BalwinderSBhullar7ਪੰਜਾਬ ਦੇ ਲੋਕਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਜਿਸਨੇ ਇੱਕ ਵਾਰੀ ਵਿਸ਼ਵਾਸਘਾਤ ਕੀਤਾ ਹੋਵੇ ਉਸ ਉੱਤੇ ਭਰੋਸਾ ਨਹੀਂ ...
(2 ਅਪਰੈਲ 2024)
ਇਸ ਸਮੇਂ ਪਾਠਕ: 165.


ਵੋਟਰ ਆਪਣੀ ਵੋਟ ਦੀ ਵਰਤੋਂ ਕਰਨ ਤੋਂ ਪਹਿਲਾਂ ਉਮੀਦਵਾਰ ਦੇ ਚਰਿੱਤਰ ਦੀ ਘੋਖ ਜ਼ਰੂਰ ਕਰਨ

ਸਮੁੱਚੀ ਦੁਨੀਆਂ ਦਾ ਇਤਿਹਾਸ ਅਜਿਹੇ ਵਿਅਕਤੀਆਂ ਦੀਆਂ ਜੀਵਨ ਉਦਾਹਰਣਾਂ ਨਾਲ ਭਰਿਆ ਪਿਆ ਹੈ, ਜਿਹੜੇ ਵਿਸ਼ਵਾਸ, ਹੌਸਲੇ, ਦ੍ਰਿੜ੍ਹਤਾ ਅਤੇ ਲੋਕ ਸੇਵਾ ਕਰਦੇ ਹੋਏ ਸਿਖ਼ਰਾਂ ਤਕ ਪਹੁੰਚੇ ਹਨਭਾਰਤ ਵਿੱਚ ਵੀ ਅਜਿਹੇ ਆਗੂਆਂ ਦੀਆਂ ਉਦਾਹਰਣਾਂ ਮਿਲਦੀਆਂ ਹਨਆਜ਼ਾਦੀ ਤੋਂ ਬਾਅਦ ਸਿਆਸੀ ਪਾਰਟੀਆਂ ਖੜ੍ਹੀਆਂ ਹੋਈਆਂ ਤੇ ਚੋਣਾਂ ਦਾ ਸਿਲਸਿਲਾ ਸ਼ੁਰੂ ਹੋਇਆਚੋਣਾਂ ਆਉਂਦੀਆਂ ਜਾਂਦੀਆਂ ਰਹੀਆਂ ਹਨ ਤੇ ਉਮੀਦਵਾਰਾਂ ਦੀ ਜਿੱਤ ਹਾਰ ਹੁੰਦੀ ਰਹੀ ਹੈਚੋਣਾਂ ਲੜਨ ਵਾਲੇ ਨੇਤਾ ਦੇਸ਼ ਵਾਸੀਆਂ ਲਈ ਰੋਲ ਮਾਡਲ ਬਣਦੇ ਰਹੇ ਹਨਉਹਨਾਂ ਬਹੁਤ ਚੰਗੇ ਮਾੜੇ ਦਿਨ ਵੀ ਵੇਖੇ, ਪਰ ਉਹਨਾਂ ਆਪਣੀ ਮਾਂ ਪਾਰਟੀ ਨੂੰ ਕਦੇ ਨਹੀਂ ਛੱਡਿਆ ਅਤੇ ਬਹੁਤ ਉੱਚੀਆਂ ਪਦਵੀਆਂ ਹਾਸਲ ਕੀਤੀਆਂਮਿਸਾਲ ਦੇ ਤੌਰ ’ਤੇ ਗਿ. ਜੈਲ ਸਿੰਘ, ਜਿਸਨੇ ਆਜ਼ਾਦੀ ਦੀ ਲੜਾਈ ਵਿੱਚ ਵੀ ਹਿੱਸਾ ਪਾਇਆ ਸੀ, ਆਜ਼ਾਦੀ ਤੋਂ ਬਾਅਦ ਉਹ ਕਾਂਗਰਸ ਦੇ ਵਿਧਾਇਕ, ਮੰਤਰੀ, ਮੁੱਖ ਮੰਤਰੀ, ਕੇਂਦਰ ਵਿੱਚ ਗ੍ਰਹਿ ਮੰਤਰੀ ਬਣਦੇ ਹੋਏ ਦੇਸ਼ ਦੇ ਰਾਸ਼ਟਰਪਤੀ ਦੇ ਅਹੁਦੇ ਤਕ ਪਹੁੰਚੇਅਪ੍ਰੇਸ਼ਨ ਬਲਿਊ ਸਟਾਰ ਓਪਰੇਸ਼ਨ ਸਮੇਂ ਉਸ ਨੂੰ ਸਿੱਖਾਂ ਦੇ ਵਿਰੋਧ ਦਾ ਵੀ ਸਾਹਮਣਾ ਪਿਆ, ਭਾਵੇਂ ਕਿ ਇਹ ਕਾਰਵਾਈ ਉਹਨਾਂ ਦੀ ਸਲਾਹ ਤੋਂ ਬਗੈਰ ਹੀ ਕੀਤੀ ਗਈ ਸੀ ਉਸ ਤੋਂ ਬਾਅਦ ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ ਦਾ ਕਤਲ ਹੋਇਆ ਤਾਂ ਰਾਸ਼ਟਰਪਤੀ ਹੁੰਦਿਆਂ ਹੋਇਆਂ ਵੀ ਉਸਨੇ ਹਿੰਦੂਆਂ ਦੀਆਂ ਨਫ਼ਰਤੀ ਅੱਖਾਂ ਵੇਖੀਆਂ ਤੇ ਦੁਖੀ ਹੋਏ ਪੀੜ ਨੂੰ ਚੁੱਪ ਚਾਪ ਝੱਲਦੇ ਰਹੇਅਜਿਹੇ ਹਾਲਾਤ ਵਿੱਚ ਵੀ ਉਹਨਾਂ ਆਪਣੀ ਮਾਂ ਪਾਰਟੀ ਕਾਂਗਰਸ ਨਹੀਂ ਛੱਡੀ ਤੇ ਆਪਣੇ ਆਖ਼ਰੀ ਸਾਹ ਤਕ ਨਿਭਦੇ ਰਹੇਇਸੇ ਤਰ੍ਹਾਂ ਸ੍ਰ. ਪ੍ਰਕਾਸ਼ ਸਿੰਘ ਬਾਦਲ ਜਦੋਂ ਅਕਾਲੀ ਆਗੂ ਸਥਾਪਤ ਹੋ ਗਏ ਤਾਂ ਉਹ ਪੰਜਾਬ ਦੇ ਵਿਧਾਇਕ, ਪੰਜ ਵਾਰ ਮੁੱਖ ਮੰਤਰੀ, ਕੇਂਦਰ ਦੇ ਖੇਤੀਬਾੜੀ ਮੰਤਰੀ, ਪਾਰਟੀ ਦੇ ਪ੍ਰਧਾਨ ਤੇ ਸ੍ਰਪ੍ਰਸਤ ਅਹੁਦਿਆਂ ’ਤੇ ਰਹੇਇੱਥੋਂ ਤਕ ਪਹੁੰਚਣ ਦਾ ਕਾਰਨ ਵੀ ਇਹੋ ਸੀ ਕਿ ਉਹਨਾਂ ਕਦੇ ਵੀ ਪਾਰਟੀ ਤੋਂ ਪਾਸਾ ਨਾ ਵੱਟਿਆਉਹਨਾਂ ਨੂੰ ਕਈ ਵਾਰ ਹਾਰ ਦਾ ਮੂੰਹ ਵੇਖਣਾ ਪਿਆ, ਕਈ ਵਾਰ ਉੱਚ ਦਰਜੇ ਦਾ ਵਿਰੋਧ ਵੀ ਹੋਇਆ ਬੇਅਦਬੀ ਘਟਨਾਵਾਂ ਦੇ ਦੋਸ਼ ਵੀ ਲੱਗੇ, ਪਰ ਉਹਨਾਂ ਆਪਣੀ ਮਾਂ ਪਾਰਟੀ ਸ਼੍ਰੋਮਣੀ ਅਕਾਲੀ ਦਲ ਤੋਂ ਕਦੀ ਵੀ ਮੂੰਹ ਨਾ ਫੇਰਿਆਅਜਿਹੀਆਂ ਹੋਰ ਵੀ ਬਹੁਤ ਸ਼ਖ਼ਸੀਅਤਾਂ ਹਨਇਹੋ ਕਾਰਨ ਹੈ ਕਿ ਉਹਨਾਂ ਦਾ ਵਿਰੋਧ ਖੜ੍ਹਾ ਹੋ ਜਾਣ ’ਤੇ ਵੀ ਲੋਕ ਉਹਨਾਂ ਦਾ ਸਤਿਕਾਰ ਕਰਦੇ ਰਹੇ ਹਨਕਈ ਵੱਡੇ ਲੀਡਰ ਅਜਿਹੇ ਵੀ ਸਨ ਕਿ ਉਹ ਤੰਗ ਤਾਂ ਹੋਏ, ਪਰ ਉਹ ਮਾਂ ਪਾਰਟੀ ਛੱਡ ਕੇ ਕਿਸੇ ਹੋਰ ਪਾਰਟੀ ਦੀ ਗੋਦੀ ਵਿੱਚ ਨਹੀਂ ਡਿਗੇ ਉਹਨਾਂ ਆਪਣੀ ਨਵੀਂ ਪਾਰਟੀ ਬਣਾ ਲਈ, ਭਾਵੇਂ ਉਹ ਸਫ਼ਲ ਵੀ ਨਾ ਹੋਏਪਰ ਉਹਨਾਂ ’ਤੇ ਕੁਰਸੀ ਦੀ ਭੁੱਖ ਵਿੱਚ ਕੀਤੀ ਬੇਈਮਾਨੀ ਦਾ, ਧੋਖਾਦੇਹੀ ਦਾ ਦੋਸ਼ ਨਹੀਂ ਲਗਦਾ ਕੁਝ ਅਜਿਹੇ ਆਗੂ ਵੀ ਸਨ ਜੋ ਚੁੱਪ ਚਾਪ ਆਪਣੇ ਘਰ ਬੈਠ ਗਏਅੱਜ ਵੀ ਅਜਿਹੇ ਲੀਡਰਾਂ ਪ੍ਰਤੀ ਆਮ ਲੋਕਾਂ ਦਾ ਸਤਿਕਾਰ ਕਾਇਮ ਹੈ

ਹੁਣ ਪਿਛਲੇ ਦੋ ਕੁ ਦਹਾਕਿਆਂ ਤੋਂ ਆਗੂਆਂ ਦੇ ਚਰਿੱਤਰ, ਫ਼ਰਜ਼ਾਂ ਵਿੱਚ ਕਾਫ਼ੀ ਤਬਦੀਲੀ ਆਈ ਹੈਉਹਨਾਂ ਨੇ ਕੁਰਸੀ ਦੀ ਲਾਲਸਾ ਤੇ ਭੁੱਖ ਕਾਰਨ ਆਪਣੀ ਅਣਖ, ਇੱਜ਼ਤ, ਵਫ਼ਾਦਾਰੀ ਛੱਡ ਕੇ ਆਪਣਾ ਨਿਸ਼ਾਨਾ ਸਿਰਫ਼ ਜਿੱਤ ਤੇ ਸੱਤਾ ਹਾਸਲ ਕਰਨ ਦਾ ਬਣਾ ਲਿਆ ਹੈਉਹਨਾਂ ਨੂੰ ਕਿਸੇ ਪਾਰਟੀ ਨਾਲ ਕੋਈ ਮੋਹ ਨਹੀਂ ਹੈਕਿਸੇ ਪਾਰਟੀ ਦੀਆਂ ਦੇਸ਼ ਪ੍ਰਤੀ ਨੀਤੀਆਂ ਨਾਲ ਕੋਈ ਸੰਬੰਧ ਨਹੀਂ ਹੈ, ਲੋਕਾਂ ਵੱਲੋਂ ਹੱਕ ’ਤੇ ਨਿਆਂ ਲੈਣ ਲਈ ਵੋਟਾਂ ਰਾਹੀਂ ਦਿੱਤੇ ਅਧਿਕਾਰ ਦੀ ਕੋਈ ਚਿੰਤਾ ਨਹੀਂ ਹੈਸ਼ਾਇਦ ਉਹ ਸਮਝਦੇ ਹਨ ਕਿ ਵੋਟਰ ਤਾਂ ਮੂਰਖ ਹਨ, ਉਹਨਾਂ ਦੀ ਯਾਦਸ਼ਕਤੀ ਕੁਝ ਮਹੀਨਿਆਂ ਦੀ ਹੈ ਤੇ ਕੀਤਾ ਕਰਾਇਆ ਸਭ ਭੁੱਲ ਹੀ ਜਾਂਦੇ ਹਨਅਜਿਹੇ ਆਗੂ ਪਹਿਲਾਂ ਇੱਕ ਪਾਰਟੀ ਦੀ ਟਿਕਟ ਹਾਸਲ ਕਰਦਿਆਂ ਜਿੱਤ ਕੇ ਅੰਗੂਰੀਆਂ ਛਕਦੇ ਹਨ ਅਤੇ ਅਗਲੀ ਵਾਰ ਉਸ ਆਪਣੀ ਮਾਂ ਪਾਰਟੀ ਨੂੰ ਧੋਖਾ ਦੇ ਕੇ ਹੋਰ ਪਾਰਟੀ ਦੀ ਟਿਕਟ ਹਾਸਲ ਕਰ ਲੈਂਦੇ ਹਨ ਤੇ ਫਿਰ ਕੁਰਸੀ ਹਾਸਲ ਕਰਕੇ ਜੋ ਕੁਝ ਕਰਦੇ ਹਨ, ਉਹ ਸਭ ਦੇ ਸਾਹਮਣੇ ਹੈਉਹਨਾਂ ਨੇ ਮਿਥਿਆ ਹੁੰਦਾ ਹੈ ਕਿ ਲੋਕ ਮਰਨ ਚਾਹੇ ਖਪਣ, ਉਹਨਾਂ ਨੇ ਤਾਂ ਕੁਰਸੀ ਹਾਸਲ ਕਰਨੀ ਹੈ, ਭਾਵੇਂ ਬੇਈਮਾਨੀ, ਧੋਖਾਦੇਹੀ ਨਾਲ ਹੋਵੇ ਜਾਂ ਚਾਲਬਾਜ਼ੀ ਨਾਲ

ਰਾਜ ਅਜਿਹੇ ਲੋਕਾਂ ਦਾ ਹੋਣਾ ਚਾਹੀਦਾ ਹੈ ਜੋ ਦੌਲਤ, ਲਾਲਚ, ਸ਼ੋਹਰਤ ਦੀ ਬਜਾਏ ਇਮਾਨਦਾਰੀ ਨਾਲ ਲੋਕ ਸੇਵਾ ਕਰਨ ਨੂੰ ਤਰਜੀਹ ਦੇਣ, ਬੇਈਮਾਨਾਂ ਦਾ ਨਹੀਂ ਹੋਣਾ ਚਾਹੀਦਾਲੋਕਾਂ ਨਾਲ ਨਿਆਂ ਉਹੀ ਕਰ ਸਕਦੇ ਹਨ, ਜਿਹਨਾਂ ਦਾ ਆਪਣਾ ਚਰਿੱਤਰ ਹੋਵੇ, ਅਣਖ ਹੋਵੇਰਾਸ਼ਟਰ ਚਲਾਉਣਾ ਬਹੁਤ ਵੱਡਾ ਤੇ ਮਹੱਤਵਪੂਰਨ ਕੰਮ ਹੈ, ਇਸ ਕੰਮ ਨੂੰ ਨੇਤਾਵਾਂ, ਖਾਸ ਕਰਕੇ ਬੇਈਮਾਨਾਂ ਦੇ ਸਹਾਰੇ ਨਹੀਂ ਛੱਡਿਆ ਜਾ ਸਕਦਾਅਜਿਹੇ ਬੇਵਿਸਵਾਸ਼ੀ ਲੋਕ ਦੇਸ਼ ਦੀ ਤਬਾਹੀ ਦਾ ਕਾਰਨ ਬਣਦੇ ਹਨਦੇਸ਼ ਦੇ ਲੋਕਾਂ ਵਿੱਚ ਸਮਾਜਿਕ ਚੇਤਨਾ ਹੋਣੀ ਚਾਹੀਦੀ ਹੈ ਤੇ ਵੋਟ ਪਾਉਣ ਸਮੇਂ ਉਹਨਾਂ ਨੂੰ ਪੂਰੀ ਸੂਝ ਬੂਝ ਨਾਲ ਉਮੀਦਵਾਰ ਦੇ ਚਰਿੱਤਰ ਬਾਰੇ ਘੋਖ ਪੜਤਾਲ ਕਰਨੀ ਚਾਹੀਦੀ ਹੈਇਹ ਵੀ ਇੱਕ ਸਚਾਈ ਹੈ ਕਿ ਰਾਸ਼ਟਰ ਵਿਅਕਤੀਆਂ ਨਾਲ ਨਹੀਂ ਬਣਦਾ, ਬਲਕਿ ਸੰਸਥਾਵਾਂ ਨਾਲ ਬਣਦਾ ਹੈਵੱਖ ਵੱਖ ਸਿਆਸੀ ਪਾਰਟੀਆਂ ਨੂੰ ਚਾਹੀਦਾ ਹੈ ਕਿ ਉਹ ਆਪਣੀ ਵੋਟ ਪ੍ਰਤੀਸ਼ਤ ਵਧਾਉਣ ਦੇ ਆਸ਼ੇ ਨਾਲ ਬੇਵਿਸ਼ਵਾਸਿਆਂ ਤੇ ਬੇਈਮਾਨ ਦਲਬਦਲੂਆਂ ਨੂੰ ਆਪਣੇ ਵਿੱਚ ਸ਼ਾਮਲ ਕਰਨ ਤੋਂ ਗੁਰੇਜ਼ ਕਰਨ ਸੱਤਾ ਨਾਲੋਂ ਦੇਸ਼ ਤੇ ਲੋਕਾਂ ਦਾ ਵਧੇਰੇ ਫਿਕਰ ਕਰਦਿਆਂ ਸਾਫ਼ ਸੁਥਰੇ ਅਕਸ ਵਾਲੇ ਉਮੀਦਵਾਰ ਸਾਹਮਣੇ ਲਿਆਉਣੇ ਚਾਹੀਦੇ ਹਨਦੁਨੀਆਂ ਪੱਧਰ ਦੇ ਫਿਲਾਸਫ਼ਰ ਸ੍ਰੀ ਡਿਜਰਾਇਨੀ ਨੇ ਕਿਹਾ ਸੀ, “ਰਾਜਨੀਤੀ ਕੇਵਲ ਖੇਡ ਨਹੀਂ, ਇਸ ਉੱਪਰ ਰਾਸ਼ਟਰ ਦਾ ਵਰਤਮਾਨ ਤੇ ਭਵਿੱਖ ਨਿਰਭਰ ਕਰਦਾ ਹੈ।” ਦੇਸ਼ ਵਾਸੀਆਂ ਨੂੰ ਇਹ ਕਥਨ ਆਪਣੇ ਹਿਰਦੇ ਵਿੱਚ ਵਸਾ ਕੇ ਵੋਟ ਪਾਉਣ ਦਾ ਫੈਸਲਾ ਲੈਣਾ ਚਾਹੀਦਾ ਹੈ

ਕੇਂਦਰ ਵਿੱਚ ਸ੍ਰੀ ਨਰਿੰਦਰ ਮੋਦੀ ਦੀ ਸਰਕਾਰ ਵੱਡੀ ਬਹੁਗਿਣਤੀ ਵਾਲੀ ਸਰਕਾਰ ਸੀ, ਜਿਸਨੇ ਰੱਜ ਕੇ ਆਪਣੀਆਂ ਮਨਮਾਨੀਆਂ ਕੀਤੀਆਂਅਗਲੀ ਸਰਕਾਰ ਵੀ ਭਾਜਪਾ ਦੀ ਆਉਣ ਬਾਰੇ ਖੁੱਲ੍ਹ ਕੇ ਮੀਡੀਆ ਰਾਹੀਂ ਪ੍ਰਚਾਰ ਕੀਤਾਲੋਕਾਂ ਨੂੰ ਸਬਜ਼ਬਾਗ ਵਿਖਾਏ, ਕੁਝ ਨੂੰ ਡਰਾਇਆ ਧਮਕਾਇਆ, ਕੁਝ ਨੂੰ ਲਾਲਚ ਦਿੱਤੇਦੂਜੀਆਂ ਪਾਰਟੀਆਂ, ਖਾਸ ਕਰਕੇ ਕਾਂਗਰਸ ਨੂੰ ਖਤਮ ਕਰਨ ਲਈ ਕੋਈ ਕਸਰ ਬਾਕੀ ਨਹੀਂ ਛੱਡੀਇਹ ਵੇਖਦਿਆਂ ਪ੍ਰਭਾਵ ਹੇਠ ਆਏ ਕੁਝ ਕਾਂਗਰਸੀ ਆਪਣੀ ਮਾਂ ਪਾਰਟੀ ਛੱਡ ਕੇ ਇਸ ਮਾਸੀ ਪਾਰਟੀ ਵੱਲ ਭੱਜਣ ਲੱਗੇਇਹਨਾਂ ਵਿੱਚ ਦੋ ਕਿਸਮ ਦੇ ਨੇਤਾ ਸਨ, ਇੱਕ ਉਹ ਸਨ ਜੋ ਸੱਤਾ ਦਾ ਭਾਗ ਬਣਨ ਲਈ ਕੁਰਸੀ ਦੀ ਲਾਲਸਾ ਵਿੱਚ ਜਾ ਰਹੇ ਸਨ, ਜਿਹਨਾਂ ਵਿੱਚ ਕੈਪਟਨ ਅਮਰਿੰਦਰ ਸਿੰਘ, ਸੁਨੀਲ ਜਾਖੜ, ਰਾਣਾ ਸੋਢੀ ਆਦਿ ਸਨਦੂਜੇ ਈ ਡੀ ਤੋਂ ਡਰਦੇ ਚਲੇ ਗਏ, ਜਿਵੇਂ ਗੁਰਪ੍ਰੀਤ ਸਿੰਘ ਕਾਂਗੜ, ਬਲਵੀਰ ਸਿੰਘ ਸਿੱਧੂ, ਰਾਜ ਕੁਮਾਰ ਵੇਰਕਾ ਆਦਿਜਦੋਂ ਈ ਡੀ ਦਾ ਡਰ ਘਟ ਗਿਆ ਤਾਂ ਇਹਨਾਂ ਵਿੱਚੋਂ ਕੁਝ ਵਾਪਸ ਕਾਂਗਰਸ ਵਿੱਚ ਹੀ ਮੁੜ ਆਏ

ਹੁਣ ਲੋਕ ਸਭਾ ਚੋਣਾਂ ਬਿਲਕੁਲ ਨਜ਼ਦੀਕ ਆ ਗਈਆਂ, ਚੋਣਾਂ ਦੀ ਤਾਰੀਖ ਮਿਥੀ ਗਈ ਤਾਂ ਕੁਰਸੀ ਦੇ ਭੁੱਖੇ ਦਲਬਦਲੂ ਭਾਜਪਾ ਦੇ ਪੈਰਾਂ ਵਿੱਚ ਜਾ ਡਿਗਣ ਲੱਗੇ ਹਨਰਵਨੀਤ ਸਿੰਘ ਬਿੱਟੂ ਪੰਜਾਬ ਦੇ ਸਿਰਕਰਦਾ ਕਾਂਗਰਸੀ ਪਰਿਵਾਰ ਵਿੱਚੋਂ ਸਨ, ਜਿਹਨਾਂ ਕੁਰਸੀ ਲਈ ਭਾਜਪਾ ਦੇ ਪੈਰ ਫੜ ਲਏ ਹਨਉਹਨਾਂ ਦੇ ਦਾਦਾ ਸ੍ਰ. ਬੇਅੰਤ ਸਿੰਘ, ਜਿਹਨਾਂ ਨੇ ਪੰਜਾਬ ਵਿੱਚ ਸ਼ਾਂਤੀ ਪੈਦਾ ਕਰਨ ਬਦਲੇ ਕਾਂਗਰਸੀ ਹੁੰਦਿਆਂ ਕੁਰਬਾਨੀ ਦਿੱਤੀ, ਜਿਸਦੀ ਕਦਰ ਕਰਦਿਆਂ ਕਾਂਗਰਸ ਹਾਈਕਮਾਂਡ ਨੇ ਰਵਨੀਤ ਸਿੰਘ ਬਿੱਟੂ ਦੀ ਹਰ ਇੱਛਾ ਪੂਰੀ ਕੀਤੀਇਸ ਪਰਿਵਾਰ ਦੇ ਤੇਜ਼ ਪ੍ਰਕਾਸ਼ ਸਿੰਘ ਨੂੰ ਪੰਜਾਬ ਦਾ ਮੰਤਰੀ ਬਣਾਇਆ, ਰਵਨੀਤ ਸਿੰਘ ਬਿੱਟੂ ਨੂੰ ਲੋਕ ਸਭਾ ਮੈਂਬਰ ਬਣਾਇਆ, ਗੁਰਕੀਰਤ ਕੋਟਲੀ ਨੂੰ ਵਿਧਾਇਕ ਬਣਾਇਆਹੁਣ ਜਦੋਂ ਬਿੱਟੂ ਦੀ ਲੋਕਾਂ ਵਿੱਚ ਪਹਿਲਾਂ ਵਾਲੀ ਚੜ੍ਹਤ ਨਾ ਰਹੀ ਤਾਂ ਉਹ ਆਪਣੀ ਇਸ ਮਾਂ ਪਾਰਟੀ ਕਾਂਗਰਸ ਵਿੱਚੋਂ ਭੱਜ ਕੇ ਭਾਜਪਾ ਦੀ ਝੋਲੀ ਵਿੱਚ ਜਾ ਡਿਗਿਆਇਸੇ ਤਰ੍ਹਾਂ ਆਮ ਆਦਮੀ ਪਾਰਟੀ ਦੇ ਆਗੂ ਸ੍ਰੀ ਸੁਸ਼ੀਲ ਕੁਮਾਰ ਰਿੰਕੂ, ਜਿਸਨੂੰ ਪਾਰਟੀ ਨੇ ਲੋਕ ਸਭਾ ਮੈਂਬਰ ਬਣਾਇਆ ਅਤੇ ਹੁਣ ਅਗਲੀਆਂ ਚੋਣਾਂ ਲਈ ਵੀ ਟਿਕਟ ਵੀ ਦੇ ਦਿੱਤੀ ਸੀ, ਜਦੋਂ ਭਾਜਪਾ ਨੇ ਡਰਾਇਆ ਧਮਕਾਇਆ ਤੇ ਫਿਰ ਸੰਸਦ ਮੈਂਬਰ ਨਾ ਬਣਨ ’ਤੇ ਬਣਦਾ ਕੋਈ ਹੋਰ ਅਹੁਦਾ ਦੇਣ ਦਾ ਲਾਲਚ ਵੀ ਦਿੱਤਾ ਤਾਂ ਉਹ ਝੱਟ ਆਪਣੀ ਪਾਰਟੀ ਨਾਲ ਧੋਖਾ ਕਰਕੇ ਭਾਜਪਾ ਦੇ ਪੈਰਾਂ ਵਿੱਚ ਜਾ ਬੈਠਾਇਸੇ ਤਰ੍ਹਾਂ ਆਪ ਦੇ ਵਿਧਾਇਕ ਸੀਤਲ ਅੰਗੁਰਾਲ ਨੇ ਫੁੱਲ ਵਾਲਾ ਪਰਨਾ ਗਲ ਵਿੱਚ ਪੁਆ ਲਿਆ ਹੈ

ਇਹ ਹੈ ਅੱਜ ਦੇ ਵੱਖ ਵੱਖ ਪਾਰਟੀਆਂ ਵਿੱਚ ਨੇਤਾ ਬਣੇ ਕੁਝ ਲਾਲਚੀ ਤੇ ਕੁਰਸੀ ਦੇ ਭੁੱਖੇ ਲੋਕਾਂ ਦਾ ਕਿਰਦਾਰਜਿਸ ਪਾਰਟੀ ਵਿੱਚ ਦਲਬਦਲੂ ਜਾਂਦਾ ਹੈ, ਉਹ ਜੇ ਇਹ ਸਮਝੇ ਕਿ ਉਸਦਾ ਵਫ਼ਾਦਾਰ ਰਹੇਗਾ, ਇਹ ਉਸਦੀ ਭੁੱਲ ਹੋਵੇਗੀਲਾਲਚ ਅਤੇ ਹੰਕਾਰ ਮਨੁੱਖ ਦੇ ਸਭ ਤੋਂ ਵੱਡੇ ਦੁਸ਼ਮਣ ਹੁੰਦੇ ਹਨਲਾਲਚੀ ਤੇ ਹੰਕਾਰੀ ਮਨੁੱਖ ਕਿਸੇ ਨਾਲ ਵੀ ਨਿਭ ਨਹੀਂ ਸਕਦਾਨਿਭ ਤਾਂ ਉਹੀ ਸਕਦਾ ਹੈ, ਜਿਸਦਾ ਆਪਣਾ ਕੋਈ ਚਰਿੱਤਰ ਹੋਵੇ ਤੇ ਅਣਖ ਇੱਜ਼ਤ ਬਾਰੇ ਗਿਆਨ ਰੱਖਦਾ ਹੋਵੇਹਾਂ! ਕਈ ਵਾਰ ਅਣਖ ਵਾਲਾ ਵੀ ਆਪਣੀ ਪਾਰਟੀ ਤੋਂ ਤੰਗ ਆ ਜਾਂਦਾ ਹੈ ਤੇ ਚੋਣਾਂ ਸਮੇਂ ਆਪਣਾ ਹੱਕ ਨਾ ਮਿਲਣ ’ਤੇ ਦੁਖੀ ਹੋ ਜਾਂਦਾ ਹੈ, ਪਰ ਉਹ ਕਿਸੇ ਹੋਰ ਪਾਰਟੀ ਵਿੱਚ ਟਿਕਟ ਮੰਗਣ ਨਾਲੋਂ ਜ਼ਿੰਦਗੀ ਛੱਡਣ ਨੂੰ ਤਰਜੀਹ ਦੇ ਦਿੰਦਾ ਹੈਬੀਤੇ ਦਿਨ ਤਾਮਿਲਨਾਡੂ ਦੇ ਝਰੋੜ ਹਲਕੇ ਦੇ ਸੰਸਦ ਮੈਂਬਰ ਏ ਗਣੇਸਮੂਰਤੀ ਨੂੰ ਉਸਦੀ ਪਾਰਟੀ ਡੀ ਐੱਮ ਕੇ ਨੇ ਟਿਕਟ ਨਾ ਦਿੱਤੀ, ਤਾਂ ਉਸਨੇ ਹੋਰ ਪਾਰਟੀ ਤੋਂ ਟਿਕਟ ਮੰਗਣ ਦੀ ਬਜਾਏ ਕੀੜੇਮਾਰ ਦਵਾਈ ਪੀ ਕੇ ਖੁਦਕੁਸ਼ੀ ਕਰ ਲਈਇਹ ਜਾਣਕਾਰੀ ਉਸਦੇ ਪਰਿਵਾਰ ਵੱਲੋਂ ਦਿੱਤੀ ਗਈ ਹੈਉਸਦੀ ਮੌਤ ਦਾ ਦੁੱਖ ਤਾਂ ਹਰ ਇਨਸਾਨ ਮਹਿਸੂਸ ਕਰਦਾ ਹੈ, ਇੱਕ ਇਨਸਾਨ ਦਾ ਦੁਨੀਆਂ ਤੋਂ ਚਲੇ ਜਾਣਾ ਦੁਖਦਾਈ ਹੁੰਦਾ ਹੈਪਰ ਦਲਬਦਲੂਆਂ ਦੀਆਂ ਕਾਰਵਾਈਆਂ ਨਾਲੋਂ ਉਸਦੀ ਮੌਤ ਚਰਿੱਤਰ ਅਤੇ ਅਣਖ ਦੇ ਗੁਣਾਂ ਵਿੱਚ ਵਾਧਾ ਕਰਨ ਵਾਲੀ ਹੈ

ਲੋਕ ਸਭਾ ਚੋਣਾਂ ਆ ਗਈਆਂ ਹਨਪੰਜਾਬ ਦੇ ਲੋਕਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਜਿਸਨੇ ਇੱਕ ਵਾਰੀ ਵਿਸ਼ਵਾਸਘਾਤ ਕੀਤਾ ਹੋਵੇ ਉਸ ਉੱਤੇ ਭਰੋਸਾ ਨਹੀਂ ਕੀਤਾ ਜਾ ਸਕਦਾਪੰਜਾਬ ਵਾਸੀ ਦਲਬਦਲੀ ਦੇ ਕਾਰਨ ਜਾਂਚ ਕੇ, ਦਲਬਦਲੂਆਂ ਦੇ ਚਰਿੱਤਰ ਨੂੰ ਘੋਖ ਕੇ ਹੀ ਆਪਣੀ ਅਤੀ ਕੀਮਤੀ ਵੋਟ ਦਾ ਇਸਤੇਮਾਲ ਕਰਨ, ਤਾਂ ਜੋ ਉਹਨਾਂ ਦੀ ਵੋਟ ਚੰਗੇ ਰਾਸ਼ਟਰ ਨਿਰਮਾਣ ਅਤੇ ਚੰਗੀ ਲੋਕ ਪੱਖੀ ਸਰਕਾਰ ਸਥਾਪਤ ਕਰਨ ਵਿੱਚ ਕੰਮ ਆ ਸਕੇ

*  *  *  *  *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4858)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਬਲਵਿੰਦਰ ਸਿੰਘ ਭੁੱਲਰ

ਬਲਵਿੰਦਰ ਸਿੰਘ ਭੁੱਲਰ

A veteran journalist and writer.
WhatsApp: (91 - 98882 - 75913)

Email: (bhullarbti@gmail.com)

More articles from this author