“ਵਿਆਹ ਤੋਂ ਇੱਕ ਦਿਨ ਪਹਿਲਾਂ ਉਸਦੇ ਪੁੱਤਰ ਦੀ ਬਿਜਲੀ ਦੀਆਂ ਨੰਗੀਆਂ ਤਾਰਾਂ ਤੋਂ ਕਰੰਟ ...”
(29 ਦਸੰਬਰ 2024)
ਸਾਡੇ ਪੁਰਾਤਨ ਵਿਰਸੇ ਅਤੇ ਸੱਭਿਆਚਾਰ ਦੀ ਪ੍ਰਤੀਕ ਰਹੀ ਹੈ, ‘ਸੰਮਾਂ ਵਾਲੀ ਡਾਂਗ’। ਇਹ ਪੰਜਾਬੀ ਵਿਅਕਤੀ ਦੀ ਸਖ਼ਸੀਅਤ ਨੂੰ ਨਿਖਾਰਣ ਵਿੱਚ ਵੀ ਯੋਗਦਾਨ ਪਾਉਂਦੀ ਸੀ। ਸਾਡੇ ਵਡੇਰੇ ਸ਼ੌਕ ਨਾਲ ਸੰਮਾਂ ਵਾਲੀ ਡਾਂਗ ਹੱਥ ਵਿੱਚ ਰੱਖਦੇ ਸਨ ਅਤੇ ਲੋੜ ਪੈਣ ’ਤੇ ਵਰਤ ਵੀ ਲੈਂਦੇ ਸਨ। ਇਸੇ ਦੇ ਨਾਂ ਹੇਠ ਤਿਆਰ ਕੀਤਾ ਗਿਆ ਹੈ ਇੱਕ ਸ਼ਾਨਦਾਰ ਨਾਟਕ ‘ਸੰਮਾਂ ਵਾਲੀ ਡਾਂਗ।’
ਅਦਾਕਾਰ ਮੰਚ ਮੋਹਾਲੀ ਵੱਲੋਂ ਨਾਟਕ “ਸੰਮਾਂ ਵਾਲੀ ਡਾਂਗ” ਦੇਸ਼ ਵਿਦੇਸ਼ ਦੀ ਧਰਤੀ ’ਤੇ ਲਗਭਗ ਦੋ ਸੌ ਵਾਰ ਖੇਡਿਆ ਜਾ ਚੁੱਕਾ ਹੈ। ਇਹ ਇੱਕ ਪਾਤਰੀ ਨਾਟਕ ਹੈ, ਜਿਸਦੇ ਲੇਖਕ, ਨਿਰਦੇਸ਼ਕ ਤੇ ਅਦਾਕਾਰ ਡਾ. ਸਾਹਿਬ ਸਿੰਘ ਹਨ। ਬੀਤੇ ਦਿਨ ਇਹ ਨਾਟਕ ਪੀਪਲਜ਼ ਲਿਟਰੇਰੀ ਫੈਸਟੀਵਲ ਦੇ ਅਖੀਰਲੇ ਦਿਨ ਟੀਚਰਜ ਹੋਮ ਬਠਿੰਡਾ ਦੇ ਹਾਲ ਵਿੱਚ ਖੇਡਿਆ ਗਿਆ। ਹਾਲ ਦਰਸ਼ਕਾਂ ਨਾਲ ਖਚਾਖਚ ਭਰਿਆ ਹੋਇਆ ਸੀ, ਜਿਹਨਾਂ ਵਿੱਚ ਔਰਤਾਂ ਵੀ ਕਾਫ਼ੀ ਗਿਣਤੀ ਵਿੱਚ ਸ਼ਾਮਲ ਸਨ।
ਨਾਟਕ ਕਿਸਾਨੀ ’ਤੇ ਅਧਾਰਤ ਹੈ ਅਤੇ ਪੰਜਾਬ ਦੀ ਅਤੀ ਮਾੜੀ ਆਰਥਿਕ ਹਾਲਤ ਦੀ ਬਾਤ ਪਾਉਂਦਾ ਹੈ, ਇਸ ਤੰਗੀ ਲਈ ਸਰਕਾਰਾਂ ਦੀਆਂ ਨੀਤੀਆਂ ਅਤੇ ਨਾ-ਜ਼ਿੰਮੇਵਾਰੀ ਨੂੰ ਪਰਗਟ ਕਰਦਾ ਹੈ। ਨਾਟਕ ਵੇਖਦਿਆਂ ਭਾਵੇਂ ਦਰਸ਼ਕਾਂ ਨੂੰ ਕਈ ਵਾਰ ਸਰਕਾਰਾਂ ਪ੍ਰਤੀ ਗੁੱਸਾ ਵੀ ਆਇਆ ਪਰ ਕਈ ਵਾਰ ਉਹਨਾਂ ਦੀਆਂ ਅੱਖਾਂ ਨਮ ਵੀ ਹੋਈਆਂ। ਜਦੋਂ ਅਦਾਕਾਰ ਨੇ ਸਰਕਾਰਾਂ ਦੀ ਬੇਰੁਖੀ ਕਾਰਨ ਕਿਸਾਨ ਦੇ ਪਰਿਵਾਰ ਦੀ ਹਾਲਤ ਇਉਂ ਪੇਸ਼ ਕੀਤੀ, “ਕਿਸਾਨ ਦੀ ਧੀ ਦਾ ਵਿਆਹ ਹੈ, ਵਿਆਹ ਤੋਂ ਇੱਕ ਦਿਨ ਪਹਿਲਾਂ ਉਸਦੇ ਪੁੱਤਰ ਦੀ ਬਿਜਲੀ ਦੀਆਂ ਨੰਗੀਆਂ ਤਾਰਾਂ ਤੋਂ ਕਰੰਟ ਲੱਗਣ ਕਾਰਨ ਮੌਤ ਹੋ ਜਾਂਦੀ ਹੈ। ਕਿਸਾਨ ਨੇ ਆਪਣੇ ਪੁੱਤਰ ਦਾ ਸਸਕਾਰ ਵੀ ਕੀਤਾ ਅਤੇ ਧੀ ਦਾ ਡੋਲਾ ਵੀ ਤੋਰਿਆ।” ਉਸ ਵੱਲੋਂ ਜਦੋਂ ਇਹ ਦੋਵੇਂ ਜ਼ਿੰਮੇਵਾਰੀਆਂ ਨਿਭਾਉਣ ਦਾ ਦ੍ਰਿਸ਼ ਪੇਸ਼ ਕੀਤਾ ਤਾਂ ਲਗਭਗ ਹਰ ਮਰਦ ਔਰਤ ਦਰਸ਼ਕ ਦੀਆਂ ਅੱਖਾਂ ਵਿੱਚੋਂ ਹੰਝੂ ਵਗ ਤੁਰੇ।
ਨਾਟਕ ਪੇਂਡੂ ਕਿਸਾਨੀ ਦੀ ਮਾੜੀ ਆਰਥਿਕ ਹਾਲਤ ਲਈ ਪੂਰੀ ਤਰ੍ਹਾਂ ਸਰਕਾਰਾਂ ਦੀਆਂ ਨੀਤੀਆਂ ਅਤੇ ਬੇਰੁਖੀ ਨੂੰ ਜ਼ਿੰਮੇਵਾਰ ਠਹਿਰਾਉਂਦਾ ਹੈ, ਜਿਹਨਾਂ ਨੇ ਪੇਂਡੂ ਕਿਸਾਨਾਂ ਦੇ ਸ਼ੌਕ ਤਾਂ ਖਤਮ ਕਰ ਹੀ ਦਿੱਤੇ ਹਨ ਅਤੇ ਹੁਣ ਉਹਨਾਂ ਦੀ ਰਸੋਈ ਦੀ ਹਾਲਤ ਵੀ ਖਸਤਾ ਕਨਾਰੇ ਹੈ। ਸਮੁੱਚੇ ਦੇਸ਼ ਦੇ ਲੋਕਾਂ ਦਾ ਢਿੱਡ ਭਰਨ ਵਾਲੇ ਕਿਸਾਨ ਵੱਲੋਂ ਆਪਣੇ ਬੱਚਿਆਂ ਦਾ ਪਾਲਣ ਪੋਸਣ ਕਰਨਾ ਦੁੱਭਰ ਹੋ ਰਿਹਾ ਹੈ। ਆਖ਼ਰ ਇਹਨਾਂ ਨੀਤੀਆਂ ਦੇ ਘਾੜਿਆਂ ਨੂੰ ਸੱਪ ਨਾਲ ਤੁਲਨਾ ਕਰਦਾ ਹੋਇਆ ਨਾਟਕ ਇਸ ਸਿੱਟੇ ’ਤੇ ਪਹੁੰਚਦਾ ਹੈ ਕਿ ਇਹ ਸੱਪ ਵਿਹੜੇ, ਪਸ਼ੂਆਂ ਵਾਲੇ ਵਾੜੇ ਹੁੰਦਾ ਹੋਇਆ ਜਦੋਂ ਸਬਾਤ ਵਿੱਚ ਪਹੁੰਚ ਜਾਂਦਾ ਹੈ ਤਾਂ ਇਹ ਖਤਰਾ ਪੈਦਾ ਹੋ ਜਾਂਦਾ ਹੈ ਕਿ ਇਸ ਤੋਂ ਅੱਗੇ ਹੁਣ ਇਹ ਰਸੋਈ ਵਿੱਚ ਪਹੁੰਚ ਜਾਵੇਗਾ। ਇਸ ਸਥਿਤੀ ਵਿੱਚ ਤਾਂ ਸਖ਼ਤ ਫੈਸਲਾ ਲੈਣਾ ਹੀ ਪਵੇਗਾ। ਆਖ਼ਰ ਕਿਸਾਨ ਸੰਮਾਂ ਵਾਲੀ ਡਾਂਗ ਚੁੱਕ ਕੇ ਇਸ ਸੱਪ ਨੂੰ ਖਤਮ ਕਰਕੇ ਪਰ੍ਹਾਂ ਵਗਾਹ ਮਾਰਦਾ ਹੈ, ਤਾਂ ਉਸ ਨੂੰ ਸ਼ਾਂਤੀ ਮਿਲਦੀ ਹੈ। ਨਾਟਕ ਦਾ ਅੰਤ ਸਪਸ਼ਟ ਕਰਦਾ ਹੈ ਕਿ ਜਾਣਬੁੱਝ ਕੇ ਪੈਦਾ ਕੀਤੀਆਂ ਸਮੱਸਿਆਵਾਂ ਦਾ ਹੱਲ ਕੇਵਲ ‘ਸੰਮਾਂ ਵਾਲੀ ਡਾਂਗ’ ਹੀ ਹੈ।
ਇਹ ਨਾਟਕ ਅੱਜ ਦੇ ਸਮੇਂ ਦੀ ਪੇਂਡੂ ਕਿਸਾਨੀ ਦੇ ਸੱਚ ਨੂੰ ਉਜਾਗਰ ਕਰਦਾ ਹੈ ਕਿ ਕਿਸਾਨ ਦੇਸ਼ ਭਗਤ ਵੀ ਹੈ, ਸਰਹੱਦਾਂ ਦੀ ਰਾਖੀ ਵੀ ਕਰਦਾ ਹੈ, ਅੰਨ ਪੈਦਾ ਕਰਕੇ ਦੇਸ਼ ਵਾਸੀਆਂ ਦਾ ਢਿੱਡ ਵੀ ਭਰਦਾ ਹੈ, ਪਰ ਸਰਕਾਰਾਂ ਦੀਆਂ ਗਲਤ ਨੀਤੀਆਂ ਦਾ ਸ਼ਿਕਾਰ ਵੀ ਬਣਿਆ ਰਹਿੰਦਾ ਹੈ ਅਤੇ ਖ਼ੁਦ ਅਤੀ ਦੁੱਖਾਂ ਭਰਿਆ ਜੀਵਨ ਬਤੀਤ ਕਰਦਾ ਹੈ। ਨਾਟਕ ਦਰਸ਼ਕਾਂ ਵਿੱਚ ਜੋਸ਼ ਅਤੇ ਰੋਹ ਭਰਦਾ ਹੈ, ਹੱਕਾਂ ਲਈ ਸੰਘਰਸ਼ ਕਰਨ ਦਾ ਸੁਨੇਹਾ ਦਿੰਦਾ ਹੈ ਅਤੇ ਸਹੀ ਹੱਲ ਕਰਨ ਵੱਲ ਸੰਕੇਤ ਕਰਦਾ ਹੈ।
ਡਾ. ਸਾਹਿਬ ਸਿੰਘ ਦੀ ਅਦਾਕਾਰੀ ਵੀ ਕਮਾਲ ਦੀ ਹੈ। ਨਾਟਕ ਖੇਡਦਿਆਂ ਉਸਦੇ ਸਰੀਰਕ ਅੰਗਾਂ ਦੀ ਹਰਕਤ, ਬੋਲਣ ਦਾ ਤੌਰ ਤਰੀਕਾ, ਦਰਸ਼ਕਾਂ ਨੂੰ ਇਸ ਹੱਦ ਤਕ ਕੀਲ ਕੇ ਰੱਖ ਲੈਂਦਾ ਹੈ ਕਿ ਜਦੋਂ ਉਹ ਚੁੱਪ ਦੇ ਦ੍ਰਿਸ਼ ਨੂੰ ਪੇਸ਼ ਕਰਦਾ ਹੈ, ਉਸ ਸਮੇਂ ਵੀ ਦਰਸ਼ਕ ਸ਼ਾਂਤ ਚਿੱਤ ਬੈਠੇ ਉਸਦੇ ਮੂੰਹੋਂ ਨਿਕਲਣ ਵਾਲੇ ਕਿਸੇ ਸ਼ਬਦ ਦੀ ਉਡੀਕ ਕਰਦੇ ਰਹਿੰਦੇ ਹਨ। ਦਰਸ਼ਕਾਂ ਦੇ ਸਾਹ ਲੈਣ ਦੀ ਆਵਾਜ਼ ਵੀ ਸੁਣਾਈ ਨਹੀਂ ਦਿੰਦੀ। ਕੁੱਲ ਮਿਲਾ ਕੇ ਨਾਟਕ ‘ਸੰਮਾਂ ਵਾਲੀ ਡਾਂਗ’ ਅਤੇ ਅਦਾਕਾਰ ਡਾ. ਸਾਹਿਬ ਸਿੰਘ ਦੀ ਕਲਾ, ਦੋਵੇਂ ਹੀ ਸ਼ਲਾਘਾਯੋਗ ਹਨ।
* * * * *
ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।
(5572)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)