“ਗੋਰਖ ਨਾਥ ਪਿੰਡ ਗੋਰਖਪੁਰ ਜ਼ਿਲ੍ਹਾ ਰਾਵਲਪਿੰਡੀ ਦਾ, ਰਤਨ ਨਾਥ ਬਠਿੰਡੇ ਦਾ, ਪੂਰਨ ਸਿਆਲਕੋਟ ਦਾ ...”
(11 ਨਵੰਬਰ 2025)
ਉੱਚਕੋਟੀ ਦੇ ਸਾਹਿਤਕਾਰ ਵੀ ਪੰਜਾਬੀ ਸਾਹਿਤ ਦਾ ਮੁੱਢ ਨਾਥ ਜੋਗੀਆਂ ਦੇ ਸਾਹਿਤ ਨੂੰ ਸਵੀਕਾਰ ਕਰਦੇ ਹਨ। ਇਹ ਕੰਨ ਪਾਟੇ ਜੋਗੀ ਅਤੇ ਨਾਥ ਅੱਠਵੀਂ ਨੌਂਵੀਂ ਸਦੀ ਵਿੱਚ ਉੱਤਰ ਪੱਛਮੀ ਭਾਰਤ ਵਿੱਚ ਵਿਚਰਦੇ ਰਹੇ ਹਨ। ਪੰਜਾਬ ਅਤੇ ਰਾਜਸਥਾਨ ਨੂੰ ਹੀ ਇਨ੍ਹਾਂ ਦਾ ਮੂਲ ਕੇਂਦਰ ਮੰਨਿਆ ਜਾਂਦਾ ਰਿਹਾ ਹੈ।
ਜੋਗ ਮੱਤ ਇੱਕ ਤਰ੍ਹਾਂ ਸਿਧਾਂ ਦੇ ਕੰਮਾਂ ਦੇ ਉਲਟ ਹੀ ਪ੍ਰਤੀਕਰਮ ਸੀ। ਜੋਗੀਆਂ ਨੇ ਉਹਨਾਂ ਦੀ ਅਯਾਸ਼ੀ ਜਾਂ ਭੋਲੇ ਭਾਲੇ ਲੋਕਾਂ ਨੂੰ ਕਰਾਮਾਤਾਂ ਵਿਖਾ ਕੇ ਆਪਣੇ ਪਿੱਛੇ ਲਾਉਣ ਦੇ ਢੰਗਾਂ ਦੀ ਨਖੇਧੀ ਕੀਤੀ। ਇਹ ਜੋਗੀ ਅਧਿਆਤਮਕਵਾਦ ਨੂੰ ਤਾਂ ਮੰਨਦੇ ਸਨ, ਪਰ ਅੰਧ ਵਿਸ਼ਵਾਸ ਦੇ ਵਿਰੋਧੀ ਸਨ। ਉਹ ਵਿਹਲੇ ਰਹਿੰਦੇ ਅਤੇ ਲੋਕਾਂ ਦੇ ਸਹਾਰੇ ਹੀ ਜੀਵਨ ਬਤੀਤ ਕਰਦੇ, ਪਰ ਗੁਮਰਾਹ ਕਰਕੇ ਲੋਕਾਂ ਨੂੰ ਠੱਗਦੇ ਨਹੀਂ ਸਨ। ਜੋਗੀ ਸੰਜਮ ਦਾ ਖਾਂਦੇ, ਕੰਨਾਂ ਵਿੱਚ ਮੁੰਦਰਾਂ ਪਾਉਂਦੇ, ਬਿਭੂਤੀ ਮਲਦੇ, ਸਿੰਗੀ ਅਤੇ ਨਾਦ ਵਜਾਉਂਦੇ ਸਨ। ਉਹ ਇਸਤਰੀ ਸਬੰਧਾਂ ਦੇ ਪੱਖ ਵਿੱਚ ਨਹੀਂ ਸਨ, ਜਿਸ ਕਰਕੇ ਉਹ ਜਤ ਸਤ ਦੇ ਹਿਮਾਇਤੀ ਰਹੇ। ਜੋਗੀ ਨਾਥਾਂ ਗੋਰਖ ਅਤੇ ਚਰਪਟ ਨੇ ਸਿਧਾਂ ਦੇ ਬਾਹਰਮੁਖੀ ਭੇਖਾਂ ਦੀ ਨਿੰਦਾ ਕਰਦਿਆਂ ਆਤਮਿਕ ਸ਼ੁੱਧੀ ਨੂੰ ਹੀ ਸਭ ਤੋਂ ਵੱਡਾ ਜੋਗ ਮੰਨਿਆ। ਸਿੱਧਾਂ ਅਤੇ ਪਹਿਲੇ ਭੇਖੀ ਜੋਗੀਆਂ ਵਿਰੁੱਧ ਇਹ ਪ੍ਰਤੀਕਰਮ ਹੀ ਸੀ ਕਿ ਗੋਰਖ ਨਾਥ ਨੇ ਇਸਤਰੀ ਨੂੰ ਬਾਘਨਿ ਭਾਵ ਬਘਿਆੜਨ ਤਕ ਕਹਿ ਦਿੱਤਾ ਸੀ। ਇਸੇ ਸਦਕਾ ਹੀ ਉਸਨੇ ਜਤ ਸਤ ਦੇ ਹੱਕ ਵਿੱਚ ਪ੍ਰਚਾਰ ਕੀਤਾ। ਉਸਦੀ ਬਹੁਤ ਸਾਰੀ ਕਵਿਤਾ ਇਸਤਰੀ ਜਾਤੀ ਦੇ ਵਿਰੁੱਧ ਹੀ ਹੈ। ਉਸਦੇ ਇਹ ਵਿਚਾਰ ਠੀਕ ਸਨ ਜਾਂ ਗਲਤ, ਇਹ ਵੱਖਰਾ ਮੁੱਦਾ ਹੈ।
ਨਾਥ ਜੋਗੀਆਂ ਦਾ ਸਮਾਂ ਹੀ ਪੰਜਾਬੀ ਸਾਹਿਤ ਦੇ ਇਤਿਹਾਸ ਦਾ ਅਰੰਭਿਕ ਕਾਲ ਮੰਨਿਆ ਜਾਂਦਾ ਹੈ। ਉਹਨਾਂ ਦਾ ਟਿਕਾਣਾ ਵੀ ਬਹੁਤਾ ਕਰਕੇ ਪੁਰਾਤਣ ਸਾਂਝਾ ਪੰਜਾਬ ਹੀ ਰਿਹਾ ਹੈ। ਇਸੇ ਕਰਕੇ ਨਾਥ ਜੋਗੀਆਂ ਦੀਆਂ ਬਹੁਤ ਸਾਰੀਆਂ ਨਿਸ਼ਾਨੀਆਂ ਵੀ ਪੁਰਾਣੇ ਪੰਜਾਬ ਵਿੱਚ ਹੀ ਮਿਲਦੀਆਂ ਹਨ। ਪਿਸ਼ਾਵਰ ਵਿੱਚ ਗੋਰਖ ਹੱਟੜੀ ਅਤੇ ਬਾਬਾ ਰਤਨ ਦਾ ਡੇਰਾ, ਜਿਹਲਮ ਵਿੱਚ ਬਾਲ ਨਾਥ ਦਾ ਟਿੱਲਾ, ਅਬੋਹਰ ਵਿੱਚ ਚੌਰੰਗੀ ਨਾਥ ਦੀ ਧੂਣੀ, ਸਿਆਲਕੋਟ ਵਿੱਚ ਪੂਰਨ ਦਾ ਖੂਹ ਆਦਿ। ਇਸ ਤੋਂ ਇਲਾਵਾ ਕਈ ਪਿੰਡਾਂ ਦੇ ਨਾਂ ਵੀ ਜੋਗੀਆਂ ਦੇ ਨਾਂਵਾਂ ’ਤੇ ਮਿਲਦੇ ਹਨ। ਬਹੁਤੇ ਜੋਗੀਆਂ ਦਾ ਜਨਮ ਵੀ ਪੰਜਾਬ ਦਾ ਹੀ ਹੈ ਜਿਵੇਂ ਗੋਰਖ ਨਾਥ ਪਿੰਡ ਗੋਰਖਪੁਰ ਜ਼ਿਲ੍ਹਾ ਰਾਵਲਪਿੰਡੀ ਦਾ, ਰਤਨ ਨਾਥ ਬਠਿੰਡੇ ਦਾ, ਪੂਰਨ ਸਿਆਲਕੋਟ ਦਾ, ਜਲੰਧਰ ਨਾਥ ਜਲੰਧਰ ਦੇ ਹੋਏ ਹਨ।
ਗੋਰਖ ਨਾਥ ਨੇ ਜੋਗ ਪੰਥ ਨੂੰ ਸਿਖ਼ਰਾਂ ਤਕ ਪਹੁੰਚਾਇਆ। ਉਸ ਸਮੇਂ ਜਾਤ ਪਾਤ ਦੇ ਬੰਧਨ ਅਤੇ ਅਯਾਸ਼ੀ ਬਹੁਤ ਸੀ। ਗੋਰਖ ਨਾਥ ਨੇ ਇਨ੍ਹਾਂ ਸਮਾਜਿਕ ਕੁਰੀਤੀਆਂ ਨੂੰ ਦੂਰ ਕਰਨ ਦੇ ਯਤਨ ਕੀਤੇ। ਉਹਨਾਂ ਜੋਗੀਆਂ ਨੂੰ ਕੁਰੀਤੀਆਂ ਤੋਂ ਦੂਰ ਰੱਖਣ ਲਈ ਸੰਜਮ, ਜਤ ਸਤ ਕਾਇਮ ਰੱਖਣ ਅਤੇ ਸਿਮਰਨ ਦਾ ਉਪਦੇਸ ਦਿੱਤਾ। ਇਸਤਰੀ ਜਾਤੀ ਨੂੰ ਅਯਾਸ਼ੀ ਦਾ ਮੂਲ ਕਾਰਨ ਸਮਝ ਕੇ ਉਸਨੇ ਉਸ ਤੋਂ ਵਰਜਿਆ:
ਦਾਮਿ ਕਾਢਿ ਬਾਘਨਿ ਲੈ ਆਇਆ, ਮਾਉ ਕਹੇ ਮੇਰਾ ਪੂਤ ਬੇਆਹਿਆ।
ਗੀਲੀ ਲਕੜੀ ਕਉ ਘੁਨ ਲਾਇਆ, ਤਿਨ ਡਾਲ ਮੂਲ ਸਣਿ ਖਾਇਆ।
ਇਸੇ ਤਰ੍ਹਾਂ ਸਮਾਜਿਕ ਕੁਰੀਤੀਆਂ ਦਾ ਖੰਡਨ ਕਰਦਿਆਂ ਲਿਖਿਆ:
ਜੋਗੀ ਹੋਇ ਪਰ ਨਿੰਦਿਆ ਝਖੈ, ਮਦ ਮਾਸ ਘਰ ਭੋਗ ਜੋ ਭਖੈ।
ਇਕੋਤਰ ਸੈ ਪੁਰਖ ਨਰਕੇ ਜਾਇ, ਸਤਿ ਸਤਿ ਭਾਖੰਤ ਗੋਰਖ ਰਾਇ।
ਇਹ ਰਚਨਾਵਾਂ ਭਾਵੇਂ ਉਸਨੇ ਆਪਣੇ ਚੇਲਿਆਂ ਜਾਂ ਸੇਵਕਾਂ ਨੂੰ ਸਿੱਖਿਆ ਦੇਣ ਲਈ ਹੀ ਰਚੀਆਂ, ਪਰ ਇਸਨੂੰ ਹੀ ਪੰਜਾਬੀ ਸਾਹਿਤ ਦਾ ਅਰੰਭ ਮੰਨਿਆ ਜਾਂਦਾ ਹੈ। ਉਸ ਤੋਂ ਬਾਅਦ ਗੋਰਖ ਦੇ ਚੇਲੇ ਚਰਪਟ ਨਾਥ ਨੇ ਲਿਖਿਆ:
ਭੇਖ ਕਾ ਜੋਗੀ ਮੈਂ ਨਾ ਕਹਾਊਂ।
ਆਤਮਾ ਕਾ ਜੋਗੀ ਚਰਪਟ ਨਾਊਂ।
ਗੋਰਖ ਨਾਥ ਦੇ ਹੀ ਚੇਲੇ ਰਤਨ ਨਾਥ ਜਾਂ ਹਾਜੀ ਰਤਨ ਦੀ ਰਚਨਾ ਮਿਲਦੀ ਹੈ:
ਰਪਾ ਮੁਹੰਮਦ, ਸੋਨਾ ਖੁਦਾਈ, ਚੁਹੂੰ ਵਿੱਚ ਦੁਨੀਆਂ ਗੋਤਾ ਖਾਈ
ਬਾਬਾ ਰਤਨ ਹਾਜੀ ਐਸੀ ਕਹੈਂ, ਸਭ ਤੇ ਨਿਆਰਾ ਰਹੇ।
ਇਸੇ ਤਰ੍ਹਾਂ ਗੋਪੀ ਚੰਦ ਦੀਆਂ ਰਚਨਾਵਾਂ ਵੀ ਮਿਲਦੀਆਂ ਹਨ:
ਗੁਰੂ ਹਮਾਰੇ ਗੋਰਖ ਬੋਲੀਐ। ਚਰਪਟ ਹੈ ਗੁਰਭਾਈ ਜੀ।
ਯੈਂ ਕੋ ਸ਼ਬਦ ਹਮਕੂ, ਗੁਰੂ ਗੋਰਖ ਨਾਥ ਕੀਯਾ।
ਸੋਵੋ ਲਿਯਖਿਆ ਮੈਣਾਵੰਤਾ ਮਾਈ ਸੀ।
ਇਸ ਤਰ੍ਹਾਂ ਜੋਗੀਆਂ ਨਾਥਾਂ ਦੇ ਰਚੇ ਸਾਹਿਤ ਸਦਕਾ ਪੰਜਾਬੀ ਭਾਸ਼ਾ ਅਤੇ ਸਾਹਿਤ ਦੀ ਉਤਪਤੀ ਹੋਈ। ਇਹ ਮੰਨਣਾ ਹੀ ਪਵੇਗਾ ਕਿ ਪੰਜਾਬੀ ਭਾਸ਼ਾ ਨੌਂਵੀਂ ਦਸਵੀਂ ਸਦੀ ਤਕ ਨਿਸ਼ਚਿਤ ਅਤੇ ਵਿਕਸਿਤ ਰੂਪ ਗ੍ਰਹਿਣ ਕਰ ਚੁੱਕੀ ਸੀ ਅਤੇ ਇਸ ਵਿੱਚ ਹਰ ਪ੍ਰਕਾਰ ਦਾ ਸਾਹਿਤ ਰਚਿਆ ਜਾਂਦਾ ਰਿਹਾ ਹੋਵੇਗਾ, ਭਾਵੇਂ ਉਹ ਸਾਡੇ ਤਕ ਨਹੀਂ ਅੱਪੜ ਸਕਿਆ। ਇਹ ਸਪਸ਼ਟ ਹੈ ਕਿ ਜੇਕਰ ਜੋਗੀਆਂ, ਨਾਥਾਂ ਨੇ ਕਵਿਤਾ ਛੰਦ ਆਦਿ ਰਚੇ ਹਨ ਤਾਂ ਵਾਰਤਕ ਕਹਾਣੀ ਵੀ ਜ਼ਰੂਰ ਲਿਖੀ ਹੋਵੇਗੀ, ਜੋ ਉਸ ਸਮੇਂ ਕਵਿਤਾ ਤੋਂ ਲਿਖਣੀ ਸੌਖੀ ਸੀ ਤੇ ਦੂਜਿਆਂ ’ਤੇ ਚੰਗਾ ਪ੍ਰਭਾਵ ਵੀ ਛੱਡਦੀ ਸੀ।
ਇਸ ਸਮੇਂ ਤੋਂ ਬਾਅਦ ਹੀ ਸੂਫ਼ੀ ਮੱਤ ਚੱਲਿਆ, ਜਿਸਦਾ ਪਹਿਲਾ ਸੂਫ਼ੀ ਕਵੀ ਬਾਬਾ ਫਰੀਦ ਹੋਇਆ। ਸੂਫ਼ੀ ਮੱਤ ਦੇ ਸਮੇਂ ਵੀ ਪੰਜਾਬੀ ਦਾ ਪਸਾਰ ਅਤੇ ਪ੍ਰਚਾਰ ਹੋਇਆ। ਉਸ ਤੋਂ ਬਾਅਦ ਗੁਰੂ ਕਾਲ ਵਿੱਚ ਪੰਜਾਬੀ ਸਾਹਿਤ ਨੇ ਚੰਗੀ ਤਰੱਕੀ ਕੀਤੀ। ਅੱਜ ਪੰਜਾਬੀ ਸਾਹਿਤ ਦੁਨੀਆਂ ਪੱਧਰ ਦੀਆਂ ਹੋਰ ਭਾਸ਼ਾਵਾਂ ਤੋਂ ਪਿੱਛੇ ਨਹੀਂ ਰਿਹਾ, ਪਰ ਇਸਨੂੰ ਵਧਣ ਫੁੱਲਣ ਤੋਂ ਰੋਕਣ ਲਈ ਇਸ ’ਤੇ ਹਮਲੇ ਵੀ ਹੋ ਰਹੇ ਹਨ। ਇਹ ਵੀ ਤਸੱਲੀ ਵਾਲੀ ਗੱਲ ਹੈ ਕਿ ਜਿੰਨੇ ਪੰਜਾਬੀ ’ਤੇ ਹਮਲੇ ਹੁੰਦੇ ਹਨ, ਇਸਦਾ ਉੰਨਾ ਹੀ ਜ਼ਿਆਦਾ ਵਿਕਾਸ ਹੋ ਰਿਹਾ ਹੈ। ਅੱਜ ਪੰਜਾਬੀ ਭਾਸ਼ਾ ਦੁਨੀਆਂ ਦੇ ਹਰ ਕੋਨੇ ਤਕ ਪਹੁੰਚ ਚੁੱਕੀ ਹੈ। ਅਰਦਾਸ ਕਰਦੇ ਹਾਂ ਕਿ ਇਸਦਾ ਵਿਕਾਸ ਲਗਾਤਾਰ ਅੱਗੇ ਵਧਦਾ ਜਾਵੇ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (