BalwinderSBhullar7ਪਹਿਲਗਾਮ ਵਿਖੇ ਅੱਤਵਾਦੀਆਂ ਵੱਲੋਂ ਬੇਕਸੂਰ ਲੋਕਾਂ ਨੂੰ ਮਾਰੇ ਜਾਣ ਤੋਂ ਬਾਅਦ ਭਾਰਤ ਨੇ ...
(9 ਮਈ 2025)


ਪਹਿਲਗਾਮ ਵਿਖੇ ਕੀਤੇ ਦਹਿਸ਼ਤਗਰਦੀ ਹਮਲੇ ਤੋਂ ਬਾਅਦ ਭਾਰਤ ਵੱਲੋਂ ਅੱਤਵਾਦ ਵਿਰੁੱਧ ਕੀਤੀ ਕਾਰਵਾਈ ਦੀ ਹਰ ਪਾਸਿਉਂ ਸ਼ਲਾਘਾ ਹੋ ਰਹੀ ਹੈ। ਦਹਿਸ਼ਤਗਰਦਾਂ ਨੇ ਪਹਿਲਗਾਮ ਵਿਖੇ ਬੇਕਸੂਰ ਸੈਲਾਨੀਆਂ ਨੂੰ ਮਾਰ ਮੁਕਾਇਆ ਸੀ
, ਜਿਹਨਾਂ ਵਿੱਚ ਔਰਤਾਂ ਅਤੇ ਬੱਚੇ ਵੀ ਸ਼ਾਮਲ ਸਨ। ਇਸ ਦੁਖਦਾਈ ਘਟਨਾ ਦੀ ਦੁਨੀਆਂ ਭਰ ਵਿੱਚ ਨਿੰਦਾ ਹੋ ਰਹੀ ਹੈ। ਭਾਰਤ ਵੱਲੋਂ ਇਸ ਹਮਲੇ ਦਾ ਬਦਲਾ ਲੈਣ ਲਈ ਪਾਕਿਸਤਾਨ ਵਿੱਚ ਸਥਿਤ ਅੱਤਵਾਦੀ ਟਿਕਾਣਿਆਂ ਨੂੰ ਤਬਾਹ ਕੀਤਾ ਗਿਆ ਹੈ। ਇਹ ਕਾਰਵਾਈ ਨੌਂ ਟਿਕਾਣਿਆਂ ’ਤੇ ਕੀਤੀ ਗਈ ਹੈ, ਜਿਸ ਵਿੱਚ ਬਹਾਵਲਪੁਰ, ਮੁਰੀਦ ਕੇ, ਬਾਗ, ਕੋਟਲੀ, ਮੁਜ਼ੱਫਰਾਬਾਦ ਮੁੱਖ ਟਿਕਾਣੇ ਸਨ। ਇਹਨਾਂ ਵਿੱਚੋਂ ਬਹਾਵਲਪੁਰ ਅੱਤਵਾਦੀ ਜਥੇਬੰਦੀ ਜੈਸ਼ ਏ ਮੁਹੰਮਦ ਦਾ ਮੁੱਖ ਟਿਕਾਣਾ ਸੀ, ਜਦ ਕਿ ਮੁਰੀਦ ਕੇ ਇੱਕ ਹੋਰ ਦਹਿਸ਼ਤੀ ਜਥੇਬੰਦੀ ਲਸ਼ਕਰ ਏ ਤੋਇਬਾ ਦਾ ਹੈੱਡਕੁਆਟਰ ਸੀ। ਇਹਨਾਂ ਟਿਕਾਣਿਆਂ ’ਤੇ ਮਰਨ ਵਾਲੇ ਅੱਤਵਾਦੀਆਂ ਦੀ ਗਿਣਤੀ ਸੱਤਰ ਤੋਂ ਵੱਧ ਹੈ। ਜੈਸ਼ ਏ ਮੁਹੰਮਦ ਦੇ ਮੁਖੀ ਮੌਲਾਨਾ ਮਜੂਦ ਅਜਹਰ ਦੇ ਪਰਿਵਾਰ ਦੇ ਦਸ ਮੈਂਬਰ ਅਤੇ ਚਾਰ ਹੋਰ ਰਿਸ਼ਤੇਦਾਰ ਇਸ ਕਾਰਵਾਈ ਵਿੱਚ ਮਾਰੇ ਜਾ ਚੁੱਕੇ ਹਨ। ਇਸ ਤੋਂ ਬਾਅਦ ਅਜਹਰ ਇਹ ਕਹਿੰਦਾ ਸੁਣਿਆ ਗਿਆ ਹੈ ਕਿ ਉਹ ਵੀ ਕਿਉਂ ਨਾ ਮਰ ਗਿਆ।

ਪਹਿਲਗਾਮ ਵਿਖੇ ਅੱਤਵਾਦੀਆਂ ਵੱਲੋਂ ਬੇਕਸੂਰ ਲੋਕਾਂ ਨੂੰ ਮਾਰੇ ਜਾਣ ਤੋਂ ਬਾਅਦ ਭਾਰਤ ਨੇ ਅੱਤਵਾਦੀਆਂ ਨੂੰ ਖਤਮ ਕਰਨ ਦਾ ਐਲਾਨ ਕਰ ਦਿੱਤਾ ਸੀ। ਦੁਨੀਆਂ ਭਰ ਦੇ ਦੇਸ਼ਾਂ ਨੇ ਪਾਕਿਸਤਾਨ ਨੂੰ ਦਹਿਸ਼ਤਗਰਦਾਂ ਦਾ ਟਿਕਾਣਾ ਮੰਨਦਿਆਂ ਭਾਰਤ ਨੂੰ ਸਹਿਯੋਗ ਦੇਣ ਦਾ ਵਾਅਦਾ ਕੀਤਾ ਸੀ। ਭਾਰਤ ਨੇ ਪਹਿਲਗਾਮ ਵਿਖੇ ਮਾਰੀਆਂ ਗਈਆਂ ਔਰਤਾਂ ਅਤੇ ਉਹਨਾਂ ਦੇ ਸੁਹਾਗ ਖੋਹਣ ਦਾ ਦਰਦ ਮਹਿਸੂਸ ਕਰਦਿਆਂ ‘ਅਪਰੇਸ਼ਨ ਸਿੰਧੂਰ’ ਦੇ ਨਾਂ ਹੇਠ ਕਾਰਵਾਈ ਕਰਨ ਦਾ ਫੈਸਲਾ ਕੀਤਾ। ਦਹਿਸ਼ਤਗਰਦੀ ਦੇ ਹਮਲੇ ਤੋਂ ਪੰਦਰਾਂ ਕੁ ਦਿਨਾਂ ਬਾਅਦ ਹੀ ਭਾਰਤੀ ਫੌਜ ਵੱਲੋਂ ਪਾਕਿਸਤਾਨ ਵਿਚਲੇ ਅੱਤਵਾਦੀ ਟਿਕਾਣਿਆਂ ਨੂੰ ਨਿਸ਼ਾਨਾ ਬਣਾ ਕੇ ਵੱਡੀ ਗਿਣਤੀ ਵਿੱਚ ਅੱਤਵਾਦੀ ਮਾਰ ਮੁਕਾਏ ਹਨ।

ਪਾਕਿਸਤਾਨ ਦੇ ਇੰਟਰ ਸਰਵਿਸਿਜ਼ ਪਬਲਿਕ ਰਿਲੇਸ਼ਨਜ ਦੇ ਡਾਇਰੈਕਟਰ ਜਨਰਲ ਅਹਿਮਦ ਸ਼ਰੀਫ ਚੌਧਰੀ ਨੇ ਮੰਨਿਆਂ ਕੇ ਭਾਰਤ ਨੇ 24 ਮਿਜ਼ਾਇਲਾਂ ਦਾਗੀਆਂ ਹਨ। ਪਾਕਿਸਤਾਨ ਵੱਲੋਂ ਹੁਣ ਇਹ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਭਾਰਤ ਨੇ ਮਸਜਿਦ ਅਤੇ ਸਕੂਲ ਨੂੰ ਨਿਸ਼ਾਨਾ ਬਣਾਇਆ। ਅਜਿਹਾ ਸਿਰਫ਼ ਲੋਕਾਂ ਨੂੰ ਭੜਕਾਉਣ ਲਈ ਕਿਹਾ ਜਾ ਰਿਹਾ ਹੈ। ਅਸਲ ਵਿੱਚ ਭਾਰਤੀ ਫੌਜ ਨੇ ਨਾ ਕਿਸੇ ਫੌਜੀ ਛਾਉਣੀ ਜਾਂ ਟਿਕਾਣੇ ਨੂੰ ਨਿਸ਼ਾਨਾ ਬਣਾਇਆ ਹੈ ਅਤੇ ਨਾ ਹੀ ਆਮ ਲੋਕਾਂ ਨੂੰ। ਭਾਰਤੀ ਫੌਜ ਇਸ ਗੱਲੋਂ ਵਧਾਈ ਦੀ ਪਾਤਰ ਹੈ ਕਿ ਉਸਨੇ ਆਮ ਲੋਕਾਂ ਦਾ ਵਿਸ਼ੇਸ਼ ਧਿਆਨ ਰੱਖਿਆ ਅਤੇ ਅੱਤਵਾਦੀ ਟਿਕਾਣਿਆਂ ਦੀ ਡੁੰਘਾਈ ਨਾਲ ਸ਼ਨਾਖ਼ਤ ਕਰਕੇ ਹੀ ਉਹਨਾਂ ਨੂੰ ਤਬਾਹ ਕੀਤਾ ਹੈ।

ਭਾਰਤ ਦੀ ਇਸ ਅੱਤਵਾਦੀਆਂ ਦਾ ਖਾਤਮਾ ਕਰਨ ਵਾਲੀ ਕਾਰਵਾਈ ਦੀ ਹਰ ਪਾਸਿਓਂ ਸ਼ਲਾਘਾ ਹੋ ਰਹੀ ਹੈ। ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨੇ ਉਮੀਦ ਜ਼ਾਹਰ ਕੀਤੀ ਹੈ ਕਿ ਹੁਣ ਦੋਵਾਂ ਦੇਸ਼ਾਂ ਦਾ ਟਕਰਾਅ ਖਤਮ ਹੋ ਜਾਵੇਗਾ। ਦੁਨੀਆਂ ਵਿੱਚ ਵਸਦਾ ਹਰ ਬੁੱਧੀਜੀਵੀ ਅਤੇ ਸੂਝਵਾਨ ਵਿਅਕਤੀ ਇਹ ਕਹਿ ਕੇ ਖੁਸ਼ੀ ਪ੍ਰਗਟ ਕਰ ਰਿਹਾ ਹੈ ਕਿ ਅੱਤਵਾਦ ਦਾ ਖਾਤਮਾ ਜਰੂਰੀ ਹੈ ਅਤੇ ਭਾਰਤ ਦੀ ਕਾਰਵਾਈ ਜਾਇਜ਼ ਹੈ। ਭਾਰਤੀ ਫੌਜ ਨੇ ਵੀ ਇਹ ਸਾਬਤ ਕਰ ਦਿੱਤਾ ਹੈ ਕਿ ਉਹ ਹਰ ਟਾਕਰੇ ਲਈ ਸਮਰੱਥ ਹੈ, ਪਰ ਆਮ ਲੋਕਾਂ ਦੀਆਂ ਜਿੰਦਗੀਆਂ ਦਾ ਉਚੇਚਾ ਧਿਆਨ ਰੱਖਦੀ ਹੈ। ਹੁਣ ਪਾਕਿਸਤਾਨ ਨੂੰ ਚਾਹੀਦਾ ਹੈ ਕਿ ਇਸ ਕਰੀਬ ਅੱਧੇ ਘੰਟੇ ਦੀ ਕਾਰਵਾਈ ਤੋਂ ਸਬਕ ਲੈ ਕੇ ਆਪਣੇ ਦੇਸ਼ ਨੂੰ ਅੱਤਵਾਦੀ ਤੋਂ ਮੁਕਤ ਕਰੇ ਅਤੇ ਗੁਆਂਢ ਨਾਲ ਸਬੰਧ ਸੁਧਾਰਨ ਵਾਲੇ ਕਦਮ ਚੁੱਕਣ ਵੱਲ ਧਿਆਨ ਕੇਂਦਰਤ ਕਰੇ। ਇਹ ਸੱਚ ਹੈ ਕਿ ਜੰਗ ਵਿਨਾਸ਼ ਕਰਦੀ ਹੈ ਅਤੇ ਸਾਂਤੀ ਵਿਕਾਸ ਦਾ ਰਾਹ ਵਿਖਾਉਂਦੀ ਹੈ। ਦੋਵਾਂ ਦੇਸਾਂ ਨੂੰ ਸ਼ਾਂਤੀ ਲਈ ਯਤਨ ਅਰੰਭਣੇ ਚਾਹੀਦੇ ਹਨ।

*       *       *       *      *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)

About the Author

Balwinder S Bhullar

Balwinder S Bhullar

A veteran journalist and writer.
WhatsApp: (91 - 98882 - 75913)

Email: (bhullarbti@gmail.com)

More articles from this author