“ਉਸ ਨੌਜਵਾਨ ਉੱਤੇ ਜ਼ਹਿਰ ਦਾ ਕੁਝ ਅਸਰ ਹੋ ਗਿਆ ਸੀ, ਜਿਸ ਸਦਕਾ ਉਸ ਨੂੰ ਸਿਵਲ ਹਸਪਤਾਲ ਵਿੱਚ ਦਾਖ਼ਲ ...”
(13 ਮਈ 2024)
ਇਸ ਸਮੇਂ ਪਾਠਕ: 125.
ਖੁਸ਼ਹਾਲ ਸੂਬੇ ਪੰਜਾਬ ਦੀ ਬਦਕਿਸਮਤੀ ਹੀ ਕਹੀ ਜਾ ਸਕਦੀ ਹੈ ਕਿ ਇੱਥੇ ਕਰੀਬ ਵੀਹ ਸਾਲ ਕਾਲਾ ਦੌਰ ਚੱਲਿਆ ਸੀ। ਬੜਾ ਭਿਆਨਕ ਸਮਾਂ ਸੀ ਉਹ। ਸੁਬ੍ਹਾ ਘਰੋਂ ਨਿਕਲੇ ਕਿਸੇ ਨੌਜਵਾਨ ਨੂੰ ਇਹ ਯਕੀਨ ਨਹੀਂ ਸੀ ਹੁੰਦਾ ਕਿ ਉਹ ਸ਼ਾਮ ਤਕ ਵਾਪਸ ਘਰ ਆਵੇਗਾ ਜਾਂ ਨਹੀਂ। ਲੋਕ ਦਿਨ ਛਿਪਣ ਤੋਂ ਪਹਿਲਾਂ ਹੀ ਦਰਵਾਜੇ ਬੰਦ ਕਰ ਲੈਂਦੇ ਸਨ ਅਤੇ ਜਲਦੀ ਹੀ ਰੋਟੀ ਪਾਣੀ ਦਾ ਕੰਮ ਨਿਬੇੜ ਕੇ ਲਾਈਟਾਂ ਬੰਦ ਕਰਕੇ ਪੈ ਜਾਂਦੇ ਸਨ। ਇੱਕ ਧਿਰ ਇਸ ਨੂੰ ਖਾੜਕੂਵਾਦ ਦਾ ਨਾਂ ਦੇ ਰਹੀ ਸੀ ਅਤੇ ਦੂਜੀ ਧਿਰ ਅੱਤਵਾਦ ਦਾ। ਖਾੜਕੂਆਂ ਅਤੇ ਪੁਲਿਸ ਦਰਮਿਆਨ ਮੁਕਾਬਲੇ ਵੀ ਹੋ ਜਾਂਦੇ ਸਨ। ਪੰਜਾਬ ਦੇ ਹਾਲਾਤ ਅਤੀ ਗੰਭੀਰ ਹੋ ਗਏ ਤਾਂ ਸਰਕਾਰ ਨੇ ਇੱਕ ਜ਼ਾਲਮ ਤਬੀਅਤ ਦੇ ਅਧਿਕਾਰੀ ਕੇ ਪੀ ਐੱਸ ਗਿੱਲ ਨੂੰ ਪੰਜਾਬ ਦੀ ਕਮਾਨ ਸੰਭਾਲ ਦਿੱਤੀ। ਇਸ ਅਧਿਕਾਰੀ ਨੇ ਪੁਲਿਸ ਦੇ ਅਫਸਰਾਂ, ਕਰਮਚਾਰੀਆਂ ਵਿੱਚੋਂ ਛਾਟ ਕੇ ਆਪਣੀ ਹੀ ਸੋਚ ਵਾਲਿਆਂ ਦੀ ਇੱਕ ਵੱਖਰੀ ਟੀਮ ਬਣਾ ਲਈ ਸੀ, ਜੋ ਪੰਜਾਬ ਵਿੱਚੋਂ ਲੱਭ ਲੱਭ ਕੇ ਨੌਜਵਾਨਾਂ ਨੂੰ ਝੂਠੇ ਮੁਕਾਬਲਿਆਂ ਵਿੱਚ ਮਾਰ ਕੇ ਖਤਮ ਕਰਨ ’ਤੇ ਲੱਗ ਗਈ।
ਅਜਿਹੇ ਅਫਸਰ ਸਿੱਖੀ ਸਰੂਪ ਵਾਲੇ ਨੌਜਵਾਨਾਂ ਨੂੰ ਮਾਰ ਕੇ ਗਿਣਤੀ ਵਧਾਉਂਦੇ ਅਤੇ ਤਰੱਕੀਆਂ ਹਾਸਲ ਕਰਦੇ ਜਾਂ ਫੜੇ ਗਏ ਨੌਜਵਾਨ ਦੇ ਵਾਰਸਾਂ ਤੋਂ ਵੱਡੀ ਰਕਮ ਹਾਸਲ ਕਰਕੇ ਇੱਕ ਵਾਰ ਛੱਡ ਦਿੰਦੇ ਅਤੇ ਕੁਝ ਦਿਨਾਂ ਬਾਅਦ ਫਿਰ ਚੁੱਕ ਕੇ ਮਾਰ ਮੁਕਾਉਂਦੇ। ਅਜਿਹੀ ਸੋਚ ਦੇ ਮਾਲਕ ਅਫਸਰ ਨੌਜਵਾਨਾਂ ਦਾ ਜਾਨਵਰਾਂ ਵਾਂਗ ਸ਼ਿਕਾਰ ਕਰ ਰਹੇ ਸਨ, ਜਿਹਨਾਂ ਵਿੱਚੋਂ ਉਹਨਾਂ ਨੂੰ ਰਕਮ, ਤਰੱਕੀ ’ਤੇ ਖੁਸ਼ੀ ਮਿਲਦੀ ਸੀ। ਪੁਲਿਸ ਨੂੰ ਪੂਰੀ ਖੁੱਲ੍ਹ ਸੀ, ਉਸ ਨੂੰ ਪੁੱਛਣ ਵਾਲਾ ਕੋਈ ਨਹੀਂ ਸੀ। ਕਈ ਵਾਰ ਪੁਲਿਸ ਜਾਣ ਬੁੱਝ ਕੇ ਕਿਸੇ ਨੌਜਵਾਨ ਨੂੰ ਤੰਗ ਪਰੇਸ਼ਾਨ ਕਰਕੇ ਉਸ ਨੂੰ ਘਰੋਂ ਭੱਜਣ ਲਈ ਮਜਬੂਰ ਕਰ ਦਿੰਦੀ ਸੀ। ਉਸ ਸਮੇਂ ਬਠਿੰਡਾ ਜ਼ਿਲ੍ਹੇ ਦਾ ਇੱਕ ਨੌਜਵਾਨ ਪੁਲਿਸ ਤੋਂ ਡਰਦਾ ਹੋਇਆ ਆਪਣੀ ਨੌਕਰੀ ਛੱਡ ਕੇ ਰੂਪੋਸ਼ ਹੋ ਗਿਆ। ਉਹ ਧਾਰਮਿਕ ਬਿਰਤੀ ਵਾਲਾ ਸੀ, ਘਰ ਛੱਡਣ ਸਦਕਾ ਉਸਦਾ ਖਾੜਕੂ ਧਿਰ ਨਾਲ ਸੰਪਰਕ ਹੋ ਗਿਆ ਅਤੇ ਉਹ ਇੱਕ ਖਾੜਕੂ ਜਥੇਬੰਦੀ ਦਾ ਮੈਂਬਰ ਬਣ ਕੇ ਕੰਮ ਕਰਨ ਲੱਗਾ। ਪੁਲਿਸ ਉਸ ਨੂੰ ਕਾਬੂ ਕਰਨ ਦੀ ਤਾਕ ਵਿੱਚ ਰਹਿੰਦੀ ਸੀ।
ਇੱਕ ਦਿਨ ਉਹ ਨੌਜਵਾਨ ਆਪਣੇ ਬਠਿੰਡਾ ਸਥਿਤ ਦਫਤਰ ਵਿੱਚ ਆ ਗਿਆ। ਤੁਰੰਤ ਹੀ ਪੁਲਿਸ ਦੇ ਫੋਨ ਖੜਕ ਗਏ ਅਤੇ ਉਸ ਨੂੰ ਕਚਹਿਰੀ ਦੇ ਨਜ਼ਦੀਕ ਤੋਂ ਹੀ ਪੁਲਿਸ ਨੇ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਆਪਣੀ ਕਮੀਜ਼ ਦੇ ਕਾਲਰ ਵਿੱਚ ਲੁਕੋਈ ਜ਼ਹਿਰੀਲੀ ਵਸਤੂ ਮੂੰਹ ਵਿੱਚ ਪਾ ਲਈ। ਇਹ ਜ਼ਹਿਰ ਅਜੇ ਗਲੇ ਵਿੱਚੋਂ ਲੰਘੀ ਨਹੀਂ ਸੀ ਕਿ ਇੱਕ ਪੁਲਿਸ ਕਰਮਚਾਰੀ ਨੇ ਉਸ ਨੂੰ ਦਬੋਚ ਲਿਆ ਤੇ ਮੂੰਹ ਵਿੱਚੋਂ ਜ਼ਹਿਰੀਲੀ ਵਸਤੂ ਬਾਹਰ ਕਢਵਾ ਦਿੱਤੀ। ਉਸ ਨੌਜਵਾਨ ਉੱਤੇ ਜ਼ਹਿਰ ਦਾ ਕੁਝ ਅਸਰ ਹੋ ਗਿਆ ਸੀ, ਜਿਸ ਸਦਕਾ ਉਸ ਨੂੰ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾ ਦਿੱਤਾ ਗਿਆ ਤੇ ਉਸ ਨੂੰ ਇੱਕ ਵਿਸ਼ੇਸ਼ ਕਮਰੇ ਵਿੱਚ ਹੱਥਕੜੀ ਲਾ ਕੇ ਪੁਲਿਸ ਦੀ ਨਿਗਰਾਨੀ ਹੇਠ ਰੱਖਿਆ ਗਿਆ। ਪੁਲਿਸ ਚਾਹੁੰਦੀ ਸੀ ਕਿ ਉਹ ਬੋਲਣ ਦੇ ਕਾਬਲ ਹੋ ਜਾਵੇ ਤਾਂ ਉਸ ਤੋਂ ਪੁੱਛਗਿੱਛ ਕੀਤੀ ਜਾ ਸਕੇ।
ਉਹ ਨੌਜਵਾਨ ਚੁੱਪ ਚਾਪ ਅੱਖਾਂ ਮੀਚ ਕੇ ਪਿਆ ਸੀ। ਰਾਤ ਦੇ ਕਰੀਬ ਬਾਰਾਂ ਕੁ ਵਜੇ ਇੱਕ ਕਥਿਤ ਪੁਲਿਸ ਅਧਿਕਾਰੀ, ਜੋ ਪਹਿਲਾਂ ਵੀ ਕਈ ਝੂਠੇ ਪੁਲਿਸ ਮੁਕਾਬਲੇ ਕਰਕੇ ਨੌਜਵਾਨਾਂ ਨੂੰ ਮਾਰ ਚੁੱਕਾ ਸੀ, ਹਸਪਤਾਲ ਆ ਗਿਆ। ਉਸ ਅਧਾਰੀ ਨੇ ਉਸ ਨੌਜਵਾਨ ਬਾਰੇ ਪੁੱਛਿਆ ਅਤੇ ਉਸ ਨੂੰ ਬਗੈਰ ਹਸਪਤਾਲ ਤੋਂ ਡਿਸਚਾਰਜ ਕਰਵਾਇਆਂ ਹੀ ਚੁੱਕ ਕੇ ਲੈ ਗਿਆ।
ਅਗਲੇ ਦਿਨ ਇਸੇ ਜ਼ਿਲ੍ਹੇ ਵਿੱਚ ਹੋਏ ਇੱਕ ਹੋਰ ਪੁਲਿਸ ਮੁਕਾਬਲੇ ਵਿੱਚ ਮਾਰੇ ਤਿੰਨ ਨੌਜਵਾਨਾਂ ਦੀਆਂ ਲਾਸ਼ਾਂ ਦੀ ਸ਼ਨਾਖਤ ਕਰਨ ਲਈ ਉਹਨਾਂ ਦੇ ਵਾਰਸ ਮੁਰਦਾਘਾਟ ਪਹੁੰਚੇ ਤਾਂ ਹਸਪਤਾਲ ਵਿੱਚੋਂ ਚੁੱਕੇ ਸਿੱਖ ਨੌਜਵਾਨ ਦੀ ਲਾਸ਼ ਵੀ ਉਹਨਾਂ ਦੇ ਨਾਲ ਹੀ ਰੱਖੀ ਹੋਈ ਸੀ।
ਇੱਕ ਪੁਲਿਸ ਅਫਸਰ ਦੀ ਇਸ ਕਾਰਵਾਈ ਦੀ ਗਲੀ ਗਲੀ ਚਰਚਾ ਹੁੰਦੀ ਰਹੀ ਸੀ ਕਿ ਹਸਪਤਾਲ ਦੇ ਬੈੱਡ ਤੋਂ ਧੱਕੇ ਨਾਲ ਬਗੈਰ ਛੁੱਟੀ ਕਰਵਾਇਆਂ ਮਰੀਜ਼ ਨੂੰ ਲਿਜਾ ਕੇ ਝੂਠੇ ਮੁਕਾਬਲੇ ਤਹਿਤ ਗੋਲੀ ਮਾਰ ਕੇ ਲਾਸ਼ ਵਿੱਚ ਬਦਲ ਦਿੱਤਾ ਹੈ। ਫਿਰ ਰਾਤ ਦੇ ਹਨੇਰੇ ਵਿੱਚ ਹੀ ਉਸਦਾ ਸਸਕਾਰ ਕਰਕੇ ਮੁੱਦਾ ਖਤਮ ਕਰ ਦਿੱਤਾ। ਉਸ ਨੌਜਵਾਨ ਦੇ ਵਾਰਸਾਂ ਨੂੰ ਮੂੰਹ ਵਿਖਾਉਣ ਜਾਂ ਸ਼ਨਾਖਤ ਕਰਵਾਉਣ ਦੀ ਵੀ ਜ਼ਰੂਰਤ ਨਹੀਂ ਸਮਝੀ। ਦੱਸਦੇ ਹਨ ਕਿ ਉਹ ਪੁਲਿਸ ਅਫਸਰ ਉੱਚੇ ਅਹੁਦੇ ਤੋਂ ਸੇਵਾਮੁਕਤ ਹੋਇਆ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4963)
(ਸਰੋਕਾਰ ਨਾਲ ਸੰਪਰਕ ਲਈ:(This email address is being protected from spambots. You need JavaScript enabled to view it.)