“ਤੂੰ ਪੀੜ੍ਹੀ ਤੋਰਦੀ ਹੈਂ ... ਪਰਿਵਾਰ ਜੋੜਦੀ ਹੈਂ ... ਸਮਾਜ ਤੋਰਦੀ ਹੈਂ ... ਸਭ ਦਾ ਭਲਾ ਲੋੜਦੀ ਹੈਂ ... ਪਰ ਅਜੇ ਵੀ ...”
(5 ਮਈ 2024)
ਇਸ ਸਮੇਂ ਪਾਠਕ: 190.
1. ਸ਼ਾਇਰ ਉਦਾਸ ਹੈ
ਧਰਤੀ ਦੀ ਹਿੱਕ ’ਤੇ
ਰੇਹ ਪਾਣੀ ਦੀ ਫੇਰ ਕੇ ਗਾਚੀ
ਸੁਹਾਗੇ ਨਾਲ ਪੋਚਾ ਫੇਰ
ਤਿਆਰ ਕੀਤੀ ਫੱਟੀ
ਸਾਹਿਤ ਰਚਣ ਲਈ।
ਪੋਰ ਵਾਲੀ ਕਲਮ ਉਠਾਈ
ਬੀਜ ਵਾਲੀ ਵਿੱਚ ਸਿਆਹੀ ਪਾਈ
ਵਾਹੀਆਂ ਲਕੀਰਾਂ
ਵਾਂਗ ਫ਼ਕੀਰਾਂ
ਇਹ ਸਿਰਫ਼ ਓਰੇ ਨਹੀਂ
ਇਹ ਘੋਰ ਕੰਡੇ ਨਹੀਂ
ਇਹ ਸ਼ਬਦਾਂ ਦੀਆਂ ਸਤਰਾਂ ਨੇ
ਉੱਠੀਆਂ ਅੰਦਰੋਂ
ਦੁਖੀ ਦਿਲ ਦੇ
ਸੁੱਚੇ ਮੰਦਰੋਂ
ਇਹ ਕਵਿਤਾ ਹੈ
ਇਹ ਗ਼ਜ਼ਲ ਹੈ
ਇਸ ’ਚ ਦਰਦ ਹੈ
ਚੀਸ ਹੈ
ਸੱਚ ਹੈ
ਪਰ ਇਹਨੂੰ ਕੋਈ ਪੜ੍ਹਦਾ ਨਹੀਂ
ਕੋਈ ਸੁਣਦਾ ਨਹੀਂ
ਇਹ ਲਿਖਤ ਕਿਸੇ ਗਲੇ ਨਾ ਲਾਈ
ਇਸ ਲਿਖਤ ਦੀ ਕਿਸੇ ਕਦਰ ਨਾ ਪਾਈ
ਇਸੇ ਲਈ
ਸ਼ਾਇਰ ਉਦਾਸ ਹੈ
ਸ਼ਾਇਰ ਨਿਰਾਸ ਹੈ
ਫੱਟੀ ਵੀ ਹੁਣ ਡਿੱਕੋ-ਡੋਲੇ ਖਾਂਦੀ
ਕਲਮ ਵੀ ਬੱਸ ਰੁਕਦੀ ਜਾਂਦੀ
ਸ਼ਬਦੀ ਕਰਜ਼ਾ ਹੁਣ ਦਿੱਤਾ ਲਾਹ
ਆਖ਼ਰ ਤੁਰ ਪਿਹੈ
ਖੁਦਕੁਸ਼ੀ ਦੇ ਰਾਹ।
* * *
2. ਕਲਮ ਦਾ ਸਾਥ
ਮੈਂ ਲਿਖਣਾ ਚਾਹੁੰਦਾ ਹਾਂ
ਮੈਂ ਗੁਣ ਗੁਣਾਉਂਦਾ ਹਾਂ
ਕਲਮ ਉਠਾਉਂਦਾ ਹਾਂ
ਤੇ ਲਿਖਣ ਬੈਠ ਜਾਂਦਾ ਹਾਂ
ਕਲਮ ਤੁਰਦੀ ਹੈ
ਫੁਰਨੇ ਫੁਰਦੀ ਹੈ
ਵਲ਼ ਵਲ਼ੇਵੇਂ ਖਾਂਦੀ ਹੈ
ਪਰ ਤੁਰਦੀ ਜਾਂਦੀ ਹੈ।
ਇੱਕ ਦਮ ਉਹ ਖੜ੍ਹ ਜਾਂਦੀ ਹੈ
ਜਾਣੋ ਕਹਿੰਦੀ ਹੈ ‘ਨਾਂਹ’।
‘ਇਹ ਠੀਕ ਨਹੀਂ’
ਕਲਮ ਘੂਰਦੀ ਹੈ
ਆਪਣਾ ਫ਼ਰਜ ਪੂਰਦੀ ਹੈ
ਮੈਂ ਉਧੇੜ ਬੁਣ ਕਰਦਾ ਹਾਂ
ਫਿਰ ਸਿਆਹੀ ਭਰਦਾ ਹਾਂ
ਮੁੜ ਕਲਮ ਤੁਰਦੀ ਹੈ
ਰਚਨਾ ਪੂਰੀ ਹੁੰਦੀ ਹੈ
ਮਨ ਨੂੰ ਭਾਉਂਦੀ ਹੈ
ਸੱਚ ਬਿਆਨਦੀ ਹੈ
ਤਸੱਲੀ ਪ੍ਰਗਟਾਉਂਦੀ ਹੈ।
ਕਲਮ ਵੀ ਖੁਸ਼ੀ ਮਨਾਉਂਦੀ ਹੈ
ਖ਼ੁਦਾ ਹਾਫਿਸ ਕਹਿ ਡੰਡੀ ਲਾਉਂਦੀ ਹੈ।
ਕਲਮ ਮੇਰੀ ਸਾਥਣ ਹੈ
ਮੇਰੀ ਸਹਿਯੋਗਣ ਹੈ
ਮੈਂ ਵੀ ਸੋਚਦਾ ਹਾਂ
ਕਲਮ ਵੀ ਸੋਚਦੀ ਹੈ
ਸਾਡੀਆਂ ਸੋਚਾਂ ਸਾਂਝੀਆਂ ਨੇ
ਰਚਨਾ ਸਾਂਝੀ ਹੈ।
ਸਮੁੰਦਰੋਂ ਡੂੰਘੀ ਹੈ ਮੁਹੱਬਤ ਸਾਡੀ
ਰਲ਼ ਕੇ ਰਹੀਏ, ਰਲ਼ ਕੇ ਖਾਈਏ
ਚਿੰਤਾ ਇਹ ਵੱਡੀ, ਅੱਡ ਹੋ ਕੇ
ਹਿਜਰ ’ਚ ਨਾ ਮਰ ਜਾਈਏ।
ਕਰਦਾ ਹਾਂ ਦੁਆ
ਇਸ਼ਕ ਸਾਡਾ ਹੋ ਜਾਏ ਪ੍ਰਵਾਨ
ਅੱਖਰ ਸ਼ਬਦ ਤੇ ਰਚਨਾ ਖਾਤਰ
ਪਾ ਗਲਵੱਕੜੀ ਹੋਈਏ ਕੁਰਬਾਨ।
* * *
3. ਵੰਗਾਰ
ਹੈ ਔਰਤ! ਸਦੀਆਂ ਤੱਕ ਤੂੰ
ਦੋਸ਼ੀ ਰਹੀ
ਅਬਲਾ ਰਹੀ
ਪੈਰ ਦੀ ਜੁੱਤੀ ਰਹੀ
ਬੇਸਮਝ ਰਹੀ
ਹਾਲ ਨਹੀਂ ਸੀ ਇਹ ਚੰਗੇਰਾ
ਪਰ ਕਸੂਰ ਵੀ ਨਹੀਂ ਸੀ ਤੇਰਾ।
ਕਸੂਰ ਹੈ ਝੂਠੇ ਧਰਮਾਂ ਦਾ,
ਫਰਜ਼ੀ ਬਣਾਏ ਕਰਮਾਂ ਦਾ।
ਹੁਣ ਤੂੰ
ਬੋਧ ਗਿਆਨ ਬਣੀ
ਪ੍ਰੇਰਨਾ ਬਣੀ
ਅੰਤਰ ਦ੍ਰਿਸ਼ਟੀ ਬਣੀ
ਕਹਾਣੀ ਕਵਿਤਾ ਬਣੀ
ਅਧਿਕਾਰੀ ਨੇਤਾ ਬਣੀ
ਇਹ ਸਿਹਰਾ ਵਿਗਿਆਨ ਸਿਰ ਹੈ,
ਜੋ ਜ਼ੁਲਮਾਂ ਵਿਰੁੱਧ ਸੱਚੀ ਧਿਰ ਹੈ।
ਤੂੰ ਪੀੜ੍ਹੀ ਤੋਰਦੀ ਹੈਂ
ਪਰਿਵਾਰ ਜੋੜਦੀ ਹੈਂ
ਸਮਾਜ ਤੋਰਦੀ ਹੈਂ
ਸਭ ਦਾ ਭਲਾ ਲੋੜਦੀ ਹੈਂ
ਪਰ ਅਜੇ ਵੀ
ਜੰਮਣ ਤੋਂ ਪਹਿਲਾਂ ਮਰਦੀ ਹੈਂ
ਸਹੁਰੇ ਘਰ ਸੜਦੀ ਹੈਂ
ਹਵਸ ਦੀ ਸ਼ਿਕਾਰ ਹੁੰਦੀ ਹੈਂ
ਧਿਰਕਾਰੀ ਜਾਂਦੀ ਹੈਂ
ਫਿਟਕਾਰੀ ਜਾਂਦੀ ਹੈਂ।
ਜੇ ਜਿਉਂਦੀ ਰਹਿਣੈ
ਤੂੰ ਲੜਨਾ ਸਿੱਖ
ਡਟ ਕੇ ਖੜ੍ਹਨਾ ਸਿੱਖ
ਭਿੜਨਾ ਸਿੱਖ
ਟਾਕਰਾ ਕਰਨਾ ਸਿੱਖ
ਦੋਜ਼ਖ ’ਚੋਂ ਨਿਕਲ ਕੇ ਬਾਹਰ
ਸੱਚ ਦਾ ਤੂੰ ਫੜ ਲੈ ਪੱਲਾ।
ਆਪਣੀ ਕਿਸਮਤ ਆਪ ਬਣਾ ਲੈ
ਫੇਰ ਹੀ ਮੁਸਤਫ਼ਾ ਬਣਸੀ ਅੱਲ੍ਹਾ।
* * *
4. ਆ ਨੀ ਭੈਣੇ ਡੇਰੇ ਚੱਲੀਏ
ਆ ਨੀ ਭੈਣੇ ਡੇਰੇ ਚੱਲੀਏ,
ਸੁਰਗਾਂ ਦਾ ਜਾ ਕੇ ਰਸਤਾ ਮੱਲੀਏ।
ਮਹਾਂਪੁਰਸ਼ਾਂ ਦੀ ਪੈਂਦੀ ਨਜ਼ਰੇ,
ਦੁੱਖ ਦਲਿੱਦਰ ਦੂਰ ਨੇ ਹੁੰਦੇ।
ਮਹਾਂਪੁਰਸ਼ਾਂ ਦੀ ਪੈਂਦੀ ਨਜ਼ਰੇ,
ਪਾਪ ਵੀ ਚਕਨਾਚੂਰ ਨੇ ਹੁੰਦੇ।
ਮਹਾਂਪੁਰਸ਼ਾਂ ਦੇ ਚਰਨੀਂ ਪਈਏ,
ਦੁੱਖ ਕਲੇਸ਼ ਦੁਰੇਡੇ ਘੱਲੀਏ।
ਆ ਨੀ ਭੈਣੇ ... ... ... ...।
ਵਿੱਚ ਡੇਰੇ ਦੇ ਮਿਲਦੀ ਫੁਰਤੀ,
ਨਾਲ ਰੱਬ ਦੇ ਜੁੜਦੀ ਸੁਰਤੀ।
ਨਰਕਾਂ ਤੋਂ ਵੀ ਰਹਿੰਦਿਆਂ ਪਾਸੇ,
ਵਿੱਚ ਸੁਰਗਾਂ ਦੇ ਮਿਲਦੀ ਕੁਰਸੀ।
ਮਹਾਂਪੁਰਸ਼ਾਂ ਦੀ ਚੜ੍ਹਕੇ ਨਜ਼ਰੀਂ,
ਚੰਗੀ ਸੰਗਤ ਨਾਲ ਹੀ ਰਲੀਏ।
ਆ ਨੀ ਭੈਣੇ ... .. .. .. .. ..॥
ਗਲਤੀ ਜੇਕਰ ਹੋ ਜੇ ਕੋਈ,
ਮਹਾਂਪੁਰਸ਼ ਤਾਂ ਮਾਫ਼ ਨੇ ਕਰਦੇ।
ਦੇਹੀ ਉਹਨਾਂ ਦੀ ਪਾਰਸ ਬਣਜੇ,
ਜੋ ਨੇ ਓਥੇ ਹਾਜ਼ਰੀ ਭਰਦੇ।
ਭੁੱਖ ਤ੍ਰੇਹ ਨਾ ਰਹਿੰਦੀ ਕੋਈ,
ਨਾ ਪਾਪਾਂ ਦਾ ਬੋਝ ਹੀ ਝੱਲੀਏ।
ਆ ਨੀ ਭੈਣੇ ... ... ... ... ...।
ਊਂ ਹੂੰ ਭੈਣੇ
ਮੈਂ ਤਾਂ ਓਥੇ ਜਾਣਾ ਨਾਹੀਂ,
ਡੇਰੇ ਦਾ ਕੁਝ ਖਾਣਾ ਨਾਹੀਂ।
ਓਥੇ ਤਾਂ ਹੈ ਇੱਜ਼ਤ ਲੁਟੀਂਦੀ,
ਮੈਂ ਤਾਂ ਮੰਨਣਾ ਭਾਣਾ ਨਾਹੀਂ।
ਇੱਜ਼ਤ ਆਪਣੀ ਆਪਣੇ ਹੱਥ ਹੈ,
ਮੱਥੇ ਹੱਥ ਰੱਖ ਕਿਉਂ ਮਗਰੋਂ ਬਹੀਏ।
ਆਪਣੀ ਰਾਖੀ ਆਪ ਕਰੇਸੀ,
ਦੂਜੇ ਨੂੰ ਕਿਉਂ ਮਾੜਾ ਕਹੀਏ।
ਚੰਗਾ ਭੈਣੇ, ਮੈਂ ਵੀ ਮੁੜਦੀ,
ਰੱਬ ਤਾਂ ਕਹਿੰਦੇ ਹਿਰਦੇ ਵਸਦੈ।
ਡੇਰਿਆਂ ਦੇ ਵਿੱਚ ਕੁਝ ਵੀ ਨਾਹੀਂ,
ਜੇ ਵਸਦੈ ਤਾਂ ਅੰਦਰ ਈ ਵਸਦੈ।
ਤੇਰੀ ਗੱਲ ਮੈਂ ਪੱਲੇ ਬੰਨ੍ਹੀ,
ਇੱਜਤੋਂ ਵੱਡਾ ਕਿਸ ਨੂੰ ਕਹੀਏ।
ਆਪਣੀ ਰਾਖੀ ਆਪ ਕਰੇਸੀ,
ਦੂਜੇ ਨੂੰ ਕਿਉਂ ਮਾੜਾ ਕਹੀਏ।
ਆਪਣੀ ਰਾਖੀ ... ... ... ...।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4940)
(ਸਰੋਕਾਰ ਨਾਲ ਸੰਪਰਕ ਲਈ:(This email address is being protected from spambots. You need JavaScript enabled to view it.)*