬਣ ਵਾਲੀਆਂ ਸਤਰਾਂ ਯਾਦ ਆਈਆਂ, ਜਿਸ ਵਿੱਚ ਮਾਤ ਭਾਸ਼ਾ ਦੀ ਅਹਿਮੀਅਤ ਦੀ ਗੱਲ ਕਰਦਿਆਂ ਦੁਨੀਆਂ ਦੇ ਮਹਾਨ ਫਿਲਾਸਫਰ ਤੇ ਕਵੀ ਰਸੂਲ ਹਮਜ਼ਾਤੋਵ ਨੇ ਮੁਰਦੇ ਵਿੱਚ ਜਾਨ ਪਾਉਣ ਵਾਲੀ ਕਰਾਰ ਦਿੰਦਿਆਂ ਇਉਂ ਪ੍ਰਗਟ ਕੀਤਾ ਹੈ:
ਅਧਮੋਇਆ, ਮੈਂ ਮਾਂ ਬੋਲੀ ਦੀ ਧੁਨੀ ਸੁਣੀ,
ਜਾਨ ਪਈ, ਤੋਂ ਇਸ ਚਾਨਣ ਦੀ ਆਈ ਘੜੀ,
ਕਿ ਮੇਰੇ ਦੁੱਖਾਂ ਦਾ ਦਾਰੂ ਮਾਂ ਬੋਲੀ,
ਨਾ ਕੋਈ ਵੈਦ ਹਕੀਮ, ਨਾ ਕੋਈ ਜਾਦੂਗਰੀ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4738)
(ਸਰੋਕਾਰ ਨਾਲ ਸੰਪਰਕ ਲਈ: (