“ਕੀ ਇਸ ਕਬਰ ਨੂੰ ਢਾਹ ਦੇਣ ਨਾਲ ਔਰੰਗਜ਼ੇਬ ਨੂੰ ਭੁਲਾਇਆ ਜਾ ਸਕੇਗਾ? ਇਸ ...”
(24 ਮਾਰਚ 2025)
ਔਰੰਗਜ਼ੇਬ, ਜਿਸਦਾ ਅਸਲ ਨਾਂ ਮੁਹੀ ਅਲ ਦੀਨ ਮੁਹੰਮਦ ਸੀ, ਭਾਰਤ ਦਾ ਇੱਕ ਸ਼ਕਤੀਸ਼ਾਲੀ ਮੁਗ਼ਲ ਬਾਦਸ਼ਾਹ ਹੋਇਆ ਹੈ, ਜੋ ਧਾਰਮਿਕ ਵਿਅਕਤੀ ਸੀ। ਆਪਣੇ ਮੁਸਲਮਾਨ ਧਰਮ ਨੂੰ ਵਧਾਉਣ ਅਤੇ ਮੁਗ਼ਲ ਸਾਮਰਾਜ ਵਿੱਚ ਵਾਧਾ ਕਰਨ ਲਈ ਉਸਨੇ ਜੰਗਾਂ ਕੀਤੀਆਂ ਅਤੇ ਦੂਜੇ ਧਰਮਾਂ ਦੇ ਲੋਕਾਂ ਉੱਤੇ ਬਹੁਤ ਅੱਤਿਆਚਾਰ ਵੀ ਕੀਤੇ। ਇਤਿਹਾਸ ਵਿੱਚ ਜ਼ਿਕਰ ਮਿਲਦਾ ਹੈ ਕਿ ਉਹ ਸਵਾ ਮਣ ਜਨੇਊ ਲਾਹ ਕੇ ਖਾਣਾ ਖਾਂਦਾ ਸੀ, ਭਾਵ ਕਿ ਬਹੁਤ ਵੱਡੀ ਗਿਣਤੀ ਵਿੱਚ ਹਿੰਦੂਆਂ ਸਿੱਖਾਂ ਨੂੰ ਕਤਲ ਕਰਵਾਉਂਦਾ ਸੀ। ਉਸਨੇ ਸਿੱਖ ਧਰਮ ਨਾਲ ਵੀ ਆਢਾ ਲਿਆ। ਨੌਂਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਉਸਦੇ ਜ਼ੁਲਮ ਰੋਕਣ ਲਈ ਆਪਣਾ ਬਲੀਦਾਨ ਦੇਣਾ ਪਿਆ। ਇਸ ਤੋਂ ਬਾਅਦ ਸ੍ਰੀ ਗੁਰੂ ਗੋਬਿੰਦ ਸਿੰਘ ਵੱਲੋਂ ਸਾਜੀ ਖਾਲਸਾ ਫੌਜ ਨਾਲ ਉਸਦੀਆਂ ਲੜਾਈਆਂ ਹੋਈਆਂ। ਆਪਣੇ ਰਾਜ ਕਾਲ ਦੌਰਾਨ ਸੰਨ 1657 ਵਿੱਚ ਉਸ ਨੇ ਗੋਲਕੁੰਡਾ ਅਤੇ ਬੀਜਾਪੁਰ ਉੱਪਰ ਹਮਲੇ ਕੀਤੇ ਅਤੇ ਹਿੰਦੂ ਸੂਰਬੀਰ ਸ਼ਿਵਾ ਜੀ ਮਰਾਠਾ ਨਾਲ ਯੁੱਧ ਕੀਤਾ। ਇਸ ਤੋਂ ਬਾਅਦ ਉਸਨੇ ਦੱਖਣੀ ਭਾਰਤ ਵਿੱਚ ਔਰੰਗਾਬਾਦ ਵਿਖੇ ਆਪਣੀ ਰਿਹਾਇਸ਼ ਕਰ ਲਈ।
ਇਹ ਸਚਾਈ ਹੈ ਕਿ ਉਹ ਅੱਤਿਆਚਾਰੀ ਸਮਰਾਟ ਸੀ, ਪਰ ਪੱਕਾ ਮੁਸਲਮਾਨ ਤੇ ਤਾਕਤਵਰ ਬਾਦਸ਼ਾਹ ਸੀ। ਉਹਨਾਂ ਸਮਿਆਂ ਵਿੱਚ ਰਾਜਿਆਂ-ਮਹਾਰਾਜਿਆਂ ਦਰਮਿਆਨ ਯੁੱਧ ਹੁੰਦੇ ਰਹਿੰਦੇ ਸਨ, ਜੋ ਇਤਿਹਾਸ ਦਾ ਰੂਪ ਧਾਰ ਚੁੱਕੇ ਹਨ। ਕਿਸੇ ਵੀ ਧਰਮ, ਜਾਤ ਨਾਲ ਸੰਬੰਧਿਤ ਮਹਾਰਾਜੇ, ਯੋਧੇ, ਫ਼ਕੀਰ ਇਤਿਹਾਸ ਦਾ ਹਿੱਸਾ ਬਣ ਜਾਂਦੇ ਹਨ, ਜੋ ਰਹਿੰਦੀ ਦੁਨੀਆਂ ਤਕ ਰਹੇਗਾ। ਔਰੰਗਜ਼ੇਬ ਵੀ ਇਤਿਹਾਸ ਦਾ ਹਿੱਸਾ ਹੈ, ਜਿਸ ਨੂੰ ਖਤਮ ਨਹੀਂ ਕੀਤਾ ਜਾ ਸਕਦਾ। ਸੰਨ 1707 ਵਿੱਚ ਉਸਦੀ ਦੱਖਣੀ ਭਾਰਤ ਵਿੱਚ ਹੀ ਮੌਤ ਹੋ ਗਈ ਤਾਂ ਉਸ ਨੂੰ ਮਹਾਰਾਸ਼ਟਰ ਦੇ ਸ਼ਹਿਰ ਔਰੰਗਾਬਰਾਦ ਨੇੜੇ ਖੁਲਦਾਵਾਦ ਦੇ ਸਥਾਨ ’ਤੇ ਸੂਫੀ ਸੰਤ ਸ਼ੇਖ ਬੁਰਹਾਨ ਉਦ ਦੀਨ ਗਰੀਬ ਦੀ ਦਰਗਾਹ ਨਜ਼ਦੀਕ ਦਫ਼ਨਾਇਆ ਗਿਆ, ਜਿੱਥੇ ਉਸਦੀ ਕਰੀਬ ਤਿੰਨ ਸੌ ਸਾਲ ਪੁਰਾਣੀ ਕਬਰ ਮੌਜੂਦ ਹੈ। ਮੌਤ ਤੋਂ ਕੁਝ ਸਮਾਂ ਪਹਿਲਾਂ ਆਪਣੇ ਕੀਤੇ ਗੁਨਾਹਾਂ ਨੂੰ ਸਵੀਕਾਰ ਕਰਦਿਆਂ ਉਸਨੇ ਖ਼ੁਦ ਹੀ ਕਿਹਾ ਸੀ ਕਿ ਉਸਦੀ ਕਬਰ ਕੱਚੀ ਰੱਖੀ ਜਾਵੇ ਅਤੇ ਨਜ਼ਦੀਕ ਕੋਈ ਦਰਖ਼ਤ ਨਾ ਲਾਇਆ ਜਾਵੇ, ਕਿਉਂਕਿ ਮੈਂ ਕੀਤੇ ਗੁਨਾਹਾਂ ਸਦਕਾ ਛਾਂ ਮਾਣਨ ਦੇ ਯੋਗ ਨਹੀਂ ਅਤੇ ਮੇਰੀ ਕਬਰ ਵੇਖ ਕੇ ਲੋਕ ਸਬਕ ਲੈਣ। ਉਸਦੀ ਇੱਛਾ ਅਨੁਸਾਰ ਅੱਜ ਵੀ ਉਸਦੀ ਕਬਰ ਉੱਪਰ ਤੋਂ ਕੱਚੀ ਹੈ ਅਤੇ ਨੇੜੇ ਦਰਖ਼ਤ ਨਹੀਂ ਹੈ। ਉਸਦੀ ਕਬਰ ਨੂੰ ਵੇਖਣ ਲਈ ਮੁਸਲਮਾਨ ਲੋਕ ਆਪਣੇ ਧਰਮ ਨਾਲ ਸੰਬੰਧਿਤ ਸਮਰਾਟ ਹੋਣ ਕਰਕੇ ਪਹੁੰਚਦੇ ਹਨ, ਪਰ ਸਿੱਖ ਜਾਂ ਹਿੰਦੂ ਉਸਦੀ ਕਬਰ ਦੀ ਹਾਲਤ ਵੇਖਣ ਵੀ ਚਲੇ ਜਾਂਦੇ ਹਨ ਅਤੇ ਉਸਦੇ ਅੱਤਿਆਚਾਰਾਂ ਨੂੰ ਯਾਦ ਕਰਦੇ ਹਨ। ਉਸ ਨੂੰ ਚੰਗਾ ਕਹਿਣ ਵਾਲੇ ਹੋਣ ਜਾਂ ਮਾੜਾ ਕਹਿਣ ਵਾਲੇ, ਪਰ ਉਹ ਅਤੇ ਉਸਦੀ ਇਹ ਕਬਰ ਇਤਿਹਾਸ ਦਾ ਹਿੱਸਾ ਜ਼ਰੂਰ ਹਨ।
ਹੁਣ ਕਰੀਬ ਤਿੰਨ ਸੌ ਸਾਲਾਂ ਬਾਅਦ ਵਿਸ਼ਵ ਹਿੰਦੂ ਪ੍ਰੀਸ਼ਦ ਨੇ ਇਹ ਕਬਰ ਢਾਹ ਦੇਣ ਦਾ ਐਲਾਨ ਕਰ ਦਿੱਤਾ ਹੈ। ਉਸਦੇ ਆਗੂਆਂ ਦਾ ਕਹਿਣਾ ਹੈ ਕਿ ਉਸਦੇ ਅੱਤਿਆਚਾਰਾਂ ਨੂੰ ਮੁੱਖ ਰੱਖਦਿਆਂ ਔਰੰਗਜ਼ੇਬ ਦੀ ਕਬਰ ਅਤੇ ਔਰੰਗਜ਼ੇਬੀ ਮਾਨਸਿਕਤਾ ਨੂੰ ਤਬਾਹ ਕਰ ਦੇਣਾ ਚਾਹੀਦਾ ਹੈ। ਭਾਰਤ ਧਰਮ ਨਿਰਪੱਖ ਦੇਸ਼ ਹੈ, ਇਸ ਵਿੱਚ ਹਰ ਧਰਮ ਦੇ ਆਗੂਆਂ ਰਾਜਿਆਂ ਦੀਆਂ ਯਾਦਗਾਰਾਂ ਮੌਜੂਦ ਹਨ, ਜਿਨ੍ਹਾਂ ਵਿੱਚ ਵਿਦੇਸ਼ੀ ਲੋਕਾਂ ਜਿਵੇਂ ਅੰਗਰੇਜ਼ਾਂ ਦੀਆਂ ਯਾਦਗਾਰਾਂ ਵੀ ਹਨ, ਜਿਨ੍ਹਾਂ ਭਾਰਤ ਨੂੰ ਲੁੱਟਿਆ, ਕੁੱਟਿਆ ਅਤੇ ਗੁਲਾਮ ਬਣਾ ਕੇ ਰੱਖਿਆ। ਕੀ ਉਹਨਾਂ ਦੀਆਂ ਯਾਦਗਾਰਾਂ ਨੂੰ ਤਬਾਹ ਕੀਤਾ ਜਾਵੇਗਾ? ਅੱਜ ਔਰੰਗਜ਼ੇਬ ਦੀ ਕਬਰ ਨੂੰ ਢਾਉਣ ਦਾ ਮੁੱਦਾ ਕਿਉਂ ਕੌਮੀ ਮੁੱਦਾ ਬਣਾ ਦਿੱਤਾ ਗਿਆ ਹੈ। ਕੀ ਇਸ ਕਬਰ ਨੂੰ ਢਾਹ ਦੇਣ ਨਾਲ ਔਰੰਗਜ਼ੇਬ ਨੂੰ ਭੁਲਾਇਆ ਜਾ ਸਕੇਗਾ? ਇਸ ਸਵਾਲ ਦਾ ਜਵਾਬ ਨਾਂਹ ਵਿੱਚ ਹੀ ਹੋਵੇਗਾ। ਜਦੋਂ ਵੀ ਇਤਿਹਾਸ ਫਰੋਲਿਆ ਜਾਵੇਗਾ ਉਦੋਂ ਔਰੰਗਜ਼ੇਬ ਅਤੇ ਉਸਦੇ ਅੱਤਿਆਚਾਰਾਂ ਨੂੰ ਯਾਦ ਕੀਤਾ ਜਾਂਦਾ ਰਹੇਗਾ ਅਤੇ ਰਹਿਣਾ ਵੀ ਚਾਹੀਦਾ ਹੈ। ਅੱਜ ਵੀ ਜੇਕਰ ਸਰਕਾਰਾਂ ਲੋਕ ਹਿਤਾਂ ਨੂੰ ਕੁਚਲਣ ਵਾਲੀਆਂ ਕਾਰਵਾਈਆਂ ਕਰਨ ਤਾਂ ਔਰੰਗਜ਼ੇਬ ਦੇ ਦੌਰ ਨੂੰ ਯਾਦ ਕੀਤਾ ਜਾਂਦਾ ਹੈ ਅਤੇ ਉਸ ਮੁਗ਼ਲ ਸਮਰਾਟ ਦੇ ਖਾਤਮੇ ਦੀ ਉਦਾਹਰਨ ਦਿੱਤੀ ਜਾਂਦੀ ਹੈ।
ਇਹ ਹਿੰਦੂ ਵਿਸ਼ਵ ਪ੍ਰੀਸ਼ਦ ਨੂੰ ਪਤਾ ਹੈ ਕਿ ਇਤਿਹਾਸ ਖਤਮ ਨਹੀਂ ਕੀਤਾ ਜਾ ਸਕਦਾ, ਪਰ ਫਿਰ ਇਹ ਮੁੱਦਾ ਕਿਉਂ ਬਣਾਇਆ ਜਾ ਰਿਹਾ ਹੈ? ਇਸਦਾ ਸਿੱਧਾ ਅਰਥ ਹੈ ਕਿ ਸਿਆਸੀ ਲਾਹਾ ਲੈਣ ਲਈ ਅਜਿਹਾ ਕੀਤਾ ਜਾ ਰਿਹਾ ਹੈ। ਕਬਰਾਂ ਦੇ ਨਾਂ ’ਤੇ ਸਿਆਸਤ ਕੀਤੀ ਜਾ ਰਹੀ ਹੈ। ਹਿੰਦੂ ਵੋਟਾਂ ਪ੍ਰਾਪਤ ਕਰਨ ਲਈ ਮੁਸਲਮਾਨਾਂ ਵਿਰੁੱਧ ਲੋਕਾਂ ਦੇ ਜਜ਼ਬਾਤ ਭੜਕਾਏ ਜਾ ਰਹੇ ਹਨ। ਮੁਸਲਮਾਨਾਂ ਨੂੰ ਦੁਸ਼ਮਣ ਬਣਾ ਕੇ ਉਭਾਰਿਆ ਜਾ ਰਿਹਾ ਹੈ। ਉਹਨਾਂ ਵਿਰੁੱਧ ਨਫ਼ਰਤ ਫੈਲਾਈ ਜਾ ਰਹੀ ਹੈ। ਕਬਰਾਂ ਰਾਸ਼ਟਰ ਲਈ ਕੋਈ ਖਤਰਾ ਨਹੀਂ ਹਨ, ਪਰ ਮਾਮਲਾ ਸੱਤਾ ਪ੍ਰਾਪਤੀ ਦਾ ਹੈ ਜਾਂ ਲੋਕਾਂ ਦਾ ਸਰਕਾਰਾਂ ਦੀ ਮਾੜੀ ਕਾਰਗੁਜ਼ਾਰੀ ਤੋਂ ਪਾਸਾ ਵੱਟਣ ਦੀ ਸਾਜ਼ਿਸ਼ ਕਹੀ ਜਾ ਸਕਦੀ ਹੈ। ਦੁਨੀਆਂ ਭਰ ਵਿੱਚ ਡਿਕਟੇਟਰਾਂ, ਅੱਤਿਆਚਾਰੀ ਜ਼ਾਲਮਾਂ ਦੀਆਂ ਯਾਦਗਾਰਾਂ ਕਾਇਮ ਹਨ ਜਿਵੇਂ ਹਿਟਲਰ, ਮਸੋਲਿਨੀ, ਸੁਦਾਮ ਹੁਸੈਨ ਵਰਗਿਆਂ ਦੀਆਂ। ਕਬਰਾਂ ਢਾਹੁਣ ਨਾਲ ਲੋਕਾਂ ਦੇ ਮਸਲੇ ਹੱਲ ਨਹੀਂ ਹੋ ਸਕਦੇ।
ਮੁਸਲਮਾਨ ਸਮਰਾਟਾਂ ਦੇ ਨਾਂਵਾਂ ਵਾਲੇ ਸ਼ਹਿਰਾਂ ਦੇ ਨਾਂ ਬਦਲੇ ਜਾ ਰਹੇ ਹਨ, ਸੜਕਾਂ ਅਤੇ ਇਮਾਰਤਾਂ ਦੇ ਨਾਂ ਬਦਲੇ ਜਾ ਰਹੇ ਹਨ, ਰੇਲਵੇ ਸਟੇਸ਼ਨਾਂ ਦੇ ਨਾਂ ਬਦਲੇ ਜਾ ਰਹੇ ਹਨ। ਹੁਣ ਕਬਰਾਂ ਢਾਉਣ ਦਾ ਰਾਹ ਫੜ ਲਿਆ ਹੈ। ਔਰੰਗਜ਼ੇਬ ਦੀ ਕਬਰ ਢਾਹ ਦੇਣ ਨਾਲ ਲੋਕਾਂ ਨੂੰ ਰੁਜ਼ਗਾਰ ਨਹੀਂ ਮਿਲੇਗਾ। ਗਰੀਬ ਲੋਕਾਂ ਨੂੰ ਦੋ ਡੰਗ ਦੀ ਰੋਟੀ ਜਾਂ ਰਹਿਣ ਨੂੰ ਮਕਾਨ ਨਹੀਂ ਮਿਲੇਗਾ। ਤਸ਼ੱਦਦ ਅਤੇ ਅੱਤਿਆਚਾਰਾਂ ਤੋਂ ਪੀੜਤਾਂ ਨੂੰ ਇਨਸਾਫ਼ ਨਹੀਂ ਮਿਲੇਗਾ। ਇਸ ਤਰ੍ਹਾਂ ਕਬਰਾਂ ਜਾਂ ਯਾਦਗਾਰਾਂ ਢਾਉਣ ਨਾਲ ਇਤਿਹਾਸ ਤਾਂ ਨਹੀਂ ਬਦਲਿਆ ਜਾ ਸਕਦਾ, ਪਰ ਦੋ ਧਰਮਾਂ ਵਿੱਚ ਦੁਸ਼ਮਣੀ ਪੈਦਾ ਕਰਨ ਦਾ ਅਧਾਰ ਜ਼ਰੂਰ ਬਣ ਜਾਵੇਗਾ। ਦੇਸ਼ ਵਿੱਚ ਸ਼ਾਂਤੀ ਅਤੇ ਧਰਮ ਨਿਰਪੱਖਤਾ ਅਤੇ ਏਕਤਾ ਅਤੇ ਅਖੰਡਤਾ ਨੂੰ ਮਜ਼ਬੂਤ ਕਰਨ ਦੀ ਜ਼ਰੂਰਤ ਹੈ, ਦੁਸ਼ਮਣੀ ਪੈਦਾ ਕਰਨ ਜਾਂ ਵੰਡੀਆਂ ਪਾਉਣ ਦੀ ਨਹੀਂ। ਇਸ ਲਈ ਅਜਿਹੀਆਂ ਸਾਜ਼ਿਸ਼ਾਂ ਨੂੰ ਸਰਕਾਰਾਂ ਵੱਲੋਂ ਸਖ਼ਤੀ ਨਾਲ ਦਬਾ ਦੇਣਾ ਚਾਹੀਦਾ ਹੈ ਅਤੇ ਲੋਕਾਂ ਨੂੰ ਜਾਗਰੂਕ ਕਰਨਾ ਚਾਹੀਦਾ ਹੈ।
* * * * *
ਇੱਕ ਅਤਿ ਦਰਦਨਾਕ ਖਬਰ: ਹੱਡਾਰੋੜੀ ਦੇ ਕੁੱਤਿਆਂ ਨੇ ਪਰਵਾਸੀ ਮਜ਼ਦੂਰ ਦੇ ਨੌਂ ਸਾਲਾ ਬੱਚੇ ਨੂੰ ਨੋਚ ਨੋਚ ਕੇ ਮਾਰਿਆ
ਬੱਚਾ ਆਪਣੇ ਦਾਦਾ ਦਾਦੀ ਨੂੰ ਮਿਲਣ ਲਈ ਬਿਹਾਰ ਤੋਂ ਪੰਜਾਬ ਆਇਆ ਸੀ।
ਸੰਤੋਖ ਗਿੱਲ (ਗੁਰੂਸਰ ਸੁਧਾਰ, 24 ਮਾਰਚ 2025. ਪੰਜਾਬੀ ਟ੍ਰਿਬਿਊਨ)
ਪਿੰਡ ਮੋਹੀ ਵਿੱਚ ਅੱਜ ਬਾਅਦ ਦੁਪਹਿਰ ਪਰਵਾਸੀ ਮਜ਼ਦੂਰ ਪਰਿਵਾਰ ਦੇ 9 ਸਾਲਾ ਬੱਚੇ ਨੂੰ ਹੱਡਾਰੋੜੀ ਦੇ ਅਵਾਰਾ ਕੁੱਤਿਆਂ ਨੇ ਨੋਚ-ਨੋਚ ਕੇ ਮਾਰ ਮੁਕਾਇਆ। ਦੋ ਮਹੀਨੇ ਪਹਿਲਾਂ ਵੀ ਨੇੜਲੇ ਪਿੰਡ ਭਨੋਹੜ ਵਿੱਚ 11 ਸਾਲਾ ਸਕੂਲੀ ਵਿਦਿਆਰਥੀ ਨੂੰ ਹੱਡਾਰੋੜੀ ਦੇ ਅਵਾਰਾ ਕੁੱਤਿਆਂ ਨੇ ਨੋਚ-ਨੋਚ ਕੇ ਮਾਰ ਦਿੱਤਾ ਸੀ। ਪੀੜਤ ਬੱਚਾ ਸੰਜੀਵ ਸ਼ਾਹ ਕੁਝ ਦਿਨ ਪਹਿਲਾਂ ਆਪਣੇ ਦਾਦਾ-ਦਾਦੀ ਨੂੰ ਮਿਲਣ ਲਈ ਪੰਜਾਬ ਆਇਆ ਸੀ।
ਮੂਲ ਰੂਪ ਵਿੱਚ ਬਿਹਾਰ ਦੇ ਪੱਛਮੀ ਚੰਪਾਰਨ ਜ਼ਿਲ੍ਹੇ ਦੇ ਪਿੰਡ ਖਸ਼ੂਵਾਰ ਦੇ ਰਹਿਣ ਵਾਲੇ ਸ਼ੰਕਰ ਸ਼ਾਹ ਨੇ ਦੱਸਿਆ ਕਿ ਉਹ ਆਪਣੀ ਪਤਨੀ ਚੰਦਾ ਦੇਵੀ ਨਾਲ ਸਾਲ ਪਹਿਲਾਂ ਬਿਹਾਰ ਤੋਂ ਪੰਜਾਬ ਮਜ਼ਦੂਰੀ ਕਰਨ ਆਇਆ ਸੀ। ਸੰਜੀਵ ਸ਼ਾਹ ਆਪਣੀ ਮਾਤਾ ਕਿਸ਼ਨਾਵਤੀ ਦੇਵੀ ਨਾਲ ਬਿਹਾਰ ਵਿੱਚ ਹੀ ਰਹਿੰਦਾ ਸੀ। ਉਨ੍ਹਾਂ ਦੱਸਿਆ ਕਿ ਕੁਝ ਸਮਾਂ ਪਹਿਲਾਂ ਸੰਜੀਵ ਦੇ ਪਿਤਾ ਮੁਕੇਸ਼ ਸ਼ਾਹ ਦੀ ਮੌਤ ਹੋ ਗਈ ਸੀ। ਗੰਭੀਰ ਜ਼ਖ਼ਮੀ ਸੰਜੀਵ ਨੂੰ ਉਸ ਦੇ ਦਾਦਾ ਮੁੱਲਾਂਪੁਰ ਦੇ ਸਿਵਲ ਹਸਪਤਾਲ ਲੈ ਕੇ ਗਏ, ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਥਾਣਾ ਸੁਧਾਰ ਦੇ ਮੁਖੀ ਜਸਵਿੰਦਰ ਸਿੰਘ ਅਨੁਸਾਰ ਜ਼ਿਲ੍ਹਾ ਪ੍ਰਸ਼ਾਸਨ ਨੂੰ ਸੂਚਿਤ ਕਰ ਦਿੱਤਾ ਹੈ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਦੀ ਹੰਗਾਮੀ ਮੀਟਿੰਗ ਵਿੱਚ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਚਰਚਾ ਹੋਈ ਹੈ। ਮ੍ਰਿਤਕ ਦੀ ਲਾਸ਼ ਪਿੰਡ ਮੋਹੀ ਦੇ ਸ਼ਮਸ਼ਾਨਘਾਟ ਵਿੱਚ ਦਫ਼ਨਾ ਦਿੱਤੀ ਗਈ ਹੈ।
* * *
ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: (