“ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ ਦੋਸ਼ੀਆਂ ਨੂੰ ਮਿਸਾਲੀ ਸਜ਼ਾਵਾਂ ਦਿੱਤੀਆਂ ਜਾਣ ਤਾਂ ਜੋ ਅੱਗੇ ਲਈ ਕੋਈ ...”
(23 ਅਗਸਤ 2024)
ਬੱਚੀਆਂ ਦੀ ਸੁਰੱਖਿਆ ਕਰਨਾ ਸਰਕਾਰਾਂ ਦਾ ਫਰਜ਼ ਹੈ।
ਭਾਰਤ ਦਾ ਸਮਾਜ ਧਰਮਾਂ ਦੇ ਆਧਾਰ ’ਤੇ ਉੱਸਰਿਆ ਹੋਇਆ ਹੈ। ਇੱਥੇ ਵੱਡੀ ਗਿਣਤੀ ਵਿੱਚ ਗੁਰੂ ਪੈਗੰਬਰ ਦੇਵਤੇ ਫਕੀਰ ਆਦਿ ਹੋਏ ਹਨ, ਜਿਹਨਾਂ ਸਮੇਂ ਸਮੇਂ ਭਾਰਤੀ ਸਮਾਜ ਵਿੱਚ ਸੁਧਾਰ ਦੇ ਵਿਚਾਰ ਦਿੱਤੇ ਤੇ ਲੋਕਾਂ ਨੇ ਉਹਨਾਂ ਦਾ ਅਸਰ ਕਬੂਲਿਆ। ਇਹੋ ਕਾਰਨ ਹੈ ਕਿ ਭਾਰਤ ਧਰਮ ਨਿਰਪੱਖ ਦੇਸ਼ ਹੈ। ਇੱਥੇ ਸਾਰੇ ਧਰਮਾਂ ਦਾ ਆਦਰ ਸਤਿਕਾਰ ਕੀਤਾ ਜਾਂਦਾ ਹੈ। ਇਹ ਪ੍ਰਕਿਰਿਆ ਹਜ਼ਾਰਾਂ ਸਾਲਾਂ ਤੋਂ ਚੱਲ ਰਹੀ ਹੈ ਅਤੇ ਸਮਾਜਿਕ ਤਬਦੀਲੀਆਂ ਵੀ ਹੁੰਦੀਆਂ ਰਹੀਆਂ ਹਨ। ਸਮਾਜ ਵਿੱਚ ਸੁਧਾਰ ਹੁੰਦੇ ਰਹੇ ਹਨ ਅਤੇ ਦੇਸ਼ ਵਿਕਾਸ ਕਰਦਾ ਰਿਹਾ ਹੈ। ਦੇਸ਼ ਦੀ ਤਰੱਕੀ ਲਈ ਅਨਪੜ੍ਹਤਾ ਦੂਰ ਕਰਨ ਲਈ ਸਕੂਲ, ਕਾਲਜ, ਯੂਨੀਵਰਸਿਟੀਆਂ ਹੋਂਦ ਵਿੱਚ ਲਿਆਂਦੀਆਂ ਗਈਆਂ ਹਨ। ਇਹ ਅਦਾਰੇ ਲੋਕਾਂ ਨੂੰ ਜਾਗਰੂਕ ਕਰਨ ਤੇ ਉੱਚੀ ਸੋਚ ਪੈਦਾ ਕਰਨ ਲਈ ਹੁੰਦੇ ਹਨ। ਪਰ ਇਹਨਾਂ ਅਦਾਰਿਆਂ ਵਿੱਚ ਵਾਪਰ ਰਹੀਆਂ ਯੋਨ ਸ਼ੋਸ਼ਣ ਵਰਗੀਆਂ ਵਾਰਦਾਤਾਂ ਨੇ ਦੇਸ਼ਵਾਸੀਆਂ ਨੂੰ ਨਿਰਾਸ ਹੀ ਨਹੀਂ ਕੀਤਾ ਬਲਕਿ ਚਿੰਤਾ ਵਿੱਚ ਡੁਬੋ ਦਿੱਤਾ ਹੈ।
ਅਜਿਹੀ ਇੱਕ ਘਟਨਾ ਬੀਤੇ ਦਿਨੀਂ ਮਹਾਰਾਸ਼ਟਰ ਸੂਬੇ ਦੇ ਪਿੰਡ ਬਦਲਾਪੁਰ ਦੇ ਸਕੂਲ ਵਿੱਚ ਵਾਪਰੀ। ਸਕੂਲ ਦੇ ਇੱਕ ਕਰਮਚਾਰੀ ਨੇ ਸਕੂਲ ਦੀਆਂ ਦੋ ਵਿਦਿਆਰਥਣ ਬੱਚੀਆਂ, ਜਿਹਨਾਂ ਦੀ ਉਮਰ ਤਿੰਨ ਅਤੇ ਚਾਰ ਸਾਲ ਦੀ ਸੀ, ਨੂੰ ਸਕੂਲ ਵਿੱਚ ਬਣੇ ਪਖਾਨੇ ਵਿੱਚ ਲਿਜਾ ਕੇ ਉਹਨਾਂ ਨਾਲ ਜਿਣਸੀ ਸ਼ੋਸ਼ਣ ਕੀਤਾ। ਪਤਾ ਲੱਗਣ ’ਤੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਸਕੂਲ ਦੇ ਪ੍ਰਿੰਸੀਪਲ ਤੇ ਦੋ ਕਰਮਚਾਰੀਆਂ ਨੂੰ ਮੁਅੱਤਲ ਵੀ ਕਰ ਦਿੱਤਾ ਗਿਆ ਹੈ। ਦੋਸ਼ੀ ਨੇ ਬੱਚੀਆਂ ਨਾਲ ਕਿਸ ਹੱਦ ਤਕ ਸ਼ੋਸ਼ਣ ਕੀਤਾ ਹੈ, ਇਹ ਤਾਂ ਰਿਪੋਰਟ ਆਉਣ ’ਤੇ ਸਪਸ਼ਟ ਹੋਵੇਗਾ, ਪਰ ਸੋਸ਼ਣ ਹੋਇਆ ਜ਼ਰੂਰ ਹੈ। ਰਾਜ ਸਰਕਾਰ ਨੇ ਪੜਤਾਲ ਲਈ ਸਿੱਟ ਬਣਾ ਦਿੱਤੀ ਹੈ ਤੇ ਜਾਂਚ ਜਾਰੀ ਹੈ।
ਸਵਾਲ ਉੱਠਦਾ ਹੈ ਕਿ ਇਹ ਦੇਸ਼ ਵਿੱਚ ਕੋਈ ਪਹਿਲੀ ਘਟਨਾ ਨਹੀਂ ਹੈ। ਪ੍ਰਾਇਮਰੀ ਸਕੂਲਾਂ ਤੋਂ ਯੂਨੀਵਰਸਿਟੀਆਂ ਤਕ ਜਿਣਸੀ ਸ਼ੋਸ਼ਣ ਦੀਆਂ ਘਟਨਾਵਾਂ ਵਾਪਰੀਆਂ ਹਨ। ਵਿਦਿਆਰਥਣਾਂ ਨੇ ਸ਼ਿਕਾਇਤਾਂ ਦਰਜ ਕਰਵਾਈਆਂ ਹਨ, ਮੁਕੱਦਮੇ ਦਰਜ ਹੋਏ ਹਨ, ਕਿਤੇ ਗ੍ਰਿਫਤਾਰੀਆਂ ਵੀ ਹੋਈਆਂ ਹਨ। ਪਰ ਫਿਰ ਵੀ ਇਹ ਸਿਲਸਿਲਾ ਬਾਦਸਤੂਰ ਜਾਰੀ ਹੈ। ਦੇਵੀ ਲਾਲ ਯੂਨੀਵਰਸਿਟੀ ਸਿਰਸਾ ਦੀਆਂ ਕਰੀਬ ਪੰਜ ਸੌ ਵਿਦਿਆਰਥਣਾਂ ਨੇ ਕੁਝ ਸਮਾਂ ਪਹਿਲਾਂ ਇੱਕ ਪ੍ਰੋਫੈਸਰ ’ਤੇ ਦੋਸ਼ ਲਾਇਆ ਸੀ ਕਿ ਉਹ ਕੁੜੀਆਂ ਨੂੰ ਆਪਣੇ ਦਫਤਰ ਬੁਲਾ ਕੇ ਬਾਥਰੂਮ ਵਿੱਚ ਲਿਜਾ ਕੇ ਹਰਕਤਾਂ ਕਰਦਾ ਸੀ ਅਤੇ ਅਜਿਹਾ ਨਾ ਕਰਨ ’ਤੇ ਧਮਕੀਆਂ ਦਿੰਦਾ ਸੀ। ਇਸ ਸੰਬੰਧੀ ਵਿਦਿਆਰਥਣਾਂ ਨੇ ਪ੍ਰਧਾਨ ਮੰਤਰੀ ਤੇ ਮੁੱਖ ਮੰਤਰੀ ਹਰਿਆਣਾ ਨੂੰ ਸ਼ਿਕਾਇਤਾਂ ਭੇਜੀਆਂ ਸਨ। ਖੇਤੀਬਾੜੀ ਲੁਧਿਆਣਾ ਦੀਆਂ ਦੋ ਵਿਦਿਆਰਥਣਾਂ ਨੇ ਵੀ ਇੱਕ ਵਾਰ ਉੱਥੋਂ ਦੇ ਸਹਾਇਕ ਪ੍ਰੋਫੈਸਰ ’ਤੇ ਜਿਣਸੀ ਸ਼ੋਸਣ ਕਰਨ ਦਾ ਦੋਸ਼ ਲਾਇਆ ਸੀ, ਜਿਸਦੇ ਆਧਾਰ ’ਤੇ ਉਸ ਨੂੰ ਮੁਅੱਤਲ ਕੀਤਾ ਗਿਆ ਸੀ।
ਇਹ ਘਟਨਾਵਾਂ ਯੂਨੀਵਰਸਿਟੀ ਦੀਆਂ ਵਿਦਿਆਰਥਣਾਂ ਨਾਲ ਵਾਪਰੀਆਂ, ਜੋ ਉਮਰ ਵਿੱਚ ਜਵਾਨ ਹੁੰਦੀਆਂ ਹਨ। ਉਹ ਆਪਣੇ ਚੰਗੇ ਮਾੜੇ ਬਾਰੇ ਸਭ ਜਾਣਦੀਆਂ ਹੁੰਦੀਆਂ ਹਨ ਅਤੇ ਕਿਸੇ ਧੱਕੇਸ਼ਾਹੀ ਦੇ ਵਿਰੁੱਧ ਮੁਕਾਬਲਾ ਕਰਨ ਦੇ ਵੀ ਸਮਰੱਥ ਹੁੰਦੀਆਂ ਹਨ। ਫਿਰ ਵੀ ਇਹ ਘਟਨਾਵਾਂ ਅਤੀ ਮਾੜੀਆਂ ਹਨ ਅਤੇ ਸਾਡੇ ਭਾਰਤੀ ਸਮਾਜ ’ਤੇ ਧੱਬਾ ਹਨ। ਪਰ ਇਸ ਤੋਂ ਵੀ ਅਤੀ ਮਾੜਾ ਰੁਝਾਨ ਹੈ, ਜਦੋਂ ਅਜਿਹਾ ਸ਼ੋਸ਼ਣ ਸਕੂਲਾਂ ਵਿੱਚ ਨੰਨ੍ਹੀਆਂ ਬੱਚਿਆਂ ਨਾਲ ਸਕੂਲ ਸਟਾਫ ਦੇ ਕਰਮਚਾਰੀਆਂ ਵੱਲੋਂ ਕੀਤਾ ਜਾਂਦਾ ਹੈ, ਜੋ ਮੁਕਾਬਲਾ ਕਰਨ ਦੇ ਵੀ ਸਮਰੱਥ ਨਹੀਂ ਹੁੰਦੀਆਂ। ਵਿਦਿਆਰਥੀਆਂ ਦਾ ਕੋਈ ਸੰਬੰਧ ਬਣ ਜਾਣਾ, ਜਾਂ ਵਿਦਿਆਰਥੀ ਵੱਲੋਂ ਅਜਿਹੀ ਘਟਨਾ ਨੂੰ ਅੰਜਾਮ ਦੇਣਾ ਵੀ ਸਕੂਲ, ਕਾਲਜ ਦੇ ਸਟਾਫ ਦੇ ਪ੍ਰਬੰਧਾਂ ਵਿੱਚ ਘਾਟ ਹੁੰਦੀ ਹੈ, ਪਰ ਜੇ ਸਟਾਫ ਮੈਂਬਰ ਹੀ ਅਜਿਹਾ ਕਰਦੇ ਹਨ ਤਾਂ ਇਸ ਨੂੰ ਬੇੜਾ ਗਰਕ ਹੋਇਆ ਹੀ ਕਿਹਾ ਜਾ ਸਕਦਾ ਹੈ।
ਮਹਾਰਾਸ਼ਟਰ ਦੀ ਬਦਲਾਪੁਰ ਵਾਲੀ ਘਟਨਾ ਵਾਂਗ ਕੁਝ ਸਮਾਂ ਪਹਿਲਾਂ ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਸਹੋਬਾ ਦੇ ਇੱਕ ਪਿੰਡ ਦੇ ਸਕੂਲ ਵਿੱਚ ਅਧਿਆਪਕ ਨੇ ਪੰਜਵੀਂ ਜਮਾਤ ਦੀ ਵਿਦਿਆਰਥਣ ਦਾ ਜਿਣਸੀ ਸ਼ੋਸ਼ਣ ਕੀਤਾ ਸੀ, ਜਿਸ ਸੰਬੰਧੀ ਅਧਿਆਪਕ ’ਤੇ ਕਾਰਵਾਈ ਕਰਵਾਈ ਗਈ ਸੀ। ਹਰਿਆਣਾ ਦੇ ਇੱਕ ਸਕੂਲ ਦੀਆਂ 142 ਵਿਦਿਆਰਥਣਾਂ ਨੇ ਇੱਕ ਵਾਰ ਸਕੂਲ ਦੇ ਪ੍ਰਿੰਸੀਪਲ ’ਤੇ ਦੋਸ਼ ਲਾਇਆ ਸੀ ਕਿ ਉਹ ਕਈ ਸਾਲਾਂ ਤੋਂ ਬੱਚੀਆਂ ਨਾਲ ਜਿਣਸੀ ਸ਼ੋਸ਼ਣ ਕਰਦਾ ਆ ਰਿਹਾ ਹੈ। ਕਰੀਬ ਤਿੰਨ ਸੌ ਤੋਂ ਵੱਧ ਲੜਕੀਆਂ ਦੇ ਬਿਆਨ ਦਰਜ ਕੀਤੇ ਗਏ ਸਨ। 142 ਸ਼ਿਕਾਇਤਾਂ ਦਰਜ ਹੋਈਆਂ ਸਨ ਅਤੇ ਪ੍ਰਿੰਸੀਪਲ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਕੋਲਕਾਤਾ ਦੇ ਇੱਕ ਉੱਘੇ ਸਕੂਲ ਦੇ ਅਧਿਆਪਕ ਨੇ ਚਾਰ ਸਾਲ ਦੀ ਬੱਚੀ ਨਾਲ ਬਾਸ਼ਰੂਮ ਵਿੱਚ ਜਿਣਸੀ ਸ਼ੋਸਣ ਕੀਤਾ ਸੀ। ਬੰਗਲੌਰ ਵਿੱਚ ਅੱਠ ਸਾਲ ਦੀ ਬੱਚੀ ਨਾਲ ਅਧਿਆਪਕ ਨੇ ਜਿਣਸੀ ਸ਼ੋਸ਼ਣ ਕੀਤਾ ਸੀ। ਇਹ ਉਹ ਕੁਝ ਘਟਨਾਵਾਂ ਦਾ ਵੇਰਵਾ ਹੈ, ਜਿਹਨਾਂ ਸੰਬੰਧੀ ਸ਼ਿਕਾਇਤਾਂ ਦਰਜ ਹੋਈਆਂ ਅਤੇ ਮੁਕੱਦਮੇ ਦਰਜ ਹੋਏ। ਪਰ ਅਸਲ ਵਿੱਚ ਦੇਸ਼ ਭਰ ਵਿੱਚ ਰੋਜ਼ਾਨਾ ਹੀ ਅਜਿਹੀਆਂ ਘਟਨਾਵਾਂ ਵਾਪਰਦੀਆਂ ਹਨ, ਜਿਹਨਾਂ ਸੰਬੰਧੀ ਸ਼ਿਕਾਇਤਾਂ ਦਰਜ ਨਹੀਂ ਹੁੰਦੀਆਂ। ਜੇਕਰ ਕੋਈ ਬੱਚੀ ਘਰ ਜਾ ਕੇ ਮਾਪਿਆਂ ਨੂੰ ਅਜਿਹੀ ਛੇੜਛਾੜ ਜਾਂ ਸ਼ੋਸ਼ਣ ਬਾਰੇ ਦੱਸਦੀ ਹੈ ਤਾਂ ਮਾਪੇ ਬਦਨਾਮੀ ਦੇ ਡਰੋਂ ਉਸ ਨੂੰ ਚੁੱਪ ਕਰਵਾ ਦਿੰਦੇ ਹਨ। ਕਈ ਵਾਰ ਤਾਂ ਡਰ ਸਦਕਾ ਮਾਪੇ ਬੱਚੀ ਨੂੰ ਪੜ੍ਹਨੋ ਹਟਾ ਲੈਂਦੇ ਹਨ ਅਤੇ ਉਸਦਾ ਜੀਵਨ ਹੀ ਤਬਾਹ ਹੋ ਜਾਂਦਾ ਹੈ।
ਸਕੂਲਾਂ ਵਿੱਚ ਬੱਚੀਆਂ ਦਾ ਸਟਾਫ ਮੈਂਬਰਾਂ ਵੱਲੋਂ ਜਿਣਸੀ ਸ਼ੋਸ਼ਣ ਹੁੰਦਾ ਹੈ। ਉਹ ਸਰੀਰਕ ਤੇ ਮਾਨਸਿਕ ਦੁੱਖ ਝੱਲਦੀਆਂ ਹਨ। ਮਾਪੇ ਡਰੇ ਹੋਏ ਤੇ ਬੇਵੱਸ ਹੁੰਦੇ ਹਨ। ਜੇ ਰੌਲਾ ਪੈ ਜਾਵੇ ਤਾਂ ਸਰਕਾਰ ਸਿੱਟ ਬਣਾ ਦਿੰਦੀ ਹੈ। ਜਦੋਂ ਬੱਚੀ ਨਾਲ ਕੀਤੇ ਜਿਣਸੀ ਸ਼ੋਸ਼ਣ ਦਾ ਦੇਸ਼ ਪੱਧਰ ਤਕ ਰੌਲਾ ਪੈ ਜਾਵੇ, ਬਿਆਨ ਦਰਜ ਹੋ ਜਾਣ, ਸਭ ਮਾਮਲਾ ਪਰਤੱਖ ਹੋ ਜਾਵੇ, ਫਿਰ ਸਿੱਟ ਦਾ ਕੀ ਮਤਲਬ ਰਹਿ ਜਾਂਦਾ ਹੈ? ਇਹ ਕਾਰਵਾਈ ਸਿਰਫ ਮਾਮਲੇ ਨੂੰ ਲਟਕਾਉਣ ਤੇ ਠੰਢਾ ਕਰਨ ਲਈ ਹੀ ਕੀਤੇ ਜਾਣ ਦਾ ਪ੍ਰਭਾਵ ਪੈਦਾ ਕਰਦੀ ਹੈ। ਅਜਿਹੇ ਮਾਮਲਿਆਂ ਵਿੱਚ ਜੋ ਮੁਕੱਦਮੇ ਵੀ ਦਰਜ ਹੁੰਦੇ ਹਨ ਉਹਨਾਂ ਵਿੱਚ ਵੀ ਕੋਈ ਵੱਡੀ ਸਜ਼ਾ ਮਿਲੀ ਹੋਣ ਦੇ ਸਬੂਤ ਨਹੀਂ ਮਿਲਦੇ, ਜਿਸ ਕਾਰਨ ਅਜਿਹੀਆਂ ਘਟਨਾਵਾਂ ਨੂੰ ਠੱਲ੍ਹ ਪਾਈ ਜਾ ਸਕੇ। ਇੱਥੇ ਇਹ ਸਪਸ਼ਟ ਕਰਨਾ ਵੀ ਜ਼ਰੂਰੀ ਹੈ ਕਿ ਜਿਣਸੀ ਜਾਂ ਯੋਨ ਸ਼ੋਸ਼ਣ ਕੇਵਲ ਬਲਾਤਕਾਰ ਕਰਨਾ ਹੀ ਨਹੀਂ ਹੁੰਦਾ, ਕਿਸੇ ਬੱਚੀ ਨੂੰ ਮੰਦੀ ਭਾਵਨਾ ਨਾਲ ਵੇਖਣਾ, ਛੇੜਣਾ, ਉਸਦੇ ਸਰੀਰ ਦੇ ਨਾਜ਼ੁਕ ਹਿੱਸੇ ਨੂੰ ਛੂਹਣਾ, ਬਗੈਰ ਸਹਿਮਤੀ ਉਸਦਾ ਚੁੰਮਣ ਲੈਣਾ ਆਦਿ ਜਿਣਸੀ ਸ਼ੋਸ਼ਣ ਹੀ ਮੰਨਿਆ ਜਾਂਦਾ ਹੈ।
ਪਿਛਲੇ ਦਸ ਕੁ ਸਾਲਾਂ ਵਿੱਚ ਸੈਂਕੜੇ ਅਜਿਹੀਆਂ ਸ਼ਿਕਾਇਤਾਂ ਕੀਤੀਆਂ ਗਈਆਂ ਹਨ। ਲੋਕ ਸਭਾ ਜਾਂ ਰਾਜ ਸਭਾ ਵਿੱਚ ਸੰਬੰਧਿਤ ਮੰਤਰੀ ਵੀ ਕਬੂਲ ਕਰ ਚੁੱਕੇ ਹਨ ਕਿ ਅਜਿਹੀਆਂ ਸ਼ਿਕਾਇਤਾਂ ਮਿਲੀਆਂ ਹਨ, ਪਰ ਕਾਰਵਾਈ ਨਾ ਦੇ ਬਰਾਬਰ ਹੈ। ਅਜਿਹੇ ਜਿਣਸੀ ਸ਼ੋਸਣ ਸੰਬੰਧੀ ਜੇਕਰ ਪਹਿਲਵਾਨ ਕੁੜੀਆਂ ਨੇ ਕੁਸ਼ਤੀ ਫੈਡਰੇਸ਼ਨ ਦੇ ਮੁਖੀ ਵਿਰੁੱਧ ਸ਼ਿਕਾਇਤ ਕੀਤੀ ਤਾਂ ਕੇਂਦਰ ਸਰਕਾਰ ਕਥਿਤ ਦੋਸ਼ੀ ਦਾ ਪੱਖ ਹੀ ਪੂਰਦੀ ਰਹੀ। ਪਹਿਲਵਾਨ ਕੁੜੀਆਂ ਤੇ ਮੁੰਡੇ ਇਨਸਾਫ਼ ਲਈ ਸੜਕਾਂ ’ਤੇ ਰੁਲਦੇ ਰਹੇ। ਜੇਕਰ ਇਸ ਤਰ੍ਹਾਂ ਦੋਸ਼ੀਆਂ ਦੀ ਮਦਦ ਸਰਕਾਰਾਂ ਕਰਦੀਆਂ ਰਹਿਣਗੀਆਂ ਤਾਂ ਜਿਣਸੀ ਸ਼ੋਸ਼ਣ ਦੀਆਂ ਘਟਨਾਵਾਂ ਨੂੰ ਠੱਲ੍ਹ ਨਹੀਂ ਪਾਈ ਜਾ ਸਕੇਗੀ।
ਸਰਕਾਰਾਂ ਨੂੰ ਚਾਹੀਦਾ ਹੈ ਕਿ ਗੁਰੂਆਂ ਪੀਰਾਂ ਫ਼ਕੀਰਾਂ ਦੀ ਇਸ ਧਰਤੀ ਦੀ ਸ਼ੁੱਧਤਾ ਲਈ ਬੱਚੀਆਂ ਦੀ ਸੁਰੱਖਿਆ ਦੇ ਠੋਸ ਪ੍ਰਬੰਧ ਕੀਤੇ ਜਾਣ, ਸਕੂਲਾਂ ਵਿੱਚ ਉਚੇਚੀ ਨਿਗਰਾਨੀ ਕਰਨਾ ਜ਼ਰੂਰੀ ਬਣਾਇਆ ਜਾਵੇ। ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ ਦੋਸ਼ੀਆਂ ਨੂੰ ਮਿਸਾਲੀ ਸਜ਼ਾਵਾਂ ਦਿੱਤੀਆਂ ਜਾਣ ਤਾਂ ਜੋ ਅੱਗੇ ਲਈ ਕੋਈ ਮਰਦ ਅਜਿਹਾ ਕਰਨ ਦਾ ਹੌਸਲਾ ਨਾ ਕਰ ਸਕੇ। ਸਦੀਆਂ ਤੋਂ ਔਰਤਾਂ ਘਰਾਂ ਅੰਦਰ ਕੈਦ ਰਹਿ ਕੇ ਆਪਣਾ ਜੀਵਨ ਬਸਰ ਕਰਦੀਆਂ ਰਹੀਆਂ ਹਨ, ਹੁਣ ਪੜ੍ਹਾਈ ਸਦਕਾ ਬੱਚੀਆਂ ਨੇ ਘਰੋਂ ਬਾਹਰ ਨਿਕਲ ਕੇ ਦੇਸ਼ ਦੇ ਵਿਕਾਸ ਵਿੱਚ ਯੋਗਦਾਨ ਪਾਇਆ ਹੈ। ਪਰ ਜੇਕਰ ਉਹ ਸੁਰੱਖਿਅਤ ਮਹਿਸੂਸ ਨਹੀਂ ਕਰਨਗੀਆਂ ਤਾਂ ਆਪਣੀ ਬਣਦੀ ਭੂਮਿਕਾ ਵੀ ਨਹੀਂ ਨਿਭਾ ਸਕਣਗੀਆਂ। ਬੱਚੀਆਂ ਦੀ ਸੁਰੱਖਿਆ ਕਰਨਾ ਸਰਕਾਰਾਂ ਦਾ ਫਰਜ਼ ਹੈ, ਸਰਕਾਰਾਂ ਨੂੰ ਇਸ ’ਤੇ ਖ਼ਰਾ ਉੱਤਰਣਾ ਚਾਹੀਦਾ ਹੈ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(5238)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: This email address is being protected from spambots. You need JavaScript enabled to view it.