“ਭਾਜਪਾ ਤਾਂ ਪੰਜਾਬ ਵਿੱਚ ਸਰਕਾਰ ਬਣਾਉਣ ਦੇ ਦਾਅਵੇ ਕਰ ਰਹੀ ਹੈ ਅਤੇ ਮੁੱਖ ਮੰਤਰੀ ਦੀ ਸਹੁੰ ...”
(14 ਨਵੰਬਰ 2025)
ਪੰਜਾਬ ਦੇ ਹਲਕਾ ਤਰਨਤਾਰਨ ਦੀ ਜ਼ਿਮਨੀ ਚੋਣ ਦੇ ਨਤੀਜੇ ਨੇ ਸੂਬੇ ਦੀਆਂ ਸਾਰੀਆਂ ਪਾਰਟੀਆਂ ਦੇ ਆਗੂਆਂ ਦੀਆਂ ਲਗਾਮਾਂ ਨੂੰ ਤੁਣਕੇ ਮਾਰੇ ਹਨ। ਸਾਰੀਆਂ ਪਾਰਟੀਆਂ ਇਸ ਨਤੀਜੇ ਤੋਂ ਸੋਚਣ ਲਈ ਮਜਬੂਰ ਹੋ ਜਾਣਗੀਆਂ। ਗੱਲ ਕੇਵਲ ਜਿੱਤ ਹਾਰ ਦੀ ਨਹੀਂ ਹੈ, ਮਸਲਾ ਅਗਲੀਆਂ ਵਿਧਾਨ ਸਭਾ ਚੋਣਾਂ ਲਈ ਰਸਤਾ ਤੈਅ ਕਰਨ ਦਾ ਹੈ। ਚੋਣ ਪ੍ਰਚਾਰ ਦੌਰਾਨ ਵੀ ਇਹ ਗੱਲ ਪੂਰੇ ਜ਼ੋਰ ਨਾਲ ਉੱਭਰੀ ਸੀ ਕਿ ਤਰਨਤਾਰਨ ਵਿਧਾਨ ਸਭਾ ਹਲਕੇ ਦੀ ਇਹ ਚੋਣ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦਾ ਰਸਤਾ ਵਿਖਾਵੇਗੀ। ਨਤੀਜੇ ਨੇ ਸਪਸ਼ਟ ਕਰ ਦਿੱਤਾ ਹੈ ਕਿ ਅਗਲੀਆਂ ਵਿਧਾਨ ਸਭਾ ਚੋਣਾਂ ਦੇ ਸੰਦਰਭ ਵਿੱਚ ਸਾਰੀਆਂ ਪਾਰਟੀਆਂ ਨੂੰ ਆਪਣੀ ਆਪਣੀ ਹੈਸੀਅਤ, ਕੀਤੇ ਗਲਤ ਫੈਸਲੇ, ਪੰਜਾਬ ਵਿੱਚ ਨਸ਼ਿਆਂ ਅਤੇ ਬੇਰੁਜ਼ਗਾਰੀ ਵਰਗੇ ਅਸਲ ਮੁੱਦਿਆਂ, ਕੀਤੇ ਜਾਣ ਵਾਲੇ ਗੱਠਜੋੜਾਂ ਬਾਰੇ ਡੁੰਘਾਈ ਨਾਲ ਵਿਚਾਰ ਕਰਕੇ ਹੀ ਰਾਹ ਇਖਤਿਆਰ ਕਰਨਾ ਪਵੇਗਾ।
ਭਾਵੇਂ ਇਹ ਚੋਣ ਆਮ ਆਦਮੀ ਪਾਰਟੀ ਦੇ ਉਮੀਦਵਾਰ ਸ੍ਰ. ਹਰਮੀਤ ਸਿੰਘ ਸੰਧੂ ਨੇ 42, 649 ਵੋਟਾਂ ਹਾਸਲ ਕਰਕੇ ਜਿੱਤ ਲਈ ਹੈ। ਪਰ ਇਹ ਆਮ ਧਾਰਨਾ ਹੀ ਹੈ ਕਿ ਜ਼ਿਮਨੀ ਚੋਣ ਸੱਤਾਧਾਰੀ ਪਾਰਟੀ ਹੀ ਜਿੱਤ ਜਾਂਦੀ ਹੁੰਦੀ ਹੈ। ਇਹ ਉਮੀਦਵਾਰ ਸਾਬਕਾ ਅਕਾਲੀ ਵਿਧਾਇਕ ਹੈ, ਉਹ ਪਹਿਲਾਂ ਵੀ ਤਿੰਨ ਵਾਰ ਐੱਮ ਐੱਲ ਏ ਬਣ ਚੁੱਕਾ ਸੀ। ਉਸਨੇ ਆਪਣੇ ਇੰਨੇ ਲੰਬੇ ਸਿਆਸੀ ਜੀਵਨ ਵਿੱਚ ਹਲਕੇ ਦੇ ਲੋਕਾਂ ਦੇ ਨਿੱਜੀ ਕੰਮ ਕਰਕੇ ਵੀ ਚੰਗੇ ਸਬੰਧ ਬਣਾਏ ਹੋਏ ਸਨ। ਦੂਜੇ ਪਾਸੇ ਉਸ ਨੂੰ ਸਰਕਾਰ ਵੱਲੋਂ ਹਰ ਤਰ੍ਹਾਂ ਦਾ ਸਹਿਯੋਗ ਮਿਲਿਆ। ਪਾਰਟੀ ਦੀ ਸਮੁੱਚੀ ਹਾਈ ਕਮਾਂਡ ਅਤੇ ਸੂਬਾ ਸਰਕਾਰ ਨੇ ਦਿਨ ਰਾਤ ਇੱਕ ਕਰਕੇ ਪ੍ਰਚਾਰ ਕੀਤਾ। ਅਫਸਰਸ਼ਾਹੀ ਵੱਲੋਂ ਹੱਦਾਂ ਲੰਘ ਕੇ ਮਦਦ ਕਰਨ ਦੇ ਵੀ ਦੋਸ਼ ਲਗਦੇ ਰਹੇ। ਆਖ਼ਰ 12091 ਵੋਟਾਂ ਦੇ ਫਰਕ ਨਾਲ ਜਿੱਤ ਹਾਸਲ ਕਰ ਹੀ ਲਈ। ਇਹ ਕੋਈ ਵੱਡਾ ਮਾਅਰਕਾ ਨਹੀਂ ਮੰਨਿਆ ਜਾ ਸਕਦਾ ਅਤੇ ਨਾ ਹੀ ਇੱਕ ਵਿਧਾਇਕ ਦੀ ਜਿੱਤ ਨਾਲ ਸਰਕਾਰ ਨੂੰ ਕੋਈ ਫਰਕ ਪੈਣਾ ਹੈ। ਗਿਣਤੀ 92 ਦੀ ਥਾਂ 93 ਹੋ ਜਾਵੇਗੀ।
ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਸੁਖਵਿੰਦਰ ਕੌਰ ਰੰਧਾਵਾ 30,558 ਵੋਟਾਂ ਲੈ ਕੇ ਦੂਜੇ ਨੰਬਰ ’ਤੇ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਦੀ ਬੇਅਦਬੀ ਮਾਮਲਿਆਂ ਸਦਕਾ ਦਸ ਸਾਲਾਂ ਤੋਂ ਹਾਲਤ ਬਹੁਤ ਮੰਦੀ ਰਹੀ ਹੈ। ਪਾਰਟੀ ਪ੍ਰਧਾਨ ਸ੍ਰ. ਸੁਖਬੀਰ ਸਿੰਘ ਬਾਦਲ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁਖ ਹੋ ਕੇ ਗਲਤੀਆਂ ਸਵੀਕਾਰ ਕਰਨ ਅਤੇ ਬਾਅਦ ਵਿੱਚ ਹੁਕਮਨਾਮੇ ਦੀ ਉਲੰਘਣਾ ਕੀਤੇ ਜਾਣ ਸਦਕਾ ਲੋਕਾਂ ਵਿੱਚ ਬਹੁਤ ਗੁੱਸਾ ਅਤੇ ਰੋਸ ਵੀ ਰਿਹਾ ਹੈ। ਵੱਡੇ ਵੱਡੇ ਦਿੱਗਜ਼ ਆਗੂ ਪਾਰਟੀ ਛੱਡ ਕੇ ਬਾਹਰ ਚਲੇ ਗਏ ਸਨ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਅਨੁਸਾਰ ਨਵਾਂ ਅਕਾਲੀ ਦਲ ਬਣਾ ਲਿਆ। ਸ੍ਰ. ਬਾਦਲ ਨੂੰ ਪਾਰਟੀ ਨੂੰ ਮੁੜ ਪੈਰਾਂ ’ਤੇ ਖੜ੍ਹੀ ਕਰਨ ਦੀ ਬਹੁਤ ਚਿੰਤਾ ਸੀ। ਮਾਝੇ ਦੇ ਜਰਨੈਲ ਮੰਨੇ ਜਾਂਦੇ ਅਕਾਲੀ ਦਲ ਦੇ ਵੱਡੇ ਆਗੂ ਸ੍ਰ. ਬਿਕਰਮ ਸਿੰਘ ਮਜੀਠੀਆ ਜੇਲ੍ਹ ਵਿੱਚ ਹਨ। ਬਾਦਲ ਪਰਿਵਾਰ ਦੇ ਜਵਾਈ ਸ੍ਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਪਾਰਟੀ ਤੋਂ ਕਿਨਾਰਾ ਕਰ ਗਏ ਸਨ। ਵਿਰਸਾ ਸਿੰਘ ਵਲਟੋਹਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਸਦਕਾ ਚੋਣ ਪ੍ਰਚਾਰ ਤੋਂ ਪਾਸੇ ਰਹੇ। ਪਰ ਸ੍ਰ. ਬਾਦਲ ਨੇ ਇਹ ਚੋਣ ਜਿੱਤਣ ਲਈ ਬਹੁਤ ਮਿਹਨਤ ਕੀਤੀ। ਅਕਾਲੀ ਦਲ ਦੀ ਉਮੀਦਵਾਰ ਚੰਗੀਆਂ ਵੋਟਾਂ ਹਾਸਲ ਕਰਕੇ ਦੂਜੇ ਨੰਬਰ ’ਤੇ ਰਹੀ, ਜੋ ਇੱਕ ਤਰ੍ਹਾਂ ਜਿੱਤ ਵਰਗੀ ਹਾਰ ਹੀ ਹੈ। ਪਾਰਟੀ ਦੀ ਇਸ ਚੰਗੀ ਕਾਰਗੁਜ਼ਾਰੀ ਸਦਕਾ ਲੋਕਾਂ ਨੇ ਇੱਕ ਤਰ੍ਹਾਂ ਨਾਲ ਮੁੜ ਸ੍ਰ. ਸੁਖਬੀਰ ਸਿੰਘ ਬਾਦਲ ਦੇ ਅਕਾਲੀ ਦਲ ਨੂੰ ਪ੍ਰਵਾਨਗੀ ਦੇ ਦਿੱਤੀ। ਭਾਵੇਂ ਦਲ ਨੂੰ ਮਿਲੀਆਂ ਵੋਟਾਂ ਦਾ ਇੱਕ ਕਾਰਨ ਮੌਜੂਦਾ ਭਗਵੰਤ ਮਾਨ ਸਰਕਾਰ ਦੀ ਮਾੜੀ ਕਾਰਗੁਜ਼ਾਰੀ ਜਾਂ ਸੁਖਬੀਰ ਬਾਦਲ ਦੀ ਮਿਹਨਤ ਮੰਨੀ ਜਾ ਰਹੀ ਹੈ, ਪਰ ਕੁਝ ਲੋਕ ਮਾਝੇ ਦੇ ਦੋਵਾਂ ਆਗੂਆਂ ਮਜੀਠੀਆ ਅਤੇ ਵਲਟੋਹਾ ਦੇ ਚੋਣ ਮੁਹਿੰਮ ਤੋਂ ਪਾਸੇ ਹੋਣਾ ਵੀ ਕਹਿ ਰਹੇ ਹਨ। ਉਹਨਾਂ ਦਾ ਕਹਿਣਾ ਹੈ ਕਿ ਜੇ ਉਹ ਚੋਣਾਂ ਲਈ ਪ੍ਰਚਾਰ ਕਰਨ ਸਮੇਂ ਲੋਕਾਂ ਵਿੱਚ ਵਿਚਰਦੇ ਤਾਂ ਸ਼ਾਇਦ ਵੋਟਰਾਂ ਦਾ ਅਕਾਲੀ ਦਲ ਪ੍ਰਤੀ ਗੁੱਸਾ ਹੋਰ ਵਧ ਜਾਂਦਾ। ਉਹ ਲੋਕ ਇਨ੍ਹਾਂ ਆਗੂਆਂ ਦੇ ਪਾਸੇ ਰਹਿਣ ਨੂੰ ਸ਼ੁਭ ਹੀ ਮੰਨ ਰਹੇ ਹਨ। ਇਸ ਲਈ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਅਕਾਲੀ ਦਲ ਨੂੰ ਡੁੰਘਾਈ ਨਾਲ ਵਿਚਾਰ ਕਰਕੇ ਪਾਰਟੀ ਨੀਤੀ ਤੈਅ ਕਰਨੀ ਪਵੇਗੀ। ਟਿਕਟਾਂ ਦੀ ਵੰਡ ਅਤੇ ਪ੍ਰਚਾਰਕ ਸਟਾਰਾਂ ਬਾਰੇ ਵੀ ਸੋਚ ਸਮਝ ਕੇ ਫੈਸਲੇ ਕਰਨੇ ਪੈਣਗੇ।
ਤੀਜੇ ਨੰਬਰ ’ਤੇ 19620 ਵੋਟਾਂ ਪ੍ਰਾਪਤ ਕਰਕੇ ਸ੍ਰ. ਮਨਦੀਪ ਸਿੰਘ ਰਹੇ ਹਨ। ਉਹ ਭਾਵੇਂ ਵਾਰਸ ਪੰਜਾਬ ਦੇ ਪਾਰਟੀ ਦੇ ਉਮੀਦਵਾਰ ਮੰਨੇ ਜਾ ਰਹੇ ਸਨ ਪਰ ਨਿਯਮਾਂ ਅਨੁਸਾਰ ਉਹ ਆਜ਼ਾਦ ਉਮੀਦਵਾਰ ਸਨ। ਉਹਨਾਂ ਨੂੰ ਪੁਨਰ ਸੁਰਜੀਤ ਅਕਾਲੀ ਦਲ, ਅਕਾਲੀ ਦਲ ਅੰਮ੍ਰਿਤਸਰ ਅਤੇ ਹੋਰ ਸਿੱਖ ਸੰਸਥਾਵਾਂ ਦੀ ਹਿਮਾਇਤ ਵੀ ਪ੍ਰਾਪਤ ਸੀ। ਚੋਣਾਂ ਸਮੇਂ ਤਾਂ ਉਸ ਨੂੰ ਸਭ ਤੋਂ ਅੱਗੇ ਰਹਿਣ ਵਾਲਾ ਉਮੀਦਵਾਰ ਮੰਨਿਆ ਜਾ ਰਿਹਾ ਸੀ। ਮੀਡੀਆ ਵਿੱਚ ਵੀ ਉਸ ਨੂੰ ਜੇਤੂ ਹੀ ਵਿਖਾਇਆ ਜਾ ਰਿਹਾ ਸੀ। ਪਰ ਉਹ ਉਮੀਦਾਂ ਤੋਂ ਬਹੁਤ ਪਿੱਛੇ ਰਹਿ ਗਿਆ। ਉਸਦੀ ਹਾਰ ਨੇ ਇਹ ਵੀ ਸਪਸ਼ਟ ਕਰ ਦਿੱਤਾ ਕਿ ਪੰਜਾਬ ਦੇ ਲੋਕ ਗਰਮ ਖਿਆਲਾਂ, ਗਰਮ ਨਾਅਰਿਆਂ ਅਤੇ ਕੱਟੜਤਾ ਨੂੰ ਚੰਗਾ ਨਹੀਂ ਸਮਝਦੇ ਬਲਕਿ ਪੰਜਾਬ ਵਿੱਚ ਸ਼ਾਂਤੀ ਚਾਹੁੰਦੇ ਹਨ। ਅਕਾਲੀ ਦਲ ਅੰਮ੍ਰਿਤਸਰ ਦਾ ਪ੍ਰਧਾਨ ਸ੍ਰ. ਸਿਮਰਨਜੀਤ ਸਿੰਘ ਮਾਨ ਭਾਵੇਂ ਇਸ ਹਲਕੇ ਤੋਂ ਇੱਕ ਵਾਰ ਜੇਲ੍ਹ ਵਿੱਚ ਬੈਠਾ ਹੀ ਰਿਕਾਰਡ ਤੋੜ ਵੋਟਾਂ ਨਾਲ ਲੋਕ ਸਭਾ ਚੋਣ ਜਿੱਤ ਗਿਆ ਸੀ, ਪਰ ਹੁਣ ਇਸ ਪਾਰਟੀ ਦਾ ਇੱਥੇ ਕੋਈ ਅਸਰ ਵਿਖਾਈ ਨਹੀਂ ਦਿੱਤਾ। ਅਕਾਲੀ ਦਲ ਪੁਨਰ ਸੁਰਜੀਤੀ ਦਾ ਭਾਵੇਂ ਹਲਕੇ ਵਿੱਚ ਕਾਫ਼ੀ ਪ੍ਰਭਾਵ ਵਿਖਾਈ ਦਿੱਤਾ ਪਰ ਹਲਕੇ ਦੇ ਲੋਕਾਂ ਨੇ ਉਸਦੀ ਸਹਿਯੋਗ ਕਰਨ ਵਾਲੀ ਨੀਤੀ ਨੂੰ ਪ੍ਰਵਾਨਗੀ ਨਾ ਦਿੱਤੀ। ਹਿਮਾਇਤ ਦੇਣ ਨਾਲੋਂ ਤਾਂ ਚੰਗਾ ਸੀ ਇਹ ਅਕਾਲੀ ਦਲ ਖ਼ੁਦ ਉਮੀਦਵਾਰ ਖੜ੍ਹਾ ਕਰ ਦਿੰਦਾ, ਭਾਵੇਂ ਜਿੱਤ ਨਾ ਹੀ ਹਾਸਲ ਹੁੰਦੀ। ਇਸ ਚੋਣ ਨੇ ਅਕਾਲੀ ਦਲ ਪੁਨਰ ਸੁਰਜੀਤੀ ਨੂੰ ਆਉਣ ਵਾਲੇ ਸਮੇਂ ਵਿੱਚ ਗੱਠਜੋੜ ਲਈ ਵਿਚਾਰ ਕਰਨ ਵਾਸਤੇ ਝੰਜੋੜਾ ਦਿੱਤਾ ਹੈ।
ਜਿੱਥੋਂ ਤਕ ਕਾਂਗਰਸ ਪਾਰਟੀ ਦਾ ਸਵਾਲ ਹੈ, ਉਸਦਾ ਉਮੀਦਵਾਰ ਕਰਨਵੀਰ ਸਿੰਘ 15,078 ਵੋਟਾਂ ਹਾਸਲ ਕਰਕੇ ਚੌਥੇ ਸਥਾਨ ’ਤੇ ਰਿਹਾ ਹੈ। ਇਸ ਵਿੱਚ ਵੀ ਕੋਈ ਸ਼ੱਕ ਨਹੀਂ ਕਿ ਕਾਂਗਰਸ ਦੀ ਪੁਜ਼ੀਸ਼ਨ ਚੰਗੀ ਵਿਖਾਈ ਦਿੰਦੀ ਸੀ। ਮੌਜੂਦਾ ਸਰਕਾਰ ਅਤੇ ਸ਼੍ਰੋਮਣੀ ਅਕਾਲੀ ਦਾ ਵਿਰੋਧ ਹੋਣ ਸਦਕਾ ਕਾਂਗਰਸ ਨੂੰ ਹੁੰਗਾਰਾ ਮਿਲ ਰਿਹਾ ਸੀ ਪਰ ਕਾਂਗਰਸ ਦੇ ਆਗੂਆਂ ਦੀ ਮੁੱਖ ਮੰਤਰੀ ਬਣਨ ਦੀ ਲਾਲਸਾ ਨੇ ਪਹਿਲਾਂ ਵੀ ਕਈ ਚੋਣਾਂ ਹਰਾਈਆਂ ਹਨ ਅਤੇ ਇਸ ਵਾਰ ਵੀ ਉਹੋ ਹੀ ਹੋਇਆ। ਉਹ ਇੱਕ ਦੂਜੇ ਨੂੰ ਨੀਵਾਂ ਵਿਖਾਉਣ ਲਈ ਲੱਤਾਂ ਖਿੱਚਦੇ ਰਹੇ। ਪਾਰਟੀ ਦੇ ਇੱਕ ਆਗੂ ਵੱਲੋਂ ਦਿੱਤੇ ਬਿਆਨਾਂ ਸਦਕਾ ਦਲਿਤ ਵੋਟਾਂ ਨੂੰ ਖੋਰਾ ਲੱਗਿਆ ਅਤੇ ਕਾਂਗਰਸ ਦੇ ਵਿਰੋਧ ਨੇ ਜ਼ੋਰ ਫੜਿਆ। ਵਿਰੋਧੀਆਂ ਨੂੰ ਮੁੱਦਾ ਮਿਲ ਗਿਆ। ਅਗਲੀਆਂ ਚੋਣਾਂ ਨਾਲ ਪੰਜਾਬ ਦੀ ਵਾਗਡੋਰ ਸੰਭਾਲਣ ਦੀਆਂ ਉਮੀਦਾਂ ਲਾਈ ਬੈਠੀ ਕਾਂਗਰਸ ਪਾਰਟੀ ਦੇ ਨੇਤਾਵਾਂ ਨੂੰ ਇਸ ਚੋਣ ਤੋਂ ਸਬਕ ਲੈਣਾ ਚਾਹੀਦਾ ਹੈ ਕਿ ਸਰਕਾਰ ਤਾਂ ਹੀ ਬਣੇਗੀ ਜੇ ਇੱਕਮੁੱਠ ਹੋ ਕੇ ਪਾਰਟੀ ਲਈ ਕੰਮ ਕੀਤਾ ਜਾਵੇ, ਮੁੱਖ ਮੰਤਰੀ ਬਣਨਾ ਤਾਂ ਬਾਅਦ ਦੀ ਗੱਲ ਹੈ। ਪਰ ਲਗਦਾ ਹੈ ਕਿ ਪਾਰਟੀ ਦੇ ਆਗੂ ਅਜਿਹੀ ਸਮਝ ਤੋਂ ਦੂਰ ਹੀ ਰਹਿੰਦੇ ਹਨ। ਜੇਕਰ ਪਾਰਟੀ ਦੀ ਹਾਈਕਮਾਂਡ ਹੀ ਧਿਆਨ ਦੇ ਦੇਵੇ ਤਾਂ ਭਾਵੇਂ ਕੋਈ ਲਾਭ ਹੋ ਸਕੇ।
ਪੰਜਵੇਂ ਨੰਬਰ ’ਤੇ ਭਾਜਪਾ ਦਾ ਉਮੀਦਵਾਰ ਹਰਜੀਤ ਸਿੰਘ ਸੰਧੂ ਰਿਹਾ, ਜਿਸਨੂੰ ਕੇਵਲ 6,239 ਵੋਟਾਂ ਹੀ ਮਿਲੀਆਂ। ਉਸਦੀ ਜ਼ਮਾਨਤ ਵੀ ਜ਼ਬਤ ਹੋ ਗਈ। ਭਾਵੇਂ ਕੇਂਦਰ ਵਿੱਚ ਰਾਜ ਕਰਦੀ ਇਸ ਪਾਰਟੀ ਨੇ ਸੂਬੇ ਦੇ ਦੂਜੀਆਂ ਪਾਰਟੀਆਂ ਦੇ ਵੱਡੇ ਵੱਡੇ ਆਗੂ ਵੀ ਭਾਜਪਾ ਵਿੱਚ ਸ਼ਾਮਲ ਕਰਵਾਏ, ਸਿਰਕੱਢ ਆਗੂ ਕੈਪਟਨ ਅਮਰਿੰਦਰ ਸਿੰਘ ਜਾਂ ਸੁਨੀਲ ਜਾਖ਼ੜ ਵਰਗੇ ਭਾਜਪਾ ਵਿੱਚ ਸ਼ਾਮਲ ਹੋਏ, ਸ਼੍ਰੋਮਣੀ ਅਕਾਲੀ ਦਲ ਦੇ ਸ੍ਰੀ ਸਰੂਪ ਸਿੰਗਲਾ ਵਰਗੇ ਆਗੂ ਤੇ ਅਹੁਦੇਦਾਰ ਵੀ ਵੱਡੀ ਉਮੀਦ ਨਾਲ ਜਾ ਰਲੇ, ਨਤੀਜਾ ਸਪਸ਼ਟ ਹੈ। ਭਾਜਪਾ ਤਾਂ ਪੰਜਾਬ ਵਿੱਚ ਸਰਕਾਰ ਬਣਾਉਣ ਦੇ ਦਾਅਵੇ ਕਰ ਰਹੀ ਹੈ ਅਤੇ ਮੁੱਖ ਮੰਤਰੀ ਦੀ ਸਹੁੰ ਚੁਕਾਉਣ ਲਈ ਆਗੂ ਦੀ ਪਛਾਣ ਕੀਤੀ ਜਾ ਰਹੀ ਹੈ ਪਰ ਤਰਨਤਾਰਨ ਦੀ ਚੋਣ ਨੇ ਸ਼ੀਸ਼ਾ ਵਿਖਾ ਦਿੱਤਾ ਹੈ ਕਿ ਪੰਜਾਬ ਵਿੱਚ ਭਾਜਪਾ ਦੀ ਪੁਜ਼ੀਸ਼ਨ ਕੀ ਹੈ। ਅਜੇ ਭਾਜਪਾ ਪੰਜਾਬ ਦੇ ਲੋਕਾਂ ਦੇ ਦਿਲਾਂ ਵਿੱਚ ਸਥਾਨ ਨਹੀਂ ਬਣਾ ਸਕੀ।
ਹਲਕਾ ਤਰਨਤਾਰਨ ਦੀ ਚੋਣ ਭਾਵੇਂ ਇੱਕ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਸੀ ਪਰ ਸਮੁੱਚੇ ਪੰਜਾਬ ਦੀ ਨਿਗਾਹ ਇਸ ’ਤੇ ਲੱਗੀ ਹੋਈ ਸੀ ਕਿਉਂਕਿ ਇਸਨੇ ਅਗਲੀਆਂ ਵਿਧਾਨ ਸਭਾ ਚੋਣਾਂ ਲਈ ਰਾਹ ਵਿਖਾਉਣਾ ਸੀ। ਹੁਣ ਸਿਆਸੀ ਪਾਰਟੀਆਂ ਨੂੰ ਆਪਣੀ ਆਪਣੀ ਪੁਜ਼ੀਸਨ ਅਤੇ ਕੀਤੀਆਂ ਗਲਤੀਆਂ ਦਾ ਵੀ ਪਤਾ ਲੱਗ ਗਿਆ ਹੈ। ਇਸ ਲਈ ਉਹ ਪਾਰਟੀ ਹੀ ਅਗਲੀਆਂ ਚੋਣਾਂ ਵਿੱਚ ਲਾਹਾ ਲੈ ਸਕੇਗੀ ਜੋ ਡੁੰਘਾਈ ਨਾਲ ਵਿਚਾਰਾਂ ਕਰਕੇ ਪੰਜਾਬ ਦੇ ਵਿਕਾਸ ਲਈ ਨੀਤੀਆਂ ਸਪਸ਼ਟ ਕਰੇਗੀ ਅਤੇ ਸੂਬੇ ਵਿੱਚੋਂ ਬੁਰੀਆਂ ਅਲਾਮਤਾਂ ਨਸ਼ੇ, ਮਹਿੰਗਾਈ, ਬੇਰੁਜ਼ਗਾਰੀ, ਅਪਰਾਧਾਂ ਨੂੰ ਰੋਕਣ ਲਈ ਠੋਸ ਨੀਤੀ ਪੇਸ਼ ਕਰੇਗੀ। ਸਾਰੀਆਂ ਪਾਰਟੀਆਂ ਨੂੰ ਇਸ ਚੋਣ ਨਤੀਜੇ ਤੋਂ ਸਬਕ ਲੈਣਾ ਚਾਹੀਦਾ ਹੈ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (